.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਨਾਨਕਸ਼ਾਹੀ ਕੈਲੰਡਰ

ਮਨੁੱਖ ਨੇ ਹੋਸ਼ ਸੰਭਾਲਦਿਆਂ ਹੀ ਆਪਣੀ ਸੁੱਖ ਸਹੂਲਤ ਲਈ ਚੱਲ ਰਹੇ ਸਮੇਂ ਨੂੰ ਸੂਰਜ ਤੇ ਚੰਦ੍ਰਮਾਂ ਦੀ ਚਾਲ ਨਾਲ ਮੇਲ ਕੇ ਨਿਰਧਾਰਤ ਕੀਤਾ ਹੈ। ਕੁਦਰਤ ਦੀ ਗੋਦ ਅੰਦਰ ਮਨੁੱਖੀ ਸੁਭਾਅ ਵਿੱਚ ਸਭ ਤੋਂ ਵੱਧ ਪ੍ਰਭਾਵ ਚੰਦ੍ਰਮਾਂ ਤੇ ਸੂਰਜ ਦਾ ਲੱਗਦਾ ਹੈ। ਏਸੇ ਲਈ ਅੱਜ ਤੱਕ ਵੀ ਇਹਨਾਂ ਦੋਹਾਂ ਦੀ ਪੂਜਾ ਹੁੰਦੀ ਦੇਖੀ ਜਾ ਸਕਦੀ ਹੈ ਤੇ ਇਹਨਾਂ ਦੋਹਾਂ ਨੂੰ ਲੋਕ ਦੇਵਤਾ ਮੰਨਦੇ ਹਨ। ਸਾਡੇ ਮੁਲਕ ਵਿੱਚ ਸੂਰਜ ਤੇ ਚੰਦ੍ਰਮਾ ਨਾਲ ਸਬੰਧਿਤ ਦਸ ਦਿਹਾੜੇ ਸੂਰਜ ਗ੍ਰਹਿਣ, ਚੰਦ ਗ੍ਰਹਿਣ, ਮੱਸਿਆ, ਪੁੰਨਿਆ, ਚਾਨਣਾ ਐਤਵਾਰ, ਸੰਗ੍ਰਾਂਦ, ਦੋ ਇਕਾਦਸ਼ੀਆਂ, ਦੋ ਜਨਮ ਅਸ਼ਟਮੀਆਂ ਪਵਿੱਤ੍ਰ ਸਮਝੇ ਜਾਂਦੇ ਹਨ। ਸੂਰਜ ਗ੍ਰਹਿਣ ਤੇ ਸੰਗ੍ਰਾਂਦ ਸੂਰਜ ਦੇਵਤੇ ਨਾਲ ਸਬੰਧ ਰੱਖਦੇ ਹਨ ਜਦ ਕੇ ਬਾਕੀ ਦੇ ਦਿਨ ਚੰਦ੍ਰਮਾ ਨਾਲ ਸਬੰਧ ਰੱਖਦੇ ਹਨ। ਕੈਲੰਡਰ ਦਾ ਵਿਸ਼ਾ ਕੋਈ ਧਰਮ ਨਾਲ ਸਬੰਧ ਨਹੀਂ ਰੱਖਦਾ। ਕੈਲੰਡਰ ਦਾ ਅਰਥ ਤਾਂ ਕੇਵਲ ਏੰਨਾ ਕੁ ਹੀ ਹੈ ਕਿ ਸਾਲ ੳਪਰੰਤ ਕਦੋਂ ਕਿਹੜੀ ਤਰੀਕ ਆ ਰਹੀ ਹੈ। ਦੂਜਾ ਮਹੱਤਵ ਪੂਰਨ ਦਿਨਾਂ ਦੀ ਸ਼ਨਾਖ਼ਤ ਕਰਨੀ ਹੁੰਦੀ ਹੈ। ਕੈਲੰਡਰ ਅਨੁਸਾਰ ਜੀਵਨ ਵਿੱਚ ਵਿਉਂਤ ਬੰਦੀ ਸੌਖੀ ਆ ਸਕਦੀ ਹੈ। ਕੈਲੰਡਰ ਅਨੁਸਾਰ ਹੀ ਸਾਰੇ ਸੰਸਾਰ ਦੀ ਤਰਤੀਬ ਸਮਝ ਆਉਂਦੀ ਹੈ ਤੇ ਕੈਲੰਡਰ ਅਨੁਸਾਰ ਸਾਰਾ ਸੰਸਾਰ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ।

ਹਰ ਕੌਮ ਨੇ ਆਪਣਾ ਆਪਣਾ ਕੈਲੰਡਰ ਬਣਾਇਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ, ਭਾਈ ਪਾਲ ਸਿੰਘ ਪੁਰੇਵਾਲ ਕਨੇਡਾ ਨਿਵਾਸੀ ਤੋਂ ਨਾਨਕ ਸ਼ਾਹੀ ਕੈੰਲਡਰ ਤਿਆਰ ਕਰਾਇਆ। ਫਿਰ ਇੱਕ ਹੋਰ ਉਦਮ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਬਕਾਇਦਾ ਇਸ ਨੂੰ ਪਾਸ ਕੀਤਾ ਤੇ ਸਮੇਂ ਦੇ ਜੱਥੇਦਾਰ ਜੀ ਨੇ ਇਸ ਨੂੰ ਕੌਮ ਵਿੱਚ ਲਾਗੂ ਕਰਾਇਆ ਸੀ ਤਾਂ ਕਿ ਦੁਨੀਆਂ ਵਿੱਚ ਸਾਡੀ ਵੱਖਰੀ ਵਿਲੱਖਣਤਾ ਦਿਸੇ। ਦੁਖਾਂਤ ਇਹ ਹੈ ਕਿ ਇਸ ਲਾਗੂ ਹੋਏ ਕੈਲੰਡਰ ਨੂੰ ਛੇ ਸਾਲ ਬਾਅਦ ਵੋਟਾਂ ਦੀ ਖਾਤਰ ਸਾਡੇ ਅਗੂਆਂ ਨੇ ਸਿੱਖ ਸਿਧਾਂਤ ਤੋਂ ਸੱਖਣੇ ਸਾਧਾਂ ਦੇ ਕਹੇ ਤੇ ਇਸ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ ਹੈ। ਭਾਵ ਨਾਨਕਸ਼ਾਹੀ ਕੈਲੰਡਰ ਤੋਂ ਇੱਕ ਦਮ ਆਪਣੇ ਪੈਰ ਪਿਛਾਂਹ ਖਿੱਚ ਲਏ ਤੇ ਇਸ ਵਿੱਚ ਸੋਧ ਕਰਨ ਦੇ ਨਾਂ `ਤੇ ਇਸ ਵਿਚੋਂ ਨਾਨਕਸ਼ਾਹੀ ਕੈਲੰਡਰ ਦਾ ਤੱਤ ਹੀ ਖਤਮ ਕਰਕੇ ਰੱਖ ਦਿੱਤਾ। ਅਜੇਹਾ ਕਦਮ ਚੁੱਕਣ ਨਾਲ ਕੌਮ ਵਿੱਚ ਦੁਬਿੱਧਾ ਪੈਦਾ ਹੋ ਗਈ ਹੈ। ਇੱਕ ਪਾਸੇ ਕੌਮ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਦੂਜੇ ਪਾਸੇ ਦਸਮੇਸ਼ ਪਿਤਾ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਹਨ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਸਮੱਸਿਆ ਕੀ ਹੈ—

ਸੂਰਜ, ਚੰਦ੍ਰਮਾ ਤੇ ਧਰਤੀ ਮਨੁੱਖ ਨਾਲ ਸਭ ਤੋਂ ਵੱਧ ਸਬੰਧ ਰੱਖਦੇ ਹਨ। ਧਰਤੀ ਸੂਰਜ ਦੁਆਲੇ ੩੬੫. ੨੪੨੨ ਜਨੀ ਕਿ ੩੬੫ ਦਿਨ ੫ ਘੰਟੇ ੪੮ ਮਿੰਟ ਅਤੇ ੪੫ ਸੈਕਿੰਡ ਵਿੱਚ ਪੂਰਾ ਕਰਦੀ ਹੈ। ਇਸ ਨੂੰ ਮੌਸਮੀ ਜਾਂ ਰੁੱਤੀ ਸਾਲ ਕਹਿੰਦੇ ਹਨ। ਚੰਦ ਧਰਤੀ ਦੁਆਲੇ ੨੯. ੫੩ (੨੯ ਦਿਨ ੧੨ ਘੰਟੇ ੪੪ ਮਿੰਟ ੩ ਸੈਕਿੰਡ) ਦਿਨਾਂ ਵਿੱਚ ਪੂਰਾ ਕਰਦਾ ਹੈ। ਇਸ ਤਰ੍ਹਾਂ ਚੰਦ੍ਰ ਬਿਕ੍ਰਮੀ ਕੈਲੰਡਰ ਦੇ ਇੱਕ ਸਾਲ ਵਿੱਚ ੩੫੪. ੩੭ ਬਣਦੇ ਹਨ। ਜਨੀ ਕਿ ੩੫੪ ਦਿਨ ੮ ਘੰਟੇ ੫੨ ਮਿੰਟ ੪੮ ਸੈਕਿੰਡ ਵਿੱਚ ਇੱਕ ਪੂਰਾ ਚੱਕਰ ਬਣਦਾ ਹੈ। ਹੁਣ ਸਿੱਧਾ-ਸਾਦਾ ਸਮਝ ਆਉਂਦਾ ਹੈ ਕਿ ਇੱਕ ਸੂਰਜ ਤੇ ਦੂਜਾ ਚੰਦ੍ਰਮਾ ਦੀ ਚਾਲ ਨਾਲ ਇਕੱਠੀਆਂ ਦੋ ਸਮਾਂ ਨਾਪ ਪ੍ਰਣਾਲ਼ੀਆਂ ਚੱਲ ਰਹੀਆਂ ਹਨ। ਚੰਦ੍ਰਮਾ ਵਾਲਾ ਸਾਲ ਸੂਰਜ ਨਾਲੋਂ ਲੱਗ-ਪਗ ੧੧ ਦਿਨ ਛੋਟਾ ਆਉਂਦਾ ਹੈ। ਮੋਟੇ ਤੌਰ `ਤੇ ਸੂਰਜੀ ਸਾਲ ੩੬੫ ਦਿਨਾਂ ਦਾ `ਤੇ ਚੰਦਰਮਾ ਸਾਲ ੩੫੪ ਦਿਨ ਦਾ ਬਣਦਾ ਹੈ। ਇਸਲਾਮ ਧਰਮ ਵਿੱਚ ਚੰਦ੍ਰਮਾ ਦੀ ਚਾਲ ਨਾਲ ਈਦ ਮਨਾਈ ਜਾਂਦੀ ਹੈ। ਇਸ ਲਈ ਇਹਨਾਂ ਦੀ ਈਦ ਹਰ ਸਾਲ ੧੧ ਦਿਨ ਪਹਿਲਾਂ ਆਉਂਦੀ ਹੈ। ਇੰਜ ੩੩ ਕੁ ਸਾਲ ਪਿਛੋਂ ਈਦ ਉਸੇ ਸਾਲ ਭਾਵ ਮੁੜ ਉਸੇ ਸਮੇ ਹੀ ਆ ਜਾਂਦੀ ਹੈ ਜਿਸ ਸਮੇ ੩੩ ਸਾਲ ਪਹਿਲਾਂ ਆਈ ਸੀ। ਚੰਦ੍ਰਮਾ ਦੀ ਨਾਪ ਪ੍ਰਣਾਲ਼ੀ ਨਾਲ (ਇਕ ਸਾਲ ਵਿੱਚ ੧੧ ਦਿਨ,) ਦੋ ਸਾਲ ਵਿੱਚ ੨੨ ਦਿਨਾਂ ਤੇ ਤਿੰਨਾਂ ਸਾਲਾਂ ਵਿੱਚ ੩੩ ਦਿਨਾਂ ਦਾ ਫਰਕ ਪੈ ਜਾਂਦਾ ਹੈ। ਸੂਰਜੀ ਕੈੰਲਡਰ ਵਿੱਚ ਚਾਰ ਸਾਲਾਂ ਉਪਰੰਤ ਇੱਕ ਦਿਨ ਦਾ ਫਰਕ ਪੈਂਦਾ ਹੈ। ਇੰਜ ਸੂਰਜੀ ਕੈਲੰਡਰ ਵਾਲਿਆਂ ਨੇ ਹਰ ਚਾਰ ਸਾਲ ਬਾਅਦ ਇੱਕ ਦਿਨ ਫਰਵਰੀ ਦਾ ਵਧਾ ੨੯ ਦਿਨ ਜਦ ਕਿ ਬਾਕੀ ੨੮ ਦਿਨ ਫਰਵਰੀ ਦੇ ਰੱਖ ਕੇ ਸਾਲਾਂ ਦੀ ਗਿਣਤੀ ਪੂਰਾ ਕਰਨ ਦਾ ਯਤਨ ਕੀਤਾ ਗਿਆ ਹੈ। ਦੁਸਰੇ ਪਾਸੇ ਚੰਦ੍ਰਮਾ ਸਾਲ ਜਿਸ ਨੂੰ ਬਿਕਰਮੀ ਸੰਮਤ ਕਿਹਾ ਜਾਂਦਾ ਹੈ ਇਸ ਦੇ ਸਾਲਾਂ ਦੀ ਲੰਬਾਈ ਪੂਰੀ ਕਰਨ ਲਈ ਹਰ ਤੀਜੇ ਸਾਲ ਇੱਕ ਮਹੀਨਾ ਵਾਧੂ ਦਾ ਬਣਾ ਕਿ ਸਾਲ ਦੀ ਲੰਬਾਈ ਨੂੰ ਪੂਰਾ ਕੀਤਾ ਜਾਂਦਾ ਹੈ। ਜਦੋਂ ਛੋਟੇ ਹੁੰਦੇ ਸੀ ਤਾਂ ਅਕਸਰ ਕਿਹਾ ਜਾਂਦਾ ਸੀ ਕਿ ਇਸ ਵਾਰ ਹਾੜ ਦਾ ਮਹੀਨਾ ਦੋ ਵਾਰ ਆਇਆ ਹੈ ਜਾਂ ਭਾਦਰੋਂ ਦਾ ਮਹੀਨਾ ਦੋ ਵਾਰ ਆਏਗਾ ਤੇ ਵਾਧੂ ਆਏ ਮਹੀਨੇ ਨੂੰ ਨਹਿਸ਼, ਕੁਲੱਛਣਾ ਜਾਂ ਮਾੜਾ ਗਿਣਿਆ ਗਿਆ ਹੈ। ਇੰਜ ਕਹੀਏ ਕਿ ਬਿਕ੍ਰਮੀ ਕੈੰਲਡਰ ਤਿੰਨ ਸਾਲਾਂ ਵਿੱਚ ੩੩ ਦਿਨ ਪਿੱਛੇ ਰਹਿ ਜਾਂਦਾ ਹੈ। ਬਿਕ੍ਰਮੀ ਕੈੰਲਡਰ ਵਿੱਚ ੩੦ ਦਿਨ ਜੋੜਨ ਨਾਲ ਸਾਲ ਦੇ ੩੮੪ ਦਿਨ ਬਣ ਜਾਂਦੇ ਹਨ ਇੰਜ ਤੀਜੇ ਸਾਲ ਵਿੱਚ ੩੬੫ ਦਿਨ ਕਰਨ ਲਈ ੧੮-੧੯ ਦਿਨਾਂ ਨੂੰ ਘਟਾ ਕਰਕੇ ਸਾਲ ਪੂਰਾ ਕਰ ਲਿਆ ਜਾਂਦਾ ਹੈ ਤੇ ਇਹ ਪ੍ਰਕਿਰਿਆ ੧੯ ਸਾਲ ਵਿੱਚ ਸੱਤ ਵਾਰ ਕੀਤੀ ਜਾਂਦੀ ਹੈ। ਵਾਹ ਨੀ ਬਿਕ੍ਰਮੀ ਕੈਲੰਡਰੀਏ ਆਪਣੇ ਆਪ ਨੂੰ ਪੂਰਾ ਕਰਨ ਲਈ ਆਪੇ ਹੀ ਆਪਣੀ ਉਮਰ ਵਧਾ ਘਟਾ ਲੈਂਦੀ ਏਂ। ਸਦਕੇ ਜਾਈਏ ਸਾਧ ਲਾਣੇ ਦੇ ਜਿਹੜੇ ਤੈਨੂੰ ਦਿਨੇ ਰਾਤ ਨਮਸਕਾਰਾਂ ਪਏ ਕਰਦੇ ਨੇ। ਉਂਜ ਕਹਿੰਦੇ ਨੇ ਖਾਲਸਾ ਨਿਆਰਾ ਹੈ। ਪਰ ਪੁੱਛਦੇ ਤੈਨੂੰ ਹਨ ਕਿ ਤੇਰੀ ਉਮਰ ਇਸ ਸਾਲ ਕਿੰਨੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਹਾੜਾ ਕਦੋਂ ਆਏਗਾ? ਅਸੀਂ ਇਸ ਸਾਲ ਗੁਰੁ ਗੋਬਿੰਦ ਸਿੰਘ ਜੀ ਦਾ ਮਨਾਈਏ ਕਿ ਨਾ ਮਨਾਈਏ? ਬਿਕ੍ਰਮੀ ਕੈਲੰਡਰ ਦੇ ਹੈ ਨਾ ਰੰਗ ਨਿਆਰੇ।

ਵਧਾਏ ਹੋਏ ਮਹੀਨੇ ਨੂੰ ਅਸ਼ੁਭ ਗਿਣਿਆ ਜਾਂਦਾ ਹੈ। (ਨਵੇ ਸਾਲ ਭਾਵ ੨੦੭੨ ਬਿਕ੍ਰਮੀ (੨੦੧੫-੧੬ ਈ: ) ਵਿੱਚ ਚੰਦ ਦੇ ੧੩ ਮਹੀਨੇ ਹੋਣਗੇ, ਹਾੜ ਦੇ ੨ ਮਹੀਨੇ ਹੋਣਗੇ) ਮਿਸਾਲ ਦੇ ਤੌਰ `ਤੇ ਪਹਿਲੇ ਭਾਦਰੌਂ (ਹਾੜ) ਆਖਰੀ ਅੱਧ ਅਤੇ ਦੂਸਰੇ ਭਾਦਰੋਂ (ਹਾੜ) ਪਹਿਲਾ ਅੱਧ ਨੂੰ ਅਸ਼ੁਭ ਮਹੀਨਾ ਮੰਨਿਆ ਗਿਆ ਹੈ ਤੇ ਇਸ ਮਹੀਨੇ ਵਿੱਚ ਕੋਈ ਕੀਤਾ ਹੋਇਆ ਕੰਮ ਅਸ਼ੁਭ ਹੀ ਗਿਣਿਆ ਜਾਂਦਾ ਹੈ। ਇਹ ਦੋਵੇਂ ਮਹੀਨੇ ਇਕੱਠੇ ਹੀ ਚਲਦੇ ਹਨ ਪਰ ਇਸ ਮਹੀਨੇ ਵਿੱਚ ਕੋਈ ਵੀ ਸ਼ੁਭ ਦਿਹਾੜਾ ਨਹੀਂ ਮਨਾਇਆ ਜਾਂਦਾ।

ਸੂਰਜੀ ਕੈਲੰਡਰ ਦੇ ਵੀ ਦੋ ਜੂਲੀਅਨ ਤੇ ਗਰੈਗੋਰੀਅਨ ਮੁੱਖ ਕੈਲੰਡਰ ਹੋਂਦ ਵਿੱਚ ਆਏ। (ਜੂਲੀਅਨ ਕੈਲੰਡਰ ਵਿੱਚ ਵੀ ੧੫੮੨ ਵਿੱਚ ਸੋਧ ਕੀਤੀ ਗਈ ਸੀ) ਭਾਵ ਸਮੇਂ ਸਮੇਂ ਇਹਨਾਂ ਵਿੱਚ ਹੋਰ ਵੀ ਸੋਧਾਂ ਹੁੰਦੀਆਂ ਰਹੀਆਂ ਹਨ। ਜਿਵੇਂ ਕਿ ੫ ਅਕਤੂਬਰ ੧੫੮੨ ਵਿੱਚ ੧੦ ਤਾਰੀਖ ਦਾ ਵਾਧਾ ਕਰਕੇ ੧੫ ਅਕਤੂਬਰ ੧੫੮੨ ਮੰਨ ਲਿਆ ਗਿਆ। ਪਰ ਓਦੋਂ ਇੰਗਲੈਂਡ ਵਾਲਿਆਂ ਨੇ ਇਸ ਕੈਲੰਡਰ ਨੂੰ ਮਾਨਤਾ ਨਾ ਦਿੱਤੀ। ਹੁਣ ਜਦੋਂ ੧੦ ਦਿਨਾਂ ਦਾ ਫਰਕ ਵਧਕੇ ੧੧ ਦਿਨਾ ਦਾ ਹੋ ਗਿਆ ਤਾਂ ਫਿਰ ਇੰਗਲੈਂਡ ਨੇ ਵੀ ੧੭੫੨ ਵਿੱਚ ੧੧ ਦਿਨ ਦੀ ਸੋਧ ਕੀਤੀ। ਜਿਸ ਦਿਨ ਸੋਧ ਕੀਤੀ ਸੀ ਉਸ ਦਿਨ ੩ ਸਤੰਬਰ ਬਣਦਾ ਸੀ। ੧੭੫੨ ਈਸਵੀ ਨੂੰ ੩ ਸਤੰਬਰ ਤੋਂ ਪਿਛੋ ੧੪ ਸਤੰਬਰ ਕਰ ਦਿਤਾ ਗਿਆ। ਇੰਜ ੧੧ ਦਿਨ ਜੋੜ ਕੇ ੧੪ ਸਤੰਬਰ ੧੭੫੨ ਬਣਾ ਲਿਆ ਤੇ (ਯੂਲੀਅਨ ਤੋਂ ਗਰੈਗੋਰੀਅਨ ਕੈਲੰਡਰ ਬਣ ਗਿਆ ਜਿਸ ਨੂੰ ਅਜ ਸੀ.. ਕਿਹਾ ਜਾਦਾ ਹੈ) ਭਾਵ ਗਰੈਗੋਰੀਅਨ ਕੈਲੰਡਰ ਦਾ ਸੀ.. ਬਣਾ ਦਿੱਤਾ। ਇਸ ਕੈਲੰਡਰ ਨੂੰ ਬਾਕੀ ਦੁਨੀਆਂ ਨੇ ਸਹਿਜੇ ਹੀ ਅਪਨਾ ਲਿਆ। ਕੁਦਰਤੀ ਗੱਲ ਸੀ ਕਿ ਸਾਰੀ ਦੁਨੀਆਂ ਦੀਆਂ ਤਰੀਕਾਂ ਤਬਦੀਲ ਹੋ ਗਈਆਂ। ੧੭੫੨ ਈਸਵੀ ਨੂੰ ਵੈਸਾਖੀ ੨੯ ਮਾਰਚ ਦੀ ਸੀ ਜੋ ਇੱਕ ਦਮ ੧੭੫੩ ਈਸਵੀ ਨੂੰ ੯ ਅਪ੍ਰੈਲ ਦੀ ਹੋ ਗਈ ਸੀ। (ਕਿਉਂਕਿ ਬਿਕ੍ਰਮੀ ਸਾਲ ਦੀ ਲੰਬਾਈ ੩੬੫ ਦਿਨ ੬ ਘੰਟੇ ੯ ਮਿੰਟ ੧੦ ਸੈਕਿੰਡ ਹੈ ਜੋ ਧਰਤੀ ਦੇ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਤੋਂ ੨੦ ਮਿੰਟ ਵਧ ਹੋਣ ਕਾਰਨ ੭੨ ਸਾਲ ਪਿੱਛੋ ਇੱਕ ਦਿਨ ਵਧ ਜਾਂਦਾ ਹੈ ਇਸ ਕਰਕੇ) ਅੱਜ ਕਲ੍ਹ ਵੈਸਾਖੀ (੧੩-੧੪) ਅਪ੍ਰੈਲ ਤੱਕ ਚਲੀ ਗਈ ਹੈ। ਇੰਜ ਬਿਕ੍ਰਮੀ ਕੈਲੰਡਰੀ ਨੂੰ ਮਾਨਤਾ ਦਿੱਤਿਆਂ (੩੦੦੦ ਈਸਵੀ ਵਿੱਚ ਵੈਸਾਖੀ ੨੭ ਅਪ੍ਰੈਲ ਨੂੰ ਆਵੇਗੀ)।

ਪੋਹ ਸੁਦੀ ੭ ਤੇ ੨੩ ਪੋਹ ਦੀ ਸਮੱਸਿਆ

ਜਦੋਂ ਗੁਰੁ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ ਸੀ ਉਸ ਦਿਨ ਸੁਰਜੀ+ਚੰਦ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ ਸਤਵੀਂ ਸੀ, ਸੂਰਜੀ ਕੈਲੰਡਰ ਅਨੁਸਾਰ ੨੩ ਪੋਹ ਸੀ ਜਦ ਕਿ ਜੂਲੀਅਨ ਕੈਲੰਡਰ ੨੨ ਦਸੰਬਰ ੧੬੬੬ ਦਾ (ਸਨਿਚਰਵਾਰ) ਦਿਨ ਸੀ। (ਹੁਣ) ਜਦੋਂ ਦਾ ਜੂਲੀਅਨ ਕੈਲੰਡਰ ਗ੍ਰੈਗੋਰੀਅਨ ਵਿੱਚ ਤਬਦੀਲ ਹੋ ਗਿਆ ਹੈ ਤਾਂ ਇਹ ਤਿੰਨੇ ਤਰੀਕਾਂ ਕਦੇ ਵੀ ਇਕੱਠੀਆਂ ਨਹੀਂ ਆਉਣਗੀਆਂ। ੧੬੬੬ ਉਪਰੰਤ ਪੋਹ ਸੁਦੀ ੭ ਤੇ ੨੩ ਪੋਹ ੧੬੮੫ ਨੂੰ ਇਕੋ ਦਿਨ ਆਏ ਸਨ। ਪਿੱਛਲੀ ਸਦੀ ਵਿੱਚ ਪੋਹ ਸੁਦੀ ੭ ਤੇ ੨੩ ਪੋਹ ੧੯੦੩, ੪੮, ੬੮ ਤੇ ੮੭ ਵਿੱਚ ਇਕੱਠੀਆਂ ਆਈਆਂ ਸਨ। ਇਹ ਪੋਹ ਸੁਦੀ ੭ ਤੇ ੨੩ ਪੋਹ ੭ ਜਨਵਰੀ ੨੦੧੪ ਉਪਰੰਤ ੬ ਜਨਵਰੀ ੨੦੨੫ ਨੂੰ ਇਕੱਠੀਆਂ ਆਉਣਗੀਆਂ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹਨਾਂ ਦੋਹਾਂ ਤਰੀਕਾਂ ਨੂੰ ਇਕੱਠੀਆਂ ਉਡੀਕਦੇ ਰਹਾਂਗੇ ਤਾਂ ਫਿਰ ਗੁਰਪੁਰਬ ਕਦੋਂ ਮਨਾਇਆ ਜਾਏਗਾ?

ਬਹੁਤ ਸਾਰੀਆਂ ਇਕੱਤਰਤਾਵਾਂ ਤੇ ਕਈ ਮੁਸੀਬਤਾਂ ਝੱਲਦਾ ਹੋਇਆ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ। ਨਾਨਕ ਸ਼ਾਹੀ ਕੈਲੰਡਰ ਨੂੰ ਹੋਂਦ ਵਿੱਚ ਲਿਆਉਣ ਲਈ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤੱਖਤ ਦੇ ਜੱਥੇਦਾਰ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਨਾਨਕ ਸ਼ਾਹੀ ਕੈਲੰਡਰ ਅਨੁਸਾਰ ੨੩ ਪੋਹ ਦੀ ਤਰੀਕ ਹਰ ਸਾਲ ੫ ਜਨਵਰੀ ਨੂੰ ਹੀ ਆਵੇਗੀ। ਜਨੀ ਕਿ ੫ ਜਨਵਰੀ ਹਮੇਸ਼ਾਂ ਵਾਸਤੇ ਪੱਕੀ ਕਰ ਲਈ ਗਈ ਸੀ। ਪਰ ਡੇਰਾ ਵਾਦ ਬਿਰਤੀਆਂ ਨੇ ਕੋਮ ਵਿੱਚ ਇਹ ਇਕਸਾਰਤਾ ਰਹਿਣ ਨਹੀਂ ਦਿੱਤੀ। ਛਿਆਂ ਸਾਲਾਂ ਬਾਅਦ ਹੀ ਨਾਨਕ ਸ਼ਾਹੀ ਕੈਲੰਡਰ ਦੀ ਸੋਧ ਦੇ ਨਾਂ `ਤੇ ਇਸ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਚੰਦ੍ਰਮੀ ਬਿਕ੍ਰਮੀ ਕੈਲੰਡਰ ਅਨੁਸਾਰ ਕਦੇ ਸਾਲ ਵਿੱਚ ਦੋ ਵਾਰ ਗੁਰੁ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਆਏਗਾ ਤੇ ਕਦੇ ਸਾਲ ਵਿੱਚ ਇੱਕ ਵਾਰ ਵੀ ਨਹੀਂ ਆਏਗਾ। ਅਜੇਹੇ ਚੰਦ੍ਰਮੀ ਬਿਕ੍ਰਮੀ ਕੈਲੰਡਰ ਨੂੰ ਸਾਧ ਭਾਈ ਕੌਮ `ਤੇ ਥੋਪ ਰਹੇ ਹਨ।

ਸਾਡਾ ਮੱਤ

ਸਾਡਾ ਮੱਤ ਹੈ ਕਿ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਸਾਰੀਆਂ ਤਰੀਕਾਂ ਪੱਕੀਆਂ ਕਰ ਲੈਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਕਦੇ ਸਾਲ ਵਿੱਚ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਦੋ ਮਨਾਏ ਜਾਣ ਤੇ ਕਿਸੇ ਸਾਲ ਕੋਈ ਵੀ ਨਾ ਮਨਾਇਆ ਜਾਏ। ਪੋਹ ਸੁਦੀ ਸਤਵੀਂ ਮੰਨਣ ਨਾਲ ਹਮੇਸ਼ਾਂ ਹੀ ਦਿਨਾਂ ਦਾ ਘਾਟਾ ਵਾਧਾ ਹੁੰਦਾ ਰਹਿਣਾ ਹੈ। ਕਿਉਂਕਿ ੧੧ ਦਿਨ ਦਾ ਫਰਕ ਸਦਾ ਹੀ ਚਲਦਾ ਰਹਿਣਾ ਹੈ। (ਦੂਜਾ ਚੰਦ ਦੇ ਕੈਲੰਡਰ ਮੁਤਾਬਕ ਪੂਰਾ ਮਹੀਨਾ ਹੀ ਮਾੜਾ ਆ ਜਾਣਾ ਹੈ)। ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ ੭ ਮੰਨ ਕੇ ਚਲਦੇ ਹਾਂ ਤਾਂ ਗੁਰੂਆਂ ਦੇ ਗੁਰ-ਪੁਰਬਾਂ ਦੀਆਂ ਤਰੀਕਾਂ ਹਮੇਸ਼ਾਂ ਬਦਲ ਦੀਆਂ ਹੀ ਰਹਿਣਗੀਆਂ ਜਿਸ ਨਾਲ ਕੌਮ ਦੀ ਸਥਿੱਤੀ ਹਾਸੋਹੀਣੀ ਬਣ ਜਾਂਦੀ ਹੈ। ਇਹ ਅਵਸਥਾ ਏਸੇ ਸਾਲ ਹੀ ਦੇਖੀ ਜਾ ਸਕਦੀ ਹੈ--ਇਕ ਪਾਸੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸਾਰੀ ਕੌਮ ਮਨਾ ਰਹੀ ਸੀ ਤੇ ਦੂਸਰੇ ਪਾਸੇ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ। ਸਾਡੇ ਖ਼ਿਆਲ ਅਨੁਸਾਰ ਸਾਰੇ ਇਤਿਹਾਸਕ ਦਿਹਾੜਿਆਂ ਦੀ ਤਰੀਕਾਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ। ਘੱਟੋ ਘੱਟ ਕ੍ਰਿਸਮਿਸ ਦੀ ਤਰੀਕ ਵਾਂਗ ਸਾਡੇ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਸਾਲ ਵਿੱਚ ਗੁਰੂ ਸਾਹਿਬ ਜੀ ਦਾ ਪੁਰਬ ਕਿਸ ਤਰੀਕ ਨੂੰ ਆ ਰਿਹਾ ਹੈ। ਉਂਜ ਸਿੱਖ ਸਿਧਾਂਤ ਅਨੁਸਾਰ ਕੋਈ ਵੀ ਚੰਗਾ ਜਾਂ ਮਾੜਾ ਦਿਨ ਨਹੀਂ ਹੈ---

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ।।

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ।। ੧।।

ਸਲੋਕ ਮ: ੧ ਪੰਨਾ ੩੧੮

ਸਵਾਲਾਂ ਦਾ ਸਵਾਲ ਹੈ ਕਿ ਅਸੀਂ ਗੁਰ ਪੁਰਬ ਮਨਾ ਕਿਸ ਢੰਗ ਨਾਲ ਰਹੇ ਹਾਂ?

ਜਿਸ ਢੰਗ ਨਾਲ ਅੱਜ ਪੁਰਬ ਮਨਾਏ ਜਾ ਰਹੇ ਹਨ ਇਹਨਾਂ ਵਿਚੋਂ ਕੋਈ ਸਿਖਿਆ ਦਾਇਕ ਵਿਚਾਰ ਨਹੀਂ ਹੋ ਰਹੀ ਹੈ। ਸਿਰਫ ਲੋਕ ਵਿਖਾਵਾ ਹੀ ਹੋ ਰਿਹਾ ਹੈ। ਆਪੇ ਹੀ ਲੰਗਰ ਤਿਆਰ ਕਰਕੇ ਆਪੇ ਹੀ ਛੱਕ ਕੇ ਕਹਿ ਦੇਂਦੇ ਹਾਂ ਕਿ ਜੀ ਅਸੀਂ ਗੁਰਪੁਰਬ ਮਨਾ ਲਿਆ ਹੈ।

ਜਿਹੜੀਆਂ ਸੰਪ੍ਰਦਾਵਾਂ ਅੱਜ ਬਿਕਰਮੀ ਕੈਲੰਡਰ ਦਾ ਰੋਲ਼ਾ ਪਾ ਰਹੀਆਂ ਹਨ ਇਹਨਾਂ ਦਿਆਂ ਡੇਰਿਆਂ ਵਿੱਚ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਇੱਕ ਵੀ ਮੱਦ ਲਾਗੂ ਨਹੀਂ ਹੈ। ਉਂਜ ਅਸੀਂ ਆਪਣੇ ਕੌਮ ਦੇ ਨਿਆਰੇ ਪਨ ਦਾ ਪੂਰਾ ਢੌਡੋਰਾ ਦੇ ਰਹੇ ਹਾਂ ਪਰ ਸਾਡੇ ਰੀਤੀ ਰਿਵਾਜ ਬਿਲਕੁਲ ਹਿੰਦੂ ਰਹੁ ਰੀਤੀ ਵਾਲੇ ਹੋ ਗਏ ਹਨ।

ਅੱਜ ਸਾਰਾ ਸਿੱਖ ਜਗਤ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਾਲੀ ੨੫ ਬੀ ਧਾਰਾ ਵਿੱਚ ਸੋਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ ਦੂਜੇ ਪਾਸੇ ਵਖਰੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਿਤਮਗੀਰੀ ਦੀ ਗੱਲ ਦੇਖੋ ੨੫ ਬੀ ਧਾਰਾ ਤੇ ਅਜੋਕੀ ਸਿੱਖ ਲੀਡਰਸ਼ਿੱਪ ਨੇ ਕਈ ਵਾਰ ਰੋਟੀਆਂ ਸੇਕੀਆਂ ਹਨ ਪਰ ਪਤਾ ਨਹੀਂ ਜਿਉਂ ਹੀ ਸਾਡੀ ਅਜੋਕੀ ਸਿੱਖ ਲੀਡਰ ਸਤਾ ਵਿੱਚ ਆਉਂਦੇ ਹਨ ਤਾਂ ਇਹ ਸਾਰਾ ਕੁੱਝ ਭੁੱਲ-ਭੱਲਾ ਹੀ ਜਾਂਦੇ ਹਨ। ਜਿਹੜਾ ਕੁੱਝ ਮੰਦਰਾਂ ਵਿੱਚ ਹੋ ਰਿਹਾ ਹੈ ਉਹ ਕੁੱਝ ਹੀ ਹੁਣ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ। ਜਨੀ ਕਿ ੨੫ ਬੀ ਧਾਰਾ ਨੂੰ ਤੇ ਅਸੀਂ ਆਪ ਲਾਗੂ ਕੀਤਾ ਹੋਇਆ ਹੈ, ਨਾਨਕ ਸ਼ਾਹੀ ਕੈਲੰਡਰ ਨੂੰ ਅਸੀਂ ਖ਼ੁਦ ਮਾਨਤਾ ਨਹੀਂ ਦੇ ਰਹੇ। ਦੂਸਰਾ ਉਹ ਵੀਰ ਜਿੰਨ੍ਹਾਂ ਨੂੰ ਸਾਰਾ ਕੁੱਝ ਪਤਾ ਹੈ ਉਹ ਫਿਰ ਵੀ ਮਹਾਂ-ਕਾਲਕਾ ਅਰਾਧੀ ਨਾਲ ਸਮਝਾਉਤਾ ਕਰਕੇ ਇਹਨਾਂ ਸਤਰਾਂ ਦਾ ਕੀਰਤਨ ਕਰਕੇ ਗੁਰਬਾਣੀ ਸਿਧਾਂਤ ਨਾਲ ਧ੍ਰੋਅ ਕਮਾਉਂਦੇ ਹਨ। ਤ੍ਰਿਬੇਣੀ `ਤੇ ਗੁਰੁ ਤੇਗ ਬਹਾਦਰ ਜੀ ਪਾਸੋਂ ਪੰਡਤਾਂ ਨੂੰ ਦਾਨ-ਪੁੰਨ ਕਰਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰ-ਪੁਰਬ ਅੱਤੇ ਸੰਗਤਾਂ ਨੂੰ ਸਣਾਉਣ ਲਈ ਬਜ਼ਿੱਦ ਹਨ ਇਹਨਾਂ ਬਾਰੇ ਕਦੋਂ ਵਿਚਾਰਿਆ ਜਾਏਗਾ। ਤਰੀਕਾਂ ਦਾ ਰੌਲ਼ਾ ਤਾਂ ਜ਼ਰੂਰ ਪੈ ਰਿਹਾ ਹੈ ਪਰ ਕੌਮ ਨੂੰ ਦਿੱਤਾ ਕੀ ਜਾ ਰਿਹਾ ਹੈ ਸੋਚਣ ਵਾਲਾ ਵਿਸ਼ਾ ਹੈ।

ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਿਆਂ ਡੇਰਿਆਂ ਵਿੱਚ ਮਰ ਚੁੱਕੇ ਸਾਧਾਂ ਦੀਆਂ ਤਸਵੀਰਾਂ ਦੀ ਪੂਜਾ ਹੋ ਰਹੀ ਹੈ। ਅਜੇਹਾ ਕਰਮ ਕਰਾ ਕੇ ਕੌਮ ਮੂਰਤੀ ਪੁਜਕ ਬਣਾਇਆ ਜਾ ਰਿਾਹਾ ਹੈ?

ਜਿਹੜਾ ਕਰਮ ਮੰਦਰਾਂ ਵਿੱਚ ਹੋ ਰਿਹਾ ਹੈ ਉਹ ਹੀ ਕਰਮ-ਧਰਮ ਅੱਜ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ ਫਿਰ ਅਸੀਂ ਨਿਆਰੇ ਕਿਦਾਂ ਹੋਏ?

ਪੂਰਨਮਾਸ਼ੀ ਨੂੰ ਡੇਰੇ ਦੀ ਯਾਤਰਾ ਕਰਾਉਣੀ, ਮੱਸਿਆ ਦਾ ਇਸ਼ਨਾਨ, ਸੰਗਰਾਂਦ ਨੂੰ ਸੂਰਜ ਦੀ ਪੂਜਾ ਕਰਨਾ, ਆਪਣਿਆਂ ਡੇਰਿਆਂ ਦੇ ਪਾਣੀ ਨੂੰ ਜਲ ਕਹਿਣਾ, ਮੋਟੀ ਵੱਟੀ ਰੱਖ ਕੇ ਜੋਤਾਂ ਜਗਾਉਣੀਆਂ, ਗੁਰੂਆਂ ਦੀ ਤਰਜ਼ `ਤੇ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਉਣੀਆਂ ਤੇ ਉਹਨਾਂ ਦੀਆਂ ਵਰਤੀਆਂ ਚੀਜ਼ਾਂ ਦੇ ਦਰਸ਼ਨ ਕਰਾਉਣੇ, ਜਪ-ਤਪ ਦੇ ਸਮਾਗਮ, ਚਲੀਹੇ ਕੱਟਣਾ, ਸੰਪਟ ਪਾਠਾਂ ਦਾ ਰਿਵਾਜ ਸ਼ੁਰੂ ਕਰਨਾ, ਚੁਪਹਿਰਿਆਂ ਦੁਪਹਿਰਿਆਂ ਦਾ ਸਿਮਰਨ, ਲਾਲ ਧਾਗੇ ਗੁੱਟਾਂ ਨਾਲ ਬੰਨਣੇ, ਜੋਤਸ਼ੀਆਂ ਨੂੰ ਪੁੱਛ ਕੇ ਮੁੰਦਰੀਆਂ ਵਿੱਚ ਨਗ ਪਉਣੇ, ਰੁੱਖਾਂ ਦੀ ਪੂਜਾ ਕਰਾਉਣੀ ਤੇ ਨਰਕ-ਸੁਰਗ ਦੇ ਲਾਲਚ ਦੇਣ ਵਾਲੇ ਕਦੇ ਵੀ ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਨਹੀਂ ਹੋਣ ਦੇਣਗੇ।

 ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।। ੧।।

ਬਾਣੀ ਕਬੀਰ ਜੀ ਕੀ ਪੰਨਾ ੧੧੫੮




.