.

ਭੱਟ ਬਾਣੀ-72

ਬਲਦੇਵ ਸਿੰਘ ਟੋਰਾਂਟੋ

ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ।।

ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ।।

ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ।।

ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ।।

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ।।

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ।। ੭।। ੧੯।।

(ਪੰਨਾ ੧੪੦੯)

ਪਦ ਅਰਥ:- ਕਲਿ – ਅਗਿਆਨਤਾ। ਸਮੁਦ੍ਰ – ਸਮੁੰਦਰ। ਭਏ – ਵਿੱਚੋਂ। ਰੂਪ ਪ੍ਰਗਟਿ ਹਰਿ – ਪ੍ਰਤੱਖ ਰੂਪ ਹਰੀ। ਨਾਮ – ਸੱਚ। ਉਧਾਰਨੁ – ਉੱਪਰ ਉਠਣ ਲਈ। ਬਸਹਿ – ਵੱਸਿਆ। ਸੰਤ – ਗਿਆਨ। ਜਿਸੁ – ਜਿਸ ਕਿਸੇ ਦੇ। ਰਿਦੈ – ਹਿਰਦੇ ਵਿੱਚ। ਦੁਖ ਦਾਰਿਦ੍ਰ – ਅਗਿਆਨਤਾ ਦਾ ਦੁੱਖ। ਨਿਵਾਰਨੁ – ਖ਼ਤਮ ਹੋਇਆ। ਨਿਰਮਲ ਭੇਖ ਅਪਾਰ – ਭੇਖ ਤੋਂ ਨਿਰਮਲ-ਰਹਿਤ, ਭੇਖ ਤੋਂ ਪਰੇ, ਦੂਰ, ਕਰਤਾਰ। ਤਾਸੁ ਬਿਨੁ – ਉਸ ਤੋਂ ਬਿਨਾਂ। ਅਵਰੁ ਨ ਕੋਈ – ਕਿਸੇ ਹੋਰ ਨੂੰ ਨਹੀਂ ਜਾਣਦਾ ਭਾਵ ਮਾਨਤਾ ਨਹੀਂ ਦਿੰਦੇ। ਮਨ ਬਚ ਜਿਨਿ ਜਾਣਿਅਉ ਭਯਉ – ਜਿਸ ਕਿਸੇ ਨੇ ਮਨ ਕਰਕੇ ਜਾਣ ਲਿਆ। ਧਰਨਿ ਗਗਨ ਨਵ ਖੰਡ ਮਹਿ – ਉਹ ਹਰੀ ਧਰਤ ਆਕਾਸ਼ ਨਵਾਂ ਖੰਡਾਂ ਵਿੱਚ। ਜੋਤਿ ਸ੍ਵਰੂਪੀ ਰਹਿਓ – ਕਿਸੇ ਅਵਤਾਰਵਾਦੀ ਭੇਖ ਤੋਂ ਰਹਿਤ। ਭਰਿ – ਵਿਆਪਕ ਹੈ। ਭਨਿ ਮਥੁਰਾ – ਹੇ ਭਾਈ! ਮਥਰਾ ਆਖਦਾ ਹੈ। ਕਛੁ ਭੇਦੁ ਨਹੀ – ਕੋਈ ਲੁਕਾ ਨਹੀਂ, ਲੁਕਾ ਵਾਲੀ ਗੱਲ ਨਹੀਂ। ਗੁਰੁ – ਕਰਤੇ ਦੀ ਬਖ਼ਸ਼ਿਸ਼ ਗਿਆਨ ਨੂੰ ਅਪਣਾਉਣਾ। ਅਰਜੁਨੁ – ਅਰਜਨ ਦੇਵ ਜੀ ਨੇ। ਪਰਤਖ੍ਯ੍ਯ ਹਰਿ – ਉਹ ਸਰਬ-ਵਿਆਪਕ ਪ੍ਰਤੱਖ ਹਰੀ ਹੈ।

ਅਰਥ:- ਹੇ ਭਾਈ! (ਅਵਤਾਰਵਾਦ) ਦੀ ਅਗਿਆਨਤਾ ਦੇ ਸਮੁੰਦਰ ਵਿੱਚੋਂ ਉਧਰਨ-ਉੱਪਰ ਉਠਣ ਲਈ ਪ੍ਰਤੱਖ ਰੂਪ ਹਰੀ ਦਾ ਨਾਮ-ਸੱਚ ਹੀ ਹੈ। ਜਿਸ ਕਿਸੇ ਦੇ ਹਿਰਦੇ ਵਿੱਚ ਸੱਚ-ਗਿਆਨ ਵੱਸਿਆ, ਉਸ ਦਾ ਅਗਿਆਨਤਾ ਦਾ ਦੁੱਖ ਖ਼ਤਮ ਹੋਇਆ। ਜਿਸ ਕਿਸੇ ਦਾ ਅਗਿਆਨਤਾ ਦਾ ਦੁੱਖ ਦੂਰ ਹੋਇਆ, ਉਹ ਭੇਖ ਤੋਂ ਰਹਿਤ-ਨਿਰਮਲ ਭਾਵ ਕਰਤਾਰ ਜਿਸ ਦਾ ਕੋਈ ਭੇਖ ਨਹੀਂ, ਉਸ ਤੋਂ ਬਿਨਾਂ ਕਿਸੇ ਹੋਰ (ਅਵਤਾਰਵਾਦੀ ਭੇਖੀ) ਨੂੰ ਨਹੀਂ ਜਾਣਦਾ ਭਾਵ ਮਾਨਤਾ ਨਹੀਂ ਦਿੰਦਾ। ਜਿਸ ਕਿਸੇ ਨੇ ਮਨ ਕਰਕੇ ਇਸ ਤਰ੍ਹਾਂ ਜਾਣ ਲਿਆ, ਉਸ ਨੇ ਫਿਰ ਇਹ ਹੀ ਕਿਹਾ ਕਿ ਉਹ ਹਰੀ ਆਪਣੇ ਵਰਗਾ ਆਪ ਹੀ ਹੈ ਭਾਵ ਉਸ ਹਰੀ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਮਥਰਾ ਆਖਦਾ ਹੈ, ਇਸ ਗੱਲ ਵਿੱਚ ਕੋਈ ਭੇਦ-ਲੁਕਾਅ ਨਹੀਂ ਹੈ ਜਿਸ ਦੀ ਬਖ਼ਸ਼ਿਸ਼ ਗਿਆਨ ਨੂੰ ਅਰਜਨ ਦੇਵ ਜੀ ਨੇ ਅਪਣਾਇਆ ਹੈ, ਉਹ ਸਰਬ-ਵਿਆਪਕ ਹਰੀ ਪ੍ਰਤੱਖ ਹੈ। ਉਹ ਧਰਤੀ ਆਕਾਸ਼ ਨਵਾਂ ਖੰਡਾਂ ਵਿੱਚ ਕਿਸੇ (ਅਵਤਾਰਵਾਦੀ) ਭੇਖ ਤੋਂ ਰਹਿਤ ਵਿਆਪਕ ਹੈ।

ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ।।

ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ।।

ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ।।

ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ।।

ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ।।

ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ।। ੧।।

(ਪੰਨਾ ੧੪੦੯)

ਪਦ ਅਰਥ:- ਅਜੈ – ਅਜਿੱਤ, ਕਰਤਾ। ਗੰਗ – ਗਿਆਨ। ਜਲੁ – ਪਵਿੱਤਰ। ਅਟਲੁ – ਅਟੱਲ, ਜੋ ਚਲਾਏਮਾਨ ਨਹੀਂ ਭਾਵ ਜੋ ਚਾਲੂ ਗਿਆਨ ਨਹੀਂ। ਸਿਖ – ਸਿੱਖਿਆ। ਸੰਗਤਿ – ਜਿਸ ਦਾ ਸੰਗ ਕਰਕੇ ਗਤਿ ਪ੍ਰਾਪਤ ਹੋ ਜਾਵੇ। ਸਭ – ਸਮੂਹ। ਨਾਵੈ – ਗਿਆਨ ਦੀ ਬਖ਼ਸ਼ਿਸ਼ ਨਾਲ। ਨਿਤਿ ਪੁਰਾਣ ਬਾਚੀਅਹਿ – ਜਿਹੜੇ ਨਿਤ ਪੁਰਾਣ ਨੂੰ ਵਾਚਦੇ ਸਨ। ਬੇਦ ਬ੍ਰਹਮਾ ਮੁਖਿ ਗਾਵੈ – ਬੇਦ ਅਨੁਸਾਰ ਬ੍ਰਹਮਾ ਦੇ ਗੁਣ ਆਪਣੇ ਮੁਖ ਤੋਂ ਗਾਉਂਦੇ ਸਨ। ਅਜੈ – ਅਜਿੱਤ ਕਰਤਾ। ਚਵਰੁ ਸਿਰਿ ਢੁਲੈ – ਚਵਰ ਕਰਤੇ ਦੇ ਸਿਰ ਹੀ ਝੂਲਦਾ ਹੈ। ਨਾਮੁ ਅੰਮ੍ਰਿਤ – ਅੰਮ੍ਰਿਤ ਵਰਗਾ ਸੱਚ। ਮੁਖਿ ਲੀਅਉ – ਮੁਖ ਉੱਪਰ ਲੈ ਆਂਦਾ ਹੈ। ਗੁਰ – ਗਿਆਨ। ਅਰਜੁਨ – ਅਰਜਨ ਦੇਵ ਜੀ ਨੇ ਵੀ। ਸਿਰਿ ਛਤ੍ਰੁ – ਸਿਰ ਛਤਰ, ਸਿਹਰਾ (credit) ਆਪਿ ਪਰਮੇਸਰਿ ਦੀਅਉ – ਆਪ ਪਰਮੇਸ਼ਰ ਦੇ ਸਿਰ ਦਿੱਤਾ। ਮਿਲਿ – ਮਿਲ ਕੇ। ਨਾਨਕ ਅੰਗਦ ਅਮਰ – ਨਾਨਕ ਜੀ ਤੋਂ ਅੰਗਦ ਜੀ ਤੋਂ ਅਮਰਦਾਸ ਜੀ। ਗੁਰ ਗੁਰੁ – ਗਿਆਨ ਦ੍ਰਿੜ੍ਹ ਕਰਕੇ। ਰਾਮਦਾਸੁ – ਰਾਮਦਾਸ ਜੀ ਨੇ। ਹਰਿ ਪਹਿ ਗਯਉ – ਹਰੀ ਦੇ ਰਸਤੇ ਉੱਪਰ ਚੱਲਣਾ ਕੀਤਾ। ਪਹਿ – ਮਾਰਗ, ਰਸਤਾ। ਹਰਿਬੰਸ – ਭੱਟ ਹਰਿਬੰਸ ਜੀ। ਜਗਤਿ – ਜਗਤ ਵਿੱਚ। ਸੰਚਰ੍ਯ੍ਯਉ – ਪਾਸਾਰ ਕਰਨਾ। ਸੁ – ਸੋ। ਕਵਣੁ ਕਹੈ – ਕੌਣ ਕਹਿੰਦਾ ਹੈ। ਸ੍ਰੀ – ਸ੍ਰੇਸ਼ਟ। ਗੁਰੁ – ਗਿਆਨ ਨੂੰ ਅਪਣਾਉਣਾ, ਅਪਣਾਉਣ ਵਾਲੇ। ਜਸੁ – ਜੱਸ ਕਰਨਾ ਭਾਵ ਪ੍ਰਚਾਰ ਕਰਨਾ। ਮੁਯਉ – ਖ਼ਤਮ ਹੋ ਗਏ ਹਨ।

ਅਰਥ:- ਹੇ ਭਾਈ! ਜਿਹੜੇ ਆਪ ਨਿੱਤ ਪੁਰਾਣ ਨੂੰ ਵਾਚਦੇ ਸਨ ਅਤੇ ਬੇਦ ਅਨੁਸਾਰ ਬ੍ਰਹਮਾ ਦੇ ਗੁਣ ਆਪ ਆਪਣੇ ਮੁਖ ਤੋਂ ਗਾਉਂਦੇ ਭਾਵ ਪ੍ਰਚਾਰਦੇ ਸਨ, ਜਦੋਂ ਉਨ੍ਹਾਂ ਨੇ ਅਜਿੱਤ ਪ੍ਰਭੂ ਦੇ ਪਵਿੱਤਰ ਗਿਆਨ ਦੀ ਸਿੱਖਿਆ ਅਟੱਲ ਭਾਵ ਜੋ ਚਲਾਏਮਾਨ ਨਹੀਂ, ਦਾ ਸੰਗ ਕੀਤਾ ਤਾਂ ਉਨ੍ਹਾਂ ਸਾਰਿਆਂ ਨੇ ਗਿਆਨ ਦੀ ਬਖ਼ਸ਼ਿਸ਼ ਨਾਲ ਬੇਦ ਬੀਚਾਰ-ਬੇਦ ਦੀ ਸਿੱਖਿਆ ਤੋਂ ਗਤਿ ਭਾਵ ਮੁਕਤੀ ਪ੍ਰਾਪਤ ਕਰ ਲਈ। ਉਨ੍ਹਾਂ ਨੇ ਅੰਮ੍ਰਿਤ ਵਰਗੇ ਸੱਚ ਨੂੰ ਆਪਣੇ ਮੁਖ ਉੱਪਰ ਲੈ ਆਂਦਾ ਕਿ ਚਵਰ (ਹਮੇਸ਼ਾ) ਉਸ ਅਜਿੱਤ ਪ੍ਰਭੂ ਦੇ ਸਿਰ ਹੀ ਝੁਲਦਾ ਹੈ। ਅਰਜਨ ਦੇਵ ਜੀ ਨੇ ਆਪ ਵੀ ਇਸ ਗਿਆਨ ਦੀ ਬਖ਼ਸ਼ਿਸ਼ ਦਾ ਸਿਹਰਾ ਪਰਮੇਸ਼ਰ ਦੇ ਸਿਰ ਦਿੱਤਾ ਭਾਵ ਆਪਣੇ ਸਿਰ ਨਹੀਂ ਲਿਆ। ਇਸੇ ਤਰ੍ਹਾਂ ਨਾਨਕ ਜੀ, ਅੰਗਦ ਦੇਵ ਜੀ, ਅਮਰਦਾਸ ਜੀ ਅਤੇ ਰਾਮਦਾਸ ਜੀ ਨੇ ਹਰੀ ਦੀ ਬਖ਼ਸ਼ਿਸ਼ ਗਿਆਨ ਪ੍ਰਾਪਤ ਕਰਕੇ ਹਰੀ ਦੇ ਰਸਤੇ ਉੱਪਰ ਚੱਲਣਾ ਕੀਤਾ ਅਤੇ ਉਨ੍ਹਾਂ ਨੇ ਵੀ ਗਿਆਨ ਦੀ ਬਖ਼ਸ਼ਿਸ਼ ਦਾ ਸਿਹਰਾ ਆਪਣੇ ਸਿਰ ਨਹੀਂ ਲਿਆ। ਇਸ ਵਾਸਤੇ ਭੱਟ ਹਰਿਬੰਸ ਵੀ ਇਹ ਹੀ ਆਖਦਾ ਹੈ ਕਿ ਜਗਤ ਵਿੱਚ ਇਸ ਗਿਆਨ ਦੇ ਪ੍ਰਚਾਰ ਦਾ ਪਾਸਾਰ ਕਰਨਾ ਚਾਹੀਦਾ ਹੈ। ਸੋ ਕੌਣ ਕਹਿੰਦਾ ਹੈ ਕਿ ਸ੍ਰੇਸ਼ਟ ਗਿਆਨ ਨੂੰ ਅਪਣਾਉਣ ਵਾਲੇ ਜਗਤ ਵਿੱਚੋਂ ਖ਼ਤਮ ਹੋ ਗਏ ਹਨ। ਹੇ ਭਾਈ! ਜਗਤ ਵਿੱਚ ਇਸ ਗਿਆਨ ਦੇ ਪ੍ਰਚਾਰ ਦੇ ਪਾਸਾਰ ਦੀ ਲੋੜ ਹੈ।

ਨੋਟ:- ਇਸ ਸਵਈਯੇ ਅੰਦਰ ਸ਼ਬਦ ਅਜੈ ਆਇਆ ਹੈ। ਅਜੈ ਦਾ ਅਰਥ ਹੈ ਅਜਿੱਤ ਜੋ ਜਿੱਤਿਆ ਨਾ ਜਾ ਸਕੇ, ਅਜਿੱਤ ਕਰਤਾ ਹੀ ਹੈ। ਇਥੇ ਭੱਟ ਸਾਹਿਬਾਨ ਹਰਿਬੰਸ ਜੀ ਨੇ ਗੁਰਮਤਿ ਦੇ ਸਿਧਾਂਤ ਦੀ ਸਿਖਰ ਬਿਆਨ ਕੀਤੀ ਹੈ ਕਿ ਜਿਹੜਾ ਸਿਹਰਾ ਕਰਤੇ ਦੇ ਸਿਰ ਜਾਂਦਾ ਹੈ, ਉਹ ਉਸ ਦੇ ਹੀ ਸਿਰ ਜਾਂਦਾ ਹੈ। ਉਹ ਅਜਿੱਤ ਹੈ, ਉਹਦੇ ਸਿਰ ਦਾ ਜੋ ਸਿਹਰਾ ਹੈ, ਕਿਸੇ ਦੂਸਰੇ (ਅਵਤਾਰਵਾਦੀ) ਦੇ ਸਿਰ ਨਹੀਂ ਰੱਖਿਆ ਜਾ ਸਕਦਾ। ਭੱਟ ਜੀ ਕਹਿ ਰਹੇ ਹਨ ਕਿ ਅਰਜਨ ਦੇਵ ਜੀ ਨੇ ਵੀ ਸਾਰੀ ਵਡਿਆਈ ਦਾ ਸਿਹਰਾ (credit) ਕਰਤੇ ਦੇ ਸਿਰ ਹੀ ਦਿੱਤਾ ਹੈ ਭਾਵ ਆਪਣੀ ਵਡਿਆਈ ਨਹੀਂ ਕਰਵਾਈ।




.