.

ਸੁਖਮਈ ਜੀਵਨ ਅਹਿਸਾਸ (ਭਾਗ-1)

(ਸੁਖਜੀਤ ਸਿੰਘ ਕਪੂਰਥਲਾ)

ਪ੍ਰਮੇਸ਼ਰ ਦੁਆਰਾ ਸਾਜੀ ਹੋਈ ਸਮੁੱਚੀ ਸ੍ਰਿਸ਼ਟੀ ਅੰਦਰ ਹਰੇਕ ਜੀਵ ਜੰਤੂ ਹਰ ਸਮੇਂ ਸੁੱਖਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿੰਦਾ ਹੈ, ਦੁੱਖਾਂ ਦੀ ਪ੍ਰਾਪਤੀ ਲਈ ਕਦੀ, ਕਿਸੇ ਨੇ, ਕੋਈ ਵੀ ਯਤਨ ਨਹੀਂ ਕੀਤਾ। ਪਰ ਜਦੋਂ ਅਸੀਂ ਸੰਸਾਰ ਵੱਲ ਝਾਤੀ ਮਾਰਦੇ ਹਾਂ ਤਾਂ 84 ਲੱਖ ਜੂਨਾਂ ਦਾ ਸਰਦਾਰ ਅਖਵਾਉਣ ਵਾਲਾ ਮਨੁੱਖ ਆਪਣੇ-ਆਪਣੇ ਮੱਤ ਅਨੁਸਾਰ ਇਸ਼ਟ ਦੀ ਆਰਾਧਨਾ ਕਰਦਾ ਹੋਇਆ ਹਮੇਸ਼ਾ ਸੁੱਖਾਂ ਦੀ ਚਾਹਤ ਹੀ ਕਰਦਾ ਹੈ, ਪਰ ਸੰਸਾਰ ਵਿੱਚ ਵਿਚਰ ਰਹੇ ਮਨੁੱਖਾਂ ਦੇ ਜੀਵਨ ਵਲ ਝਾਤੀ ਮਾਰ ਕੇ ਵੇਖੀਏ ਤਾਂ ਦਿਖਾਈ ਕੁੱਝ ਹੋਰ ਹੀ ਦਿੰਦਾ ਹੈ-

-ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹ ਸੁਖ।।

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ।।

(ਵਾਰ ਮਾਝ- ਮਹਲਾ ੧-੧੪੯)

-ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।।

ਊਚੈ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਅਗਿ।। ੮੧।।

(ਸਲੋਕ ਫਰੀਦ ਜੀ-੧੩੮੨)

- ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ।।

ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ।।

(ਵਾਰ ਸਾਰੰਗ -ਮਹਲਾ-੧-੧੨੪੦)

ਇਸ ਤੋਂ ਵੀ ਵਧ ਹੈਰਾਨੀ ਉਸ ਸਮੇਂ ਹੁੰਦੀ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਆਖ ਕੇ ਮੱਥਾ ਟੇਕਣ ਵਾਲੇ ਸਿੱਖ ਵੀ ‘ਨਾਨਕ ਦੁਖੀਆ ਸਭੁ ਸੰਸਾਰੁ` (੯੫੪) ਦਾ ਹਿਸਾ ਬਣੇ ਹੀ ਸਾਹਮਣੇ ਆਉਂਦੇ ਹਨ। ਸਾਨੂੰ ਤਾਂ ਗੁਰੂ ਸਾਹਿਬ ਨੇ ‘ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ` (੬੩੩) ਦੇ ਮਾਰਗ ਉਪਰ ਚਲਣ ਵਾਲੇ ਬਣਾਇਆ ਹੈ। ਪਰ ਐਸਾ ਵਾਪਰਦਾ ਸਿੱਖ ਸਮਾਜ ਵਿੱਚ ਦਿਖਾਈ ਦਿੰਦਾ ਨਹੀਂ- ਕਿਉਂ?

ਇਸ ਸਭ ਕੁੱਝ ਦੇ ਕਾਰਣਾਂ ਵੱਲ ਜਦੋਂ ਨਿਰਪੱਖਤਾ ਨਾਲ ਗਹਿਰ ਗੰਭੀਰ ਹੋ ਕੇ ਪੜਚੋਲ ਕਰਦੇ ਹਾਂ ਤਾਂ ਕਾਰਣ ਸਾਹਮਣੇ ਆ ਜਾਂਦੇ ਹਨ ਕਿ ਦਸ ਗੁਰੂ ਸਾਹਿਬਾਨ ਵਲੋਂ ਤਾਂ ਗੁਰਬਾਣੀ-ਇਤਿਹਾਸ ਰੂਪੀ ਚਾਨਣ ਮੁਨਾਰੇ ਸਾਡੇ ਮਾਰਗ ਦਰਸ਼ਨ ਲਈ ਤਿਆਰ ਕੀਤੇ ਹਨ, ਪਰ ਅਸੀਂ ਸ਼ਾਇਦ ਇਹਨਾਂ ਤੋਂ ਲਾਭ ਨਹੀਂ ਉਠਾ ਸਕੇ/ਰਹੇ।

ਜਿਵੇਂ ਇੱਕ ਵਿਦਵਾਨ ਦਾ ਬਹੁਤ ਪਿਆਰਾ ਸੁਝਾਉ ਹੈ ਕਿ ਅ-ਜਰ ਨੂੰ ਜਰਣ ਵਾਲੀ ਅਵਸਥਾ ਵਾਸਤੇ ਸਾਨੂੰ ਸਿੱਖ ਇਤਿਹਾਸ ਤੋਂ ਪ੍ਰੇਰਣਾ ਲੈਣ ਲਈ - ‘ਗਰਮੀ ਜਿਆਦਾ ਤੰਗ ਕਰਦੀ ਹੋਵੇ ਤਾਂ ਗੁਰੂ ਅਰਜਨ ਸਾਹਿਬ ਵਲੋਂ ਸ਼ਹਾਦਤ ਸਮੇਂ ਤੱਤੀ ਤਵੀ, ਤੱਤੀ ਰੇਤਾ ਨੂੰ ਚੇਤੇ ਵਿੱਚ ਰੱਖੀਏ-ਸਰਦੀ ਜਿਆਦਾ ਤੰਗ ਕਰਦੀ ਹੋਵੇ ਤਾਂ ਸਰਹਿੰਦ ਦੇ ਠੰਡੇ ਬੁਰਜ ਵਿੱਚ ਪੋਹ ਦੀਆਂ ਕਕਰੀਲੀਆਂ ਰਾਤਾਂ ਨੂੰ ਬਿਨਾਂ ਕਿਸੇ ਬਾਹਰੀ ਆਸਰੇ ਤੋਂ ਬੈਠੇ ਮਾਂ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਚੇਤੇ ਕਰੀਏ- ਭੁੱਖ ਜਿਆਦਾ ਤੰਗ ਕਰਦੀ ਹੋਵੇ ਤਾਂ ਮੀਰ ਮੰਨੂ ਸਮੇਂ ਲਾਹੌਰ ਦੇ ਕੈਦਖਾਨੇ ਵਿੱਚ ਬੱਚਿਆਂ ਸਮੇਤ ਭੁੱਖਣਭਾਣੇ ਬੈਠੀਆਂ ਸਿੱਖ ਮਾਵਾਂ ਅਤੇ ਬੱਚਿਆਂ ਵਲ ਝਾਤੀ ਮਾਰੀਏ- ਜੇਕਰ ਪ੍ਰਵਾਰ ਦੇ ਕਿਸੇ ਸਬੰਧੀ ਦੀ ਮੌਤ/ ਵਿਛੋੜੇ ਦਾ ਦੁਖ ਬਰਦਾਸ਼ਤ ਤੋਂ ਬਾਹਰ ਹੁੰਦਾ ਹੋਵੇ ਤਾਂ ਕਲਗੀਧਰ ਪਾਤਸ਼ਾਹ ਦੇ ਸਰਬੰਸ ਦਾਨ ਵਲ ਝਾਤੀ ਮਾਰ ਲਈਏ-` ਤਾਂ ਐਸਾ ਕਰਨ ਨਾਲ ਜੀਵਨ ਦੇ ਹਰ ਖੇਤਰ ਅੰਦਰ ਭਾਣੇ ਵਿੱਚ ਰਹਿਣ ਦੀ ਜਾਚ ਆ ਸਕਦੀ ਹੈ। ਸਿੱਖ ਇਤਿਹਾਸ ਵਿਚੋਂ ਦਿੱਤੀਆਂ ਗਈਆਂ ਉਪਰੋਕਤ ਘਟਨਾਵਾਂ ਦੇ ਹਵਾਲੇ ਕੇਵਲ ਰੰਚਕ ਮਾਤਰ ਹਨ, ਪੜਚੋਲ ਕਰਨ ਤੇ ਇਸ ਤਰਾਂ ਦੇ ਹਵਾਲੇ ਹੋਰ ਵੀ ਮਿਲ ਸਕਦੇ ਹਨ।

ਸਿੱਖ ਹੋਣ ਦੇ ਨਾਤੇ ਸਾਨੂੰ ਆਪਣਾ ਜੀਵਨ ਸਚਿਆਰ ਬਨਾਉਣ ਲਈ ਸਹੀ ਅਰਥਾਂ ਵਿੱਚ ਗੁਰਬਾਣੀ ਉਪਦੇਸ਼ ਨਾਲ ਜੁੜਣ ਦੀ ਲੋੜ ਹੈ, ਬਾਣੀ ਗੁਰੂ ਦਾ ਜਿਥੇ ਅਸੀਂ ਬਾਹਰੀ ਸਤਿਕਾਰ ਕਰਨਾ ਹੈ ਉਥੇ ਉਸ ਤੋਂ ਵੀ ਜਿਆਦਾ ਜਰੂਰੀ ਗੁਰਬਾਣੀ ਹੁਕਮਾਂ ਦੀ ਪਾਲਣਾ ਕਰਨਾ ਹੈ। ਗੁਰਬਾਣੀ ਨੂੰ ਗਾਉਂਦੇ ਹੋਏ, ਸੁਣਦੇ ਹੋਏ, ਜਿਹੜੇ ਉਸ ਅੰਦਰਲੇ ਹੁਕਮਾਂ ਨੂੰ ਕਮਾਉਂਦੇ ਹੋਏ ਜੀਵਨ ਵਿੱਚ ਵਸਾ ਲੈਂਦੇ ਹਨ, ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ, ਜੀਵਨ ਵਿਚੋਂ ਦੁਖ ਦਰਦਾਂ ਤੋਂ ਨਵਿਰਤੀ ਮਿਲ ਜਾਂਦੀ ਹੈ, ਗੁਰਬਾਣੀ ਦਾ ਆਪਣਾ ਹੀ ਰੂਪ ਬਣ ਕੇ ‘ਨਾਨਕ ਨਦਰੀ ਨਦਰਿ ਨਿਹਾਲ` (੮) ਵਾਲੀ ਅਵਸਥਾ ਦੀ ਪ੍ਰਾਪਤੀ ਕਰ ਲੈਂਦੇ ਹਨ-

-ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ।।

(ਵਾਰ ਗਉੜੀ -ਮਹਲਾ ੪- ੩੦੪)

- ਭਗਤਿ ਭੰਡਾਰ ਗੁਰਬਾਣੀ ਲਾਲ।।

ਗਾਵਲ ਸੁਨਤ ਕਮਾਵਤ ਨਿਹਾਲ।।

(ਆਸਾ ਮਹਲਾ ੫- ੩੭੬)

-ਗੁਰ ਕੀ ਬਾਣੀ ਜਿਸੁ ਮਨਿ ਵਸੈ।।

ਦੂਖ ਦਰਦੁ ਸਭੁ ਤਾ ਕਾ ਨਸੈ।।

(ਪ੍ਰਭਾਤੀ ਮਹਲਾ ੫-੧੩੩੯)

- ਧੁਰ ਕੀ ਬਾਣੀ ਆਈ।। ਤਿਨਿ ਸਗਲੀ ਚਿੰਤ ਮਿਟਾਈ।।

(ਸੋਰਠਿ ਮਹਲਾ ੫-੬੨੮)

ਸਿੱਖ ਦਾ ਗੁਰੂ ਗੁਰਬਾਣੀ ਹੈ, ਸ਼ਬਦ ਹੈ, ਗਿਆਨ ਹੈ। ਪਰ ਸੋਚਣ ਦਾ ਵਿਸ਼ਾ ਹੈ ਕਿ ਇਸ ਗੁਰੂ ਨਾਲ ਜੁੜਿਆ ਕਿਵੇਂ ਜਾਵੇ? ਇਸ ਤੋਂ ਲਾਭ ਕਿਵੇਂ ਉਠਾਇਆ ਜਾਵੇ? ਜਿਸ ਨਾਲ ਜੀਵਨ ਸੁਖਮਈ ਹੋ ਜਾਵੇ।

ਜਦੋਂ ਅਸੀਂ ਗੁਰਬਾਣੀ ਗਿਆਨ ਦੀ ਡੂੰਘਾਈ ਵਿੱਚ ਜਾ ਕੇ ਇਹਨਾਂ ਸਵਾਲਾਂ ਦੇ ਜਵਾਬ ਲੱਭਦੇ ਹਾਂ ਤਾਂ ਪਤਾ ਲਗਦਾ ਹੈ ਕਿ ਜੀਵਨ ਨੂੰ ਬਰਬਾਦ ਕਰਨ ਦਾ ਕਾਰਣ ਅਉਗਣ ਹੀ ਹਨ। ਇਹ ਅਉਗਣ ਹੀ ਜੀਵਾਂ ਦੇ ਗਲੇ ਦੀ ਫਾਹੀ ਬਣ ਕੇ ਜੀਵਨ ਨੂੰ ਬਰਬਾਦੀ ਵਾਲੇ ਪਾਸੇ ਲੈ ਜਾਂਦੇ ਹਨ। ਬਹੁਗਿਣਤੀ ਇਹਨਾਂ ਅਉਗਣਾਂ ਦਾ ਸ਼ਿਕਾਰ ਹੋ ਕੇ, ਔਝੜੇ ਪੈ ਕੇ ਹੋਰ ਹੀ ਹੋਰ ਫਸਦੀ ਤੁਰੀ ਜਾਂਦੀ ਹੈ। ਇਸ ਪ੍ਰਥਾਇ ਗੁਰਬਾਣੀ ਫੁਰਮਾਣ ਹਨ-

- ਲੋਕੁ ਅਵਗਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਝੈ ਕੋਇ।।

ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ।।

(ਵਾਰ ਮਾਰੂ- ਮਹਲਾ ੩-੧੦੯੨)

-ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ।।

ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ।।

(ਸੋਰਠਿ ਮਹਲਾ ੧-੫੯੫)

-ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ।।

ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ।।

(ਵਾਰ ਗਉੜੀ -ਮਹਲਾ ੪-੩੧੧)

ਬਸ ਲੋੜ ਹੈ ਕਿ ਜੀਵਨ ਵਿਚੋਂ ਅਉਗਣਾਂ ਦਾ ਤਿਆਗ ਕਰਕੇ ਗੁਣਵਾਨ ਬਨਣ ਦੀ। ਪਰ ਐਸਾ ਕਰਨ ਲਈ ‘ਵਸਤੂ ਅੰਦਰ ਵਸਤੁ ਸਮਾਵੈ ਦੂਜੀ ਹੋਵੈ ਪਾਸਿ` (੪੭੪) ਦੀ ਰੋਸ਼ਨੀ ਵਿੱਚ ਚਲਣ ਦੀ ਜਰੂਰਤ ਹੈ। ਜਿਵੇਂ ਕਿਸੇ ਪਦਾਰਥ ਨਾਲ ਪਹਿਲਾਂ ਹੀ ਭਰੇ ਹੋਏ ਭਾਂਡੇ ਵਿੱਚ ਹੋਰ ਵਸਤੂ ਪਾਉਣਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪਹਿਲਾਂ ਖਾਲੀ ਕਰ ਲਿਆ ਜਾਵੇ। ਜੇ ਅਸੀਂ ਆਪਣੇ ਜੀਵਨ ਵਿੱਚ ਗੁਣ ਵਸਾਉਂਣੇ ਹਨ ਤਾਂ ਅਉਗਣਾਂ, ਵਿਕਾਰਾਂ ਨਾਲ ਪਹਿਲਾਂ ਭਰੇ ਹੋਏ ਹਿਰਦੇ ਰੂਪੀ ਭਾਂਡੇ ਨੂੰ ਖਾਲੀ ਕਰਕੇ ਗੁਣਾਂ ਲਈ ਥਾਂ ਬਣਾਉਣੀ ਪਵੇਗੀ। ਜਿੰਨਾਂ ਚਿਰ ਅਸੀ ਅਉਗਣਾਂ ਨਾਲ ਮਿੱਤਰਤਾ ਪਾ ਕੇ ਰੱਖਾਂਗੇ, ਇਹ ਜੀਵਨ ਨੂੰ ਬਰਬਾਦੀ ਵਲ ਹੀ ਲੈ ਕੇ ਜਾਣਗੇ। ਜੀਵਨ ਅੰਦਰ ਸੁਖਮਈ ਅਹਿਸਾਸ ਬਣਿਆ ਰਹੇ ਇਸ ਲਈ ਸਹੀ ਮਿੱਤਰਾਂ ਦੀ ਚੋਣ ਕਰਨੀ ਚਾਹੀਦੀ ਹੈ। ਅਸਲ ਮਿੱਤਰ ਤਾਂ ਉਹੀ ਹਨ ਜੋ ਸਾਡਾ ਭਲਾ ਕਰਨ ਦੇ ਸਮਰੱਥ ਹੋਣ, ਐਸੇ ਗੁਣ ਰੂਪੀ ਮਿੱਤਰ ਜੀਵਨ ਵਿੱਚ ਵੀ ਅਤੇ ਜੀਵਨ ਤੋਂ ਬਾਅਦ ਵੀ ਸਾਥ ਨਿਭਾਉਣ ਦੇ ਸਮਰੱਥ ਹੁੰਦੇ ਹਨ। ਇਸ ਲਈ ਸਾਨੂੰ ਦੁਰਮਤਿ ਰੂਪੀ ਕੱਚੇ ਸੱਜਣਾਂ ਦੀ ਸੰਗਤ ਛੱਡ ਕੇ ‘ਸਜਣ ਸੇਈ ਨਾਲਿ ਮੈ ਚਲਦਿਆ ਨਾਲ ਚਲੰਨਿ` (੭੨੯) ਰੂਪੀ ਚੰਗੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਲੋੜ ਹੈ-

- ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ।।

ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ।।

(ਵਾਰ ਮਾਰੂ- ਮਹਲਾ ੫-੧੧੦੨)

- ਜਿਨਾ ਦਿਸੰਦੜਿਆ ਦੁਰਮਤਿ ਵੰਝੈ ਮਿਤ੍ਰ ਅਸਾਡੜੇ ਸੇਈ।।

ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ।।

(ਵਾਰ ਗੂਜਰੀ - ਮਹਲਾ ੫-੫੨੦)

ਸੁਖਮਈ ਜੀਵਨ ਅਹਿਸਾਸ ਨੂੰ ਮਾਨਣ ਲਈ ਬਸ ਜੀਵਨ ਵਿਚੋਂ ਅਉਗਣਾਂ ਨੂੰ ਤਿਆਗ ਕੇ ਗੁਣ ਧਾਰਨ ਕਰਨਾ ਜਰੂਰੀ ਹੈ। ਗੁਰਮਤਿ ਦੀ ਸਾਰੀ ਫਿਲਾਸਫੀ, ਧਾਰਮਿਕ ਸਦਾਚਾਰ, ਗੁਰਮਤਿ ਸਿਧਾਂਤ ਦਾ ਮੂਲ ਤਤਸਾਰ ‘ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ` (੪੧੮) ਦੀ ਖੇਡ ਹੀ ਤਾਂ ਹੈ।

ਇਸ ਸਬੰਧ ਵਿੱਚ ਦਾਸ ਦੇ ਨਿਜੀ ਜੀਵਨ ਨਾਲ ਸਬੰਧਿਤ ਇੱਕ ਘਟਨਾ ਦਾ ਉਲੇਖ ਕਰਨਾ ਵਾਜਿਬ ਰਹੇਗਾ। ਕੁੱਝ ਮਿੱਤਰਾਂ ਵਿੱਚ ਬੈਠਿਆਂ ਹੋਇਆ ਦਾਸ ਕੋਲੋਂ ਆਪਸੀ ਗਲਬਾਤ ਦੌਰਾਨ ਇੱਕ ਗਾਲ ਮੂੰਹ ਵਿਚੋਂ ਨਿਕਲ ਗਈ। ਦਾਸ ਦੇ ਸਿਆਣੇ ਮਿੱਤਰ ਨੇ ਸਵਾਲ ਕੀਤਾ- ‘ਕੀ ਤੁਸੀਂ ਬਾਣੀ ਪੜ੍ਹਦੇ ਹੋ? ` ਦਾਸ ਵਲੋਂ ਹਾਂ ਜਵਾਬ ਦੇਣ ਉਪਰ ਉਸ ਵਲੋਂ ਇਹ ਕਿਹਾ ਗਿਆ- ‘ਜਿਸ ਜਬਾਨ ਤੋਂ ਬਾਣੀ ਪੜ੍ਹੀ ਜਾਂਦੀ ਹੋਵੇ, ਉਸ ਤੋਂ ਗਾਲ ਕਿਵੇਂ ਨਿਕਲ ਸਕਦੀ ਹੈ? ` ਬਸ ਇਹ ਸ਼ਬਦ ਦਾਸ ਦੇ ਜੀਵਨ ਵਿਚੋਂ ਇੱਕ ਬੁਰਾਈ/ਅਉਗਣ ਨੂੰ ਲਗਭਗ ਪੂਰੀ ਤਰਾਂ ਖਤਮ ਕਰਨ ਵਿੱਚ ਸਹਾਇਕ ਬਣ ਗਏ।

ਇਸ ਲੇਖ ਲੜੀ ਵਿੱਚ ਇਸੇ ਪੱਖ ਨੂੰ ਸਾਹਮਣੇ ਰੱਖਦੇ ਹੋਏ ਜੀਵਨ ਵਿਚੋਂ ਅਉਗਣਾਂ ਨੂੰ ਪਾਸੇ ਕਰਨ ਦੇ ਮੰਤਵ ਨਾਲ ਲਿਖਿਆ ਜਾ ਰਿਹਾ ਹੈ ਕਿ ਸਾਡੇ ਮਨ ਵਿੱਚ ਜਦੋਂ ਵੀ ਕੋਈ ਬੁਰਾ ਵਿਚਾਰ ਪੈਦਾ ਹੋਵੇ, ਜੋ ਬਾਅਦ ਵਿੱਚ ਅਉਗਣ ਬਣ ਕੇ ਜੀਵਨ ਨੂੰ ਬਰਬਾਦ ਕਰਨਯੋਗ ਬਣ ਜਾਵੇ, ਉਸ ਤੋਂ ਬਚਣ ਲਈ ਗੁਰਬਾਣੀ ਦੇ ਵੱਖ-ਵੱਖ ਵਿਸ਼ਿਆਂ ਉਪਰ ਕੁੱਝ ਕੁ ਸੌਖੇ-ਸੌਖੇ ਗੁਰਬਾਣੀ ਪ੍ਰਮਾਣਾਂ ਨੂੰ ਯਾਦ ਕਰ ਲਈਏ, ਜਿਸ ਨਾਲ ਬੁਰਾ ਕੰਮ ਚਿਤਵਦੇ ਹੀ ਉਹ ਗੁਰ-ਬਚਨ ਸਾਡੇ ਸਾਹਮਣੇ ਹੋਣਗੇ ਤਾਂ ਅਸੀਂ ਅਉਗਣ ਕਰਨ ਤੋਂ ਬਚ ਸਕਦੇ ਹਾਂ। ਗੁਰਬਾਣੀ ਦਾ ਮਨੋਰਥ ਹੀ ਮਾਰਗ ਦਰਸ਼ਨ ਹੈ। ਆਸ ਹੈ ਕਿ ਇਹ ਲੇਖ ਲੜੀ ਇਸ ਪੱਖ ਵਿੱਚ ਸਹਾਇਕ ਬਣ ਕੇ ਸਾਹਮਣੇ ਆਵੇਗੀ-

- ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ।।

ਮਨਮੁਖਿ ਸਬਦੁ ਨ ਜਾਣਈ ਅਵਗੁਣਿ ਸੋ ਪ੍ਰਭੁ ਦੂਰਿ।।

(ਸਿਰੀ ਰਾਗ ਮਹਲਾ ੩-੩੭)

-ਗੁਣ ਸੰਗ੍ਰਹੁ ਵਿਚਹੁ ਅਉਗਣ ਜਾਹਿ।।

ਪੂਰੇ ਗੁਰ ਕੈ ਸਬਦਿ ਸਮਾਹਿ।।

(ਆਸਾ ਮਹਲਾ ੩- ੩੬੧)

70) -ਕਹੁ ਨਾਨਕ ਤਬਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ।।

(ਸਾਰਗ ਮਹਲਾ ੫-੧੨੦੩)

=========== (ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.