.

ਰੱਬ ਕੇਵਲ ਅਤੇ ਕੇਵਲ ਇੱਕ ਹੈ ਅਤੇ ਉਸ ਦੇ ਬਰਾਬਰ ਦੀ ਹੋਰ ਕੋਈ ਹਸਤੀ ਜਾਂ ਸ਼ਕਤੀ ਨਹੀਂ

ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ॥ ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨਾ ਦੂਜਾ ਕਹਉਂ ਮਾਈ॥ 1॥ ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ 1॥ ਰਹਾਉ॥ (ਮ: 1, 350)

ਪਦ ਅਰਥ: ਜੇਤਾ-ਜਿਤਨਾ ਹੀ (ਭਾਵ, ਇਹ ਸਾਰਾ)। ਸਬਦੁ-ਆਵਾਜ਼, ਬੋਲਣਾ। ਸੁਰਤਿ-ਸੁਣਨਾ। ਧੁਨਿ-ਜੀਵਨ-ਰੌ। ਧੁਨਿ ਤੇਤੀ-ਤੇਤੀ (ਤੇਰੀ) ਧੁਨਿ, ਇਹ ਸਾਰੀ ਤੇਰੀ ਹੀ ਜੀਵਨ-ਰੌ ਹੈ। ਰੂਪੁ-ਦਿਸਦਾ ਆਕਾਰ। ਕਾਇਆ-ਸਰੀਰ। ਰਸਨਾ-ਰਸ ਲੈਣ ਵਾਲਾ। ਆਪੇ-ਆਪ ਹੀ। ਬਸਨਾ-ਜ਼ਿੰਦਗੀ। ਕਹਉ-ਕਹਉਂ, ਮੈਂ ਆਖ ਸਕਾਂ। ਮਾਈ-ਹੇ ਮਾਂ! (ਹੇ ਭਾਈ!)। 1.

ਏਕੋ-ਇੱਕ ਹੀ, ਸਿਰਫ਼। 1. ਰਹਾਉ।

ਭਾਵ: (ਹੇ ਪ੍ਰਭੂ!) (ਜਗਤ ਵਿੱਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕ੍ਰਿਆ ਹੈ), ਇਹ ਸਾਰੀ ਤੇਰੀ ਹੀ ਬਖ਼ਸ਼ਿਸ਼ ਕੀਤੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਹੀ ਵਿਸਥਾਰ ਹੈ)। (ਸਾਰੇ ਜੀਵਾਂ ਵਿੱਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ।

ਹੇ ਮਾਂ! ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ। 1.

ਹੇ ਭਾਈ! ਪਰਮਾਤਮਾ ਹੀ ਸਾਡਾ ਇੱਕੋ-ਇੱਕ ਮਾਲਿਕ (ਮਾਪਾ) ਹੈ, ਬੱਸ! ਉਹ ਹੀ ਇੱਕੋ-ਇੱਕ ਮਾਲਿਕ-ਪ੍ਰਭੂ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। 1. ਰਹਾਉ।

ਨੋਟ: ਪਰ ਉਦੋਂ ਦੁਖਦਾਈ ਹੈਰਾਨੀ ਹੁੰਦੀ ਹੈ, ਜਦੋਂ ਇੱਕੋ-ਇੱਕ ਵਾਹਿਦ ਪ੍ਰਭੂ-ਪਿਤਾ ਨੂੰ ਸਰਬ-ਉੱਚ ਸਵੀਕਾਰ ਕਰਨ ਵਾਲੇ ਮੱਤ (ਈਸਾਈ ਮੱਤ) ਦੇ ਫ਼ਲਸਫ਼ੇ ਵਿੱਚ ਵੀ ਰੱਬ ਨੂੰ ਇੱਕ ਨਹੀਂ ਬਲਕਿ ਤਿੰਨ (trinity) ਹਿੱਸਿਆਂ ਵਿੱਚ (ਰੱਬ ਆਪ, ਰੱਬ ਦੀ ਆਤਮਾ ਤੇ ਰੱਬ ਦਾ ਇਕਲੌਤਾ ਪੁੱਤਰ ਈਸਾ ਮਸੀਹ) ਵੰਡ ਕੇ ਸਵੈ-ਵਿਰੋਧੀ ਵਿਚਾਰਾਂ ਨੂੰ ਵੀ ਮਾਨਤਾ ਦਿੱਤੀ ਹੋਈ ਹੈ। ਇਸੇ ਤਰ੍ਹਾਂ ਪ੍ਰਚੱਲਤ ਇਸਲਾਮ-ਮੱਤ ਦਾ ਰੱਬ ਭੀ ਸਰਬ-ਵਿਆਪਕ ਨਹੀਂ।

3. ਪਰਮਾਤਮਾ ਸ੍ਰਿਸ਼ਟੀ (ਕਾਇਨਾਤ) ਦੇ ਕਣ-ਕਣ ਵਿੱਚ (ਨਿਰਲੇਪ ਰੂਪ ਵਿੱਚ) ਮੌਜ਼ੂਦ ਹੈ ਸਰਥ-ਸਮਰੱਥ ਤੇ ਅੰਤਰਜਾਮੀ ਹੈ

ਇਸ ਸਿਧਾਂਤ ਬਾਰੇ ਉੱਪਰ ਦਿੱਤੇ ਨੁਕਤਾ ਨੰਬਰ 1 ਵਿੱਚ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਪਰ, ਫਿਰ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਅਹਿਮ ਸਿਧਾਂਤ ਵਾਰ-ਵਾਰ ਅੰਕਿਤ ਕੀਤਾ ਮਿਲਦਾ ਹੈ ਜਿਵੇਂ ਕਿ -

ਏਕੋ ਏਕੀ ਨੈਨ ਨਿਹਾਰਉ॥ ਸਦਾ ਸਦਾ ਹਰਿ ਨਾਮੁ ਸਮਾਰਉ॥ ਰਾਮ ਰਾਮਾ ਰਾਮਾ ਗੁਨ ਗਾਵਉ॥ ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ॥ 1॥ ਰਹਾਉ॥

ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ॥ ਘਟ ਘਟ ਅੰਤਰਿ ਰਵਿਆ ਸੋਈ॥ 2॥ ਓਪਤਿ ਪਰਲਉ ਖਿਨ ਮਹਿ ਕਰਤਾ॥ ਆਪਿ ਅਲੇਪਾ ਨਿਰਗੁਨੁ ਰਹਤਾ॥ 3॥ ਕਰਨ ਕਾਰਵਨ ਅੰਤਰਜਾਮੀ॥ ਅਨੰਦ ਕਰੈ ਨਾਨਕ ਕਾ ਸੁਆਮੀ॥ 4॥

(ਮ: 1, 387)

ਪਦ-ਅਰਥ: ਏਕੋ ਏਕੀ-ਇੱਕ ਪਰਮਾਤਮਾ ਹੀ। ਨਿਹਾਰਉ-ਨਿਹਾਰਉਂ, ਮੈਂ ਵੇਖਦਾ ਹਾਂ। ਸਮਾਰਉ-ਮੈਂ ਹਿਰਦੇ ਵਿੱਚ ਟਿਕਾਈ ਰਖਦਾ ਹਾਂ। 1.

ਰਾਮਾ-ਰਮਾ, ਸੁੰਦਰ। ਗਾਵਉ-ਮੈਂ ਗਾਂਦਾ ਹਾਂ। ਸੰਤ ਪ੍ਰਤਾਪਿ-ਗੁਰੂ ਦੇ ਬਖ਼ਸ਼ੇ ਪ੍ਰਤਾਪ ਨਾਲ। 1. ਰਹਾਉ।

ਸਮਗ੍ਰੀ-ਚੀਜ਼ਾਂ, ਪਦਾਰਥ। ਸੂਤਿ-ਸੂਤਰ ਵਿੱਚ, ਮਰਯਾਦਾ ਵਿੱਚ, ਹੁਕਮ ਵਿੱਚ। ਸੋਈ-ਉਹ ਪਰਮਾਤਮਾ ਹੀ। 2.

ਓਪਤਿ-ਉਤਪਤੀ। ਪਰਲਉ-ਸਾਰੇ ਜਗਤ ਦਾ ਨਾਸੁ। ਅਲੇਪਾ-ਨਿਰਲੇਪ, ਵੱਖਰਾ। ਨਿਰਗੁਨੁ-ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। 3.

ਅਨੰਦ ਕਰੈ-ਹਰ ਵੇਲੇ ਪ੍ਰਸੰਨ ਰਹਿੰਦਾ ਹੈ। 4.

ਭਾਵ: ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਮਦਦ ਨਾਲ, ਗੁਰੂ ਦੀ ਸੰਗਤਿ ਵਿੱਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ, (ਤੇ ਉਸ ਦੀ ਜੀਵਨ-ਦਾਤੀ ਯਾਦ ਹਿਰਦੇ `ਚ ਟਿਕਾਈ ਰਖਦਾ ਹਾਂ) ਮੈਂ ਪਰਮਾਤਮਾ ਦੇ ਸੋਹਣੇ ਗੁਣ ਗਾਉਂਦਾ ਰਹਿੰਦਾ ਹਾਂ। 1. ਰਹਾਉ।

(ਹੇ ਭਾਈ! ਗੁਰੂ ਦੇ ਪ੍ਰਤਾਪ ਦਾ ਸਦਕਾ ਹੀ) ਮੈਂ ਹਰ ਇੱਕ ਥਾਂ ਇੱਕ ਪਰਮਾਤਮਾ ਹੀ ਵਸਦਾ ਆਪਣੀਆਂ ਅੱਖਾਂ (ਸੁਰਤਿ ਦੇ ਨੇਤਰਾਂ) ਨਾਲ ਵੇਖਦਾ ਹਾਂ, ਤੇ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਈ ਰਖਦਾ ਹਾਂ। 1.

(ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਹੁਣ ਮੈਨੂੰ ਇਹ ਨਿਸ਼ਚਾ ਹੈ ਕਿ) ਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਸ ਰਿਹਾ ਹੈ ਜਿਸ (ਦੀ ਰਜ਼ਾ) ਦੇ ਧਾਗੇ (ਹੁਕਮੁ) ਵਿੱਚ ਸਾਰੇ ਪਦਾਰਥ ਪ੍ਰੋਤੇ ਹੋਏ ਹਨ। 2.

(ਹੇ ਭਾਈ! ਗੁਰੂ ਦੀ ਸੰਗਤਿ ਵਿੱਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ) ਪਰਮਾਤਮਾ ਇੱਕ ਖਿਨ ਵਿੱਚ ਸਾਰੇ ਜਗਤ ਦੀ ਉਤਪੱਤੀ ਤੇ ਨਾਸ਼ ਕਰ ਸਕਦਾ ਹੈ, (ਸਾਰੇ ਜਗਤ ਵਿੱਚ ਵਿਆਪਕ ਹੁੰਦਾ ਹੋਇਆ ਭੀ) ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਛੋਹ ਰਹਿੰਦਾ ਹੈ। 3.

(ਹੇ ਭਾਈ! ਗੁਰੂ ਦੇ ਪ੍ਰਤਾਪ ਦੀ ਬਰਕਤਿ ਨਾਲ ਮੈਨੂੰ ਇਹ ਯਕੀਨ ਬਣਿਆ ਹੈ ਕਿ) ਹਰੇਕ ਦੇ ਦਿਲ ਦੀ ਜਾਨਣ ਵਾਲਾ ਪਰਮਾਤਮਾ (ਸਭ ਵਿੱਚ ਵਿਆਪਕ ਹੋ ਕੇ) ਸਭ ਕੁੱਝ ਕਰਨ ਤੇ ਜੀਵਾਂ ਪਾਸੋਂ ਕਰਾਉਂਣ ਦੀ ਸਮਰੱਥਾ ਰਖਦਾ ਹੈ। ਇਤਨੇ ਖਲਜਗਨ ਵਾਲਾ ਹੁੰਦਾ ਹੋਇਆ ਭੀ, ਮੈਂ ਨਾਨਕ ਦਾ ਮਾਲਿਕ-ਪ੍ਰਭੂ ਸਦਾ ਪਰਸੰਨ ਰਹਿੰਦਾ ਹੈ। 4.

4. ਪਰਮਾਤਮਾ ਪੂਰਾ ਗੁਰੂ ਹੈ

ਪੂਰ ਸਮਗ੍ਰੀ ਪੂਰੇ ਠਾਕੁਰ ਕੀ॥ ਭਰਿਪੁਰਿ ਧਾਰਿ ਰਹੀ ਸੋਭ ਜਾ ਕੀ॥ 1॥ ਰਹਾਉ॥ ਨਾਮੁ ਨਿਧਾਨੁ ਜਾਕੀ ਨਿਰਮਲ ਸੋਇ॥ ਆਪੇ ਕਰਤਾ ਅਵਰੁ ਨ ਕੋਇ॥ 2॥ ਜੀਅ ਜੰਤ ਸਭਿ ਤਾਕੈ ਹਾਥਿ॥ ਰਵਿ ਰਹਿਆ ਪ੍ਰਭੁ ਸਭ ਕੈ ਸਾਥਿ॥ 3॥ ਪੂਰਾ ਗੁਰੁ ਪੂਰੀ ਬਣਤ ਬਣਾਈ॥ ਨਾਨਕ ਭਗਤ ਮਿਲੀ ਵਡਿਆਈ॥ 4॥

(ਮ: 376)

ਪਦ ਅਰਥ: ਪੂਰ ਸਮਗ੍ਰੀ - ਸਾਰੇ ਜਗਤ ਦੇ ਪਦਾਰਥ। ਭਰਿਪੁਰਿ-ਭਰਪੂਰ, ਹਰ ਥਾਂ। ਧਾਰਿ ਰਹੀ - ਖਿੱਲਰ ਰਹੀ ਹੈ। ਸੋਭ-ਸੋਭਾ। ਜਾ ਕੀ - ਜਿਸ (ਠਾਕੁਰ) ਦੀ। 1. ਰਹਾਉ।

ਨਿਧਾਨੁ-ਖ਼ਜ਼ਾਨਾ। ਸੋਇ-ਸੋਭਾ, ਵਡਿਆਈ। ਨਿਰਮਲ-ਪਵਿੱਤ੍ਰ ਕਰਨ ਵਾਲੀ। ਆਪੇ-ਆਪ ਹੀ। 2.

ਜੀਅ- (ਲਫ਼ਜ਼ ‘ਜੀਓ’ ਤੋਂ ਬਹੁ-ਵਚਨ)। ਸਭਿ-ਸਾਰੇ। ਕੈ ਹਾਥਿ-ਦੇ ਹੱਥ ਵਿੱਚ।

ਰਵਿ ਰਹਿਆ-ਵਸ ਰਿਹਾ ਹੈ, ਮੌਜ਼ੂਦ ਹੈ। ਸਾਥਿ-ਨਾਲ। 3.

ਗੁਰ-ਸਭ ਤੋਂ ਵੱਡਾ (ਪੂਰਾ ਗੁਰੂ)। ਪੂਰੀ-ਜਿਸ ਵਿੱਚ ਕੋਈ ਉਕਾਈ ਨਹੀਂ। ਭਗਤ-ਭਗਤਾਂ ਨੂੰ। 4.

ਭਾਵ: ਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿੱਚ) ਹਰ ਥਾਂ ਖਿੱਲਰ ਰਹੀ ਹੈ, ਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਰਚੇ ਹੋਏ ਹਨ। 1. ਰਹਾਉ।

ਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿੱਤ੍ਰ ਜੀਵਨ ਵਾਲਾ ਬਣਾ ਦਿੰਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਅਮੁੱਕ ਤੇ ਅਮੋਲਕ ਖ਼ਜ਼ਾਨਾ ਹੈ, ਉਹ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। 2.

(ਹੇ ਭਾਈ! ਜਗਤ ਦੇ) ਸਾਰੇ ਜੀਅ-ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿੱਚ ਹਨ, ਉਹ ਪਰਮਾਤਮਾ ਸਭ ਥਾਈਂ ਵਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵਸਦਾ ਹੈ। 3.

ਹੇ ਨਾਨਕ! ਪਰਮਾਤਮਾ ਸਭ ਤੋਂ ਵੱਡਾ (ਪੂਰਾ ਗੁਰੂ) ਹੈ, ਉਸ ਵਿੱਚ ਕੋਈ ਉਕਾਈ ਨਹੀਂ ਹੈ। ਉਸ ਦੀ ਬਣਾਈ ਹੋਈ ਰਚਨਾ ਵੀ ਉਕਾਈ-ਹੀਣ ਹੈ, ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ (ਲੋਕ-ਪਰਲੋਕ ਵਿੱਚ) ਆਦਰ ਮਿਲਦਾ ਹੈ। 4.

5. ਪਰਮਾਤਮਾ ਕਿਸੇ ਨਾਲ ਸਲਾਹ-ਮਸ਼ਵਰਾ ਨਹੀਂ ਕਰਦਾ-ਜੋ ਕੁੱਝ ਕਰਦਾ ਹੈ ਆਪ ਹੀ ਕਰਦਾ ਹੈ

ਵਡੀ ਵਡਿਆਈ ਜਾ ਪੁਛਿ ਨ ਦਾਤਿ॥ ਵਡੀ ਵਡਿਆਈ ਜਾ ਆਪੇ ਆਪਿ॥ ਨਾਨਕ ਕਾਰ ਨ ਕਥਨੀ ਜਾਇ॥ ਕੀਤਾ ਕਰਣਾ ਸਰਬ ਰਜਾਇ॥ 2॥

(ਮ: 1, 463)

ਪਦ ਅਰਥ: ਪੁਛਿ (ਕਿਸੇ ਨੂੰ) ਪੁੱਛ ਕੇ। ਆਪੇ ਆਪਿ-ਆਪ ਹੀ ਆਪ ਹੈ, ਭਾਵ ਸੁਤੰਤਰ ਹੈ। ਕਾਰ-ਉਸ ਦਾ ਰਚਿਆ ਇਹ ਸਾਰਾ ਖੇਲ੍ਹ, ਉਸ ਦੀ ਕੁਦਰਤੀ ਕਲਾ। ਕੀਤਾ ਕਰਣਾ - ਉਸ ਦੀ ਰਚੀ ਹੋਈ ਸ੍ਰਿਸ਼ਟੀ। ਰਜਾਇ - ਰੱਬ ਦੇ ਹੁਕਮ ਵਿੱਚ।

ਭਾਵ: ਰੱਬ ਦੀ ਇਹ ਇੱਕ ਉੱਚੀ ਸਿਫ਼ਤ ਹੈ ਕਿ ਉਹ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ (ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) ਕਿਉਂਕਿ ਉਸ ਵਰਗਾ ਹੋਰ ਕੋਈ ਨਹੀਂ ਹੈ।

ਨੋਟ: ਆਮਤੌਰ `ਤੇ ਸਲਾਹ ਆਪਣੇ ਬਰਾਬਰ ਦੇ ਤੋਂ ਜਾਂ ਆਪਣੇ ਤੋਂ ਵੱਡੇ (ਸਿਆਣੇ) ਤੋਂ ਹੀ ਲਈ ਜਾਂਦੀ ਹੈ। ਆਪਣੇ ਤੋਂ ਘੱਟ ਸਮਝ ਵਾਲੇ ਤੋਂ ਕੋਈ ਸਲਾਹ ਨਹੀਂ ਲੈਂਦਾ।

6. ਸਮੁੱਚੀ ਸ੍ਰਿਸ਼ਟੀ ਦਾ ਲਾਸਾਨੀ ਸ਼ਹਿਨਸ਼ਾਹ (ਹਾਕਮ ruler) ਅਤੇ ਸੱਚਾ ਨਿਆਂਕਾਰ ਹੈ

ਹਉ ਮਾਗਉ ਆਨ ਲਜਾਵਉ॥ ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ॥ 1॥ ਰਹਾਉ॥

(ਮ: 5, 401)

ਪਦ ਅਰਥ: ਹਉ-ਮੈਂ। ਮਾਗਉ-ਮਾਗਉਂ, ਮੈਂ ਮੰਗਦਾ ਹਾਂ। ਆਨ-ਕੋਈ ਹੋਰ। ਲਜਾਵਉ-ਮੈਂ ਸ਼ਰਮਾਂਦਾ ਹਾਂ। ਛਤ੍ਰਪਤਿ-ਰਾਜਾ। ਠਾਕੁਰੁ-ਮਾਲਿਕ-ਪ੍ਰਭੂ। ਸਮਸਰਿ-ਬਰਾਬਰ। ਲਾਵਉ-ਲਾਵਉਂ, ਮੈਂ ਗਿਣਾਂ, ਮੈਂ ਮਿਥਾਂ। 1. ਰਹਾਉ।

ਭਾਵ: (ਹੇ ਭਾਈ! ਜਦੋਂ) ਮੈਂ (ਪਰਮਾਤਮਾ ਤੋਂ ਬਿਨਾਂ) ਕਿਸੇ ਹੋਰ ਪਾਸੋਂ ਮੰਗਦਾ ਹਾਂ ਤਾਂ ਸ਼ਰਮਾਂਦਾ ਹਾਂ (ਕਿਉਂਕਿ) ਇੱਕ ਮਾਲਿਕ-ਪ੍ਰਭੂ ਹੀ ਸਭ ਜੀਵਾਂ ਦਾ ਰਾਜਾ (ruler) ਹੈ, ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖ਼ਿਆਲ ਨਹੀਂ ਕਰ ਸਕਦਾ। 1. ਰਹਾਉ।

ਸਾਚਾ ਤਖਤੁ ਸਚੀ ਪਾਤਿਸਾਹੀ॥ ਸਚੁ ਖਜੀਨਾ ਸਾਚਾ ਸਾਹੀ॥ ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ॥ 4॥ ਸਚੁ ਤਪਾਵਸੁ ਸਚੇ ਕੇਰਾ॥ ਸਾਚਾ ਥਾਨੁ ਸਦਾ ਪ੍ਰਭ ਤੇਰਾ॥

ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ॥ 5. (ਮ: 5, 1074)

ਪਦ ਅਰਥ: ਸਚੀ-ਸਦਾ ਕਾਇਮ ਰਹਿਣ ਵਾਲੀ। ਖਜੀਨਾ-ਖ਼ਜ਼ਾਨਾ। ਸਾਹੀ-ਸ਼ਾਹ। ਆਪ ਸਚੁ-ਆਪ ਹੀ ਸਦਾਥਿਰ ਹੈ। ਸਭੁ-ਸਾਰਾ ਜਗਤ। ਸਚੇ ਸਚਿ-ਸਦਾ-ਥਿਰ (ਹੁਕਮ) ਦੀ ਰਾਹੀਂ। ਵਰਤੀਜਾ-ਵਰਤਣ-ਵਿਹਾਰ ਕਰ ਰਿਹਾ ਹੈ। 4.

ਤਪਵਸੁ-ਨਿਆਂ, ਇਨਸਾਫ਼। ਕੇਰਾ-ਦਾ। ਥਾਨ-ਥਾਂ, ਟਿਕਾਣਾ। ਪ੍ਰਭੁ-ਹੇ ਪ੍ਰਭੂ! ਬਾਣੀ-ਬਨਾਵਟ, ਨਿਯਮ। ਸਚੀ-ਅਟੱਲ ਨਿਯਮਾਂ ਵਾਲੀ। ਸਾਹਿਬ-ਹੇ ਸਾਹਿਬ! ਕੀਜਾ-ਕੀਤਾ ਹੈ। 5.

ਭਾਵ: ਹੇ ਭਾਈ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਹਿਨਸ਼ਾਹ ਹੈ, ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ। ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਜਗਤ ਨੂੰ ਉਹ ਆਪ ਹੀ ਸਹਾਰਾ ਦੇਣ ਵਾਲਾ ਹੈ। ਆਪਣੇ ਸਦਾ-ਥਿਰ (ਨਿਯਮਾਂ ਦੀ) ਰਾਹੀਂ ਉਹ ਆਪ ਹੀ ਜਗਤ ਵਿੱਚ ਵਰਤਾਰਾ ਵਰਤਾ ਰਿਹਾ ਹੈ। 4.

ਹੇ ਭਾਈ! ਸਦਾ-ਥਿਰ ਪਰਮਾਤਮਾ ਦਾ ਨਿਆਂ ਭੀ ਅਟੱਲ (ਅਭੁੱਲ) ਹੈ। ਹੇ ਪ੍ਰਭੂ! ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ। ਹੇ ਸਾਹਿਬ! ਤੇਰੀ ਰਚੀ ਹੋਈ ਕੁਦਰਤਿ ਤੇ (ਉਸ ਦੀ) ਬਣਤਰ ਅਟੱਲ ਨਿਯਮਾਂ ਵਾਲੀ ਹੈ। ਤੂੰ ਆਪ ਹੀ (ਇਸ ਕੁਦਰਤਿ ਵਿੱਚ) ਅਟੱਲ ਸੁਖ ਪੈਦਾ ਕੀਤਾ ਹੋਇਆ ਹੈ। 5.

7. ਸਾਰੇ ਦੁੱਖਾਂ, ਰੋਗਾਂ, ਵਹਿਮਾਂ-ਭਰਮਾਂ ਤੇ ਕਲੇਸ਼ਾਂ ਦਾ ਨਾਸ਼ ਕਰਨ ਵਾਲਾ ਅਤੇ ਸਾਰੇ ਸੁੱਖਾਂ ਦਾ ਖ਼ਜ਼ਾਨਾ ਹੈ

ਹਰਿ ਕੇ ਚਰਨ ਕਮਲ ਮਨਿ ਧਿਆਉ॥ ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ॥ 1॥ ਰਹਾਉ॥

ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾਕਉ ਬਿਘਨੁ ਨ ਕੋਊ ਲਾਗੈ ਜਾਕੀ ਪ੍ਰਭ ਆਗੈ ਅਰਦਾਸਿ॥ 1॥ ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ॥ ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ॥ 2॥ (ਮ: 5, 714)

ਪਦ ਅਰਥ: ਚਰਨ ਕਮਲ-ਕੌਲ ਫੁੱਲ ਵਰਗੇ ਕੋਮਲ ਚਰਨ। ਮਨਿ-ਮਨ ਵਿੱਚ। ਧਿਆਉ-ਧਿਆਉਂ, ਮੈਂ ਧਿਆਨ ਧਰਦਾ ਹਾਂ। ਕਾਢਿ-ਕੱਢ ਕੇ। ਕੁਠਾਰੁ-ਕੁਹਾੜਾ। ਪਿਤ-ਪਿੱਤ, ਗਰਮੀ (ਕ੍ਰੋਧ)। ਬਾਤ-ਵਾਈ (ਅਹੰਕਾਰ)। ਅਉਖਧੁ-ਦਵਾਈ। ਕੋ-ਕਾ। 1. ਰਹਾਉ। ਤੀਨੇ ਤਾਪ-ਆਧਿ, ਵਿਆਧਿ, ਉਪਾਧਿ (ਮਾਨਸਕ ਰੋਗ, ਸਰੀਰਕ ਰੋਗ, ਝਗੜੇ ਆਦਿਕ)। ਰਾਸਿ-ਪੂੰਜੀ। ਤਾ ਕਉ-ਉਸ (ਮਨੁੱਖ) ਨੂੰ। ਬਿਘਨ-ਰੁਕਾਵਟ। 1.

ਸੰਤ ਪ੍ਰਸਾਿਦ-ਗੁਰੂ ਕੀ ਕਿਰਪਾ ਨਾਲ। ਬੈਦ-ਹਕੀਮ। ਕਰਣ ਕਾਰਣ-ਜਗਤ ਦਾ ਮੂਲ। ਬਾਲ ਬੁਧਿ-ਬਾਲਕਾਂ ਵਾਲੀ ਸਰਲ ਬੁਧਿ ਵਾਲੇ ਮਨੁੱਖ, ਜਿਹੜੇ ਚਤੁਰਾਈ (ਤੇ ਛਲ-ਕਪਟ) ਛੱਡ ਦੇਂਦੇ ਹਨ। ਟੇਕ-ਆਸਰਾ। 2.

ਭਾਵ: ਹੇ ਭਾਈ! ਮੈਂ ਤਾਂ ਆਪਣੇ ਮਨ ਵਿੱਚ ਪਰਮਾਤਮਾ ਦੇ ਕੋਮਲ ਚਰਨਾਂ (ਪ੍ਰਭੂ-ਪਿਤਾ ਦਾ ਨਿਰਮਲ ਭਉ, ਸਬਦ-ਗੁਰੂ ਦਾ ਉਪਦੇਸ਼, ਰੱਬੀ-ਗੁਣਾਂ) ਦਾ ਧਿਆਨ ਧਰਦਾ ਰਹਿੰਦਾ ਹਾਂ। ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤਰ੍ਹਾਂ ਕੱਢ ਦਿੰਦੀ ਹੈ (ਜਿਵੇਂ ਦਵਾਈ ਸਰੀਰ ਵਿੱਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ)। 1. ਰਹਾਉ।

ਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ, ਵਿਆਧਿ, ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਸੁੱਖਾਂ ਦਾ ਸਰਮਾਇਆ ਹੈ। ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ `ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। 1.

ਹੇ ਭਾਈ! ਇੱਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ। ਇਹ ਪ੍ਰਭੂ, ਸ਼ਬਦ-ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦਿੰਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਨ੍ਹਾਂ ਨੂੰ ਮਿਲ ਪੈਂਦਾ ਹੈ (ਉਨ੍ਹਾਂ ਦੇ ਅੰਦਰ ਰੱਬੀ ਗੁਣਾਂ ਦੇ ਰੂਪ ਵਿੱਚ ਪਰਗਟ ਹੋ ਜਾਂਦਾ ਹੈ), ਉਨ੍ਹਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ। 2.

ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ॥ ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ॥ 1॥ ਹਰਿ ਜੀਉ ਤੂ ਸੁਖ ਸੰਪਤਿ ਰਾਸਿ॥ ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ॥ ਰਹਾਉ॥ ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ॥ ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ॥ 2॥

(ਮ: 5, 619)

ਪਦ ਅਰਥ: ਕਲੇਸ-ਮਾਨਸਕ ਦੁੱਖ। ਸਭਿ-ਸਾਰੇ। ਪ੍ਰਭਿ-ਪ੍ਰਭੂ ਨੇ। ਆਠ ਪਹਰ-ਸਦਾ, ਹਰ ਵੇਲੇ, ਸਾਰਾ ਦਿਨ। ਘਾਲ-ਮੇਹਨਤ। ਹਮਾਰੀ-ਸਾਡੀ, ਅਸਾਂ ਜੀਵਾਂ ਦੀ। 1.

ਸੰਪਤਿ-ਧਨ। ਰਾਸਿ-ਸਰਮਾਇਆ। ਭਾਈ-ਹੇ ਭਾਈ! , ਹੇ ਪ੍ਰਭੂ! ਮੇਰੇ ਕਉ-ਮੈਨੂੰ। ਰਹਾਉ। ਮਾਗਉ-ਮੈਂ ਮੰਗਦਾ ਹਾਂ। ਪਾਵਉਂ-ਪਾਵਉਂ, ਪ੍ਰਾਪਤ ਕਰ ਲੈਂਦਾ ਹਾਂ। ਭਰੋਸਾ-ਸਹਾਰਾ। 2.

ਭਾਵ: ਹੇ ਪ੍ਰਭੂ ਜੀ! ਤੂੰ ਹੀ ਮੈਨੂੰ ਆਤਮਕ-ਅਨੰਦ ਦਾ ਧਨ-ਸਰਮਾਇਆ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਨੂੰ (ਕਲੇਸਾਂ-ਅੰਦੇਸ਼ਿਆਂ ਤੋਂ) ਬਚਾ ਲੈ। ਹੇ ਪ੍ਰਭੂ! ਮੇਰੀ ਤੇਰੇ ਅੱਗੇ ਹੀ ਅਰਜ਼ੋਈ ਹੈ। ਰਹਾਉ।

ਹੇ ਭਾਈ! ਜਿਸ ਭੀ ਮਨੁੱਖ ਉੱਤੇ ਪਿਆਰੇ ਪ੍ਰਭੂ ਨੇ ਮਿਹਰ ਕੀਤੀ, ਉਸ ਦੇ ਸਾਰੇ ਕਲੇਸ਼ ਤੇ ਰੋਗ ਦੂਰ ਹੋ ਗਏ। (ਹੇ ਭਾਈ!) ਮਾਲਿਕ-ਪ੍ਰਭੂ ਨੂੰ ਅੱਠੇ ਪਹਿਰ ਯਾਦ ਕਰਦੇ ਰਿਹਾ ਕਰੋ, ਅਸਾਂ ਜੀਵਾਂ ਦੀ (ਇਹ) ਮੇਹਨਤ (ਜ਼ਰੂਰ) ਸਫ਼ਲ ਹੁੰਦੀ ਹੈ। 1.

ਹੇ ਭਾਈ! ਮੈਂ ਤਾਂ ਜੋ ਕੁੱਝ (ਪ੍ਰਭੂ ਪਾਸੋਂ) ਮੰਗਦਾ ਹਾਂ, ਉਹੀ ਕੁੱਝ ਪ੍ਰਾਪਤ ਕਰ ਲੈਂਦਾ ਹਾਂ। ਮੈਨੂੰ ਆਪਣੇ ਮਾਲਿਕ-ਪ੍ਰਭੂ ਉੱਤੇ (ਪੂਰਾ) ਇਤਬਾਰ (ਬਣ ਚੁੱਕਾ) ਹੈ। ਹੇ ਨਾਨਕ! ਆਖ-ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਂਦੇ ਹਨ। 2.

ਕਰਨਲ ਗੁਰਦੀਪ ਸਿੰਘ




.