.

ਜਨਮ ਮਰਣ ਦੁਹਹੂ ਮਹਿ ਨਾਹੀ

(ਸੁਖਜੀਤ ਸਿੰਘ ਕਪੂਰਥਲਾ)

ਪ੍ਰਮੇਸ਼ਰ ਦੀ ਸਾਜੀ ਹੋਈ ਸ਼੍ਰਿਸ਼ਟੀ ਵਿੱਚ ਮਨੁੱਖ ਨੂੰ 84 ਲੱਖ ਜੂਨਾਂ ਦੇ ਸਰਦਾਰ ਦੀ ਪਦਵੀ ਪ੍ਰਾਪਤ ਹੈ। ਜੇਕਰ ਇਡੀ ਉਚ ਪਦਵੀ ਪ੍ਰਾਪਤ ਕਰਕੇ ਵੀ ‘ਕਰਤੂਤਿ ਪਸੂ ਕੀ ਮਾਨਸ ਜਾਤਿ` (੨੬੯) ਵਾਲੇ ਕਰਮ ਹੀ ਕਰੀ ਜਾਵੇ ਤਾਂ ਇਹ ਆਪਣੇ ਸਰਦਾਰ ਹੋਣ ਦਾ ਹੱਕ ਗਵਾ ਬੈਠਦਾ ਹੈ। ਬਾਰ-ਬਾਰ ਜਨਮ ਮਰਣ ਦੇ ਗੇੜ ਵਿੱਚ ਪਏ ਰਹਿਣ ਰੂਪੀ ਫਲ ਉਸਨੂੰ ਭੋਗਣਾ ਪੈਂਦਾ ਹੈ-

ਲਖ ਚਉਰਾਸੀਹ ਜੋਨਿ ਸਬਾਈ।। ਮਾਣਸ ਕਉ ਪ੍ਰਭਿ ਦੀਈ ਵਡਿਆਈ।।

ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ।।

(ਮਾਰੂ ਸੋਲਹੇ ਮਹਲਾ ੫-੧੦੭੫)

ਇਸ ਲਈ ਜ਼ਰੂਰੀ ਹੈ ਕਿ ਮਨੁੱਖਾ ਜਨਮ ਪ੍ਰਾਪਤ ਕਰਕੇ ਕਰਮ ਵੀ ਮਨੁੱਖਾਂ ਵਾਲੇ ਕੀਤੇ ਜਾਣ ਜੇਕਰ ਪਦਵੀ ਵੱਡੀ ਹੈ ਤਾਂ ਫਰਜ਼ ਵੀ ਵੱਡੇ ਹੋਣੇ ਲਾਜ਼ਮੀ ਹਨ। ਜਿਹੜੇ ਜੀਵਾਂ ਨੂੰ ਇਸ ਪੱਖ ਤੋਂ ਸੋਝੀ ਪ੍ਰਾਪਤ ਹੋ ਜਾਂਦੀ ਹੈ, ਉਹ ਗੁਰੂ ਦੀ ਦੱਸੀ ਜੀਵਨ ਜੁਗਤ ਅਨੁਸਾਰ ਸਹੀ ਮਾਰਗ ਉਪਰ ਚਲ ਪੈਂਦੇ ਹਨ, ਉਹ ਕੇਵਲ ਆਪਣੇ ਲਈ ਨਹੀਂ ਸਗੋਂ ਮਨੁੱਖਤਾ ਦੇ ਭਲੇ ਲਈ ਕਰਮਸ਼ੀਲ ਹੁੰਦੇ ਹਨ, ਪਰਉਪਕਾਰ ਉਹਨਾਂ ਦੇ ਰੋਜ਼ਾਨਾ ਜੀਵਨ ਦਾ ਅੰਗ ਬਣ ਜਾਂਦਾ ਹੈ। ਐਸੀ ਜੀਵਨ ਜਾਚ ਵਾਲੇ ਜੀਵ ਫਿਰ ਬਾਰ-ਬਾਰ ਜਨਮ ਮਰਣ ਦੇ ਚੱਕਰਾਂ ਵਿੱਚ ਨਹੀਂ ਪੈਂਦੇ, ਐਸੇ ਵਡਭਾਗੀ ਜੀਵਾਂ ਬਾਰੇ ਸੂਹੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਣ ਕਰਦੇ ਹਨ-

ਜਨਮ ਮਰਣੁ ਦੂਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।।

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ।।

(ਸੂਹੀ ਮਹਲਾ ੫-੭੪੯)

ਐਸੀ ਉਚ ਪਾਏ ਦੀ ਅਵਸਥਾ ਦੇ ਧਾਰਨੀ ਬਨਣ ਦੇ ਇਛਾਵਾਨ ਜੀਵਾਂ ਲਈ ‘ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮ ਤੁਮਾਰੇ ਲੇਖੇ` (੬੯੪) ਵਾਲੀ ਸਮਝ ਹੋਣੀ ਲਾਜ਼ਮੀ ਹੈ। ਜੇ ਇਸ ਮਨੁੱਖਾ ਜਨਮ ਵਿੱਚ ਇਹ ਪ੍ਰਾਪਤੀ ਨਾ ਕਰ ਸਕੇ, ਕੀ ਪਤਾ ਫਿਰ ਵਾਰੀ ਆਵੇ ਜਾਂ ਨਾ ਆਵੇ। ਇਸ ਲਈ ਸਾਨੂੰ ਪ੍ਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ-

ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ।।

ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ।।

(ਮਾਰੂ ਕਬੀਰ ਜੀਉ -੧੧੦੪)

ਗੁਰੂ ਉਪਦੇਸ਼ਾਂ ਅਨੁਸਾਰ ਦਰਸਾਈ ਕਾਰ ਨੂੰ ਜੀਵਨ ਵਿੱਚ ਕਮਾਉਣ ਵਾਲੇ ਮਨੁੱਖਾਂ ਤੋਂ ਤਾਂ ਸਤਿਗੁਰੂ ਵੀ ਬਲਿਹਾਰ ਜਾਂਦੇ ਹਨ। ਐਸੇ ਜੀਵਾਂ ਦਾ ਸੰਸਾਰ ਤੇ ਆਉਣਾ ਕੇਵਲ ਆਪਣੇ ਲਈ ਨਹੀਂ, ਸਗੋਂ ਬਿਨਾਂ ਕਿਸੇ ਵਿਤਕਰੇ ਤੋਂ ਸਮੁੱਚੀ ਮਾਨਵਤਾ ਦੇ ਭਲੇ ਲਈ ਹੁੰਦਾ ਹੈ। ਉਹ ਆਪ ਸੰਸਾਰ ਤੋਂ ਮੁਕਤ ਅਵਸਥਾ ਦੀ ਪ੍ਰਾਪਤੀ ਕਰਨ ਦੇ ਨਾਲ-ਨਾਲ ਸੰਗੀ ਸਾਥੀਆਂ ਨੂੰ ਵੀ ਮੁਕਤ ਕਰਨ ਦੇ ਸਮਰੱਥ ਹੋ ਜਾਂਦੇ ਹਨ। ਐਸੇ ਪਰਉਪਕਾਰੀ ਮਹਾਂਪੁਰਖਾਂ ਦਾ ਸੰਸਾਰ ਤੇ ਆਉਣ ਦਾ ਮਨੋਰਥ ਹੀ ਤਾਂ ਪੂਰਾ ਹੁੰਦਾ ਹੈ। ਜੇਕਰ ਉਹ ਪ੍ਰਮੇਸ਼ਰ ਨਾਲ ਜੁੜ ਕੇ ਜਿਥੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ, ਉਸਦੇ ਨਾਲ-ਨਾਲ ਹੋਰਾਂ ਲਈ ਪੱਥ-ਪ੍ਰਦਸ਼ਕ ਬਣ ਜਾਂਦੇ ਹਨ। ਐਸੀਆਂ ਰੰਗ- ਰਤੜੀਆਂ ਰੂਹਾਂ ਬਾਰੇ ਸੁਖਮਨੀ ਸਾਹਿਬ ਦੀ ਬਾਣੀ ਰਾਹੀਂ ਅਸੀਂ ਅਕਸਰ ਪੰਚਮ ਪਾਤਸ਼ਾਹ ਦੇ ਬਚਨ ਪੜਦੇ ਸੁਣਦੇ ਹਾਂ-

ਧੰਨੁ ਧੰਨੁ ਧੰਨੁ ਜਨੁ ਆਇਆ।। ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ।।

ਜਨ ਆਵਨ ਕਾ ਇਹੈ ਸੁਆਉ।। ਜਨ ਕੈ ਸੰਗਿ ਚਿਤਿ ਆਵੈ ਨਾਉ।।

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ।। ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ।।

(ਗਉੜੀ ਸੁਖਮਨੀ ਮਹਲਾ ੫-੨੯੫)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਵਿੱਚ ਦਰਸਾਏ ਐਸੇ ਗੁਣਾਂ ਦੇ ਧਾਰਨੀ ਗੁਰਸਿੱਖਾਂ ਦੀ ਲਿਸਟ ਇਤਿਹਾਸ ਵਿੱਚ ਬਹੁਤ ਲੱਮੇਰੀ ਹੈ, ਜੋ ‘ਜਨਮ ਮਰਣ ਦੂਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ` (੭੪੯) ਦੀ ਕਸਵੱਟੀ ਉਪਰ ਪੂਰੇ ਉਤਰਦੇ ਹਨ। ਇਹਨਾਂ ਧਰਮੀ ਜੀਊੜਿਆਂ ਵਿਚੋਂ ‘ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ` (੯੧੯) ਵਾਲੀ ਸੋਚ ਦੇ ਧਾਰਨੀ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਦੀ ਕਮਾਈ ਅੱਗੇ ਹਰ ਕੋਈ ਨਤਮਸਤਕ ਹੁੰਦਾ ਹੈ। ਬਾਬਾ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਮਾਰਗ ਉਪਰ ਚੱਲਣ ਦਾ ਉਪਦੇਸ਼ ਗ੍ਰਹਿਣ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਤਕ ਗੁਰਸਿੱਖੀ ਦਾ ਪੂਰਨ ਨਮੂਨਾ ਬਣ ਕੇ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣੇ। ਸਿੱਖ ਇਤਿਹਾਸ ਦੇ ਪੰਨਿਆਂ ਉਪਰ ਇਹ ਗੱਲ ਬਾਬਾ ਬੁੱਢਾ ਜੀ ਦੇ ਪੱਖ ਵਿੱਚ ਸਭ ਤੋਂ ਉਘੜ ਕੇ ਸਾਹਮਣੇ ਆਉਂਦੀ ਹੈ ਕਿ ਕਿਸੇ ਇੱਕ ਗੁਰਸਿੱਖ ਨੇ ਸਭ ਤੋਂ ਵੱਧ ਲੰਮਾਂ ਸਮਾਂ ਗੁਰੂ ਘਰ ਦੀ ਸੰਗਤ ਮਾਣੀ। ਇਸ ਸਮੇਂ ਦੌਰਾਨ ਵੱਖ-ਵੱਖ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਸ਼ਾਂ ਨਾਲ ਨਿਵਾਜੇ ਜਾਂਦੇ ਰਹੇ।

ਗੁਰੂ ਨਾਨਕ ਸਾਹਿਬ ਨੇ ‘ਤੈਥੋ ਓਹਲੇ ਕਦੇ ਨ ਹੋਸਾਂ` ਗੁਰੂ ਅੰਗਦ ਸਾਹਿਬ ਨੇ ‘ਗੁਰੂ ਅਤੇ ਸਿੱਖ ਵਿੱਚ ਕੋਈ ਅੰਤਰ ਨਹੀਂ` ਗੁਰੂ ਅਮਰਦਾਸ ਜੀ ਨੇ ‘ਸਿੱਖੀ ਦੀ ਸੀਮਾ, ਗੁਰੂ ਹਰਿਗੋਬਿੰਦ ਜੀ ਨੇ ‘ਬਡਾ ਪੁਰਾਤਨ ਸਿੱਖ ਪ੍ਰਮਾਣ` ਕਹਿ ਕੇ ਬਾਬਾ ਜੀ ਵਰਗੇ ਅਸਲ ਹੱਕਦਾਰ ਨੂੰ ਮਾਣ ਸਨਮਾਨ ਦਿਤਾ ਗਿਆ। ਸਿੱਖੀ ਦੇ ਇਸ ਮਹਾਨ ਕੁਤਬੀ ਸਿਤਾਰੇ ਨੂੰ ਦੂਜੇ ਤੋਂ ਛੇਵੇਂ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਾਉਣ ਦਾ ਮਾਣ, 22 ਮੰਜੀਆਂ ਦੀ ਸਥਾਪਨਾ ਸਮੇਂ ਮੁੱਖ ਪ੍ਰਬੰਧਕ ਦਾ ਮਾਣ, ਗੋਇੰਦਵਾਲ ਸਾਹਿਬ ਦੀ ਬਾਉਲੀ ਅਤੇ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਪਹਿਲਾ ਟੱਕ ਲਗਾਉਣ ਅਤੇ ਸੇਵਾ ਕਰਾਉਣ ਦਾ ਮਾਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਨ ਅਤੇ ਪਹਿਲੇ ਗ੍ਰੰਥੀ ਸਿੰਘ ਹੋਣ ਦਾ ਮਾਣ, ਛੇਵੇਂ ਪਾਤਸ਼ਾਹ ਨੂੰ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਾਉਣ ਦਾ ਮਾਣ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਹੱਥੀਂ ਕਰਨ ਦਾ ਮਾਣ ਅਤੇ ਹੋਰ ਕਈ ਤਰਾਂ ਦੀਆਂ ਬਖ਼ਸ਼ਿਸ਼ਾਂ ਗੁਰੂ ਸਾਹਿਬਾਨ ਵਲੋਂ ਬਾਬਾ ਬੁੱਢਾ ਜੀ ਦੀ ਝੋਲੀ ਵਿੱਚ ਪਾਈਆਂ ਗਈਆਂ।

ਪਰਤਖ ਹਰਿ ਸਰੂਪ, ਕਰਨ ਕਾਰਨ ਸਮਰੱਥ ਗੁਰੂ ਅਰਜਨ ਦੇਵ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਭੇਜ ਕੇ ਉਹਨਾਂ ਦੀ ਮਹਾਨ ਸਖਸ਼ੀਅਤ ਨੂੰ ਅਥਾਹ ਸਤਿਕਾਰ ਬਖ਼ਸ਼ਿਸ਼ ਕੀਤਾ। ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਨਿਵਾਜੇ ਹੋਏ ਬਾਬਾ ਬੁੱਢਾ ਜੀ ਨੇ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਨ ਉਪੰਰਤ ਆਪਣਾ ਹੱਥ ਦੂਜੇ ਹੱਥ ਉਤੇ ਜ਼ੋਰ ਨਾਲ ਮਾਰਦੇ ਹੋਏ ਬਚਨ ਕੀਤੇ-

ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ।

ਜਾਨੋ ਬਲ ਗੁਨ ਕਿਨਹੂੰ ਨ ਸੋਧਾ।

ਬਾਲ ਹਰਿਗੋਬਿੰਦ ਜੀ ਦੇ ਪ੍ਰਕਾਸ਼ ਉਪਰੰਤ ਗੁਰੂ ਅਰਜਨ ਦੇਵ ਜੀ ਨੇ ਸ਼ੁਕਰਾਨੇ ਭਰੇ ਬਚਨ ਉਚਾਰਦੇ ਹੋਏ ਬਾਬਾ ਬੁੱਢਾ ਜੀ ਰਾਹੀਂ ਹੋਈ ਬਖ਼ਸ਼ਿਸ਼ ਲਈ ਗੁਰੂ ਨਾਨਕ ਸਾਹਿਬ ਦਾ ਧੰਨਵਾਦ ਕੀਤਾ ਗਿਆ। ਆਪ ਦੇ ਪਾਵਨ ਬਚਨ ਹਨ-

ਗੁਝੀ ਛੰਨੀ ਨਾਹੀ ਬਾਤ।। ਗੁਰੁ ਨਾਨਕੁ ਤੁਠਾ ਕੀਨੀ ਦਾਤਿ।।

(ਆਸਾ ਮਹਲਾ ੫-੩੯੬)

125 ਸਾਲ ਲੰਮੀ ਸਰੀਰਕ ਆਰਜਾ ਵਿਚੋਂ ਲਗਭਗ 113 ਸਾਲ ਦਾ ਸਮਾਂ 6 ਗੁਰੂ ਸਾਹਿਬਾਨ ਦੀ ਸੇਵਾ ਘਾਲਣਾ ਘਾਲ ਕੇ ਬ੍ਰਹਮ ਗਿਆਨ ਨਾਲ ਲਬਰੇਜ ਆਤਮਾ ਰਮਦਾਸ ਦੀ ਧਰਤੀ ਤੇ ‘ਗੁਰਮੁਖਿ ਜਨਮ ਸਵਾਰਿ ਦਰਗਹ ਚਲਿਆ।। ਸਚੀ ਦਰਗਹ ਜਾਇ ਸਚਾ ਪਿੜ ਮਲਿਆ` (ਭਾਈ ਗੁਰਦਾਸ ਜੀ -ਵਾਰ ੧੯ ਪਉੜੀ ੧੪) ਅਨੁਸਾਰ ਪ੍ਰਮਾਤਮਾ ਵਿੱਚ ਲੀਨ ਹੋ ਗਈ। ਛੇਵੇਂ ਪਾਤਸ਼ਾਹ ਦੀ ਗੋਦ ਅੰਦਰ ਅੰਤਿਮ ਸਵਾਸ ਲੈਣ ਅਤੇ ਆਪਣੇ ਹੱਥੀਂ ਚਿਖਾ ਚਿਣ ਕੇ ਅੰਤਿਮ ਸਸਕਾਰ ਕਰਨ ਦਾ ਮਾਣ ਵੀ ਮੀਰੀ-ਪੀਰੀ ਦੇ ਮਾਲਕ ਵਲੋਂ ਆਪ ਜੀ ਨੂੰ ਦਿਤਾ ਗਿਆ। ਗੁਰਸਿੱਖੀ ਦਾ ਚਾਨਣ ਮੁਣਾਰਾ ਬਣ ਕੇ ਜੀਵਨ ਬਤੀਤ ਕਰਨ ਵਾਲੀ ਮਹਾਨ ਸਖਸ਼ੀਅਤ ਬਾਬਾ ਬੁੱਢਾ ਜੀ ਪ੍ਰਤੀ ਗੁਰਬਾਣੀ ਦੇ ਇਹ ਬਚਨ ਬਿਲਕੁਲ ਸਾਰਥਿਕ ਪ੍ਰਤੀਤ ਹੁੰਦੇ ਹਨ-

ਜਨਮ ਮਰਣ ਦੂਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।।

ਜੀਅ ਦਾਨ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ।।

(ਸੂਹੀ ਮਹਲਾ ੫-੭੪੯)

==========

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.