.

ਸੁਖਮਈ ਜੀਵਨ ਅਹਿਸਾਸ (ਭਾਗ-2)

(ਸੁਖਜੀਤ ਸਿੰਘ ਕਪੂਰਥਲਾ)

ਉਪਰੋਕਤ ਸਿਰਲੇਖ ਅਧੀਨ ਦਾਸ ਨੇ ‘ਭਾਗ-1` ਵਿੱਚ ਸਪਸ਼ਟ ਕਰਨ ਦਾ ਯਤਨ ਕੀਤਾ ਸੀ ਕਿ ਸੰਸਾਰ ਦਾ ਹਰ ਪ੍ਰਾਣੀ ਕਿਸੇ ਨਾ ਕਿਸੇ ਰੂਪ ਵਿਚ, ਕਿਸੇ ਨਾ ਕਿਸੇ ਕਾਰਣ ਦੁਖੀ ਹੈ। ਉਹ ਦੁਖਾਂ ਤੋਂ ਨਵਿਰਤੀ ਲਈ ਆਪਣੇ-ਆਪਣੇ ਵਿਤ/ਸਮਝ/ਸਾਧਨਾਂ ਅਨੁਸਾਰ ਯਤਨਸ਼ੀਲ ਵੀ ਹੈ।

ਪਰ ਜਦੋਂ ਅਸੀਂ ਸੰਸਾਰ ਵੱਲ ਝਾਤੀ ਮਾਰਦੇ ਹਾਂ ਤਾਂ ‘ਨਾਨਕ ਦੁਖੀਆ ਸਭੁ ਸੰਸਾਰੁ ` (੯੫੪) ਦੇ ਗੁਰਬਾਣੀ ਫੁਰਮਾਣ ਅਨੁਸਾਰ ਬਹੁਤ ਲੰਬੀ ਲਾਈਨ ਲਗੀ ਹੋਈ ਦਿਖਾਈ ਦਿੰਦੀ ਹੈ ਜਿਸ ਦਾ ਅਖਰੀਲਾ ਸਿਰਾ ਵੀ ਅਦਿੱਖ ਹੈ। ਸੰਸਾਰ ਦਾ ਕੋਈ ਵੀ ਮਨੁੱਖ ਜਿਸ-ਜਿਸ ਇਸ਼ਟ ਨੂੰ ਮੰਨਦਾ ਹੈ, ਉਸ ਤੋਂ ਕਦੀ ਵੀ ਦੁਖ ਦੀ ਮੰਗ ਨਹੀਂ ਕਰਦਾ ਸਗੋਂ ਹਮੇਸ਼ਾ ਮੰਗ ਸੁਖ ਦੀ ਹੀ ਕਰਦਾ ਹੈ। ਉਸ ਵਲੋਂ ਕੀਤੇ ਜਾ ਰਹੇ ਸਾਰੇ ਯਤਨ, ਮਿਹਨਤ ਸੁਖ ਲਈ ਹੀ ਹੈ। ਸੋਚਣ ਦਾ ਵਿਸ਼ਾ ਹੈ ਕਿ ਇੰਨਾ ਕੁੱਝ ਕਰਨ ਦੇ ਬਾਵਜੂਦ ਵੀ ਰਿਜ਼ਲਟ ਉਲਟ ਕਿਉਂ? ਹੈਰਾਨੀ ਤਾਂ ਉਸ ਸਮੇਂ ਹੋਰ ਵੀ ਵੱਧ ਜਾਂਦੀ ਹੈ, ਜਦੋਂ ਗੁਰਬਾਣੀ ਨੂੰ ਗੁਰੂ ਆਖ ਕੇ ਮੱਥਾ ਟੇਕਣ ਵਾਲਿਆਂ ਦੇ ਜੀਵਨ ਵਿੱਚ ਵੀ ‘ਬੇਗਮਪੁਰਾ ਸਹਰ` (੩੪੫) ਦੇ ਵਾਸੀ ਬਨਣ ਵਾਲੀ ਅਵਸਥਾ ਦਿਖਾਈ ਦੇਣ ਦੀ ਥਾਂ ਆਮ ਮਨੁੱਖਾਂ ਵਾਂਗ ਹੀ ਦੁਖਾਂ ਭਰਿਆ ਜੀਵਨ ਬਤੀਤ ਕਰਦੇ ਵੇਖੇ ਜਾਂਦੇ ਹਨ।

ਜਿਵੇਂ ਅਸੀਂ ਦੁਨਿਆਵੀਂ ਤੌਰ ਤੇ ਵੇਖਦੇ ਹਾਂ ਕਿ ਸਰੀਰਕ ਰੋਗਾਂ ਦੀ ਨਵਿਰਤੀ ਲਈ ਸੁਯੋਗ ਡਾਕਟਰ ਪਹਿਲਾਂ ਰੋਗ ਦੀ ਪਹਿਚਾਣ, ਉਸ ਦੇ ਪੈਦਾ ਹੋਣ ਦੇ ਕਾਰਣਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਦ ਹੀ ਇਲਾਜ ਸ਼ੁਰੂ ਕਰਦਾ ਹੈ ਤਾਂ ਉਸ ਕੋਲ ਇਛਾ ਧਾਰ ਕੇ ਆਏ ਰੋਗੀ ਨੂੰ ਅਰੋਗਤਾ ਰੂਪੀ ਮੰਜ਼ਿਲ ਤਕ ਲਿਜਾਣ ਵਿੱਚ ਕਾਮਯਾਬ ਹੋ ਜਾਂਦਾ ਹੈ। ਠੀਕ ਇਸੇ ਤਰਾਂ ਅਧਿਆਤਮਕ ਰੋਗਾਂ ਦੇ ਫੀਲਡ ਵਿੱਚ ਵੀ ਐਸਾ ਕਰਨ ਦੀ ਜ਼ਰੂਰਤ ਹੈ। ਸਾਨੂੰ ‘ਸੁਖਮਈ ਜੀਵਨ ਅਹਿਸਾਸ` ਦੀ ਪ੍ਰਾਪਤੀ ਲਈ ਆਪਣੇ ਜੀਵਨ ਵਿੱਚ ਅਗਿਆਨਤਾ ਪੈਦਾ ਕਰਨ ਵਾਲੇ ਅਉਗਣਾਂ ਦੀ ਖੋਜ, ਪਹਿਚਾਣ ਕਰਨੀ ਪਵੇਗੀ, ਉਸ ਤੋਂ ਬਾਅਦ ਹੀ ਸਹੀ ਇਲਾਜ ਦੀ ਆਰੰਭਤਾ ਹੋ ਸਕੇਗੀ। ਜੀਵਨ ਵਿੱਚ ਗੁਣ ਵਸਾਉਣ ਲਈ ਗੁਰੂ ਅੰਗਦ ਸਾਹਿਬ ਦੇ ਪਾਵਨ ਬਚਨ ‘ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ` (੪੭੪) ਅਨੁਸਾਰ ਪਹਿਲਾਂ ਅਉਗਣ ਬਾਹਰ ਕੱਢ ਕੇ ਗੁਣਾਂ ਲਈ ਥਾਂ ਖਾਲੀ ਕਰਨੀ ਪਵੇਗੀ।

ਐਸੇ ਮਾਰਗ ਦੇ ਪਾਂਧੀ ਬਨਣ ਲਈ ਵਿਚਾਰਵਾਨਾਂ ਦਾ ਮੱਤ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦਿਨ ਸਮੇਂ ਕੀਤੇ ਸਾਰੇ ਕੰਮਾਂ ਦਾ ‘ਬੰਦੇ ਖੋਜੁ ਦਿਲ ਹਰ ਰੋਜ` (੭੨੭) ਅਨੁਸਾਰ ਨਿਰਪੱਖਤਾ ਨਾਲ ਸਵੈ-ਪੜਚੋਲ ਕਰਦੇ ਹੋਏ ਸਿੱਖ ਲਈ ਲਾਜ਼ਮੀ ਹੈ ਕਿ ਗੁਰਬਾਣੀ ਹੁਕਮਾਂ ਅਧਾਰਿਤ ਵਿਸ਼ਲੇਸ਼ਣ ਕਰੀਏ। ਚੰਗੇ ਕੰਮਾਂ ਲਈ ਗੁਰੂ ਦਾ ਧੰਨਵਾਦ ਕਰੀਏ ਕਿ ਉਸ ਨੇ ਕ੍ਰਿਪਾ ਕਰਕੇ ਇਹ ਕੰਮ ਕਰਵਾ ਲਏ ਐਸਾ ਤਾਂ ਜੋ ਚੰਗੇ ਕੰਮ ਮੈਂ ਕੀਤੇ ਦਾ ਅਹੰਕਾਰ ਜੀਵਨ ਵਿੱਚ ਨਾ ਆਵੇ। ਮਾੜੇ ਕੰਮਾਂ ਤੋਂ ਬਚਣ ਲਈ ਗੁਰੂ ਅਰਜਨ ਸਾਹਿਬ ਵਲੋਂ ਦਰਸਾਈ ਜੀਵਨ ਜਾਚ ਨੂੰ ਜੀਵਨ ਦਾ ਹਿੱਸਾ ਬਣਾ ਕੇ ਭਰੋਸੇ ਨਾਲ ਅਰਦਾਸ ਕਰੀਏ-

ਜੈਸਾ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ।।

ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।।

ਪਿਛਲੇ ਅਉਗਣ ਬਖਸ ਲਏ ਪ੍ਰਭ ਆਗੈ ਮਾਰਗਿ ਪਾਵੈ।।

(ਸੋਰਠਿ ਮਹਲਾ ੫- ੬੨੪)

ਇਸ ਸਬੰਧ ਵਿੱਚ ਇੱਕ ਵਿਦਵਾਨ ਦੇ ਬਹੁਤ ਹੀ ਭਾਵਪੂਰਤ ਬਚਨ ‘ਸੁਖਮਈ ਜੀਵਨ ਅਹਿਸਾਸ` ਪੈਦਾ ਕਰਨ ਲਈ ਸਹਾਇਕ ਹੋ ਸਕਦੇ ਹਨ-

ਦਿਨ ਸਮੇਂ ਕੋਈ ਐਸਾ ਕੰਮ ਨਾ ਕਰੋ, ਜਿਸ ਨਾਲ ਰਾਤ ਦੀ ਨੀਂਦਰ ਖਰਾਬ ਹੋਵੇ, ਰਾਤ ਨੂੰ ਐਸਾ ਕੋਈ ਕੰਮ ਨਾ ਕਰੀਏ, ਜਿਸ ਨਾਲ ਦਿਨ ਸਮੇਂ ਅੱਖ ਨੀਵੀਂ ਕਰਕੇ ਤੁਰਣਾ ਪੈ ਜਾਵੇ। `

ਇਸ ਵਿਸ਼ੇ ਉਪਰ ਜੀਵਨ ਨੂੰ ਸੇਧ ਵਾਲੇ ਕੁੱਝ ਗੁਰਬਾਣੀ ਫੁਰਮਾਣ ਵੀ ਵਾਚਣੇ ਲਾਹੇਵੰਦ ਰਹਿਣਗੇ-

- ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ।।

(ਰਾਮਕਲੀ ਮਹਲਾ ੩ ਅਨੰਦੁ- ੯੧੮)

- ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ।।

ਮਤੁ ਸਰਮਿੰਦਾ ਥੀਵਹੀ ਸਾਈਂ ਦੈ ਦਰਬਾਰਿ।।

(ਸਲੋਕ ਫਰੀਦ ਜੀ- ੧੩੮੧)

ਭਾਵ ਕਿ ਮਨੁੱਖ ਯਤਨ ਕਰੇ ਕਿ ਸਤਿਗੁਰੂ ਦੀ ਦਿਤੀ ਮੱਤ ਬੁੱਧ ਦੁਆਰਾ ਪਹਿਲਾਂ ਹੀ ਨਿਰਣਾ ਕਰ ਸਕਣ ਦੇ ਸਮੱਰਥ ਹੋਵੇ ਕਿ ਜਿਹੜੇ-ਜਿਹੜੇ ਕਰਮ ਮੇਰੇ ਭਲੇ ਵਿੱਚ ਹਨ ਅਤੇ ਕਿਹੜੇ-ਕਿਹੜੇ ਬੁਰੇ ਹਨ। ਇਸ ਲਈ ਬੁਰੇ ਕਰਮਾਂ ਨੂੰ ਕਰਨ ਤੋਂ ਸੰਕੋਚ ਹੀ ਕਰੇ ਤਾਂ ਜੋ ਨਤੀਜਾ ਪਛਤਾਵੇ/ ਸ਼ਰਮਿੰਦਗੀ ਰੂਪ ਵਿੱਚ ਨਾ ਭੁਗਤਣਾ ਪਵੇ।

ਪਰ ਬਹੁ-ਗਿਣਤੀ ਜੀਵ ਐਸਾ ਨਿਰਣਾ ਕਰ ਸਕਣ ਦੇ ਸਮਰੱਥ ਨਹੀਂ ਬਣ ਪਾਉਂਦੇ, ਆਪਣੇ ਜੀਵਨ ਦੀ ਪੜਚੋਲ ਵੀ ਨਹੀਂ ਕਰਦੇ, ਭਲੇ-ਬੁਰੇ ਕਰਮ ਦੀ ਪਹਿਚਾਣ ਵੀ ਗਵਾਚ ਜਾਂਦੀ ਹੈ, ਇਸੇ ਕਾਰਣ ਦੁਖ ਹੀ ਦੁਖ ਭੋਗਦੇ ਹਨ। ਐਸਾ ਕਿਉਂ ਹੁੰਦਾ ਹੈ? ਇਸ ਸਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਨ ਦੇ ਪੂਰਨ ਤੌਰ ਤੇ ਸਮਰੱਥ ਹੈ। ਜਿਹੜੇ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਸਹੀ ਅਰਥਾਂ ਵਿੱਚ ਸਿੱਖ ਬਣ ਕੇ ਚਲਣਾ ਸਿੱਖ ਜਾਂਦੇ ਹਨ ਫਿਰ ਦੂਜਿਆਂ ਲਈ ਰਾਹ-ਦਸੇਹਾ ਬਣ ਜਾਂਦੇ ਹਨ-

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਸਸਫੇ ਵਿੱਚ ਮਨੁੱਖੀ ਜਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਮੇਰੇ ਸਾਹਮਣੇ ਜਦੋਂ ਵੀ ਕੋਈ ਬਿਖਮ ਸਮੱਸਿਆ ਖੜੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੈਨੂੰ ਸਦਾ ਹੀ ਰੋਸ਼ਨੀ ਮਿਲੀ। `

(ਡਾ. ਮਨਮੋਹਨ ਸਿੰਘ- ਸਾਬਕਾ ਪ੍ਰਧਾਨ ਮੰਤਰੀ)

ਜਿਵੇਂ ਅਸੀਂ ਆਪਣੇ-ਆਪਣੇ ਦੁਨਿਆਵੀ ਘਰਾਂ ਨੂੰ ਬਾਹਰੀ ਚੋਰਾਂ ਤੋਂ ਬਚਾਉਣ ਲਈ ਕਈ ਤਰਾਂ ਦੇ ਯਤਨ ਕਰਦੇ ਹਾਂ, ਪਰ ਜੇਕਰ ਕੋਈ ਘਰ ਦਾ ਮੈਂਬਰ ਹੀ ਚੋਰ ਬਣ ਜਾਵੇ ਤਾਂ ਬਚਾਉ ਦੀ ਆਸ ਲਗਭਗ ਖਤਮ ਹੋ ਜਾਂਦੀ ਹੈ। ਠੀਕ ਇਸੇ ਪੱਖ ਨੂੰ ਸਾਹਮਣੇ ਰੱਖਦੇ ਹੋਏ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਹਨ ਕਿ ਹੇ ਜੀਵ! ਤੇਰੇ ਜੀਵਨ ਵਿਚੋਂ ਸ਼ੁਭ ਗੁਣਾਂ ਰੂਪੀ ਚੰਗਿਆਈਆਂ ਨੂੰ ਲੁੱਟਣ ਵਾਲੇ ਬਾਹਰੋਂ ਨਹੀਂ, ਸਗੋਂ ਤੇਰੇ ਆਪਣੇ ਅੰਦਰ ਬੈਠੇ ਹਨ ਜਿਨ੍ਹਾਂ ਦੇ ਨਾਮ ਪੰਜ ਵਿਕਾਰ- ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ। ਮਨਮੁੱਖਤਾ ਅਧੀਨ ਜੀਵਨ ਜਿਊਣ ਵਾਲੇ ਮਨੁੱਖਾਂ ਨੂੰ ਇਹਨਾਂ ਲੁਟੇਰਿਆਂ ਦੀ ਸਮਝ ਨਹੀਂ ਪੈਂਦੀ, ਜਿੰਨਾਂ ਚਿਰ ਕਾਰਣ ਹੀ ਸਪਸ਼ਟ ਨਹੀਂ, ਰੋਗ ਦੀ ਪਹਿਚਾਣ ਅਤੇ ਇਲਾਜ ਕਿਵੇਂ ਸੰਭਵ ਹੋਵੇਗਾ-

- ਇਸ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭ ਮੋਹੁ ਅਹੰਕਾਰਾ।।

ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੁਕਾਰਾ।।

(ਸੋਰਠਿ ਮਹਲਾ ੩- ੬੦੦)

‘ਸੁਖਮਈ ਜੀਵਨ ਅਹਿਸਾਸ` ਕਿਵੇ ਬਣੇ? ਜਦੋਂ ਇਹਨਾਂ ਵਿਕਾਰਾਂ ਦੀ ਗਿਣਤੀ ਪੰਜ ਅਤੇ ਇਹਨਾਂ ਦਾ ਮੁਕਾਬਲਾ ਕਰਨ ਵਾਲਾ ਜੀਵ ਇਕੱਲਾ। ਜੀਵ ਹਾਰ ਹੰਭ ਕੇ ਸੋਚਦਾ ਹੈ ਕਿ ਮੇਰੇ ਜੀਵਨ ਵਿਚੋਂ ਰੋਜ਼ਾਨਾ ਸ਼ੁਭ ਗੁਣ ਲੁੱਟੇ ਜਾ ਰਹੇ ਹਨ, ਪੁਕਾਰ ਕਿਵੇਂ ਅਤੇ ਕਿਸ ਅੱਗੇ ਕਰਾਂ? ਇਹ ਵਿਕਾਰ ਮੇਰੇ ਜੀਵਨ ਨੂੰ ਜਿਥੇ ਬਰਬਾਦ ਕਰਦੇ ਹਨ ਉਸ ਦੇ ਨਾਲ-ਨਾਲ ਪ੍ਰਮੇਸ਼ਰ ਤੋਂ ਦੂਰੀ ਵੀ ਵਧਾਈ ਜਾਂਦੇ ਹਨ -

- ਅਵਰਿ ਪੰਚ ਹਮ ਏਕ ਜਨਾ।। ਕਿਉ ਰਾਖਉ ਘਰਬਾਰੁ ਮਨਾ।।

ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ।।

(ਗਉੜੀ ਚੇਤੀ ਮਹਲਾ ੧-੧੫੫)

-ਇਨ ਪੰਚਨ ਮੇਰੋ ਮਨ ਜੁ ਬਿਗਾਰਿਓ।।

ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ।।

(ਜੈਤਸਰੀ -ਰਵਿਦਾਸ ਜੀ-੭੧੦)

ਇਸ ਵਿਸ਼ੇ ਪ੍ਰਥਾਇ ਰਾਗ ਆਸਾ ਦੇ ਅੰਦਰ ਭਗਤ ਰਵਿਦਾਸ ਜੀ ਨੇ ਬਹੁਤ ਸੁੰਦਰ ਦ੍ਰਿਸ਼ਟਾਂਤ, ਹਵਾਲੇ ਨਾਲ ਸਮਝਾਇਆ ਹੈ ਕਿ ਮ੍ਰਿਗ (ਹਿਰਨ) ਘੰਡਾ ਹੇੜੇ ਦੇ ਸਾਜ਼ ਦੀ ਆਵਾਜ਼ ਉਪਰ ਕੰਨ ਰਸ ਰੂਪੀ ਅਉਗਣ ਹੋਣ ਕਾਰਣ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ ਹੈ, ਮੀਨ (ਮੱਛੀ) ਜੀਭ ਦੇ ਸੁਆਦ ਕਾਰਣ ਸ਼ਿਕਾਰੀ ਦੀ ਲੋਹੇ ਦੀ ਕੁੰਡੀ ਵੀ ਮੂੰਹ ਵਿੱਚ ਪਾ ਕੇ ਜੀਵਨ ਗਵਾ ਲੈਂਦੀ ਹੈ, ਪਤੰਗਾ ਦੀਵੇ ਦੀ ਰੋਸ਼ਨੀ ਦੇ ਮੋਹ ਵਿੱਚ ਫਸ ਕੇ ਲਾਟ ਉਪਰ ਮੰਡਰਾਉਂਦਾ ਹੋਇਆ ਸੜ ਜਾਂਦਾ ਹੈ, ਕੁੰਚਰ (ਹਾਥੀ) ਕਾਮ ਰਸ ਦੇ ਅਧੀਨ ਸ਼ਿਕਾਰੀ ਵਲੋਂ ਕਾਗਜ਼ ਦੀ ਬਣਾਈ ਹਥਨੀ ਨੂੰ ਅਸਲੀ ਸਮਝ ਕੇ ਅੱਗੇ ਵਧਦਾ ਹੋਇਆ ਟੋਏ ਵਿੱਚ ਡਿਗ ਕੇ ਜੀਵਨ ਭਰ ਦੀ ਗੁਲਾਮੀ ਸਹੇੜ ਲੈਂਦਾ ਹੈ। ਭਾਵ ਕਿ ਇਹ ਪੰਜ ਤਰਾਂ ਦੇ ਜੀਵ ਇਕ-ਇਕ ਵਿਕਾਰ ਕਾਰਣ ਆਪਣਾ ਬਾਕੀ ਸਾਰਾ ਜੀਵਨ ਬਰਬਾਦ ਕਰ ਲੈਂਦੇ ਹਨ, ਪਰ ਹੇ ਮਨੁੱਖ! ਤੇਰੇ ਜੀਵਨ ਅੰਦਰ ਤਾਂ ਪੰਜ ਦੇ ਪੰਜ ਵਿਕਾਰ ਹੀ ਡੇਰਾ ਲਾ ਕੇ ਬੈਠੇ ਹਨ, ਤੇਰੇ ਬਚਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ-

-ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ।।

ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ।।

(ਆਸਾ- ਰਵਿਦਾਸ ਜੀ- ੪੮੬)

‘ਸੁਖਮਈ ਜੀਵਨ ਅਹਿਸਾਸ` ਵਾਲੀ ਅਵਸਥਾ ਦੀ ਪ੍ਰਾਪਤੀ ਲਈ ਲੋੜ ਇਹਨਾਂ ਪੰਜਾਂ ਨੂੰ ਖਤਮ ਕਰਨ ਜਾਂ ਮਾਰਣ ਦੀ ਨਹੀਂ, ਕਿਉਂਕਿ ਇਹ ਮਨੁੱਖ ਨੇ ਆਪਣੇ ਜੀਵਨ ਵਿੱਚ ਆਪ ਪੈਦਾ ਨਹੀਂ ਕੀਤੇ, ਸਗੋਂ ਇਹਨਾਂ ਦਾ ਕਰਤਾ ਵੀ ਪ੍ਰਮੇਸ਼ਰ ਹੈ। ਜਿਵੇਂ ਸਾਇੰਸ ਦੀਆਂ ਵੱਖ-ਵੱਖ ਕਾਢਾਂ ਨੂੰ ਜੇਕਰ ਸੁਯੋਗ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ ਜਾਵੇ ਤਾਂ ਮਨੁੱਖ ਲਈ ਬਹੁਤ ਲਾਭਦਾਇਕ ਹਨ, ਪਰ ਸੁਯੋਗਤਾ ਦੀ ਜਗਾ ਅਯੋਗਤਾ ਨਾਲ ਵਰਤੋਂ ਕਰਨ ਤੇ ਇਹੀ ਬਹੁਤ ਭਿਆਨਕ ਰੂਪ ਵਿੱਚ ਵਿਨਾਸ਼ ਦਾ ਕਾਰਣ ਬਣ ਜਾਂਦੀਆਂ ਹਨ। ਠੀਕ ਇਸੇ ਤਰਾਂ ਇਹਨਾਂ ਪੰਜਾਂ ਦੀ ਵਰਤੋਂ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਵੇਂ ਕਰਨੀ ਹੈ। ਅਯੋਗ ਵਰਤੋਂ ਨਾਲ ਇਹ ਪੰਜ ਵਿਕਾਰਾਂ ਦੇ ਰੂਪ ਅੰਦਰ ਜੀਵਨ ਵਿਚੋਂ ਗੁਣਾਂ ਦਾ ਖਾਤਮਾ ਕਰਕੇ ਅਉਗਣਾਂ ਨਾਲ ਭਰਪੂਰ ਕਰ ਦਿੰਦੇ ਹਨ।

ਇਸ ਸਬੰਧ ਵਿੱਚ ਡਾ. ਗੁਰਸ਼ਰਨਜੀਤ ਸਿੰਘ ਵਲੋਂ ਦਿਤੇ ਗਏ ਵਿਚਾਰ ਬਹੁਤ ਹੀ ਵਿਸਥਾਰਤ ਅਤੇ ਭਾਵਪੂਰਤ ਹਨ-

ਪੰਜ ਵਿਕਾਰ: ਸਿੱਖ ਨੈਤਿਕਤਾ ਜਿਥੇ ਸਦਗੁਣਾਂ ਨੂੰ ਧਾਰਣ ਕਰਨ ਦੀ ਸਿਫਾਰਿਸ਼ ਕਰਦੀ ਹੈ ਉਥੇ ਔਗੁਣਾਂ ਨੂੰ ਤਿਆਗਣ ਦੀ ਗੱਲ ਵੀ ਕਰਦੀ ਹੈ। ਧਰਮ ਵਿੱਚ ਇਹਨਾਂ ਨੂੰ ਟੈਬੂ (Taboo) ਜਾਂ ਮਨਾਹੀਆਂ ਕਿਹਾ ਜਾਂਦਾ ਹੈ। ਮੁੱਖ ਰੂਪ ਵਿੱਚ ਮਨੁੱਖ ਨੂੰ ਪੰਜ ਔਗੁਣ ਮਨੁੱਖ ਨੂੰ ਹਾਨੀ ਪਹੁੰਚਾਉਂਦੇ ਹਨ।

ਗੁਰਬਾਣੀ ਵਿੱਚ ਇਹਨਾਂ ਵਿਕਾਰਾਂ ਨੂੰ ‘ਪੰਜ ਚੋਰ` ਜਾਂ ‘ਪੰਜ ਦੂਤ` ਦੀ ਸੰਗਿਆ ਭੀ ਦਿੱਤੀ ਗਈ ਹੈ। ਇਹ ਹਨ: ਕਾਮ, ਕ੍ਰੋਧ, ਲੋਭ, ਮੋਹ, ਅਤੇ ਅਹੰਕਾਰ। ਇਨ੍ਹਾਂ ਨੂੰ ਖਤਮ ਕਰਨ ਦੀ ਥਾਂ, ਇਹਨਾਂ ਦੀ ਸੁਯੋਗ ਵਰਤੋਂ ਕਰਨ ਦੀ ਸਿੱਖਿਆ, ਸਿੱਖੀ ਨੇ ਦਿੱਤੀ ਹੈ। ਪੁਰਾਤਨ ਰਿਸ਼ੀਆਂ ਅਤੇ ਭਗਤਾਂ ਦੀ ਸਾਧਨਾ ਦਾ ਕੁਲ ਮਨੋਰਥ ਪੰਜ ਵਿਕਾਰਾਂ ਨੂੰ ਖਤਮ ਕਰਨਾ ਸੀ। ਉਹ ਘੱਟ ਖਾਂਦੇ ਸਨ ਤਾਂ ਜੋ ਕਮਜ਼ੋਰ ਹੋ ਕੇ, ਕਾਮ ਉਪਰ ‘ਜਿੱਤ` ਪ੍ਰਾਪਤ ਕਰ ਲੈਣ। ਉਹ ਗ੍ਰਹਿਸਤ ਦਾ ਵਿਰੋਧ ਕਰਦੇ ਸਨ, ਪਰ ਪਰਾਈਆਂ ਔਰਤਾਂ ਨਾਲ ਖੇਹ ਖਰਾਬੀ ਕਰਦੇ ਸਨ। ਵਿਕਾਰਾਂ ਨੂੰ ਮਾਰ-ਮਕਾਉਣਾ ਅਸੰਭਵ ਹੈ। ਇਨ੍ਹਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ। ਗੁਰੂ ਸਾਹਿਬਾਨ ਨੇ ਜੀਵਨ ਲਈ ਇਨ੍ਹਾਂ ਪੰਜਾਂ ਨੂੰ ਮੂਲ ਤੱਤ ਸਵੀਕਾਰ ਕੀਤਾ ਹੈ। ਇਨ੍ਹਾਂ ਤੱਤਾਂ ਦੀ ਸੁਯੋਗ ਵਰਤੋਂ ਇਸ ਤਰਾਂ ਹੋਵੇ:

ਕਾਮ -ਮਨੁੱਖੀ ਉਤਪਤੀ ਲਈ

ਕ੍ਰੋਧ -ਅਨਿਆਂ ਵਿਰੁੱਧ ਸੰਘਰਸ਼ ਲਈ

ਲੋਭ -ਕਿਰਤ ਕਰਨ ਲਈ

ਮੋਹ -ਪਰਿਵਾਰ ਦੀ ਪਾਲਣਾ ਲਈ

ਅਹੰਕਾਰ -ਸਵੈ ਸਤਿਕਾਰ ਲਈ

ਇਹਨਾਂ ਤੱਤਾਂ ਵਿਚੋਂ ਕਿਸੇ ਇੱਕ ਬਿਨਾਂ ਸਮਾਜ ਦਾ ਚੱਲ ਸਕਣਾ ਸੰਭਵ ਨਹੀਂ। ਜੇ ਸੰਭਵ ਹੁੰਦਾ ਤਾਂ ਕੁਦਰਤ ਨੇ ਮਨੁੱਖ ਨੂੰ ਇਹ ਤੱਤ ਦਿੱਤੇ ਹੀ ਕਿਉਂ? ਕੁਦਰਤ ਨੇ ਸਾਨੂੰ ਜੋ ਕੁੱਝ ਵੀ ਦਿਤਾ ਹੈ, ਉਹ ਕਿਸੇ ਲੋੜ ਲਈ ਹੈ। ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਣਾ ਹੈ। ਵਰਨਾ! ਇਹ ਤਾਂ ਕੁਦਰਤ ਦੀਆਂ ਬਖ਼ਸ਼ਿਸ਼ਾਂ ਹਨ।

ਕਾਮ: ਇਹ ਕੁਦਰਤੀ ਇੱਛਾ ਹੈ ਜੋ ਵਿਰੋਧੀ ਲਿੰਗ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਸ ਬਿਨਾਂ ਮਨੁੱਖਾ ਪੀੜੀ ਨਹੀਂ ਚਲ ਸਕਦੀ। ਇਉਂ ਇਹ ਕੁਦਰਤ ਦੀ ਬਖਸ਼ੀ ਨਿਆਮਤ ਹੈ। ਗ੍ਰਿਹਸਤੀ ਦਾ ਆਧਾਰ ਹੀ ਕਾਮ ਹੈ। ਆਪਣੇ ਜੀਵਨ ਸਾਥੀ ਨਾਲ ਭੋਗ-ਵਿਲਾਸ ਨੂੰ ਸਮਾਜਕ ਪ੍ਰਵਾਨਗੀ ਮਿਲੀ ਹੋਈ ਹੈ। ਪਰ ਕਾਮ-ਉਤੇਜਕ ਦਵਾਈਆਂ ਪ੍ਰਯੋਗ ਕਰਕੇ ਗੈਰ-ਕੁਦਰਤੀ ਸੰਭੋਗ ਅਤੇ ਪਰ-ਇਸਤਰੀ ਜਾਂ ਪਰ-ਮਰਦ ਨਾਲ ਸਬੰਧ ਬਣਾਉਣੇ ਉਚਿਤ ਨਹੀਂ। ਇਸ ਕਰਕੇ ਇਸਦੀ ਗਿਣਤੀ ਚਾਰ ਬੱਜਰ ਕੁਰਹਿਤਾਂ ਵਿੱਚ ਕੀਤੀ ਗਈ ਹੈ।

ਕ੍ਰੋਧ: ਕਾਮੁ ਕ੍ਰੋਧੁ ਕਾਇਆ ਕਉ ਗਾਲੈ।। ਜਿਉ ਕੰਚਨ ਸੋਹਾਗਾ ਢਾਲੈ।।

(ਰਾਮਕਲੀ ਮ: ੧: ੯੩੨)

ਕ੍ਰੋਧ ਜਾਂ ਗੁੱਸਾ ਮਨੁੱਖ ਨੂੰ ਅਸ਼ਾਂਤ ਕਰ ਦਿੰਦੇ ਹਨ। ਗੁੱਸੇ ਵਿੱਚ ਆਇਆ ਮਨੁੱਖ ਬੁੱਧੀ ਦੀ ਸਦਵਰਤੋਂ ਕਰਨ ਦੇ ਯੋਗ ਨਹੀਂ ਰਹਿੰਦਾ। ਇਸ ਹਾਲਤ ਵਿੱਚ ਮਨੁੱਖ ਅਜਿਹੇ ਕਾਰਨਾਮੇ ਕਰ ਜਾਂਦਾ ਹੈ ਕਿ ਬਾਅਦ ਵਿੱਚ ਉਸਨੂੰ ਵੱਡਾ ਨੁਕਸਾਨ ਉਠਾਉਣਾ ਪੈਂਦਾ ਹੈ। ਗੁੱਸੇ ਵਿੱਚ ਮਨੂੱਖ ਮਾਮੂਲੀ ਵਾਦ-ਵਿਵਾਦ ਵਿੱਚ ਕਤਲ ਕਰ ਬੈਠਦਾ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਉਸ ਨੂੰ ਕੈਦ ਜਾਂ ਫਾਂਸੀ ਦੀ ਸਜ਼ਾ ਵੀ ਹੋ ਜਾਂਦੀ ਹੈ। ਕ੍ਰੋਧ ਕਾਰਣ ਨਫਰਤ, ਈਰਖਾ, ਅਤੇ ਬਦਲਾ ਲੈਣ ਦੇ ਔਗੁਣ ਵਿਕਸਤ ਹੁੰਦੇ ਹਨ। ਕ੍ਰੋਧੀ ਮਨੁੱਖ ਨੂੰ ਸਮਾਜ ਵਿੱਚ ਇਜ਼ਤ ਨਹੀਂ ਮਿਲਦੀ।

ਮਨੁੱਖ ਆਪਣੇ ਵਿੱਚ ਕ੍ਰੋਧ ਦੇ ਤੱਤ ਦੀ ਸਦਵਰਤੋਂ ਕਰਕੇ ਸਰਬੱਤ ਦੇ ਭਲੇ ਲਈ ਸੰਘਰਸ਼ ਕਰ ਸਕਦਾ ਹੈ। ਇਸ ਤੱਤ ਤੋਂ ਮਨੁੱਖ ਸਵੈ-ਸਤਿਕਾਰ ਅਤੇ ਅਣਖ ਨੂੰ ਵਿਕਸਿਤ ਕਰ ਸਕਦਾ ਹੈ। ਸਿੱਖੀ ਵਿੱਚ ਝੂਠੀ ਅਹਿੰਸਾ ਦੀ ਥਾਂ ਸੱਚੀ ਹਿੰਸਾ ਨੂੰ ਧਰਮ ਮੰਨਿਆ ਗਿਆ ਹੈ।

ਲੋਭ: ਦੂਜੇ ਦੀ ਵਸਤੂ ਨੂੰ ਪ੍ਰਾਪਤ ਕਰਨ ਦੀ ਹਵਸ, ਲੋਭ ਅਖਵਾਉਂਦੀ ਹੈ। ਇਸਦਾ ਦੂਜਾ ਨਾਮ ਲਾਲਚ ਹੈ। ਗੁਰਬਾਣੀ ਲੋਭੀ ਮਨੁੱਖ ਬਾਰੇ ਸਮਝਾਉਂਦੀ ਹੈ:

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ।।

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ।।

(ਸਿਰੀਰਾਗੁ ਮ: ੫-੫੦)

ਅਮਾਨਤ ਵਿੱਚ ਖਿਆਨਤ ਕਰਨਾ ਧਰਮੀ ਮਨੁੱਖ ਦਾ ਕੰਮ ਨਹੀਂ। ਲੋਭ ਕਾਰਣ ਮਨੁੱਖ ਝੂਠ ਬੋਲਦਾ ਹੈ, ਚੋਰੀ-ਠੱਗੀ-ਕਰਦਾ ਹੈ ਅਤੇ ਚਾਪਲੂਸੀ (ਉਸਤਤ, ਨਿੰਦਾ) ਕਰਦਾ ਫਿਰਦਾ ਹੈ। ਇਹ ਸਭ ਔਗੁਣ ਮਨੁੱਖ ਦੀ ਰੁਹਾਨੀਅਤ ਦਾ ਨੁਕਸਾਨ ਕਰਦੇ ਹਨ।

ਲੋਭ ਦਾ ਸਦਉਪਸੋਗ ਮਨੁੱਖ ਵਿੱਚ ਕਿਰਤ ਅਤੇ ਮਿਹਨਤ ਦੇ ਸਦਗੁਣਾਂ ਨੂੰ ਪੈਦਾ ਕਰ ਸਕਦਾ ਹੈ। ਸਿੱਖੀ ਦੀ ਰੁਹਾਨੀਅਤ ਲਈ ਕਿਰਤ ਪ੍ਰਮੁੱਖ ਸਦਗੁਣ ਹੈ। ਦਸਾਂ ਨਹੁੰਆਂ ਦੀ ਕਿਰਤ ਨੂੰ ਸਿੱਖੀ ਵਿੱਚ ਪ੍ਰਧਾਨਤਾ ਅਤੇ ਪ੍ਰਮੁੱਖਤਾ ਪ੍ਰਾਪਤ ਹੈ।

ਮੋਹ: ਮੋਹ ਦਾ ਔਗੁਣ ਮਨੁੱਖ ਨੂੰ ਸੁਆਰਥੀ ਅਤੇ ਹਉਮੈ-ਕੇਂਦਰਤ ਬਨਾਉਂਦਾ ਹੈ। ਮੋਹ ਵਿੱਚ ਗਲਤਾਨ ਮੁਨੱਖ ਸਵੈ (ਖੁਦ) ਬਾਰੇ ਹੀ ਸੋਚਦਾ ਹੈ। ਸਵੈ ਤੋਂ ਬਾਅਦ ਉਹ ਆਪਣੇ ਬੱਚਿਆਂ ਜਾਂ ਪਰਿਵਾਰ ਦੀ ਖੁਸ਼ਹਾਲੀ ਤੋਂ ਸਿਵਾਏ ਹੋਰ ਕੁੱਝ ਨਹੀਂ ਸੋਚ ਸਕਦਾ। ਮੋਹ ਵਿੱਚ ਗ੍ਰਸਤ ਮਨੁੱਖ ਪਾਪਾਂ ਦੀ ਜਕੜ ਵਿੱਚ ਫਸ ਜਾਂਦਾ ਹੈ। ਮੋਹ ਵਿੱਚ ਪਿਆ ਮਨੁੱਖ ਪ੍ਰਵਾਰ ਅਤੇ ਸੰਸਾਰ ਦੇ ਸੱਚ ਤੋਂ ਜਾਣੂ ਨਹੀਂ ਹੁੰਦਾ। ਗੁਰਬਾਣੀ ਸੋਝੀ ਦਿੰਦੀ ਹੈ:

ਨ ਕਿਸ ਕਾ ਪੂਤੁ ਨ ਕਿਸ ਕੀ ਮਾਈ।। ਝੂਠੈ ਮੋਹਿ ਭਰਮਿ ਭੁਲਾਈ।।

(ਆਸਾ ਮ: ੧-੩੫੭)

ਗੁਰੂ ਨਾਨਕ ਜੀ ਦਾ ਫੁਰਮਾਣ ਹੈ ਕਿ ਇਹ ਔਗੁਣ ਰੱਬ ਦੀ ਮਿਹਰ ਹੋਵੇ ਤਾਂ ਹੀ ਮਿਟਦਾ ਹੈ:

ਨਦਰਿ ਕਰੇ ਤਾ ਏਹੁ ਮੋਹੁ ਜਾਇ।। ਨਾਨਕ ਹਰਿ ਸਿਉ ਰਹੈ ਸਮਾਇ।।

(ਆਸਾ ਮ: ੧-੩੫੬)

ਮੋਹ ਦੇ ਹੁੰਦਿਆਂ ਪ੍ਰਭੂ ਨਾਲ ਇਕ-ਮਿਕ ਨਹੀ ਹੋਇਆ ਜਾ ਸਕਦਾ। ਸਿੱਖੀ ਸਰਬੱਤ ਦਾ ਭਲਾ ਕਰਨ ਦਾ ਸੰਦੇਸ਼ ਦਿੰਦੀ ਹੈ। ਮੋਹ ਦਾ ਉਸਾਰੂ ਪੱਖ ਵੀ ਗੁਰਬਾਣੀ ਨੇ ਸਮਝਾਇਆ ਹੈ:

ਮੂਲੁ ਮੋਹੁ ਕਰਿ ਕਰਤੈ ਜ਼ਗਤੁ ਉਪਾਇਆ।।

(ਭੈਰਉ ਮ: ੩-੧੧੨੮)

ਗੁਰੂ ਅਮਰਦਾਸ ਇੱਕ ਥਾਂ ਫੁਰਮਾਣ ਕਰਦੇ ਹਨ ਕਿ ਮੋਹ ਵੀ ਰੱਬ ਦਾ ਹੀ ਲਾਇਆ ਹੋਇਆ ਹੈ:

ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ।।

(ਰਾਮਕਲੀ ਮ: ੩-੯੧੮)

ਇਥੇ ਮੋਹ ਨੂੰ ਅੰਨੇਵਾਹ ਰੱਦ ਨਹੀਂ ਕੀਤਾ ਗਿਆ। ਗ੍ਰਿਹਸਤ ਦੀ ਨੀਂਹ ਮੋਹ ਹੈ ਪਰ ਇਹ ਨੁਕਸਾਨਦੇਹ ਉਸੇ ਹਾਲਤ ਵਿੱਚ ਹੈ, ਜਦੋਂ ਮਨੁੱਖ ਇਸਦਾ ਗੁਲਾਮ ਹੋ ਕੇ ਰਹਿ ਜਾਂਦਾ ਹੈ। ਵਰਨਾ! ਇਹ ਸਮਾਜ ਤੇ ਸੰਸਾਰ ਦੀ ਹੋਂਦ ਦਾ ਮੂਲ ਕਾਰਣ ਹੈ।

ਹਉਮੈ/ਅਹੰਕਾਰ: ‘ਹਉ` ਦਾ ਭਾਵ ‘ਮੈਂ` ਹੈ। ਮੈਂ ( I-ness) ਮਨੁੱਖ ਦੇ ਸਾਰੇ ਬੰਧਨਾਂ ਦਾ ਮੁੱਖ ਕਾਰਨ ਹੈ। ਇਹ ਐਸੀ ਬਿਰਤੀ ਜੋ ਮਨੁੱਖ ਵਿੱਚ ਸੁਆਰਥ ਵਧਾਉਣ ਦੇ ਨਾਲ ਉਸ ਨੂੰ ਇਸ ਖੁਸ਼ਫਹਿਮੀ ਵਿੱਚ ਰੱਖਦੀ ਹੈ ਕਿ ਉਹ ਬਹੁਤ ਸਮੱਰਥ ਭਾਵ ਤਾਕਤਵਰ ਹੈ।

ਇਹ ਮਨੁੱਖੀ ਅਕਲ ਉਪਰ ਪਿਆ ਪਰਦਾ ਜਦੋਂ ਤੀਕ ਹਟਦਾ ਨਹੀਂ ਮਨੁੱਖ ਨੂੰ ਆਪਣੇ ਅਸਲੇ ਦੀ ਪਛਾਣ ਨਹੀਂ ਹੁੰਦੀ। ਹਉਮੈਂ ਦਾ ਧਾਰਨੀ ਗੁਰਮਤ-ਜੀਵਨ ਦੇ ਸਾਰੇ ਗੁਣਾਂ ਤੋਂ ਵਾਂਝਾ ਹੋ ਜਾਂਦਾ ਹੈ:

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ।।

ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ।।

ਹਉਮ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ।।

(ਵਡਹੰਸ ਮ: ੩-੫੬੦)

ਸਾਰਾ ਜਗਤ ਹਉਮੈ ਵਿੱਚ ਪੈਣ ਕਾਰਣ ਅਸਥਿਰ ਹੈ। ਗਿਆਨ ਦੀ ਪ੍ਰਾਪਤੀ ਬਿਨਾ ਹਊਮੈ ਮਿਟਦੀ ਨਹੀਂ। ਜਦ ਤਕ ਹਉਮੈ ਨਹੀਂ ਮਿਟਦੀ ਰੱਬ ਜਾਂ ਨਾਮ ਦੀ ਪ੍ਰਾਪਤੀ ਸੰਭਵ ਨਹੀਂ ਹੁੰਦੀ ਹੈ। ਹਉਮੈ ਨੂੰ ਵੱਡਾ ਰੋਗ ਦਸਦਿਆਂ ਗੁਰਬਾਣੀ ਨੇ ਇਸਨੂੰ ਲਾ-ਇਲਾਜ ਨਹੀਂ ਦਸਿਆ। ਗੁਰਬਾਣੀ ਸੇਧ ਦਿੰਦੀ ਹੈ:

ਹਉਮੈ ਦੀਰਘ ਰੋਗੁ ਹੈ ਦਾਰੁ ਭੀ ਇਸੁ ਮਾਹਿ।।

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ।।

(ਆਸਾ ਮ: ੧-੪੬੬)

ਗੁਰੂ ਦੇ ਸ਼ਬਦ ਭਾਵ ਹੁਕਮ ਅਨੁਸਾਰੀ ਜੀਵਨ ਜੀਅ ਕੇ ਹਉਮੈਂ ਤੋਂ ਮੁਕਤ ਹੋਣਾ ਸੰਭਵ ਹੈ। ਸੰਗਤ ਵਿੱਚ ਆਉਣ ਕਾਰਣ ਸਿੱਖ ਵਿੱਚ ਨਿਮਰਤਾ ਅਤੇ ਨਿਰਮਾਣਤਾ ਦੇ ਗੁਣ ਵਿਕਸਤ ਹੁੰਦੇ ਹਨ। ਇਸਦੇ ਨਾਲ ਹੀ ਸੰਗਤ ਵਿੱਚ ਸੇਵਾ ਕਰਦਿਆਂ ਮਨੁੱਖ ਸੌੜੀ ਸੋਚ ਦਾ ਤਿਆਗ ਕਰਕੇ ਖੁਦ ਨੂੰ ਵਿਸ਼ਾਲ ਬ੍ਰਹਿਮੰਡ ਵਿੱਚ ਦੇਖਦਾ ਹੈ ਤਾਂ ਉਸਦਾ ਅਹੰਕਾਰ ਖਤਮ ਹੋ ਜਾਂਦਾ ਹੈ। ਗੁਰਮਤ ਵਿੱਚ ਹਉਮੈ ਦੀ ਦਾਰਸ਼ਨਿਕ ਚਰਚਾ ਭੀ ਕੀਤੀ ਮਿਲਦੀ ਹੈ:

ਕਿਤੁ ਕਿਤੁ ਬਿਧਿ ਜਗੁ ਊਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ।।

ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ।।

(ਰਾਮਕਲੀ ਮ: ੧-੯੪੬)

ਭਾਵ ਕਿ ਹਉਮੈ ਕਾਰਣ ਹੀ ਸੰਸਾਰ ਦਾ ਕਾਰ-ਵਿਹਾਰ ਚਲ ਰਿਹਾ ਹੈ। ਜੇਕਰ ਹਿਰਦੇ ਵਿੱਚ ਨਾਮ ਹੋਵੇ ਤਾਂ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਮੁਸ਼ਕਲ ਉਦੋਂ ਹੀ ਆਉਂਦੀ ਹੈ ਜਦੋਂ ਅਸੀਂ ਨਾਮ ਨੂੰ ਤਿਆਗ ਕੇ ਖੁਦ ਨੂੰ ਬਹੁਤ ਮਹਾਨ ਜਾਂ ਸ਼ਕਤੀਸ਼ਾਲੀ ਮੰਨ ਬੈਠਦੇ ਹਾਂ। ਅਹੰਕਾਰ ਮਨੁੱਖ ਨੂੰ ਰੁੱਖਾ ਅਤੇ ਹੂੜਮੱਤੀ ਬਣਾ ਦਿੰਦਾ ਹੈ। ਪਰ ਜੇਕਰ ਇਹ ਸਾਡੀ ਗੈਰਤ, ਅਣਖ ਅਤੇ ਸਵੈ-ਸਤਿਕਾਰ ਨੂੰ ਵਧਾਉਣ ਦੇ ਰਾਹ ਤੁਰ ਪਏ ਤਾਂ ਇਹ ਮਨੁੱਖੀ ਸਖਸ਼ੀਅਤ ਨੂੰ ਚਾਰ ਚੰਨ ਵੀ ਲਾ ਸਕਦਾ ਹੈ।

(ਗੁਰਮਤ ਨਿਰਨਯ ਕੋਸ਼-ਪੰਨਾ 134-136, 50-51)

ਇਸ ਵਿਸ਼ੇ ਨੂੰ ਸਮਝਣ ਲਈ ਸਿਆਣਿਆਂ ਵਲੋਂ ਬਹੁਤ ਹੀ ਵਧੀਆ ਦ੍ਰਿਸ਼ਟਾਂਤ ਦੇ ਕੇ ਸਪਸ਼ਟ ਕੀਤਾ ਗਿਆ ਹੈ ਕਿ ਜਿਵੇਂ ਕਿਸੇ ਰੱਥ ਅੱਗੇ ਜੁਪੇ ਹੋਏ ਪੰਜ ਘੋੜਿਆਂ ਨੂੰ ਕਮਜ਼ੋਰ ਕਰਨ ਜਾਂ ਮਾਰਣ ਨਾਲ ਰੱਥ ਸਵਾਰ ਨੂੰ ਮੰਜ਼ਿਲ ਤਕ ਲਿਜਾਣ ਦੇ ਸਮੱਰਥ ਨਹੀ ਹੋ ਸਕੇਗਾ, ਅਧਵਾਟੇ ਹੀ ਰਹਿ ਜਾਵੇਗਾ। ਸਹੀ ਲੋੜ ਤਾਂ ਇਹਨਾਂ ਘੋੜਿਆਂ ਦੀਆਂ ਵਾਗਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਦੇ ਹੋਏ ਸਹੀ ਮਾਰਗ ਉਪਰ ਚਲਾਉਣ ਦੀ ਹੈ। ਠੀਕ ਇਸੇ ਤਰਾਂ ਸਾਡੇ ਜੀਵਨ ਅੰਦਰ ਪੰਜ ਵਿਕਾਰ ਰੂਪੀ ਘੋੜੇ ਜੇ ਅੱਥਰੇ ਹੋ ਕੇ ਚਲਦੇ ਰਹਿਣਗੇ ਤਾਂ ਮੰਜ਼ਿਲ ਪ੍ਰਾਪਤੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਪ੍ਰੰਤੂ ਜੇ ਗੁਰੂ ਦੀ ਮਤਿ ਅਨੁਸਾਰ ਇਹੀ ਘੋੜੇ ਕਾਬੂ ਵਿੱਚ ਰੱਖ ਕੇ ਚਲਾਉਣ ਦੀ ਜਾਚ ਆ ਜਾਵੇ ਤਾਂ ਇਹੀ ਅੱਥਰੇ ਘੋੜੇ, ਸਹੀ ਮੰਜ਼ਿਲ ਤਕ ਪਹੁੰਚਾਉਣ ਵਿੱਚ ਸਹਾਈ ਹੋ ਜਾਣਗੇ।

ਬਹੁਤ ਹੀ ਬਲਵਾਨ ਇਹਨਾਂ ਪੰਜਾਂ ਨੂੰ ਆਪਣੇ ਵੱਸ ਕਰਕੇ ਚਲਾਉਣ ਲਈ, ਜੀਵਨ ਅੰਦਰ ਸੁਖਮਈ ਅਹਿਸਾਸ ਪੈਦਾ ਕਰਨ ਹਿਤ ਗੁਰੂ ਗਿਆਨ ਦੀ ਰੋਸ਼ਨੀ ਵਿੱਚ ਚਲਦੇ ਹੋਏ ਕਿਵੇਂ ਸਫਲਤਾ ਪ੍ਰਾਪਤ ਕਰਨੀ ਹੈ? ਇਸ ਸਬੰਧੀ ਗੁਰੂ ਅਰਜਨ ਸਾਹਿਬ ਤੇ ਸਿਰੀ ਰਾਗ ਅੰਦਰ ਬਹੁਤ ਹੀ ਸੁੰਦਰ ਤਰੀਕੇ ਨਾਲ ਮੱਲ ਅਖਾੜੇ ਵਿੱਚ ਕੁਸ਼ਤੀ ਕਰਨ ਲਈ ਨਿਤਰੇ ਪਹਿਲਵਾਨਾਂ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਦਸਿਆ ਹੈ ਕਿ ਇਸ ਘੋਲ ਵਿਚੋਂ ਜਿਹੜੇ ਗੁਰੂ ਦੀ ਬਖ਼ਸ਼ਿਸ਼ ਰੂਪੀ ਥਾਪੜਾ ਹਾਸਲ ਕਰਕੇ ਨਿਤਰਦੇ ਹਨ, ਅਵੱਸ਼ ਹੀ ਕਾਮਯਾਬ ਹੋ ਜਾਂਦੇ ਹਨ-

ਹਉ ਗੋਸਾਈ ਦਾ ਪਹਿਲਵਾਨੜਾ।। ਮੈ ਗੁਰ ਮਿਲਿ ਉਚ ਦੁਮਾਲੜਾ।।

ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ।। ੧੭।।

ਵਾਤ ਵਜਨਿ ਟੰਮਕ ਭੇਰੀਆ।। ਮਲ ਲਥੇ ਲੈਦੇ ਫੇਰੀਆ।।

ਨਿਹਤੇ ਪੰਜਿ ਜੁਆਨ ਮੈ ਗੁਰਿ ਥਾਪੀ ਦਿਤੀ ਕੰਡਿ ਜੀਉ।। ੧੮।।

(ਸਿਰੀਰਾਗੁ ਮਹਲਾ ੫-੭੪)

=========== (ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.