.

ਸਿੱਖੀ ਦੀ ਲਹਿਰ ਦਾ ਪਤਨ

(ਕਿਸ਼ਤ ਪਹਿਲੀ)

ਗੁਰੂ ਨਾਨਕ ਜੀ ਨੇ ਕੋਈ ਸੰਸਥਾਗਤ ਧਰਮ ਭਾਵ ਰਿਲੀਜਨ (religion) ਨਹੀਂ ਚਲਾਇਆ ਸੀ। ਸਗੋਂ ਉਹਨਾਂ ਨੇ ਮਾਨਵਵਾਦ (humanism) ਦੀ ਕਰਾਂਤੀਕਾਰੀ ਲਹਿਰ ਚਲਾਈ ਸੀ ਜੋ ਉਹਨਾਂ ਦੀ ਆਪਣੀ ਅਤੇ ਬਾਕੀ ਗੁਰੂ ਸਾਹਿਬਾਨ ਦੀ ਅਗਵਾਈ ਵਿੱਚ ਦੋ ਸਦੀਆਂ ਤੋਂ ਵੱਧ ਦੇ ਅਰਸੇ ਤਕ ਪੂਰੀ ਸਫਲਤਾ ਨਾਲ ਚੱਲੀ। ਬੇਸ਼ਕ ਸਿੱਖ ਗੁਰੂਆਂ ਅਤੇ ਉਹਨਾਂ ਦੇ ਸੁਹਿਰਦ ਪੈਰੋਕਾਰਾਂ ਨੇ ਇਸ ਸਮੇਂ ਵਿੱਚ ਅਦੁੱਤੀ ਇਤਹਾਸ ਸਿਰਜ ਕੇ ਸੰਸਾਰ ਭਰ ਵਿੱਚ ‘ਮਾਨਵਵਾਦ’ ਦੇ ਮਿਸ਼ਨ ਦੀ ਪਹਿਲੀ ਸਫਲ ਉਦਾਹਰਣ ਪੇਸ਼ ਕੀਤੀ ਪਰੰਤੂ ਇਸ ਲਹਿਰ ਦਾ ਅੰਤ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰ ਨੂੰ ਤਿਆਗਣ ਤੋਂ ਪਿੱਛੋਂ ਜਲਦੀ ਹੀ ਹੋ ਗਿਆ। ਗੁਰੂ ਨਾਨਕ ਜੀ ਵੱਲੋਂ ਪੰਦਰਵੀਂ ਸਦੀ ਈਸਵੀ ਦੇ ਅੰਤ ਤੋਂ ਲੈ ਕੇ ਚਲਾਈ ਗਈ ਇਸ ਲਹਿਰ ਦੇ ਅਠਾਰ੍ਹਵੀਂ ਸਦੀ ਈਸਵੀ ਦੇ ਅਰੰਭ ਵਿੱਚ ਸ਼ੁਰੂ ਹੋਏ ਪਤਨ ਦੀ ਦਿਲਟੁੰਬਵੀਂ ਕਹਾਣੀ ਕਈ ਪੜਾਵਾਂ ਦੇ ਵਿੱਚੋਂ ਹੁੰਦੀ ਹੋਈ ਗੁਜ਼ਰਦੀ ਹੈ। ਹਰੇਕ ਪੜਾਅ ਤੇ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਜਿਹੀਆਂ ਮਨਮੱਤੀ ਅਤੇ ਵਿਵਾਦਤ ਲਿਖਤਾਂ ਵੀ ਸਾਹਮਣੇ ਆਉਂਦੀਆਂ ਹਨ ਜੋ ਵਿਰੋਧੀ ਧਿਰਾਂ ਵੱਲੋਂ ਅਸਲੀ ਸਿੱਖੀ ਦੀ ਇਸ ਲਹਿਰ ਨੂੰ ਹਾਨੀ ਪਹੁੰਚਾਉਣ ਦੀ ਮਨਸ਼ਾ ਨਾਲ ਤਿਆਰ ਕੀਤੀਆਂ ਗਈਆਂ ਸਨ।

ਨੋਟ: ਇੱਥੇ ‘ਗੁਰੂ’ ਸ਼ਬਦ ਦਾ ਪਰਯੋਗ ‘ਸਿਖਿਆ ਦੇਣ ਵਾਲਾ’ ਜਾਂ ‘ਪੱਥ-ਪਰਦਰਸ਼ਕ’ ਦੇ ਤੌਰ ਤੇ ਕੀਤਾ ਜਾ ਰਿਹਾ ਹੈ ‘ਕਰਨੀ ਵਾਲੇ ਸਾਧ/ਸੰਤ’ ਲਈ ਨਹੀਂ ਅਤੇ ‘ਸਿਖ’ ਸ਼ਬਦ ਦਾ ਅਰਥ ਗੁਰੂ ਨਾਨਕ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤਕ ਦੇ ਦਸ ਗੁਰੂ ਸਾਹਿਬਾਨ ਦੇ ਪੈਰੋਕਾਰ ਅਖਵਾਉਣ ਵਾਲੇ ਅਤੇ ਗੁਰਬਾਣੀ ਦੀ ਸਿਖਿਆ ਤੇ ਚੱਲਣ ਵਾਲੇ ਲੋਕਾਂ ਲਈ ਕੀਤਾ ਗਿਆ ਹੈ। ‘ਸੰਪਰਦਾਈ’ ਦਾ ਅਰਥ ਇੱਥੇ ਰਿਲੀਜਨ ਭਾਵ ‘ਸੰਸਥਾਗਤ ਧਰਮ’ ਨੂੰ ਮੰਨਣ ਵਾਲੇ ਤੋਂ ਹੈ ਅਤੇ ‘ਮਾਨਵਵਾਦੀ’ ਤੋਂ ਭਾਵ ਸੰਸਥਾਗਤ ਧਰਮ ਤੋਂ ਅਜ਼ਾਦ ਹੋਕੇ ਗੁਰਮੱਤ ਦੀ ਸਿਖਿਆ ਤੇ ਚੱਲਣ ਵਾਲੇ ਅਤੇ ਮਨੁੱਖੀ ਸਰੋਕਾਰਾਂ ਨੂੰ ਸਮਰਪਿਤ ਕਿਰਿਆਵਾਦੀ ਵਿਅਕਤੀ (activist) ਹੈ।

ਪੜਾਅ ਪਹਿਲਾ

ਸਿੱਖੀ ਦੀ ਮਾਨਵਵਾਦੀ ਲਹਿਰ ਦੇ ਪਤਨ ਦਾ ਪਹਿਲਾ ਪੜਾਅ ਬੰਦਾ ਬਹਾਦਰ ਦੀ ਸਰਹਿੰਦ ਉੱਤੇ 1710 ਈਸਵੀ ਵਿੱਚ ਹੋਈ ਜਿੱਤ ਨਾਲ ਆਰੰਭ ਹੁੰਦਾ ਹੈ। ਇਹ ਜਿੱਤ ਸਰਹਿੰਦ ਨੇੜੇ ਚੱਪੜਚਿੜੀ ਦੇ ਸਥਾਨ ਤੇ ਲੜੀ ਗਈ ਜੰਗ ਰਾਹੀਂ ਹੋਈ ਜਿਸ ਵਿੱਚ ਬੰਦਾ ਬਹਾਦਰ ਦੀਆਂ ਫੌਜਾਂ ਦੇ ਹੱਥੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਹਾਰ ਅਤੇ ਮੌਤ ਹੋਈ। ਆਮ ਕਰਕੇ ਬੰਦਾ ਬਹਾਦਰ ਦੇ ਕਾਰਨਾਮਿਆਂ ਦੇ ਬਹੁਤ ਸੋਹਲੇ ਗਾਏ ਜਾਂਦੇ ਹਨ (ਉਂਜ ‘ਸਿਖ’ ਅਖਵਾਉਂਦੇ ਲੋਕਾਂ ਨੂੰ -–ਇਤਹਾਸਕਾਰਾਂ ਸਮੇਤ-- ਬੰਦਾ ਬਹਾਦਰ ਦੇ ਸਹੀ ਨਾਮ ਦਾ ਵੀ ਪਤਾ ਨਹੀਂ। ‘ਲਛਮਣ ਦਾਸ’ ਅਤੇ ‘ਮਾਧੋ ਦਾਸ’ ਨਾਵਾਂ ਨੂੰ ਤਿਆਗਣ ਤੋਂ ਬਾਦ ਉਸਦਾ ਨਾਮ ਗੁਰਬਖਸ਼ ਸਿੰਘ ਸੀ ‘ਬੰਦਾ ਸਿੰਘ’ ਨਹੀਂ, ‘ਬੰਦਾ ਬਹਾਦਰ’ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਗਿਆ ਖਿਤਾਬ ਸੀ)। ਬੰਦਾ ਬਹਾਦਰ ਦੀ ਵਿਸ਼ੇਸ਼ ਤੌਰ ਤੇ ਇਸ ਗੱਲ ਕਰਕੇ ਵਡਿਆਈ ਕੀਤੀ ਜਾਂਦੀ ਹੈ ਕਿ ਉਸ ਨੇ ਵਜ਼ੀਰ ਖਾਨ ਤੋਂ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ। ਪਰੰਤੂ ਗੁਰਮੱਤ ਦੇ ਪੱਖੋਂ ਸੋਚਣ ਨਾਲ ਬੰਦਾ ਬਹਾਦਰ ਦੇ ਕਿੱਸੇ ਵਿੱਚੋਂ ਘੋਰ ਨਿਰਾਸ਼ਾ ਪੱਲੇ ਪੈਂਦੀ ਹੈ। ਇਹ ਮੰਨਣ ਵਿੱਚ ਨਹੀਂ ਆਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ ਪੰਜਾਬ ਵੱਲ ਵਜ਼ੀਰ ਖਾਨ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਭੇਜਿਆ ਸੀ। ਇੱਕ ਤਾਂ ਬਦਲਾ ਲੈਣਾ ਗੁਰਮੱਤ ਦਾ ਅਸੂਲ ਨਹੀਂ। ਵੱਡੀਆਂ-ਵੱਡੀਆਂ ਘਟਨਾਵਾਂ ਵਾਪਰ ਜਾਣ ਦੇ ਬਾਵਜੂਦ ਕਿਸੇ ਵੀ ਗੁਰੂ ਸਾਹਿਬ ਨੇ ਆਪੂੰ ਕਦੀ ਬਦਲੇ ਦੀ ਕਾਰਵਾਈ ਨਹੀਂ ਕੀਤੀ। ਗੁਰਮੱਤ ਕੇਵਲ ਨਾ ਸੁਧਰਨ ਵਾਲੀ ਧਿਰ ਨੂੰ ਸਜ਼ਾ ਦੇਣ ਦੀ ਇਜਾਜ਼ਤ ਹੀ ਦਿੰਦੀ ਹੈ। ਦੂਸਰਾ, ਗੁਰੂ ਗੋਬਿੰਦ ਸਿੰਘ ਜੀ ਆਪਣੇ ਪੈਰੋਕਾਰਾਂ ਨੂੰ ਆਪਣੇ ਸਾਹਿਬਜ਼ਾਦਿਆਂ ਤੋਂ ਕਿਸੇ ਤਰ੍ਹਾਂ ਵੀ ਘਟ ਪਿਆਰ ਨਹੀਂ ਕਰਦੇ ਸਨ। ਇਸ ਲਈ ਕੇਵਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਦੀ ਗੱਲ ਬਿਲਕੁਲ ਵੀ ਤਰਕ-ਸੰਗਤ ਨਹੀਂ (ਇਹ ਵੀ ਸੋਚਣਾ ਬਣਦਾ ਹੈ ਕਿ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ’ ਨਾਲ ਕਿੰਨੇ ਬੇਗੁਨਾਹ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣਦੀ ਹੈ ਅਤੇ ਬੰਦਾ ਬਹਾਦਰ ਉੱਤੇ ਇਹ ਇਲਜ਼ਾਮ ਧਰਨਾ ਠੀਕ ਨਹੀਂ)। ਪੰਜਾਬ ਵਿੱਚ ਆਉਣ ਦੀ ਪੇਸ਼ਕਸ਼ ਬੰਦਾ ਬਹਾਦਰ ਵੱਲੋਂ ਆਈ ਸੀ ਅਤੇ ਗੁਰੂ ਜੀ ਨੇ ਉਸ ਦੀ ਮੁਹਿੰਮ ਨੂੰ ਪਰਵਾਨਗੀ ਇਸ ਲਈ ਦਿੱਤੀ ਸੀ ਕਿ ਵਜ਼ੀਰ ਖਾਨ ਅਤੇ ਉਸ ਵਰਗੇ ਹੋਰ ਜ਼ਾਲਮਾਂ ਨੂੰ ਸਜ਼ਾ ਦਿੱਤੀ ਜਾ ਸਕੇ ਜਿਹਨਾਂ ਵੱਲੋਂ ਕੀਤੇ ਧੋਖੇ ਅਤੇ ਦੁਸ਼ਮਣੀ ਕਰਕੇ ਗੁਰੁ ਜੀ ਨੂੰ ਅਨੰਦਪੁਰ ਛੱਡਣਾ ਪਿਆ ਸੀ, ਸਿਖ ਫੌਜਾਂ ਅਤੇ ਪਰਿਵਾਰਾਂ ਦਾ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ਅਤੇ ਮਾਨਵਵਾਦੀ ਸਿਖ ਲਹਿਰ ਨੂੰ ਭਾਰੀ ਹਾਨੀ ਪਹੁੰਚੀ ਸੀ। ਗੁਰੂ ਜੀ ਦੀ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਗੱਲਬਾਤ ਦੇ ਮੁੱਖ ਮੁੱਦੇ ਵਜ਼ੀਰ ਖਾਨ ਨੂੰ ਸਜ਼ਾ ਦੁਆਉਣ ਅਤੇ ਅਨੰਦਪੁਰ ਨੂੰ ਦੁਬਾਰਾ ਪਰਾਪਤ ਕਰਨ ਦੇ ਰਹੇ ਸਨ। ਬੇਸ਼ਕ ਬੰਦਾ ਬਹਾਦਰ ਨੇ ਆਪਣਿਆਂ ਜੰਗਜੂ ਕਾਰਨਾਮਿਆਂ ਰਾਹੀਂ ਗੁਰੂ ਜੀ ਵੱਲੋਂ ਬਖਸ਼ੇ ਖਿਤਾਬ ਨੂੰ ਸੱਚ ਕਰ ਵਿਖਾਇਆ ਸੀ ਪਰੰਤੂ ਉਸ ਦਾ ਫਰਜ਼ ਇਹ ਬਣਦਾ ਸੀ ਕਿ ਵਜ਼ੀਰ ਖਾਨ ਅਤੇ ਹੋਰਨਾਂ ਨੂੰ ਵਾਜਬ ਸਜ਼ਾ ਦੇਣ ਤੋਂ ਪਿੱਛੋਂ ਉਹ ਅਨੰਦਪੁਰ ਜਾਂ ਅਮ੍ਰਿਤਸਰ ਵਿਖੇ ਬੈਠ ਕੇ ਗੁਰਮੱਤ ਦੇ ਫਲਸਫੇ ਅਨੁਸਾਰ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਮਾਨਵਵਾਦੀ ਸਿਖ ਲਹਿਰ ਨੂੰ ਚਾਲੂ ਰੱਖਣ ਦਾ ਮਾਹੌਲ ਸਿਰਜਦਾ (ਇਸ ਵਿੱਚ ਉਸ ਨੂੰ ਬਾਦਸ਼ਾਹ ਬਹਾਦਰ ਸ਼ਾਹ ਵੱਲੋਂ ਵਾਜਬ ਸਹਿਯੋਗ ਮਿਲਣ ਦੀ ਸੰਭਾਵਨਾ ਸੀ)। ਪਰੰਤੂ ਉਸ ਨੇ ਸਰਹਿੰਦ ਉੱਤੇ ਕਬਜ਼ਾ ਕਰ ਲੈਣ ਪਿੱਛੋਂ ਉੱਥੇ ਆਪਣੇ ਇੱਕ ਸਾਥੀ (ਬਾਜ ਸਿੰਘ) ਨੂੰ ਸੂਬੇਦਾਰ ਨਿਯੁਕਤ ਕਰਕੇ ਆਪਣਾ ਰਾਜ ਸਥਾਪਤ ਕਰ ਲਿਆ ਜਿਸ ਦੀ ਰਾਜਧਾਨੀ ਸਢੌਰੇ ਨੇੜੇ ਮੁਖਲਿਸਪੁਰ (ਲੋਹਗੜ੍ਹ) ਦੇ ਕਿਲੇ ਨੂੰ ਬਣਾਇਆ ਗਿਆ। ਇਹ ਸਹੀ ਹੈ ਕਿ ਬੰਦਾ ਬਹਾਦਰ ਨੇ ਆਪਣੇ ਥੋੜ-ਚਿਰੇ ਰਾਜ ਵੇਲੇ ਲੋਕ ਭਲਾਈ ਦੇ ਕੰਮ ਕੀਤੇ ਪਰੰਤੂ ਅਜਿਹੇ ਕੰਮ ਉਹ ਅਨੰਦਪੁਰ ਵਿਖੇ ਬੈਠ ਕੇ ਮਾਨਵਵਾਦ ਦੀ ਲਹਿਰ ਨੂੰ ਪੁਨਰ-ਸੁਰਜੀਤ ਕਰਕੇ ਵੀ ਕਰ ਸਕਦਾ ਸੀ। ਬੰਦਾ ਬਹਾਦਰ ਦਾ ਰਾਜ ਤਾਂ ਛੇ ਮਹੀਨੇ ਬਾਦ ਹੀ ਖੁੱਸ ਗਿਆ ਅਤੇ ਉਸ ਦੇ ਅਗਲੇ ਪੰਜ ਸਾਲ ਖੁੱਸੇ ਹੋਏ ਰਾਜ ਦੀ ਮੁੜ-ਪਰਾਪਤੀ ਲਈ ਕੀਤੀਆਂ ਲੜਾਈਆਂ ਦੀ ਭੇਂਟ ਚੜ੍ਹ ਗਏ। ਆਖਰ ਬੰਦਾ ਬਹਾਦਰ ਦੀ 1715 ਈਸਵੀ ਵਿੱਚ ਗੁਰਦਾਸ ਨੰਗਲ ਵਿਖੇ ਅਜਿਹੀ ਨਿਰਾਸ਼ਾਜਨਕ ਹਾਰ ਹੋਈ ਕਿ ਉਸ ਨੂੰ ਅਤੇ ਉਸ ਦੇ ਸੈਂਕੜੇ ਸਾਥੀਆਂ ਨੂੰ ਹਕੂਮਤ ਵੱਲੋਂ ਕੈਦੀ ਬਣਾ ਕੇ ਅਤੇ ਭਾਰੀ ਤਸ਼ਦਦ ਦਿੰਦੇ ਹੋਏ 1716 ਈਸਵੀ ਵਿੱਚ ਦਿੱਲੀ ਵਿਖੇ ਕਤਲ ਕਰ ਦਿੱਤਾ ਗਿਆ। ਇਸ ਤੋਂ ਅਗਲਾ ਸਮਾਂ ਸਿਖ ਭਾਈਚਾਰੇ ਲਈ ਕਹਿਰਾਂ ਦਾ ਗੁਜ਼ਰਿਆ। ਇਸ ਸੰਕਟ ਦੇ ਸਮੇਂ ਵਿੱਚ ਕੁੱਝ ਸੈਂਕੜਿਆਂ ਦੀ ਗਿਣਤੀ ਵਿੱਚ ਬਚੇ ਜੁਝਾਰੂ ਸਿਖ ਭੁੱਖੇ-ਤਿਹਾਏ ਰਹਿ ਕੇ ਜੰਗਲਾਂ ਵਿੱਚ ਲੁਕ-ਛਿਪ ਕੇ ਦਿਨ ਕਟਦੇ ਰਹੇ। ਜੇਕਰ ਉਹਨਾਂ ਕੋਲ ਕੁੱਝ ਬਚਿਆ ਸੀ ਤਾਂ ਉਹ ਸੀ ਗੁਰੂ ਸਾਹਿਬਾਨ ਵੱਲੋਂ ਉਹਨਾਂ ਵਿੱਚ ਫੂਕਿਆ ਹੋਇਆ ਅਣਖ, ਬਹਾਦਰੀ ਅਤੇ ਕੁਰਬਾਨੀ ਦਾ ਜਜ਼ਬਾ ਜਿਸ ਦੇ ਬਲਬੂਤੇ ਉਹਨਾਂ ਨੇ ਇੱਕ ਵਿਲੱਖਣ ਭਾਈਚਾਰੇ ਵਜੋਂ ਆਪਣੀ ਹੋਂਦ ਨੂੰ ਬਚਾਉਣ ਅਤੇ ਆਪਣੇ ਵਕਾਰ ਦੀ ਬਹਾਲੀ ਹਿਤ ਆਪਣਾ ਸੰਘਰਸ਼ ਜਾਰੀ ਰੱਖਿਆ। ਉਹ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਲਈ ਟੋਲਿਆਂ ਵਿੱਚ ਨਿਕਲਦੇ, ਸਰਕਾਰੀ ਖਜ਼ਾਨੇ ਲੁੱਟਦੇ, ਸਰਕਾਰੀ ਕਾਫਲਿਆਂ ਤੇ ਹਮਲੇ ਕਰ ਕੇ ਅਸਲਾ, ਘੋੜੇ ਅਤੇ ਧਨ ਹਾਸਲ ਕਰਦੇ, ਅਸਲਾਖਾਨਿਆਂ ਵਿੱਚੋਂ ਹਥਿਆਰ ਕੱਢ ਕੇ ਲੈ ਜਾਂਦੇ ਅਤੇ ਸਰਕਾਰੀ ਅਮਲੇ ਦੇ ਲੋਕਾਂ ਜਾਂ ਉਹਨਾਂ ਦੇ ਹਮਦਰਦਾਂ ਨੂੰ ਸਜ਼ਾ ਦੇਣ ਦੇ ਨਾਲ-ਨਾਲ ਉਹਨਾਂ ਤੋਂ ਧਨ-ਦੌਲਤ ਵੀ ਉਗਰਾਹੁੰਦੇ। 1730 ਈਸਵੀ ਤਕ ਇਹ ਜੁਝਾਰੂ ਸਿਖ ਆਪਣੇ ਪੈਰਾਂ ਤੇ ਖੜ੍ਹੇ ਹੋਣ ਜੋਗੇ ਤਾਂ ਹੋ ਗਏ ਪਰੰਤੂ ਬੰਦਾ ਬਹਾਦਰ ਦੀ ਅਗਵਾਈ ਵਿੱਚ ਹੋਈ ਕਾਰਵਾਈ ਦੌਰਾਨ ਅਤੇ ਇਸ ਤੋਂ ਮਗਰੋਂ ਹੋਂਦ ਨੂੰ ਬਚਾਉਣ ਦੇ ਸੰਘਰਸ਼ ਰਾਹੀਂ ਦੋ ਦਹਾਕੇ ਦਾ ਸਮਾਂ ਬਰਬਾਦ ਹੋ ਗਿਆ। ਇਸ ਸਮੇਂ ਵਿੱਚ ਨਾ ਕੇਵਲ ਥੋੜ੍ਹੀ ਜਿਹੀ ਗਿਣਤੀ ਵਾਲੇ ਗਰੀਬ ਸਿਖ ਭਾਈਚਾਰੇ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸਗੋਂ ਗੁਰੂ ਸਾਹਿਬਾਨ ਵੱਲੋਂ ਚਲਾਈ ਹੋਈ ਮਾਨਵਵਾਦੀ ਸਿਖ ਲਹਿਰ ਦਾ ਨਾ ਕੋਈ ਆਗੂ ਰਿਹਾ ਅਤੇ ਨਾ ਕੋਈ ਪੈਰੋਕਾਰ ਅਤੇ ਇਹ ਲਹਿਰ ਸਾਹ-ਸੱਤ ਵਿਹੂਣੀ ਹੋ ਗਈ।

ਬੰਦਾ ਬਹਾਦਰ ਦੇ ਕਤਲ ਤੋਂ ਬਾਦ ਵਿੱਚ ਮੁਗਲ ਹਕੂਮਤ ਨੇ ਭਾਵੇਂ ਲਹੌਰ ਦੇ ਸੂਬੇਦਾਰਾਂ ਰਾਹੀਂ ਬਾਕੀ ਬਚੇ ਮੁੱਠੀ ਭਰ ਜੁਝਾਰੂ ਸਿੱਖਾਂ ਅਤੇ ਉਹਨਾਂ ਦੇ ਪਰਿਵਾਰਾਂ ਉੱਤੇ ਜ਼ੁਲਮ ਢਾਉਣ ਦੀ ਕੋਈ ਕਸਰ ਨਾ ਛੱਡੀ, ਇਸ ਦੇ ਬਾਵਜੂਦ ਵੇਲੇ ਦੀ ਸਰਕਾਰ ਜੁਝਾਰੂ ਸਿੱਖਾਂ ਵੱਲੋਂ ਵਿੱਢੇ ਹੋਂਦ ਨੂੰ ਬਚਾਉਣ ਦੇ ਸੰਘਰਸ਼ ਦੌਰਾਨ ਵਿਖਾਏ ਜਾ ਰਹੇ ਲਾਸਾਨੀ ਸਿਰੜ ਅਤੇ ਹੌਸਲੇ ਦੇ ਸਾਹਵੇਂ ਬੇਬਸ ਨਜ਼ਰ ਆਉਣ ਲੱਗੀ। ਇੱਸੇ ਸਥਿਤੀ ਵਿੱਚ 1733 ਈਸਵੀ ਵਿੱਚ ਜੁਝਾਰੂ ਸਿੱਖਾਂ ਅੱਗੇ ਲਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਵੱਲੋਂ ਤਿੰਨ ਪਰਗਣਿਆਂ ਦੀ ਜਗੀਰ ਦੀ ਪੇਸ਼ਕਸ਼ ਕੀਤੀ ਗਈ। ਕੁੱਝ ਹਿਚਕਚਾਹਟ ਮਗਰੋਂ ਜੁਝਾਰੂ ਸਿੱਖਾਂ ਨੇ ਇਹ ਪੇਸ਼ਕਸ਼ ਪਰਵਾਨ ਕਰ ਲਈ ਅਤੇ ਕਪੂਰ ਸਿੰਘ ਨੂੰ ‘ਨਵਾਬ’ ਦਾ ਅਹੁਦਾ ਦੇ ਦਿੱਤਾ ਗਿਆ।

ਗੁਰੂ ਨਾਨਕ ਜੀ ਵੱਲੋਂ ਚਲਾਈ ਮਾਨਵਵਾਦੀ ਲਹਿਰ ਨੂੰ ਗੰਧਲਾ ਕਰਨ ਵਿੱਚ ਮੁੱਖ ਭੂਮਿਕਾ ਉਹਨਾਂ ਲਿਖਤਾਂ ਦੀ ਵੀ ਹੈ ਜੋ ਗੁਰੂ ਕਾਲ ਵਿੱਚ ਹੀ ਤਿਆਰ ਹੋਣੀਆਂ ਅਰੰਭ ਹੋ ਗਈਆਂ ਸਨ। ਇਹਨਾਂ ਵਿੱਚ ਸਭ ਤੋਂ ਪਹਿਲਾਂ ਜਨਮਸਾਖੀਆਂ ਆਉਂਦੀਆਂ ਹਨ ਜਿਹਨਾਂ ਵਿੱਚ ਗੁਰੂ ਨਾਨਕ ਜੀ ਬਾਰੇ ਮਨਘੜਤ ਕਰਾਮਾਤੀ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ। ਇਹ ਜਨਮਸਾਖੀਆਂ ਗੁਰੂ ਸਾਹਿਬਾਨ ਵੇਲੇ ਚੱਲ ਰਹੀ ਸਿੱਖੀ ਲਹਿਰ ਦੇ ਵਿੱਚ ਉੱਠੀਆਂ ਵਿਰੋਧੀ ਧਿਰਾਂ ਵਿਸ਼ੇਸ਼ ਕਰਕੇ ਉਦਾਸੀ, ਮੀਣੇ ਅਤੇ ਹੰਦਾਲੀਏ ਫਿਰਕਿਆਂ ਵੱਲੋਂ ਤਿਆਰ ਕਰਵਾਈਆਂ ਗਈਆਂ। ਭਾਈ ਗੁਰਦਾਸ ਦੀਆਂ ਰਚਨਾਵਾਂ ਵਿੱਚ ਵੀ ਬ੍ਰਾਹਮਣਵਾਦੀ ਅੰਸ਼ਾਂ ਨੂੰ ਉਭਾਰਨ ਦੀ ਝਲਕ ਵੇਖੀ ਜਾ ਸਕਦੀ ਹੈ। ਗੁਰੂ ਅਰਜਨ ਜੀ ਨੇ 1604 ਈਸਵੀ ਵਿੱਚ ਗੁਰਬਾਣੀ ਬੀੜ (ਆਦਿ-ਬੀੜ) ਤਿਆਰ ਕਰਵਾਈ ਜਿਸ ਦਾ ਉਤਾਰਾ ਭਾਈ ਬੰਨੋ ਨੇ ਕੀਤਾ ਪਰੰਤੂ ਇਸ ਉਤਾਰੇ ਵਿੱਚ ਕੁੱਝ ਵਾਧੂ ਰਚਨਾਵਾਂ ਸ਼ਾਮਲ ਕਰ ਲਈਆਂ ਗਈਆਂ। ਭਾਈ ਬੰਨੋਂ ਵਾਲੀ ਬੀੜ ਦੇ ਅੱਗੇ ਹੋਰ ਉਤਾਰੇ ਹੁੰਦੇ ਰਹੇ ਪਰੰਤੂ ਹਰੇਕ ਉਤਾਰੇ ਵਿੱਚ ਵਾਧੂ ਅਤੇ ਅਣਅਧਿਕਾਰਿਤ ਸਮੱਗਰੀ ਸ਼ਾਮਲ ਹੁੰਦੀ ਰਹੀ। ਉੱਧਰ ਗੁਰੂ ਹਰਿਗੋਬਿੰਦ ਜੀ ਦੇ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਚਲੇ ਜਾਣ ਤੇ ਆਦਿ-ਬੀੜ ਧੀਰਮੱਲੀਏ ਪਰਿਵਾਰ ਦੇ ਕਬਜ਼ੇ ਵਿੱਚ ਚਲੀ ਗਈ (ਜੋ ਉਹਨਾਂ ਨੇ ਕਿਸੇ ਗੁਰੂ ਸਾਹਿਬ ਨੂੰ ਕਦੇ ਵਾਪਸ ਨਾ ਕੀਤੀ) ਅਤੇ ਇਹ ਬੀੜ ਕਰਤਾਰਪੁਰ (ਜਲ਼ੰਧਰ ਨੇੜੇ) ਪਹੁੰਚਾ ਦਿੱਤੀ ਗਈ। ਹਰਿ ਰਾਇ ਜੀ ਦੇ ਗੁਰੂ ਹਰਿਗੋਬਿੰਦ ਜੀ ਤੋਂ ਅਗਲੇ ਗੁਰੂ ਬਣ ਜਾਣ ਤੇ ਧੀਰਮੱਲੀਆ ਪਰਿਵਾਰ ਸਿੱਖੀ ਦੀ ਲਹਿਰ ਦਾ ਵਿਰੋਧੀ ਬਣ ਗਿਆ। ਸਮਾਂ ਪਾਕੇ ਭਾਈ ਬੰਨੋਂ ਵਾਲੀ ਮੌਲਿਕ ਬੀੜ ਅਲੋਪ ਹੋ ਗਈ। ਬਹੁਤ ਸਾਰੀਆਂ ਮਨਮੱਤੀ ਰਚਨਾਵਾਂ ਜਿਵੇਂ ਕਿ ‘ਜਨਮ ਸਾਖੀਆਂ’, ‘ਗੁਰਬਿਲਾਸ ਪਾਤਸ਼ਾਹੀ 6’, ‘ਦਸਮ ਗ੍ਰੰਥ’ ਆਦਿਕ ਚਲਾਕੀ ਨਾਲ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਅਜਿਹੀਆਂ ਵਿਵਾਦਤ ਰਚਨਾਵਾਂ ਨੂੰ ਮਾਨਤਾ ਦਿਵਾਈ ਜਾ ਸਕੇ (ਉਂਜ ਭਾਈ ਮਨੀ ਸਿੰਘ ਵਰਗੀ ਸੁਹਿਰਦ ਅਤੇ ਸੱਚੀ-ਸੁਚੀ ਸ਼ਖਸੀਅਤ ਦੀ ਕੋਈ ਰਚਨਾਂ ਗੁਰਮੱਤ ਦੇ ਖਿਲਾਫ ਨਹੀਂ ਹੋ ਸਕਦੀ ਸੀ, ਨਾ ਹੀ ਭਾਈ ਜੀ ਦੀ ਕੋਈ ਰਚਨਾ ਉਪਲਭਦ ਰਹੀ ਹੈ)।

ਪੜਾਅ ਦੂਸਰਾ

1733 ਈਸਵੀ ਵਿੱਚ ਜੁਝਾਰੂ ਸਿੱਖਾਂ ਵੱਲੋਂ ਜਗੀਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਅਤੇ ਕਪੂਰ ਸਿੰਘ ਨੂੰ ਨਵਾਬ ਦਾ ਅਹੁਦਾ ਦਿਵਾਉਣਾ ਸਿੱਖੀ ਦੀ ਲਹਿਰ ਦੇ ਨਿਘਾਰ ਦੇ ਦੂਸਰੇ ਪੜਾਅ ਦਾ ਅਰੰਭ ਸੀ। ਹੁਣ ਆਪਣੇ-ਆਪ ਨੂੰ ‘ਖਾਲਸਾ’ ਅਖਵਾਉਂਦੇ ਜੁਝਾਰੂ ਸਿੱਖਾਂ ਦੇ ਸਾਹਮਣੇ ਜੋ ਇੱਕੋ-ਇਕ ਆਦਰਸ਼ ਨਿਸਚਤ ਹੋ ਚੁੱਕਾ ਸੀ ਉਹ ਸੀ ਭਾਈ ਨੰਦ ਲਾਲ ਰਚਿਤ ‘ਤਨਖਾਹਨਾਮਾ’ ਵਿੱਚ ਅੰਕਿਤ ਹੇਠਾਂ ਦਿੱਤਾ ਦੋਹਾ ( ‘ਖਾਲਸਾ’ ਦੇ ਬਦਲੇ ਹੋਏ ਅਰਥਾਂ ਨਾਲ):

ਰਾਜ ਕਰੇਗਹ ਖਾਲਸਾ ਆਕੀ ਰਹੇ ਨਾ ਕੋਇ

ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ॥

ਉੱਪਰ ਆਏ ਦੋਹੇ ਵਿੱਚ ਕਵੀ ਨੇ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਸੰਕਲਪ ਅਨੁਸਾਰ, ‘ਖਾਲਸਾ’ ਸ਼ਬਦ ਇੱਕ ਸੰਸਥਾਗਤ ਧਰਮ ਤੋਂ ਅਜ਼ਾਦ ‘ਗੁਰਮੁਖ ਸਦਾਚਾਰੀ ਮਨੁੱਖ’ ਲਈ ਵਰਤਿਆ ਸੀ ਪਰੰਤੂ ਇਸ ਪੜਾਅ ਤੇ ਆ ਕੇ ਜੁਝਾਰੂ ਸਿਖ ‘ਖਾਲਸਾ’ ਸ਼ਬਦ ਦੀ ਵਰਤੋਂ ਆਪਣੇ-ਆਪ ਨੂੰ ਇੱਕ ਵਿਸ਼ੇਸ਼ ਫਿਰਕੇ ਵਜੋਂ ਦਰਸਾਉਣ ਹਿਤ ਕਰਨ ਲੱਗ ਪਏ ਸਨ। ਜੁਝਾਰੂ ਸਿੱਖਾਂ ਵਿੱਚ ਉਪਜੀ ਫਿਰਕੂ ਚੇਤਨਾ ਅਤੇ ਰਾਜਸੀ ਸੱਤਾ ਦੀ ਲਾਲਸਾ ਗੁਰਮੱਤ ਦੇ ਵਿਪਰੀਤ ਵੀ ਜਾਂਦੀਆਂ ਸਨ ਅਤੇ ਸਿੱਖੀ ਦੇ ਮਾਨਵਵਾਦੀ ਆਧਾਰ ਨੂੰ ਵੀ ਢਾ ਲਾਉਂਦੀਆਂ ਸਨ। ਬਹੁਤੇ ਸੱਜਣਾ ਲਈ ਇਹ ਗੱਲ ਅਚੰਭਾਜਨਕ ਹੋਵੇਗੀ ਕਿ ਗੁਰੂ ਸਾਹਿਬਾਨ ਦੇ ਪੈਰੋਕਾਰਾਂ ਲਈ ਰਾਜਸੀ ਸੱਤਾ ਪਰਾਪਤ ਕਰਨ ਦੀ ਚੇਸ਼ਟਾ ਕਰਨਾ ਗੁਰਮੱਤ ਦੇ ਉਲਟ ਜਾਣ ਭਾਵ ਮਨਮੱਤ ਦੀ ਕਾਰਵਾਈ ਕਰਨ ਦੇ ਤੁੱਲ ਹੈ। ਜੁਝਾਰੂ ਸਿਖ ਇਸ ਗੱਲ ਨੂੰ ਮਹੱਤਵ ਨਹੀਂ ਦੇ ਰਹੇ ਸਨ ਕਿ ਉੱਪਰ ਦਿੱਤੀਆਂ ਸਤਰਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਹੋਈਆਂ ਨਹੀਂ ਸਨ ਅਤੇ ਇਹ ਕੇਵਲ ਸਬੰਧਤ ਕਵੀ ਦੇ ਸੁਪਨੇ ਨੂੰ ਦਰਸਾਉਂਦੀਆਂ ਸਨ ਕਿ ਧਰਤੀ ਉਤਲੇ ਹਰ ਖਿੱਤੇ ਦਾ ਰਾਜ ਗੁਰਮੁਖ ਸਦਾਚਾਰੀ ਮਨੁੱਖਾਂ ਦੇ ਹੱਥਾਂ ਵਿੱਚ ਹੋਵੇ ਤਾਂ ਕਿ ਪਰਜਾ ਨੂੰ ਇਨਸਾਫ ਮਿਲੇ, ਉਹ ਤਰੱਕੀ ਕਰੇ ਅਤੇ ਉਹ ਖੁਸ਼ਹਾਲੀ ਮਾਣੇ। ਇਸ ਨੁਕਤੇ ਸਬੰਧੀ ਸਪਸ਼ਟ ਹੋਣ ਲਈ ਸਾਨੂੰ ਵੇਖਣਾ ਪਵੇਗਾ ਕਿ ਜੰਗਾਂ-ਯੁੱਧਾਂ ਵਿੱਚ ਅਨੇਕਾਂ ਜਿੱਤਾਂ ਪਰਾਪਤ ਕਰਨ ਤੇ ਵੀ ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਦੀ ਕਿਸੇ ਇਲਾਕੇ ਉੱਤੇ ਕਾਬਜ਼ ਹੋ ਕੇ ਕੋਈ ਰਾਜ ਸਥਾਪਤ ਨਹੀਂ ਕੀਤਾ ਸੀ। ਨਾ ਹੀ ਉਹਨਾਂ ਨੇ ਕਦੀ ਆਪਣੇ ਪੈਰੋਕਾਰਾਂ ਨੂੰ ਅਜਿਹਾ ਕਰਨ ਦੀ ਹਦਾਇਤ ਕੀਤੀ ਸੀ।

ਬੰਦਾ ਬਹਾਦਰ ਵੇਲੇ ਪਰਾਪਤ ਹੋਈ ਥੋੜ-ਚਿਰੀ ਰਾਜਸੀ ਸੱਤਾ ਅਤੇ ਭਾਈ ਨੰਦ ਲਾਲ ਰਚਿਤ ਉੱਪਰ ਦਿੱਤੇ ਦੋਹੇ ਦੇ ਪਰਚਲਤ ਕੀਤੇ ਬਦਲਵੇਂ ਅਰਥਾਂ ਨੇ ਜੁਝਾਰੂ ਸਿੱਖਾਂ ਵਿੱਚ ਇਹ ਸੋਚ ਪੱਕੀ ਕਰ ਦਿੱਤੀ ਸੀ ਕਿ ਰਾਜ ਕਰਨਾ ਉਹਨਾਂ ਦੀ ਕਿਸਮਤ ਵਿੱਚ ਹੀ ਲਿਖਿਆ ਹੋਇਆ ਸੀ। ਇਸ ਲਈ ਹੁਣ ਉਸ ਖੁੱਸ ਚੁੱਕੀ ਰਾਜਸੀ ਤਾਕਤ ਨੂੰ ਫਿਰ ਤੋਂ ਹਾਸਲ ਕਰਨਾ ਹੀ ਉਹਨਾਂ ਦਾ ਮੁੱਖ ਨਿਸ਼ਾਨਾ ਬਣ ਗਿਆ ਸੀ। ਇਸ ਤਰ੍ਹਾਂ ਹੁਣ ਉਹਨਾਂ ਨੇ ਗੁਰੂ ਸਾਹਿਬਾਨ ਵੱਲ ਪਿੱਠਾਂ ਕਰ ਲਈਆਂ ਸਨ ਅਤੇ ਉਹ ‘ਬੇਦਾਵੀਏ’ ਹੋ ਗਏ ਸਨ। ਜਗੀਰ ਮਿਲਣ ਨਾਲ ਜੁਝਾਰੂ ਸਿੱਖਾਂ ਨੂੰ ਆਪਣੀ ਸੈਨਿਕ ਤਾਕਤ ਵਧਾਉਣ ਦਾ ਚੰਗਾ ਮੌਕਾ ਮਿਲ ਗਿਆ ਜਿਸ ਦੇ ਮੱਦਿ-ਨਜ਼ਰ ਇਹ ਜਗੀਰ ਦੋ ਸਾਲ ਬਾਦ ਵਾਪਸ ਲੈ ਲਈ ਗਈ। ਅਗਲੇ ਪੰਦਰਾਂ ਸਾਲ ਜੁਝਾਰੂ ਸਿੱਖਾਂ ਲਈ ਘੋਰ ਸੰਕਟ ਦੇ ਰਹੇ ਪਰੰਤੂ ਸੰਘਰਸ਼ ਦੇ ਇਸ ਸਮੇਂ ਵਿੱਚ ਵੀ ਉਹਨਾਂ ਦੀ ਸੈਨਿਕ ਚੜ੍ਹਤ ਵਧਦੀ ਗਈ। ਨਾ ਕੇਵਲ ਉਹਨਾਂ ਦੀ ਜੰਗੀ ਮੁਹਾਰਤ ਵਿੱਚ ਵਾਧਾ ਹੋਇਆ ਸਗੋਂ ਉਹ ‘ਦਲ ਖਾਲਸਾ’ ਅਧੀਨ ਬਣੇ ਜੱਥਿਆਂ ਦੇ ਰੂਪ ਵਿੱਚ ਚੰਗੀ ਤਰ੍ਹਾਂ ਸੰਗਠਿਤ ਹੋ ਕੇ ਚੱਲਣ ਲੱਗੇ। ਆਪਣੇ ਆਦਰਸ਼ਕ ਵਿਵਹਾਰ ਸਦਕਾ ਉਹਨਾਂ ਨੇ ਸਥਾਨਕ ਲੋਕਾਂ ਦੀ ਹਮਦਰਦੀ ਜਿੱਤ ਲਈ ਅਤੇ ਉਹਨਾਂ ਦੀ ਲੋਕਪ੍ਰੀਅਤਾ ਵਿੱਚ ਚੋਖਾ ਵਾਧਾ ਹੋ ਗਿਆ। ਮੁਗਲਾਂ ਦੇ ਰਾਜ-ਤੰਤਰ ਦੇ ਲਗਾਤਾਰ ਕਮਜ਼ੋਰ ਪੈਂਦੇ ਜਾਣ ਦੀ ਸਥਿਤੀ ਵਿੱਚ ਉਹ ਕਈ ਵਾਰ ਕੁੱਝ ਇਲਾਕੇ ਆਪਣੇ ਕਬਜ਼ੇ ਵਿੱਚ ਵੀ ਕਰ ਲੈਂਦੇ ਸਨ ਜੋ ਉਹਨਾਂ ਨੂੰ ਸਰਕਾਰੀ ਫੌਜਾਂ ਦਾ ਜ਼ੋਰ ਪੈਣ ਤੇ ਜਾਂ ਬਦੇਸ਼ੀ ਹਮਲਾਵਰਾਂ ਦੇ ਆਉਣ ਤੇ ਖਾਲੀ ਕਰਨੇ ਪੈਂਦੇ ਸਨ। ਦੂਸਰੇ ਪਾਸੇ ਬਦੇਸ਼ੀ ਹਮਲਾਵਰਾਂ ਦੀਆਂ ਵਕਤੀ ਮੁਹਿੰਮਾਂ ਦੇ ਸਮੇਂ ਉਹਨਾਂ ਵਿਰੁਧ ਕਾਰਵਾਈਆਂ ਕਰਦੇ ਸਮੇਂ ਹੁੰਦੀਆਂ ਪਰਾਪਤੀਆਂ ਵੀ ਜੁਝਾਰੂ ਸਿੱਖਾਂ ਨੂੰ ਰਾਜਸੀ ਤਾਕਤ ਵੱਲ ਖਿੱਚ ਰਹੀਆਂ ਸਨ। 1748 ਈਸਵੀ ਵਿੱਚ ਅੰਮ੍ਰਿਤਸਰ ਉੱਤੇ ਕਾਬਜ਼ ਹੋਣ ਤੇ ਵਿਸਾਖੀ ਵਾਲੇ ਦਿਨ ‘ਦਲ ਖਾਲਸਾ’ ਨੇ ‘ਸਿਖ ਰਾਜ’ ਦਾ ਐਲਾਨ ਹੀ ਕਰ ਦਿੱਤਾ ਅਤੇ ਰਾਜ ਪਰਾਪਤੀ ਲਈ ਆਪਣਾ ਸੰਘਰਸ਼ ਵਧੇਰੇ ਹੌਂਸਲੇ ਨਾਲ ਅੱਗੇ ਵਧਾਉਣ ਦਾ ਕੰਮ ਜਾਰੀ ਰੱਖਿਆ। ਸਿੱਟੇ ਵਜੋਂ 1749 ਈਸਵੀ ਵਿੱਚ ਮੀਰ ਮੰਨੂ ਨੇ ਦੀਵਾਨ ਕੌੜਾ ਮੱਲ ਦੇ ਸੁਝਾ ਤੇ ‘ਦਲ ਖਾਲਸਾ’ ਨੂੰ ਅੰਮ੍ਰਿਤਸਰ ਵਿੱਚ ਰਾਮ ਰੌਣੀ ਦਾ ਕਿਲੇ ਦਾ ਕਬਜ਼ਾ ਅਤੇ ਮਾਝੇ ਵਿੱਚ ਪੱਟੀ-ਝਬਾਲ ਇਲਾਕੇ ਦੀ ਜਗੀਰ ਦੇਣਾ ਪਰਵਾਨ ਕਰ ਲਿਆ ਜੋ ਉਸ ਕੋਲ 1754 ਈਸਵੀ ਤਕ ਰਹੇ। ਅਸਲ ਵਿੱਚ 1720 ਈਸਵੀ ਤੋਂ ਲੈਕੇ ਜੁਝਾਰੂ ਸਿੱਖਾਂ ਦਾ ਸਾਰਾ ਸੰਘਰਸ਼ ਰਾਜਸੀ ਸੱਤਾ ਪਰਾਪਤੀ ਦੀ ਜਦੋਜਹਿਦ ਹੀ ਬਣਿਆਂ ਰਿਹਾ ਜਿਸ ਵਿੱਚ ਭਾਰੀ ਜਾਨੀ ਨੁਕਸਾਨ ਦੇ ਬਾਵਜੂਦ ਉਹਨਾਂ ਨੂੰ ਸਫਲਤਾਵਾਂ ਮਿਲਣੀਆਂ ਨਿਰੰਤਰ ਜਾਰੀ ਰਹੀਆਂ। ਇਸ ਤਰ੍ਹਾਂ ਇਸ ਸਮੇਂ ਵਿੱਚ ਜਿਉਂ-ਜਿਉਂ ਜੁਝਾਰੂ ਸਿਖ ਰਾਜਸੀ ਸੱਤਾ ਵੱਲ ਵਧਦੇ ਗਏ ਤਿਉਂ-ਤਿਉਂ ਉਹ ਗੁਰੂ ਸਾਹਿਬਾਨ ਵੱਲੋਂ ਪਰਚਾਰੇ ਜਾਂਦੇ ਰਹੇ ਮਾਨਵਵਾਦ ਦੇ ਆਦਰਸ਼ਾਂ ਤੋਂ ਦੂਰ ਹੁੰਦੇ ਚਲੇ ਗਏ।

ਦੂਸਰੇ ਪਾਸੇ ਸਿਖ ਭਾਈਚਾਰੇ ਦੇ ਘੋਰ ਸੰਕਟ ਦੇ ਸਮੇਂ ਦਾ ਅਤੇ ਗੁਰੂ ਸਾਹਿਬਾਨ ਦੀ ਗੈਰਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਬ੍ਰਾਹਮਣਵਾਦੀ ਧਿਰਾਂ ਦੀ ਉਦਾਸੀ ਸੰਪਰਦਾ ਦੇ ਕਾਰਕੁੰਨਾਂ ਨੇ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤੇ ਹੋਏ ਪਰਚਾਰ ਕੇਂਦਰ ਆਪਣੇ ਕੰਟਰੋਲ ਵਿੱਚ ਲੈ ਲਏ। ਉਦਾਸੀ ਸੰਪਰਦਾ ਗੁਰੂ ਨਾਨਕ ਜੀ ਦੇ ਫਲਸਫੇ ਤੋਂ ਬਾਗੀ ਹੋਏ ਉਹਨਾਂ ਦੇ ਪੁੱਤਰ ਸ੍ਰੀ ਚੰਦ ਵੱਲੋਂ ਸਿੱਖੀ ਦੀ ਮਾਨਵਵਾਦੀ ਲਹਿਰ ਨੂੰ ਢਾ ਲਾਉਣ ਦੇ ਮਨੋਰਥ ਨਾਲ ਚਾਲੂ ਕੀਤੀ ਗਈ ਸੀ। ਫਿਰ ਵੀ ਉਦਾਸੀ ਫਿਰਕੇ ਦੇ ਲੋਕਾਂ ਨੇ ਆਪਣੇ-ਆਪ ਨੂੰ ਗੁਰੂ ਜੀ ਦੇ ਪੁੱਤਰ ਦੇ ਪੈਰੋਕਾਰ ਵਜੋਂ ਪੇਸ਼ ਕਰਦੇ ਹੋਏ ਸਿਖ ਭਾਈਚਾਰੇ ਵਿੱਚ ਚੰਗੀ ਮਾਨਤਾ ਬਣਾ ਰੱਖੀ ਸੀ। ਉਹਨਾਂ ਨੂੰ ਬ੍ਰਾਹਮਣੀ ਫਲਸਫੇ ਅਤੇ ਰਹੁਰੀਤਾਂ ਦੀ ਚੰਗੀ ਸਿਖਲਾਈ ਹਾਸਲ ਹੁੰਦੀ ਸੀ। 1738 ਈਸਵੀ ਵਿੱਚ ਹੋਈ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਮੁਸਲਮਾਨ ਹਾਕਮਾਂ ਵੱਲੋਂ ਕੀਤੀ ਜਾ ਰਹੀ ਸਖਤੀ ਕਾਰਨ ਕਿਸੇ ਸਿੱਖੀ ਭੇਸ ਵਾਲੇ ਸ਼ਖਸ ਲਈ ਸਿੱਖੀ ਦੇ ਕੇਂਦਰਾਂ ਵਿਸ਼ੇਸ਼ ਕਰਕੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਸਾਂਭ-ਸੰਭਾਲ ਦੇ ਕਾਰਜ ਲਈ ਬੈਠਣਾ ਮੁਸ਼ਕਲ ਹੋ ਗਿਆ ਸੀ। ਇਸ ਮੌਕੇ ਤੇ ਉਦਾਸੀ ਫਿਰਕੇ ਦੇ ਲੋਕ ਚਲਾਕੀ ਨਾਲ ਦਰਬਾਰ ਸਾਹਿਬ ਅਤੇ ਹੋਰਨਾ ਸਿਖ ਕੇਂਦਰਾਂ ਵਿੱਚ ਘੁੱਸਪੈਠ ਕਰ ਗਏ ਅਤੇ ‘ਪੁਜਾਰੀਆਂ’ ਦਾ ਕਾਰਜ ਕਰਨਾ ਅਰੰਭ ਕਰ ਦਿੱਤਾ (ਉਂਜ ਗੁਰੂ ਸਾਹਿਬਾਨ ਨੇ ਕੋਈ ਪੁਜਾਰੀ-ਵਿਵਸਥਾ ਨਹੀਂ ਕਾਇਮ ਕੀਤੀ ਸੀ)। ਦਰਬਾਰ ਸਾਹਿਬ ਦੇ ਉਦਾਸੀ ਪੁਜਾਰੀਆਂ ਵਿੱਚ ਗੋਪਾਲ ਦਾਸ ਦਾ ਨਾਮ ਵਿਸ਼ੇਸ਼ ਤੌਰ ਤੇ ਆਉਂਦਾ ਹੈ। ਉਸ ਨੇ ਇੱਕ ਸੋਚੀ-ਸਮਝੀ ਚਾਲ ਅਧੀਨ ਦਰਬਾਰ ਸਾਹਿਬ ਵਿਖੇ ਕਰਮ-ਕਾਂਡੀ ਰਹੁ-ਰੀਤਾਂ ਅਤੇ ਮਨਮੱਤਾਂ ਵੀ ਚਾਲੂ ਕਰ ਦਿੱਤੀਆਂ। ਦਰਬਾਰ ਸਾਹਿਬ ਨੂੰ ਪੂਜਾ-ਅਸਥਾਨ ਦਾ ਰੂਪ ਮਿਲਣ ਨਾਲ ਉੱਥੇ ਚੜ੍ਹਾਵਾ ਚੜ੍ਹਨਾ ਅਰੰਭ ਹੋ ਗਿਆ। ਵਧੀ ਹੋਈ ਆਮਦਨ ਪਰਾਪਤ ਕਰਕੇ ਉਹ ਭ੍ਰਿਸ਼ਟਾਚਾਰ ਵਿੱਚ ਗਲਤਾਨ ਹੋ ਗਿਆ। ਉਸ ਦੀਆਂ ਕਾਰਵਾਈਆਂ ਦਾ ਸਿੱਖੀ ਦੇ ਬਾਕੀ ਕੇਂਦਰਾਂ ਤੇ ਵੀ ਅਸਰ ਹੋਇਆ ਕਿਉਂਕਿ ਸਭ ਥਾਵਾਂ ਤੇ ਉਦਾਸੀ ਫਿਰਕੇ ਦੇ ਪੁਜਾਰੀ ਆਪਣੇ ਪੈਰ ਜਮਾ ਬੈਠੇ ਸਨ। ਸਿੱਖੀ ਦੇ ਕੇਂਦਰਾਂ ਵਿੱਚ ਅਜਿਹੀਆਂ ਬ੍ਰਾਹਮਣਵਾਦੀ ਰਹੁ-ਰੀਤਾਂ ਨਾਲ ਗੁਰੂ ਸਾਹਿਬਾਨ ਵੱਲੋਂ ਚਲਾਈ ਮਾਨਵਵਾਦੀ ਲਹਿਰ ਨੂੰ ਇੱਕ ਰਿਲੀਜਨ ਭਾਵ ਸੰਸਥਾਗਤ ਧਰਮ ਦਾ ਰੂਪ ਮਿਲਣਾ ਅਰੰਭ ਹੋ ਗਿਆ। ਕਿਉਂਕਿ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਨੂੰ ਪੂਰੀ ਤਰ੍ਹਾਂ ਨਕਾਰਿਆ ਸੀ ਇਸ ਲਈ ਉਦਾਸੀ ਫਿਰਕੇ ਨੇ ਇਸ ਮੌਕੇ ਤੇ ਸਿੱਖੀ ਦੇ ਸਾਰੇ ਕੇਂਦਰਾਂ ਨੂੰ ਪੂਜਾ-ਅਸਥਾਨਾਂ ਵਿੱਚ ਬਦਲ ਦਿੱਤਾ ਤਾਂ ਕਿ ਇਸ ਲਹਿਰ ਵੱਲੋਂ ਹਿੰਦੂ ਧਰਮ ਨੂੰ ਬਣੇ ਹੋਏ ਖਤਰੇ ਦਾ ਖਾਤਮਾ ਕਰ ਦਿੱਤਾ ਜਾਵੇ। ਉਦਾਸੀ ਪੁਜਾਰੀਆਂ ਨੇ ਗੁਰੂ ਸਾਹਿਬਾਨ ਵੱਲੋਂ ਅੰਮ੍ਰਿਤਸਰ ਵਿਖੇ ਅਤੇ ਹੋਰ ਥਾਵਾਂ ਤੇ ਸਥਾਪਤ ਕੀਤੇ ਪਰਚਾਰ ਕੇਂਦਰਾਂ ਨੂੰ ਮੰਦਰਾਂ ਦਾ ਰੂਪ ਦੇ ਦਿੱਤਾ ਅਤੇ ਉੱਥੇ ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡ ਪਰਚਲਤ ਕਰ ਦਿੱਤੇ। ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਪਹਿਲਾਂ ਸ਼ੁਰੂ ਹੋਏ ਇਸ ਮੰਦਭਾਗੇ ਰੁਝਾਨ ਤਹਿਤ ਛੇਤੀ ਹੀ ਗਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਦੀ ਥਾਂ ਤੇ ਇੱਕ ਹਿੰਦੂ ਵੰਨਗੀ ਦਾ ਸੰਸਥਾਗਤ ਧਰਮ ਹੋਂਦ ਵਿੱਚ ਆ ਗਿਆ ਜਿਸ ਨੂੰ ‘ਸਿਖ ਧਰਮ’ ਦਾ ਨਾਮ ਦੇ ਦਿੱਤਾ ਗਿਆ। ਅਵੇਸਲੇ ਸਿਖ ਸ਼ਰਧਾਲੂਆਂ ਨੇ ਸਹਿਜੇ ਹੀ ਇਸ ਵਿਨਾਸ਼ਕਾਰੀ ਰੁਖ-ਪਲਟਾਊ ਬਦਲਾਵ ਨੂੰ ਮਾਨਤਾ ਦੇ ਦਿੱਤੀ।

ਇਸ ਸਮੇਂ ਜੋ ਮਨਮੱਤੀ ਲਿਖਤਾਂ ਤਿਆਰ ਹੋਈਆਂ ਉਹਨਾਂ ਵਿੱਚ ‘ਪਰਚੀਆਂ ਸੇਵਾ ਦਾਸ’ (1725 ਈਸਵੀ) ਅਤੇ ਬਾਵਾ ਕ੍ਰਿਪਾਲ ਦਾਸ ਰਚਿਤ ਵਾਰਤਕ-ਰੂਪ ‘ਮਹਿਮਾ ਪ੍ਰਕਾਸ਼’ (1741 ਈਸਵੀ) ਦਾ ਨਾਮ ਮੁੱਖ ਤੌਰ ਤੇ ਆਉਂਦਾ ਹੈ। ਆਦਿ-ਬੀੜ ਜੋ ਧੀਰਮੱਲੀਏ ਪਰਿਵਾਰ ਦੇ ਕਬਜ਼ੇ ਵਿੱਚ ਆ ਜਾਣ ਕਰਕੇ ਕਰਤਾਰਪੁਰ ਚਲੀ ਗਈ ਸੀ, 1557 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਵੱਲੋਂ ਕਰਤਾਰਪੁਰ (ਜਲੰਧਰ ਨੇੜੇ) ਤੇ ਕੀਤੇ ਹਮਲੇ ਦੌਰਾਨ ਨਸ਼ਟ ਹੋ ਗਈ। ਫਿਰ ਕਿਸੇ ਸਮੇਂ (ਜਗੀਰਾਂ, ਸਰਕਾਰੀ ਭੇਟਾਵਾਂ ਅਤੇ ਚੜ੍ਹਾਵੇ ਦੀ ਪਰਾਪਤੀ ਹਿਤ) ਧੀਰਮੱਲੀਆਂ ਦੇ ਪਰਿਵਾਰ ਨੇ ਭਾਈ ਬੰਨੋ ਵਾਲੀ ਬੀੜ ਦੇ ਕਿਸੇ ਉਤਾਰੇ ਦੇ ਅੱਗੇ ਕੀਤੇ ਗਏ ਉਤਾਰੇ ਨੂੰ ਵਾਧੇ-ਘਾਟੇ ਕਰਕੇ ਆਦਿ-ਬੀੜ ਵਜੋਂ ਪੇਸ਼ ਕਰ ਦਿੱਤਾ ਅਤੇ ਇਹੀ ਨਕਲੀ ਬੀੜ ‘ਕਰਤਾਰਪੁਰੀ ਬੀੜ’ ਅਖਵਾਉਂਦੀ ਆ ਰਹੀ ਹੈ। ਮੌਲਿਕ-ਆਦਿ ਬੀੜ ਦਾ ਕਦੀ ਕੋਈ ਹੂਬਹੂ ਉਤਾਰਾ ਉਪਲਭਦ ਨਹੀਂ ਰਿਹਾ।

ਗੁਰੂ ਸਾਹਿਬਾਨ ਨੇ ਤਾਂ ਆਪਣੇ ਪੈਰੋਕਾਰਾਂ ਨੂੰ ਰਿਲੀਜਨ ਭਾਵ ਸੰਸਥਾਗਤ ਧਰਮ ਦੀਆਂ ਵਲਗਣਾਂ ਤੋਂ ਅਜ਼ਾਦ ਕਰਦੇ ਹੋਏ ਮਾਨਵਵਾਦ ਦੇ ਕਾਰਕੁੰਨ (activists) ਬਣਾਇਆ ਸੀ ਪਰੰਤੂ ਜੁਝਾਰੂ ਸਿੱਖਾਂ ਵਿੱਚ ਉਪਜੀ ਰਾਜ-ਸੱਤਾ ਦੀ ਲਾਲਸਾ, ਮਨਮੱਤੀ ਲਿਖਤਾਂ ਅਤੇ ਉਦਾਸੀ ਪੁਜਾਰੀਆਂ ਵੱਲੋਂ ਸਿੱਖੀ ਦੇ ਪਰਚਾਰ ਕੇਂਦਰਾਂ ਵਿੱਚ ਚਾਲੂ ਕੀਤੀਆਂ ਬ੍ਰਾਹਮਣਵਾਦੀ ਰਹੁ-ਰੀਤਾਂ ਦੇ ਪਰਭਾਵ ਥੱਲੇ ਇਹ ਪੈਰੋਕਾਰ ਸੰਸਥਾਗਤ ਧਰਮ ਦੇ ਅਨੁਯਾਈ ਬਣ ਬੈਠੇ। ‘ਸਿਖ ਧਰਮ’ ਨਾਮ ਦੇ ਇਸ ਸੰਸਥਾਗਤ ਧਰਮ ਦੀਆਂ ਰਹੁ-ਰੀਤਾਂ ਅਤੇ ਇਸ ਨਾਲ ਸਬੰਧਤ ਧਾਰਨਾਵਾਂ ਇਸ ਢੰਗ ਨਾਲ ਨਿਰਧਾਰਿਤ ਕੀਤੀਆਂ ਗਈਆਂ ਕਿ ਇਹ ਉੱਪਰੋਂ-ਉੱਪਰੋਂ ਇੱਕ ਨਿਵੇਕਲਾ ਮੱਤ ਲਗਦਾ ਸੀ ਪਰੰਤੂ ਮੁੱਢਲੇ ਤੌਰ ਤੇ ਇਹ ਹਿੰਦੂ ਮੱਤ ਦੀ ਇੱਕ ਸ਼ਾਖ ਹੀ ਸੀ। ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਮਾਨਵਾਵਾਦ ਦੀ ਲਹਿਰ ਇੱਕ ਵਿਸ਼ਵਵਿਆਪੀ ਲਹਿਰ ਸੀ ਪਰੰਤੂ ਉਸ ਦੇ ਮੁਕਾਬਲੇ ਤੇ ਉੱਪਰ ਦਰਸਾਈ ਵੰਨਗੀ ਦੇ ‘ਸਿਖ’ ਮੱਤ ਨੂੰ ਇੱਕ ਸੰਪਰਦਾ ਦੇ ਤੌਰ ਤੇ ਹੀ ਕਿਆਸਿਆ ਜਾ ਸਕਦਾ ਹੈ। ਇਸ ਲਈ ਇੱਥੇ ਇੱਕ ਫਿਰਕੇ ਦਾ ਰੂਪ ਲਏ ਚੁੱਕੇ ਸੰਸਥਾਗਤ ਸਿਖ ਧਰਮ ਨੂੰ ਮੰਨਣ ਵਾਲਿਆਂ ਦਾ ਜ਼ਿਕਰ ‘ਸੰਪਰਦਾਈ ਸਿਖ’ ਦੇ ਤੌਰ ਤੇ ਕਰਨਾ ਹੀ ਠੀਕ ਰਹੇਗਾ।

(ਚਲਦਾ)

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।
.