.

ਗੁਰਮਤਿ ਬਨਾਮ ਮਨਮਤਿ

(2)

ਲੇਖ ਦੇ ਪਹਿਲੇ ਭਾਗ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ 1920ਵਿਆਂ ਤੀਕ ਸਿੱਖਾਂ ਦੇ ਦੋ ਸੰਗਠਨ (ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਦੂਜਾ, ਸ਼ਿਰੋਮਣੀ ਅਕਾਲੀ ਦਲ) ਹੋਂਦ ਵਿੱਚ ਆ ਚੁੱਕੇ ਸਨ। ਇਨ੍ਹਾਂ ਸੰਗਠਨਾਂ ਦਾ ਮੁਖ ਟੀਚਾ ਸੀ ਦੁਰਾਚਾਰੀ ਮਹੰਤਾਂ ਨੂੰ ਖਦੇੜ ਕੇ ਗੁਰੂਦਵਾਰਿਆਂ ਉੱਤੇ ਕਬਜ਼ੇ ਜਮਾਉਣਾ ਅਤੇ ਉੱਥੋਂ ਮਨਮਤਾਂ ਖ਼ਤਮ ਕਰਕੇ ਗੁਰਮਤਿ ਵਾਲਾ ਮਾਹੌਲ ਬਣਾਉਣਾ। ਪਰੰਤੂ ਗੁਰੂਦੁਆਰਿਆਂ ਉੱਤੇ ਕਬਜ਼ੇ ਕਾਇਮ ਕਰਨ ਦੀ ਮੁਹਿੰਮ ਵਿੱਚ ਸਫ਼ਲਤਾ ਪ੍ਰਾਪਤ ਕਰਨ ਉਪਰੰਤ, ਸਿੱਖਾਂ ਦੀਆਂ ਇਹ ਦੋਵੇਂ ਸੰਸਥਾਵਾਂ ਦੇ ਨੇਤਾ ਪਰਮਾਰਥ ਦਾ ਰਾਹ ਤਿਆਗ ਕੇ ਸੁਆਰਥ ਦੇ ਰਾਹ ਪੈ ਗਏ। ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ ਨੇ ਗੁਰੂਦੁਆਰਿਆਂ ਵਿੱਚ ਸੁਧਾਰ ਕਰਕੇ ਇਨ੍ਹਾਂ ਨੂੰ ਦੁਬਾਰਾ ਸੱਚੀਆਂ ਧਰਮਸ਼ਾਲਾਵਾਂ ਬਣਾਉਣ ਦੀ ਬਜਾਏ ਗੁਰਸਥਾਨਾਂ ਨੂੰ ਪੱਕੇ ਤੌਰ `ਤੇ ਅਧਰਮ-ਸ਼ਾਲਾਵਾਂ ਬਣਾ ਦਿੱਤਾ ਜਿੱਥੇ, ਸੰਸਾਰਕ ਹਿਤਾਂ ਦੀ ਖ਼ਾਤਿਰ, ਮਨਮਤਿ ਦਾ ਪਾਠ ਪੜ੍ਹਾਇਆ ਜਾਣ ਲੱਗਾ। ਅਤੇ, ਸਿਆਸੀ ਗੱਦੀਆਂ ਦੇ ਲਾਲਚ `ਚ, ਅਕਾਲੀ ਦਲ ਦੇ ਮੌਕਾਪਰਸਤ ਜਥੇਦਾਰ ਗੁਰਮਤਿ ਪ੍ਰਚਾਰ ਦੇ ਪਰਮਾਰਥੀ ਟੀਚੇ ਨੂੰ ਭੁੱਲ ਗਏ ਅਤੇ ਉਨ੍ਹਾਂ ਨੇ ਪੂਰੀ ਤਰ੍ਹਾਂ ਸਿਆਸਤ ਦੇ ਪਿੜ ਵਿੱਚ ਕੁੱਦਣ ਦਾ ਫ਼ੈਸਲਾ ਕਰ ਲਿਆ। ਇਸ ਤਰ੍ਹਾਂ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੰਮ ਕਰਨ ਵਾਲਾ ਅਕਾਲੀ ਦਲ ‘ਸਿੱਖਾਂ’ ਦੀ ਇੱਕ ਸਿਆਸੀ ਪਾਰਟੀ ਬਣ ਗਿਆ! ਸਿਆਸਤ ਵਿੱਚ ਸਫ਼ਲਤਾ ਪ੍ਰਾਪਤ ਕਰਨ ਅਤੇ ਗੱਦੀਆਂ ਹਥਿਆਉਣ ਵਾਸਤੇ ਅਕਾਲੀ ਲੀਡਰਾਂ ਨੂੰ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੀ ਲੋੜ ਸੀ ਅਤੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ ਨੂੰ ਗੁਰੂਦੁਆਰਿਆਂ ਦੀਆਂ ਗੱਦੀਆਂ ਤੇ ਗੋਲਕਾਂ ਉੱਤੇ ਕਬਜ਼ਾ ਜਮਾਈ ਰੱਖਣ ਵਾਸਤੇ ਅਕਾਲੀ ਦਲ ਦਾ ਸਹਿਯੋਗ ਚਾਹੀਦਾ ਸੀ। ਸੋ, ਦੋਹਾਂ ਨੇ ਆਪਣੇ ਆਪਣੇ ਹਿਤਾਂ ਲਈ ਇੱਕ ਦੂਜੇ ਨਾਲ ਭਾਈਵਾਲੀ ਕਾਇਮ ਕਰ ਲਈ। ਇਸ ਤਰ੍ਹਾਂ, ਮਨਮਤੀਏ ਸਿੱਖ ਲੀਡਰਾਂ ਨੇ ਪਰਮ ਪਵਿੱਤਰ ਗੁਰਮਤਿ ਨੂੰ ਸੜੀ ਸਿਆਸਤ ਨਾਲ ਹਮੇਸ਼ਾ ਵਾਸਤੇ ਰਲਗੱਡ ਕਰ ਦਿੱਤਾ। ਅਤੇ ਇਸ ਮਨਮਤੀ ਸ਼ੜਯੰਤਰ ਨੂੰ ਤਰਕਸੰਗਤ ਸਾਬਤ ਕਰਨ ਵਾਸਤੇ ‘ਮੀਰੀ ਪੀਰੀ’ ਦੇ ਖ਼ਿਆਲ ਦਾ ਸਹਾਰਾ ਲਿਆ ਗਿਆ। ਪਰੰਤੂ ਗੁਰਮਤਿ ਵਿੱਚ ਅਜਿਹਾ ਕੋਈ ਸੰਕਲਪ ਨਹੀਂ ਹੈ; ਸਗੋਂ ਗੁਰਬਾਣੀ ਵਿੱਚ ਤਾਂ ਮੀਰੀ (ਰਾਜ-ਸੱਤਾ) ਤੇ ਪੀਰੀ (ਗੁਰਮਤੀ ਅਧਿਆਤਮਕ ਜੀਵਨ) ਨੂੰ ਦੋ ਵਿਰੋਧੀ ਸੰਕਲਪ ਕਿਹਾ ਗਿਆ ਹੈ। ਗੁਰਬਾਣੀ ਵਿੱਚ ਮੀਰੀ ਦੀ ਧਾਰਨਾ ਦਾ ਤਾਂ ਪੁਰਜ਼ੋਰ ਖੰਡਨ ਕੀਤਾ ਗਿਆ ਹੈ:-

ਸੁਲਤਾਨੁ ਹੋਵਾ ਮੇਲਿ ਲਸਕਰ ਤਖ਼ਤਿ ਰਾਖਾ ਪਾਉ॥

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ੪॥ ੧॥

ਗੁਰੂ ਨਾਨਕ ਦੇਵ ਜੀ ਦੀਆਂ ਉਪਰੋਕਤ ਤੁਕਾਂ ਤੋਂ ਸਪਸ਼ਟ ਹੈ ਕਿ, ਮੀਰੀ (ਹਕੂਮਤ) ਦੇ ਸਉਦਾਈਆਂ ਨੂੰ ਰੱਬ ਭੁੱਲ ਜਾਂਦਾ ਹੈ ਜਿਸ ਕਾਰਣ ਉਨ੍ਹਾਂ ਦਾ ਗੁਰਮਤਿ ਅਤੇ ਅਧਿਆਤਮਕਤਾ ਨਾਲ ਕੋਈ ਵਾਸਤਾ ਹੀ ਨਹੀਂ ਰਹਿੰਦਾ। ਇਤਿਹਾਸ ਵੀ ਇਸ ਸੱਚ ਦਾ ਸਾਕਸ਼ੀ ਹੈ। ਗੱਦੀਆਂ ਦੇ ਭੁੱਖੇ ‘ਸਿੱਖ’ ਲੀਡਰਾਂ ਨੇ ਸ਼ੁਰੂ ਤੋਂ ਹੀ ਆਪਣੀਆਂ ਜ਼ਮੀਰਾਂ ਮਾਰ ਰੱਖੀਆਂ ਹਨ; ਅਤੇ ਜ਼ਮੀਰ ਮਰੇ ਸਿੱਖਾਂ ਦਾ ਗੁਰਮਤਿ ਨਾਲ ਕੀ ਵਾਸਤਾ ਹੋ ਸਕਦਾ ਹੈ?

1947 ਤਕ ਰਾਜਨੀਤੀ ਵਿੱਚ ਉਹੀ ਅਕਾਲੀ ਪੈਰ ਜਮਾ ਸਕੇ ਜੋ ਅੰਗਰੇਜ਼ਾਂ ਦੇ ਵਫ਼ਾਦਾਰ ਝੋਲੀਚੁਕ ਸਨ। ਗੁਰਮਤਿ ਤੋਂ ਬੇਮੁਖ ਹੋਏ ਬੇਜ਼ਮੀਰੇ ਚਾਪਲੂਸ ਸਿੱਖ ਲੀਡਰ ਅੰਗਰੇਜ਼ਾਂ ਨਾਲ ਵਫ਼ਾ ਕਮਾਉਣ ਅਤੇ ਉਨ੍ਹਾਂ ਨੂੰ ਖ਼ੁਸ਼ ਰੱਖਣ ਲਈ ਗੁਰਸਿੱਖਾਂ ਨਾਲ ਧੋਖਾ ਅਤੇ ਗੁਰਮਤਿ ਨਾਲ ਬੇਵਫ਼ਾਈ ਕਰਦੇ ਰਹੇ। 1947 ਤੋਂ ਬਾਅਦ ਬਹੁਤੇ ਅਕਾਲੀ ਲੀਡਰਾਂ ਨੂੰ ਗੱਦੀਆਂ ਦਾ ਲਾਲਚ ਦੇ ਕੇ ਕਾਂਗਰਸ ਨੇ ਖ਼ਰੀਦ ਲਿਆ! ਬਾਕੀ ਬਚੇ ਬੇਗ਼ੈਰਤ ਅਕਾਲੀਆਂ ਨੇ ਗੱਦੀਆਂ ਹੱਥਿਆਉਣ ਵਾਸਤੇ ਬੜੇ ਹੱਥਕੰਡੇ ਵਰਤੇ ਜਿਨ੍ਹਾਂ ਦਾ ਸੁਵਿਸਤਾਰ ਵਰਣਨ "ਸਿੱਖ ਮਾਰਗ" ਦੀ ਲੇਖ ਲੜੀ ਤੀਜੀ ਵਿੱਚ ਮੇਰੇ ਨਾਮ ਹੇਠ ਛਪੇ ਲੇਖ "ਕੌੜਾ ਸੱਚ" ਵਿੱਚ ਪੜ੍ਹਿਆ ਜਾ ਸਕਦਾ ਹੈ।

ਇੱਥੇ, 1970ਵਿਆਂ ਵਿੱਚ ਪਹਿਲੀ ਵਾਰ ਉੱਠੀ ਖ਼ਾਲਿਸਤਾਨ ਲਹਿਰ ਦਾ ਸੰਖੇਪ ਵਰਣਨ ਵੀ ਕੁਥਾਂ ਨਹੀਂ ਹੋਵੇ ਗਾ। ਇਸ ਲਹਿਰ ਦਾ ਮੋਢੀ ਸੀ ਉਸ ਸਮੇਂ ਦਾ ਇੱਕ ਉਸ਼ਟੰਡੀ ‘ਸਿੱਖ’ ਨੇਤਾ ਡਾ: ਜਗਜੀਤ ਸਿੰਘ ਚੌਹਾਨ। ਇਸ ਪੱਤੇਬਾਜ਼ ਨੇ ਆਪਣੇ ਆਪ ਸਹੇੜੀ ਜਲਾਵਤਨੀ ਦੌਰਾਨ ਵਿਦੇਸਾਂ ਵਿੱਚ ਵੱਸੇ ਸਿੱਖਾਂ, ਖ਼ਾਸ ਕਰਕੇ ਪੂੰਜੀਪਤੀ ਸਿੱਖਾਂ, ਨੂੰ ਖ਼ਾਲਿਸਤਾਨ ਦਾ ਸਬਜ਼ ਬਾਗ਼ ਦਿਖਾ ਕੇ ਉਨ੍ਹਾਂ ਤੋਂ ਕ੍ਰੋੜਾਂ ਰੁਪਏ ਠੱਗੇ। ਤਕਰੀਬਨ ਦੋ ਦਹਾਕਿਆਂ ਦੀ ਜਲਾਵਤਨੀ ਤੋਂ ਬਾਅਦ ਉਹ ਕੇਂਦ੍ਰੀ ਸਰਕਾਰ ਨਾਲ ਕੋਈ ਗੰਢ-ਤੁੱਪ ਕਰਕੇ ਆਪਣੇ ਪਿੰਡ ਵਾਪਸ ਆ ਗਿਆ ਤੇ ਉੱਥੇ ਉਸ ਨੇ ਆਪਣਾ ਰਹਿੰਦਾ ਜੀਵਨ ‘ਖ਼ੁਸ਼ਹਾਲੀ’ ਵਿੱਚ ਬਿਤਾਇਆ। ਇਸ ਮਨਮੁਖ ਪੱਤੇਬਾਜ਼ ਅਤੇ ਇਸ ਦੀ ਖ਼ਾਲਿਸਤਾਨ ਦੀ ਸਬਜ਼ਸਾਜ਼ੀ ਦੇ ਉਸ਼ਟੰਡ ਦਾ ਗੁਰਮਤਿ ੇ ਗੁਰਸਿੱਖੀ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਸੀ!

ਜਗਜੀਤ ਸਿੰਘ ਚੌਹਾਨ ਦੁਆਰਾ ਲਗਾਈ ਗਈ ਖ਼ਾਲਿਸਤਾਨ ਦੀ ਚੰਗਿਆੜੀ ਇੱਕ ਦਹਾਕਾ ਸੁਲਗਦੀ ਰਹੀ ਅਤੇ ਫੇਰ ਖਾੜਕੂ ਤੇ ਆਤੰਕਵਾਦੀ ਜਥੇਬੰਦੀਆਂ ਦੇ ਜ਼ੋਰ ਫੜਨ ਨਾਲ 1980ਵਿਆਂ ਤੋਂ 1995 ਤੀਕ, ਤਕਰੀਬਨ ਪੰਦਰਾਂ ਸਾਲ, ਭਾਂਬੜ ਬਣ ਕੇ ਮਚੀ। ਇਨ੍ਹਾਂ ਡਰਾਉਣੇ ਭਾਂਬੜਾਂ ਵਿੱਚ ਪੰਜਾਬ ਦੀ ਅਨਮੋਲ ਜਵਾਨੀ, ਪੰਜਾਬੀਯਤ, ਪੰਜਾਬ ਦੀ ਖ਼ੁਸ਼ਹਾਲੀ ਤੇ ਪੰਜਾਬੀ ਭਾਈਚਾਰਾ ਆਦਿ ਸੜ ਕੇ ਸਵਾਹ ਹੋ ਗਏ। ਪਰੰਤੂ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਗੁਰਮਤਿ ਤੋਂ ਬੇਮੁਖ ਹੋਏ ਸਿੱਖਾਂ ਦੇ ਵਿਸ਼ਵਾਸਘਾਤੀ ਮੌਕਾਪ੍ਰਸਤ ਲੀਡਰਾਂ ਤੇ ਜਥੇਦਾਰਾਨ ਆਦਿ ਦੇ ਕੰਨ `ਤੇ ਜੂੰ ਤਕ ਨਾ ਸਰਕੀ। ਕਿਉਂ? ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇ ਤਾਂ ਆਪਣੇ ਸੁਆਰਥਾਂ ਦੀ ਖ਼ਾਤਿਰ ਕੌਮ ਦੇ ਦੁਸ਼ਮਨਾਂ ਨਾਲ ਰਲੇ ਹੋਏ ਸਨ। ਉਹ ਸੁਰੱਖਿਅਤ ਖੁੱਡਾਂ ਵਿੱਚ ਬੈਠੇ ਇਹ ‘ਤਮਾਸ਼ਾ’ ਵੇਖਦੇ ਰਹੇ! ਕਪਟ-ਪੂਰਨ ਤੇ ਝੂਠੇ ਬਿਆਨ ਦੇਣ ਤੋਂ ਵੱਧ ਉਨ੍ਹਾਂ ਨੇ ਕੁੱਝ ਨਹੀਂ ਕੀਤਾ!

ਦਿਸ਼ਾ-ਰਹਿਤ ਖਾੜਕੂ ਸਿੰਘਾਂ ਅਤੇ ਆਤੰਕੀਆਂ ਦੇ ਕਾਲਪਨਿਕ ਟੀਚੇ/ਮਕਸਦ ਦਾ ਵੀ ਗੁਰਮਤਿ ਨਾਲ ਕੋਈ ਸੰਬੰਧ ਨਹੀਂ ਸੀ/ਹੈ। ਉਲਟਾ ਗੁਰਸਿੱਖੀ ਦੇ ਨਾਮ `ਤੇ ਉਨ੍ਹਾਂ ਦੇ ਕੀਤੇ ਅਮਾਨਵੀ ਕਾਰਨਾਮਿਆਂ ਅਤੇ ਫੈਲਾਈ ਦਹਿਸ਼ਤ ਸਦਕਾ ਲੱਖਾਂ ਗੁਰਮਤਿ-ਪ੍ਰੇਮੀ ਗੁਰਮਤਿ ਵੱਲ ਸਦਾ ਵਾਸਤੇ ਪਿੱਠ ਕਰ ਗਏ! ਇਸ ਤੱਥ ਦਾ ਸੁਵਿਸਤਾਰ ਵਰਣਨ ਵੀ "ਕੌੜਾ ਸੱਚ" ਵਿੱਚ ਪੜ੍ਹਿਆ ਜਾ ਸਕਦਾ ਹੈ। ਅੱਜ ਵੀ ਦੇਸ-ਵਿਦੇਸ ਵਿੱਚ ਕਈ ਖ਼ਾਲਿਸਤਾਨੀ ਜਥੇਬੰਦੀਆਂ ਹਨ ਜੋ ਖ਼ਾਲਿਸਤਾਨ ਦਾ ਸਬਜ਼ਬਾਜ਼ (utopia) ਵਿਖਾ ਕੇ ਗੁਰਮਤਿ-ਗਿਆਨ ਤੋਂ ਹੀਣੇ ਸਿੱਖਾਂ ਨੂੰ ਠੱਗੀ ਜਾ ਰਹੀਆਂ ਹਨ। ਇਨ੍ਹਾਂ ਖ਼ਾਲਿਸਤਾਨੀਆਂ ਦਾ ਗੁਰਮਤਿ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ!

ਅਕਾਲੀ, ਸਿੱਖ, ਸਿੰਘ ਤੇ ਖ਼ਾਲਸਾ ਜਥੇਬੰਦੀਆਂ ਤੇ ਧੜੇ ਆਪਣੀ ਆਪਣੀ ਪੈਂਠ ਜਮਾਉਣ ਲਈ ਆਪਣੇ ਅਧੀਨ ਕਈ ਪ੍ਰਕਾਰ ਦੀਆਂ ਕਮੇਟੀਆਂ ਬਣਾਉਂਦੇ ਰਹਿੰਦੇ ਹਨ, ਜਿਵੇਂ: ਪਾਠ ਕਮੇਟੀ, ਪ੍ਰਚਾਰ ਕਮੇਟੀ, ਸੰਘਰਸ਼ ਕਮੇਟੀ, ਅਰਦਾਸ ਕਮੇਟੀ, ਵਿਚਾਰ ਕਮੇਟੀ, ਸਦਭਾਵਨਾ ਕਮੇਟੀ, ਗੁਰੂ ਗ੍ਰੰਥ/ਗੁਰਮਤਿ/ਗੁਰਬਾਣੀ ਚੇਤਨਾ ਲਹਿਰ, ਸਤਿਕਾਰ ਕਮੇਟੀ ਅਤੇ ਟਾਸਕ ਫ਼ੋਰਸ (ਹਥਿਆਰਬੰਦ ਦਸਤੇ) ਵਗ਼ੈਰਾ ਵਗ਼ੈਰਾ। ਇਨ੍ਹਾਂ ਸਾਰੀਆਂ ਕਮੇਟੀਆਂ ਦੇ ਕਿਰਤ ਤੋਂ ਕੰਨੀ ਕਤਰਾਉਣ ਵਾਲੇ ਹੱਡਰੱਖ ਮੈਂਬਰ ਗੁਰਮਤਿ-ਪ੍ਰਚਾਰ ਅਤੇ ਧਰਮ-ਕਰਮਾਂ ਦੇ ਬਹਾਨੇ ਭੋਲੇ ਭਾਲੇ ਲੋਕਾਂ ਤੋਂ ਮਾਇਆ ਇਕੱਠੀ ਕਰਕੇ ਗੁਲਛੱਰੇ ਉਡਾਉਂਦੇ ਰਹਿੰਦੇ ਹਨ। ਗੁਰਮਤਿ ਅਤੇ ਗੁਰਸਿੱਖੀ ਵਾਸਤੇ ਇਨ੍ਹਾਂ ਵਿੱਚੋਂ ਸਭ ਤੋਂ ਵਧੇਰੇ ਖ਼ਤਰਨਾਕ ਤੇ ਘਾਤਿਕ ਹਨ: ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਤੇ ਜਥੇਦਾਰਾਂ ਹੇਠ ਕੰਮ ਕਰਨ ਵਾਲੀ ਬੇਲਗ਼ਾਮ ਟਾਸਕ ਫ਼ੋਰਸ (Task Force) ਤੇ ਆਪਹੁਦਰੀਆਂ ‘ਸਤਿਕਾਰ ਕਮੇਟੀਆਂ’। ਦਰਅਸਲ, ਇਹ ਦੋਵੇਂ ਬੇਲਗ਼ਾਮ ਪਾਲਤੂ ਦਹਿਸ਼ਤਗਰਦਾਂ ਦੀਆਂ ਜੁੰਡਲੀਆਂ ਹਨ ਜਿਨ੍ਹਾਂ ਦਾ ਕੰਮ, ਆਪਣੀ ਵਹਿਸ਼ੀਆਨਾ ਤੇ ਹਿੰਸਕ ਗੁੰਡਾਗਰਦੀ ਨਾਲ, ਮਾਸੂਮ ਲੋਕਾਂ ਨੂੰ ਭੈਭੀਤ ਕਰਕੇ ਉਨ੍ਹਾਂ ਨੂੰ ਆਪਣੇ ਮਾਲਿਕਾਂ (ਅਕਾਲੀਆਂ, ਗੁ: ਪ੍ਰ: ਕਮੇਟੀਆਂ, ਜਥੇਦਾਰਾਂ ਤੇ ਪੁਜਾਰੀ ਲਾਣੇ ਆਦਿ) ਦਾ ਗ਼ੁਲਾਮ ਬਣਾਈ ਰੱਖਣਾ ਹੈ। ਧਰਮ, ਪੰਥ, ਮਰਯਾਦਾ ਅਤੇ ਸਤਿਕਾਰ ਦੇ ਨਾਮ `ਤੇ ‘ਸਿੰਘਾਂ’ ਦੁਆਰਾ ਕੀਤੀ ਜਾਂਦੀ ਗੁੰਡਾਗਰਦੀ ਅਤੇ ਆਪਸੀ ਹਿੰਸਕ ਮੁੱਠਭੇੜਾਂ ਦੀਆਂ ਵੀਡੀਓ ਇੰਟਰਨੈੱਟ `ਤੇ ਹਰ ਦਿਨ ਸਾਰੀ ਮਨੁੱਖਤਾ ਨੂੰ ਦਿਖਾਈਆਂ ਜਾਂਦੀਆਂ ਹਨ। ਪਰੰਤੂ ਇਨ੍ਹਾਂ ਅਤਿ ਸ਼ਰਮਨਾਕ ਵੀਡੀਓਆਂ ਦਾ, ਗੁੰਡਾਗਰਦੀ ਕਰਨ/ਕਰਵਾਉਣ ਵਾਲੇ, ਬੇਸ਼ਰਮਾਂ ਉੱਤੇ ਕੋਈ ਅਸਰ ਨਹੀਂ!

ਨਾਮਧਰੀਕ ‘ਸਿੱਖ, ‘ਸਿੰਘ’ ਤੇ ‘ਖ਼ਾਲਸਾ’ ਲੀਡਰਾਂ ਦੀ ਸਰਪ੍ਰਸਤੀ ਹੇਠ ਫ਼ੈਲਾਈ ਜਾਂਦੀ ਹਿੰਸਕ ਗੁੰਡਾਗਰਦੀ ਤੇ ਦਹਿਸ਼ਤ ਦਾ ਹੀ ਨਤੀਜਾ ਹੈ ਕਿ ਸਿੱਖਾਂ ਦੀ ਸੰਖਿਆਂ ਦਿਨ ਬਦਿਨ ਘਟਦੀ ਜਾ ਰਹੀ ਹੈ। ਗੁੰਡਾਗਰਦੀ ਦੀਆਂ ਅਧਾਰਮਿਕ ਕਾਲੀਆਂ ਕਰਤੂਤਾਂ ਕਰਨ/ਕਰਵਾਉਣ ਤੋਂ ਬਾਜ ਆਉਣ ਦੀ ਬਜਾਏ, ਮਨਮਤਿ ਦੇ ਮੁਰੀਦ ਤੇ ਗਿਆਨ ਦੇ ਦੋਖੀ ‘ਸਰਵਉੱਚ ਪੰਥ-ਨੇਤਾ’ ਨੇ ਉਕਤ ਗੰਭੀਰ ਸਮੱਸਿਆ ਦਾ ਹਲ ਦੱਸਦਿਆਂ ਕੌਮ ਨੂੰ ਸ਼ਰਮਸਾਰ ਕਰਨ ਵਾਲਾ ਬੇਹਦ ਹਾਸੋਹੀਣਾ ਬਿਆਨ ਦਾਗ਼ ਦਿੱਤਾ, "ਸਿੱਖਾਂ ਨੂੰ ਆਪਣੀ ਆਬਾਦੀ ਵਧਾਉਣ ਲਈ ਚਾਰ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ!" ਇਸ ਬੇਤੁਕੇ ਬਿਆਨ ਨਾਲ ਸਾਰੀ ਕੌਮ ਸ਼ਰਮਸਾਰ ਹੈ ਪਰ ਮੂੜ੍ਹਮੱਤ ਦੇ ਮਾਲਿਕ ਬਿਆਨਬਾਜ਼ ਨੇਤਾ ਦੀ ਮੋਟੀ ਚਮੜੀ ਉੱਤੇ ਇਸ ਬੇਹੂਦਾ ਬਿਆਨ ਵਿਰੁਧ ਹੋਏ ਨਿਖੇਧੀ-ਪੂਰਨ ਪ੍ਰਤਿਕਰਮ ਦਾ ਕੋਈ ਅਸਰ ਨਹੀਂ!

ਕਥਿਤ ਪੰਜਾਬੀ ਸੂਬੇ ਦੀ ਪ੍ਰਾਪਤੀ ਦੀ ‘ਮੱਲ ਮਾਰਨ’ (ਸੰਨ 1966) ਤੀਕ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਗੱਦੀਆਂ, ਗੋਲਕਾਂ ਤੇ ਸੰਸਾਰਕ ਸੋਭਾ ਆਦਿ ਦੇ ਭੁੱਖੇ ਮਤਲਬੀ ਮੈਂਬਰ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਰਾਜ-ਸੱਤਾ ਦੇ ਭੁੱਖੇ ਸਿੱਖ ਨੇਤਾ ਗੁਰਮਤਿ ਨੂੰ ਤਿਆਗ ਕੇ ਮਨਮਤਿ ਦੇ ਪੂਰੀ ਤਰ੍ਹਾਂ ਗ਼ੁਲਾਮ ਬਣ ਚੁੱਕੇ ਸਨ। ਮਾਨਸਿਕ ਗ਼ੁਲਾਮੀ ਦੀ ਇਸ ਹਾਲਤ ਵਿੱਚ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਕੁੱਝ ਹੋਰ ਕਾਰਨਾਮਿਆਂ ਤੇ ‘ਪ੍ਰਾਪਤੀਆਂ’ ਦਾ ਸੰਖੇਪ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ:-

ਸ਼ਿਰੋਮਣੀ ਅਕਾਲੀ ਦਲ ਅਤੇ ਸ਼ਰੋ: ਗੁ: ਪ੍ਰ: ਕਮੇਟੀ ਅੰਮ੍ਰਿਤਸਰ ਦੇ ‘ਸ਼ੰਘਰਸ਼’ ਸਦਕਾ ਵਿਸ਼ਾਲ ਪੰਜਾਬ ਪੰਜ ਟੁੱਕੜੀਆਂ (ਪੰਜਾਬੀ ਸੂਬਾ, ਹਰਿਆਣਾ, ਹਿਮਾਚਲ, ਚੰਡੀਗੜ੍ਹ ਤੇ ਦਿੱਲੀ) ਵਿੱਚ ਵੰਡਿਆ ਗਿਆ ਸੀ। ਇਸ ਮੰਦਭਾਗੀ ਵੰਡ ਸਦਕਾ ਸ਼ਿਰੋਮਣੀ ਅਕਾਲੀ ਦਲ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਿੱਚ ਵੀ ਤ੍ਰੇੜਾਂ ਆ ਗਈਆਂ। ਇਨ੍ਹਾਂ ਪੰਜਾਂ ਰਾਜ-ਖੇਤਰਾਂ ਦੇ ਅਕਾਲੀਆਂ ਨੇ ਆਪਣੇ ਆਪਣੇ ਅਕਾਲੀ ਦਲ ਬਣਾ ਕੇ ਇਕ-ਦੂਜੇ ਦੀ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ। ਅਤੇ ਸਿਆਸੀ ਕੁਰਸੀਆਂ ਅਤੇ ਗੁਰੁਦਵਾਰਿਆਂ ਦੀਆਂ ਗੱਦੀਆਂ ਤੇ ਗੋਲਕਾਂ ਉੱਤੇ ਕਬਜ਼ਾ ਕਰਨ ਵਾਸਤੇ ਬੇਜ਼ਮੀਰੇ ਕੌਮ-ਦ੍ਰੋਹੀ ਸਿੱਖ ਲੀਡਰਾਂ ਨੇ ਸੱਤਾਧਾਰੀ ਸਿਆਸੀ ਪਾਰਟੀਆਂ ਦੀ ਗ਼ੁਲਾਮੀ ਕਬੂਲ ਕਰ ਲਈ।

ਸੰਨ 1971 ਵਿੱਚ, ਸਮੇਂ ਦੀ ਕਾਂਗਰਸ ਸਰਕਾਰ ਦੀ ਹਲਾਸ਼ੇਰੀ ਤੇ ਅਸ਼ੀਰਵਾਦ ਨਾਲ, ਦਿੱਲੀ ਦੇ ‘ਸਿੱਖਾਂ’ ਨੇ ਦਿੱਲੀ ਸਿੱਖ ਗੁਰੁਦੁਆਰਾ ਐਕਟ (Delhi Sikh Guruduara Act of 1971) ਪਾਸ ਕਰਵਾ ਲਿਆ। ਇਸ ਐਕਟ ਦੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Delhi Sikh Guruduara Management Committee) ਹੋਂਦ ਵਿੱਚ ਆਈ। ਹਰਿਆਣਾ ਦੇ ‘ਸਿੰਘ’ ਲੀਡਰਾਂ ਅਤੇ ਹਰਿਆਣਵੀ ਸਿੱਖਾਂ ਦੇ ਚੌਦਾਂ ਸਾਲਾ (ਸੰਨ 2000 ਤੋਂ 2014 ਤਕ) ‘ਸੰਘਰਸ਼’ ਤੋਂ ਬਾਅਦ, ਹਰਿਆਣੇ ਦੀ ਕਾਂਗਰਸ ਸਰਕਾਰ ਦੀ ਚੁੱਕ ਅਤੇ ਅਸ਼ੀਰਵਾਦ ਨਾਲ, ਹਰਿਆਣਾ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ (H.S.G.P.C.) ਬਣਾ ਦਿੱਤੀ ਗਈ। ਪਰੰਤੂ ਸ਼ਿਰੋਮਣੀ ਅਕਾਲੀ ਦਲ (ਬਾ: ) ਅਤੇ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਾਸਤੇ ਇਹ ਕਾਨੂੰਨ ਘਾਤਿਕ ਸੀ; ਇਸ ਵਾਸਤੇ ‘ਸਿੱਖਾਂ ਦੇ ਸੁਪਰੀਮੋ’ ਪਰਕਾਸ਼ ਸਿੰਘ ਬਾਦਲ ਦੇ ਤਾਨਾਸ਼ਾਹੀ ਹੁਕਮਾਂ ਅਧੀਨ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਆਪਣੀ ਟਾਸਕ ਫ਼ੋਰਸ (Task Force) ਦੇ ਹਥਿਆਰਬੰਦ ਦਸਤੇ ਹਰਿਆਣੇ ਭੇਜੇ ਜਿਨ੍ਹਾਂ ਦੀ ਗੁੰਡਾਗਰਦੀ ਤੇ ਦਹਿਸ਼ਤ ਨੇ ਕਾਨੂੰਨਨ ਬਣੀ ਕਮੇਟੀ ਨੂੰ ਹਰਿਆਣੇ ਦੇ ਗੁਰੁਦੁਆਰਿਆਂ ਉੱਤੇ ਅਜੇ ਤਕ ਕਾਬਜ਼ ਨਹੀਂ ਹੋਣ ਦਿੱਤਾ। ਹੁਣ ਹਰਿਆਣੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਆਕਾ ਬੀ: ਜੇ: ਪੀ: /ਆਰ: ਐਸ: ਐਸ: ਦੀ ਸਰਕਾਰ ਬਣ ਗਈ ਹੈ। ਇਸ ਲਈ ਹਰਿਆਣਾ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦਾ ਰੇੜਕਾ ਕਿਤਨੀ ਦੇਰ ਚੱਲੇਗਾ? ਕੁੱਝ ਨਹੀਂ ਕਿਹਾ ਜਾ ਸਕਦਾ! ਹਾਂ, ਇਤਨਾ ਤਾਂ ਨਿਰਸੰਧੇਹ ਕਿਹਾ ਜਾ ਸਕਦਾ ਹੈ ਕਿ ਸਿੱਧੜ ਸਿੱਖਾਂ ਦਾ ਗੁਰੂ ਦੇ ਨਾਮ `ਤੇ ਬਟੋਰਿਆ ਕਰੋੜਾਂ-ਅਰਬਾਂ ਰੁਪਇਆ ਕਚਹਿਰੀਆਂ ਵਿੱਚ ਜ਼ਰੂਰ ਫੂਕਿਆ ਜਾ ਰਿਹਾ ਹੈ। ਅਤੇ ‘ਸਿੱਖਾਂ’ ਦੀਆਂ ਆਪਸੀ ਹਿੰਸਕ ਮੁੱਠ-ਭੇੜਾਂ ਕਾਰਣ ਸਿੱਖਾਂ ਦੀ ਸਾਰੇ ਸੰਸਾਰ ਵਿੱਚ ਜੋ ਥੂਹ ਥੂਹ ਹੋ ਰਹੀ ਹੈ/ਹੋਵੇਗੀ ਉਹ ਸਾਰੇ ਜਾਣਦੇ ਹੀ ਹਨ!

ਪੰਜਾਬ ਦੀਆਂ ਅਕਾਲੀ, ‘ਸਿੰਘ’ ਤੇ ‘ਖ਼ਾਲਸਾ’ ਜਥੇਬੰਦੀਆਂ ਨੇ ਆਪਣੀ ਮਨਮਤਿ ਦਾ ਪਰਛਾਵਾਂ ਵਿਦੇਸਾਂ ਵਿੱਚ ਵੱਸੇ ਸਿੱਖਾਂ ਉੱਤੇ ਵੀ ਪਾ ਰੱਖਿਆ ਹੈ। ਫਲਸਰੂਪ, ਵਿਦੇਸਾਂ ਵਿੱਚ ਵੀ ਅਣਗਿਣਤ ‘ਸਿੰਘ’ ਤੇ ‘ਖ਼ਾਲਸਾ’ ਜਥੇਬੰਦੀਆਂ ਤੇ ਧੜੇ ਹਨ। ਸੰਸਾਰ ਦੇ ਹਰ ਗੁਰੂਦਵਾਰੇ ਦੀ ਕਮੇਟੀ ਧੜੇਬੰਦੀ ਦਾ ਸ਼ਿਕਾਰ ਹੈ। ਗੋਲਕਾਂ ਤੇ ਗੱਦੀਆਂ ਦੀ ਖ਼ਾਤਿਰ ‘ਸਿੰਘਾਂ’ ਦੀਆਂ ਵਿਰੋਧੀ ਜਥੇਬੰਦੀਆਂ ਤੇ ਧੜਿਆਂ ਵਿੱਚ ਹਿੰਸਕ ਮੁੱਠ-ਭੇੜਾਂ ਹਰਦਿਨ ਹੁੰਦੀਆਂ ਹੀ ਰਹਿੰਦੀਆਂ ਹਨ। ਨਤੀਜਤਨ, ਸ਼੍ਰੱਧਾਲੂਆਂ ਦਾ ਭੇਟ ਕੀਤਾ ਕਰੋੜਾਂ-ਅਰਬਾਂ ਰੁਪਿਆ ਮੁਕੱਦਮਿਆਂ ਵਿੱਚ ਉਲਝ ਕੇ ਕਚਹਿਰੀਆਂ ਵਿੱਚ ਬਰਬਾਦ ਕੀਤਾ ਜਾਂਦਾ ਹੈ। ਇਨ੍ਹਾਂ ਹਿੰਸਕ ਝੜਪਾਂ (ਦਰਅਸਲ ਗੁੰਡਾਗਰਦੀ) ਕਾਰਣ ਗੁਰੂ (ਗ੍ਰੰਥ) /ਗੁਰਮਤਿ ਦਾ ਘੋਰ ਅਪਮਾਨ ਵੀ ਕੀਤਾ ਜਾਂਦਾ ਹੈ। ਮਨਮਤਿ ਦੇ ਉਪਾਸ਼ਕ ਸਿੱਖ, ਸਿੰਘ ਤੇ ਖ਼ਾਲਸੇ ਇਤਨੇ ਨਿਰਲੱਜ ਤੇ ਢੀਠ ਹੋ ਗਏ ਹਨ ਕਿ ਇਨ੍ਹਾਂ ਦੇ ਮਨਮਤੀ ਕਾਲੇ ਕਾਰਨਾਮਿਆਂ ਕਾਰਣ ਦੂਜੀਆਂ ਕੌਮਾਂ ਵੱਲੋਂ ਕੀਤੀ ਜਾਂਦੀ ਨਿਤ ਦੀ ਤੋਹੇ-ਤੋਹੇ ਦਾ ਵੀ ਇਨ੍ਹਾਂ ਅਮਾਨਵੀ ਤੇ ਅਧਾਰਮਕ ਕਾਲੀਆਂ ਕਰਤੂਤਾਂ ਕਰਨ/ਕਰਵਾਉਣ ਵਾਲਿਆਂ ਦੀ ਮੋਟੀ ਚੱਮੜੀ ਉੱਤੇ ਕੋਈ ਅਸਰ ਨਹੀਂ!

ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਸ਼ਿਰੋਮਣੀ ਅਕਾਲੀ ਦਲ ਦਾ ਗਠਨ ਦੇਸ ਵਿੱਚੋਂ ਡੇਰਾਵਾਦ ਅਤੇ ਭ੍ਰਸ਼ਟ ਮਹੰਤਗੀਰੀ ਨੂੰ ਖ਼ਤਮ ਕਰਨ ਵਾਸਤੇ ਕੀਤਾ ਗਿਆ ਸੀ। ਪਰੰਤੂ ਕੌਮ ਦੀ ਕਿਸਮਤ ਦਾ ਖੇਲ ਦੇਖੋ, ਅੱਜ ਇਨ੍ਹਾਂ ਦੋਨਾਂ ਸੰਗਠਨਾਂ ਦੀ ਛਤਰ-ਛਾਇਆ ਹੇਠ ਹੀ ਗੁਰੂ (ਗ੍ਰੰਥ) ਦੇ ਨਾਮ `ਤੇ ਹਜ਼ਾਰਾਂ ਡੇਰੇ, ਟਕਸਾਲਾਂ, ਸਮਾਧਾਂ ਤੇ ‘ਗੁਰੂਦਵਾਰੇ’ ਆਦਿ ਚਲ ਰਹੇ ਹਨ ਜਿਨ੍ਹਾਂ ਅੰਦਰ ਅਖਾਉਤੀ ਗੁਰੂ, ਸਤਿਗੁਰੂ, ਸੰਤ, ਮਹੰਤ, ਬਾਬੇ, ਮੁਖੀਏ ਤੇ ਡੇਰੇਦਾਰ ਗੁਰਮਤਿ ਦੀ ਬਜਾਏ ਮਨਮਤਿ ਦਾ ਪ੍ਰਚਾਰ ਤੇ ਪ੍ਰਸਾਰ ਨਿਸੰਗ ਹੋ ਕੇ ਕਰ ਰਹੇ ਹਨ। ਹੋਰ ਤਾਂ ਹੋਰ, ਅਕਾਲੀਆਂ, ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਦੇ ਕਾਰਕੁਨਾਂ ਅਤੇ ਜਥੇਦਾਰਾਨ ਦੀ ਸਹਿਮਤੀ ਅਤੇ ਭਾਈਵਾਲੀ ਨਾਲ ਇੱਕ ‘ਸੰਤ-ਸਮਾਜ’ ਵੀ ਬਣਾ ਦਿੱਤਾ ਗਿਆ ਹੈ। ਗੁਰਮਤਿ ਦੇ ਦੋਖੀ ਤੇ ਮਨਮਤਿ ਦੇ ਪੁਜਾਰੀ ਇਸ ਸੰਤ-ਸਮਾਜ ਵੱਲੋਂ ਡੇਰਿਆਂ ਵਿੱਚ ਕੀਤੀਆਂ/ਕਰਵਾਈਆਂ ਜਾਂਦੀਆਂ ਅਮਾਨਵੀ ਕਾਲੀਆਂ ਕਰਤੂਤਾਂ 19ਵੀਂ-20ਵੀਂ ਸਦੀ ਦੇ ਆਪ-ਹੁਦਰੇ ਮਹੰਤਾਂ ਦੀ ਭ੍ਰਸ਼ਟਤਾ ਨੂੰ ਵੀ ਮਾਤ ਪਾਉਂਦੀਆਂ ਹਨ!

ਦੇਸ਼ ਦੀ ਵੰਡ (ਸੰਨ 1947) ਤੋਂ ਅੱਜ ਤੀਕ ਗੁਰਮਤਿ-ਗਿਆਨ ਪ੍ਰਦਾਨ ਕਰਦੀਆਂ ਬਹੁਤ ਘੱਟ ਪੁਸਤਕਾਂ ਲਿਖੀਆਂ ਤੇ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਵਿੱਚੋਂ ਪਰਮੁਖ ਹੈ: ਪ੍ਰੋ: ਸਾਹਿਬ ਸਿੰਘ ਜੀ ਦਾ "ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ"। ਇਸ ਗੌਰਵਮਈ ਗਿਆਨ-ਗ੍ਰੰਥ ਦੀ ਪ੍ਰਕਾਸ਼ਨਾ ਵਾਸਤੇ ਅਕਾਲੀਆਂ, ਸ਼ਿਰੋਮਣੀ ਕਮੇਟੀਆਂ, ਜਥੇਦਾਰਾਂ ਅਤੇ ਪੁਜਾਰੀਆਂ ਆਦਿ ਦੀ ਦੇਣ ਸਿਫ਼ਰ ਦੇ ਸਮਾਨ ਹੈ! ਇਸੇ ਪ੍ਰਸੰਗ ਵਿੱਚ ਮਨਮਤਿ ਦੇ ਮੁਦਈਆਂ ਦਾ ਇੱਕ ਹੋਰ ਕਾਰਾ: ਜੇ ਕਿਸੇ ਸੁਹਿਰਦ ਸਿੱਖ ਨੇ ਖੋਜ ਕਰਕੇ ਕਿਸੇ ਮਨਮਤੀ ਪੁਸਤਕ ਦਾ ਸੱਚ ਸਾਹਮਨੇ ਲਿਆਂਦਾ ਤਾਂ ਉਹ ਪੁਸਤਕ ਸ਼ਿਰੋਮਣੀ ਕਮੇਟੀ ਤੇ ਜਥੇਦਾਰਾਂ ਦੇ ਹੁਕਮ ਨਾਲ ਸੜਵਾ ਦਿੱਤੀ ਗਈ! ਇਸ ਦੇ ਉਲਟ, ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਅੰ੍ਰਿਤਸਰ, ਜਥੇਦਾਰਾਂ ਤੇ ਪੁਜਾਰੀ ਲਾਣੇ ਨੇ, ਗੁਰਮਤਿ-ਗਿਆਨ ਦੇ ਪ੍ਰਕਾਸ਼ ਨੂੰ ਅਗਿਆਨਤਾ ਦੇ ਅਨ੍ਹੇਰੇ ਨਾਲ ਮੱਧਮ ਕਰਨ ਵਾਸਤੇ, ਆਪਣੇ ਹੁਕਮਾਧੀਨ ਕਈ ਮਨਮਤੀ ਪੁਸਤਕਾਂ ਬੜੇ ਫ਼ਖ਼ਰ ਨਾਲ ਪ੍ਰਕਾਸ਼ਤ ਕਰਵਾਈਆਂ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਹੋ ਚੁੱਕਿਆ ਹੈ।

ਗੁਰਸਿੱਖਾਂ ਨੂੰ ਗੁਰਮਤਿ ਵੱਲੋਂ ਹੋੜ ਕੇ ਮਨਮਤਿ ਦੇ ਮਗਰ ਲਾਉਣ ਲਈ ਗੁਰਮਤਿ ਦੇ ਦੋਖੀ ਸਿੰਘ ਨੇਤਾਵਾਂ ਨੇ ਗੁਰਬਾਣੀ ਦੇ ਕਈ ਸਿੱਧਾਂਤਕ ਤੇ ਸੂਖਮ ਸ਼ਬਦਾਂ ਨੂੰ ਸਥੂਲ ਸੰਸਾਰਕਤਾ ਦੇ ਪ੍ਰਸੰਗ ਵਿੱਚ ਵਰਤਨਾ ਸ਼ੁਰੂ ਕਰ ਦਿੱਤਾ। ਮਿਸਾਲ ਵਜੋਂ ਕੁੱਝ ਸ਼ਬਦ ਨਿਮਨ ਲਿਖਿਤ ਹਨ:- ਅਕਾਲ, ਨਾਮ, ਵਾਹਿਗੁਰੂ, ਸਤਿਗੁਰੂ, ਸੱਚਾ ਪਾਤਸ਼ਾਹ, ਸਚਖੰਡ, ਦਰਸਨ, ਅੰਮ੍ਰਿਤ, ਤਖ਼ਤ, ਤੀਰਥ ਤੇ ਤੀਰਥ-’ ਸਨਾਨ, ਸਾਧ, ਸੰਤ, ਬਾਬਾ, ਭਾਈ, ਵਜ਼ੀਰ, ਸੰਗਤ, ਦਰਸਨ, ਨਿਹਾਲ, ਸਾਹਿਬ, ਸਿਖ-ਸੇਵਕ, ਸਿਖ ਸਾਧਕ, ਖ਼ਾਲਸੇ, ਪੰਥ, ਪ੍ਰਸਾਦ, ਪਾਠ, ਸੇਵਾ, ਕਰਮਾਤ, ਸਿਰੋਪਾ ਤੇ ਅਰਦਾਸ ਆਦਿ। ਇਨ੍ਹਾਂ ਸਿੱਧਾਂਤਕ ਸ਼ਬਦਾਂ ਦੀ ਗ਼ਲਤ ਵਰਤੋਂ ਕਰਕੇ ਸਿੱਧੜ ਸ਼ਰੱਧਾਲੂਆਂ ਨੂੰ ਠੱਗਣ ਦੇ ਨਾਲ ਨਾਲ ਗੁਰੂ (ਗ੍ਰੰਥ), ਗੁਰਮਤਿ ਅਤੇ ਗੁਰਸਿੱਖੀ ਨੂੰ ਵੀ ਅਪਮਾਨਿਤ ਕੀਤਾ ਜਾ ਰਿਹਾ ਹੈ।

ਸਰਲਚਿੱਤ ਸਿੱਖਾਂ ਨੂੰ ਉੱਲੂ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਧਰਮ ਦੇ ਅਖਾਉਤੀ ਠੇਕੇਦਾਰਾਂ ਨੇ ਕਈ ਨਵੇਂ ਸ਼ਬਦ ਵੀ ਘੜ ਲਏ ਹਨ। ਜਿਵੇਂ: ਜਥੇਦਾਰ, ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ, ਗੁਰੂ ਕਾ ਲੰਗਰ, ਮੂਰਤੀ-ਪੂਜਾ, ਸੇਵਾ-ਸੰਭਾਲ, ਕਾਰ ਸੇਵਾ, ਸਨਮਾਨ, ਪੰਥ-ਦਰਦੀ, ਪੰਥ-ਸੇਵਕ, ਗੁਰੂਪੰਥ ਦਾ ਦਾਸ, ਸ੍ਰੀ 108, ਸ੍ਰੀ 111, ਸ੍ਰੀ 1008, ਸਵਰਗਵਾਸੀ, ਸਚਖੰਡ ਵਾਸੀ, ਪੰਥ ਰਤਨ, ਲੋਹ ਪੁਰਸ਼ ਵਗ਼ੈਰਾ ਵਗ਼ੈਰਾ। ਧਰਮ-ਦ੍ਰੋਹੀ ਸੁਆਰਥੀ ਢੌਂਗੀਆਂ ਨੇ ਮਨਮਤਿ ਦੀ ਟਕਸਾਲ ਵਿੱਚ ਘੜੇ ਇਨ੍ਹਾਂ ਲਫ਼ਜ਼ਾਂ ਨੂੰ ਸਤਿਕਾਰ-ਯੁਕਤ ਬਣਾ ਕੇ ਲੋਕਾਂ ਨੂੰ ਅਕਾਲ ਪੁਰਖ ਅਤੇ ਗੁਰੂ (ਗ੍ਰੰਥ) /ਗੁਰਮਤਿ ਨਾਲੋਂ ਤੋੜ ਕੇ ਆਪਣੀ ਸੇਵਾ-ਭਗਤੀ ਵੱਲ ਲਾ ਲਿਆ ਹੈ। (ਨੋਟ:- ਉਕਤ ਸਿੱਧਾਂਤਕ ਸ਼ਬਦਾਂ ਅਤੇ ਆਪੂੰ ਘੜੇ ਲਫ਼ਜ਼ਾਂ ਦੇ ਵਿਸ਼ਿਆਂ `ਤੇ, ਗੁਰਮਤਿ ਉੱਤੇ ਆਧਾਰਤ, ਵਿਸਤ੍ਰਿਤ ਲੇਖ ਲਿਖਣ ਦਾ ਯਤਨ ਕੀਤਾ ਜਾਵੇਗਾ। ਹੋਰ ਸੁਹਿਰਦ ਅਤੇ ਨਿਸ਼ਕਾਮ ਲੇਖਕਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਇਸ ਪਰਮਾਰਥੀ ਕੰਮ ਵਿੱਚ ਯੋਗਦਾਨ ਪਾਉਣ।)

ਸਰਬਸਾਂਝੀ ਗੁਰਬਾਣੀ ਅਥਵਾ ਗੁਰਮਤਿ ਦਾ ਪਵਿੱਤਰ ਤੇ ਮਾਨਵਵਾਦੀ ਵਿਹੜਾ ਅਸੀਮ ਹੈ। ਪਰੰਤੂ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਅਕਾਲੀ ਦਲਾਂ ਦੇ ਮਨਮਤੀਏ ਭੇਖੀ ਲੀਡਰਾਂ ਨੇ ਸਮੁੱਚੀ ਮਨੁੱਖਤਾ ਦੇ ਅਦੁੱਤੀ ਗੁਰੂ (ਗ੍ਰੰਥ) ਨੂੰ ਆਪਣੇ ਨਿੱਜੀ ਅਧਿਕਾਰ ਅਧੀਨ ਕਰਕੇ ਇਸ ਦੇ ਅਤਿ ਵਿਸ਼ਾਲ ਵਿਹੜੇ ਨੂੰ ਇੱਕ ਵਾੜਾ ਬਣਾ ਦਿੱਤਾ ਹੈ, ਜਿਸ ਵਿੱਚ ਉਹੀ ਵਿਅਕਤੀ ਵੜ ਵਿਚਰ ਸਕਦਾ ਹੈ ਜਿਸ ਉੱਤੇ ਇਨ੍ਹਾਂ ਭੇਖੀਆਂ ਦੇ ਭੇਖ ਤੇ ਇਨ੍ਹਾਂ ਦੁਆਰਾ ਪ੍ਰਚਾਰੀ ਜਾਂਦੀ ਮਨਮਤਿ ਦੀ ਮੋਹਰ-ਛਾਪ ਲੱਗੀ ਹੋਵੇ। ਜਿਹੜਾ ਗੁਰੂ (ਗ੍ਰੰਥ) ਦਾ ਸੱਚਾ ਸਿੱਖ ਮਨਮਤਿ ਦੇ ਵਾੜੇ ਵਿੱਚੋਂ ਨਿਕਲਨ ਜਾਂ ਇਸ ਵਿੱਚ ਆਉਣ ਤੋਂ ਇਨਕਾਰ ਕਰਦਾ ਹੈ, ਉਸ ਨੂੰ ਮਨਮਤੀਏ ਨੇਤਾ ‘ਪਤਿਤ’ ਕਹਿ ਕੇ ‘ਪੰਥ’ ਵਿੱਚੋਂ ਛੇਕ ਦਿੰਦੇ ਹਨ! ਗੁਰਮਤਿ ਅਨੁਸਾਰ, ਕਿਸੇ ਸ਼ਰੱਧਾਲੂ ਨੂੰ ਛੇਕਣਾ ਮਨਮਤਿ ਦੀ ਇੰਤਹਾ ਹੈ! ! !

ਪਾਠਕ ਸੱਜਨੋਂ! ਉਕਤ ਤੱਥਾਂ ਦੇ ਆਧਾਰ `ਤੇ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਸਾਡੇ ਸੁਆਰਥੀ ਲੀਡਰਾਂ ਦੀ ਗ਼ੱਦਾਰੀ ਤੇ ਸਾਡੇ ਆਪਣੇ ਅਵੇਸਲੇਪਨ ਕਾਰਣ ਸਾਡੀ ਬਿਬੇਕ ਬੁੱਧ ਅਤੇ ਅਸੀਂ ਮਨਮਤਿ ਦੀ ਅੱਗ ਵਿੱਚ ਝੁਲਸ ਚੁੱਕੇ ਹਾਂ। ਇਸ ਘੋਰ ਨਿਰਾਸ਼ਾ ਵਾਲੀ ਹਾਲਤ ਵਿੱਚੋਂ ਨਿਕਲਣ ਵਾਸਤੇ ਸਾਨੂੰ ਗੁਰਬਾਣੀ ਦਾ ਹੀ ਪੱਲਾ ਫੜਣ ਦੀ ਲੋੜ ਹੈ। ਗੁਰੁ-ਹੁਕਮ ਹੈ: ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥

ਜਿਹੜੇ ਗੁਰਸਿੱਖਾਂ ਨੂੰ ਗੁਰੂ (ਗ੍ਰੰਥ) ਦੇ ਗਿਆਨ-ਜਲ ਨੇ ਮਨਮਤਿ ਦੀ ਅੱਗ ਵਿੱਚ ਸੜਣ ਤੋਂ ਬਚਾਇਆ ਹੈ, ਉਹ ਨਿਰੋਲ ਗੁਰਬਾਣੀ ਉੱਤੇ ਆਧਾਰਤ ਆਪਣੀਆਂ ਲਿਖਿਤਾਂ ਰਾਹੀਂ ਗੁਰਮਤਿ ਦਾ ਕਲਿਆਣਕਾਰੀ ਗਿਆਨ, ਬਿਨਾਂ ਕਿਸੇ ਭੇਦ ਭਾਵ ਦੇ, ਮਨੁੱਖਤਾ ਵਿੱਚ ਵੰਡਣ ਦੀ ਨਿਸ਼ਕਾਮ ਸੇਵਾ ਨਿਭਾਉਂਦੇ ਰਹਿਣ; ਤਾਂ ਜੋ ਅਸੀਂ ਸਾਰੇ ਗੁਰੁਗਿਆਨ ਦੀ ਇਲਾਹੀ ਰੌਸ਼ਨੀ ਦੀ ਸਹਾਇਤਾ ਨਾਲ ਮਨਮਤੀਆਂ ਦੁਆਰਾ ਫੈਲਾਏ ਅਗਿਆਨ-ਅੰਧੇਰੇ ਦੀ ਕੈਦ ਵਿੱਚੋਂ ਨਿਕਲ ਕੇ ਸੁਤੰਤਰ ਤੇ ਸਚਿਆਰ ਜੀਵਨ ਜੀਅ ਸਕੀਏ!

ਗੁਰਇੰਦਰ ਸਿੰਘ ਪਾਲ
.