.

(ਨੋਟ:-ਸ: ਗੁਰਿੰਦਰ ਸਿੰਘ ਪਾਲ ਦੀ ਇਹ ਤੀਸਰੀ ਖਾਸ ਜਾਣਕਾਰੀ ਵਾਲੀ ਲਿਖਤ ਹੈ। ਇਸ ਤੋਂ ਪਹਿਲਾਂ ਉਹ ਗੁਰਦੁਆਰਾ ਝੂਲਣੇ ਮਹਿਲ ਅਤੇ ਰਿੱਠੇ ਮੀਠਿਆਂ ਦੀ ਅਸਲੀਅਤ ‘ਸਿੱਖ ਮਾਰਗ’ ਰਾਹੀਂ ਪਾਠਕਾਂ ਨੂੰ ਪੇਸ਼ ਕਰ ਚੁੱਕੇ ਹਨ। ਗਿਆਨਵਾਨ ਸਿੱਖਾਂ ਨੂੰ ਇਸ ਲਿਖਤ ਤੋਂ ਗਿਆਨ ਮਿਲੇਗਾ ਪਰ ਅੰਧ-ਵਿਸ਼ਵਾਸ਼ੀ ਸਾਧਾਂ ਦੇ ਚੇਲਿਆਂ ਨੂੰ ਤਕਲੀਫ ਹੋਵੇਗੀ-ਸੰਪਾਦਕ)

ਗੁਰਦੁਆਰਾ ਨਾਨਕ ਮਤਾ

ਉੱਤਰਾਖੰਡ ਵਿੱਚ ਇਤਿਹਾਸਕ ਕਹੇ ਜਾਂਦੇ ਤਿੰਨ ਗੁਰਦਵਾਰੇ ਹਨ: ਹੇਮਕੁੰਟ ‘ਸਾਹਿਬ’, ਰੀਠਾ ‘ਸਾਹਿਬ’ ਅਤੇ ਨਾਨਕ ਮਤਾ ‘ਸਾਹਿਬ’। ਹੇਮਕੁੰਟ ਦੇ ਗੁਰਦੁਆਰੇ ਦਾ ਆਧਾਰ ਕੋਈ ਇਤਿਹਾਸ ਨਹੀਂ ਸਗੋਂ ਸੁਧਾ ਮਿਥਿਹਾਸ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪੂਰਵ ਜਨਮ ਨਾਲ ਜੋੜੇ ਗਏ ਇਸ ਸਥਾਨ ਦੀ ਹੋਂਦ ਦੀਆਂ ਜੜਾਂ ਮਹਾਭਾਰਤ ਗ੍ਰੰਥ ਵਿੱਚ ਹਨ! ਹੇਮਕੂਟ ਜਾਂ ਹੇਮਕੁੰਟ ਪਰਬਤ ਦਾ ਸੰਕਲਪ ਸੰਸਕ੍ਰਿਤ ਦੇ ਇਸ ਗ੍ਰੰਥ (ਮਹਾਭਾਰਤ) ਵਿੱਚੋਂ ਲੈ ਕੇ ਅਖੌਤੀ ਦਸਮ ਗ੍ਰੰਥ/ਵਿਚਿਤ੍ਰ ਨਾਟਕ ਵਿੱਚ ਘਸੋੜਿਆ ਗਿਆ; ਅਤੇ 18ਵੀਂ, 19ਵੀਂ ਤੇ 20ਵੀਂ ਸਦੀ ਦੇ ‘ਵਿਦਵਾਨ’ ਲੇਖਕਾਂ, ਪੰਡਤ ਤਾਰਾ ਸਿੰਘ ਨਰੋਤਮ (ਕਰਤਾ ਗੁਰਤੀਰਥ ਸੰਗ੍ਰਹ), ਕਵੀ ਸੰਤੋਖ ਸਿੰਘ (ਕਰਤਾ ਗੁਰਪਰਤਾਪ ਸੂਰਜ ਪ੍ਰਕਾਸ਼) ਅਤੇ ਭਾਈ ਵੀਰ ਸਿੰਘ (ਸ੍ਰੀ ਕਲਗੀਧਰ ਚਮਤਕਾਰ) ਆਦਿ, ਨੇ ਵਿਚਿੱਤਰ ਨਾਟਕ ਵਿੱਚੋਂ ਚੁੱਕ ਕੇ ਆਪਣੀਆਂ ਗੁਰਮਤਿ-ਵਿਰੋਧੀ ਰਚਨਾਵਾਂ ਰਾਹੀਂ ਅੰਧਵਿਸ਼ਵਾਸੀ ਸਿੱਖਾਂ ਦੇ ਸਿਰ ਮੜ੍ਹ ਦਿੱਤਾ। 1930ਵਿਆਂ ਤੋਂ ਬਾਅਦ, ਕੁੱਝ ਇੱਕ ਭੇਡਚਾਲੀਏ ਸ਼੍ਰੱਧਾਲੂਆਂ ਦੇ ‘ਉੱਦਮ’ ਨਾਲ ਇਸ ਸਥਾਨ `ਤੇ ‘ਗੁਰ-ਸਥਾਨ’ ਦੀ ਉਸਾਰੀ ਕਰ ਲਈ ਗਈ। ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਦਾਰਾਂ (ਸਾਬਕਾ ਤੇ ਵਰਤਮਾਨ) ਨੇ ਇਸ ਮਿਥਿਹਾਸ ਨੂੰ ਇਤਿਹਾਸ ਦੱਸ ਕੇ ਪੰਥ-ਪ੍ਰਵਾਣਿਤ ਘੋਸ਼ਿਤ ਕਰ ਦਿੱਤਾ। ਮੌਕਾਪਰਸਤ ਮਾਇਆਧਾਰੀ ਜਥੇਦਾਰਾਂ, ਰਾਗੀਆਂ, ਪੁਜਾਰੀਆਂ ਤੇ ਪ੍ਰਚਾਰਕਾਂ ਆਦਿ ਨੇ ਆਪਣੇ ਭਰਮਪੂਰਨ ਪ੍ਰਚਾਰ ਰਾਹੀਂ ਇਸ ਮਿਥਿਹਾਸਕ ਸੰਕਲਪ ਨੂੰ ਸ਼ਰੱਧਾਲੂਆਂ ਦੀ ਮੂੜ੍ਹ ਮਾਨਸਿਕਤਾ ਵਿੱਚ ਹਮੇਸ਼ਾ ਵਾਸਤੇ ਰਚਾ ਦਿੱਤਾ ਹੈ। ਹੇਮਕੁੰਟ ਦੇ ਗੁਰੁਦੁਆਰੇ ਦੇ ਮੁੱਦੇ `ਤੇ ਵਿਵਾਦਮਈ ਚਰਚਾ ਹੁੰਦੀ ਹੀ ਰਹਿੰਦੀ ਹੈ।

ਰੀਠਾ ‘ਸਾਹਿਬ’ ਅਤੇ ਨਾਨਕ ਮਤਾ ‘ਸਾਹਿਬ’ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਹੈ। ਰੀਠਾ ‘ਸਾਹਿਬ’ ਦੇ ਸੱਚ ਸੰਬੰਧੀ ਲੇਖ ਪਹਿਲਾਂ ਲਿਖਿਆ ਜਾ ਚੁੱਕਿਆ ਹੈ। ਹੱਥਲੇ ਲੇਖ ਵਿੱਚ ਅਸੀਂ ਨਾਨਕ ਮਤਾ ਬਾਰੇ ਗੱਲ ਕਰਾਂਗੇ।

ਨਾਨਕ ਮਤਾ ਉਤਰਾਖੰਡ ਦੇ ਸ਼ਹੀਦ ਊਧਮ ਸਿੰਘ ਨਗਰ ਜ਼ਿਲੇ ਵਿੱਚ ਸਿਤਾਰ ਗੰਜ ਦੇ ਲਾਗੇ ਇੱਕ ਛੋਟਾ ਜਿਹਾ ਸ਼ਹਿਰ ਹੈ। ਕਿਸੇ ਜ਼ਮਾਨੇ ਵਿੱਚ ਇਹ ਉਜਾੜ-ਬੀਆਬਾਨ ਇਲਾਕਾ ਸੀ ਅਤੇ ਇੱਥੇ ਵਿਰਕਤ/ਇਕਾਂਤਵਾਸੀ ਗੋਰਖ-ਪੰਥੀ ਨਾਥ-ਜੋਗੀਆਂ ਦਾ ਮਠ ਹੋਇਆ ਕਰਦਾ ਸੀ। ਸਿਧ ਮਤ ਅਥਵਾ ਗੋਰਖ ਮਤ ਦੀ ਸਿੱਖਿਆ ਦਾ ਕੇਂਦ੍ਰ ਹੋਣ ਕਾਰਣ ਇਸ ਸਥਾਨ ਨੂੰ ਸਿਧ-ਮਤਾ ਜਾਂ ਗੋਰਖ-ਮਤਾ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਇੱਕ ਉਦਾਸੀ ਦੌਰਾਨ ਗੋਰਖਮਤੇ ਆ ਕੇ ਸਿੱਧਾਂ ਨਾਲ ਅਧਿਆਤਮਿਕ ਵਿਚਾਰ-ਵਿਮਰਸ਼ ਕੀਤੇ। ਗੁਰੂ ਨਾਨਕ ਦੇਵ ਜੀ ਦੇ ਵੱਖ ਵੱਖ ਥਾਵਾਂ `ਤੇ ਸਿਧਾਂ ਨਾਲ ਕੀਤੇ ਫ਼ਲਸਫ਼ਾਨਾ ਸੰਵਾਦਾਂ ਦਾ ਸੱਚ ਗੁਰੂ ਨਾਨਕ ਦੇਵ ਜੀ ਦੀ ਦਾਰਸ਼ਨਿਕ ਰਚਨਾ "ਸਿਧਗੋਸਟਿ", ਬਾਣੀ ਜਪੁ ਦੀਆਂ ਚਾਰ (28 ਤੋਂ 31) ਪਉੜੀਆਂ ਅਤੇ ਹੋਰ ਕਈ ਸ਼ਬਦਾਂ ਤੇ ਤੁਕਾਂ ਵਿੱਚ ਉਪਲਬਧ ਹੈ। 19ਵੀਂ ਸਦੀ ਦੇ ਦੂਜੇ ਅਤੇ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ, ਗੁਰੂ ਨਾਨਕ ਦੇਵ ਜੀ ਦੀ ਸਿਧਾਂਤਕ ਬਾਣੀ ਨੂੰ ਅਣਗੌਲਿਆ ਕਰਕੇ ਅਤੇ ਨਾਨਕ-ਫ਼ਲਸਫ਼ੇ ਦੇ ਸਦੀਵੀ ਸੱਚ ਤੋਂ ਬੇਮੁਖ ਹੋਕੇ, ਮਨਮਤਿ ਦੇ ਪ੍ਰਭਾਵ ਹੇਠ ਰਚੀਆਂ ਗਈਆਂ ਕੁੱਝ ਇੱਕ ਕੱਚੀਆਂ ਕਿਤਾਬਾਂ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਨਾਮ `ਤੇ ਗੋਰਖ-ਮਤੇ ਵਿਖੇ ਗੁਰਦੁਆਰੇ ਸਥਾਪਿਤ ਕਰ ਲਏ ਗਏ। ਵਕਤ ਨੇ ਕਰਵਟ ਬਦਲੀ, ਸਿਧ-ਮਤ ਦੇ ਢਲਣ ਅਤੇ ਗੁਰਮਤਿ ਦੇ ਜ਼ੋਰ ਫੜਣ ਨਾਲ, ਗੋਰਖ-ਮਤੇ ਜਾਂ ਸਿਧ-ਮਤੇ ਨੂੰ ਨਾਨਕ ਮਤਾ ਕਿਹਾ ਜਾਣ ਲੱਗਾ।

ਨਾਨਕਮਤੇ ਵਿਖੇ ਵੱਡੇ ਛੋਟੇ ਕਈ ਗੁਰੁਦੁਆਰੇ ਤੇ ਪੂਜਾ-ਸਥਾਨ ਬਣਾ ਲਏ ਗਏ ਹਨ: 1. ਮੁੱਖ ਗੁਰਦੁਆਰਾ; ਇਸ ਦੇ ਦੀਵਾਨ-ਹਾਲ ਵਿੱਚ ਦੋ ਹੋਰ ਪੂਜ-ਸਥਾਨ ਬਣਾਏ ਗਏ ਹਨ: ਇਕ, ਭੋਰਾ ‘ਸਾਹਿਬ’ ਤੇ ਦੂਜਾ, ਧੂੰਣਾ ‘ਸਾਹਿਬ’ ਜੀ 2. ਪਿੱਪਲ ‘ਸਾਹਿਬ’ 3. ਗੁਰਦੁਆਰਾ ਭੰਡਾਰਾ ‘ਸਾਹਿਬ’ ਜਾਂ ਗੁਰਦੁਆਰਾ ਭੰਡਾਰਾ ਬੋਹੜ ਜਾਂ ਭੰਡਾਰੀ ਬੋਹੜ ‘ਸਾਹਿਬ’ 4. ਗੁਰਦੁਆਰਾ ਦੁੱਧ ਵਾਲਾ ਖੂਹ ‘ਸਾਹਿਬ’ 5. ਬਾਉਲੀ ‘ਸਾਹਿਬ’ 6. ਗੁਰਦੁਆਰਾ ਪਾਤਸ਼ਾਹੀ ਛੇਵੀਂ 7. ਸਰੋਵਰ ‘ਸਾਹਿਬ’ ਅਤੇ 8. ਬਾਬਾ ਅਲਮਸਤ ਦੀ ਸਮਾਧ…। 9. ਮੁਖ ਗੁਰੁਦੁਆਰੇ ਦੇ ਸੱਜੇ ਹੱਥ ਇੱਕ ਅਜਾਇਬ ਘਰ ਵੀ ਹੈ ਜਿੱਥੇ ਗੁਰੂਆਂ ਤੋਂ ਬਿਨਾਂ ਕਈ ਹੋਰ ‘ਹਸਤੀਆਂ’ ਦੇ ਕਾਲਪਨਿਕ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਹੋਈ ਹੈ।

ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮਤਾ ਸਾਹਿਬ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਵੰਡੇ ਜਾਂਦੇ ਕਿਤਾਬਚੇ ਅਤੇ ਉਥੋਂ ਦੇ ‘ਸੇਵਾਦਾਰਾਂ’ ਦੁਆਰਾ ਦੱਸੇ ਅਨੁਸਾਰ ਇਨ੍ਹਾਂ ਸਾਰੇ ਗੁਰ-ਅਸਥਾਨਾਂ ਦਾ ਕਥਿਤ ਇਤਿਹਾਸ ਦਰਅਸਲ ਅਤਿਅੰਤ ਹਾਸੋਹੀਣਾ ਮਿਥਿਹਾਸ ਹੈ। ਹੇਠ ਲਿਖੇ ਤੱਥਾਂ ਨੂੰ ਵਿਚਾਰਨ ਉਪਰੰਤ ਇਸ ਕਥਨ ਦੀ ਹੋਰ ਪੁਸ਼ਟੀ ਦੀ ਲੋੜ ਹੀ ਨਹੀਂ ਰਹਿੰਦੀ।

(ਨੋਟ:- ਤਿਰਛੇ ਫ਼ੌਂਟ ਤੇ ਪੁੱਠੇ ਕੌਮਿਆਂ ਵਿੱਚ ਦਿੱਤੇ ਵਿਸਤਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੰਡੇ ਜਾਂਦੇ ਕਿਤਾਬਚੇ ਵਿੱਚੋਂ ਹਨ।)

ਮੁੱਖ ਗੁਰਦੁਆਰਾ: ਇਹ ਉਹ ਸਥਾਨ ਕਿਹਾ ਜਾਂਦਾ ਹੈ ਜਿੱਥੇ:

"……ਇਹਨਾਂ (ਸਿੱਧਾਂ ਜੋਗੀਆਂ) ਦੇ ਭਰਮਾਂ ਪਖੰਡਾਂ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਜੀਵਾਂ ਦਾ ਉਧਾਰ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ"।

"ਭਰਮ ਪਖੰਡਾਂ ਨੂੰ ਦੂਰ ਕਰਨ" ਅਤੇ "ਜੀਵਾਂ ਦਾ ਉਧਾਰ" ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਜੋ ਕਥਿਤ ਉਪਾਅ ਤੇ ਯਤਨ ਕੀਤੇ, ਉਨ੍ਹਾਂ ਦਾ, ਗੁਰਸਿੱਖ ਯਾਤ੍ਰੀਆਂ ਨੂੰ ਬੇਹਦ ਨਿਰਾਸ਼ ਤੇ ਸ਼ਰਮਸਾਰ ਕਰ ਦੇਣ ਵਾਲਾ, ਵੇਰਵਾ ਹੇਠਾਂ ਲਿਖੇ ਅਨੁਸਾਰ ਹੈ:-

ਪਿੱਪਲ ‘ਸਾਹਿਬ’

ਪਿੱਪਲ ਦਾ ਇਹ ਵਿਸ਼ਾਲ ਰੁੱਖ ਮੁਖ ਗੁਰਦੁਆਰੇ ਦੇ ਖੱਬੇ ਹੱਥ ਸਥਿਤ ਹੈ। ਪ੍ਰਬੰਧਕਾਂ ਦੁਆਰਾ ਪਿੱਪਲ ਦੇ ਇਸ ਪੇੜ ਦੀ ਪੂਜਾ ਕੀਤੀ/ਕਰਵਾਈ ਜਾਂਦੀ ਹੈ। ਪਿੱਪਲ ਹੇਠਾਂ ਪੂਜਾ ਵਾਸਤੇ ਲੋੜੀਂਦਾ ਸਾਜ਼ੋ ਸਾਮਾਨ (ਜੋਤ ਤੇ ਤਾਲਾ-ਬੰਦ ਗੋਲਕ ਆਦਿ) ਰੱਖਿਆ ਹੋਇਆ ਹੈ। ਇੱਕ ਰੈਕ (rack) ਵੀ ਰੱਖਿਆ ਹੋਇਆ ਹੈ, ਜਿੱਥੇ ਸ਼ਰੱਧਾਲੂ ਝਾੜੂ ਤੇ ਸਫ਼ਾਈ ਪਾਉਡਰ ਦੇ ਪੈਕਿਟ ਚੜ੍ਹਾਉਂਦੇ ਹਨ। ਇਤਨੇ ਝਾੜੂਆਂ ਤੇ ਪੈਕਿਟਾਂ ਦਾ ਪ੍ਰਬੰਧਕ ਕੀ ਕਰਦੇ ਹਨ? ਇਹ ਤਾਂ ਉਹ ਹੀ ਜਾਣਨ! ਇਸ ਅਜੀਬ ਚੜ੍ਹਾਵੇ ਨਾਲ ਜੋੜੀ ਗਈ ਕਹਾਣੀ ਦਾ ਜ਼ਿਕਰ ਅੱਗਲੇਰੇ ਪੰਨਿਆਂ `ਤੇ ਕੀਤਾ ਗਿਆ ਹੈ।

"ਸੁੱਕਾ ਪਿੱਪਲ ਹਰਾ ਹੋਣਾ

ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਚਰਨ ਪੈਣ ਨਾਲ, ਜੋ ਸਦੀਆਂ ਤੋਂ ਸੁਕਾ ਪਿੱਪਲ ਸੀ ਉਹ ਹਰਾ ਭਰਾ ਹੋ ਗਿਆ ਜਿਸ ਦਾ ਜਿਕਰ ਭਾਈ ਸੰਤੋਖ ਸਿੰਘ "ਨਾਨਕ ਪ੍ਰਕਾਸ਼" ਵਿੱਚ ਕਰਦੇ ਹਨ:-

ਸੁਕਾ ਬਿਰਖ ਹੋਤਾ ਤੋ ਏਕੂ। ਤੇ ਜਲ ਧਰ ਬੈਠੇ ਬਿਬੇਕੂ।

ਸੋ ਚਲਦਲ ਕਾ ਤਰ ਤਤਕਾਲਾ। ਹਰਯੋ ਹੋਤ ਭਾ ਪਤ੍ਰ ਬਿਸਾਲਾ।"

"ਪਿੱਪਲ ਉਡਾਉਣਾ ਤੇ ਗੁਰੂ ਜੀ ਨੇ ਪੰਜਾ ਲਗਾ ਕੇ ਰੋਕਣਾ

……ਸਿੱਧਾਂ ਨੇ ਯੋਗ ਸ਼ਕਤੀ ਨਾਲ ਪਿੱਪਲ ਨੂੰ ਉਡਾਇਆ, ਬਹੁਤ ਸਾਰੀ ਹਨੇਰੀ ਤੇ ਮੀਂਹ ਪਿਆ। ਗੁਰੂ ਜੀ ਨੇ ਪੰਜਾ ਲਗਾ ਕੇ ਉੱਡਦੇ ਪਿੱਪਲ ਨੂੰ ਰੋਕ ਦਿੱਤਾ। ਜਿਸ ਦੇ ਬਾਰੇ ਭਾਈ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਲਿਖਿਆ ਹੈ:-

ਜਿਸ ਬ੍ਰਿਛ ਕੇ ਤਰ ਸਤਿਗੁਰੂ ਉਡਨ ਲਗਯੋ ਜਬ ਸੋਏ। ਨਿਜ ਕਰ ਸੋ ਥੰਬਯੋ ਤਬੈ, ਕਹਿਓੁ ਰਹੋ ਥਿਰ ਹੋਏ।

ਪਿੱਪਲ ਗੁਰੂ ਜੀ ਦਾ ਪਵਿਤਰ ਪੰਜਾ ਲੱਗਣ ਨਾਲ ਉਥੇ ਹੀ ਰੁਕ ਗਿਆ ਜਿਸਨੂੰ ਲੋਕ ਪੰਜਾ ਸਾਹਿਬ ਜੀ ਦੇ ਨਾਮ ਨਾਲ ਯਾਦ ਕਰਦੇ ਹਨ।"

"ਸਿੱਧਾਂ ਨੇ ਤਿਲ ਭੇਟਾ ਕਰਨਾ

ਸਿੱਧਾਂ ਨੇ ਗੁਰੂ ਸਾਹਿਬ ਅੱਗੇ ਇੱਕ ਤਿਲ ਰੱਖ ਕੇ ਮੱਥਾ ਟੇਕਿਆ ਅਤੇ ਕਿਹਾ ਗੁਰੂ ਜੀ ਇਸ ਨੂੰ ਸਾਰਿਆਂ ਦੇ ਵਿੱਚ ਵੰਡ ਦੇਵੋ। ਸਿੱਧਾਂ ਨੇ ਆਪਣੀ ਜੋਗ ਸ਼ਕਤੀ ਨਾਲ ਖੂਹਾਂ ਦਾ ਪਾਣੀ ਸੁਕਾ ਦਿੱਤਾ। ਸਤਿਗੁਰੂ ਜੀ ਨੇ ਆਪਣੀ ਗੰਗਾ (?) ਨੂੰ ਅਵਾਜ਼ ਦਿੱਤੀ ਉਹ ਤੱਤਕਾਲ ਹਾਜ਼ਰ ਹੋ ਗਈ ਉਹਦੇ ਵਿੱਚੋਂ ਪਾਣੀ ਦਾ ਕਮੰਡਲ ਭਰ ਲਿਆ ਅਤੇ ਤਿਲ ਘੋਟ ਕੇ ਪਿਲਾ ਦਿੱਤਾ। "ਸੂਰਜ ਪ੍ਰਕਾਸ਼" ਵਿੱਚ ਜਿਕਰ ਹੈ:

ਤੇਤੇ ਜਲ ਪਾਤਰ ਭਰਲੀਨਾ। ਤਿਲ ਕੋ ਘੋਟ ਮਿਲਾਵਨ ਕੀਨਾ।

ਇਹ ਕੌਤਕ ਵੇਖ ਕੇ ਸਿੱਧ ਸ਼ਰਮ ਸਾਰ ਹੋ ਗਏ।"

(ਨੋਟ:- ਆਪਣੀ ਗੰਗਾ? ? ? ਸਾਡੇ ਇਸ ਜਾਇਜ਼ ਸਵਾਲ ਦਾ ਤਸੱਲੀਬਖ਼ਸ਼ ਜਵਾਬ ਸਾਨੂੰ ਕਿਸੇ ਨੇ ਵੀ ਨਹੀਂ ਦਿੱਤਾ!)

"ਸਿੱਧ ਅਹੰਕਾਰ ਵਿੱਚ ਆਕੇ ਭਿਆਨਕ ਰੂਪ ਧਾਰਣ ਕਰਕੇ ਅਕਾਸ਼ ਵਿੱਚ ਉੱਡਕੇ ਡਰਾਣ ਲੱਗੇ। ‘ਮਹਿਮਾ ਪ੍ਰਕਾਸ਼’ ਵਿੱਚ ਇਸ ਤਰ੍ਹਾਂ ਜਿਕਰ ਆਇਆ ਹੈ:-

ਕੋਉ ਚੜ ਅਕਾਸ਼ ਡੋਲੇ॥ ਭਿਆਨਕ ਸ਼ਬਦ ਬੋਲੇ॥

ਕੋਉ ਤੜਤ ਹੋਏ ਤੜਕੇ॥ ਭਿਅੰਕਰ ਸ਼ਬਦ ਬਕੇ॥

ਕੋਉ ਹੋਏ ਮੇਘ ਗਰਜੇ॥ ਹੋਏ ਅਗਨ ਪੁਜ ਲਰਜੇ॥

ਕੋਉ ਪਾਥਰ ਬਰਖਾਵੇ॥ ਹੋਏ ਪਵਨ ਬਿਰਸ਼ ਉਡਾਵੇ॥

ਕੋਈ ਬਾਘ ਰੂਪ ਭੁਕਾਰੇ॥ ਫੁੰਕਾਰ ਸਰਪ ਮਾਰੇ॥"

(ਪੰਨਾ ਨੰ: 302)

"ਬਾਬਾ ਜੀ ਨੇ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਆਪਣੀ ਕਉਂਸ ਨੂੰ ਕਿਹਾ ਸਿੱਧਾਂ ਦਾ ਹੰਕਾਰ ਤੋੜ ਦੇ। ਖੱੜਾਂ ਅਕਾਸ਼ ਵੱਲ ਉੱਡੀ ਸਿੱਧਾਂ ਦੇ ਸਿਰ ਤੇ ਕਾੜ-ਕਾੜ ਕਰਕੇ ਵੱਜਣ ਲੱਗੀ ਸਿੱਧ ਮਾਰ ਖਾ ਕੇ ਸ਼ਰਮਿੰਦੇ ਹੋਕੇ ਥੱਲੇ ਆਣ ਉਤਰੇ। ਖੜਾਂ ਫਿਰ ਵੀ ਇਹਨਾਂ ਨੂੰ ਚੋਟਾਂ ਮਾਰੀ ਜਾਵੇ ਸਿੱਧਾਂ ਨੇ ਕਿਹਾ ਮਹਾਰਾਜ ਸਾਨੂੰ ਬਚਾ ਲਵੋ, ਅਸੀਂ ਮਾਫੀ ਮੰਗ ਲੈਂਦੇ ਹਾਂ ਫਿਰ ਗੁਰੂ ਜੀ ਨੇ ਖੜਾਂ ਨੂੰ ਥੱਲੇ ਉਤਾਰ ਦਿੱਤਾ। ਜਿਸਦਾ ਜਿਕਰ ਗਿਆਨੀ ਗਿਆਨ ਸਿੰਘ ਨੇ "ਪੰਥ ਪ੍ਰਕਾਸ਼" ਵਿੱਚ ਇਸ ਤਰ੍ਹਾਂ ਕੀਤਾ ਹੈ:-

ਤਾ ਬਾਬੇ ਜੀ ਕਉਸ ਉਡਾਈ। ਵੇਖ ਸਿਧਿ ਰਹਿ ਗਏ ਬਿਸਮਾਈ।

ਮ੍ਰਿਗਾਣੀ ਸਿੱਧੀ ਸਬ ਹਾਰੀ। ਸਬ ਪਰ ਖੜਾਉਂ ਕਰੀ ਅਸਵਾਰੀ।

ਫੂ ਰੂਏ ਮੁੰਦ੍ਰਾ ਖਿੰਥਾ ਤੁੰਬੇ। ਸਭ ਹੀ ਮਾਰ ਬਿਡਾਰੇ ਭੁਮੈ।

ਮਾਰ-ਮਾਰ ਸਿੱਧ ਕੀਏ ਫਾਵੇ। ਟਾਰੀ ਟਰੈ ਨਾ ਕਰ ਮੈ ਆਵੈ।

ਗੋਪੀ ਚੰਦ ਪੁਨ ਮੰਗਲ ਨਾਥ। ਬਾਬੇ ਆਗੇ ਜੋਰੇ ਹਾਥ।

ਤਬ ਬਾਬੇ ਨੇ ਕਉਸ ਨਿਵਾਰੀ। ਥਿਰੀ ਆਏ ਗੁਰ ਬਚਨ ਅਗਾਰੀ।"

(ਕਉਸ: ਖੜਾਉਂ/ਖੜਾਂਵ, ਜੁੱਤੀ।)

ਧੂਣਾ ‘ਸਾਹਿਬ’ ਤੇ ਭੋਰਾ ‘ਸਾਹਿਬ’

ਧੂੰਣਾ ਸਾਹਿਬ ਤੇ ਭੋਰਾ ਸਾਹਿਬ ਮੁੱਖ ਗੁਰੂਦੁਆਰੇ ਦੇ ਵਿਸ਼ਾਲ ਦੀਵਾਨ-ਹਾਲ ਵਿੱਚ ਹੀ ਬਣਾਏ ਗਏ ਦੋ ਪੂਜਾ-ਸਥਾਨ ਹਨ। ਦਿਖ ਤੋਂ ਧੂੰਣੀ ਵਾਲਾ ਟੋਆ ਤੇ ਭੋਰਾ ਕਿਸੇ ਵੀ ਪੱਖੋਂ ਇਤਿਹਾਸਿਕ ਤੇ ਪ੍ਰਾਚੀਨ ਨਹੀਂ, ਸਗੋਂ ਧਰਮ ਦਾ ਧੰਦਾ ਕਰਨ ਵਾਲੇ ਅੱਜ ਦੇ ਖੋਟੇ ਪ੍ਰਬੰਧਕਾਂ, ਪਾਖੰਡੀ ਪੁਜਾਰੀਆਂ ਦੇ ਮਨਹੂਸ ਮਨਾਂ ਤੇ ਅਣਜਾਣ ਕਾਰੀਗਰਾਂ ਦੇ ਪਲੀਤ ਹੱਥਾਂ ਦੀ ਨਕਲੀ (make believe) ਕਲਾ-ਕ੍ਰਿਤੀ ਹੈ! ਦੋਨਾਂ (ਧੂੰਣੀ ਦੇ ਟੋਏ ਤੇ ਭੋਰੇ) ਉੱਤੇ ਬਾਰੀਕ ਜਿਹੇ ਛੇਦ ਵਾਲਾ ਸ਼ੀਸ਼ੇ ਦਾ ਤਾਲਾ-ਬੰਦ ਸ਼ੋਅ-ਕੇਸ ਰੱਖਿਆ ਹੋਇਆ ਹੈ। ਛੇਦਾਂ ਰਾਹੀਂ ਸ਼ਰੱਧਾਲੂ, ਅੰਨ੍ਹੀ ਸ਼ਰੱਧਾ-ਵਸ, ਇਨ੍ਹਾਂ ਵਿੱਚ ਮਾਇਆ ਦੇ ਗੱਫੇ ਭੇਟ ਕਰਦੇ ਹਨ। ਇਨ੍ਹਾਂ ਦੋਨਾਂ ਤਾਲਾ-ਬੰਦ ਸ਼ੋਅ-ਕੇਸਾਂ ਨੂੰ ਸ਼੍ਰੱਧਾਲੂਆਂ ਤੋਂ ਮਾਇਆ ਠੱਗਣ ਲਈ ਬਣਾਈਆਂ ਗਈਆਂ ਪਾਰਦਰਸ਼ੀ ਗੋਲਕਾਂ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ।

ਇਨ੍ਹਾਂ ਦੋਨਾਂ ਸਥਾਨਾਂ ਬਾਰੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦੁਆਰਾ ਮੱਕਾਰੀ ਨਾਲ ਸੁਣਾਈਆਂ ਜਾਂਦੀਆਂ ਤੇ ਯਾਤਰੀਆਂ ਦੁਆਰਾ ਅੰਨ੍ਹੀ ਸ਼ਰਧਾ ਨਾਲ ਸੁਣੀਆਂ ਜਾਂਦੀਆਂ ਬੇਤੁਕੀਆਂ ਕਹਾਣੀਆਂ ਦਾ ਵਰਣਨ ਹੇਠਾਂ ਲਿਖੇ ਅਨੁਸਾਰ ਹੈ:-

"ਧੂੰਣਾ ‘ਸਾਹਿਬ’

"ਮੀਂਹ ਤੇ ਹਨੇਰੀ ਚੱਲਣ ਨਾਲ ਸਿੱਧਾਂ ਦੀ ਸਾਰੀ ਅੱਗ ਬੁਝ ਗਈ ਅਤੇ ਪਾਲੇ ਨਾਲ ਠੁਰ ਠੁਰ ਕਰਨ ਲੱਗੇ ਸਿੱਧਾਂ ਨੇ ਬੜਾ ਉਪਾ ਕੀਤਾ ਪਰ ਧੂਣੀ ਪ੍ਰਗਟ ਨਾ ਹੋਈ ਇੱਕ ਧੂਣੀ ਗੁਰੂ ਨਾਨਕ ਦੇਵ ਜੀ ਦੀ ਲੱਟ-ਲੱਟ ਬਲ ਰਹੀ ਸੀ। ਜਿਸਦਾ ਜਿਕਰ ਭਾਈ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਵਿੱਚ ਕੀਤਾ ਹੈ:-

ਬਹੀ ਸਮੀਰ ਰੈਨ ਸਭ ਜਬਹੀ। ਉਡ ਗਈ ਧੂਣੀ ਸਿਧਨ ਤਬਹੀ।

ਬੀਤੀ ਰੈਨ ਭੋਰੇ ਭਈ ਆਈ। ਸ੍ਰੀ ਗੁਰੂ ਪਾਵਕ ਦਈ ਦੁਰਾਈ।

ਧੂਣੀ ਦੇਖਣ ਸਿੱਧ ਉਠੇ ਜਬ। ਪਾਵਕ ਕਾਹੂੰ ਨਾ ਪਾਵਤ ਹੈ ਤਬ।

ਇਕ ਸ੍ਰੀ ਨਾਨਕ ਧੂਣੀ ਮਾਹੀ। ਔਰ ਹੁਤਾਸਨ ਕਿਤਹੂੰ ਨਾਹੀਂ।"

"ਅੱਗ ਮੰਗਣੀ

ਠੰਡ ਤੋਂ ਬਚਣ ਵਾਸਤੇ ਭਰਥਰ ਨਾਥ, ਮੰਗਲ, ਗੋਪੀ ਚੰਦ ਆਦਿ ਸਿੱਧ ਹੱਥ ਜੋੜ ਕੇ ਸਤਿਗੁਰੂ ਨੂੰ ਕਹਿਣ ਲੱਗੇ ਮਹਾਰਾਜ ਸਾਨੂੰ ਅੱਗ ਦੇ ਦੇਵੋ……। ਸਤਿਗੁਰੂ ਨੇ ਕਿਹਾ ਭਰਥਰ ਨਾਥ ਤੁਸੀਂ ਗੋਰਖ ਦੀ ਖੜਾਉਂ ਮੁੰਦਰਾਂ ਲੈ ਆਵੋ ਤਾਂ ਸਾਡੇ ਪਾਸੋਂ ਅੱਗ ਲੈ ਜਾਵੋ। ਸਿੱਧ ਸਾਰੇ ਇਕੱਠੇ ਹੋ ਕੇ ਆਪਦੇ ਗੁਰੂ ਗੋਰਖਨਾਥ ਕੋਲ ਗਏ ਹੱਥ ਜੋੜ ਕੇ ਕਹਿਣ ਲੱਗੇ ਸਾਨੂੰ ਖੱੜਾਂ ਮੁੰਦਰਾਂ ਦੇ ਦੇਵੋ। ……ਗੋਰਖ ਦੀ ਸਾਰੀ ਸ਼ਕਤੀ ਖੜਾਂ ਮੁੰਦਰਾਂ ਵਿੱਚ ਹੋਣ ਕਰਕੇ ਦੇਣ ਤੋਂ ਇਨਕਾਰ ਕਰ ਰਿਹਾ ਸੀ। ਗੁਰੂ ਜੀ ਨੇ ਕਿਹਾ ਤੁਹਾਡਾ ਸਾਨੂੰ ਕੋਈ ਇਤਬਾਰ ਨਹੀਂ ਹੈ ਇੱਕ ਹੱਥ ਖੜਾਂ ਮੁੰਦਰਾਂ ਦੇਵੋ ਦੂਜੇ ਹੱਥ ਵਿੱਚ ਅੱਗ ਲੈ ਜਾਵੋ। ……ਪਰ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਖੜਾਂ ਮੁੰਦਰਾਂ ਲੈ ਕੇ ਇਹਨਾਂ ਨੂੰ ਅੱਗ ਦੇ-ਦੇ ਜਿਸ ਦਾ ਜਿਕਰ ਇਸ ਤਰ੍ਹਾਂ ਹੈ:-

ਪੁਰਬ ਆਨ ਦੇਹ ਜੋ ਹਮ ਕੋ ਮਿਲ ਹੈ ਪਾਵਕ ਪਾਛੇ।

ਭਰਥਰ ਜਾਇ ਭਰਯੋ ਗੋਰਖ ਮੈ ਗੁਰੂ ਕੋ ਕਹਨੋ ਆਛੇ।

ਗੋਰਖ ਗਨਯੋ ਦੇਉ ਅਬ ਤਾ ਕੇ ਲੈ ਹੋ ਸਕਤਿ ਲਗਾਈ।

ਮੂੰਦ੍ਰਾਂ ਅਰ ਖਰਾਂਵ ਲੈ ਤਬ ਹੀ ਭਰਥਰ ਹਾਥ ਪਠਾਈ।

ਗੁਰੂ ਜੀ ਨੇ ਖੜਾਂ ਮੁੰਦਰਾਂ ਲੈ ਕੇ ਅੱਗ ਦੇ ਦਿੱਤੀ।"

(ਨੋਟ:- ਸਿੱਧਾਂ ਦਾ ਗੁਰੂ, ਗੋਰਖ ਨਾਥ ਗੁਰੂ ਨਾਨਕ ਦੇਵ ਜੀ ਤੋਂ ਸਦੀਆਂ ਪਹਿਲਾਂ ਹੋਇਆ ਹੈ! ! !)

ਭੋਰਾ ਸਾਹਿਬ

"ਸਿੱਧਾਂ ਨੇ ਭੋਰਾ ਪੁਟਣਾ

ਸਿੱਧਾਂ ਨੇ ਸਲਾਹ ਕਰਕੇ ਭੋਰਾ ਪੁੱਟ ਦਿੱਤਾ ਜਿਸ ਵਿੱਚ ਇੱਕ ਸਿੱਧ ਬੱਚੇ ਨੂੰ ਬਿਠਾ ਦਿੱਤਾ ਤੇ ਕਿਹਾ ਅਸੀਂ ਅਵਾਜ਼ ਦੇਵਾਂਗੇ ਧਰਤੀ ਮਾਤਾ ਤੂੰ ਕਿਸਦੇ ਅਨੁਸਾਰ ਹੈਂ ਤੂੰ ਕਹੀਂ ਮੈਂ ਸਿੱਧਾਂ ਦੇ ਅਨੁਸਾਰ ਹਾਂ। ਸਿੱਧ ਗੁਰੂ ਜੀ ਨੂੰ ਆਕੇ ਕਹਿਣ ਲੱਗੇ ਧਰਤੀ ਤੋਂ ਆਪਣਾ ਨਿਆਂ ਕਰਵਾ ਲਈਏ, ……ਸਿੱਧਾਂ ਨੇ ਅਵਾਜ਼ ਦਿੱਤੀ, ਧਰਤੀ ਤੂੰ ਕਿਸ ਦੇ ਅਨੁਸਾਰ ਹੈਂ? ਬਾਲਕ ਭੋਰੇ ਵਿੱਚੋਂ ਬੋਲਿਆ ਮੈਂ ਗੋਰਖ ਦੇ ਅਨੁਸਾਰ ਹਾਂ। ……ਤੀਸਰੀ ਅਵਾਜ਼ ਸਿੱਧਾਂ ਨੇ ਫੈਸਲੇ ਦੀ ਲਗਾਈ ਤੇ ਗੁਰਾਂ ਕਿਹਾ ਝੂਠ ਕਹਿਣ ਵਾਲੇ ਬਾਲਕ ਮਰ ਜਾ ਉਹ ਬਾਲਕ ਭੋਰੇ ਵਿੱਚ ਹੀ ਮਰ ਗਿਆ ਤੀਸਰੀ ਅਵਾਜ਼ ਨਾ ਦੇ ਸਕਿਆ, ਗੁਰੂ ਜੀ ਨੇ ਅਵਾਜ਼ ਦਿੱਤੀ ਤੂੰ ਕਿਸ ਦੀ ਹੈ। ਧਰਤੀ ਮਾਤਾ ਨੇ ਤਿੰਨ ਵਾਰ ਨਾਨਕ ਦੇਵ ਅਨੁਸਾਰ, ਨਾਨਕ ਦੇਵ ਅਨੁਸਾਰ, ਨਾਨਕ ਦੇਵ ਅਨੁਸਾਰ, ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ ਬੜੀ ਉੱਚੀ ਅਵਾਜ਼ ਦਿੱਤੀ। ਭਾਈ ਸੰਤੋਖ ਸਿੰਘ ਜੀ "ਪੰਥ ਪ੍ਰਕਾਸ਼" ਵਿੱਚ ਇਸ ਤਰ੍ਹਾਂ ਜਿਕਰ ਕਰਦੇ ਹਨ:-

ਤੀਜੀ ਵਾਰ ਉਕਤ ਭਾ ਜਬਹੀ। ਪੂਰਬ ਸਤਿਗੁਰ ਬੋਲੇ ਤਬ ਹੀ।

ਅਬ ਲੋ ਬੋਲਣ ਉਚਤ ਨਾ ਹੋਈ। ਸੁਨਤ ਭਇਉ ਮ੍ਰਿਤਕ ਸਿਸ ਸੋਈ।

ਸਿੱਧ ਇਕਠੇ ਹੋ ਕੇ ਗੁਰੂ ਨਾਨਕ ਦੇਵ ਜੀ ਦੀ ਚਰਨੀ ਪੈ ਗਏ ਇਸ ਅਸਥਾਨ ਦਾ ਨਾਮ ਸਿੱਧਾਂ ਨੇ ਗੋਰਖਮਤਾ ਹਟਾ ਕੇ ਨਾਨਕਮਤਾ ਰੱਖ ਦਿੱਤਾ……।"

"॥ ਸੋਰਠਾ॥"

"ਸਿਧ ਮਤਾ ਅਸਥਾਨ ਜਾਨਤ ਹੈਂ ਸਭ ਲੋਗ ਜਗ।

ਕਰ ਜੀਤਾ ਸਭ ਕੋ ਗਿਆਨ ਨਾਨਕਮਤਾ ਅਬ ਕਹਿਤ ਹੈਂ।"

(ਸਰਬ ਸਿਧ ਬਾਚ)

"ਕਰ ਜੀਤਾ ਸਭ ਕੋ ਗਿਆਨ" ! ਉਪਰੋਕਤ ਕਰਾਮਾਤੀ ਕਹਾਣੀਆਂ ਵਿੱਚ ਗਿਆਨ ਵਾਲੀ ਕਿਹੜੀ ਗੱਲ ਹੈ? ? ? ਜੇ ਕਿਸੇ ਪਾਠਕ ਨੂੰ ਇਨ੍ਹਾਂ ਬੇਤੁਕੀਆਂ ਕਹਾਣੀਆਂ ਵਿੱਚ ਬਾਬੇ ਨਾਨਕ ਦੇ ਗਿਆਨ ਦਾ ਇੱਕ ਕਣ ਵੀ ਨਜ਼ਰ ਆਵੇ ਤਾਂ ਜ਼ਰੂਰ ਦੱਸਣਾ!

ਗੁਰਦੁਆਰਾ ਦੁੱਧ ਵਾਲਾ ਖੂਹ

ਇਹ ਇੱਕ ਸਾਧਾਰਨ ਖੂਹੀ ਹੈ। ਯਾਤ੍ਰੀਆਂ ਨੂੰ ਇਸ ਵੱਲ ਆਕਰਸ਼ਤ ਕਰਕੇ ਠੱਗਣ ਵਾਸਤੇ ਇਸ ਉੱਤੇ ਮਮਟੀ ਤੇ ਕਲਸ ਲਗਾ ਦਿੱਤੇ ਗਏ ਹਨ; ਅਤੇ ਖੂਹੀ ਦੇ ਪਾਣੀ ਨੂੰ ਅੰਮ੍ਰਿਤ ਗਰਦਾਨਿਆਂ ਜਾਂਦਾ ਹੈ। ਖੂਹੀ ਵਿੱਚੋਂ ਇਸ ‘ਅੰਮ੍ਰਿਤ’ ਨੂੰ ਮੋਟਰ ਨਾਲ ਟਾਂਕੀ ਵਿੱਚ ਸੁੱਟਿਆ ਜਾਂਦਾ ਹੈ ਜਿੱਥੋਂ ਇਹ ‘ਪਵਿੱਤਰ’ ਜਲ ਖੂਹੀ ਦੇ ਇੱਕ ਪਾਸੇ ਬਣਾਏ ਗਏ ਇਸ਼ਨਾਨ-ਘਰਾਂ ਵਿੱਚ ਜਾਂਦਾ ਹੈ। ਇਸ਼ਨਾਨ ਘਰਾਂ ਉੱਤੇ ਹਦਾਇਤ ਲਿਖੀ ਹੋਈ ਹੈ:-

"ਇਹ ਪਵਿੱਤਰ ਜਲ ਦੁੱਧ ਵਾਲੇ ਖੂਹ ਦਾ ਹੈ. ਸਾਬੁਨ ਲਗੌਣਾ ਤੇ ਕਪੜੇ ਧੋਨਾ ਮਨਾ ਹੈ।"

ਅਸੀਂ ਇੱਕ ‘ਸੇਵਾਦਾਰ’ ਨੂੰ ਪੁੱਛ ਬੈਠੇ ਕਿ, "ਕੀ ਇਸ ‘ਪਵਿੱਤਰ ਜਲ’ ਦੀ ਬਿਨ ਸਾਬੁਨ ਨਹਾਉਣ ਅਤੇ ਨਹਾਉਣ ਉਪਰੰਤ ਗੰਦੀਆਂ ਨਾਲੀਆਂ ਵਿੱਚ ਵਗਣ ਨਾਲ ‘ਬੇਅਦਬੀ’ ਨਹੀਂ ਹੁੰਦੀ?" ਸਾਡੀ ਗੱਲ ਦਾ ਜਵਾਬ ਦੇਣ ਦੀ ਬਜਾਏ ਉਹ ਸਾਨੂੰ ਕੈਰੀ ਅੱਖ ਨਾਲ ਘੂਰ ਕੇ ਚਲਦਾ ਬਣਿਆ!

"ਦੁਧ ਵਾਲੇ ਖੂਹ ਦਾ ਇਤਿਹਾਸ"

"ਸ਼ੰਭੂ ਨਾਥ ਗੁਰੂ ਨਾਨਕ ਸਾਹਿਬ ਜੀ ਪਾਸ ਆਕੇ ਹੱਥ ਜੋੜ ਕੇ ਕਹਿਣ ਲੱਗਾ, ਧੰਨ ਨਿਰੰਕਾਰ ਬਾਬਾ ਜੀ ਮੇਰੀ ਬੇਨਤੀ ਹੈ ਕਿ ਮੇਰਾ ਤੂੰਬਾ ਦੁੱਧ ਨਾਲ ਭਰ ਦੇਵੋ। "ਨਾਨਕ ਪ੍ਰਕਾਸ਼" ਵਿੱਚ ਲਿਖਿਆ ਹੈ:-

ਮੰਮ ਤੂੰਬਾ ਪਯ ਸੇ ਭਰ ਦੀਜੇ। ਅਬ ਹੀ ਤੁਰਤ ਬਿਲਮ ਨਾ ਕੀਜੇ।

‘ਸੂਰ ਯੋਧੇ’ ਗ੍ਰੰਥ ਵਿੱਚ ਜਿਕਰ ਹੈ:-

ਆਨ ਗੁਰੂ ਪੈ ਸਕਤਿ ਲਗਾਈ ਚਲਯੋ ਨ ਬਸ ਤਿਹ ਕੇਰਾ।

ਭਨਯੋ ਬੈਨ ਤੂੰਬਾ ਮਮ ਪਯ ਸੋ ਭਰ ਦੀਜੈ ਇਹ ਬੇਰਾ।

ਲੈ ਨਿਜ ਹਾਥ ਕੂਪ ਤੇ ਪਾਯ ਸੋ ਭਰ ਦੀਨੋ ਜਗਰਾਈ।

ਲੈ ਆਵਾ ਸਿੱਧਨ ਮੈ ਤਬ ਹੀ ਨਿਰਖ ਰਹੇ ਬਿਸਮਾਈ।

(ਪਯ: ਦੁੱਧ)

ਗੁਰੂ ਨਾਨਕ ਦੇਵ ਜੀ ਨੇ ਖੂਹ ਵਿੱਚੋਂ ਦੁੱਧ ਦਾ ਤੂੰਬਾ ਭਰ ਦਿੱਤਾ। ਭਾਈ ਵੀਰ ਸਿੰਘ ਜੀ ਲਿਖਦੇ ਹਨ: ਗੁਰੂ ਨਾਨਕ ਦੇਵ ਜੀ ਨੇ ਖੂਹ ਵਿੱਚੋਂ ਪਾਣੀ ਦਾ ਤੂੰਬਾ ਭਰ ਦਿੱਤਾ ਜੋ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਸਿੱਧਾਂ ਨੂੰ ਦੁੱਧ ਨਜ਼ਰ ਆਇਆ। ਸਾਰਿਆਂ ਨੇ ਰੱਜ ਕੇ ਪੀਤਾ ਮੁੱਕਿਆ ਨਾ। ਇਸਨੂੰ ਗੁਰਦੁਆਰਾ ਦੁਧ ਵਾਲਾ ਖੂਹ ਕਹਿੰਦੇ ਹਨ। ਇਸ ਪਵਿੱਤਰ ਅਸਥਾਨ ਤੇ ਅੱਜ ਵੀ ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਉਸਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ।"

ਖੂਹੀ ਦੁਆਲੇ ਲਗਾਈ ਗਈ ਸ਼ੀਸ਼ੇ ਦੀ ਵਲਗਣ ਉੱਤੇ ਹੇਠਲੀ ਇਬਾਰਤ ਲਿਖੀ ਹੋਈ ਹੈ:

"-: ਗੁਰੂ ਜੀ ਨੇ ਬਚਨ ਕੀਤੇ:-"

"ਏਸ ਪਵਿੱਤਰ ਅਸਥਾਨ ਤੇ ਜੋ ਵੀ ਮਾਈ ਭਾਈ ਇਸ਼ਨਾਨ ਕਰਕੇ ਅਰਦਾਸ ਕਰੇਗਾ ਉਸ ਨੂੰ ਦੁੱਧ ਪੁੱਤ ਅਤੇ ਰਹਿਮਤਾਂ ਦੀਆਂ ਬਖਸ਼ਸ਼ਾਂ ਹੋਣਗੀਆਂ। ……"

"ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਬਾਬਾ ਫੌਜਾ ਸਿੰਘ ਜੀ ਬਾਬਾ ਟਹਿਲ ਸਿੰਘ ਜੀ ਸੰਤ ਬਾਬਾ ਤਰਸੇਮ ਸਿੰਘ ਜੀ।"

ਉਪਰੋਕਤ ‘ਬਚਨ’ ਬ੍ਰਹਮਗਿਆਨੀ ਗੁਰੂ ਨਾਨਕ ਦੇਵ ਜੀ ਦੇ ਕਤਈ ਨਹੀਂ ਹੋ ਸਕਦੇ! ! ! ਇਹ ਗੁਮਰਾਹਕੁਨ ‘ਬਚਨ’ ਤਾਂ ਪਾਖੰਡਧਰਮੀ ਬਾਬਿਆਂ, ਡੇਰੇਦਾਰਾਂ, ਮਹੰਤਾਂ ਤੇ ਸੰਤਾਂ ਨੇ ਲੋਕਾਂ ਨੂੰ ਛਲ ਕੇ ਲੁੱਟਣ ਵਾਸਤੇ ਗੁਰੂ ਜੀ ਦੇ ਨਾਮ ਨਾਲ ਜੋੜ ਦਿੱਤੇ ਹਨ! ! !

ਬਉਲੀ ਸਾਹਿਬ:-

ਬਾਉਲੀ, ਬਾਵਲੀ ਜਾਂ ਵਾਪਿਕਾ ਪੌੜੀਆਂ ਵਾਲੇ ਖੂਹ ਨੂੰ ਕਹਿੰਦੇ ਹਨ। ਪੁਰਾਣੇ ਜ਼ਮਾਨੇ ਵਿੱਚ ਬਾਉਲੀਆਂ ਪਾਣੀ-ਪ੍ਰਾਪਤੀ ਦਾ ਇੱਕ ਸੌਖਾ ਸਾਧਨ ਹੁੰਦੀਆਂ ਸਨ। ਗੜ੍ਹਾਂ, ਗੜ੍ਹੀਆਂ, ਧਾਰਮਿਕ ਕੇਂਦਰਾਂ, ਮਠਾਂ, ਢਾਣੀਆਂ ਤੇ ਛੋਟੀਆਂ-ਮੋਟੀਆਂ ਆਬਾਦੀਆਂ ਆਦਿ ਦੀ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਬਾਉਲੀਆਂ ਬਣਾਈਆਂ ਜਾਂਦੀਆਂ ਸਨ। ਸਮੇਂ ਨਾਲ, ਧਰਮ ਨੂੰ ਧੰਦਾ ਬਣਾਉਣ ਵਾਲੇ ਪਾਖੰਡੀ ਪੁਜਾਰੀਆਂ ਨੇ ਸ਼ਰੱਧਾਲੂਆਂ ਨੂੰ ਮੂਰਖ ਬਣਾ ਕੇ ਠੱਗਣ ਵਾਸਤੇ ਇਨ੍ਹਾਂ ਬਾਉਲੀਆਂ ਨੂੰ ‘ਤੀਰਥ-ਸਥਾਨਾਂ’ ਦੇ ਤੌਰ `ਤੇ ਮਸ਼ਹੂਰ ਕਰ ਦਿੱਤਾ ਤੇ ਇਨ੍ਹਾਂ ਦੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਸਥਾਨਕ ਸਿੱਧਾਂ ਦੇ ਕਹਿਣ ਮੁਤਾਬਿਕ, ਗੋਰਖ-ਪੰਥੀ ਸਿੱਧਾਂ ਦਾ ਮਠ ਨਾਨਕਮਤੇ ਵਾਲੀ ਇਸ ਬਾਉਲੀ ਦੇ ਲਾਗੇ ਹੀ ਸੀ। ਇਸ ਬਾਉਲੀ ਕੋਲ ਸਥਿਤ ਮਠ ਵਿੱਚ ਹੀ ਗੁਰੂ ਨਾਨਕ ਦੇਵ ਜੀ ਅਤੇ ਗੋਰਖ-ਪੰਥੀ ਸਿਧਾਂ ਦੇ ਸਿਧਾਂਤਕ ਸੰਵਾਦ ਹੋਏ ਸਨ। ਨਾਨਕ ਸਾਗਰ ਡੈਮ ਬਣਾਉਣ ਨਾਲ ਇਹ ਬਾਉਲੀ ਨਾਨਕ ਸਾਗਰ ਦੇ ਵਿਚਕਾਰ ਆਉਂਦੀ ਸੀ। ਇਸ ਨੂੰ ਸਾਗਰ ਵਿੱਚ ਜਜ਼ਬ ਹੋਕੇ ਲੋਪ ਹੋਣ ਤੋਂ ਬਚਾਉਣ ਵਾਸਤੇ ਇਸ ਦੀ ਮਣ ਨੂੰ ਨਾਨਕ ਸਾਗਰ ਦੇ ਪਾਣੀ ਦੇ ਪੱਧਰ ਤੋਂ ਉਚੇਰਾ ਡੈਮ ਦੇ ਲੈਵਲ ਤਕ ਚੁੱਕ ਕੇ ਇਸ ਉਪਰ ਕੈਨੋਪੀ ਬਣਾ ਦਿੱਤੀ ਗਈ ਹੈ। ਡੈਮ ਤੋਂ ਬਾਉਲੀ ਤੀਕ ਪੁਲ ਤੇ ਪਹੁੰਚ-ਸੜਕ ਵੀ ਬਣਾਈ ਗਈ ਹੈ। ਹੁਣ ਵਾਲੀ ਸਥਿਤੀ ਵਿੱਚ, ਬਾਉਲੀ ਦੇ ਪਾਣੀ ਦੇ ਨਿਕਾਸ ਜਾਂ ਅਦਲਾ-ਬਦਲੀ ਦਾ ਕੋਈ ਸਾਧਨ ਨਹੀਂ ਰਿਹਾ। ਨਤੀਜਤਨ, ਬਾਵਲੀ ਦਾ ਬੰਦ ‘ਪਵਿੱਤਰ’ ਪਾਣੀ ਸਦੀਵੀ ਖੜੋਤ ਕਾਰਣ ਬੁਰੀ ਤਰ੍ਹਾਂ ਬੁੱਸਿਆ ਹੋਇਆ ਹੈ। ਯਾਤ੍ਰੀਆਂ ਤੋਂ ਗੁਰੂ ਨਾਨਕ ਦੇ ਨਾਮ `ਤੇ ਬਾਉਲੀ ਦੀ ਪੂਜਾ ਕਰਵਾਉਣ ਵਾਸਤੇ ਉੱਥੇ ਗੋਲਕ ਰੱਖੀ ਹੋਈ ਹੈ ਅਤੇ ਯਾਤ੍ਰੀ ਬਾਉਲੀ ਵਿੱਚ ਵੀ ਸਿੱਕੇ ਸਿੱਟਦੇ ਰਹਿੰਦੇ ਹਨ। ਇਸ ਬਾਉਲੀ ਬਾਰੇ ਹੇਠ ਲਿਖਿਆ ‘ਇਤਿਹਾਸ’ ਪ੍ਰਚਾਰਿਆ ਜਾਂਦਾ ਹੈ:-

"ਫਉੜੀ ਗੰਗਾ ਲਿਆਉਣੀ

ਗੁਰੂ ਨਾਨਕ ਦੇਵ ਜੀ ਤੋਂ ਖੜਾਂ ਮੁੰਦਰਾਂ ਲੈ ਕੇ (? ? ?) ਉਸ ਮਰੇ ਹੋਏ ਬੱਚੇ ਨੂੰ ਜਿਵਾ ਕੇ ਸਿੱਧ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਸਾਨੂੰ ਗੰਗਾ ਦਾ ਇਸ਼ਨਾਨ ਕਰਵਾਉ। ਗੁਰੂ ਜੀ ਨੇ ਮਰਦਾਨੇ ਨੂੰ ਫਉੜੀ ਦੇ ਕੇ ਕਿਹਾ ਕਿ ਗੰਗਾ ਦੇ ਪਾਸ ਪਹੁੰਚ ਜਾ ਲੀਕ ਖਿੱਚ ਕੇ ਅੱਗੇ ਚਲੇ ਆਉਣਾ ਔਰ ਪਿੱਛੇ ਨਹੀਂ ਵੇਖਣਾ ਗੰਗਾ ਤੇਰੇ ਪਿੱਛੇ-ਪਿੱਛੇ ਆਪੇ ਆ ਜਾਵੇਗੀ। ਮਰਦਾਨਾ ਗੁਰੂ ਜੀ ਦਾ ਹੁਕਮ ਮੰਨ ਕੇ ਗੰਗਾ ਦੇ ਤੱਟ ਤੇ ਪਹੁੰਚ ਗਿਆ ਫਉੜੀ ਖਿੱਚਦਾ-ਖਿਚਦਾ ਜਦੋਂ ਨਜਦੀਕ ਆ ਗਿਆ ਮਨ ਵਿੱਚ ਸ਼ੰਕਾ ਆਇਆ ਕਿ ਮੇਰੇ ਪਿੱਛੇ ਗੰਗਾ ਆ ਵੀ ਰਹੀ ਹੈ ਕਿ ਨਹੀਂ। ਮੁੜ ਕੇ ਵੇਖਿਆ ਤਾਂ ਗੰਗਾ ਉਥੇ ਹੀ ਰੁਕ ਗਈ। ਜਿਸ ਤਰ੍ਹਾਂ ਗੰਗਾ ਆਈ ‘ਸੁਰ ਯੋਧੇ’ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੈ:-

ਮਰਦਾਨਾ ਲੈ ਆਇਆ ਤਬ ਹੀ ਸੁਰ ਸਰਿਤੀਰ ਸਿਧਾਯੋ।

ਫਉਰੀ ਸੰਗ ਗੰਗ ਕੋ ਤਬ ਹੀ ਨੀਰ ਘਸੀਟਤ ਲਿਆਯੋ।

ਥਿਰੀ ਤਿਸੀ ਥਲ ਰਹਯੋ ਐਚ ਫਿਰ ਬਹੁਰ ਨ ਆਗੇ ਆਈ।

ਮਰਦਾਨੇ ਮਨ ਅਚਰਜ ਮਾਨਯੋ ਗੁਰੂ ਪੈ ਬਿਰਥਾ ਸੁਨਾਈ।

ਸੁਨ ਸਿੱਧਨ ਉਰ ਗਰਬ ਧਾਰ ਕੇ ਅਪਨੀ ਸ਼ਕਤ ਲਗਾਈ।

ਰਹੀ ਤਹਾਂ ਇੱਕ ਡਗ ਨਹਿ ਚਾਲੀ ਪਚਹਾਰੇ ਸਮੁਦਾਈ।

……ਸਤਿਗੁਰੂ ਜੀ ਬੋਲੇ ਗੋਰਖਨਾਥ ਬਹੁਤ ਦੂਰ ਤੋਂ ਮਰਦਾਨੇ ਗੰਗਾ ਲੈ ਆਂਦੀ ਹੈ ਹੁਣ ਤੁਸੀਂ ਆਪਣੀ ਸ਼ਕਤੀ ਨਾਲ ਏਥੇ ਲੈ ਆਵੋ ਸਿੱਧਾਂ ਬੜਾ ਜ਼ੋਰ ਲਗਾਇਆ ਪਰ ਫਉੜੀ ਗੰਗਾ ਉਥੇ ਹੀ ਰਹੀ ਅੱਗੇ ਨਹੀਂ ਆਈ, ਜਿਸ ਬਾਰੇ ਭਾਈ ਸੰਤੋਖ ਸਿੰਘ ਨੇ "ਨਾਨਕ ਪ੍ਰਕਾਸ਼" ਵਿੱਚ ਇਸ ਤਰ੍ਹਾਂ ਲਿਖਿਆ ਹੈ:-

ਕਿਉਕਿ ਦੂਰ ਮਰਦਾਨੇ ਆਨੀ। ਰਹਿਉ ਸਮੀਪ ਸੂਰ-ਸਰ ਪਾਣੀ।

ਉਸ ਜਗਾ ਤੇ ਫਉੜੀ ਗੰਗਾ ਦੇ ਨਾਮ ਤੇ ਬਉਲੀ ਸਾਹਿਬ ਸਸ਼ੋਭਿਤ ਹੈ।"

(ਨੋਟ:- ਬਾਉਲੀਆਂ ਨੂੰ ਪਾਣੀ ਧਰਤੀ ਹੇਠੋਂ ਮਿਲਦਾ ਹੈ ਨਾਕਿ ਨਦੀਆਂ ਵਿੱਚੋਂ! ! ! ਦੂਸਰਾ, ਨਾਨਕ ਸਾਗਰ ਡੈਮ ਸਰਯੂ ਨਦੀ ਉੱਤੇ ਬਣਾਇਆ ਗਿਆ ਹੈ। ਉਕਤ ਬੇਤੁਕੀ ਕਹਾਣੀ ਵਿੱਚ ਕਿਸ ਗੰਗਾ ਦਾ ਜ਼ਿਕਰ ਹੈ? ਇਸ ਦਾ ਜਵਾਬ ਕਿਤੋਂ ਨਹੀਂ ਲੱਭਾ! ! !)

ਭੰਡਾਰੀ ਬੋਹੜ

ਉੱਥੇ ਕੋਈ ਬੋਹੜ ਨਹੀਂ ਹੈ। ਬੋਹੜ ਵਾਲੀ ਕਥਿਤ ਥਾਂ `ਤੇ ਇੱਕ ਵੱਡਾ ਰੁੱਖ ਖੜਾ ਹੈ। ਸਾਡੇ ਪੁੱਛਣ `ਤੇ ‘ਸੇਵਾਦਾਰ’ ਨੇ ਦੱਸਿਆ ਕਿ ਬੋਹੜ ਤਾਂ ਕਦੋਂ ਦਾ ਸੜ-ਸੁੱਕ ਚੁੱਕਿਆ ਹੈ! ਖ਼ਿਆਲੀ ਬੋਹੜ ਵਾਲੀ ਥਾਂ ਦੇ ਲਾਗੇ ਗੁਰਦੁਆਰਾ ਭੰਡਾਰਾ ਸਾਹਿਬ ਹੈ ਜਿੱਥੇ ਗ਼ੈਬੀ ਬੋਹੜ ਦੀ ਪੂਜਾ ਕੀਤੀ ਕਰਵਾਈ ਜਾਂਦੀ ਹੈ!

"ਗੁਰਦੁਆਰਾ ਭੰਡਾਰਾ ਸਾਹਿਬ"

"ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਸਿੱਧਾਂ ਨੇ ਗੁਰੂ ਜੀ ਪਾਸੋਂ 36 ਪ੍ਰਕਾਰ ਦੇ ਭੋਜਨ ਛਕਣ ਦੀ ਮੰਗ ਕੀਤੀ ਗੁਰੂ ਜੀ ਇੱਕ ਬੋਹੜ ਦੇ ਥੱਲੇ ਬੈਠੇ ਸਨ ਮਰਦਾਨੇ ਨੂੰ ਕਿਹਾ ਭਾਈ ਸਿੱਧਾਂ ਨੇ ਭੋਜਨ ਛਕਣਾ ਹੈ ਇਹਨਾਂ ਨੂੰ ਭੋਜਨ ਛਕਾਉ ਗੁਰੂ ਜੀ ਨੇ ਬੋਹੜ ਦੇ ਪੇੜ ਵੱਲ ਇਸ਼ਾਰਾ ਕੀਤਾ ਤੇ ਕਿਹਾ ਇਸ ਉਪਰ ਚੜਕੇ ਪੇੜ ਨੂੰ ਹਿਲਾ ਦੇ। ਮਰਦਾਨੇ ਨੇ ਹਿਲਾ ਦਿੱਤਾ ਤੇ 36 ਪ੍ਰਕਾਰ ਦੇ ਪਦਾਰਥ ਬੋਹੜ ਤੋਂ ਡਿੱਗੇ ਜੋ ਸਿੱਧਾਂ ਨੇ ਛੱਕ ਕੇ ਆਪਣੀ ਭੁੱਖ ਮਿਟਾਈ। ਜਿੱਥੇ ਗੁਰਦੁਆਰਾ ਭੰਡਾਰੀ ਬੋਹੜ (ਭੰਡਾਰਾ ਸਾਹਿਬ) ਸਸ਼ੋਭਿਤ ਹੈ।

ਹੇ ਬਾਲਾ ਜੀ ਤੁਮ ਧਮ ਜਗ ਭਗਤ। ਕਲਜੁਗ ਸੋ ਤੁਮਰੀ ਸਭ ਸਕਤ।

ਨਾਨਕਮਤੇ ਤੁਮਰਾ ਅਧਿਕਾਰ। ਸਭ ਸਿੱਧਨ ਕੋ ਦਿਉ ਭੰਡਾਰ।"

ਪਾਠਕ ਸੱਜਨੋਂ! ਜ਼ਰਾ ਵਿਚਾਰੋ:

ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ॥

ਦਾ ਸਿਧਾਂਤ ਉਚਾਰਣ ਤੇ ਪ੍ਰਚਾਰਨ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਉਪਰੋਕਤ ਬੇਹੂਦਾ ਕਹਾਣੀ ਨਾਲ ਜੋੜਣਾ ਉਨ੍ਹਾਂ ਦਾ ਘੋਰ ਅਪਮਾਨ ਨਹੀਂ ਹੈ?

"ਪਿੱਪਲ ‘ਸਾਹਿਬ’ ਤੇ ਗੁਰੂਦਵਾਰਾ ਪਾਤਸ਼ਾਹੀ ਛੇਵੀਂ"

ਇਹ ਪਿੱਪਲ ਤਾਂ ਉਹੀ ਹੈ ਜਿਸ ਦਾ ਜ਼ਿਕਰ ਪਹਿਲਾਂ ਹੋ ਚੁਕਿਆ ਹੈ, ਪਰੰਤੂ ਇਥੇ ਕਹਾਣੀ ਨਵੀਂ ਹੈ ਜਿਸ ਦਾ ਸੰਬੰਧ ਗੁਰੂ ਹਰਿਗੋਬਿੰਦ ਰਾਏ ਜੀ ਨਾਲ ਦੱਸਿਆ ਜਾਂਦਾ ਹੈ। "ਗੁਰਦੁਆਰਾ ਪਾਤਸ਼ਾਹੀ ਛੇਵੀਂ" ਪਿੱਪਲ ਦੇ ਖੱਬੇ ਹੱਥ ਉਸਾਰਿਆ ਗਿਆ ਹੈ।

"ਸਿੱਧਾਂ ਨੇ ਪਿੱਪਲ ਨੂੰ ਸਾੜਨਾ"

"ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਬਾ ਸ੍ਰੀ ਚੰਦ ਗੁਰੂ ਅਸਥਨ ਦੀ ਸੇਵਾ ਸੰਭਾਲ ਦੇਖਦੇ ਰਹੇ। ਬਾਬਾ ਸ੍ਰੀ ਚੰਦ ਜੀ ਆਪਣੇ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਸੇਲੀ ਟੋਪੀ ਦੇ ਕੇ ਗੱਦੀ ਦਾ ਵਾਰਿਸ ਬਣਾ ਕੇ ਸੱਚਖੰਡ ਚਲੇ ਗਏ। ……ਬਾਬਾ ਅਲਮਸਤ ਜੋ ਜਾਤੀ ਦੇ ਗੌੜ ਬ੍ਰਾਹਮਣ ਸੀ। ……ਨੇ ਨਾਨਕ ਪੰਥੀ ਧਰਮ ਦਾ ਪ੍ਰਚਾਰ ਦੂਰ ਦੂਰ ਤੱਕ ਫੈਲਾਇਆ। ……

"ਸਮੇਂ ਨਾਲ ਸਿੱਧਾਂ ਨੇ ਪਿੱਪਲ ਨੂੰ ਆਪਣੇ ਕਬਜੇ ਵਿੱਚ ਲੈਣ ਵਾਸਤੇ, ਬਾਬੇ ਅਲਮਸਤ ਨੂੰ ਇਸ ਸਥਾਨ ਤੋਂ ਭਜਾ ਦਿੱਤਾ। ਬਾਬਾ ਅਲਮਸਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ……ਸਿੱਧਾਂ ਹੰਕਾਰੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਯਾਦ ਨਿਸ਼ਾਨੀ ਪਿੱਪਲ ਨੂੰ ਸਾੜ ਦਿੱਤਾ ਹੈ। ……ਗੁਰੂ ਹਰਗੋਬਿੰਦ ਸਾਹਿਬ ਜੀ …ਕੁੱਝ ਸਿੰਘਾਂ ਨੂੰ ਨਾਲ ਲੈ ਕੇ ਨਾਨਕਮਤਾ ਸਾਹਿਬ ਪਹੁੰਚੇ ਤੇ ਸਿੱਧਾਂ ਨੂੰ ਏਥੋਂ ਭਜਾ ਕੇ ਸੁੱਕੇ ਪਿੱਪਲ ਤੇ ਕੇਸਰ ਦੇ ਛਿੱਟੇ ਮਾਰ ਕੇ ਹਰਾ ਕੀਤਾ। ……"

(ਨੋਟ:- ਸਿੰਘਾਂ? ਕੀ ਗੁ: ਹਰਗੋਬਿੰਦ ਜੀ ਦੇ ਸਮੇਂ ਸਿੱਖ ਨੂੰ ਸਿੰਘ ਕਿਹਾ ਜਾਂਦਾ ਸੀ? ? ? ਕੀ ਗੁਰੂ ਹਰਿਗੋਬਿੰਦ ਜੀ ਵੀ ਕਰਾਮਤੀ ਸਨ? ? ?)

"ਮਹਿਂਦੀ ਖਾਨ ਦੀ ਬੇਗਮ ਨੇ ਪੁੱਤਰ ਦੀ ਮੰਗ ਕਰਨੀ"

"ਮੁਗਲਾਂ ਦੇ ਰਾਜ ਸਮੇਂ ਇਹ ਅਵਧ ਦੇ ਨਵਾਬ ਮਹਿੰਦੀ ਅਲੀ ਖਾਨ ਦੀ ਰਿਆਸਤ ਬਣੀ। ਨਵਾਬ ਦੀ ਬੇਗਮ ਨੂੰ ਟੀ. ਬੀ. ਦੀ ਬੀਮਾਰੀ ਹੋ ਗਈ ਤੇ ਵੈਦਾਂ ਨੇ ਉਸ ਨੂੰ ਇਸ ਜਗ੍ਹਾ ਤੇ ਰਹਿਕੇ ਇਲਾਜ ਕਰਵਾਣ ਦੀ ਸਲਾਹ ਦਿੱਤੀ। ……ਬੇਗਮ ਇੱਥੇ ਪਿੱਪਲ ਸਾਹਿਬ ਤੇ ਬਾਬੇ ਅਲਮਸਤ ਕੋਲ ਵੀ ਕਦੀ ਕਦੀ ਜਾਣ ਲਗ ਪਈ……ਬਾਬਾ ਜੀ ਨੇ ਕਿਹਾ ਇਹ ਅਸਥਾਨ ਗੁਰੂ ਨਾਨਕ ਦੇਵ ਜੀ ਦਾ ਹੈ ਇਸ ਜਗ੍ਹਾ ਤੇ ਜੋ ਵੀ ਕੋਈ ਮੰਨਤ ਮੰਗਦਾ ਹੈ ਤੇ ਸੇਵਾ ਕਰਦਾ ਹੈ ਉਸਦੀ ਮੰਨਤ ਪੂਰੀ ਹੁੰਦੀ ਹੈ। ਬੇਗਮ ਨੇ ਇਹ ਮੰਨਤ ਮੰਗੀ ਕਿ ਮੇਰੇ ਘਰ ਲੜਕਾ ਹੋਵੇ ਤਾਂ ਮੈਂ ਇਸ ਸਥਾਨ ਦੀ ਸੇਵਾ ਕਰਾਂਗੀ. ਸਮਾ ਪਾਕੇ ਬੇਗਮ ਦੇ ਘਰ ਗੁਰੂ ਕ੍ਰਿਪਾ ਨਾਲ ਪੁੱਤਰ ਪੈਦਾ ਹੋਇਆ ਤੇ ਉਸ ਦੀ ਟੀ. ਬੀ. ਦੀ ਬੀਮਾਰੀ ਵੀ ਹੱਟ ਗਈ। ਕੁੱਝ ਸਮੇਂ ਬਾਅਦ ਬੱਚਾ ਚਲਾਣਾ ਕਰ ਗਿਆ ਬੇਗਮ ਉਸ ਬੱਚੇ ਨੂੰ ਲੈ ਕੇ ਪਿੱਪਲ ਸਾਹਿਬ ਦੇ ਥੱਲੇ ਰੱਖ ਕੇ ਵਿਰਲਾਪ ਕਰਨ ਲੱਗ ਪਈ……ਬਾਬਾ ਅਲਮਸਤ ਜੀ ਨੇ ਕਿਹਾ ਕਿ ਤੂੰ ਚਾਦਰ ਲੈ ਕੇ ਲੇਟ ਜਾ ਤੇ ਇਹ ਠੀਕ ਹੋ ਜਾਵੇਗਾ। ਉਹ ਬੱਚਾ ਜਿੰਦਾ ਹੋ ਗਿਆ। ਇਹ ਸਾਰਾ ਕੌਤਕ ਵੇਖ ਕੇ ਨਵਾਬ ਮਹਿੰਦੀ ਅਲੀ ਖਾਂ ਨੇ ਇਸ ਸਥਾਨ ਦੇ ਨਾਮ ੪੫੦੦ ਏਕੜ ਜਮੀਨ ਅਤੇ ਤਿੰਨ ਸੌ ਏਕੜ ਸਾਲ ਦਾ ਜੰਗਲ ਅੰਕਿਤ ਕਰਵਾ ਦਿੱਤਾ। ……"

ਪਿੱਪਲ ‘ਸਾਹਿਬ’ ਹੇਠ ਸੇਵਾ ਵਾਸਤੇ ਝਾੜੂ ਚੜ੍ਹਾਉਣ ਅਤੇ ਸਾਬੁਨੀ ਪਾਉਡਰ ਦੇ ਪੈਕਿਟ ਭੇਟ ਕਰਨ ਦਾ ਆਧਾਰ ਇਸ ਕਹਾਣੀ ਨੂੰ ਦੱਸਿਆ ਜਾਂਦਾ ਹੈ! ! !

ਬਾਬਾ ਅਲਮਸਤ ਜੀ ਦੀ ਸਮਾਧ

ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ:

ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹੀ॥ ਮੜੀ ਮਸਾਣੀ ਮੂੜੇ ਜੋਗੁ ਨਾਹਿ॥

ਇਸ ਗੁਰੁਹੁਕਮ ਦੀ ਅਵੱਗਿਆ ਕਰਦਿਆਂ ਧਰਮ ਦਾ ਵਪਾਰ ਕਰਨ ਵਾਲੇ ਸਿੱਖਾਂ ਨੇ ਭਾਰਤ ਵਿੱਚ ਅਨੇਕ ਮੜੀਆਂ ਉੱਤੇ ਗੁਰੁਦੁਆਰੇ ਉਸਾਰ ਲਏ ਹਨ ਅਤੇ ਉਥੇ ਅਚੇਤ ਸ਼ਰਧਾਲੂਆਂ ਤੋਂ ਮੜੀਆਂ ਦੀ ਪੂਜਾ ਕਰਵਾ ਕੇ ਗੁਰੂ ਦੇ ਨਾਮ `ਤੇ ਮਾਇਆ ਠੱਗੀ ਜਾ ਰਹੇ ਹਨ। ਬਾਬਾ ਅਲਮਸਤ ਜੀ ਦੀ ਸਮਾਧ ਵੀ ਉਨ੍ਹਾਂ ਵਿੱਚੋਂ ਇੱਕ ਹੈ।

"ਗੁਰਦੁਆਰਾ ਬਾਬਾ ਅਲਮਸਤ ਜੀ ਦੀ ਸਮਾਧ

ਭਾਬਾ ਅਲਮਸਤ ਜੀ ਦੇ ਸ਼ਰੀਰ ਛੱਡਣ ਤੋਂ ਬਾਅਦ ਇਸ ਅਸਥਾਨ ਉਪਰ ਅੰਤਿਮ ਸੰਸਕਾਰ ਕੀਤਾ ਗਿਆ।"

"ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਹਰ ਅਮਾਵਸ, ਗੁਰਪੁਰਬਾਂ ਅਤੇ ਦੀਵਾਲੀ ਪੁਰਬ ਉਤੇ ਗੁਰਦੁਆਰਾ ਭੰਡਾਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੁੰਦਾ ਹੈ।

ਕਕਾਰ ਗੁ. ਪ੍ਰ. ਕਮੇਟੀ ਵੱਲੋਂ ਦਿੱਤੇ ਜਾਂਦੇ ਹਨ।"

ਨਾਨਕ ਮਤੇ ਦਾ ਉਕਤ ‘ਗੌਰਵਮਈ’ ਇਤਿਹਾਸ ਪੜ੍ਹ ਕੇ ਸਾਡੇ ਵਰਗੇ ਸਾਧਾਰਨ ਸੂਝ ਰੱਖਣ ਵਾਲੇ ਹਮਾਤੜਾਂ ਦੇ ਮੂੰਹੋਂ ਵੀ ਆਪਮੁਹਾਰੇ ਇਹੋ ਸ਼ਬਦ ਨਿਕਲਣਗੇ:

"ਕਹਿਤ ਕਮਲੇ ਸੁਣਤ ਬਾਵਲੇ"।

ਪਾਠਕ ਸੱਜਨੋਂ! ਗੁਰੂ ਨਾਨਕ ਦੇਵ ਜੀ ਇੱਕ ਪ੍ਰਤਿਭਾਸ਼ੀਲ ਫ਼ਿਲਾਸਫ਼ਰ ਸਨ। ਉਨ੍ਹਾਂ ਦਾ ਪਰਮਾਰਥੀ ਫ਼ਲਸਫ਼ਾ ਨਿਰੋਲ ਸੱਚ, ਗਿਆਨ ਅਤੇ ਬਿਬੇਕ ਉੱਤੇ ਆਧਾਰਤ ਹੈ। ਇਸ ਅਦੁੱਤੀ ਫ਼ਲਸਫ਼ੇ ਵਿੱਚ ਝੂਠ, ਕਪਟ, ਅੰਧਵਿਸ਼ਵਾਸ, ਅਗਿਆਨਤਾ, ਸਵਾਰਥ ਅਤੇ ਭਰਮਪੂਰਨ ਰਿਧੀਆਂ-ਸਿਧੀਆਂ ਵਾਸਤੇ ਕੋਈ ਜਗ੍ਹਾ ਨਹੀਂ। ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਨੁਸਾਰ ਰਿਧੀਆਂ ਸਿਧੀਆਂ ਅਰਥਾਤ ਅਲੌਕਿਕ ਸ਼ਕਤੀਆਂ ਮਨੁਖ ਨੂੰ ਅਕਾਲ ਪੁਰਖ ਤੇ ਅਧਿਆਤਮਿਕਤਾ ਨਾਲੋਂ ਤੋੜ ਕੇ ਮਾਇਆ ਦੇ ਲੜ ਲਾਉਂਦੀਆਂ ਹਨ। ਇਹੀ ਕਾਰਣ ਹੈ ਕਿ ਉਨ੍ਹਾਂ ਨੇ ਆਪਣੀ ਰੱਬੀ ਬਾਣੀ ਵਿੱਚ ਭਰਮਾਉ ਤੇ ਨਿਰਾਰਥਕ ਰਿਧੀਆਂ ਸਿਧੀਆਂ ਨੂੰ ਬਿਬੇਕ ਨਾਲ ਮੂਲੋਂ ਹੀ ਨਕਾਰਿਆ ਹੈ ਅਤੇ ਨਾਮ-ਸਿਮਰਨ ਦੇ ਪਰਮਾਰਥੀ ਰਾਹ ਉੱਤੇ ਤੁਰਨ ਦੀ ਪ੍ਰੇਰਨਾ ਦਿੱਤੀ ਹੈ। ਹਰਿ-ਨਾਮ-ਸਿਮਰਨ ਨੂੰ ਹੀ ਉਨ੍ਹਾਂ ਨੇ ਨਾਥ-ਜੋਗੀਆਂ ਦੀਆਂ ਨਿਰਾਰਥਕ ਚਮਤਕਾਰੀ ਸ਼ਕਤੀਆਂ ਦਾ ਸੱਚਾ ਬਦਲ ਦੱਸਿਆ ਹੈ। ਆਪ ਦਾ ਫ਼ਰਮਾਨ ਹੈ:

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ ਜਪੁ

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ਸਿਰੀ ਰਾਗ ਮ: ੧

ਨਾਨਕ ਮਤੇ ਦੇ ਗੁਰੁਦੁਆਰਿਆਂ ਦਾ ਮਹੱਤਵ ਦਰਸਾਉਂਦੀਆਂ ਉਕਤ 20 ਦੇ ਕਰੀਬ ਕਰਾਮਾਤੀ ਕਹਾਣੀਆਂ ਵਿੱਚ ਆਦਿ ਜੁਗਾਦੀ ਸੱਚੇ ਸਾਹਿਬ ਅਕਾਲ ਪੁਰਖ ਦਾ ਜ਼ਿਕਰ ਤਕ ਨਹੀਂ ਹੈ! ! ਇਨ੍ਹਾਂ ਬੇਤੁਕੀਆਂ ਕੂੜਕਹਾਣੀਆਂ ਵਿੱਚ ਉਸ ਇੱਕੋ ਇੱਕ ਸੱਚੇ ਸਾਹਿਬ ਦੇ ਸੱਚੇ ਸੁੱਚੇ ਉਪਸ਼ਕ ਬਾਬਾ ਨਾਨਕ ਦੀ ਇਲਾਹੀ ਬਾਣੀ ਦੀ ਇੱਕ ਤੁਕ ਵੀ ਨਜ਼ਰ ਨਹੀਂ ਆਉਂਦੀ। ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਬਖ਼ਸ਼ੇ ਗਏ ਨਾਮ-ਸਿਮਰਨ, ਅਧਿਆਤਮਿਕਤਾ, ਪਰਮਾਰਥ, ਗਿਆਨ ਤੇ ਬਿਬੇਕ ਆਦਿ ਦੇ ਮਾਨਵ-ਹਿਤੈਸ਼ੀ ਸਿੱਧਾਂਤਾਂ ਦਾ ਭੋਰਾ ਵੀ ਦਿਖਾਈ ਨਹੀਂ ਦਿੰਦਾ! ! ਸੱਚ ਤਾਂ ਇਹ ਹੈ ਕਿ ਗੁਰੂ ਜੀਆਂ ਦੇ ਨਾਮ ਨਾਲ ਜੋੜ ਕੇ ਪ੍ਰਚਾਰੀਆਂ ਜਾਂਦੀਆਂ ਇਹ ਚਮਤਕਾਰੀ ਕਹਾਣੀਆਂ ਯਾਤ੍ਰੀਆਂ ਨੂੰ ਗੁਰ-ਗਿਆਨ ਵੱਲੋਂ ਬੇਮੁਖ ਕਰਕੇ ਅਗਿਆਨਤਾ ਤੇ ਅੰਧਵਿਸ਼ਵਾਸ ਦੇ ਅਂਨ੍ਹੇ ਖੂਹ ਵਿੱਚ ਡਿੱਗਣ ਲਈ ਉਕਸਾਉਂਦੀਆਂ ਹਨ।

ਨਾਨਕ-ਮਤ ਦੇ ਪ੍ਰਚਾਰ ਦਾ ਢੌਂਗ ਕਰਕੇ ਭੋਲੀ ਜਨਤਾ ਨੂੰ ਠੱਗਣ ਵਾਲੇ ਛਲੀਏ ਪ੍ਰਬੰਧਕ, ਜਥੇਦਾਰ, ਅਜੋਕੇ ਪੰਜ ਪਿਆਰੇ, ਰਾਗੀ, ਭਾਈ ਪ੍ਰਚਾਰਕ ਤੇ ਗ੍ਰੰਥੀ ਆਦਿ ਕਿਸੇ ਨੇ ਵੀ, ਆਪਣੇ ਮਾਇਕ ਸਵਾਰਥ ਨੂੰ ਮੁਖ ਰੱਖਦਿਆਂ, ਅੱਜ ਤੀਕ ਗੁਰਮਤਿ-ਵਿਰੋਧੀ ਇਨ੍ਹਾਂ ਬੇਤੁਕੀਆਂ ਕਹਾਣੀਆਂ ਵਿਰੁੱਧ ਜ਼ੁਬਾਨ ਨਹੀਂ ਖੋਹਲੀ। ਉਲਟਾ, ਇਨ੍ਹਾਂ ਸਾਰੇਆਂ ਨੇ ਰਲ ਕੇ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਸਿੱਧਾਂਤ ਉੱਤੇ ਕੁਫ਼ਰ ਦਾ ਪਰਦਾ ਪਾਕੇ ਇਨ੍ਹਾਂ ਕਪਟ-ਕਹਾਣੀਆਂ ਦਾ ਕੂੜ-ਪ੍ਰਚਾਰ ਕਰ ਕਰ ਕੇ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਤੋਂ ਵੀ ਵਡੇਰਾ ਸਿੱਧ ਸਾਬਤ ਕਰ ਦਿੱਤਾ ਹੈ! ਗੁਰੂ ਅਤੇ ਗੁਰਮਤਿ ਦੇ ਦੋਖੀ ਇਨ੍ਹਾਂ ਪਾਖੰਡਧਰਮੀਆਂ ਵਾਸਤੇ ਨਿਰਸੰਕੋਚ ਕਿਹਾ ਜਾ ਸਕਦਾ ਹੈ:

"ਸ਼ਕਲ ਮੋਮਿਨਾਂ ਕਰਤੂਤ ਕਾਫ਼ਿਰਾਂ" !

ਪਾਠਕਾਂ ਦੀ ਜਾਣਕਾਰੀ ਵਾਸਤੇ ਕੁੱਝ ਇੱਕ ਹੋਰ ਤੱਥ ਜਿਨ੍ਹਾਂ ਨੂੰ ਦੇਖ-ਸੁਣ ਕੇ ਘੋਰ ਨਿਰਾਸ਼ਾ ਹੁੰਦੀ ਹੈ:-

ਸਾਨੂੰ ਦੋ ਵਾਰ ਨਾਨਕਮਤੇ ਦੀ ਯਾਤ੍ਰਾ ਕਰਨ ਦਾ ਮੌਕਾ ਮਿਲਿਆ। ਦੋਨੋ ਵਾਰ, ‘ਸੇਵਾਦਾਰਾਂ’ ਦੇ ਇਲਾਵਾ, ਕੋਈ ਵੀ ਸਿੱਖ ਯਾਤ੍ਰੀ ਜਾਂ ਸਥਾਨਕ ਸਿੱਖ ਦਿਖਾਈ ਨਹੀਂ ਦਿੱਤਾ! ! ਨਾਨਕਮਤੇ ਦੀ ਯਾਤ੍ਰਾ ਵਾਸਤੇ ਆਉਂਦੇ ਬਹੁਤੇ ਲੋਕ ਉਤਰਾਖੰਡ, ਯੂ: ਪੀ: , ਬਿਹਾਰ ਅਤੇ ਨੇਪਾਲ ਆਦਿ ਤੋਂ ਆਏ ਹੋਰ ਧਰਮਾਂ ਦੇ ਲੋਕ ਹੁੰਦੇ ਹਨ। ਇਨ੍ਹਾਂ ਦਾ ਗੁਰਮਤਿ ਨਾਲ ਦੂਰ ਦਾ ਵੀ ਵਾਸਤਾ ਨਹੀਂ! (ਉਂਜ ਤਾਂ ਅੱਜ ਕਲ ਦੇ ਬਹੁਤੇ ਸਿੱਖਾਂ, ਸਿੰਘਾਂ ਤੇ ਖ਼ਾਲਸਿਆਂ ਦਾ ਵੀ ਗੁਰਮਤਿ ਨਾਲ ਵਾਸਤਾ ਨਹੀਂ ਰਿਹਾ! !) ਉਨ੍ਹਾਂ ਦਾ ਇਥੇ ਆਉਣ ਦਾ ਮਕਸਦ ਕਰਮਕਾਂਡ ਕਰਕੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਵਾਉਣਾ ਹੈ। ਗ਼ੈਰਸਿੱਖ ਲੋਕਾਂ ਨੂੰ ਆਕਰਸ਼ਿਤ ਕਰਕੇ ਫਸਾਉਣ ਵਾਸਤੇ ਸਾਰੇ ਸਾਇਨ ਬੋਰਡ ਹਿੰਦੀ ਵਿੱਚ ਵੀ ਲਿਖੇ ਹੋਏ ਹਨ। ਹਾਂ, ਪੁਰਬਾਂ ਤੇ ਹੋਰ ਸਮਾਗਮਾ ਵਿੱਚ ਸਿੱਖ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੁੰਦੇ ਹਨ।

ਸੰਸਾਰ ਦੇ ਹੋਰ ਗੁਰੂਦਵਾਰਿਆਂ ਵਾਂਗ ਇਸ ਇਲਾਕੇ ਦੇ ‘ਸਿੰਘ’ ਵੀ ਧੜਿਆਂ ਵਿੱਚ ਵੰਡੇ ਹੋਏ ਹਨ। ਇਨ੍ਹਾਂ ਧੜੇਬੰਦ ‘ਸਿੰਘਾਂ’ ਨੇ ਪ੍ਰਬੰਧਕੀ ਗੱਦੀਆਂ ਅਤੇ ਗੋਲਕਾਂ ਉੱਤੇ ਕਬਜ਼ਾ ਜਮਾਉਣ ਵਾਸਤੇ ਗੁਰੁਦੁਆਰੇ ਨੂੰ ਸਦੀਵੀ ਸੰਘਰਸ਼ ਦਾ ਅਖਾੜਾ ਬਣਾ ਰੱਖਿਆ ਹੈ। ‘ਸਿੰਘਾਂ’ ਦੇ ਧੜਿਆਂ ਦੀਆਂ ਆਪਸ ਵਿੱਚ ਹਿੰਸਕ ਮੁੱਠ-ਭੇੜਾਂ ਹੁੰਦੀਆਂ ਹੀ ਰਹਿੰਦੀਆਂ ਹਨ! ਤਕਰੀਬਨ ਦੋ ਦਹਾਕਿਆਂ ਤੋਂ ਗੱਦੀਆਂ ਅਤੇ ਗੋਲਕਾਂ ਉੱਤੇ ਕਬਜ਼ੇ ਜਮਾਉਣ ਲਈ ਕਚਹਿਰੀਆਂ ਵਿੱਚ ਮੁਕੱਦਮੇ ਚੱਲ ਰਹੇ ਹਨ। ਅਤੇ ਨਾਨਕਮਤੇ ਦੇ ਗੁਰੂਦਵਾਰਿਆਂ ਅੰਦਰ ਸ਼ਾਂਤੀ ਬਣਾਈ ਰੱਖਣ ਵਾਸਤੇ 17-18 ਸਾਲ ਤੋਂ ਨਾਨਕ ਮਤੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼ਹੀਦ ਊਧਮ ਸਿੰਘ ਨਗਰ ਦੇ ਡੀ: ਐਮ: , ਰੀਸੀਵਰ (receiver) ਤੇ ਇਨ੍ਹਾਂ ਦੇ ਅਧਿਕਾਰ ਹੇਠ ਕੰਮ ਕਰਦੀ ਕਮੇਟੀ ਦੇ ਹੱਥ ਹੈ।

ਸਾਨੂੰ ਇੱਕ ਮੁਅਤਬਰ ਬਜ਼ੁਰਗ, ਜੋ ਕਿ ਕਥਿਤ ਸ਼ੂਦਰ ਜਾਤਿ ਦੇ ਸਨ, ਨੇ ਦੱਸਿਆ ਕਿ ‘ਸਿੰਘਾਂ’ ਦੇ ਆਪਸੀ ਕਲੇਸ਼ ਦਾ ਇੱਕ ਵੱਡਾ ਕਾਰਣ ਇਹ ਵੀ ਹੈ ਕਿ ਉੱਚੀ ਜਾਤਿ ਦੇ ਹਉਮੈ-ਮਾਰੇ ‘ਸਿੰਘ’ ਨਹੀਂ ਚਾਹੁੰਦੇ ਕਿ ਗੁਰੁਦੁਆਰੇ ਦੀ ਪ੍ਰਬੰਧਕ ਕਮੇਟੀ ਵਿੱਚ ਕਥਿਤ ਨੀਵੀਂ ਜਾਤਿ ਦੇ ਲੋਕ ਹੋਣ! ! ਸੱਚੇ ਗੁਰਸਿੱਖਾਂ ਵਾਸਤੇ ਕਿਤਨੀ ਸ਼ਰਮ ਦੀ ਗੱਲ ਹੈ? ?

ਗੁਰਿੰਦਰ ਸਿੰਘ ਪਾਲ

ਸਤੰਬਰ 20, 2015.


.

(ਨੋਟ:- ਹੋਰ ਬਹੁਤ ਸਾਰੀਆਂ ਫੋਟੋ ਦੇਖਣ ਲਈ ਇੱਥੇ ਕਲਿਕ ਕਰੋ। ਇਹ ਫੋਟੋਆਂ ਪੀ. ਡੀ. ਐੱਫ. ਫਾਈਲ ਵਿੱਚ ਹਨ)