.

‘ਜਪੁ’ ਬਾਣੀ

ਗੁਰਬਾਣੀ ਦੀ ਬਣਤਰ ਦਾ ਇਕ ਵਿਸ਼ੇਸ਼ ਢੰਗ ਹੈ। ਕੋਈ ਵੀ ਵਿਸ਼ਾ ਆਰੰਭ ਹੋਣ ਤੋਂ ਪਹਿਲਾਂ ਉਸ ਦਾ ਸਿਰਲੇਖ ਦਿੱਤਾ ਜਾਂਦਾ ਹੈ। ਬਾਣੀ ਦਾ ਨਾਮ, ਰਾਗ ਦਾ ਨਾਮ, ਸੰਗੀਤਕ ਧੁਨੀ ਦਾ ਨਾਮ, ਗਾਉਣ ਦੀ ਚਾਲ ਆਦਿ ਦਾ ਵੇਰਵਾ ਸਿਰਲੇਖ ਤੋਂ ਮਿਲ ਜਾਂਦਾ ਹੈ। ਜੋ ਵੀ ਵਿਸ਼ਾ ਆਰੰਭ ਹੁੰਦਾ ਹੈ ਉਸ ਦੀ ਲੜੀਵਾਰ ਬਾਣੀ ਪਦੇ, ਪਉੜੀਆਂ ਜਾਂ ਛੰਤਾਂ ਵਿਚ ਦਰਜ ਕੀਤੀ ਮਿਲਦੀ ਹੈ। ਇਹ ਬਾਣੀ ਦੀ ਤਰਤੀਬ ਹੈ।

‘ਜਪੁ’ ਬਾਣੀ ਵੀ ਲੜੀਵਾਰ ਇੱਕੋ ਵਿਸ਼ੇ ਤੇ ਹੀ ਕੇਂਦਰਿਤ ਹੈ। ਐਸਾ ਨਹੀਂ ਕਿ ਕੁਝ ਪਉੜੀਆਂ (ਪਦੇ) ਕਿਸੇ ਹੋਰ ਨੂੰ ਤੇ ਕੁਝ ਪਦੇ ਕਿਸੇ ਹੋਰ ਪ੍ਰਥਾਂਏ ਹਨ। ਹਾਂ ਪਰ ਜੇ ਅਸੀਂ ਐਸਾ ਮੰਨ ਬੈਠੇ ਹਾਂ ਤਾਂ ਇਹ ਸਾਡੀ ਅਗਿਆਨਤਾ ਹੋ ਸਕਦਾ ਹੈ। ਪਰ ਜੇਕਰ ਅਸੀਂ ਗੁਰਬਾਣੀ ਦੇ ਅੰਤਰੀਵ ਸਿਧਾਂਤ ਨੂੰ ਜੋ ਕਿ ਉਪਰ ਦੱਸਿਆ ਜਾ ਚੁੱਕਾ ਹੈ ਕਿ ਬਾਣੀ ਲੜੀਵਾਰ ਇਕੋ ਵਿਸ਼ੇ ਤੇ ਕੇਂਦਰਤ ਹੁੰਦੀ ਹੈ, ਬੇਤਰਤੀਬ ਨਹੀਂ ਹੁੰਦੀ, ਤਾਂ ਅਸੀਂ ਜ਼ਰੂਰ ਇਸ ਵੱਲ ਉੱਦਮ ਕਰਾਂਗੇ ਕਿ ‘ਜਪੁ’ ਬਾਣੀ ਵੀ ਨਿਰੰਤਰ ਲੜੀ ਵਾਰ ਹੈ। ਐਸਾ ਨਹੀਂ ਹੈ ਕਿ ਕੁਝ ਪਉੜੀਆਂ ਸਿਧਾਂ ਜੋਗੀਆਂ ਨੂੰ ਮੁਖਾਤਿਬ ਹਨ ਤੇ ਕੁਝ ਪੰਡਿਤਾਂ-ਕਾਜ਼ੀਆਂ ਨੂੰ।

ਨੋਟ 1: ਗੁਰਬਾਣੀ ਪੜਨ ਵੇਲੇ ਦ੍ਰਿੜਤਾ ਨਾਲ ਇਹ ਸਿਧਾਂਤ ਜ਼ਰੂਰ ਪੱਲੇ ਬੰਨ੍ਹਕੇ ਰੱਖਣਾ ਲਾਹੇਵੰਦ ਹੋਵੇਗਾ ਕਿ ਗੁਰਬਾਣੀ ਦਾ ਵਿਸ਼ਾ ਕੇਵਲ ਤੇ ਕੇਵਲ ਮੇਰੇ ਅਉਗੁਣਿਆਰੇ ਮਨ ਨੂੰ ਸਦਗੁਣੀ ਬਣਾਉਣ ਦਾ ਹੈ। ਜਿਉਂ ਹੀ ਅਸੀਂ ਗੁਰਬਾਣੀ ਦੀ ਸ਼ਬਦਾਵਲੀ ਨੂੰ ਪ੍ਰਚਲਿਤ ਲੋਕਬੋਲੀ ਦੇ ਦ੍ਰਿਸ਼ਟੀਕੌਣ ਤੋਂ ਵਾਚਦੇ ਹਾਂ ਤਾਂ ਟਪਲਾ ਨਾ ਲੱਗ ਜਾਵੇ ਇਸ ਕਰਕੇ ਉਸਦੇ ਭਾਵ ਅਰਥ ਅਤੇ ਤੱਤ ਗਿਆਨ ਨੂੰ ਲੱਭਣਾ ਜ਼ਰੂਰੀ ਹੈ। ਜਿਵੇਂ ਕਿ ਜੇ ਸਿਧ, ਜੋਗੀ, ਪੰਡਿਤ ਜਾਂ ਕਾਜ਼ੀ ਦੀ ਸ਼ਬਦਾਵਲੀ ਆਉਂਦੀ ਹੈ ਤਾਂ ਨਾ ਚਾਹੁੰਦੇ ਹੋਏ ਵੀ ਧਿਆਨ ਇਨ੍ਹਾਂ ਬਾਹਰਲੀਆਂ ਹਸਤੀਆਂ ਜਾਂ ਇਤਿਹਾਸਕ, ਮਿਥਿਹਾਸਕ, ਜਾਂ ਪ੍ਰਚਲਿਤ ਹਸਤੀਆਂ ਤੇ ਕੇਂਦ੍ਰਿਤ ਹੋ ਜਾਂਦਾ ਹੈ। ਜਿਉਂ ਹੀ ਧਿਆਨ ਦੂਜਿਆਂ ਵੱਲ ਕੇਂਦ੍ਰਿਤ ਹੋਇਆ ਨਹੀਂ ਕਿ ਆਪਣੇ ਮਨ ਤੋਂ ਬਾਹਰ ਚਲੇ ਜਾਂਦੇ ਹਾਂ। ਹਾਂ ਜੀ! ਇਹੀ ਧਿਆਨ ਰੱਖਣਾ ਹੈ ਕਿ ‘ਜਪੁ’ ਬਾਣੀ (ਅਤੇ ਸਮੁੱਚੀ ਗੁਰਬਾਣੀ) ਵਿਚ ਮੇਰੇ ਮਨ ਦੀ ਗਲ ਕੀਤੀ ਜਾ ਰਹੀ ਹੈ।

ਨੋਟ 2: ਗੁਰਬਾਣੀ ਅੰਦਰ ਵਰਤੀ ਗਈ ਸ਼ਬਦਾਵਲੀ ਦੀ ਪਰੀਭਾਸ਼ਾ ਗੁਰਬਾਣੀ ਵਿਚੋਂ ਹੀ ਲੱਭਣ ਦਾ ਜਤਨ ਕਰਨਾ ਲਾਹੇਵੰਦ ਹੈ।

ਜਪੁ ਦਾ ਭਾਵ ਹੈ ਦ੍ਰਿੜ ਕਰਨਾ। ਪਹਿਲੀ ਪਉੜੀ (ਪਦੇ) ਅੰਦਰ ਹੀ ਇਸ ਗਲ ਦੀ ਜਾਣਕਾਰੀ ਮਿਲਦੀ ਹੈ ਕਿ ਬਾਣੀ ਦਾ ਵਿਸ਼ਾਂ ਕੂੜਿਆਰੇ ਮਨ ਨੂੰ ਸਚਿਆਰਾ ਬਣਾਉਣ ਲਈ ਬਖ਼ਸ਼ਿਸ਼ ਕੀਤੀ ਗਈ ਹੈ। ਅਸੀਂ ਇਹ ਦ੍ਰਿੜਤਾ ਨਾਲ ਸਦਾ ਲਈ ਚੇਤੇ ਰੱਖੀਏ ਕਿ ਗੁਰਬਾਣੀ ਮੇਰੇ ਕੂੜਿਆਰੇ ਮਨ ਨੂੰ ਸਚਿਆਰਾ ਬਣਾਉਣਾ ਚਾਹੁੰਦੀ ਹੈ।

ਮਨ ਦੀ ਇਹ ਸੱਮਸਿਆ ਹੈ ਕਿ ਇਹ ਕੂੜਿਆਰਾ ਹੈ ਪਰ ਮਨੁੱਖ ਮੰਨਦਾ ਨਹੀਂ ਕਿ ਮੇਰਾ ਮਨ ਕੂੜਿਆਰਾ ਹੈ। ਜੇਕਰ ਇਹ ਮੰਨ ਜਾਏ ਕਿ ਮੈਂ ਕੂੜਿਆਰਾ ਹਾਂ (ਬਿਮਾਰ ਹਾਂ) ਤਾਂ ਜ਼ਰੂਰ ਗੁਰੂ (ਡਾਕਟਰ, ਵੈਦ) ਕੋਲ ਇਲਾਜ ਲਈ ਜਾਏਗਾ। ਜੇਕਰ ਡਾਕਟਰ ਕੋਲ ਜਾਉ, ਆਪਣੀ ਬਿਮਾਰੀ ਦੱਸੋ ਤਾਂ ਡਾਕਟਰ ਵੀ ਉਸੇ ਬੀਮਾਰੀ ਬਾਰੇ ਹੀ ਗਲ ਕਰੇਗਾ। ਉਹੀ ਗੱਲ ਕਰੇਗਾ ਜਿਸਦਾ ਮੇਰੇ ਮਨ ਨਾਲ, ਮਨ ਦੀ ਮੈਲ ਨਾਲ, ਮਨ ਦੇ ਇਲਾਜ ਨਾਲ ਵਾਸਤਾ ਹੋਵੇਗਾ। ਇਸੇ ਗੱਲ ਨੇ ਮੈਨੂੰ ਮਜਬੂਰ ਕੀਤਾ ਕਿ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥’ ਦੇ ਅਰਥ ਬਾਹਰਲੇ ਤੋਂ ਇਲਾਵਾ ਅੰਦਰਲੇ ਵੀ ਹੋਣੇ ਚਾਹੀਦੇ ਹਨ ਜੋ ਕਿ ਮੇਰੇ ਮਨ ਨੂੰ ਸੰਵਾਰਨ ਵਿਚ ਸਹਾਇਕ ਹੋਣ।

ਤੁੱਛ ਬੁੱਧੀ ਅਨੁਸਾਰ ਜਪੁ ਬਾਣੀ ਪੜ੍ਹਕੇ ਆਪਣੇ ਮਨ ਨੂੰ ਸੰਵਾਰਨ ਦਾ ਜਤਨ ਕੀਤਾ ਹੈ ਅਤੇ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝ ਕਰਨ ਦਾ ਨਿਮਾਣਾ ਜਿਹਾ ਜਤਨ ਕਰਨ ਜਾ ਰਿਹਾ ਹਾਂ। ਇਹ ਸਮੱਗਰੀ ਜੋ ਆਪ ਜੀ ਦੀ ਸੇਵਾ ਵਿਚ ਪੇਸ਼ ਕਰਨ ਜਾ ਰਿਹਾ ਹਾਂ, ‘ਸਚਿਆਰਾ ਕਿਵੇਂ ਬਣੀਏ’ ਨਾਂ ਦੀ ਪੁਸਤਕ ਵਿੱਚੋਂ ਹੀ ਲਈ ਗਈ ਹੈ। ਇਸ ਦਾ ਦੂਜਾ ਐਡੀਸ਼ਨ ਵੀ ਤਿਆਰ ਹੈ ਜੋਕਿ ਜਲਦ ਹੀ ਆਪ ਜੀ ਦੀ ਸੇਵਾ ਵਿਚ ਪੇਸ਼ ਕਰਨ ਦਾ ਜਤਨ ਕਰਾਂਗਾ।

ਇਸ ਬਾਣੀ ਦੀ ਲੜੀਵਾਰ ਵਿਚਾਰ ਤਕਰੀਬਨ ਸਵਾ-ਦੋ ਸਾਲ ਲਗਾਕੇ ਕਈ ਗੁਰਦੁਆਰਿਆਂ ਵਿਚ ਸੰਗਤਾਂ ਨਾਲ ਸਾਂਝ ਕੀਤੀ ਗਈ। ਇਹ ਚੜ੍ਹਦੀਕਲਾ ਟਾਈਮ ਟੀ.ਵੀ ਤੇ ਹਰ ਰੋਜ਼ ਸਵੇਰੇ 9 ਵਜੇ ਅਤੇ ਰਾਤ 1:30 ਵਜੇ ਭਾਰਤ ਦੇ ਸਮੇ ਅਨੁਸਾਰ ਪ੍ਰਸਾਰਿਤ ਕਰਨ ਦਾ ਨਿਮਾਣਾ ਜਿਹਾ ਜਤਨ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਹ ਰਿਕਾਰਡਿਗ ਯੂ-ਟਿਯੂਬ (YouTube) ਤੇ ਵੀ ਉਪਲਭਦ ਹਨ। ਇਸ ਦੀ ਰਿਕੋਰਡਿੰਗ ਪੇਨ ਡਰਾਇਵ ਦੇ ਰੂਪ ਵਿਚ (USB Drive) ਲਿਵਿੰਗ ਟ੍ਰੈਯਰ ਦੇ ਦਫਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸਦਾ ਪਤਾ ਹੈ:

109, Mukherji Park,

Tilak Nagar, New Delhi - 110018

Phone: 011-25981163, 7838525758

ਧੰਨਵਾਦ ਸਹਿਤ,

ਭੁਪਿੰਦਰ ਸਿੰਘ

=====================================================

ਪਹਿਲੀ ਕਿਸ਼ਤ


ਇਕ - ਓ - ਅੰਗ + ਕਾਰ, ਸਾਰੇ ਸਰੀਰ ’ਚ ਅਤੇ ਸਭ ਜਗ੍ਹਾ, ਇਕ ਰੱਬ ਜੀ ਦੀ ਕਾਰ, ਹੁਕਮ, ਰਜ਼ਾ, ਨਿਯਮ ਚਲਦਾ ਹੈ।

ਨੋਟ: ਸਾਰੀ ਬਾਹਰਲੀ ਸ੍ਰਿਸ਼ਟੀ ਤੇ ਇੱਕੋ ਰੱਬੀ ਨਿਯਮ ਚਲਦਾ ਹੈ। ਉਸੀ ਤਰ੍ਹਾਂ ਮਨੁੱਖ ਦੇ ਸਰੀਰ ਬਾਰੇ ਵਿਚਾਰਨਾ ਹੈ।

ਸਤਿ ਨਾਮੁ

ਸਾਰੇ ਸਰੀਰ ਉੱਤੇ ਰੱਬੀ ਹੁਕਮ, ਨਿਯਮ ਨਾਮਣਾ ਲਾਗੂ ਰਹਿੰਦਾ ਹੈ, ਜੋ ਕਿ ਸਦੀਵੀ ਸੱਚੇ ਨਾਮ ਦਾ ਲਖਾਇਕ ਹੈ।

ਕਰਤਾ ਪੁਰਖੁ

ਰੱਬੀ ਨਿਯਮ ਅਧੀਨ ਸਰੀਰ ਦੀ ਘਾੜਤ ਹੁੰਦੀ ਹੈ ਅਤੇ ਮਨੁੱਖ ਦੇ ਮਨ ਅੰਦਰ ਚੰਗੇ ਗੁਣਾਂ ਦਾ ਆਕਾਰ ਬਣੀ ਜਾਂਦਾ ਹੈ। ਰੱਬੀ ਗੁਣਾਂ ਨੂੰ ਲੈਣ ਵਾਲਾ ਮਨ ਹੀ ਸਚਿਆਰ ਬਣਦਾ ਹੈ। ਰੋਮ-ਰੋਮ ਵਿਚ ਰੱਬੀ ਗੁਣਾਂ ਦੀ ਇਕ ਰਸ ਵਿਆਪਕਤਾ ਹੀ ਰੱਬ ਦੀ ਹਾਜ਼ਰ-ਨਾਜ਼ਰਤਾ ਕਹਿਲਾਉਂਦੀ ਹੈ।

ਨਿਰਭਉ

ਨਿਜਘਰ ’ਚ ਰੱਬ ਜੀ ਨਿਰਭਉ ਹਨ, ਨਿਰਭਉ ਰੱਬ ਜੀ ਦੇ ਅਧੀਨ ਜੀਵਨ ਜੀਊਂਕੇ ਮਨ ਦੀ ਨਿਰਭਉ ਅਵਸਥਾ ਬਣਦੀ ਹੈ, ਇਸ ਤੋਂ ਉਲਟ ਜਿਊਣਾ ਡਰਪੋਕ ਅਵਸਥਾ ਹੈ, ਜੋ ਕਿ ਕੂੜਿਆਰ ਮਨ ਦੀ ਲਖਾਇਕ ਹੈ।

ਨਿਰਵੈਰੁ

ਰੱਬ ਜੀ ਕਾਇਨਾਤ ਦੇ ਇਕ ਹਿੱਸੇ ਨੂੰ ਅਤੇ ਮਨੁੱਖੀ ਸਰੀਰ ਨੂੰ ਚਲਾਉਣ ਵਿਚ ਕਿਸੇ ਥਾਂ ਵੈਰ-ਵਿਰੋਧ ਜਾਂ ਵਿਤਕਰਾ ਨਹੀਂ ਰੱਖਦੇ। ਇਸ ਕਰਕੇ ਸਚਿਆਰ ਮਨ ਦੀ ਅਵਸਥਾ ’ਚ ਮਨੁੱਖ ਆਪਣੇ ਨਾਲ ਅਤੇ ਹੋਰਨਾਂ ਨਾਲ ਨਿਰਵੈਰ ਜੀਵਨ ਜਿਊਂਦਾ ਹੈ। ਭਾਵ, ਆਪਣੇ ਆਪ ਨੂੰ ਅਤੇ ਸਾਰੇ ਮਨੁੱਖਾਂ ਨੂੰ ਬਿਨਾ ਵਿਤਕਰੇ ਦੇ ਪਿਆਰ ਕਰਦਾ ਹੈ।

ਅਕਾਲ ਮੂਰਤਿ

ਨਿਜਘਰ ਦੇ ਰੱਬ ਜੀ ਦਾ ਸੁਨੇਹਾ ਸਦੀਵੀ ਸੱਚ ਹੈ, ਕਾਲ ਭਾਵ ਵਿਕਾਰਾਂ ਦੀ ‘ਜਮ ਕੀ ਮੱਤ’ ਵੱਸ ਪੈ ਕੇ ਕਦੀ ਵੀ ਬਿਨਸਦਾ ਨਹੀਂ। ਸਚਿਆਰ ਮਨ ਵੀ ਇਸ ਸਦੀਵੀ ਸੱਚ ਦੇ ਸੁਨੇਹੇ ਨਾਲ ਇਕਮਿਕ ਹੋ ਕੇ ਕਾਲ ਰਹਿਤ ਭਾਵ ਮੁਕਤ ਅਵਸਥਾ (ਮੂਰਤਿ) ਪ੍ਰਾਪਤ ਕਰ ਲੈਂਦਾ ਹੈ।

ਅਜੂਨੀ

ਨਿਜਘਰ ਦੇ ਰੱਬ ਜੀ ਕਿਸੇ ਜੂਨੀ ਵਿਚ ਨਹੀਂ ਪੈਂਦੇ, ਸਚਿਆਰ ਮਨ ਵੀ ਬੇਅੰਤ ਜੂਨੀਆਂ ਦੀ ਵਿਕਾਰਾਂ ਵਾਲੀ ਮੱਤ ਤੋਂ ਪਰੇ ਰਹਿਣ ਦਾ ਜਤਨ ਜਾਰੀ ਰੱਖਦਾ ਹੈ ਤਾਕਿ ‘ਅਜੂਨੀ’ ਅਵਸਥਾ ਮਾਣ ਸਕੇ।

ਸੈਭੰ

ਰੱਬ ਜੀ ਦਾ ਰੂਪ, ਰੰਗ, ਰੇਖ, ਭੇਖ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਰੱਬ ਜੀ ਆਪਣੇ ਆਪ ਤੋਂ ਪ੍ਰਕਾਸ਼ਮਾਨ ਹਨ। ਸਚਿਆਰ ਮਨ ਵੀ ਨਿਜਘਰ ਦੇ ਸੁਨੇਹੇ (ਧੁਰ ਦੇ ਉਪਦੇਸ਼) ਤੋਂ ਜਨਮ ਲੈਂਦਾ ਹੈ, ਚੰਗੇ ਗੁਣ ਪ੍ਰਾਪਤ ਕਰਦਾ ਹੈ। ‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥’ ਨਿਜਘਰ ਦੇ ਸੁਨੇਹੇ (ਜ਼ਮੀਰ) ਤੋਂ ਪ੍ਰਕਾਸ਼ ਪ੍ਰਾਪਤ ਕਰਦਾ ਹੈ ਅਤੇ ਚੰਗੇ ਗੁਣਾਂ ਨੂੰ ਪ੍ਰਾਪਤ ਕਰਕੇ ਸਾਰੇ ਸਰੀਰ ’ਚ (ਇੰਦਰੇ-ਗਿਆਨ ਇੰਦਰੇ) ਵੰਡ ਦੇਣ ਦੀ ਅਵਸਥਾ ਬਣ ਜਾਂਦੀ ਹੈ, ਜੋ ਕਿ ਭਗਤ ਅਵਸਥਾ ਕਹਿਲਾਉਂਦੀ ਹੈ।

ਗੁਰ ਪ੍ਰਸਾਦਿ

ਰੱਬ ਜੀ ਦਾ ਗੁਣ ਹੈ ਕਿ ਪ੍ਰਸਾਦਿ (ਕਿਰਪਾ) ਦੀ ਵਰਖਾ ਕਰਦੇ ਹਨ, ਸਤਿਗੁਰ ਦੀ ਮਤ ਦੀ ਦਾਤ ਬਖ਼ਸ਼ਦੇ ਹਨ। ਸਚਿਆਰ ਬਣਨ ਵਾਲੇ ਮਨ ਨੂੰ ਇਹ ਸਮਝ ਪੈ ਜਾਂਦੀ ਹੈ, ਜਿਸ ਦਾ ਸਦਕਾ ਉਹ ‘ਮਨ ਕੀ ਮਤ’ ਛੱਡ ਕੇ ਸਤਿਗੁਰ ਦੀ ਮਤ ਦੀ ਜਾਚਨਾ ਕਰਦਾ ਹੈ। ਐਸੇ ਮਨ ਦੀ ਕੁੜਿਆਰ ਤੋਂ ਸਚਿਆਰ ਬਣਨ ਦੀ ਤਾਂਘ ਹੁੰਦੀ ਹੈ। ਭਾਵੇਂ ਮਨ ਕੁੜਿਆਰ ਹੈ ਫਿਰ ਵੀ ਉਸਦੀ ਅਵਗੁਣੀ ਅਵਸਥਾ ਨੂੰ ਮਾਫ ਕਰਕੇ (ਅਣਡਿਠ ਕਰਕੇ) ਰੱਬ ਜੀ ਆਪਣੇ ਸੁਭਾਅ (ਬਿਰਦ) ਅਨੁਸਾਰ ਗੁਰ ਗਿਆਨ, ਤੱਤ ਗਿਆਨ ਦੀ ਵਰਖਾ ਕਰਦੇ ਹੀ ਰਹਿੰਦੇ ਹਨ। ਜੋ ਵੀ ਮਨ ਆਪਣਾ ਭਾਂਡਾ ਸਿੱਧਾ ਕਰਦਾ ਹੈ ਉਸ ਵਿਚ ਕਿਰਪਾ, ਬਖ਼ਸ਼ਿਸ਼ (ਗੁਰ ਪ੍ਰਸਾਦਿ) ਦਾ ਤੱਤ ਗਿਆਨ ਪੈ ਹੀ ਜਾਂਦਾ ਹੈ। ਜਿਸ ਦਾ ਸਦਕਾ ਮਨ ਨੂੰ ਸਚਿਆਰ ਅਵਸਥਾ ’ਚ ਰੱਬੀ ਇਕਮਿਕਤਾ ਮਹਿਸੂਸ ਹੋਣ ਲੱਗ ਪੈਂਦੀ ਹੈ।




.