.

ਗੁਰ ਅਤੇ ਗੁਰੂ ਸ਼ਬਦਾਂ ਦੀ ਵਰਤੋਂ

ਸਿੱਖੀ ਦੇ ਸੰਦਰਭ ਵਿੱਚ ‘ਗੁਰੂ’ ਸ਼ਬਦ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਗੁਰਬਾਣੀ ਗ੍ਰੰਥ ਵਿੱਚ ‘ਗੁਰ’ ਅਤੇ ‘ਗੁਰੂ’ ਅਤੇ ਇਹਨਾਂ ਤੋਂ ਅੱਗੇ ਬਣੇ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੋਈ ਮਿਲਦੀ ਹੈ। ਪਰੰਤੂ ‘ਗੁਰ’ ਅਤੇ ‘ਗੁਰੂ’ ਸ਼ਬਦਾਂ ਦੇ ਅਰਥਾਂ ਸਬੰਧੀ ਕਾਫੀ ਭੁਲੇਖੇ ਵੀ ਬਣੇ ਹੋਏ ਹਨ ਅਤੇ ਇਸ ਸਬੰਧੀ ਸਥਿਤੀ ਸਪਸ਼ਟ ਕਰਨ ਦੀ ਭਾਰੀ ਲੋੜ ਹੈ। ‘ਗੁਰ’ ਇੱਕ ਧਾਤੂ ਵਜੋਂ ਵੀ ਵਰਤੋਂ ਵਿੱਚ ਆਉਂਦਾ ਹੈ ਅਤੇ ਅਜ਼ਾਦਾਨਾ ਤੌਰ ਤੇ ਇੱਕ ਸ਼ਬਦ ਵਜੋਂ ਵੀ (ਜਦੋਂ ਕੋਈ ਵਿਸ਼ੇਸ਼ ਸ਼ਬਦ-ਜੋੜ ਵਡੇਰੇ ਸ਼ਬਦ ਦੇ ਮੁੱਢ ਦੇ ਤੌਰ ਤੇ ਉਸਦਾ ਹਿੱਸਾ ਬਣ ਕੇ ਆਉਂਦਾ ਹੈ ਤਾਂ ਇਸ ਨੂੰ ‘ਧਾਤੂ’ ਕਿਹਾ ਜਾਂਦਾ ਹੈ)। ‘ਗੁਰੂ’ ਸ਼ਬਦ ‘ਗੁਰ’ ਨੂੰ ਧਾਤੂ ਦੇ ਤੌਰ ਤੇ ਵਰਤ ਕੇ ਹੀ ਬਣਿਆਂ ਹੈ। ਇਸ ਤੋਂ ਅੱਗੇ ‘ਗੁਰ’ ਅਤੇ ‘ਗੁਰੂ’ ਨੂੰ ਧਾਤੂ ਦੇ ਤੌਰ ਤੇ ਵਰਤ ਕੇ ਹੋਰ ਵੀ ਕਈ ਸ਼ਬਦ ਬਣਦੇ ਹਨ ਜੋ ਗੁਰਬਾਣੀ ਵਿੱਚ ਸ਼ਾਮਲ ਹਨ ਜਿਵੇਂ ‘ਗੁਰੁ’, ‘ਗੁਰੂ’, ‘ਸਤਿਗੁਰ’ ‘ਸਤਿਗੁਰੂ’, ‘ਗੁਰਦੇਵ’, ਵਾਹਿਗੁਰੂ’, ‘ਗੁਰਮਤਿ’, ‘ਗੁਰਮੁਖ’, ‘ਗੁਰਬਾਣੀ’, ਗੁਰਪ੍ਰਸਾਦਿ, ‘ਗੁਰਦੁਆਰਿ’ ਆਦਿਕ। ਇਸ ਪੱਖੋਂ ਗਿਣਤੀ ਕਰਨੀ ਹੋਵੇ ਤਾਂ ਪਤਾ ਲਗਦਾ ਹੈ ਕਿ ਸਮੁੱਚੀ ਗੁਰਬਾਣੀ ਵਿੱਚ ‘ਗੁਰ’ ਦੀ ਵਰਤੋਂ ਲਗ-ਭਗ ਸਾਢੇ ਸੱਤ ਹਜ਼ਾਰ ਵਾਰ ਹੋਈ ਹੈ। ਇਸ ਦੇ ਬਾਵਜੂਦ ਆਮ ਕਰਕੇ ਵਿਦਵਾਨਾਂ ਵੱਲੋਂ ਇਹਨਾਂ ਦੋ ਸ਼ਬਦਾਂ ਵਿੱਚੋਂ ਪਹਿਲਾਂ ‘ਗੁਰੂ’ ਦੀ ਹੀ ਵਿਆਖਿਆ ਕਰਨ ਦਾ ਯਤਨ ਕੀਤਾ ਜਾਂਦਾ ਹੈ।

ਵਿਦਵਾਨ ਸੱਜਣ ‘ਗੁਰੂ’ ਸ਼ਬਦ ਦੀ ਵਿਆਖਿਆ ਕਰਨ ਵੇਲੇ ਇਸ ਦੇ ਦੋ ਹਿੱਸੇ ਕਰ ਲੈਂਦੇ ਹਨ: ਪਹਿਲਾ ‘ਗੁ’ ਜਿਸ ਦਾ ਅਰਥ ‘ਹਨੇਰਾ’ ਤੋਂ ਲਿਆ ਜਾਂਦਾ ਹੈ ਅਤੇ ਦੂਸਰਾ ‘ਰੂ’ ਜਿਸ ਦਾ ਅਰਥ ‘ਦੂਰ ਕਰਨ ਵਾਲਾ’ ਤੋਂ ਲਿਆ ਜਾਂਦਾ ਹੈ। ਇਹਨਾਂ ਅਰਥਾਂ ਨੂੰ ਅੱਗੇ ਪ੍ਰਤੀਕਾਤਮਿਕ ਰੂਪ ਵਿੱਚ ਪਰਗਟ ਕਰਦੇ ਹੋਏ ਇਹ ਦਰਸਾਇਆ ਜਾਂਦਾ ਹੈ ਕਿ ‘ਗੁ’ ਦਾ ਅਰਥ ਹੈ ਬੌਧਿਕ ਹਨੇਰਾ ਭਾਵ ਗਿਆਨ ਦੀ ਘਾਟ ਅਤੇ ‘ਰੂ’ ਦਾ ਅਰਥ ਹੈ ਅਗਿਆਨਤਾ ਨੂੰ ਦੂਰ ਕਰਨ ਵਾਲਾ ਭਾਵ ਗਿਆਨ ਦਾ ਚਾਨਣ ਪਰਦਾਨ ਕਰਨ ਵਾਲਾ ਅਤੇ ਇਸ ਤਰ੍ਹਾਂ ‘ਗੁਰੂ’ ਸ਼ਬਦ ਦੀ ਵਿਆਖਿਆ ‘ਅਗਿਆਨ ਦਾ ਹਨੇਰਾ ਦੂਰ ਕਰਦੇ ਹੋਏ ਗਿਆਨ ਦਾ ਚਾਨਣ ਦੇਣ ਵਾਲਾ ਵਿਅਕਤੀ’ ਦੇ ਤੌਰ ਤੇ ਕਰ ਦਿੱਤੀ ਜਾਂਦੀ ਹੈ। ਹੁਣ, ਕਿਸੇ ਸ਼ਬਦ ਦੀ ਨਿਰੁਕਤੀ (etymology) ਨੂੰ ਦਰਸਾਉਣ ਵੇਲੇ ਭਾਸ਼ਾਈ ਤਬਦੀਲੀਆਂ ਅਤੇ ਸੰਦਰਭੀ ਬਦਲਾਵਾਂ ਕਰਕੇ ਵਾਪਰਨ ਵਾਲੀ ਅਰਥ-ਵਿਗਿਆਨਿਕ (semantic) ਅਤੇ ਸ਼ਾਬਦਿਕ (lexical) ਪਰਿਵਰਤਨ (modulation) ਦੀ ਪ੍ਰੀਕਿਰਿਆ ਨੂੰ ਹੀ ਧਿਆਨ ਵਿੱਚ ਰੱਖਣਾ ਹੁੰਦਾ ਹੈ ਅਤੇ ਇਸ ਵਿਗਿਆਨਕ ਆਧਾਰ ਵਾਲੇ ਵਿਸ਼ਲੇਸ਼ਣ ਵਿੱਚ ਪ੍ਰਤੀਕਤਾਮਿਕਤਾ ਦੀ ਕੋਈ ਭੂਮਿਕਾ ਨਹੀਂ ਹੁੰਦੀ। ਨਾ ਹੀ ਕਿਸੇ ਸ਼ਬਦ ਦੇ ਸੰਪੂਰਨ ਰੂਪ ਵਜੋਂ ਹੋਂਦ ਵਿੱਚ ਆ ਜਾਣ ਮਗਰੋਂ ਇਸ ਨੂੰ ਕੋਈ ਮਨਮਰਜ਼ੀ ਦੇ ਪ੍ਰਤੀਕਾਤਮਿਕ ਅਰਥ ਦਿੱਤੇ ਜਾ ਸਕਦੇ ਹਨ। ਇਸ ਤਰ੍ਹਾਂ ਭਾਸ਼ਾ-ਵਿਗਿਆਨਕ ਪੱਖੋਂ ਸ਼ਬਦ ‘ਗੁਰੂ’ ਦੀ ਉਪਰੋਕਤ ਵਿਆਖਿਆ ਤਰਕਸੰਗਤ ਨਹੀਂ ਕਹੀ ਜਾ ਸਕਦੀ।

ਭਾਈ ਕਾਹਨ ਸਿੰਘ ਨਾਭਾ ‘ਮਹਾਨਕੋਸ਼’ ਵਿੱਚ ‘ਗੁਰੂ’ ਨੂੰ ‘ਗੁਰ’ ਸ਼ਬਦ ਦੀ ਐਂਟਰੀ ਵਿੱਚ ਸ਼ਾਮਲ ਕਰ ਕੇ ਪੇਸ਼ ਕਰਦਾ ਹੈ ਭਾਵ ਉਹ ‘ਗੁਰੂ’ ਦੀ ਆਜ਼ਾਦਾਨਾ ਐਂਟਰੀ ਨਹੀਂ ਕਰਦਾ ਅਤੇ ਨਾਲ ਹੀ ਉਹ ਇਸ ਨੂੰ ਸਿੱਧਾ ਹੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਵਜੋਂ ਲੈਂਦਾ ਹੈ ਭਾਵ ਉਹ ‘ਗੁਰੂ’ ਸ਼ਬਦ ਨੂੰ ‘ਗੁਰ’ ਧਾਤੂ ਨਾਲ ਨਹੀਂ ਜੋੜਦਾ। ਇਸ ਗੰਭੀਰ ਅਸੰਗਤੀ ਤੋਂ ਇਲਾਵਾ ‘ਗੁਰੂ’ ਦੇ ਉੱਪਰ ਦਿੱਤੇ ਅਰਥਾਂ ਤੋਂ ਥੋੜੇ ਜਿਹੇ ਫਰਕ ਨਾਲ ਅਰਥ ਕੱਢਦੇ ਹੋਏ ਭਾਈ ਨਾਭਾ ਇਸ ਸ਼ਬਦ ਦੀ ਵਿਆਖਿਆ ਹੇਠਾਂ ਦਿੱਤੇ ਅਨੁਸਾਰ ਦਿੰਦਾ ਹੈ:

"ਇਹ ਸ਼ਬਦ ‘ਗ੍ਰਿ’ ਧਾਤੂ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤਗਿਆਨ ਸਮਝਾਉਂਦਾ ਹੈ, ਉਹ ਗੁਰੂ ਹੈ।"

ਭਾਈ ਨਾਭਾ ਅੱਗੇ ਲਿਖਦਾ ਹੈ ਕਿ "ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ।"

ਭਾਸ਼ਾ-ਵਿਗਿਆਨਕ ਪੱਖੋਂ ਵੇਖਿਆ ਜਾਵੇ ਤਾਂ ਕਿਸੇ ਵੀ ਸ਼ਬਦ ਦੇ ਇੱਕੋ ਸਮੇਂ ਭਾਵ ਇੱਕ ਹੀ ਸੰਦਰਭ ਵਿੱਚ ਦੋ ਭਿੰਨ ਕਿਸਮਾਂ ਦੇ ਅਰਥ ‘ਨਿਗਲਣਾ’ ਅਤੇ ‘ਸਮਝਾਉਣਾ’ ਨਹੀਂ ਨਿਕਲ ਸਕਦੇ ਅਤੇ ਇਹ ਇੱਕ ਹੀ ਸ਼ਬਦ-ਜੋੜ ਦੇ ਦੋ ਵੱਖਰੇ ਸੰਦਰਭਾਂ ਲਈ ਵੱਖਰੀ ਤਰ੍ਹਾਂ ਦੇ ਅਰਥ ਸਮਝੇ ਜਾਣਗੇ। ਇੱਕ ਹੋਰ ਉਦਾਹਰਨ ਦੇ ਤੌਰ ਤੇ ‘ਮਾੜਾ’ ਸ਼ਬਦ ਦੇ ਦੋ ਅਰਥ ਹਨ: ਸਰੀਰਕ ਤੌਰ ਤੇ ਕਮਜ਼ੋਰ ਵਿਅਕਤੀ ਅਤੇ ਮੰਦੇ ਵਿਵਹਾਰ ਵਾਲਾ ਵਿਅਕਤੀ। ਪਰੰਤੂ ਇਹਨਾਂ ਦੋ ਅਰਥਾਂ ਨੂੰ ਅਸੀਂ ਇੱਕ ਹੀ ਸੰਦਰਭ ਵਿੱਚ ਇਕੱਠਿਆਂ ਨਹੀਂ ਨਿਭਾ ਸਕਦੇ ਜਿਵੇਂ ਸ਼ਬਦ ‘ਮਾੜਚੂ’ ਦੇ ਅਰਥ ਅਸੀਂ ‘ਸਰੀਰਕ ਕਮਜ਼ੋਰੀ ਕਰਕੇ ਮਾੜਾ ਵਿਵਹਾਰ ਕਰਨ ਵਾਲਾ ਵਿਅਕਤੀ’ ਜਾਂ ‘ਮਾੜੇ ਵਿਵਹਾਰ ਤੋਂ ਉਪਜੀ ਸਰੀਰਕ ਕਮਜ਼ੋਰੀ ਵਾਲਾ ਵਿਅਕਤੀ’ ਦੇ ਤੌਰ ਤੇ ਨਹੀਂ ਕਰ ਸਕਦੇ ਕਿਉਂਕਿ ‘ਮਾੜਾ’ ਸ਼ਬਦ-ਜੋੜ ਦੇ ਦੋਵ੍ਹਾਂ ਅਰਥਾਂ ਦੇ ਸੰਦਰਭ ਬਿਲਕੁਲ ਭਿੰਨ ਹਨ। ਨਾ ਹੀ ਪ੍ਰਤੀਕਾਤਮਿਕ ਅਰਥ ਦਿੰਦੇ ਹੋਏ ਅਸੀਂ ‘ਮਾੜਚੂ’ ਨੂੰ ਮਨਮਰਜ਼ੀ ਨਾਲ ‘ਅਭਾਗਾ’, ‘ਅਗਿਆਨੀ’ ਜਾਂ ਕੁੱਝ ਹੋਰ ਦੇ ਤੌਰ ਤੇ ਪੇਸ਼ ਕਰ ਸਕਦੇ ਹਾਂ। ਸੋ ਭਾਈ ਕਾਹਨ ਸਿੰਘ ਨਾਭਾ ਵੱਲੋਂ ਦਿੱਤੀ ਗਈ ‘ਗੁਰੂ’ ਸ਼ਬਦ ਦੀ ਉਪਰੋਕਤ ਵਿਆਖਿਆ ਤਰਕਸੰਗਤ ਨਹੀਂ ਅਤੇ ਇਹ ਵੀ ਸਹੀ ਨਹੀਂ ਕਿ "ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ।" ਇਹ ਅੱਗੇ ਜਾ ਕੇ ਸਪਸ਼ਟ ਹੋ ਜਾਵੇਗਾ।

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਨਿਰੁਕਤੀ ਪੱਖੋਂ ‘ਗੁਰੂ’ ਸ਼ਬਦ ‘ਗੁਰ’ ਧਾਤੂ ਤੋਂ ਬਣਦਾ ਹੈ। ਇਸ ਲਈ ਤਰਕਸੰਗਤ ਇਹ ਹੋਵੇਗਾ ਕਿ ਪਹਿਲਾਂ ‘ਗੁਰ’ ਦੀ ਬਣਤਰ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਵੇ। ‘ਗੁਰ’ ਦਾ ਇੱਕ ਅਰਥ ‘ਨਿਯਮ’, ‘ਢੰਗ’ ਜਾਂ ‘ਤਕਨੀਕ’ ਤੋਂ ਬਣਦਾ ਹੈ ਜਿਸ ਦਾ ਧਾਤੂ ਦੇ ਤੌਰ ਤੇ ਪਰਯੋਗ ਕਰਦੇ ਹੋਏ ‘ਗੁਰੂ’ ਸ਼ਬਦ ਬਣ ਸਕਦਾ ਹੈ ਜਿਸ ਦਾ ਅਰਥ ਹੋਵੇਗਾ ਨਿਯਮ, ਢੰਗ ਜਾਂ ਤਕਨੀਕ ਸਿਖਾਉਣ ਵਾਲਾ ਉਸਤਾਦ/ਮਾਹਰ ਵਿਅਕਤੀ। ਗੁਰਬਾਣੀ ਵਿੱਚ ‘ਗੁਰੂ’ ਸ਼ਬਦ ਦੀ ਵਰਤੋਂ ਅਧਿਆਪਕ/ਉਸਤਾਦ/ਮਾਹਰ ਵਜੋਂ ਹੁੰਦੀ ਵੇਖੀ ਜਾ ਸਕਦੀ ਹੈ ਜਿਸ ਦੀਆਂ ਕੁੱਝ ਉਦਾਹਰਨਾਂ ਹੇਠਾਂ ਦਿੱਤੇ ਅਨੁਸਾਰ ਹਨ:

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਗੁਰਬਾਣੀ ਗ੍ਰੰਥ, ਪੰਨਾਂ 8)

ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ॥ (ਗੁਰਬਾਣੀ ਗ੍ਰੰਥ, ਪੰਨਾਂ 58)

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ (ਗੁਰਬਾਣੀ ਗ੍ਰੰਥ, ਪੰਨਾਂ 942)

ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਗੁਰਬਾਣੀ ਗ੍ਰੰਥ, ਪੰਨਾਂ 943)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ (ਗੁਰਬਾਣੀ ਗ੍ਰੰਥ, ਪੰਨਾਂ 982)

ਪਰੰਤੂ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਗੁਰਬਾਣੀ ਵਿੱਚ ਉਪਰੋਕਤ ਅਨੁਸਾਰ ‘ਗੁਰੂ’ ਸ਼ਬਦ ਦੀ ਅਧਿਆਪਕ/ਉਸਤਾਦ/ਮਾਹਰ ਵਜੋਂ ਵਰਤੋਂ ਬਹੁਤ ਘਟ ਥਾਵਾਂ ਤੇ ਹੋਈ ਹੈ। ਬਹੁਤੀਆਂ ਥਾਵਾਂ ਤੇ ‘ਗੁਰੂ’ ਤੋਂ ਭਾਵ ਉਹ ਹੈ ਜੋ ਧਾਤੂ ‘ਗੁਰ’ ਦੇ ਨਿਵੇਕਲੇ ਅਰਥਾਂ ਤੇ ਆਧਾਰਿਤ ਹੈ ਜਿਹਨਾਂ ਦਾ ਵਿਸਥਾਰ ਹੇਠਾਂ ਦਿੱਤਾ ਜਾ ਰਿਹਾ ਹੈ।

‘ਗੁਰ’ ਦਾ ਇੱਕ ਬੜਾ ਹੀ ਮਹੱਤਵਪੂਰਨ ਅਰਥ ਹੈ ‘ਵੱਡਾ’ ਜਾਂ ‘ਭਾਰੀ’ ਜਿਸ ਦਾ ਵਿਪਰੀਤ-ਅਰਥੀ (antonym) ਸ਼ਬਦ ਹੈ ‘ਲਘੂ’ ਅਤੇ ‘ਲਘੂ’ ਦਾ ਭਾਵ ਹੁੰਦਾ ਹੈ ‘ਹਲਕਾ’ ਜਾਂ ‘ਛੋਟਾ’। ‘ਗੁਰਤਾ’ ਸ਼ਬਦ ਇਹਨਾਂ ਅਰਥਾਂ ਵਾਲੇ ਧਾਤੂ ‘ਗੁਰ’ ਤੋਂ ਹੀ ਬਣਦਾ ਹੈ ਅਤੇ ‘ਗੁਰਤਾ’ ਦੇ ਅਰਥ ਹਨ ‘ਧਰਤੀ ਦੀ ਚੁੰਬਕੀ ਖਿੱਚ ਰਾਹੀਂ ਉਪਜਦੇ ਭਾਰ ਦਾ ਗੁਣ’। ਅਸਲ ਵਿੱਚ ਗੁਰਬਾਣੀ ਦੇ ਸੰਦਰਭ ਵਿੱਚ ਵਧੇਰੇ ਕਰਕੇ ‘ਗੁਰ’ ਦੀ ਵਰਤੋਂ ਇਹਨਾਂ ਅਰਥਾਂ ਵਿੱਚ ਹੀ ਹੋਈ ਹੈ ਜਿਸ ਤੋਂ ਬਣੇ ‘ਗੁਰੂ’ ਸ਼ਬਦ ਦਾ ਅਰਥ ‘ਲਘੂ’ ਦਾ ਵਿਪਰੀਤ-ਅਰਥੀ (antonym) ਸ਼ਬਦ ਹੋਵੇਗਾ ਭਾਵ ‘ਬਹੁਤੇ ਭਾਰ ਵਾਲਾ’ ਜਾਂ ‘ਵੱਡੇਰਾ’। ਭਾਸ਼ਾ-ਵਿਗਿਆਨਕ ਖੋਜ ਦੱਸਦੀ ਹੈ ਕਿ ‘ਗੁਰੂ’ ਦਾ ਮੁੱਢ ਭਾਵ ‘ਗੁਰ’ ਸਮੁੱਚੇ ਆਦਿ-ਇੰਡੋ-ਯੂਰਪੀ (Proto-Indo-European) ਭਾਸ਼ਾ ਸਮੂਹ ਵਿੱਚ ਰਲਦੇ-ਮਿਲਦੇ ਅਰਥਾਂ ਵਿੱਚ ਨਜ਼ਰੀਂ ਪੈਂਦਾ ਹੈ ਅਤੇ ਇੱਥੇ ਇਸਦਾ ਭਾਵ ਹੈ ‘ਭਾਰੀਪਣ ਦੇ ਗੁਣ ਵਾਲਾ’। ‘ਗੁਰ’ ਅਤੇ ‘ਗੁਰੂ’ ਦੋਵੇਂ ਵਿਸ਼ੇਸ਼ਣ-ਰੂਪ ਹਨ ਜਦੋਂ ਕਿ ‘ਗੁਰਤਾ’ ਨਾਂਵ-ਰੂਪ ਹੈ। ‘ਗੁਰੂ’ ਦੀ ਵਰਤੋਂ ਮਨੁੱਖੀ ਸੰਦਰਭ ਵਿੱਚ ਹੁੰਦੀ ਹੈ ਅਤੇ ਇੱਥੇ ‘ਭਾਰੀ’ ਹੋਣ ਦੇ ਗੁਣ ਨੂੰ ਕਿਸੇ ਵਿਅਕਤੀ ਕੋਲ ‘ਗਿਆਨ ਦੀ ਅਮੀਰੀ’ ਜਾਂ ਉਸਦੀ ‘ਉੱਚ ਅਧਿਆਤਮਿਕ ਚੇਤਨਤਾ’ ਹੋਣ ਦਾ ਸੂਚਕ ਸਮਝੇ ਜਾਣ ਦੀ ਪਰੰਪਰਾ ਚਲਦੀ ਆ ਰਹੀ ਹੈ।

ਧਾਤੂ ‘ਗੁਰ’ ਦੇ ਉੱਪਰ ਦਰਸਾਏ ਗੁਣ ਗੁਰਮੱਤ ਭਾਵ ਗੁਰਬਾਣੀ ਦੇ ਫਲਸਫੇ ਵਿੱਚ ਵਿਸ਼ੇਸ਼ ਅਰਥ ਪਰਾਪਤ ਕਰ ਜਾਂਦੇ ਹਨ। ਗੁਰਬਾਣੀ ਵਿੱਚ ਮਨੁੱਖ ਅਤੇ ਪ੍ਰਭੂ-ਪ੍ਰਮੇਸ਼ਵਰ ਦੇ ਆਪਸੀ ਸਬੰਧਾਂ ਦਾ ਨਿਵੇਕਲਾ ਰੂਪ ਪਰਗਟ ਕੀਤਾ ਗਿਆ ਮਿਲਦਾ ਹੈ। ਹਿੰਦੂ ਸਨਾਤਨੀ ਮੱਤ ਦੀ ਅਦਵੈਤ ਧਾਰਨਾ ਅਨੁਸਾਰ ਮਨੁੱਖ ਦੇ ਅੰਦਰ ‘ਆਤਮਾ’ ਭਾਵ ‘ਰੂਹ’ (soul) ਦੀ ਹੋਂਦ ਹੁੰਦੀ ਹੈ ਅਤੇ ਬ੍ਰਹਮ (ਪ੍ਰਭੂ-ਪ੍ਰਮੇਸ਼ਵਰ) ਇੱਕ ਸਰਵਸ੍ਰੇਸ਼ਟ ਆਤਮਾ ਭਾਵ ਪਰਮ ਆਤਮਾ ਦੇ ਰੂਪ ਵਿੱਚ ਵਿਚਰਦਾ ਹੈ। ਇੱਸੇ ਕਰਕੇ ਪ੍ਰਭੂ-ਪਰਮੇਸ਼ਵਰ ਨੂੰ ਬਹੁਤਾ ਕਰਕੇ ਪਰਮਾਤਮਾ (ਪਰਮ+ਆਤਮਾ) ਕਰਕੇ ਵੀ ਜਾਣਿਆਂ ਜਾਂਦਾ ਹੈ (ਇਹ ਖਿਆਲ ਕੀਤੇ ਬਗੈਰ ਕਿ ‘ਆਤਮਾ’ ਨੂੰ ਤਾਂ ਇਸਤਰੀ-ਲਿੰਗ ਰੂਪ ਵਿੱਚ ਲਿਆ ਜਾਂਦਾ ਹੈ ਫਿਰ ‘ਪਰਮ ਆਤਮਾ’ ਨੇ ਪੁਲਿੰਗ ਰੂਪ ਕਿਵੇਂ ਧਾਰ ਲਿਆ)। ਹਿੰਦੂ ਸਨਾਤਨੀ ਮੱਤ ਦੀ ਇਸ ਧਾਰਨਾ ਅਨੁਸਾਰ ਮਨੁੱਖ ਦੇ ਜੀਵਨ ਦਾ ਟੀਚਾ ਇੰਜ ਮਿੱਥਿਆ ਜਾਂਦਾ ਹੈ ਕਿ ਉਸ ਨੇ ਆਪਣੇ ਜੀਵਨ ਵਿੱਚ ਪ੍ਰਭੂ-ਭਗਤੀ, ਪੂਜਾ-ਤਪੱਸਿਆ, ਕਰਮ-ਕਾਂਡ, ਪੁਜਾਰੀ ਦੀ ਦੱਛਣਾ, ਦਾਨ-ਪੁੰਨ ਆਦਿਕ ਇਸ ਢੰਗ ਨਾਲ ਨਿਭਾਉਣੇ ਹਨ ਕਿ ਮਰਨ ਉਪਰੰਤ ਉਸ ਨੂੰ ਮੁਕਤੀ ਮਿਲੇ ਭਾਵ ਚੁਰਾਸੀ ਲੱਖ ਜੂਨਾਂ ਦੇ ਗੇੜ ਵਿੱਚ ਪੈਣ ਦੀ ਬਜਾਏ ਉਸਦੀ ਆਤਮਾ ਪਰਮਾਤਮਾ ਨਾਲ ਇਕ-ਮਿਕ ਹੋ ਜਾਵੇ ਅਤੇ ਉਸ ਨੂੰ ਸਵਰਗ ਦੀ ਪਰਾਪਤੀ ਹੋਵੇ। ਉੱਧਰ ਗੁਰਮੱਤ ਵਿੱਚ ‘ਆਤਮਾ’ ਦਾ ਰੂਹ (soul) ਦੇ ਤੌਰ ਤੇ ਸੰਕਲਪ ਮੌਜੂਦ ਹੀ ਨਹੀਂ। ਗੁਰਬਾਣੀ ਵਿੱਚ ਸ਼ਬਦ-ਰੂਪ ‘ਆਤਮਾ’ ਅਤੇ ‘ਆਤਮ’ ਦੋਵੇਂ ਹੀ ਖੁਲ੍ਹੇ ਤੌਰ ਤੇ ਵਰਤੇ ਹੋਏ ਮਿਲਦੇ ਹਨ। ਸਮੁੱਚੀ ਗੁਰਬਾਣੀ ਵਿੱਚ ਸ਼ਬਦ-ਰੂਪ ‘ਆਤਮ’ ਅਜ਼ਾਦ ਰੂਪ ਵਿੱਚ ਅਤੇ ਦੂਸਰੇ ਸ਼ਬਦਾਂ ਦੇ ਹਿੱਸੇ (ਧਾਤੂ) ਦੇ ਤੌਰ ਤੇ ਤਕਰੀਬਨ ਡੇਢ ਸੌ ਵਾਰ ਵਰਤਿਆ ਗਿਆ ਹੈ ਪਰੰਤੂ ਹਰ ਥਾਂ ਤੇ ਇਸ ਦਾ ਅਰਥ ‘ਸਵੈ’ (self) ਤੋਂ ਹੈ (ਜਿਸ ਨੂੰ ‘ਨਿੱਜ’, ‘ਆਪਾ’ ਜਾਂ ‘ਆਪਣਾ-ਆਪ’ ਵੀ ਕਿਹਾ ਜਾ ਸਕਦਾ ਹੈ)। ਕਿਸੇ ਜਗਹ ਤੇ ਇਹ ‘ਸਵੈ’ ਮਨੁੱਖ ਦਾ ‘ਆਪਾ’ ਹੈ ਅਤੇ ਕਿਸੇ ਜਗਹ ਤੇ ਇਹ ‘ਸਵੈ’ ਪ੍ਰਭੂ ਦਾ ‘ਆਪਾ’ ਵੀ ਹੈ ਜੋ ‘ਵਡੇਰਾ ਸਵੈ’ (the greater self ) ਹੈ। ਇੱਸੇ ਤਰ੍ਹਾਂ ਗੁਰਬਾਣੀ ਵਿੱਚ ‘ਆਤਮਾ’ ਅਜ਼ਾਦ ਰੂਪ ਵਿੱਚ ਪੰਦਰਾਂ ਕੁ ਵਾਰ ਵਰਤਿਆ ਗਿਆ ਹੈ ਪਰੰਤੂ ਇਹ ਸ਼ਬਦ ਵੀ, ਪੁਲਿੰਗ ਰੂਪ ਵਿਚ, ਕਦੀ ਮਨੁੱਖ ਲਈ ਅਤੇ ਕਦੇ ਪ੍ਰਭੂ ਲਈ, ‘ਆਪਣਾ-ਆਪ’ ਜਾਂ ‘ਸਵੈ’ (self) ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ, ‘ਰੂਹ’ (soul) ਦੇ ਅਰਥਾਂ ਵਿੱਚ ਨਹੀਂ। ਦੂਸਰੇ ਪਾਸੇ ਗੁਰਬਾਣੀ ਵਿੱਚ ਜੋ ਪ੍ਰਭੂ-ਪਰਮੇਸ਼ਵਰ ਦੀ ਹੋਂਦ ਮੰਨੀ ਗਈ ਹੈ ਉਹ ਸਰਵਸ੍ਰੇਸ਼ਟ ਰੂਹ ਭਾਵ ‘ਪਰਮ ਆਤਮਾ’ (supreme soul) ਦੇ ਤੌਰ ਤੇ ਨਹੀਂ। ਇੱਸੇ ਕਰਕੇ ਹੀ ਗੁਰਬਾਣੀ ਵਿੱਚ ‘ਪਰਮਾਤਮਾ’ ਸ਼ਬਦ ਦੀ ਵਰਤੋਂ ਹੀ ਨਹੀਂ ਹੋਈ। ਗੁਰਬਾਣੀ ਵਿੱਚ ਦੋ ਥਾਵਾਂ ਤੇ ‘ਆਤਮ’ ਸ਼ਬਦ-ਰੂਪ ‘ਪਰਾਤਮ’ (ਪਰ+ਆਤਮ) ਦੇ ਹਿੱਸੇ ਦੇ ਤੌਰ ਤੇ ਆਇਆ ਹੈ ਅਤੇ ਇਹਨਾਂ ਦੋਵਾਂ ਥਾਵਾਂ ਤੇ ‘ਪਰਾਤਮ’ ਦਾ ਅਰਥ ਪ੍ਰਭੂ-ਪਰਮੇਸ਼ਵਰ ਦੇ ‘ਵਡੇਰਾ ਸਵੈ’ ਹੋਣ ਤੋਂ ਹੈ। ਉੱਧਰ ਗੁਰਬਾਣੀ ਵਿੱਚ ਇੱਕ ਥਾਂ ਤੇ ‘ਆਤਮ’ ਸ਼ਬਦ-ਰੂਪ ‘ਪਰਮਾਤਮੁ’ (ਪਰਮ+ਆਤਮ) ਦੇ ਹਿੱਸੇ ਦੇ ਤੌਰ ਤੇ ਆਇਆ ਹੈ ਅਤੇ ਇੱਥੇ ‘ਪਰਮਾਤਮੁ’ ਦਾ ਅਰਥ ‘ਪਰਮ ਸਵੈ’ ਭਾਵ ‘ਵਡੇਰਾ ਸਵੈ’ ਹੋਣ ਤੋਂ ਹੈ ਜਿਵੇਂ ਕਿ ਹੇਠਾਂ ਵਿਖਾਇਆ ਗਿਆ ਹੈ:

ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥

ਏਕੋ ਅੰਮ੍ਰਿਤੁ ਬਿਰਖ ਹੈ ਫਲੁ ਅੰਮ੍ਰਿਤੁ ਹੋਈ॥ (ਗੁਰਬਾਣੀ ਗ੍ਰੰਥ, ਪੰਨਾਂ 421)

ਗੁਰਬਾਣੀ ਵਿੱਚ ਪ੍ਰਭੂ-ਪਰਮੇਸ਼ਵਰ ਲਈ ਸ਼ਬਦ-ਰੂਪ ‘ਆਤਮਾ’ ਦੀ ਵਰਤੋਂ ਕੀਤੀ ਹੋਈ ਵੀ ਮਿਲਦੀ ਹੈ ਪਰੰਤੂ ਇਹ ਵਰਤੋਂ ‘ਆਤਮਾ ਦੇਓ’, ‘ਆਤਮਾ ਰਾਮੁ’ ਜਾਂ ‘ਪਰਾਤਮਾ’ ਦੇ ਰੂਪ ਵਿੱਚ ਕੀਤੀ ਗਈ ਹੋਈ ਹੈ ਅਤੇ ਇਸ ਵਰਤੋਂ ਵਿੱਚ ਵੀ ‘ਆਤਮਾ’ ਦਾ ਅਰਥ ‘ਵਡੇਰਾ ਸਵੈ’ (the greater self) ਤੋਂ ਹੈ, ‘ਸਰਵਸ੍ਰੇਸ਼ਟ ਰੂਹ’ (supreme soul) ਤੋਂ ਨਹੀਂ। ‘ਪਰਾਤਮਾ’ ਵਾਂਗ ਸਾਰੀਆਂ ਥਾਵਾਂ ਤੇ ਪ੍ਰਭੂ-ਪਰਮੇਸ਼ਵਰ ਲਈ ਇਹ ਵਰਤੋਂ ‘ਪਰ’ ਭਾਵ ‘ਵਡੇਰਾ/ਉਚੇਰਾ’ (greater / senior) ਦੇ ਅਰਥਾਂ ਵਿੱਚ ਕੀਤੀ ਗਈ ਹੋਈ ਹੈ ਜਿਵੇਂ ਕਿ ‘ਪੜਦਾਦਾ’, ‘ਪੜਨਾਨੀ’ ਆਦਿਕ ਸ਼ਬਦ-ਰੂਪਾਂ ਵਿੱਚ ‘ਪੜ’ ਦੀ ਵਰਤੋਂ ਕੀਤੀ ਜਾਂਦੀ ਹੈ ਜੋ ‘ਪਰ’ (ਵਡੇਰਾ) ਦਾ ਹੀ ਬਦਲਿਆ ਹੋਇਆ ਰੂਪ ਹੈ।

ਗੁਰਬਾਣੀ ਮਨੁੱਖੀ ਹੋਂਦ ਨੂੰ ਪੰਜ ਤੱਤਾਂ (ਪੰਜ ਭੂਤਾਂ) ਦਾ ਸੁਮੇਲ ਗਿਣਦੀ ਹੈ ਅਤੇ ਇਹ ਤੱਤ ਹਨ: ਧਰਤੀ, ਪਾਣੀ, ਹਵਾ, ਅਗਨੀ ਅਤੇ ਅਕਾਸ਼। ਪੰਜ ਤੱਤ ਵਾਲੀ ਇਹ ਧਾਰਨਾ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਪੰਚ ਤਤ ਕਾ ਰਚਨ ਰਚਾਨਾ॥ (ਗੁਰਬਾਣੀ ਗ੍ਰੰਥ, ਪੰਨਾਂ 1073)

ਗੁਰਮੱਤ ਅਨੁਸਾਰ ਆਤਮ ਜਾਂ ਆਤਮਾ ਮਨੁੱਖ ਦਾ ‘ਸਵੈ’ ਜਾਂ ‘ਆਪਣਾ-ਆਪ’ (self) ਹੈ ਜਿਸ ਵਿੱਚ ਸਰੀਰ ਦੇ ਨਾਲ-ਨਾਲ ਉਸ ਦਾ ਮਨੋਵਿਗਿਆਨਕ ਪੱਖ ਵੀ ਸ਼ਾਮਲ ਹੈ। ਸਾਰਾ ਬ੍ਰਹਿਮੰਡ ਵੀ ਪੰਜ ਤੱਤਾਂ ਦਾ ਹੀ ਪਸਾਰਾ ਹੈ ਅਤੇ ਇਹ ਪਸਾਰਾ ਹੀ ਪ੍ਰਭੂ-ਪਰਮੇਸ਼ਵਰ ਦਾ ਸਰਗੁਣ ਰੂਪ ਹੈ ਜੋ ਇੱਕ ਸਜੀਵ ਹੋਂਦ ਹੈ ਅਤੇ ਜਿਸ ਨੂੰ ਪ੍ਰਭੂ-ਪਰਮੇਸ਼ਵਰ ਦਾ ਨਿਰਗੁਣ ਰੂਪ ਚਲਾ ਰਿਹਾ ਹੈ। ਇਸ ਤਰ੍ਹਾਂ ਗੁਰਮੱਤ ਅਨੁਸਾਰ ਪ੍ਰਭੂ-ਪਰਮੇਸ਼ਵਰ ‘ਗੁਰ’ ਜਾਂ ‘ਗੁਰੂ’ ਭਾਵ ‘ਵਡੇਰਾ’ ਰੂਪ ਹੈ, ਮਨੁੱਖ ਦੀ ਹੋਂਦ ਇਸ ਦਾ ਲਘੂ ਰੂਪ ਹੈ ਅਤੇ ਮਨੁੱਖ ਦੇ ਜੀਵਨ ਦਾ ਮਕਸਦ ਇਸ ਸਥਿਤੀ ਨੂੰ ਪਛਾਣਦੇ ਹੋਏ ਇਸ ਅਨੁਭੂਤੀ ਦਾ ਅਨੰਦ ਮਾਣਦੇ ਹੋਏ ਆਦਰਸ਼ਕ ਕਿਸਮ ਦਾ ਜੀਵਨ ਬਤੀਤ ਕਰਨਾ ਹੈ। ਇਹਯੋ ਹੀ ‘ਮੁਕਤੀ’ ਹੈ ਜਿਸ ਦੀ ਪਰਾਪਤੀ ਇੱਸੇ ਜੀਵਨ ਵਿੱਚ ਹੋਣੀ ਹੈ, ਮੌਤ ਹੋ ਜਾਣ ਉਪਰੰਤ ਨਹੀਂ।

ਉੱਪਰ ਆਏ ਵਿਸਥਾਰ ਦੇ ਆਧਾਰ ਤੇ ਅਸੀਂ ਨਿਰਸੰਦੇਹ ਇਹ ਦਾਵਾ ਕਰ ਸਕਦੇ ਹਾਂ ਕਿ ਗੁਰਬਾਣੀ ਵਿੱਚ ਸ਼ਾਮਲ ‘ਗੁਰ’ ਸ਼ਬਦ ਅਤੇ ਇਸ ਤੋਂ ਬਣੇ ਸ਼ਬਦ ਜਿਵੇਂ ਕਿ ਗੁਰੂ, ਸਤਿਗੁਰ, ਸਤਿਗੁਰੂ, ਵਾਹਿਗੁਰੂ ਆਦਿਕ ਪ੍ਰਭੂ-ਪਰਮੇਸ਼ਵਰ ਵਾਸਤੇ ਵਰਤੇ ਗਏ ਹਨ ( ‘ਗੁਰੁ’ ਕੇਵਲ ‘ਗੁਰ’ ਦਾ ਹੀ ਇੱਕ ਬਦਲਵਾਂ ਵਿਆਕਰਣਕ ਰੂਪ ਹੈ)। ਇਸ ਸਬੰਧ ਵਿੱਚ ਇੱਕ ਬਹੁਤ ਹੀ ਢੁੱਕਵੀਂ ਉਦਾਹਰਨ ਗੁਰਬਾਣੀ ਦੀ ਸਭ ਤੋਂ ਪਹਿਲੀ ਸਤਰ ਵਿੱਚ ‘ਗੁਰ ਪ੍ਰਸਾਦਿ’ ਵਜੋਂ ਮਿਲਦੀ ਹੈ॥ ਆਮ ਕਰਕੇ ਇੱਥੇ ‘ਗੁਰ’ ਦੇ ਅਰਥ ਧਾਰਮਿਕ ਗੁਰੂ ਜਾਂ ‘ਕਰਨੀ ਵਾਲੇ ਸਾਧ-ਸੰਤ’ ਤੋਂ ਹੀ ਕੱਢੇ ਜਾਂਦੇ ਜਿਸ ਦੀ ਮਿਹਰ (ਪ੍ਰਸਾਦਿ) ਰਾਹੀਂ ਪ੍ਰਭੂ-ਪਰਮੇਸ਼ਵਰ ਦੀ ਪਰਾਪਤੀ ਹੋਣੀ ਹੈ। ਪਰੰਤੂ ਇੱਥੇ ‘ਗੁਰ’ ਦਾ ਅਰਥ ‘ਵਡੇਰਾ ਸਵੈ’ ਤੋਂ ਹੀ ਹੈ ਜਿਸ ਤੋਂ ‘ਗੁਰ ਪ੍ਰਸਾਦਿ’ ਦੇ ਅਰਥ ਬਣਨਗੇ ਕਿ ਪ੍ਰਭੂ-ਪਰਮੇਸ਼ਵਰ ਆਪਣੇ ਬਾਕੀ ਗੁਣਾਂ (ਜੋ ਗੁਰਬਾਣੀ ਦੀ ਪਹਿਲੀ ਸਤਰ ਵਿੱਚ ਦਰਸਾਏ ਗਏ ਹਨ) ਦਾ ਧਾਰਨੀ ਹੋਣ ਦੇ ਨਾਲ-ਨਾਲ ਮਨੁੱਖ ਦਾ ‘ਵਡੇਰਾ ਸਵੈ’ ਹੈ ਅਤੇ ਉਹ ਸਦਾ-ਸਦਾ ‘ਮਿਹਰਬਾਨ’ ਵੀ ਹੈ। ਇੱਸੇ ਸੰਦਰਭ ਵਿੱਚ ਅਸੀਂ ਗੁਰਬਾਣੀ ਵਿੱਚੋਂ ਕੁੱਝ ਹੋਰ ਉਦਾਹਰਨਾਂ ਲੈਂਦੇ ਹਾਂ ਜੋ ਹੇਠਾਂ ਦਿੱਤੇ ਅਨੁਸਾਰ ਹਨ:

1. ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥ (ਗੁਰਬਾਣੀ ਗ੍ਰੰਥ, ਪੰਨਾਂ 750)

ਆਮ ਕਰਕੇ ਉੱਪਰ ਦਿੱਤੀ ਸਤਰ ਦੀ ਵਿਆਖਿਆ ਕਰਨ ਵੇਲੇ ਇਸ ਵਿੱਚ ਆਉਂਦੇ ਸ਼ਬਦ ‘ਸਤਿਗੁਰੁ’ ਨੂੰ ਗੁਰੂ ਨਾਨਕ ਲਈ ਵਰਤਿਆ ਹੋਇਆ ਵਿਖਾ ਦਿੱਤਾ ਜਾਂਦਾ ਹੈ ਜਦੋਂ ਕਿ ਇੱਥੇ ‘ਸਤਿਗੁਰੁ’ ਦਾ ਅਰਥ ਪ੍ਰਭੂ-ਪਰਮੇਸ਼ਵਰ ਤੋਂ ਹੈ ਅਤੇ ‘ਨਾਨਕੁ’ ਦਾ ਭਾਵ ਇਸ ਸਤਰ ਦੇ ਲੇਖਕ ਤੋਂ ਹੈ ਜੋ ਗਰੂ ਅਰਜਨ ਜੀ ਹਨ।

2. ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਗੁਰਬਾਣੀ ਗ੍ਰੰਥ, ਪੰਨਾਂ 611)

ਇਸ ਸਤਰ ਵਿੱਚ ‘ਗੁਰ’ ਦਾ ਅਰਥ ‘ਗੁਰੂ’ ਨਹੀਂ ਸਗੋਂ ‘ਵੱਡਾ, ਉੱਚਾ ਅਤੇ ਸਤਿਕਾਰ ਦਾ ਪਾਤਰ’ ਤੋਂ ਹੈ।

3. ਗਿਆਨੀ ਧਿਆਨੀ ਗੁਰ ਗੁਰ ਹਾਈ (ਗੁਰਬਾਣੀ ਗ੍ਰੰਥ, ਪੰਨਾਂ 9)

ਇਸ ਸਤਰ ਵਿੱਚ ਵੀ ‘ਗੁਰ’ ਦਾ ਦੋਵ੍ਹਾਂ ਥਾਵਾਂ ਤੇ ਅਰਥ ਉੱਪਰ 2. ਵਾਲਾ ਹੀ ਹੈ। ‘ਗੁਰ’ ਦੋ ਵਾਰ ਆਉਣ ਨਾਲ ‘ਗੁਰ ਗੁਰ’ ਦਾ ਅਰਥ ‘ਵੱਡਾ-ਵਡੇਰਾ’ ਜਾਂ ‘ਵੱਡੇ ਤੋਂ ਵੀ ਵੱਡਾ’ ਜੋ ਵਿਸ਼ੇਸ਼ ਸਤਿਕਾਰ ਦਾ ਪਾਤਰ ਹੈ ਤੋਂ ਹੈ।

4. ਜੋ ਅਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ॥ (ਗੁਰਬਾਣੀ ਗ੍ਰੰਥ, ਪੰਨਾਂ 63)

ਇਸ ਸਤਰ ਵਿੱਚ ‘ਗੁਰੁ’ ਦਾ ਅਰਥ ‘ਗੁਰੂ’ ਤੋਂ ਨਹੀਂ ਸਗੋਂ ‘ਪ੍ਰਭੂ-ਪਰਮੇਸ਼ਵਰ’ ਤੋਂ ਹੈ। ‘ਕਰਤਾਰੁ’ ਤਾਂ ‘ਪ੍ਰਭੂ-ਪਰਮੇਸ਼ਵਰ’ ਵਾਸਤੇ ਹੈ ਹੀ।

5. ਭੁਲਣ ਅੰਦਰਿ ਸਭ ਕੋ ਅਭੁਲੁ ਗੁਰੂ ਕਰਤਾਰੁ॥ (ਗੁਰਬਾਣੀ ਗ੍ਰੰਥ, ਪੰਨਾਂ 61)

ਇਸ ਸਤਰ ਵਿੱਚ ‘ਗੁਰੂ’ ਦਾ ਅਰਥ ਵੀ ‘ਪ੍ਰਭੂ-ਪਰਮੇਸ਼ਵਰ’ ਤੋਂ ਹੈ। ‘ਕਰਤਾਰੁ’ ਤਾਂ ‘ਪ੍ਰਭੂ-ਪਰਮੇਸ਼ਵਰ’ ਵਾਸਤੇ ਹੈ ਹੀ।

6. ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ॥ (ਗੁਰਬਾਣੀ ਗ੍ਰੰਥ, ਪੰਨਾਂ 10)

ਇਸ ਸਤਰ ਵਿੱਚ ‘ਸਤਿਗੁਰ’ ਦਾ ਅਰਥ ‘ਪ੍ਰਭੂ-ਪਰਮੇਸ਼ਵਰ’ ਤੋਂ ਹੈ ਮਨੁੱਖੀ ਰੂਪ ਦੇ ‘ਗੁਰੂ’ ਤੋਂ ਨਹੀਂ।

7. ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ॥ (ਗੁਰਬਾਣੀ ਗ੍ਰੰਥ, ਪੰਨਾਂ 312)

ਇਸ ਸਤਰ ਵਿੱਚ ‘ਸਤਿਗੁਰੂ’ ਦਾ ਅਰਥ ‘ਪ੍ਰਭੂ-ਪਰਮੇਸ਼ਵਰ’ ਤੋਂ ਹੈ ਮਨੁੱਖੀ ਰੂਪ ਦੇ ‘ਗੁਰੂ’ ਤੋਂ ਨਹੀਂ।

ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਗੁਰਬਾਣੀ ਵਿੱਚ ‘ਗੁਰੂ’ ਸ਼ਬਦ ਅਧਿਆਪਕ/ਉਸਤਾਦ/ਪੱਥ-ਪਰਦਰਸ਼ਕ/ਮਾਹਿਰ ਲਈ ਵੀ ਵਰਤਿਆ ਗਿਆ ਹੈ ਪਰੰਤੂ ਇਹ ਵਰਤੋਂ ਬਹੁਤ ਹੀ ਸੀਮਿਤ ਹੈ। ਗੁਰਬਾਣੀ ਵਿੱਚ ਕਰਨੀ ਵਾਲੇ ਸਾਧ/ਸੰਤ ਲਈ ‘ਗੁਰ’ ਜਾਂ ‘ਗੁਰੂ’ ਦੀ ਵਰਤੋਂ ਬਿਲਕੁਲ ਵੀ ਨਹੀਂ ਹੋਈ। ਇੱਕਾ-ਦੁੱਕਾ ਥਾਵਾਂ ਤੇ ਗੁਰ/ਗੁਰੂ ਦੀ ਵਰਤੋਂ ਸਿਖ ਗੁਰੂ ਸਾਹਿਬਾਨ ਵਾਸਤੇ ਹੋਈ ਹੈ ਪਰੰਤੂ ਉਹ ਕੇਵਲ ਉਹਨਾਂ ਦੇ ਅਤੀ-ਸਤਿਕਾਰਿਤ ਅਧਿਆਪਕ/ਉਸਤਾਦ/ਮਾਹਿਰ ਹੋਣ ਵਜੋਂ ਹੀ ਹੋਈ ਹੈ। ਇਹ ਠੀਕ ਹੈ ਕਿ ਗੁਰਬਾਣੀ ਵਿੱਚ ਸ਼ਾਮਲ ਭੱਟ ਕਵੀਆਂ ਦੀਆਂ ਰਚਨਾਵਾਂ ਵਿੱਚ ਸਿਖ ਗੁਰੂ ਸਾਹਿਬਾਨ ਨੂੰ ‘ਗੁਰ’ ਅਤੇ ‘ਸਤਿਗੁਰੂ’ ਵਰਗੇ ਲਕਬ ਦਿੱਤੇ ਗਏ ਹਨ ਪਰੰਤੂ ਉੱਥੇ ਇਹਨਾਂ ਦੋਵ੍ਹਾਂ ਸ਼ਬਦਾਂ ਦਾ ਅਰਥ ‘ਵੱਡਾ, ਉੱਚਾ ਅਤੇ ਵਿਸ਼ੇਸ਼ ਸਤਿਕਾਰ ਦਾ ਪਾਤਰ’ ਤੋਂ ਹੈ (ਭੱਟਾਂ ਦਾ ਕਿੱਤਾ ਹੀ ਵਡਿਆਈ ਕਰਨ ਦਾ ਹੁੰਦਾ ਸੀ ਅਤੇ ਸਿਖ ਗੁਰੂ ਸਾਹਿਬਾਨ ਆਪਣੇ ਲਾਸਾਨੀ ਗੁਣਾਂ ਕਰਕੇ ਵਡਿਆਈ ਦੇ ਹੱਕਦਾਰ ਵੀ ਸਨ)। ਭਾਈ ਗੁਰਦਾਸ ਨੇ ਵੀ ਨਾਨਕ ਲਈ ‘ਸਤਿਗੁਰ’ ਇਹਨਾਂ ਅਰਥਾਂ ਵਿੱਚ ਹੀ ਵਰਤਿਆ ਹੈ। ਇਸ ਲਈ ਜਿੱਥੇ-ਜਿੱਥੇ ਗੁਰਬਾਣੀ ਵਿੱਚ ਗੁਰ/ਗੁਰੁ/ਸਤਿਗੁਰ/ਸਤਿਗੁਰੂ ਦੀ ਵਰਤੋਂ ਹੁੰਦੀ ਨਜ਼ਰੀਂ ਪੈਂਦੀ ਹੈ ਉੱਥੇ-ਉੱਥੇ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਇਹ ਪ੍ਰਭੂ-ਪਰਮੇਸ਼ਵਰ ਲਈ ਹੀ ਹੋਵੇਗੀ। ਸੋ ਗੁਰਬਾਣੀ ਦੀ ਵਿਆਖਿਆ ਕਰਨ ਵੇਲੇ ਇਹ ਧਿਆਨ ਰੱਖਣਾ ਪਵੇਗਾ ਕਿ ਗੁਰ/ਗੁਰੁ/ਸਤਿਗੁਰ/ਸਤਿਗੁਰੂ ਦਾ ਅਰਥ ਪ੍ਰਭੂ-ਪਰਮੇਸ਼ਵਰ ਦੇ ਤੌਰ ਤੇ ਲਿਆ ਜਾਵੇ ਨਾ ਕਿ ਅਧਿਆਪਕ, ਕਰਨੀ ਵਾਲੇ ਸਾਧੂ/ਸੰਤ ਜਾਂ ਕਿਸੇ ਸਿਖ ਗੁਰੂ ਦੇ ਤੌਰ ਤੇ ਜਿਵੇਂ ਕਿ ਆਮ ਕਰਕੇ ਕਰ ਲਿਆ ਜਾਂਦਾ ਹੈ। ਚੰਗਾ ਹੋਵੇਗਾ ਕਿ ਸੰਦਰਭ ਦੇ ਗੂੜ੍ਹੇ ਵਿਸ਼ਲੇਸ਼ਣ ਤੋਂ ਬਾਦ ਹੀ ਇਹ ਸਿੱਟਾ ਕੱਢਿਆ ਜਾਵੇ ਕਿ ਕਿਸੇ ਵਿਸ਼ੇਸ਼ ਜਗਹ ਤੇ ਅਜਿਹੀ ਵਰਤੋਂ ਅਧਿਆਪਕ/ਉਸਤਾਦ, ਸਾਧੂ/ਸੰਤ ਜਾਂ ਸਿਖ ਗੁਰੂ ਵਾਸਤੇ ਕੀਤੀ ਗਈ ਹੈ। (ਦੁੱਖ ਦੀ ਗੱਲ ਇਹ ਹੈ ਕਿ ਆਪਣੇ-ਆਪ ਸਿਖ ਅਖਵਾਉਂਦੇ ਸੱਜਣਾਂ ਵਿੱਚੋਂ ਲਗ-ਭਗ ਸਾਰੇ ਹੀ ਗੁਰਮੱਤ ਦੀ ਅਧਿਆਤਮਿਕਤਾ ਨੂੰ ਨਹੀਂ ਸਮਝਦੇ ਅਤੇ ਹਿੰਦੂ ਮੱਤ ਦੀਆਂ ਧਾਰਨਾਵਾਂ ਨੂੰ ਹੀ ਮਾਨਤਾ ਦੇ ਰਹੇ ਹਨ, ਉਂਜ ਉਹ ਦਾਵਾ ਕਰਦੇ ਹਨ: ‘ਹਮ ਹਿੰਦੂ ਨਹੀਂ’।)

ਸਿਖ ਸ਼ਰਧਾਲੂਆਂ ਅਤੇ ਵਿਦਵਾਨਾਂ ਵੱਲੋਂ ਗੁਰਬਾਣੀ ਵਿੱਚ ਆਉਂਦੇ ਸ਼ਬਦ-ਜੁੱਟ ‘ਸ਼ਬਦ ਗੁਰੂ’ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਸ਼ਬਦ-ਜੁੱਟ ਦੇ ਹਵਾਲੇ ਹਿਤ ਗੁਰਬਾਣੀ-ਸਤਰ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ॥’ ਨੂੰ ਕੇਂਦਰ ਤੇ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਅੱਗੇ ‘ਸ਼ਬਦ ਗੁਰੂ’ ਦਾ ਸਬੰਧ ਗੁਰਬਾਣੀ-ਸਤਰ ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥’ਨਾਲ ਜੋੜ ਲਿਆ ਜਾਂਦਾ ਹੈ। ਪਰੰਤੂ ਮੁਸ਼ਕਿਲ ਉਸ ਵਕਤ ਖੜ੍ਹੀ ਹੁੰਦੀ ਹੈ ਜਦੋਂ ਕਿਸੇ ਵਿਸ਼ੇਸ਼ ਧਿਰ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਨਾਨਕ ਤੋਂ ਲੈ ਕੇ ਗੋਬਿੰਦ ਸਿੰਘ ਤਕ ਦੇ ਦਸ ਸਿਖ ਰਹਿਬਰਾਂ ਨੂੰ ‘ਗੁਰੂ’ ਨਾ ਕਿਹਾ ਜਾਵੇ ਕਿਉਂਕਿ ਸਿੱਖਾਂ ਦਾ ਗੁਰੂ ‘ਸ਼ਬਦ’ ਭਾਵ ਗੁਰਬਾਣੀ ਅਰੰਭ ਤੋਂ (ਭਾਵ ਨਾਨਕ ਦੇ ਸਮੇਂ ਤੋਂ) ਚਲਿਆ ਆ ਰਿਹਾ ਹੈ। ਜੇਕਰ ਇਸ ਦਲੀਲ ਨੂੰ ਮੰਨ ਲਿਆ ਜਾਵੇ ਤਾਂ ਇਸ ਦਾ ਭਾਵ ਇਹ ਵੀ ਬਣੇਗਾ ਕਿ ਗੁਰਬਾਣੀ ਗ੍ਰੰਥ (ਜਿਸ ਨੂੰ ਆਮ ਕਰਕੇ ‘ਗੁਰੂ ਗ੍ਰੰਥ’ ਕਰਕੇ ਜਾਣਿਆਂ ਜਾਂਦਾ ਹੈ) ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਅਗਲਾ ਭਾਵ ਗਿਆਰ੍ਹਵਾਂ ਗੁਰੂ ਨਾ ਮੰਨਿਆਂ ਜਾਵੇ। ਇਹ ਧਿਰ ਨਾਨਕ ਤੋਂ ਲੈ ਕੇ ਗੋਬਿੰਦ ਸਿੰਘ ਤਕ ਦੇ ਸਿਖ ਰਹਿਬਰਾਂ ਨੂੰ ਅਵਤਾਰੀ ਪੁਰਖ ਜਾਂ ਕਰਨੀ ਵਾਲੇ ਸੰਤ-ਸਾਧੂ ਨਹੀਂ ਮੰਨਦੀ ਅਤੇ ਕੇਵਲ ‘ਸ਼ਬਦ ਗੁਰੂ’ ਹੀ ਉਸਦੀ ਦੀ ਧਾਰਮਿਕ ਸ਼ਰਧਾ ਦਾ ਪਾਤਰ ਹੈ। ਉਂਜ ਉਹ ਨਾਨਕ ਤੋਂ ਲੈ ਕੇ ਗੋਬਿੰਦ ਸਿੰਘ ਤਕ ਦੇ ਦਸ ਸਿਖ ਰਹਿਬਰਾਂ ਨੂੰ ‘ਪਾਤਸ਼ਾਹ’ ਕਹਿ ਕੇ ਸੰਬੋਧਨ ਕਰਦੀ ਹੈ ਭਾਵੇਂ ਕਿ ਨਾਨਕ ਲਈ ਉਹ ‘ਬਾਬਾ’ ਦਾ ਸ਼ਬਦ ਵਧੇਰੇ ਪਰਯੋਗ ਕਰਦੀ ਹੈ। ਇਸ ਵਿਸ਼ੇਸ਼ ਧਿਰ ਦੀਆਂ ਦਲੀਲਾਂ ਦਾ ਤਿੱਖਾ ਵਿਰੋਧ ਵੀ ਹੋਇਆ ਹੈ। ਅਸਲ ਵਿੱਚ ਉੱਪਰ ਦਰਸਾਇਆ ਸਟੈਂਡ ਲੈਣ ਵਾਲੀ ਧਿਰ ਅਤੇ ਉਸ ਦੀ ਆਲੋਚਨਾ ਕਰਨ ਵਾਲੀ ਧਿਰ ਦੋਵੇਂ ਹੀ ਦੁਬਿਧਾ ਦਾ ਸ਼ਿਕਾਰ ਹਨ। ਦੁਬਿਧਾ ਇਸ ਨੁਕਤੇ ਨੂੰ ਲੈਕੇ ਪੈਦਾ ਹੁੰਦੀ ਹੈ ਕਿ ‘ਸਿੱਖੀ ’ ਇੱਕ ਸੰਸਥਾਗਤ ਧਰਮ (religion) ਹੈ ਜਾਂ ਨਹੀਂ?

ਸਚਾਈ ਤਾਂ ਇਹ ਹੈ ਕਿ ਸਿੱਖੀ ਕੋਈ ਸੰਸਥਾਗਤ ਧਰਮ ਵਜੋਂ ਸਥਾਪਤ ਨਹੀਂ ਕੀਤੀ ਗਈ ਸੀ, ਇਹ ਕੇਵਲ ਨਿਰੋਲ ਮਾਨਵਵਾਦ ਦੀ ਧਰਮ-ਨਿਰਪੇਖ ਲਹਿਰ ਸੀ ਜੋ ਦੋ ਸੌ ਸਾਲ ਦੇ ਵੱਧ ਸਮੇਂ ਤਕ ਸਫਲਤਾ ਨਾਲ ਚੱਲੀ ਅਤੇ ਫਿਰ, ਗੁਰੂ ਕਾਲ ਤੋਂ ਛੇਤੀ ਪਿੱਛੋਂ, ਉਦਾਸੀ ਅਤੇ ਨਿਰਮਲੇ ਬ੍ਰਾਹਮਣਵਾਦੀ ਪੁਜਾਰੀਆਂ ਦੇ ਹੱਥਾਂ ਵਿੱਚ ਆ ਜਾਣ ਤੇ ਹਿੰਦੂ ਵੰਨਗੀ ਦੇ ਸੰਸਥਾਗਤ ਧਰਮ ਵਿੱਚ ਤਬਦੀਲ ਹੋ ਗਈ। ਹੁਣ, ਜੇਕਰ ਸਿੱਖੀ ਨੂੰ ਇੱਕ ਸੰਸਥਾਗਤ ਧਰਮ ਮੰਨਿਆਂ ਜਾਂਦਾ ਹੈ ਤਾਂ ਸਾਰੇ ਦਸ ਸਿਖ ਰਹਿਬਰਾਂ ਨੂੰ ਅਵਤਾਰ ਨਹੀਂ ਤਾਂ ਘਟੋ-ਘਟ ‘ਕਰਨੀ ਵਾਲੇ ਸੰਤ-ਸਾਧ’ ਤਾਂ ਮੰਨਣਾ ਹੀ ਪਵੇਗਾ ਅਤੇ ਉਹਨਾਂ ਨੂੰ ‘ਗੁਰੂ’ ਕਹਿਣਾ ਇਤਰਾਜ਼ਯੋਗ ਨਹੀਂ ਰਹੇਗਾ। ਨਾਲ ਹੀ ‘ਸ਼ਬਦ ਗੁਰੂ’ ਗਿਆਰ੍ਹਵਾਂ ‘ਗੁਰੂ’ ਵੀ ਬਣ ਜਾਵੇਗਾ। ਦੂਸਰੇ ਪਾਸੇ, ਜੇਕਰ ਸਿੱਖੀ ਨੂੰ ਇੱਕ ਸੰਸਥਾਗਤ ਧਰਮ (religion) ਨਹੀਂ ਮੰਨਿਆਂ ਜਾਂਦਾ ਅਤੇ ਇਸ ਨੂੰ ਮਾਨਵਵਾਦ ਦੀ ਇੱਕ ਲਹਿਰ ਦੇ ਤੌਰ ਤੇ ਹੀ ਮਾਨਤਾ ਦਿੱਤੀ ਜਾਂਦੀ ਹੈ ਤਾਂ ਸਾਰੇ ਦਸ ਸਿਖ ਰਹਿਬਰਾਂ ਨੂੰ ਨਾਂ ਤਾਂ ਅਵਤਾਰ ਮੰਨਿਆਂ ਜਾਵੇਗਾ ਅਤੇ ਨਾ ਹੀ ‘ਕਰਨੀ ਵਾਲੇ ਸੰਤ-ਸਾਧ’। ਫਿਰ ਵੀ ਉਹਨਾਂ ਸਾਰਿਆਂ ਲਈ ‘ਗੁਰੂ’ ਸ਼ਬਦ ਵਰਤ ਲੈਣ ਵਿੱਚ ਕੋਈ ਹਰਜ਼ ਨਹੀਂ ਬਸ਼ਰਤਿ ਕਿ ਇੱਥੇ ‘ਗੁਰੂ’ ਦਾ ਅਰਥ ਅਧਿਆਪਕ/ਉਸਤਾਦ/ਪੱਥ-ਪਰਦਰਸ਼ਕ/ਮਾਹਰ ਵਾਲਾ ਹੋਵੇ। ‘ਸ਼ਬਦ ਗੁਰੂ’ ਭਾਵ ਗੁਰਬਾਣੀ ਲਈ ਵੀ ‘ਗੁਰੂ’ ਸ਼ਬਦ ਇਹਨਾਂ ਅਰਥਾਂ ਵਿੱਚ ਹੀ ਵਰਤਿਆ ਜਾਵੇਗਾ ਜਿਹਾ ਕਿ ਗੁਰਬਾਣੀ ਵਿੱਚ ਦਰਸਾਇਆ ਗਿਆ ਹੈ (ਸਤਰ ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਰਾਹੀਂ)। ਇਸ ਤਰ੍ਹਾਂ ਗੁਰਬਾਣੀ ਗ੍ਰੰਥ ਨੂੰ ਸਿੱਖਾਂ ਦਾ ਗਿਆਰ੍ਹਵਾਂ ਗੁਰੂ ਕਹਿਣ ਵਿੱਚ ਵੀ ਕੋਈ ਹਰਜ਼ ਨਹੀਂ ਹੋਵੇਗਾ।

ਇੱਥੇ ਇਹ ਦੱਸਣਾ ਵੀ ਵਾਜਬ ਰਹੇਗਾ ਕਿ ‘ਪਾਤਸ਼ਾਹ’ (ਫਾਰਸੀ ਦੇ ‘ਪਾਦਸ਼ਾਹ’ ਤੋਂ ਬਣਿਆਂ ਸ਼ਬਦ) ਦਾ ਅਰਥ ‘ਰਾਜਾ’ ਜਾਂ ਮਹਾਂਰਾਜਾ’ ਤੋਂ ਹੈ ਜੋ ਦੁਨਿਆਵੀ ਕਿਸਮ ਦੇ ਰੁਤਬੇ ਹਨ। ਸਿਖ ਗੁਰੂ ਸਾਹਿਬਾਨ ਭਾਵੇਂ ਉੱਚ ਅਧਿਆਤਮਿਕ ਬਿਰਤੀ ਵਾਲੇ ਮਹਾਂਪੁਰਖ ਸਨ ਉਹ ਅਤਿ ਦਰਜੇ ਦੀ ਸਾਦਗੀ ਅਤੇ ਨਿਮਰਤਾ ਵਿੱਚ ਰਹਿਕੇ ਬਿਲਕੁਲ ਸਾਧਾਰਨ ਮਨੁੱਖ ਵਾਲਾ ਜੀਵਨ ਬਤੀਤ ਕਰਦੇ ਸਨ। ਉਹਨਾਂ ਲਈ ਦੁਨਿਆਵੀ ਸ਼ਾਨੋ-ਸ਼ੋਕਤ ਵਾਲੇ ਲਕਬਾਂ ਦੀ ਵਰਤੋਂ ਕਰਨਾ ਸ਼ੋਭਾ ਨਹੀਂ ਦਿੰਦਾ। ਪੰਜਾਬੀ ਵਿੱਚ ‘ਬਾਬਾ’ ਸ਼ਬਦ ਸਤਿਕਾਰ ਦਾ ਸੂਚਿਕ ਤਾਂ ਹੈ (‘ਬਾਬਾ’ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਵਿੱਚ ‘ਬਾਬਾ’ ਦਾ ਅਰਥ ਹੈ ‘ਪਿਤਾ’) ਪਰੰਤੂ ਇਹ ਸੋਚਣਾ ਬਣਦਾ ਹੈ ਕਿ ‘ਬਾਬਾ’ ਸ਼ਬਦ ਸਾਰੇ ਸਿਖ ਗੁਰੂ ਸਾਹਿਬਾਨ ਲਈ ਕਿਉਂ ਨਹੀਂ ਵਰਤਿਆ ਜਾਂਦਾ। ਸੋ ਚੰਗਾ ਤਾਂ ਇਹੀ ਹੋਵੇਗਾ ਕਿ ਨਾਨਕ ਤੋਂ ਲੈ ਕੇ ਗੋਬਿੰਦ ਸਿੰਘ ਤਕ ਦੇ ਸਾਰੇ ਦਸ ਸਤਿਕਾਰਿਤ ਰਹਿਬਰਾਂ ਨੂੰ ‘ਗੁਰੂ’ ਕਹਿਕੇ ਹੀ ਸੰਬੋਧਿਤ ਹੋਇਆ ਜਾਵੇ ਪਰੰਤੂ ਇੱਥੇ ‘ਗੁਰੂ’ ਦਾ ਅਰਥ ਅਧਿਆਪਕ/ਪੱਥ-ਪਰਦਰਸ਼ਕ/ਮਾਹਰ ਹੀ ਹੋਵੇ ਅਤੇ ‘ਸ਼ਬਦ ਗੁਰੂ’ ਵਿਚਲੇ ‘ਗੁਰੂ’ ਦੇ ਅਰਥ ਵੀ ਇੱਸੇ ਤਰਜ਼ ਤੇ ਲਏ ਜਾਣ।

ਇਸ ਸਥਿਤੀ ਵਿੱਚ ਉੱਪਰ ਦਰਸਾਈਆਂ ਦੋ ਧਿਰਾਂ ਵਿੱਚੋਂ ਪਹਿਲੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਹ ਫੈਸਲਾ ਕਰੇ ਕਿ ਉਹ ਸਿੱਖੀ ਨੂੰ ਸੰਸਥਾਗਤ ਧਰਮ ਦੇ ਤੌਰ ਤੇ ਲੈਂਦੀ ਹੈ ਜਾਂ ਨਿਰੋਲ ਮਾਨਵਵਾਦੀ ਧਰਮ-ਨਿਰਪੇਖ ਲਹਿਰ ਦੇ ਤੌਰ ਤੇ। ਇਸ ਨਾਲ ਦੂਜੀ ਧਿਰ ਵੱਲੋਂ ਕੀਤੀ ਜਾ ਰਹੀ ਉਸ ਆਲੋਚਨਾ ਦਾ ਖਾਤਮਾ ਹੋ ਜਾਵੇਗਾ ਜਿਸਦਾ ਸਾਹਮਣਾ ਉਸ ਨੂੰ ਆਪਣੀ ਦੁਬਿਧਾ ਦੇ ਕਾਰਨ ਹੀ ਕਰਨਾ ਪੈ ਰਿਹਾ ਹੈ। ਉੱਧਰ ਦੂਸਰੀ ਧਿਰ ਦੇ ਸਬੰਧ ਵਿੱਚ ਤਾਂ ਪ੍ਰਭੂ-ਪਰਮੇਸ਼ਵਰ ਅੱਗੇ ਅਰਦਾਸ ਹੀ ਕੀਤੀ ਜਾ ਸਕਦੀ ਹੈ ਕਿ ਉਹ ਇਸ ਨੂੰ ਸੁਮੱਤ ਬਖਸ਼ੇ ਅਤੇ ਉਹ ਸਿੱਖੀ ਨੂੰ ਸੰਸਥਾਗਤ ਧਰਮ ਦੇ ਤੌਰ ਤੇ ਮਾਨਤਾ ਦੇਣੀ ਬੰਦ ਕਰ ਦੇਵੇ ਅਤੇ ਨਾਨਕ ਤੋਂ ਲੈ ਕੇ ਸਾਰੇ ਸਿੱਖ ਰਹਿਬਰਾਂ (ਗੁਰਬਾਣੀ ਗ੍ਰੰਥ ਸਮੇਤ) ਲਈ ਲਕਬ ‘ਗੁਰੂ’ ਦੀ ਵਰਤੋਂ ਕੇਵਲ ਅਧਿਆਪਕ/ਉਸਤਾਦ/ਪੱਥ-ਪਰਦਰਸ਼ਕ/ਮਾਹਰ ਦੇ ਅਰਥਾਂ ਵਿੱਚ ਕਰੇ।

ਉੱਪਰ ਦਿੱਤੇ ਗਏ ਵਿਸਥਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਸਿੱਖੀ ਦੇ ਸੰਦਰਭ ਵਿੱਚ ‘ਗੁਰ’ ਅਤੇ ‘ਗੁਰੂ’ ਸ਼ਬਦਾਂ ਅਤੇ ਇਹਨਾਂ ਤੋਂ ਅੱਗੇ ਬਣੇ ਹੋਏ ਸ਼ਬਦਾਂ ਦੀ ਵਰਤੋਂ ਸਬੰਧੀ ਬੜੇ ਸੁਚੇਤ ਹੋਣ ਦੀ ਲੋੜ ਹੈ। ਇਸ ਸਥਿਤੀ ਵਿੱਚ ਗੁਰਬਾਣੀ ਦੀ ਪਹਿਲ਼ਾਂ ਹੋ ਚੁੱਕੀ ਸਾਰੀ ਟੀਕਾਕਾਰੀ ਦੀ ਸਮੀਖਿਆ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ। ਗੁਰਬਾਣੀ ਦੇ ਵਿਆਖਿਆ-ਸ਼ਾਸਤਰ (Hermeneutics) ਪੱਖੋਂ ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਗੁਰਬਾਣੀ ਦੇ ਵਿਆਖਿਆਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.