.

ਸਤਸੰਗਤਿ ਮਿਲੇ ਸੁ ਤਰਿਆ …!

-ਰਘਬੀਰ ਸਿੰਘ ਮਾਨਾਂਵਾਲੀ

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥
ਗੁਰ ਪਰਸਾਦਿ ਪਰਮਪਦੁ ਪਾਇਆ ਸੂਕੇ ਕਾਸਟ ਹਰਿਆ॥ ਪੰਨਾ 10

ਅਰਥ: ਹੇ ਮੇਰੇ ਪ੍ਰਭੂ ਜੀ! ਜਿਹੜੇ ਮਨੁੱਖ ਸਾਧ ਸੰਗਤਿ ਵਿੱਚ ਮਿਲ ਬੈਠਦੇ ਹਨ, ਉਹ ਵਿਅਰਥ ਤੌਖਲੇ-ਫਿਕਰਾਂ ਤੋਂ ਬੱਚ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ ਅਡੋਲਤਾ ਵਾਲੀ ਉੱਚੀ ਆਤਮਕ ਅਵੱਸਥਾ ਮਿਲ ਜਾਂਦੀ ਹੈ, ਉਹ ਮਾਨੋ ਸੁੱਕਾ ਕਾਠ, ਹਰਾ ਹੋ ਜਾਂਦਾ ਹੈ।
ਗੁਰਮਤਿ ਵਿੱਚ ਸਤਸੰਗਤਿ ਦਾ ਬਹੁਤ ਮਹੱਤਵ ਹੈ। ਉਪਰੋਕਤ ਗੁਰਬਾਣੀ ਤੁਕਾਂ ਵਿੱਚ ਸਤਸੰਗਤਿ ਕਰਨ ਦਾ ਲਾਭ ਸਪੱਸ਼ਟ ਬਿਆਨ ਕੀਤਾ ਗਿਆ ਹੈ। ਇਸ ਲਈ ਅਖੰਡ ਪਾਠ, ਸਹਿਜ ਪਾਠ ਅਤੇ ਸੁਖਮਨੀ ਸਾਹਿਬ ਜੀ ਦੇ ਭੋਗ ਸਮੇਂ ਸਤਸੰਗਤਿ ਕਰਨ ਦਾ ਮਨ ਵਿੱਚ ਚਾਓ ਹੁੰਦਾ ਹੈ ਕਿ ਇੰਝ ਕਰਨ ਨਾਲ ਸ਼ਾਇਦ ਕੁੱਝ ਨਵਾਂ ਗੁਰਮਤਿ ਗਿਆਨ ਹਾਸਲ ਹੋ ਸਕੇਗਾ।
ਪਿੱਛਲੇ ਦਿਨੀਂ ਫਗਵਾੜੇ ਦੇ ਨਜ਼ਦੀਕੀ ਪਿੰਡ ਨੰਗਲ ਮੱਝਾ ਵਿਖੇ ਮੇਰੇ ਲੜਕੇ ਦੇ ਦੋਸਤ ਦੇ ਘਰ ਉਸ ਦੇ ਨਵਜੰਮੇ ਲੜਕੇ ਦੀ ਖੁਸ਼ੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਏ ਗਏ ਸਨ। ਉਸ ਸਮੇਂ ਸਤਸੰਗਿਤ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਅਸੀਂ ਪਰਿਵਾਰ ਸਮੇਤ, ਸਮੇਂ ਸਿਰ ਉਹਨਾਂ ਦੇ ਗ੍ਰਹਿ ਵਿਖੇ ਪੁੱਜ ਗਏ। ਬੱਚੇ ਨੂੰ ਸ਼ਗਨ ਦੇਣ ਅਤੇ ਚਾਹ-ਪਾਣੀ ਛੱਕਣ ਤੋਂ ਬਾਅਦ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਗਏ। ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ। ਪਾਠੀ ਸਿੰਘ ਐਨੀ ਤੇਜ਼ੀ ਨਾਲ ਪਾਠ ਕਰ ਰਿਹਾ ਸੀ, ਜਿਵੇਂ ਉਸ ਨੂੰ ਕੋਈ ਕਾਹਲ ਹੋਵੇ। ਬਹੁਤ ਧਿਆਨ ਲਾ ਕੇ ਸੁਣਿਆਂ ਵੀ ਪਾਠ ਦੀ ਕੋਈ ਸਮਝ ਨਹੀਂ ਸੀ ਪੈ ਰਹੀ। ਭੋਗ ਤੋਂ ਬਾਅਦ ਜਿਹਨਾਂ ਨੇ ਕੀਰਤਨ ਕਰਨਾ ਸੀ ਉਹ ਜਥਾ ਕਿਸੇ ਡੇਰੇ ਨਾਲ ਸਬੰਧ ਰੱਖਦਾ ਸੀ। ਕੁੱਝ ਸਮੇਂ ਬਾਅਦ ਜਿਥੇ ਪਾਠ ਚੱਲ ਰਿਹਾ ਸੀ, ਡੇਰੇ ਵਾਲੇ ਮਹਾਂਪੁਰਸ਼ਾਂ ਦੇ ਚੇਲੇ ਆਪਣੇ ਸਾਜ਼ਾਂ ਸਮੇਤ ਉਸ ਸਥਾਨ `ਤੇ ਆਏ ਅਤੇ ਸਾਜ਼ ਰੱਖ ਕੇ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਨ੍ਹਾਂ ਕੋਈ ਮਾਇਆ ਭੇਟ ਕੀਤਿਆਂ ਨਮਸਕਾਰ ਕੀਤੀ ਅਤੇ ਥੱਲੇ ਚਾਹ-ਪਾਣੀ ਛੱਕਣ ਲਈ ਵਾਪਿਸ ਚਲੇ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਪਰਲੀ ਮੰਜ਼ਿਲ `ਤੇ ਕੀਤਾ ਗਿਆ ਸੀ। ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਪਾਠੀ ਨੇ ਪਤਾ ਨਹੀਂ ਕਿਹੜੀ ਗੁਰਮਰਿਆਦਾ ਅਨੁਸਾਰ ਸੁਖਮਨੀ ਸਾਹਿਬ ਦੀ ਬਾਣੀ ਦੇ ਨਾਲ ਲੱਗਦੇ ਦੋ ਹੋਰ ਸ਼ਬਦ ਵੀ ਪੜ੍ਹੇ। ਉਪਰੰਤ ਅਰਦਾਸ ਕੀਤੀ ਗਈ।
ਕੀਰਤਨ ਕਰਨ ਵਾਲੇ ਕਿਸੇ ਡੇਰੇ ਦੇ ਮਹਾਂਪੁਰਸ਼ ਆਪਣੇ ਚੇਲਿਆਂ ਦੇ ਨਾਲ ਪੰਡਾਲ ਵਿੱਚ ਪੁੱਜ ਚੁੱਕੇ ਸਨ। ਉਹਨਾਂ ਦੇ ਬੈਠਣ ਲਈ ਇੱਕ ਨਵੀਂ ਚਾਦਰ ਵਿਛਾਈ ਗਈ। ਡੇਰੇ ਵਾਲੇ ਜਥੇ ਨੇ (ਜੋ ਗਿਣਤੀ ਵਿੱਚ ਕਰੀਬ 6 ਜਣੇ ਸਨ) ਸਾਜ਼ ਖੋਲ੍ਹ ਕੇ ਚਿਮਟੇ, ਛੈਣੇ ਅਤੇ ਢੋਲਕੀ ਚੰਗੀ ਤਰ੍ਹਾਂ ਖੜਾਅ ਕੇ ਇੱਕ ਧਾਰਨ ਲਾਈ। ਫਿਰ ਆਖਣ ਲੱਗੇ ਕਿ ‘ਹੁਣ ਲੋਕ ਪੜ੍ਹੇ ਲਿਖੇ ਜ਼ਿਆਦਾ ਹੋ ਗਏ ਹਨ। ਇਸ ਲਈ ਸਿੱਖਣ ਵਾਲੇ ਘੱਟ ਹਨ ਅਤੇ ਸਿਖਾਉਣ ਵਾਲੇ ਜ਼ਿਆਦਾ ਹਨ। ਅਖੌਤੀ ਵਿਦਵਾਨ ਦੋ-ਚਾਰ ਕਿਤਾਬਾਂ ਪੜ੍ਹ ਕੇ ਸੰਤਾਂ-ਮਹਾਪੁਰਸ਼ਾਂ ਨੂੰ ਮਤਾਂ ਦਿੰਦੇ ਫਿਰਦੇ ਹਨ। ਸੰਤਾਂ-ਮਹਾਂਪੁਰਸ਼ਾਂ ਨੇ ਤਾਂ ਕਮਾਈਆਂ ਕੀਤੀਆਂ ਹੋਈਆਂ ਹੁੰਦੀਆਂ ਹਨ। ਉਹਨਾਂ `ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੀਦਾ। ਹੁਣ ਤਾਂ ਹਰ ਪੜ੍ਹਿਆ ਲਿਖਿਆ ਵਿਅਕਤੀ ਆਪਣੇ ਆਪ ਨੂੰ ਵਿਦਵਾਨ ਸਮਝ ਰਿਹਾ ਹੈ।’ ਫਿਰ ਉਹਨਾਂ ਇੱਕ ਸਾਖੀ ਸੁਣਾਉਣੀ ਸ਼ੁਰੂ ਕੀਤੀ। ਜੋ ਇਸ ਤਰ੍ਹਾਂ ਹੈ:-
ਇਕ ਗੁਰਸਿੱਖ ਕਿਸੇ ਬੱਸ ਵਿੱਚ ਸਫਰ ਕਰ ਰਿਹਾ ਸੀ। ਉਸ ਨੇ ਬੱਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ `ਤੇ ਸਵਾਰ ਹੋਇਆਂ ਦੀ ਫੋਟੋ ਲੱਗੀ ਵੇਖੀ। ਉਸ ਗੁਰਸਿੱਖ ਨੇ ਸਿਰੋਂ ਮੋਨੇ ਡਰਾਇਵਰ ਤੇ ਕੰਡਕਟਰ ਨੂੰ ਪੁਛਿਆ ਕਿ ‘ਤੁਸੀਂ ਸਿੱਖ ਹੋਵੋਗੇ …। ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਗਾਈ ਹੈ।’
ਡਰਾਇਵਰ ਅਤੇ ਕੰਡਕਟਰ ਨੇ ਜਵਾਬ ਦਿਤਾ ਕਿ ‘ਨਹੀਂ ਅਸੀਂ ਮੁਸਲਮਾਨ ਹਾਂ।’ ਗੁਰਸਿੱਖ ਨੇ ਫਿਰ ਸਵਾਲ ਕੀਤਾ ਕਿ ‘ਬੱਸ ਦਾ ਮਾਲਿਕ ਸਿੱਖ ਹੋਵੇਗਾ!’ ਡਰਾਇਵਰ ਨੇ ਕਿਹਾ ਕਿ ‘ਨਹੀਂ ਉਹ ਵੀ ਮੁਸਲਮਾਨ ਹੈ।’ ਇਸ ਜਵਾਬ ਨਾਲ ਗੁਰਸਿੱਖ ਦੀ ਇਹ ਜਾਨਣ ਦੀ ਉਤਸੁਕਤਾ ਹੋਰ ਵੀ ਵੱਧ ਗਈ ਕਿ ਇੱਕ ਮੁਸਲਮਾਨ ਨੇ ਸਿੱਖ ਗੁਰੂ ਦੀ ਫੋਟੋ ਆਪਣੀ ਬੱਸ ਵਿੱਚ ਕਿਉਂ ਲਗਾਈ ਗਈ ਹੈ? ਗੁਰਸਿੱਖ ਜਿਸ ਕੰਮ-ਕਾਰ ਲਈ ਘਰੋਂ ਨਿਕਲਿਆ ਸੀ ਉਹ ਉਹਨੂੰ ਵਿਸਰ ਗਿਆ ਤੇ ਉਹ ਬੱਸ ਦੇ ਮਾਲਿਕ ਨੂੰ ਮਿਲਣ ਲਈ ਉਹਦੇ ਘਰ ਚੱਲ ਪਿਆ। ਜਦੋਂ ਉਸ ਦੀ ਕੋਠੀ ਵਿੱਚ ਗਿਆ ਤਾਂ ਉਸ ਨੇ ਦੇਖਿਆ ਕਿ ਜਿਸ ਕਮਰੇ ਵਿੱਚ ਬੱਸ ਦਾ ਮਲਿਕ ਬੈਠਾ ਸੀ। ਉਸ ਕਮਰੇ ਵਿੱਚ ਵੀ ਘੋੜੇ `ਤੇ ਸਵਾਰ ਗੁਰੂ ਗੋਬਿੰਦ ਸਿੰਘ ਦੀ ਵੱਡੇ ਆਕਾਰ ਵਾਲੀ ਫੋਟੋ ਲੱਗੀ ਹੋਈ ਸੀ। ਗੁਰਸਿੱਖ ਨੇ ਏਹੀ ਸਵਾਲ ਉਸ ਨੂੰ ਕੀਤਾ ਕਿ ‘ਤੁਸੀਂ ਮੁਸਲਮਾਨ ਹੋ ਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਗਾਈ ਹੋਈ ਹੈ। ਇਸ ਦਾ ਕੀ ਰਾਜ਼ ਹੈ? ਮੈਂ ਜਾਨਣਾ ਚਾਹੁੰਦਾ ਹਾਂ।’ ਉਸ ਮੁਸਲਮਾਨ ਨੇ ਕਿਹਾ ਕਿ ‘ਮੈਂ ਇਹ ਰਾਜ਼ ਤੈਨੂੰ ਨਹੀਂ ਦੱਸ ਸਕਦਾ।’ ਗੁਰਸਿੱਖ ਚੁੱਪ ਕਰ ਗਿਆ ਤੇ ਨਿਰਾਸ਼ ਜਿਹਾ ਹੋ ਕੇ ਬਾਹਰ ਜਾਣ ਲੱਗਾ ਕਹਿੰਦਾ ਕਿ ‘ਮੈਂ ਤਾਂ ਇਹ ਆਸ ਲੈ ਕੇ ਆਇਆ ਸੀ ਕਿ ਇਸ ਕਹਾਣੀ ਬਾਰੇ ਤੁਹਾਡੇ ਤੋਂ ਪੂਰਾ ਪਤਾ ਕਰਾਂ ਪਰ ਨਿਰਾਸ਼ ਹੀ ਵਾਪਿਸ ਜਾ ਰਿਹਾ ਹਾਂ।’ ਇਹ ਸੁਣ ਕੇ ਮੁਸਲਮਾਨ ਵੀਰ ਨੇ ਉਸ ਗੁਰਸਿੱਖ ਨੂੰ ਪਿਛੋਂ ਵਾਜ਼ ਮਾਰ ਲਈ ਤੇ ਬੈਠਣ ਲਈ ਕਿਹਾ। ਤੇ ਕਹਾਣੀ ਸੁਣਾਉਣ ਲੱਗਾ, ਉਸ ਨੇ ਕਿਹਾ ਕਿ ‘ਬਹੁਤ ਸਮਾਂ ਪਹਿਲਾਂ ਕਾਫੀ ਮਿਹਨਤ ਕਰਕੇ ਮੈਂ ਚਾਰ ਬੱਸਾਂ ਬਣਾਈਆਂ ਸਨ। ਜ਼ਿੰਦਗੀ ਠੀਕ-ਠਾਕ ਚੱਲ ਰਹੀ ਸੀ। ਮੇਰਾ ਹੱਸਦਾ-ਵੱਸਦਾ ਪਰਿਵਾਰ ਸੀ। ਪਰ ਅਚਾਨਕ ਮੈਨੂੰ ਅਧਰੰਗ ਹੋ ਗਿਆ ਤੇ ਮੇਰਾ ਇੱਕ ਪਾਸਾ ਮਾਰਿਆ ਗਿਆ। ਮੈਂ ਉੱਠਣ-ਬੈਠਣ ਜੋਗਾ ਨਾ ਰਿਹਾ। ਮੇਰੇ ਪਰਿਵਾਰ ਨੇ ਮੈਨੂੰ ਕੁੱਝ ਸਮਾਂ ਸਾਂਭਿਆ, ਫਿਰ ਉਹ ਅੱਕ ਗਏ। ਬੱਸਾਂ ਵਿੱਕ ਗਈਆਂ ਤੇ ਮੇਰਾ ਪਰਿਵਾਰ ਮੈਨੂੰ ਇਕੱਲੇ ਨੂੰ ਇਸ ਘਰ ਵਿੱਚ ਛੱਡ ਕੇ ਮੈਥੋਂ ਦੂਰ ਚਲਿਆ ਗਿਆ। ਗੁਆਂਢੀਆਂ ਨੇ ਵੀ ਕੁੱਝ ਕੁ ਦਿਨ ਮੈਨੂੰ ਸੰਭਾਲਿਆ। ਇੱਕ ਦਿਨ ਉਹ ਵੀ ਮੈਨੂੰ ਸੜਕ `ਤੇ ਬਿਠਾਲ ਗਏ ਤੇ ਮੇਰੇ ਸਾਹਮਣੇ ਇੱਕ ਵੱਡਾ ਸਾਰਾ ਕੌਲਾ ਰੱਖ ਦਿਤਾ। ਲੋਕ ਉਸ ਵਿੱਚ ਭੀਖ ਜਾਂ ਕੁੱਝ ਖਾਣ ਲਈ ਪਾ ਦਿੰਦੇ। ਇਸ ਤਰ੍ਹਾਂ ਕਾਫੀ ਸਮਾਂ ਮੈਂ ਗੁਜ਼ਾਰਾ ਕਰਦਾ ਰਿਹਾ। ਮੈਂ ਮੌਤ ਮੰਗ ਰਿਹਾ ਸੀ ਪਰ ਮੌਤ ਨਹੀਂ ਸੀ ਆ ਰਹੀ। ਇੱਕ ਦਿਨ ਉਸ ਸੜਕ `ਤੇ ਇੱਕ ਨਗਰ ਕੀਰਤਨ ਨਿਕਲ ਰਿਹਾ ਸੀ। ਇਹ ਨਗਰ ਕੀਰਤਨ ਪੈਦਲ ਹੀ ਹਜ਼ੂਰ ਸਾਹਿਬ ਨੂੰ ਜਾ ਰਿਹਾ ਸੀ। ਮੈਂ ਨਗਰ ਕੀਰਤਨ ਵਿੱਚ ਸ਼ਾਮਲ ਸ਼ਾਮਲ ਕੁੱਝ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਮੇਰੀ ਜਿੰਦਗੀ ਦਾ ਬਹੁਤ ਬੁਰਾ ਹਾਲ ਹੈ। ਮੌਤ ਤਾਂ ਮੈਨੂੰ ਆ ਹੀ ਜਾਣੀ ਹੈ। ਤੁਸੀਂ ਮੈਨੂੰ ਹਜ਼ੂਰ ਸਾਹਿਬ ਲੈ ਜਾਓ। ਉਥੇ ਜਾ ਕੇ ਮਰਾਂਗਾ ਤਾਂ ਗੁਰੂ ਸਾਹਿਬ ਸੰਭਾਲ ਲੈਣਗੇ। ਉਹਨਾਂ ਮੇਰੇ `ਤੇ ਤਰਸ ਕੀਤਾ ਤੇ ਮੈਨੂੰ ਚੱਕ ਕੇ ਇੱਕ ਗੱਡੀ ਵਿੱਚ ਪਾ ਲਿਆ। ਉਥੇ ਤਖ਼ਤ ਸਾਹਿਬ ਤੋਂ 50ਕੁ ਕਦਮਾਂ ਦੀ ਵਿੱਥ `ਤੇ ਮੈਨੂੰ ਉਹਨਾਂ ਇੱਕ ਥਾਂ ਬਿਠਾਲ ਦਿਤਾ। ਮੇਰੇ ਅੱਗੇ ਕੌਲਾ ਰੱਖ ਦਿਤਾ। ਕੋਈ ਉਸ ਵਿੱਚ ਰੋਟੀ ਪਾ ਦਿੰਦਾ ਤੇ ਕੋਈ ਪੈਸਾ-ਧੇਲਾ …। ਮੈਂ ਗੁਜ਼ਾਰਾ ਕਰਦਾ ਰਿਹਾ। ਇੱਕ ਦਿਨ ਉਥੇ ਨਗਰ ਕੀਰਤਨ ਨਿਕਲ ਰਿਹਾ ਸੀ। ਉਸ ਨਗਰ ਕੀਰਤਨ ਦੇ ਅੱਗੇ-ਅੱਗੇ ਇੱਕ ਘੋੜੇ ਨੂੰ ਸੇਵਾਦਾਰ ਫੜ੍ਹ ਕੇ ਲਿਜਾ ਰਹੇ ਸਨ। ਉਸ ਘੋੜੇ ਨੂੰ 6 ਸੇਵਾਦਾਰਾਂ ਨੇ ਫੜ੍ਹਿਆ ਹੋਇਆ ਸੀ। ਘੋੜਾ ਸਾਂਭਿਆ ਨਹੀਂ ਸੀ ਜਾ ਰਿਹਾ। ਮੈਂ ਦਸਮ ਪਾਤਿਸ਼ਾਹ ਨੂੰ ਮਨ ਵਿੱਚ ਯਾਦ ਕਰ ਰਿਹਾ ਸੀ। ਜਦੋਂ ਨਗਰ ਕੀਰਤਨ ਮੇਰੇ ਨੇੜੇ ਆਇਆ ਤਾਂ ਉਹ ਘੋੜਾ ਸੇਵਾਦਾਰਾਂ ਦੇ ਹੱਥੋਂ ਛੁੱਟ ਕੇ ਸਿੱਧਾ ਮੇਰੇ ਕੋਲ ਆ ਗਿਆ ਤੇ ਆਪਣੇ ਦੋਵੇਂ ਅਗਲੇ ਪੌੜ ਚੱਕ ਕੇ ਮੇਰੇ ਸਿਰ `ਤੇ ਰੱਖ ਦਿਤੇ। ਮੈਂ ਘਬਰਾ ਗਿਆ ਅਤੇ ਅੱਖਾਂ ਮੀਟ ਲਈਆਂ। ਮੈਨੂੰ ਘੋੜੇ ਉਪਰ ਗੁਰੂ ਗੋਬਿੰਦ ਸਿੰਘ ਸਵਾਰ ਹੋਏ ਨਜ਼ਰ ਆਏ। ਘੋੜੇ ਦੇ ਪੌੜਾਂ ਦੀ ਛੋਹ ਨਾਲ ਮੇਰਾ ਸਾਰਾ ਸਰੀਰ ਨੌ-ਬਰ-ਨੌ ਹੋ ਗਿਆ। ਮੇਰੇ ਸਾਰੇ ਰੋਗ ਕੱਟੇ ਗਏ। ਘੋੜੇ ਨੂੰ ਸੇਵਾਦਾਰ ਮੁੜ ਫੜ੍ਹ ਕੇ ਲੈ ਗਏ ਸਨ। ਮੈਂ ਉਠ ਕੇ ਖੜ੍ਹਾ ਹੋ ਗਿਆ। ਤੇ ਉਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ, ਜਿਸ ਥਾਂ `ਤੇ ਵੀ ਨਗਰ ਕੀਰਤਨ ਗਿਆ ਮੈਂ ਸਾਰੇ ਥਾਵਾਂ `ਤੇ ਨਾਲ ਹੀ ਗਿਆ। ਮੁੜ ਮੈਂ ਆਪਣੇ ਘਰ ਆ ਗਿਆ ਤੇ ਫਿਰ ਤੋਂ ਮਿਹਨਤ ਸ਼਼ੁਰੂ ਕੀਤੀ ਤੇ ਅੱਜ ਮੇਰੇ ਕੋਲ ਸੌ ਬੱਸਾਂ ਹਨ। ਹਰੇਕ ਬੱਸ ਵਿੱਚ ਘੋੜੇ `ਤੇ ਸਵਾਰ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾਈ ਹੋਈ ਹੈ। ਮੇਰੇ `ਤੇ ਕਿਰਪਾ ਤਾਂ ਗੁਰੂ ਗੋਬਿੰਦ ਸਿੰਘ ਦੀ ਹੋਈ ਸੀ। ਪਰ ਘੋੜਾ ਵਿਚੋਲਾ ਸੀ, ਇਸ ਲਈ ਮੈਂ ਇਸ ਨੂੰ ਨਹੀਂ ਭੁਲਿਆ। ਸਾਧ ਸੰਗਤ ਜੀ ਬੋਲੋ ਵਾਹਿਗੁਰੂ …।’
‘ਸਾਧ ਸੰਗਤ ਜੀ ਲੋਕ ਸਮਝਦੇ ਹਨ … ਗੁਰੂ ਗੋਬਿੰਦ ਸਿੰਘ ਇਥੋਂ ਚਲੇ ਗਏ ਹਨ। ਨਹੀਂ … ਉਹ ਕਿਧਰੇ ਨਹੀਂ ਗਏ ਉਹ ਤਾਂ ਇਥੇ ਹੀ ਹਨ। ਗੁਰੂ ਮਰਦੇ ਨਹੀਂ ਅਲੋਪ ਹੋ ਜਾਂਦੇ ਹਨ। ਕਰਨੀ ਵਾਲੇ ਸੰਤ ਜਿਵੇਂ ਨਾਨਕਸਰ ਵਾਲੇ, ਮਸਤੂਆਣੇ ਸਾਹਿਬ ਵਾਲੇ, ਰਾੜੇ ਸਾਹਿਬ ਵਾਲੇ ਅਤੇ ਹਰਖੋਵਾਲੀਏ ਸੰਤ ਮਰੇ ਨਹੀਂ … ਸੰਤ ਮਰਦੇ ਨਹੀਂ ਹੁੰਦੇ ਉਹ ਇਥੇ ਹੀ ਹਨ ਤੇ ਸਾਨੂੰ ਹਰ ਵਕਤ ਦੇਖਦੇ ਹਨ। ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹ ਆ ਕੇ ਸਾਡੀ ਮਦਦ ਕਰਦੇ ਹਨ।’
ਇਕ ਕਹਾਣੀ ਉਸ ਧਾਰਨਾ ਪੜ੍ਹਨ ਵਾਲੇ ਵਿਅਕਤੀ ਨੇ ਹੋਰ ਸੁਣਾਈ … ‘ਕਿ ਮਹਾਂਰਾਸ਼ਟਰ ਦੀ ਜੇਲ੍ਹ ਵਿੱਚ ਦੋ ਕੈਦੀ ਬੰਦ ਸਨ। ਉਹ ਕੈਦ ਵਿੱਚ ਆ ਕੇ ਬਹੁਤ ਦੁੱਖੀ ਹੋਏ। ਕੈਦ ਵਿੱਚੋਂ ਛੁੱਟਣਾ ਚਾਹੁੰਦੇ ਸਨ। ਪਰ ਕੋਈ ਹੀਲਾ ਨਹੀਂ ਸੀ ਬਣ ਰਿਹਾ। ਉਸੇ ਜੇਲ੍ਹ ਵਿੱਚ ਇੱਕ ਨਵਾਂ ਸਿਪਾਹੀ ਬਦਲ ਕੇ ਆਇਆ ਜਿਸ ਦੀ ਡਿਊਟੀ ਜੇਲ੍ਹ ਬੈਰਕਾਂ ਦੇ ਬਾਹਰ ਸੀ। ਉਹ ਹਰ ਰੋਜ਼ ਬਾਣੀ ਪੜ੍ਹਦਾ-ਪੜ੍ਹਦਾ ਜੇਲ੍ਹ ਵਿੱਚ ਡਿਊਟੀ ਕਰਦਾ ਸੀ। ਇੱਕ ਦਿਨ ਦੋਹਾਂ ਕੈਦੀਆਂ ਨੇ ਉਸ ਸਿਪਾਹੀ ਨੂੰ ਬਾਣੀ ਪੜ੍ਹਦਿਆਂ ਸੁਣਿਆ ਉਹ ਬੋਲ ਰਿਹਾ ਸੀ, ‘ਸਤਿਗੁਰ ਸਿੱਖ ਕੇ ਬੰਧਨ ਕਾਟੇ …॥’ ਉਹਨਾਂ ਦੋਹਾਂ ਕੈਦੀਆਂ ਨੇ ਸਿਪਾਹੀ ਤੋਂ ਪੁਛਿਆ ਕਿ ਕਿਹੜਾ ਸਤਿਗੁਰ ਬੰਧਨ ਕੱਟਦਾ ਹੈ? ਸਿਪਾਹੀ ਨੇ ਕਿਹਾ ਕਿ ‘ਉਹ ਸਤਿਗੁਰ ਗੁਰੂ ਗੋਬਿੰਦ ਸਿੰਘ ਹੈ ਜੋ ਹਰੇਕ ਦੇ ਬੰਧਨ ਕੱਟਦਾ ਹੈ।’ ਕੈਦੀਆਂ ਨੇ ਕਿਹਾ ਕਿ ‘ਉਹ ਕਿਥੇ ਹੈ?’ ਸਿਪਾਹੀ ਨੇ ਕਿਹਾ ਕਿ ‘ਉਹ ਤਾਂ 8 ਸਾਲ ਹੋ ਗਏ ਸੱਚਖੰਡ ਨੂੰ ਚਲੇ ਗਏ ਹਨ।’ ਕੈਦੀ ਇਹ ਸੁਣ ਕੇ ਨਿਰਾਸ਼ ਹੋ ਕੇ ਕਹਿਣ ਲੱਗੇ ਕਿ ‘ਫਿਰ ਹੁਣ ਸਾਡੇ ਬੰਧਨ ਕਿੱਦਾਂ ਕੱਟ ਸਕਦੇ ਹਨ, ਉਹ ਤਾਂ ਇਸ ਦੁਨੀਆਂ ਤੋਂ ਚਲੇ ਗਏ ਹਨ।’ ਸਾਧ ਸੰਗਤ ਜੀ ਉਸ ਸਿਪਾਹੀ ਨੇ ਕਿਹਾ ਕਿ ਭਲਿਓ ਲੋਕੋ … ਉਹ ਤਾਂ ਅੱਜ ਵੀ ਸਾਡੇ ਕੋਲ ਹਨ। ਜਦੋਂ ਉਹਨਾਂ ਨੂੰ ਯਾਦ ਕਰੋ … ਉਹ ਹਾਜ਼ਰ ਹੋ ਜਾਂਦੇ ਹਨ। ਤੁਸੀਂ ਬਾਣੀ ਪੜ੍ਹਿਆ ਕਰੋ … ਸਤਿਗੁਰ ਗੁਰੂ ਗੋਬਿੰਦ ਸਿੰਘ ਤੁਹਾਡੇ ਬੰਧਨ ਜਰੂਰ ਕੱਟਣਗੇ।’ ਉਹ ਕੈਦੀ ਫਿਰ ਬਾਣੀ ਪੜ੍ਹਨ ਲੱਗੇ। ਜੇਲ੍ਹ ਤੋਂ ਛੁਟਕਾਰਾ ਪਾਉਣ ਲਈ ਗੁਰੂ ਅੱਗੇ ਅਰਦਾਸ ਕਰਨ ਲੱਗੇ। ਇੱਕ ਦਿਨ ਤੜਕਸਾਰ ਨੂੰ ਜਦੋਂ ਉਹ ਬਾਣੀ ਪੜ੍ਹ ਰਹੇ ਸਨ ਤਾਂ ਸਾਰੀ ਜੇਲ੍ਹ ਵਿੱਚ ਇਕਦਮ ਪ੍ਰਕਾਸ਼ ਹੋ ਗਿਆ। ਜਿਵੇਂ ਜੇਲ੍ਹ ਵਿੱਚ ਸੂਰਜ ਚੜ੍ਹ ਆਇਆ ਹੋਵੇ। ਉਹਨਾਂ ਦੇਖਿਆ ਉਹਨਾਂ ਦੀ ਜੇਲ੍ਹ ਕੋਠੜੀ ਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਘੋੜੇ `ਤੇ ਸਵਾਰ ਹੋਏ ਖੜ੍ਹੇ ਸਨ। ਤੇ ਦੋਹਾਂ ਕੈਦੀਆਂ ਨੂੰ ਗੁਰੂ ਜੀ ਨੇ ਕਿਹਾ ਕਿ ‘ਆਓ … ਮੇਰੇ ਘੋੜੇ `ਤੇ ਬੈਠ ਜਾਓ।’ ਉਹ ਕੈਦੀ ਘੋੜੇ `ਤੇ ਬੈਠ ਗਏ ਤੇ ਸਮੇਤ ਘੋੜਾ ਗੁਰੂ ਜੀ ਅਸਮਾਨ ਵਿੱਚ ਉੱਡਣ ਲੱਗੇ ਪਏ। ਜੇਲ੍ਹ ਤੋਂ ਬਾਹਰ ਜਾ ਕੇ ਕੈਦੀਆਂ ਨੂੰ ਘੋੜੇ ਤੋਂ ਉਤਾਰ ਦਿਤਾ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੋਹਾਂ ਨੂੰ ਕਿਹਾ ਕਿ ਹੁਣ ਤੁਸੀਂ ਸਿੱਧੇ ਹਜ਼ੂਰ ਸਾਹਿਬ ਜਾਓ ਤੇ ਉਥੇ ਜਾ ਕੇ ਸੰਗਤ ਨੂੰ ਦੱਸਿਓ ਕਿ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਜੇਲ੍ਹ ਵਿੱਚੋਂ ਛੁਡਾਅ ਕੇ ਲਿਆਂਦਾ ਹੈ ਅਤੇ ਗੁਰੂ ਕਿਤੇ ਗਿਆ ਨਹੀਂ … ਇਥੇ ਹੀ ਹੈ।’
ਮੂਰਤੀ ਅਤੇ ਸ਼ਖਸ਼ੀ ਪੂਜਾ ਨੂੰ ਉਤਸਾਹਿਤ ਕਰਦਾ ਇਹ ਸੰਤਸੰਗ ਸੁਣਦਿਆਂ ਮੇਰੇ ਜ਼ਿਹਨ ਵਿੱਚ ਸਵਾਲ ਉਠਿਆ ਕਿ ਦੇਸ਼ ਦੀਆਂ ਜੇਲ੍ਹਾਂ ਵਿੱਚ ਅਨੇਕਾਂ ਹੀ ਸਿੰਘ ਜਿਹਨਾ ਖੰਡੇ ਦੀ ਪਾਹੁਲ ਵੀ ਲਈ ਹੋਈ ਹੈ ਅਤੇ ਨਿੱਤਨੇਮੀ ਵੀ ਹਨ, ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਜਿਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ, ਫਿਰ ਵੀ ਸਰਕਾਰ ਉਹਨਾਂ ਨੂੰ ਰਿਹਾਅ ਨਹੀਂ ਕਰ ਰਹੀ। ਗੁਰੂ ਗੋਬਿੰਦ ਸਿੰਘ ਜੀ ਉਹਨਾਂ ਕੈਦੀਆਂ ਦੀ ਸਾਰ ਕਿਉਂ ਨਹੀਂ ਲੈ ਰਹੇ? ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਵੀ ਸਾਖੀ ਸੁਨਾਉਣ ਵਾਲੇ ਵਿਅਕਤੀ ਨੂੰ ਨਜ਼ਰ ਨਾ ਆਈ। ਉਪਰੋਕਤ ਕਹਾਣੀਆਂ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਸਤਿਕਾਰਯੋਗ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਠੰਡੇ ਬੁਰਜ ਵਿੱਚ ਕੈਦ ਸਨ ਤੇ ਸਰਹਿੰਦ ਦਾ ਨਵਾਬ ਉਹਨਾਂ ਨੂੰ ਤਸੀਹੇ ਦੇ ਰਿਹਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਉਂ ਨਹੀਂ ਉਹਨਾਂ ਦੇ ਬੰਧਨ ਕੱਟੇ। ਮੈਨੂੰ ਲੱਗਿਆ ਕਿ ਕਿਸੇ ਡੇਰੇ ਦਾ ਇਹ ਵਿਅਕਤੀ ਸਾਰੀ ਸੰਗਤ ਨੂੰ ਬੇਵਕੂਫ ਬਣਾ ਰਿਹਾ ਹੈ। ਇਸ ਵਿਅਕਤੀ ਨੂੰ ਕੀਰਤਨ ਕਰਨ ਲਈ ਸਵਾ ਇੱਕ ਵਜੇ ਤੱਕ ਦਾ ਸਮਾਂ ਦਿਤਾ ਗਿਆ ਸੀ ਪਰ ਜਦੋਂ ਉਸ ਨੇ ਵੇਖ਼ਿਆ ਕਿ ਹੁਣ ਲੋਕ ਵਾਜੇ `ਤੇ ਮਾਇਆ ਨਹੀਂ ਰੱਖ ਰਹੇ ਤਾਂ ਉਹਨੇ ਇੱਕ ਵਜੇ ਹੀ ਸਮਾਪਤੀ ਕਰਨ ਦਾ ਫੁਰਮਾਨ ਕਰ ਦਿਤਾ ਅਤੇ ਕਿਹਾ ਕਿ ‘ਆਓ ਹੁਣ ਆਖਿਰ ਵਿੱਚ ਉਹ ਧਾਰਨ ਬੋਲ ਕੇ ਸਮਾਪਤੀ ਕਰੀਏ ਜਿਸ ਨੂੰ ਬੋਲਣ ਦੀ ਮੈਨੂੰ ਸਿਫਾਰਸ਼ ਕੀਤੀ ਗਈ ਸੀ।’ ਤੇ ਉਹਨਾਂ ਧਾਰਨ ਬੋਲੀ ਕਿ
ਬਾਜ਼ੀ ਜਿੱਤ ਗਏ ਗੁਰਾਂ ਦੇ ਪਿਆਰੇ
ਮਨਮੁੱਖ ਹਾਰ ਗਏ।
ਗੁਰਸਿੱਖੋ ਹੁਣ ਤੁਸੀਂ ਹੀ ਫੈਸਲਾ ਕਰੋ ਕਿ ਅਜਿਹੇ ਸੰਤਸੰਗ ਵਿੱਚੋਂ ਕਿਹੜਾ ਲਾਹਾ ਖੱਟਿਆ ਜਾ ਸਕਦਾ ਹੈ? ਅਜਿਹੇ ਸਤਸੰਗ ਭਵਸਾਗਰ ਤੋਂ ਕਿਵੇਂ ਪਾਰ ਕਰ ਸਕਦੇ ਹਨ? ਸੁਕੇ ਕਾਸਟ ਹਰੇ ਕਿਵੇਂ ਹੋ ਸਕਦੇ ਹਨ? ਕੀ ਗੁਰੂ ਸਾਹਿਬ ਨੇ ਅਜਿਹੇ ਸਤਸੰਗਾਂ ਦਾ ਸੰਕਲਪ ਕੀਤਾ ਸੀ? ਚੌਥੇ ਸਤਿਗੁਰ ਜੀ ਨੇ ਗੁਰਬਾਣੀ ਵਿੱਚ ਠੀਕ ਹੀ ਕਿਹਾ ਹੈ ਕਿ:
ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥ ਪੰਨਾ 95
ਭਾਵ: ਚੰਗੀ ਕਿਸਮਤ ਤੋਂ ਬਿਨ੍ਹਾਂ ਸਾਧ ਸੰਗਿਤ ਨਹੀਂ ਮਿਲਦੀ। ਸਾਧ ਸੰਗਤਿ ਤੋਂ ਬਿਨਾਂ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿਬੜਿਆ ਰਹਿੰਦਾ ਹੈ।
ਸਤਸੰਗ ਜਿਹਨਾਂ ਵਿੱਚ ਗੁਰਮਤਿ ਦੀ ਗੱਲ ਹੁੰਦੀ ਹੋਵੇ ਹੁਣ ਕਿਧਰੇ ਵਿਰਲਾ ਹੀ ਸੁਣਨ ਨੂੰ ਮਿਲਦਾ ਹੈ। ਨਹੀਂ ਤਾਂ ਗੁਰਦੁਆਰਿਆਂ ਵਿੱਚ ਡੇਰੇਦਾਰਾਂ, ਕਰਮਕਾਂਡੀ ਕਥਾਵਾਚਕਾਂ ਅਤੇ ਕੀਰਤਨੀਆਂ ਕੋਲੋਂ ਤਾਂ ਐਹੋ ਜਿਹੀਆਂ ਕਲਪਤ, ਮਨਘੜ੍ਹਤ ਅਤੇ ਬੇਸਿਰ-ਪੈਰ ਕਰਾਮਾਤੀ ਕਹਾਣੀਆਂ ਹੀ ਸੁਨਣ ਨੂੰ ਮਿਲਦੀਆਂ ਹਨ। ਜਿਹਨਾਂ ਦਾ ਗੁਰਮਤਿ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਫਿਰ ਸਤਸੰਗ ਕਰਨ ਦਾ ਲਾਭ ਕਿਸ ਤਰ੍ਹਾਂ ਮਿਲ ਸਕਦਾ ਹੈ? ਹੁਣ ਦੇ ਜ਼ਿਆਦਾ ਸੰਤਸੰਗ ਤਾਂ ਸਿੱਖਾਂ ਨੂੰ ਡੋਬਣ ਵਾਲੇ ਹਨ … ਤਾਰਨ ਵਾਲੇ ਨਹੀਂ। ਗੁਰੂ ਸਾਹਿਬਾਨ ਸਮੱਤ ਬੱਖਸ਼ਣ!
ਅੱਜ ਕਲ ਅਕਸਰ ਹਰ ਭੋਗ ਸਮੇਂ ਇਸ ਕਿਸਮ ਦੇ ਹੀ ਸਤਸੰਗ ਹੋਇਆ ਕਰਦੇ ਹਨ। ਅਜਿਹੇ ਸਤਸੰਗ ਸਮੇਂ ਕਥਾਵਾਚਕ ਅਤੇ ਕੀਰਤਨੀਏ ਨੂੰ ਅਨੇਕਾਂ ਹੀ ਸਵਾਲ ਪੁੱਛਣ ਦਾ ਮਨ ਕਰਦਾ ਹੈ। ਫਿਰ ਇਸ ਡਰੋਂ ਚੁੱਪ ਰਹੀਦਾ ਹੈ ਕਿ ਕਿਤੇ ਭੋਗ ਕਰਵਾਉਣ ਵਾਲਾ ਪਰਿਵਾਰ ਇਹ ਨਾ ਕਹੇ ਕਿ ਤੁਸੀਂ ਸਾਡੇ ਰੰਗ ਵਿੱਚ ਭੰਗ ਪਾਇਆ ਹੈ। ਪਰ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਸਬੰਧ ਵਿੱਚ ਹੁਕਮ ਕਰਨ ਕਿ ਕਿਸੇ ਵੀ ਭੋਗ ਤੋਂ ਬਾਅਦ ਕਥਾ ਕਰਨ ਵਾਲੇ ਡੇਰੇਦਾਰਾਂ ਦੇ ਕਥਾਵਾਚਕਾਂ ਤੋਂ ਜਾਂ ਕੀਰਤਨ ਕਰਨ ਵਾਲੇ ਕੀਰਤਨੀਆਂ ਤੋਂ ਜਾਂ ਢਾਡੀ ਵਾਰਾਂ ਸੁਨਾਉਣ ਵਾਲੇ ਢਾਡੀਆਂ ਤੋਂ ਸੰਗਤ ਵਿੱਚ ਪਏ ਕਥਾ ਬਾਰੇ ਪਏ ਸ਼ੰਕਿਆਂ ਨੂੰ ਦੂਰ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਸੰਗਤਾਂ ਦੇ ਸਨਮੁੱਖ ਕਿਸੇ ਵੀ ਵਿਅਕਤੀ ਨੂੰ ਉਹਨਾਂ ਤੋਂ ਸਵਾਲ ਪੁੱਛਣ ਦਾ ਅਧਿਕਾਰ ਹੋਵੇ। ਕਥਾਵਾਚਕ, ਕੀਰਤਨੀਏ ਅਤੇ ਢਾਡੀ ਸੰਗਤ ਦੇ ਸਵਾਲਾਂ ਦਾ ਜੁਆਬ ਦੇਣ ਲਈ ਬਚਨਬੱਧ ਹੋਣ ਅਤੇ ਕੋਈ ਵੀ ਇਸ ਦਾ ਬੁਰਾ ਨਾ ਮਨਾਏ। ਸੰਗਤ ਦੇ ਸਾਰੇ ਸ਼ੰਕਿਆਂ ਨੂੰ ਦੂਰ ਕਰਨ ਸਮੇਂ ਨਿਮਰਤਾ ਵਾਲਾ ਮਾਹੌਲ ਬਣਾਈ ਰੱਖਣ।
ਮਿਲਿ ਸਤਸੰਗਤਿ, ਕੀਜੈ ਹਰਿ ਗੋਸਿਟ,
ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ॥ ਪੰਨਾ 1118
ਹੇ ਭਾਈ! ਸਤਸੰਗਤ ਵਿੱਚ ਆ ਕੇ ਗੁਰੂ ਉਪਦੇਸ਼ ਸੁਣੋ। ਗੁਰੂ ਤੋਂ ਸਵਾਲ ਪੁੱਛੋ। ਗੁਰੂ ਨਾਲ ਗੋਸਟੀ ਕਰੋ, ਰੱਬ ਬਾਰੇ ਤੇ ਜ਼ਿੰਦਗੀ ਦੀ ਸਫਲਤਾ ਬਾਰੇ ਸਾਰੇ ਤਰ੍ਹਾਂ ਦਾ ਗਿਆਨ ਗੁਰੂ ਤੋਂ ਮਿਲੇਗਾ। ਡੇਰਾਵਾਦ ਦੀ ਚੜ੍ਹਤ ਤੇ ਪੁਸ਼ਤਪਨਾਹੀ ਨੂੰ ਕੌਮ ਅਤੇ ਗੁਰਮਤਿ ਸਿਧਾਂਤਾਂ ਦੀ ਬਦਕਿਸਮਤੀ ਕਿਹਾ ਜਾ ਸਕਦਾ ਹੈ। ਗੁਰਸਿੱਖੋ! ਜੇ ਗੁਰਮਤਿ ਸਿਧਾਂਤਾਂ ਅਤੇ ਗੁਰੂ ਸਾਹਿਬਾਨ ਦੇ ਉੱਚੇ ਤੇ ਪਵਿੱਤਰ ਬਚਨਾਂ ਨਾਲ ਤੋੜ ਨਿਭਾਉਣਾ ਚਾਹੁੰਦੇ ਹੋ ਤਾਂ ਬਾਣੀ ਨੂੰ ਅਜਿਹੇ ਕੁ-ਸਤਸੰਗਾਂ ਵਿੱਚ ਸੁਨਣ ਦੀ ਬਾਜਾਇ ਆਪ ਅਰਥਾਂ ਸਮੇਤ ਪੜ੍ਹੋ ਅਤੇ ਮਨ ਵਿੱਚ ਵਸਾਓ। ਸਿਰਫ ‘ਧੁਰ ਕੀ ਬਾਣੀ’ ਗੁਰਬਾਣੀ ਨਾਲ ਜੁੜੋ ਮਨੁੱਖਾਂ ਨਾਲ ਨਾ ਜੁੜੋ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਜਿਲ੍ਹਾ ਕਪੂਰਥਲਾ
ਮੋਬਾਇਲ 88728-54500




.