.

ਭੂਮਿਕਾ

ਇੱਕ ਅਤਿ-ਦੁਖਦਾਈ ਹਕੀਕਤ ਅਤੇ ਇਸ ਦਾ ਹੱਲ

ਅੱਜ ਇਹ ਇੱਕ ਅਤਿ ਦੁਖਦਾਈ ਅਤੇ ਹੈਰਤ-ਅੰਗੇਜ਼ ਹਕੀਕਤ ਹੈ ਕਿ ਇੱਕ ਕੱਲਮ-ਕੱਲੇ ਮਨੁੱਖੀ ਪਰਿਵਾਰ {ਉਹ ਪਰਿਵਾਰ ਜਿਨ੍ਹਾਂ ਵਿੱਚ ਕੇਵਲ ਇੱਕ ਹੀ ਮਨੁੱਖ, (ਮਰਦ ਜਾਂ ਨਾਰੀ ਹੈ) ਅਤੇ ਅਜਿਹੇ ਇਕਹਿਰੇ ਮਨੁੱਖਾਂ ਵਾਲੇ ਪਰਿਵਾਰਾਂ ਦੀ ਸੰਸਾਰ ਅੰਦਰ ਕਾਫ਼ੀ ਗਿਣਤੀ ਹੈ (ਹੋ ਸਕਦਾ ਹੈ ਕਿ ਇਹ ਗਿਣਤੀ ਲੱਖਾਂ ਵਿੱਚ ਜਾਂ ਉਸ ਤੋਂ ਵੀ ਵੱਧ) ਹੋਵੇ}, ਤੋਂ ਲੈ ਕੇ ਸਮੁੱਚਾ ਸੰਸਾਰ, ਅਸ਼ਾਂਤੀ, ਖ਼ੁਦਗਰਜ਼ੀ ਅਤੇ ਨਿਰੰਤਰ-ਭੈਅ ਦੇ ਮਾਹੌਲ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਮਨੁੱਖਤਾ ਨੂੰ ਦਰਪੇਸ਼ ਅਜਿਹੇ ਗ਼ੈਰ-ਮਨੁੱਖੀ ਕਿਰਦਾਰ ਦੇ ਕੀ ਕਾਰਨ ਹੋ ਸਕਦੇ ਹਨ? ਇਨ੍ਹਾਂ ਨਾਮੁਰਾਦ ਕਾਰਨਾਂ ਨੂੰ ਦੂਰ ਕਰ ਕੇ ਸੰਸਾਰ ਨੂੰ ਰਹਿਣਯੋਗ ਹੀ ਨਹੀਂ ਬਲਕਿ ਬਹਿਸ਼ਤ ਜਾਂ ਸਵੱਰਗ {ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਮਨੁੱਖਤਾ ਦਾ ਸਰਬ-ਸਾਂਝਾ ਇਲਾਹੀ ਫ਼ਲਸਫ਼ਾ ਕਿਸੇ ਅਖੌਤੀ ਬਹਿਸ਼ਤ ਜਾਂ ਸਵੱਰਗ ਦੀ ਇਸ ਧਰਤੀ ਤੋਂ ਬਹੁਤ ਉਚੇਰੇ ਕਿਸੇ ਸਥਾਨ `ਤੇ ਵਸੇ ਹੋਏ (ਕਲਪਿਤ) ਅਜਿਹੇ ਨਗਰਾਂ ਦੀ ਹੋਂਦ ਵਿੱਚ ਉੱਕਾ ਹੀ ਵਿਸ਼ਵਾਸ਼ ਨਹੀਂ ਰਖਦਾ} ਵਰਗਾ ਸੋਹਣਾ ਤੇ ਹਰ ਪੱਖ ਤੋਂ ਖ਼ੁਸ਼ਹਾਲ ਅਤੇ ਖੇੜਿਆਂ-ਭਰਪੂਰ ਕਿਵੇਂ ਬਣਾਇਆ ਜਾ ਸਕਦਾ ਹੈ? ਕੁੱਝ ਵੀ ਹੋਵੇ, ਅਜਿਹੀ ਜ਼ਾਹਰਾ ਕਰਾਮਾਤ ਕੇਵਲ ਅਤੇ ਕੇਵਲ ਉਸੇ ਫ਼ਲਸਫ਼ੇ ਦੇ ਆਧਾਰ `ਤੇ ਹੀ ਵਰਤ ਸਕਦੀ ਹੈ, ਜਿਹੜਾ -

(ੳ) ਸਮੁੱਚੇ ਵਿਸ਼ਵ ਨੂੰ ਇੱਕਸਾਰ ਸੰਬੋਧਤ ਹੋਵੇ;

(ਅ) ਸਰਲ `ਤੇ ਵਿਗਿਆਨਕ (ਯਾਨੀ ਕਿ, ਵਿਗਿਆਨਕ ਖ਼ੋਜ ਦੇ ਸਿੱਟਿਆਂ ਦੇ ਅਨੁਕੂਲ ਅਤੇ ਕਾਦਿਰ ਦੀ ਅਦਭੁੱਤ ਕੁਦਰਤਿ ਦੇ ਅਟੱਲ ਨਿਯਮਾਂ ਦੇ ਅਨੁਕੂਲ) ਹੋਵੇ;

(ੲ) ਵਾਹਿਦ ਰੱਬ ਨੂੰ ਸਮੁੱਚੀ ਮਨੁੱਖਤਾ ਦਾ ਸਾਂਝਾ ਮਾਪਾ (ਮਾਂ-ਪਿਉ) ਸਵੀਕਾਰ ਕਰਦਾ ਹੋਇਆ ਮਨੁੱਖੀ ਬਰਾਬਰਤਾ ਦਾ ਉਪਦੇਸ਼ ਦ੍ਰਿੜ ਕਰਵਾਉਂਦਾ ਹੋਵੇ;

(ਸ) ਮਨੁੱਖੀ ਹੱਕਾਂ ਦੀ ਰਾਖੀ ਕਰਨ ਲਈ ਸਿਰ-ਧੜ ਦੀ ਬਾਜ਼ੀ ਲਗਾਉਣ ਦਾ ਉਪਦੇਸ਼ ਦ੍ਰਿੜ ਕਰਵਾਉਂਦਾ ਹੋਵੇ;

(ਹ) ਸਾਰੇ ਵਿਤਕਰਿਆਂ, ਵਹਿਮਾਂ-ਭਰਮਾਂ, ਕਰਮ-ਕਾਂਡਾਂ, ਊਚ-ਨੀਚ ਦੀਆਂ ਭਾਵਨਾਵਾਂ, ਨਫ਼ਰਤਾਂ, ਫ਼ਿਰਕਾ-ਪ੍ਰਸਤੀਆਂ, ਫ਼ਾਸ਼ੀ ਰੁਚੀਆਂ ਹਉਮੈ, ਧੱਕੇ-ਸ਼ਾਹੀਆਂ, ਬੇ-ਇਨਸਾਫ਼ੀਆਂ ਅਤੇ ਹੱਠਯੋਗ ਇਤਿਆਦਿ ਵਰਗੇ ਜਪਾਂ-ਤਪਾਂ, ਟੂਣੇ-ਟਾਮਣਾਂ, ਜੰਤਰਾਂ-ਮੰਤਰਾਂ ਨੂੰ ਮੁਕੰਮਲ ਤੌਰ `ਤੇ ਜੜ੍ਹੋਂ ਹੀ ਖ਼ਤਮ ਕਰਨ ਦੀ ਸਮਰੱਥਾ ਰਖਦਾ ਹੋਵੇ;

(ਕ) ਮਨੁੱਖੀ ਸਮਾਜ (ਖ਼ਾਸ ਕਰ ਕੇ ਗ਼ਰੀਬ ਅਤੇ ਲੋੜਵੰਦਾਂ) ਦੀ ਨਿਰ-ਸੁਆਰਥ (ਨਿਸ਼ਕਾਮ) ਸੇਵਾ ਨੂੰ ਅਹਿਮ ਸਥਾਨ ਦਿੰਦਾ ਹੋਵੇ, (ਯਾਨੀ ਕਿ, ਨਿਸ਼ਕਾਮ ਸੇਵਾ ਤੇ ਸਿਮਰਨ ਨੂੰ ਮੁੱਢਲੇ ਮਨੁੱਖੀ ਫ਼ਰਜ਼ਾਂ ਵਿੱਚ ਸ਼ਾਮਿਲ ਕਰਨ ਵਾਲਾ ਹੋਵੇ);

(ਖ) ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਭਰਪੂਰ ਵਿਆਖਿਆ ਕਰਨ ਵਾਲਾ ਅਤੇ ਪਾਲਣਾ ਕਰਨ ਵਾਲਾ ਹੋਵੇ;

(ਗ) ਮਨੁੱਖੀ ਸਮਾਜ ਅੰਦਰ ਅਸ਼ਾਂਤੀ ਫੈਲਾਉਣ ਵਾਲਿਆਂ (ਵਿਅਕਤੀਆਂ ਜਾਂ ਸੰਗਠਨਾਂ) ਨੂੰ ਕਰੜੇ-ਹੱਥੀਂ ਲੈ ਕੇ ਬੰਦੇ (ਚੰਗੇ ਇਨਸਾਨ) ਬਣਾਉਂਣ ਦੀ ਸਮਰੱਥਾ ਰਖਦਾ ਹੋਵੇ;

(ਘ) ਆਦਰਸ਼ਕ ਅਤੇ ਸਥਾਈ ਵਿਸ਼ਵ-ਭਾਈਚਾਰਕ ਸਾਂਝਾਂ ਸਥਾਪਤ ਕਰਨ ਵਾਲਾ ਹੋਵੇ;

(ਙ) ਮਨੁੱਖ ਨੂੰ ਅਣਖ਼-ਭਰਪੂਰ ਜੀਵਨ ਜਿਊਂਣ ਲਈ ਇਲਾਹੀ ਸੇਧਾਂ ਦੀ ਬਖ਼ਸ਼ਿਸ਼ ਕਰਨ ਵਾਲਾ ਹੋਵੇ;

(ਚ) ਮਨੁੱਖ ਨੂੰ ਮਾਇਆ ਦੀ ਮਮਤਾ ਦੇ ‘ਮੋਹ-ਜਾਲ’ ਚੋਂ ਛੁਟਕਾਰਾ ਦਿਵਾਉਂਣ ਦੀ ਸਮਰੱਥਾ ਰਖਦਾ ਹੋਵੇ;

(ਛ) ਮੂਰਤੀ-ਪੂਜਾ ਅਤੇ ਹੋਰ ਸਾਰੀਆਂ ਦੁਨਿਆਵੀ ਜਾਂ ਗ਼ੈਬੀ ਸ਼ਕਤੀਆਂ (ਦੇਵੀ-ਦੇਵਤੇ ਆਦਿ) ਦੀ ਪੂਜਾ ਦੀਆਂ ਕਰਮ-ਕਾਂਡੀ ਕਾਰਵਾਈਆਂ ਦਾ ਖੰਡਨ ਕਰਨ ਵਾਲਾ ਹੋਵੇ;

(ਜ) ਇੱਕੋ-ਇੱਕ ਵਾਹਿਦ ਪਰਮਾਤਮਾ ਦੀ ਸ਼ਰਣਿ ਵਿੱਚ ਰਹਿ ਕੇ ਮਾਲਿਕ-ਪ੍ਰਭੂ ਦੇ ਹੁਕਮ ਅਨੁਸਾਰ ਜੀਵਨ ਜਿਊਂਣ ਦੀ ਜਾਚ ਸਿਖਾਉਣ ਵਾਲਾ ਹੋਵੇ;

(ਝ) ਸਦੀਵਕਾਲੀ ਹੋਵੇ (ਭਾਵ ਕਿ, ਭਵਿੱਖ ਵਿੱਚ ਹੋਣ ਵਾਲੀਆਂ ਵਿਗਿਆਨਕ ਖ਼ੋਜਾਂ ਭੀ ਉਸ ਇਲਾਹੀ ਫ਼ਲਸਫ਼ੇ ਦੀ ਪ੍ਰੋੜਤਾ ਹੀ ਕਰਨ);

(ਞ) ਸਿਹਤ ਤੇ ਸਿੱਖਿਆ (ਦੁਨਿਆਵੀ ਅਤੇ ਅਧਿਆਤਮਿਕ ਸਿੱਖਿਆ) ਨੂੰ ਪ੍ਰਮੁੱਖਤਾ ਦੇ ਕੇ, ਹਰ ਪ੍ਰਕਾਰ ਦੇ ਨਸ਼ੇ ਤੋਂ ਮਨੁੱਖਤਾ ਨੂੰ ਮੁਕਤ ਕਰ ਕੇ ਚੰਗਾ ਇਨਸਾਨ ਬਣਾਉਣ ਵਾਲਾ ਹੋਵੇ;

(ਟ) ਦਸਾਂ ਨਹੁੰਆਂ ਦੀ ਇਮਾਨਦਾਰੀ ਨਾਲ ਕਿਰਤ ਕਰ ਕੇ ਆਪਣੀ ਕਮਾਈ ਨੂੰ ਲੋੜਵੰਦਾਂ ਨਾਲ ਵੰਡ ਕੇ ਛਕਣ ਦੀ ਪ੍ਰੇਰਨਾ ਕਰਨ ਵਾਲਾ ਹੋਵੇ;

(ਠ) ਇਖ਼ਲਾਕੀ (ਨੈਤਿਕ) ਕਦਰਾਂ-ਕੀਮਤਾਂ ਦੀ ਕਦਰ ਕਰਨ ਵਾਲਾ ਹੋਵੇ; ਅਤੇ

(ਡ) ਸੰਖੇਪ ਵਿੱਚ, ਮਨੁੱਖ ਨੂੰ ਇਨਸਾਨੀਅਤ (ਰੱਬੀ-ਧਰਮ, ਯਾਨੀ ਕਿ ਨਾਮ-ਧਰਮ) ਦੀ ਪਦਵੀ ਤੱਕ ਪਹੁੰਚ ਸਕਣ ਵਾਲਾ ਬਣਾ ਸਕੇ।

ਇਥੇ ਸੁਭਾਵਕ ਹੀ ਇੱਕ ਅਹਿਮ ਸਵਾਲ ਖੜ੍ਹਾ ਹੋ ਸਕਦਾ ਹੈ ਕਿ ਕੀ ਅੱਜ ਮਨੁੱਖੀ ਸਮਾਜ ਦੇ ਕਿਸੇ ਮਜ਼੍ਹਬ, ਨਸਲ ਜਾਂ ਵਰਗ ਕੋਲ ਉਪਰੋਕਤ ਗੁਣਾਂ ਵਾਲਾ ਕੋਈ ਫ਼ਲਸਫ਼ਾ ਹੈ ਭੀ ਕਿ ਨਹੀਂ? ਕੀ ਇਹ ਲੇਖਕ ਦੇ ‘ਖ਼ਿਆਲੀ-ਪੁਲਾਉ ਪਕਾਉਂਣ’ (ਹਵਾਈ ਕਿਲ੍ਹੇ ਬਣਾਉਂਣ) ਵਾਲੀ ਕਹਾਵਤ ਤਾਂ ਨਹੀਂ? ਹੋ ਸਕਦਾ ਹੈ ਕਿ ਸੰਸਾਰ ਦੇ ਬਹੁਤੇ ਮਨੁੱਖ (ਸ਼ਾਇਦ 99 ਫ਼ੀ ਸਦੀ ਮਨੁੱਖ) ਅਜਿਹੇ ਫ਼ਲਸਫ਼ੇ ਨੂੰ ਲੇਖਕ ਦੀ ਕਲਪਨਾ ਵਾਲਾ ਸੁਪਨਾ ਹੀ ਸਮਝ ਰਹੇ ਹੋਣ! ਪਰ, ਜਦੋਂ ਇਸ ਪੁਸਤਕ ਵਿੱਚ ਅੱਗੇ ਜਾ ਕੇ ਤੱਥਾਂ (ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਧੁਰ ਕੀ ਸਰਬ-ਸਾਂਝੀ ਗੁਰਬਾਣੀ `ਚੋਂ, ਦਿੱਤੇ ਹਵਾਲਿਆਂ) ਦੇ ਆਧਾਰ `ਤੇ ਵੀਚਾਰ ਸਾਂਝੇ ਕਰਨ ਦਾ ਯਤਨ ਕੀਤਾ ਜਾਵੇਗਾ ਤਾਂ ਬਹੁਤ ਸਾਰੇ ਸੂਝਵਾਨ ਨਿਰਪੱਖ ਤੇ ਸੱਚ ਦੇ ਖ਼ੌਜੀ ਮਨੁੱਖਾਂ ਦੇ ਵਿਚਾਰਾਂ ਵਿੱਚ ਹੈਰਾਨੀਜਨਕ ਤਬਦੀਲੀ ਆ ਸਕਣ ਦੀ ਪੂਰੀ ਸੰਭਾਵਨਾ ਹੈ। ਅਜਿਹਾ, ਲੇਖਕ ਦਾ ਦ੍ਰਿੜ ਵਿਸ਼ਵਾਸ ਹੈ।

ਜੀ ਹਾਂ, ਅੱਜ ਵੀ ਸੰਸਾਰ ਕੋਲ ਉਪਰੋਕਤ ਗੁਣਾਂ (ਬਲਕਿ ਇਸ ਤੋਂ ਵਧੇਰੇ ਚੰਗੇ ਗੁਣਾਂ) ਵਾਲਾ ਇਲਾਹੀ ਫ਼ਲਸਫ਼ਾ ਮਨੁੱਖਤਾ ਦੇ ਸਰਬ-ਸਾਂਝੇ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਰੂਪ ਵਿੱਚ ਮੌਜ਼ੂਦ ਹੈ, ਜਿਸ ਦੇ ਆਧਾਰ `ਤੇ ਸਦੀਵੀ ਵਿਸ਼ਵ-ਸ਼ਾਂਤੀ ਹੀ ਨਹੀਂ ਬਲਕਿ ਮਨੁੱਖ ਜੀਵਨ-ਮੁਕਤ ਹੋ ਕੇ ਜਨਮ-ਮਰਨ ਦੇ ਲੰਮੇ ਤੇ ਦੁੱਖਦਾਈ ਚੱਕਰ (ਆਵਾ-ਗਵਣ) `ਚੋਂ ਭੀ ਛੁਟਕਾਰਾ ਪਾ ਸਕਦਾ ਹੈ। ਲੋੜ ਹੈ 18ਵੀਂ ਸਦੀ ਦੌਰਾਨ ਸਿੱਖ ਕੌਮ ਵੱਲੋਂ ਸਥਾਪਤ ਕੀਤੀ ‘ਸਰਬੱਤ ਖ਼ਾਲਸਾ’ ਦੀ ਕੇਂਦਰੀ ਸੰਸਥਾ ਨੂੰ ਪੁਨਰ-ਸੁਰਜੀਤ ਕਰ ਕੇ ਸਿੱਖ ਕੌਮ ਦੇ ਸੁਆਰਥੀ, ਗਿਆਨ-ਵਿਹੂਣੇ ਅਤੇ ਗ਼ੱਦਾਰ ਕਿਸਮ ਦੇ ਲੀਡਰਾਂ (ਸਿਆਸੀ ਤੇ ਧਾਰਮਿਕ) ਦੀ ਅਗੁਵਾਈ ਤੋਂ ਤੁਰੰਤ ਖਹਿੜਾ ਛੁਡਾ ਕੇ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਇਲਾਹੀ ਫ਼ਲਸਫ਼ੇ ਦਾ ਵਿਸ਼ਵ-ਪੱਧਰ `ਤੇ, ਆਧੁਨਿਕ ਮੀਡੀਆ ਦੀ ਸੁਚੱਜੀ ਵਰਤੋਂ ਰਾਹੀਂ, ਵਿਉਂਤਬੰਦ ਢੰਗਾਂ ਰਾਹੀਂ ਰਲ਼-ਮਿਲ ਕੇ ਪ੍ਰਚਾਰ ਕਰ ਕੇ, ਮਨੁੱਖਤਾ ਤੱਕ ਇਸ ਫ਼ਲਸਫ਼ੇ ਨੂੰ ਸ਼ੁੱਧ ਰੂਪ ਵਿੱਚ ਪਹੁੰਚਾਉਂਣ ਦੀ। ਪਰ, ਇਹ ਬਹੁਤ ਹੀ ਅਹਿਮ ਕੰਮ ਨੇਪਰੇ ਚਾੜ੍ਹਨ ਲਈ ਲੋੜ ਹੈ ਪਹਾੜ ਵਰਗੀਆਂ ਚੁਣੌਤੀਆਂ ਦਾ ਦ੍ਰਿੜਤਾ ਤੇ ਸਫ਼ਲਤਾ ਨਾਲ ਟਾਕਰਾ ਕਰਨ ਦੇ ਅਡੋਲ ਹੌਂਸਲੇ ਦੀ, ਕਿਉਂਕਿ, ਖ਼ੁਦਗਰਜ਼, ਸ਼ਾਤਰ ਅਤੇ ਮਾਨਵ-ਵਿਰੋਧੀ ਧਿਰਾਂ ਪਿਛਲੇ ਤਕਰੀਬਨ ਪੰਜ ਸੌ ਸਾਲਾਂ ਤੋਂ ਇਸ ਅਤਿ-ਮਾਨਵਵਾਦੀ ਸਰਬ-ਸਾਂਝੇ ਫ਼ਲਸਫ਼ੇ ਨੂੰ ਵਿਕਾਸ ਕਰ ਕੇ ਸੰਸਾਰ ਵਿੱਚ ਫੈਲਣ ਤੋਂ ਰੋਕਣ ਲਈ, ਵਿਉਂਤਬੰਦ ਢੰਗਾਂ ਨਾਲ ਜਥੇਬੰਦ ਹੋ ਕੇ, ਜੰਗੀ-ਪੱਧਰ `ਤੇ (ਲੁਕਵੇਂ ਰੂਪ ਵਿੱਚ) ਇਸ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਧਿਰਾਂ ਬਾਰੇ ਵੀ, ਢੁਕਵੀਂ ਥਾਂ `ਤੇ, ਇਸ ਲਿਖਤ ਵਿੱਚ ਵੀਚਾਰ ਸਾਂਝੇ ਕਰਨ ਦਾ ਯਤਨ ਕੀਤਾ ਜਾਵੇਗਾ।

ਕੌਣ ਹਨ ਇਹ ਧਿਰਾਂ? ਲੇਖਕ ਪਾਠਕਾਂ ਨੂੰ ਕਿਸੇ ਸ਼ਸ਼ੋਪੰਜ (suspense) ਵਿੱਚ ਨਹੀਂ ਰੱਖਣਾ ਚਾਹੁੰਦਾ। ਇਨ੍ਹਾਂ ਮਾਨਵ-ਵਿਰੋਧੀ ਧਿਰਾਂ ਵਿੱਚ ਹੇਠ ਲਿਖੀਆਂ ਜਥੇਬੰਦੀਆਂ/ਸੰਗਠਨ ਤੇ ਵਿਅਕਤੀ ਸ਼ਾਮਿਲ ਹਨ ਜਿਹੜੇ ਸਾਰੇ ਸੰਸਾਰ ਦੇ ਸਾਂਝੇ ਇਨਕਲਾਬੀ ਗੁਰਮਤਿ ਫ਼ਲਸਫ਼ੇ ਤੋਂ ਬਹੁਤ ਹੀ ਤ੍ਰਭਕਦੇ ਹਨ, ਕਿਉਂਕਿ ਇਹ ਆਲਮਗੀਰੀ ਫ਼ਲਸਫ਼ਾ ਇਨ੍ਹਾਂ ਨੂੰ ਹੀਰੋ ਤੋਂ ਜ਼ੀਰੋ ਬਣਾ ਕੇ ਇਨ੍ਹਾਂ ਦੀ ਹਉਮੈ ਨੂੰ ਕਰਾਰੀ ਸੱਟ ਮਾਰਦਾ ਹੈ:

(ੳ) ਖ਼ੁਦਗਰਜ਼ ਤੇ ਸ਼ਾਤਰ ‘ਰਾਜਨੀਤਕ-ਪੁਜਾਰੀ-ਸਰਮਾਏਦਾਰ’ ਦੀ ਤਿੱਕੜੀ।

(ਅ) ਸਿੱਖ ਕੌਮ ਦੇ (ਬਹੁਤ ਸਾਰੇ) ਗੁਰਮਤਿ-ਵਿਹੂਣੇ ਅਤੇ ਖ਼ੁਦਗਰਜ਼ (ਕੁੱਝ ਕੁ ਗ਼ੱਦਾਰ ਵੀ) ਧਾਰਮਿਕ ਤੇ ਰਾਜਨੀਤਕ ਆਗੂ ਜਿਹੜੇ ਸਿੱਖ ਕੌਮ ਨੂੰ ਅਨਪੜ੍ਹ, ਨਸ਼ੇੜੀ, ਬੇ-ਰੁਜ਼ਗਾਰ ਤੇ ਵਿਹਲੜ ਬਣਾ ਕੇ ਸਿੱਖ ਕੌਮ ਦਾ ਹਰ ਪੱਖ ਤੋਂ ਸ਼ੋਸ਼ਨ ਕਰਦੇ ਹੋਏ ਹਰ ਹਰਬਾ ਵਰਤ ਕੇ ਆਪਣੀ ਚੌਧਰ ਬਣਾਈ ਰੱਖਣਾ ਚਾਹੁੰਦੇ ਹਨ।

(ੲ) ਸਿੱਖ ਕੌਮ ਦੇ ਜਜ਼ਬਾਤੀ ਪਰ ਗੁਰਮਤਿ-ਸਿਧਾਂਤਾਂ ਦੀ ਸੋਝੀ ਤੋਂ ਸੱਖਣੇ ਆਮ ਲੋਕ।

(ਸ) ਸਿੱਖ ਕੌਮ ਨੂੰ ਧੜੇ-ਬੰਦੀਆਂ `ਚ ਪਾ ਕੇ ਆਪਣਾ ਉੱਲੂ ਸਿੱਧਾ ਕਰਨ ਵਾਲੇ।

(ਹ) ਸ੍ਰੀ ਅਕਾਲ ਤਖ਼ਤ ਸਾਹਿਬ (ਤੇ ਦੂਜੇ ਅਖੌਤੀ ਤਖ਼ਤ ਸਾਹਿਬਾਨਾਂ) `ਤੇ, ਗੁਰ-ਇਤਿਹਾਸ ਤੇ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ ਕਰ ਕੇ, (ਖ਼ੁਦਗਰਜ਼ ਸਿਆਸੀ ਆਗੂਆਂ ਦੇ ਕੰਧਿਆਂ `ਤੇ ਚੜ੍ਹ ਕੇ), ਅਣ-ਅਧਿਕਾਰਤ ਤੌਰ `ਤੇ, ‘ਜਥੇਦਾਰ ਤਖ਼ਤ ਸਾਹਿਬਾਨ’ ਦੇ ਗੁਰਮਤਿ-ਵਿਰੋਧੀ ਅਹੁਦੇਦਾਰਾਂ ਦੇ ਰੂਪ ਵਿੱਚ, ਚੜ੍ਹੇ ਬੈਠੇ ਪੁਜਾਰੀ।

(ਕ) ਸਿੱਖ ਜਥੇਬੰਦੀਆਂ/ਸਿੱਖ ਸੰਸਥਾਵਾਂ ਦਾ ਭਗਵਾਂਕਰਨ ਕਰਨ ਦੀ ਬਦਨੀਅਤ ਨਾਲ ਇਨ੍ਹਾਂ `ਤੇ, ਸਿੱਖੀ ਸਰੂਪ ਧਾਰ ਕੇ, ਕਾਬਜ਼ ਹੋਏ ਬੈਠੇ ਆਗੂ ਤੇ ਪ੍ਰਚਾਰਕ।

(ਖ) ਗੁਰਦਵਾਰਾ ਪ੍ਰਬੰਧਕ ਕਮੇਟੀਆਂ `ਤੇ (ਕੁੱਝ ਕੁ ਨੂੰ ਛੱਡ ਕੇ) ਕਾਬਜ਼ ਹੋਏ ਬੈਠੇ ਧੜੇਬੰਦਕ, ਚੌਧਰਾਂ ਦੇ ਭੁੱਖੇ, ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਨ ਵਾਲੇ, ਖ਼ੁਦਗਰਜ਼ ਅਤੇ ਗੁਰਮਤਿ-ਵਿਹੂਣੇ ਪ੍ਰਬੰਧਕ।

(ਗ) ਸਿੱਖੀ ਸਰੂਪ ਵਿੱਚ ਵਿੱਚਰ ਰਹੇ ਨਕਲੀ ਸੰਤ-ਬਾਬੇ (ਬਨਾਰਸੀ ਠੱਗ)।

(ਘ) ਸਿੱਖ ਕੌਮ ਵਿੱਚ ਤੇਜੀ ਨਾਲ ਫੈਲ ਰਿਹਾ (ਗੁਰਮਤਿ-ਵਿਰੋਧੀ) ਡੇਰਾਵਾਦ, ਬਾਬਾਵਾਦ।

(ਙ) ਈਰਖਾਲੂ ਅਨਮਤੀ ਵਿਦਵਾਨਾਂ ਦੇ ਖ਼ੁਦਗਰਜ਼ ਸਿੱਖ ਵਿਦਿਆਰਥੀ (ਹਰ-ਹੀਲੇ ਡਿਗਰੀਆਂ ਹਾਸਲ ਕਰਨ ਦੀ ਲਾਲਸਾ ਰੱਖਣ ਵਾਲੇ)।

(ਚ) ਭਾਰਤ ਵਿਚਲਾ ਮਨੂੰਵਾਦ (ਵਰਨ-ਆਸ਼ਰਮ ਸਮਾਜ ਪ੍ਰਬੰਧ)।

(ਛ) ਸਿੱਖੀ ਸਰੂਪ ਵਿੱਚ ਪ੍ਰਫੁੱਲਤ ਹੋ ਰਹੀਆਂ ਗੁਰਮਤਿ-ਵਿਰੋਧੀ ਸੰਪਰਦਾਵਾਂ (ਕੂਕੇ, ਰਾਧਾ ਸੁਆਮੀਏ, ਅਸ਼ੂਤੋਸ਼ੀਏ, ਭਨਿਆਰੀਏ, ਖੱਬੇ ਤੇ ਸੱਜੇ ਪੱਖੀਏ, ਨਾਨਕ-ਸਰੀਏ, ਸ੍ਰੀਚੰਦੀਏ ਤੇ ਨਿਰਮਲੇ ਆਦਿ)।

(ਜ) ਗੁਰਮਤਿ-ਵਿਰੋਧੀ ਵੋਟ-ਵਿਧਾਨ ਦੇ ਆਧਾਰ `ਤੇ ਹੋਂਦ ਵਿੱਚ ਆਈ ਹੋਈ ਅਤੇ ਖ਼ੁਦਗਰਜ਼ ਸਿਆਸਤਦਾਨਾਂ ਦੇ ਥੱਲੇ ਲੱਗੀ ਹੋਈ ਸ਼੍ਰੋ. ਗੁ. ਪ੍ਰਬੰਧਕ ਕਮੇਟੀ।

(ਝ) ਮੁੱਢਲੇ ਸਿੱਖ ਸਿਧਾਂਤਾਂ ਤੋਂ ਸੱਖਣੇ ਅਖੌਤੀ ਸਿੱਖ ਵਿਦਵਾਨ।

(ਞ) ਗੁਰਮਤਿ ਸਿਧਾਂਤਾਂ ਦੀ ਸਪੱਸ਼ਟਤਾ ਨਾ ਰੱਖਣ ਵਾਲੇ ਸਿੱਖ ਪ੍ਰਚਾਰਕ।

(ਟ) ਰਾਸ਼ਟਰੀ ਸਵੈਮ-ਸੇਵਕ ਸੰਘ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ।

ਉਪਰੋਕਤ ਸੂਚੀ ਵੀ ਆਪਣੇ-ਆਪ ਵਿੱਚ ਮੁਕੰਮਲ ਸੂਚੀ ਨਹੀਂ ਕਹੀ ਜਾ ਸਕਦੀ। ਇਸ ਵਿੱਚ ਹੋਰ ਵੀ ਬਹੁਤ ਨਿੱਕ-ਸੁੱਕ ਸ਼ਾਮਿਲ ਹੋ ਸਕਦਾ ਹੈ ਜੋ ਕਿ ਲੇਖਕ ਦੀ ਯਾਦਦਾਸ਼ਤ ਦਾ ਹਿੱਸਾ ਨਹੀਂ ਬਣ ਸਕਿਆ।

ਕਰਨਲ ਗੁਰਦੀਪ ਸਿੰਘ




.