.

ਓਦੋਂ ਅਤੇ ਹੁਣ

(ਸੁਖਜੀਤ ਸਿੰਘ ਕਪੂਰਥਲਾ)

ਅਸੀ ਸਿੱਖ ਹਾਂ, ਦਸ ਗੁਰੂ ਸਾਹਿਬਾਨ ਅਤੇ ਉਹਨਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜੋ ਸਿੱਖੀ ਦਾ ਮੂਲ ਧੁਰਾ ਹਨ। ਆਪਾਂ ਕੁਦਰਤ ਦੀ ਸਾਜੀ ਹੋਈ ਸਾਰੀ ਸ੍ਰਿਸ਼ਟੀ ਵਿੱਚ ਅਤੇ ਮਕੈਨੀਕਲ ਖੇਤਰ ਵਿੱਚ ਦੇਖਦੇ ਹਾਂ ਕਿ ਜਿੰਨਾਂ ਚਿਰ ਬ੍ਰਹਿਮੰਡ ਵਿੱਚ ਦਿਖਾਈ ਦਿੰਦੇ ਵੱਖ-ਵੱਖ ਗ੍ਰਹਿ, ਤਾਰੇ, ਅਤੇ ਹਰ ਚੱਲਣ ਵਾਲੀ ਚੀਜ਼ ਆਪਣੇ ਧੁਰੇ ਨਾਲ ਜੁੜ ਕੇ ਨਿਰਧਾਰਤ ਪੰਧ ਤੇ ਚਲਦੀ ਹੈ, ਉਹ ਠੀਕ ਰਹਿੰਦੀ ਹੈ। ਧੁਰੇ ਨਾਲੋਂ ਜੇ ਟੁਟ ਜਾਵੇ ਜਾਂ ਭਟਕ ਜਾਣ ਤੇ ਵਿਨਾਸ਼ ਰੂਪ ਸਾਹਮਣੇ ਆਉਂਦਾ ਹੈ।

ਜਦੋਂ ਅਸੀਂ ਆਪਣੇ ਪੁਰਾਤਨ ਸਿੱਖ ਇਤਿਹਾਸ ਵਿਚਲੇ ਮਹਾਨ ਨਾਇਕਾਂ, ਗੁਰਸਿੱਖਾਂ ਦੇ ਜੀਵਨ ਨੂੰ ਵੇਖਦੇ ਹਾਂ ਤਾਂ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਉਹ ਦੁਨਿਆਵੀ ਵਿਦਿਆ ਵਲੋਂ ਲਗਭਗ ਕੋਰੇ ਅਤੇ ਲੋੜੀਂਦੀਆਂ ਸੁਖ ਸਹੂਲਤਾਂ ਦੀ ਅਣਹੋਂਦ ਹੋਣ ਦੇ ਬਾਵਜੂਦ ਵੀ ਅਧਿਆਤਮਕ ਮਾਰਗ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਕਿਰਦਾਰ ਦੇ ਮਾਲਕ ਸਨ। ਗੁਰਬਾਣੀ ਗਿਆਨ ਦੀ ਰੋਸ਼ਨੀ ਅੰਦਰ ਜੀਵਨ ਜੀਉਂਦੇ ਹੋਏ ਪਥ ਪ੍ਰਦਰਸ਼ਕ ਬਣ ਕੇ ਸਾਹਮਣੇ ਆਏ। ਅਜ ਜਿਵੇਂ-ਜਿਵੇਂ ਦੁਨਿਆਵੀ ਵਿਦਿਆ ਅਤੇ ਸੁਖ ਸਹੂਲਤਾਂ ਦਾ ਪਸਾਰਾ ਹੋਇਆ ਹੈ, ਸਿੱਖ ਸਮਾਜ ਅੰਦਰ ਸਿੱਖੀ ਪ੍ਰਤੀ ਦ੍ਰਿੜਤਾ ਵਿੱਚ ਕਮੀ ਹੀ ਕਮੀ ਆਈ ਦਿਖਾਈ ਦਿੰਦੀ ਹੈ। ਅਜ ਸਿੱਖ ਦਿਖਾਈ ਦੇਣ ਉਪਰ ਤਾਂ ਜੋਰ ਹੈ ਸ਼ਾਇਦ ਬਣ ਜਾਣ ਵਿੱਚ ਨਹੀਂ।

ਅਜੋਕੇ ਸਮੇਂ ਅੰਦਰ ਜੇਕਰ ਸਿੱਖ ਸਮਾਜ ਅੰਦਰ ਦੋ ਸਵਾਲ ਸਾਹਮਣੇ ਰੱਖ ਕੇ ਸਰਵੇ ਕਰਵਾਇਆ ਜਾਵੇ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਉਣਗੇ-

ਪਹਿਲਾ ਸਵਾਲ- ਤੁਸੀਂ ਕਿਸ ਦੇ ਸਿੱਖ ਹੋ?

ਇਸ ਸਵਾਲ ਦੇ ਜਵਾਬ ਵਿੱਚ ਬਹੁਗਿਣਤੀ ਵਲੋਂ ਜਵਾਬ ਮਿਲੇਗਾ ਕਿ ਅਸੀਂ ਫਲਾਣੇ ਮਹਾਂਪੁਰਖਾਂ, ਡੇਰੇਦਾਰ, ਬਾਬਾ ਜੀ, ਕਾਲਜ, ਸੰਸਥਾ, ਜਥਾ, ਟਕਸਾਲ ਆਦਿ ਦੇ ਸਿੱਖ ਹਾਂ। ਜਦੋਂ ਕਿ ਜਵਾਬ ਇਸ ਦੀ ਬਜਾਏ ਸਾਰਿਆਂ ਦਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ।

ਦੂਜਾ ਸਵਾਲ (ਉਹਨਾਂ ਉਪਰ ਜੋ ਅੰਮ੍ਰਿਤਧਾਰੀ ਹਨ) - - ਤੁਸੀਂ ਅੰਮ੍ਰਿਤ ਦੀ ਦਾਤ ਕਿਥੋਂ ਪ੍ਰਾਪਤ ਕੀਤੀ ਹੈ?

ਇਸ ਸਵਾਲ ਦਾ ਜਵਾਬ ਵੀ ਉਕਤ ਵਾਂਗ ਹੈਰਾਨੀਜਨਕ ਹੀ ਆਵੇਗਾ ਕਿ ਅਸੀਂ ਇਹਨਾਂ … … … ਤੋਂ ਅੰਮ੍ਰਿਤਪਾਨ ਕੀਤਾ ਹੈ ਅਤੇ ਇਸ ਦੇ ਨਾਲ ਆਪਣੇ-ਆਪਣੇ ਜਥੇ ਦੇ ਅੰਮ੍ਰਿਤ ਨੂੰ ਦੂਜਿਆਂ ਤੋਂ ਵਧੀਆ ਸਾਬਤ ਕਰਨ ਦੇ ਯਤਨ ਵੀ ਕਰਦੇ ਹਾਂ। ਜਦੋਂ ਕਿ ਐਸੇ ਜਵਾਬ ਦੀ ਥਾਂ ਤੇ ਸਾਰਿਆਂ ਦਾ ਜਵਾਬ ਇਕੋ ਹੋਣਾ ਚਾਹੀਦਾ ਹੈ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਵਾਜੇ ਹੋਏ ਪੰਜ ਪਿਆਰੇ ਸਾਹਿਬਾਨ ਤੋਂ ਅੰਮ੍ਰਿਤਪਾਨ ਕੀਤਾ ਹੈ।

ਉਪਰੋਕਤ ਦੋਵੇਂ ਸਵਾਲਾਂ ਦੇ ਜਵਾਬ ਇਹ ਸਾਬਤ ਕਰਨ ਲਈ ਕਾਫੀ ਹਨ ਕਿ ਅਸੀਂ ਸਿੱਖ ਅਖਵਾਉਣ ਵਾਲੇ ਆਪਣੇ ਮੂਲ ਧੁਰੇ ਨਾਲੋਂ ਟੁਟੇ ਹੋਏ ਹਾਂ ਅਤੇ ਵੱਖ-ਵੱਖ ਰੂਪਾਂ ਵਿੱਚ ਵੰਡੀਆਂ ਦਾ ਸ਼ਿਕਾਰ ਹਾਂ। ਆਪਾਂ ਦੁਨਿਆਵੀ ਤੌਰ ਤੇ ਜਾਣਦੇ ਹਾਂ ਕਿ ਜਿਸ ਪ੍ਰਵਾਰ ਦੇ ਮੈਂਬਰਾਂ ਵਿੱਚ ਵੰਡੀਆਂ ਪੈ ਜਾਣ, ਵਿਚਾਰ ਨਾਂ ਰਲਦੇ ਹੋਣ, ਆਪਸੀ ਖਹਿਬਾਜ਼ੀ ਹੋਵੇ, ਉਸ ਪ੍ਰਵਾਰ ਦੀ ਤਰੱਕੀ ਕਿਵੇਂ ਹੋ ਸਕਦੀ ਹੈ? ਠੀਕ ਇਸੇ ਤਰਾਂ ਸਿੱਖ ਸਮਾਜ ਵਿੱਚ ਪਏ ਹੋਏ ਵਿਤਕਰੇ-ਵੰਡੀਆਂ ਖੁਸ਼ਹਾਲੀ ਦੇ ਮਾਰਗ ਵਲ ਕਿਸ ਤਰਾਂ ਲਿਜਾਣ ਵਿੱਚ ਸਹਾਇਕ ਹੋ ਸਕਦੇ ਹਨ? ਉਲਟਾ ਨੁਕਸਾਨਦਾਇਕ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਅਜ ਇਸ ਦੇ ਨਤੀਜੇ ਸਾਡੇ ਸਾਹਮਣੇ ਦਿਖਾਈ ਦੇ ਹੀ ਰਹੇ ਹਨ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ।

ਪੁਰਾਤਨ ਗੁਰਸਿੱਖਾਂ ਦੇ ਜੀਵਨ ਵਿਚੋਂ ਕੁੱਝ ਕੁ ਘਟਨਾਵਾਂ ਸਾਹਮਣੇ ਰੱਖ ਕੇ ਪੜਚੋਲ ਕਰਨ ਦੀ ਲੋੜ ਹੈ, ਅਸੀਂ ਕਿਥੋਂ ਤੁਰੇ ਸੀ, ਕਿਥੇ ਪਹੁੰਚ ਗਏ ਹਾਂ ਅਤੇ ਜੇ ਇਦਾਂ ਹੀ ਚਲਦਾ ਰਿਹਾ ਤਾਂ ਕਿਥੇ ਪਹੁੰਚਾਂਗੇ? ਸਿੱਖ ਕੌਮ ਦਾ ਭੂਤ (Past) ਤਾਂ ਬਹੁਤ ਵਧੀਆ ਹੈ, ਜੇ ਵਰਤਮਾਨ (Present) ਵਧੀਆ ਨਾ ਹੋਇਆ ਤਾਂ ਭਵਿੱਖ (Future) ਕੀ ਹੋਵੇਗਾ?

ਨਿਮਨਲਿਖਿਤ ਕੁੱਝ ਕੁ ਉਦਾਹਰਣਾਂ ਰਾਹੀਂ ਸਿੱਖ ਕੌਮ ਦੇ ਭੂਤ ਕਾਲ ਅਤੇ ਵਰਤਮਾਨ ਦਾ ਅੰਤਰ ਸਪਸ਼ਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ-

1. (ੳ) ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋੰਿਬਦ ਸਾਹਿਬ ਦੇ ਸਮੇਂ ਸਿੱਖਾਂ ਨੂੰ ਜੰਗਾਂ ਯੁੱਧਾਂ ਵਿੱਚ ਹਿਸਾ ਲੈਣਾ ਪਿਆ। ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਿਆਰ ਅਤੇ ਜੰਗ ਵਿੱਚ ਸਭ ਕੁੱਝ ਜਾਇਜ਼ ਹੁੰਦਾ ਹੈ। ਪ੍ਰੰਤੂ ਗੁਰੂ ਸਾਹਿਬ ਨੇ ਆਪਣੇ ਸਿਪਾਹੀਆਂ ਨੂੰ ਜੰਗ ਦੇ ਮੈਦਾਨ ਵਿੱਚ ਵੀ 7 ਅਸੂਲਾਂ ਤੇ ਪਹਿਰਾ ਦੇਣ ਦੀ ਤਾਕੀਦ ਕੀਤੀ ਕੀਤੀ ਹੋਈ ਸੀ, ਕਿੰਨੀ ਹੈਰਾਨੀ ਦੀ ਗੱਲ ਹੈ-

- ‘ਡਿਗ ਪਏ, ਹਥਿਆਰਹੀਨ, ਬਾਲਕ, ਬਿਰਧ, ਰੋਗੀ, ਇਸਤਰੀ, ਸ਼ਰਨਾਗਤ ਉਪਰ ਵਾਰ ਕਰਨ

ਵਾਲੇ ਦਾ ਤੇਜ਼ ਪ੍ਰਤਾਪ ਨਸ਼ਟ ਹੋ ਜਾਂਦਾ ਹੈ। `

(ਅ) ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚ ਹਵਾਲੇ ਮਿਲਦੇ ਹਨ ਕਿ ਜੇ ਜੰਗ ਦੇ ਮੈਦਾਨ ਵਿੱਚ ਲੜਦਿਆਂ ਹੋਇਆਂ ਸਿੱਖ ਸਿਪਾਹੀ ਹਥੋਂ ਵੈਰੀ ਦੀ ਪੱਗ ਉਤਰ ਜਾਣੀ ਤਾਂ ਸਿੱਖ ਸਿਪਾਹੀ ਆਪਣੀ ਤਲਵਾਰ ਵਾਪਸ ਮਿਆਨ ਵਿੱਚ ਪਾ ਲੈਂਦੇ ਅਤੇ ਆਖਦੇ ‘ਭਲਿਆ! ਪਹਿਲਾਂ ਆਪਣੀ ਪੱਗੜੀ ਸੰਭਾਲ, ਮੈਂ ਤੇਰੇ ਨਾਲ ਲੜਨ ਲਈ ਜ਼ਰੂਰ ਆਇਆ ਹਾਂ, ਤੇਰੀ ਪੱਗ ਉਤਾਰਨ ਨਹੀਂ ਆਇਆ। `

(ੲ) ਪੁਰਾਤਨ ਇਤਿਹਾਸਕ ਗ੍ਰੰਥ ਸਿੱਖਾਂ ਦੇ ਆਪਸੀ ਪਿਆਰ, ਇਤਫਾਕ ਦੀ ਗਵਾਹੀ ਦਿੰਦੇ ਹਨ-

-ਸਿੱਖ ਸਿੱਖ ਪਹਿ ਵਾਰਤ ਪ੍ਰਾਨ।

ਹੈ ਇਨ ਮਹਿ ਇਤਫਾਕ ਮਹਾਨ।

ਸਿੱਖ ਇਤਿਹਾਸ ਦੀਆਂ ਉਕਤ ਉਦਾਹਰਣਾਂ ਦੇ ਮੱਦੇ ਨਜ਼ਰ ਜਦੋਂ ਅਸੀਂ ਵਰਤਮਾਨ ਹਾਲਾਤ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਸਭ ਕੁੱਝ ਉਲਟਾ ਹੀ ਦਿਖਾਈ ਦਿੰਦਾ ਹੈ। ਅੱਜ ਅਸੀਂ ਆਪਸੀ ਭਰਾ-ਮਾਰੂ ਜੰਗ ਵਿੱਚ ਆਪ ਹੀ ਉਲਝਦੇ ਹੋਏ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ ਪ੍ਰਤੀਤ ਹੁੰਦੇ ਹਾਂ। ਅਜ ਬਹੁ-ਗਿਣਤੀ ਗੁਰਦੁਆਰਿਆਂ, ਜਥੇਬੰਦੀਆਂ, ਸੰਸਥਾਵਾਂ ਵਿੱਚ ਆਪਸੀ ਝਗੜੇ ਦੀ ਨੌਬਤ ਇਥੋਂ ਤਕ ਪੁੱਜ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਾਹਮਣੇ ਰੱਖੇ ਹੋਏ ਸ਼ਸਤਰ ਵੀ ਚੁੱਕ ਕੇ ਗੁਰੂ ਸਾਹਿਬ ਦੀ ਭੈ-ਭਾਵਨੀ ਨੂੰ ਪੂਰੀ ਤਰਾਂ ਮਨੋ ਵਿਸਾਰ ਕੇ ਫੋਕੀ ਚੌਧਰ-ਸੇਵਾ ਦੇ ਨਾਮ ਉਪਰ ਲੜਣੋਂ ਵੀ ਰਤੀ ਭਰ ਸੰਕੋਚ ਨਹੀਂ ਕਰਦੇ। ਇਹ ਅਸੀਂ ਕੈਸਾ ਵਿਰਸਾ ਸਿਰਜ ਰਹੇ ਹਾਂ?

2. (ੳ) ਆਨੰਦਪੁਰ ਸਾਹਿਬ ਦੀ ਇੱਕ ਜੰਗ ਵਿੱਚ ਹਮਲਾਵਰ ਰੰਘੜਾਂ ਦੀ ਇੱਕ ਲੜਕੀ ਸਿੱਖ ਸਿਪਾਹੀਆਂ ਦੇ ਹੱਥ ਆ ਗਈ। ਗ੍ਰਿਫਤਾਰ ਕਰਕੇ ਅਨੰਦਪੁਰ ਲੈ ਆਏ। ਕਲਗੀਧਰ ਪਿਤਾ ਨੇ ਪਤਾ ਲੱਗਣ ਉਪਰ ਆਪਣੀ ਨਰਾਜ਼ਗੀ ਜ਼ਾਹਰ ਕਰਦੇ ਹੋਏ ਐਸਾ ਕਰਨ ਵਾਲੇ ਸਿੱਖ ਸਿਪਾਹੀਆਂ ਨੂੰ ਜਦੋਂ ਸਖਤ ਤਾੜਣਾ ਕੀਤੀ ਤਾਂ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਜੋ ਸਪਸ਼ਟੀਕਰਨ ਦਿਤਾ ਅਤੇ ਸਾਹਿਬਾਂ ਨੇ ਜੋ ਜਵਾਬ ਦਿਤਾ, ਇਤਿਹਾਸਕ ਗ੍ਰੰਥਾਂ ਵਿੱਚ ਮੌਜੂਦ ਹੈ-

- ਪੁਨਿ ਸਿੰਘਨ ਬੂਝੈ ਗੁਣਖਾਨੀ। ਸਗਲ ਤੁਰਨ ਭੁਗਵਹਿ ਹਿੰਦਵਾਨੀ।

ਸਿਖ ਬਦਲਾ ਲੇ ਭਲਾ ਜਨਾਵੈ। ਗੁਰ-ਸ਼ਾਸਤਰ ਕਿਉਂ ਵਰਜ ਹਟਾਵੈ।

- ਸੁਣ ਸਤਿਗੁਰ ਬੋਲੇ ਤਿਸ ਬੇਰੇ। ਹਮ ਲੇ ਜਾਨੋ ਪੰਥ ਉਚੇਰੇ।

ਨਹਿ ਅਧੋਗਤ ਬਿਖੇ ਪੁਚਾਵੈਂ। ਤਾਂ ਤੇ ਕਲਮਲ ਕਰਨ ਹਟਾਵੈਂ।

ਭਾਵ ਕਿ ਸਿੱਖ ਕਹਿੰਦੇ ਹਨ ਕਿ ਰੰਘੜ ਵੀ ਹੱਥ ਆਈਆਂ ਬਹੂ-ਬੇਟੀਆਂ ਦੀ ਇਜਤ-ਪਤ ਖਰਾਬ ਕਰਦੇ ਹਨ ਇਸ ਲਈ ਅਸੀਂ ਬਦਲਾ ਲੈਣਾ ਚਾਹੁੰਦੇ ਹਾਂ, ਤੁਸੀਂ ਸਾਨੂੰ ਐਸਾ ਕਰਨ ਤੋਂ ਕਿਉਂ ਰੋਕਦੇ ਹੋ?

ਦਸ਼ਮੇਸ਼ ਪਿਤਾ ਦਾ ਜਵਾਬ ਸੀ ਕਿ ਜੇ ਮੇਰੇ ਸਿੱਖ ਵੀ ਉਹੀ ਕਰਮ ਕਰਨ ਤਾਂ ਸਿੱਖਾਂ ਅਤੇ ਰੰਘੜਾਂ ਵਿੱਚ ਅੰਤਰ ਕੀ ਰਹਿ ਗਿਆ।। ਮੈਂ ਖਾਲਸਾ ਪੰਥ ਨੂੰ ਆਚਰਣਕ ਉਚਾਈਆਂ ਤੇ ਲੈ ਕੇ ਜਾਣਾ ਹੈ, ਇਸ ਲਈ ਐਸਾ ਕਰਨ ਤੋਂ ਵਰਜਣਾ ਜ਼ਰੂਰੀ ਹੈ।

(ਅ) ਜ਼ਕਰੀਆਂ ਖਾਂ ਦੇ ਹੁਕਮ ਨਾਲ ਜਦੋਂ ਮੁਗਲ ਫੌਜਦਾਰ, ਸਿਪਾਹੀ ਲੈ ਕੇ ਪੂਹਲਾ ਪਿੰਡ ਵਿਖੇ ਆਇਆ ਅਤੇ ਉਸ ਨੇ ਭਾਈ ਤਾਰੂ ਸਿੰਘ ਦੇ ਨਾਲ-ਨਾਲ ਅਤੇ ਉਸਦੀ ਮਾਤਾ ਅਤੇ ਭੈਣ ਨੂੰ ਵੀ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿਤਾ। ਸਾਰਾ ਪਿੰਡ ਇਸ ਹੁਕਮ ਦੇ ਸਾਹਮਣੇ ਖੜਾ ਹੋ ਗਿਆ ਅਤੇ ਆਖਿਆ ਕਿ ਇਹ ਕੇਵਲ ਤਾਰੂ ਸਿੰਘ ਦੀ ਮਾਂ ਨਹੀਂ, ਇਹ ਕੇਵਲ ਭਾਈ ਤਾਰੂ ਸਿੰਘ ਦੀ ਭੈਣ ਨਹੀਂ, ਸਾਰੇ ਪਿੰਡ, ਸਾਰੇ ਇਲਾਕੇ ਦੀ ਮਾਂ-ਭੈਣ-ਧੀ ਹੈ, ਇਹਨਾਂ ਦੇ ਚਰਨਾਂ ਉਪਰ ਮੱਥਾ ਟੇਕਣ ਲਈ ਤਾਂ ਕੋਈ ਹੱਥ ਭਾਵੇਂ ਲਾ ਲਵੇ, ਸਾਡੇ ਹੁੰਦਿਆਂ ਇਹਨਾਂ ਨੂੰ ਗ੍ਰਿਫਤਾਰ ਕੋਈ ਨਹੀਂ ਕਰ ਸਕਦਾ। ਇਸ ਪ੍ਰਤੀਕਰਮ ਕਾਰਣ ਮੁਗਲ ਫੌਜਦਾਰ ਭਾਈ ਤਾਰੂ ਸਿੰਘ ਦੀ ਮਾਂ ਅਤੇ ਭੈਣ ਨੂੰ ਗ੍ਰਿਫਤਾਰ ਨਹੀਂ ਕਰ ਸਕੇ ਸਨ।

(ੲ) ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚ ਖਾਲਸਾਈ ਬਾਣੇ ਦੇ ਧਾਰਨੀ ਨਿਹੰਗ ਸਿੰਘਾਂ ਦੇ ਉੱਚੇ-ਸੁੱਚੇ ਕਿਰਦਾਰ ਦੀਆਂ ਗਵਾਹੀਆਂ ਮਿਲਦੀਆਂ ਹਨ ਕਿ ਨਿਹੰਗ ਸਿੰਘਾਂ ਨੂੰ ਆਉਂਦਿਆਂ ਵੇਖ ਕੇ ਬੀਬੀਆਂ ਬੇ-ਖੌਫ ਹੋ ਕੇ ਬਿਨਾਂ ਕਿਸੇ ਝਿਜਕ ਤੋਂ ਆਪਣੇ ਘਰਾਂ ਦੇ ਦਰਵਾਜ਼ੇ ਉਨ੍ਹਾਂ ਲਈ ਖੋਲ੍ਹ ਦਿੰਦੀਆਂ ਸਨ ਕਿ ਇਹਨਾਂ ਤੋਂ ਕਿਸੇ ਦੀ ਵੀ ਧੀ-ਭੈਣ ਦੀ ਇਜਤ ਆਬਰੂ ਨੂੰ ਕੋਈ ਖਤਰਾ ਨਹੀਂ ਹੋ ਸਕਦਾ-

- ਬੀਬੀ! ਬੂਹਾ ਖੋਲ੍ਹ ਦੇ ਨਿਸ਼ੰਗ।

ਆ ਗਏ ਨੇ ਨਿਹੰਗ।

(ਸ) ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉਪਰ ਕਈ ਹਮਲੇ ਕੀਤੇ ਅਤੇ ਲੁੱਟ ਮਾਲ ਵਜੋਂ ਹੀਰੇ-ਜਵਾਹਰਾਤ, ਧਨ, ਦੌਲਤ ਦੇ ਨਾਲ-ਨਾਲ ਹਿੰਦੁਸਤਾਨ ਦੀਆਂ ਬਹੂ-ਬੇਟੀਆਂ ਨੂੰ ਵੀ ਗੁਲਾਮ ਬਣਾ ਕੇ ਵੇਚਣ ਲਈ ਨਾਲ ਲੈ ਜਾਂਦਾ। ਬੇੜੀਆਂ, ਰੱਸਿਆਂ ਦੀ ਕੈਦ ਵਿੱਚ ਜਕੜੀਆਂ ਹੋਈਆਂ ਇਹਨਾਂ ਮੰਦ-ਭਾਗੀਆਂ ਨੂੰ ਛੁਡਾਉਣ ਲਈ ਕੋਈ ਵੀ ਅੱਗੇ ਨਾਂ ਆਉਂਦਾ ਤਾਂ ਇਹ ਹਾਰ-ਹੰਭ ਕੇ ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ` ਵਾਲੀ ਧਰਤੀ ਉਪਰੋਂ ਗੁਜ਼ਰਣ ਸਮੇਂ ਉਚੇ-ਸੁਚੇ ਕਿਰਦਾਰ ਦੇ ਮਾਲਕ ਖਾਲਸੇ ਅੱਗੇ ਪੁਕਾਰ ਕਰਦੀਆਂ-

- ਮੋੜੀ ਬਾਬਾ ਕੱਛ ਵਾਲਿਆ

ਨਹੀ ਤਾਂ ਗਈ ਗਈ, ਰੰਨ ਬਸਰੇ ਨੂੰ ਗਈ।

ਸਿੱਖਾਂ ਨੇ ਆਪਣੀਆਂ ਜਾਨਾਂ ਹੂਲ ਕੇ ਜਿਥੇ ਬਾਬਾ ਦੀਪ ਸਿੰਘ, ਸ੍ਰ. ਜੱਸਾ ਸਿੰਘ ਆਹੂਵਾਲੀਆ ਆਦਿ ਜਰਨੈਲਾਂ ਦੀ ਅਗਵਾਈ ਹੇਠ ਅਬਦਾਲੀ ਦੀ ਕੈਦ ਵਿਚੋਂ 2200 ਹਿੰਦੂ ਬਹੂ-ਬੇਟੀਆਂ ਨੂੰ ਆਜ਼ਾਦ ਹੀ ਨਹੀਂ ਕਰਵਾਇਆ ਸਗੋਂ ਪੂਰੀ ਸਾਵਧਾਨੀ ਨਾਲ ਇਜ਼ਤਾਂ ਸਮੇਤ ਸੁਰੱਖਿਅਤ ਘਰੋ-ਘਰੀ ਵਾਪਸ ਵੀ ਪਹੁੰਚਾਉਣ ਦਾ ਬੇਹੱਦ ਸ਼ਲਾਘਾਯੋਗ ਕਾਰਜ ਕੀਤਾ, ਜਿਸ ਦੀ ਮਿਸਾਲ ਕਿਸੇ ਹੋਰ ਕੌਮ ਦੇ ਇਤਿਹਾਸ ਵਿਚੋਂ ਮਿਲਣੀ ਅਸੰਭਵ ਹੈ। ਪਰ ਇਸ ਪੱਖ ਉਪਰ ਅਜ ਅਸੀਂ ਕਿਥੋਂ ਤਕ ਨਿਘਰ ਚੁਕੇ ਹਾਂ, ਜਿਸ ਦੀ ਨੂੰਹ, ਧੀ, ਭੈਣ ਹੈ ਕੇਵਲ ਉਸੇ ਦੀ ਰਹਿ ਗਈ, ਅੱਜ ਪਿੰਡ, ਇਲਾਕੇ ਦੀ ਕਹਿਣ ਵਾਲਾ ਮਾਣ ਕਿਤੇ ਗਵਾਚ ਗਿਆ ਲਗਦਾ ਹੈ।

3. (ੳ) ਛੇਵੇਂ ਪਾਤਸ਼ਾਹ ਦੇ ਸਮੇਂ ਕੀਰਤਪੁਰ ਸਾਹਿਬ ਦੀ ਇਤਿਹਾਸਕ ਧਰਤੀ ਉਪਰ ਵਾਪਰੀ ਇੱਕ ਘਟਨਾ ਦਾ ਜ਼ਿਕਰ ਕਰਨਾ ਲਾਹੇਵੰਦ ਰਹੇਗਾ। ਇੱਕ ਦਿਨ ਸਵੇਰ ਦੇ ਸਮੇਂ ਸਤਿਗੁਰੂ ਜੀ ਨੇ 100 ਘੋੜ ਸਵਾਰਾਂ ਦੇ ਜਥੇਦਾਰ ਭਾਈ ਝੰਡਾ ਜੀ ਨੂੰ ਬੁਲਾ ਕੇ ਆਦੇਸ਼ ਦਿਤਾ- ‘ਸਿੱਖਾਂ ਨੂੰ ਕਹੋ! ਸਾਹਮਣੇ ਪਹਾੜੀ ਤੋਂ ਪੱਥਰ ਚੁੱਕ-ਚੁੱਕ ਕੇ ਇਕੱਠੇ ਕਰਨ ਤਾਂ ਜੋ ਗੁਰੂ ਕੇ ਲੰਗਰ ਦੀ ਦੀਵਾਰ ਉਸਰੀ ਜਾ ਸਕੇ। ` ਸ਼ਾਮ ਨੂੰ ਸਾਹਿਬਾਂ ਨੇ ਪੱਥਰਾਂ ਦਾ ਵੱਡਾ ਢੇਰ ਲਗਾ ਵੇਖ ਕੇ ਪ੍ਰਸੰਨਤਾ ਜ਼ਾਹਰ ਕੀਤੀ ਅਤੇ ਸ਼ਾਬਾਸ਼ ਦੇਣ ਲਈ ਭਾਈ ਝੰਡਾ ਜੀ ਨੂੰ ਬੁਲਾਇਆ। ਭਾਈ ਝੰਡਾ ਜੀ ਦੇ ਛਾਲੋ-ਛਾਲੀ ਹੋਏ ਹੱਥਾਂ ਵੱਲ ਵੇਖ ਕੇ ਪਾਤਸ਼ਾਹ ਨੇ ਸਵਾਲ ਕੀਤਾ- ‘ਇਹ ਕਿਵੇਂ ਹੋਇਆ? ` ਜਵਾਬ ਮਿਲਿਆ- ‘ਸਤਿਗੁਰੂ ਜੀਓ! ਤੁਹਾਡੇ ਹੁਕਮ ਦੀ ਪਾਲਣਾ ਕਰਦਾ ਹੋਇਆ ਮੈਂ ਸਾਰਾ ਦਿਨ ਪੱਥਰ ਢੋਂਦਾ ਰਿਹਾ ਹਾਂ। ` ਗੁਰੂ ਸਾਹਿਬ ਨੇ ਕਿਹਾ ‘ਅਸੀਂ ਤਾਂ ਤੁਹਾਨੂੰ ਸਿੱਖਾਂ ਨੂੰ ਕਹਿਣ ਲਈ ਕਿਹਾ ਸੀ, ਤੁਸੀਂ ਤਾਂ ਜਥੇਦਾਰ ਹੋ`। ਭਾਈ ਝੰਡਾ ਜੀ ਦਾ ਜਵਾਬ ਬਹੁਤ ਹੀ ਪ੍ਰੇਰਣਾ ਦਾਇਕ ਸੀ- ‘ਸਤਿਗੁਰ ਜੀਓ! ਸਿੱਖ ਮੈਂ ਪਹਿਲਾਂ ਹਾਂ, ਜਥੇਦਾਰ ਬਾਅਦ ਵਿਚ`।

(ਅ) ਜ਼ਕਰੀਆਂ ਖ਼ਾਂ ਸਿੱਖਾਂ ਨੂੰ ਖਤਮ ਕਰਨ ਦੇ ਹਰ ਜ਼ੁਲਮ ਤੋਂ ਜਦੋਂ ਅੱਕ ਗਿਆ ਤਾਂ ਉਸਨੇ ਭਾਈ ਸੁਬੇਗ ਸਿੰਘ ਰਾਹੀਂ ਖਾਲਸੇ ਵੱਲ ਸੁਲਹ ਦਾ ਹੱਥ ਵਧਾਉਂਦੇ ਹੋਏ ਨਵਾਬੀ ਦੀ ਪੇਸ਼ਕਸ਼ ਕੀਤੀ। ਦੀਵਾਨ ਦਰਬਾਰਾ ਸਿੰਘ ਉਸ ਸਮੇਂ ਸਿੱਖ ਆਗੂ ਸਨ। ਮੁਸ਼ਕਲ ਇਹ ਬਣੀ ਕਿ ਕੋਈ ਜ਼ਕਰੀਆਂ ਖ਼ਾਂ ਦੀ ਭੇਜੀ ਨਵਾਬੀ ਲੈਣ ਲਈ ਤਿਆਰ ਨਹੀਂ ਸੀ। ਸਿੱਖ ਆਖਦੇ ਸਨ ਕਿ ਸਾਡੀਆਂ ਬਾਹਾਂ ਵਿੱਚ ਬਲ ਹੋਇਆ ਤਾਂ ਅਸੀਂ ਨਵਾਬੀ ਆਪੇ ਲੈ ਲਵਾਂਗੇ। ਕਿਸੇ ਵਲੋਂ ਖੈਰਾਤ ਵਿੱਚ ਭੇਜੀ ਨਵਾਬੀ ਲੈਣ ਨੂੰ ਆਪਣੀ ਹੱਤਕ ਸਮਝਦੇ ਸਨ। ਅਖੀਰ ਭਾਈ ਸੁਬੇਗ ਸਿੰਘ ਦੀ ਦਲੀਲ ਕਿ ਸਰਕਾਰ ਜਿੰਨਾਂ ਚਿਰ ਸਿੱਖਾਂ ਵੱਲ ਸੁਲਹ ਸਫਾਈ ਦਾ ਹੱਥ ਵਧਾਉਂਦੀ ਹੈ, ਉਸ ਸਮੇਂ ਦੀ ਵਰਤੋਂ ਆਪਣੀ ਖਿੰਡੀ-ਪੁੰਡੀ ਤਾਕਤ ਨੂੰ ਮਜ਼ਬੂਤ ਕਰਨ ਲਈ ਵਰਤ ਲੈਣ ਵਿੱਚ ਕੌਮੀ ਭਲਾ ਹੈ। ਇਸ ਦਲੀਲ ਤੇ ਸਿੱਖ ਆਗੂ ਸਹਿਮਤ ਹੋਏ। ਪਰ ਨਵਾਬੀ ਦਿਤੀ ਕਿਸਨੂੰ ਜਾਏ? ਮੁਸ਼ਕਲ ਅਜੇ ਵੀ ਸਾਹਮਣੇ ਖੜੀ ਸੀ। ਅਖੀਰ ਸੰਗਤ ਵਿੱਚ ਪੱਖਾ ਝੱਲਣ ਦੀ ਸੇਵਾ ਕਰ ਰਹੇ ਕਪੂਰ ਸਿੰਘ ਨੂੰ ਬਿਨ-ਮੰਗਿਆਂ ਹੀ ਨਵਾਬੀ ਦੇਣ ਦਾ ਫੈਸਲਾ ਕੀਤਾ ਗਿਆ। ਕਪੂਰ ਸਿੰਘ ਨੇ ਸਰਬ ਸੰਮਤੀ ਦੇ ਫੈਸਲੇ ਅੱਗੇ ਸਿਰ ਝੁਕਾ ਦਿਤਾ। ਪਰ ਨਾਲ ਤਿੰਨ ਸ਼ਰਤਾਂ ਸਹਿਤ ਨਵਾਬੀ ਲੈਣ ਲਈ ਸਹਿਮਤੀ ਦਿਤੀ-

1) ਮੈਂ ਕਿਸੇ ਜ਼ਕਰੀਆ ਖ਼ਾਂ ਦੀ ਭੇਜੀ ਨਵਾਬੀ ਲੈਣ ਲਈ ਤਿਆਰ ਨਹੀਂ, ਇਹ ਨਵਾਬੀ ਦੀ ਪੱਗ ਅਤੇ ਖਿਲਅਤ

ਪੰਜ ਪਿਆਰਿਆਂ ਦੇ ਚਰਨਾਂ ਨੂੰ ਛੁਹਾ ਕੇ ਦਿੱਤੀ ਜਾਵੇ।

2) ਨਵਾਬੀ ਦੇਣ ਤੋਂ ਬਾਅਦ ਮੇਰੇ ਵਲੋਂ ਪਹਿਲਾਂ ਕੀਤੀ ਜਾ ਰਹੀ ਸੰਗਤ ਦੀ ਸੇਵਾ ਨਾਂ ਖੋਹੀ ਜਾਵੇ।

3) ਇਹ ਨਵਾਬੀ ਦੀ ਪੱਗ ਜੋ ਤੁਸੀਂ ਮੇਰੇ ਸੀਸ ਉਪਰ ਸਜਾਉਣੀ ਹੈ, ਇਸ ਪੱਗ ਨੂੰ ਮੈਂ ਘੋੜਿਆਂ ਦੀ ਲਿਦ

ਚੁਕਣ ਵਾਲੀ ਟੋਕਰੀ ਦੇ ਥੱਲੇ ਹੀ ਰੱਖਣਾ ਹੈ (ਭਾਵ ਕਿ ਇਹ ਸੇਵਾ ਵੀ ਕਰੀ ਜਾਣੀ ਹੈ ਮੇਰੇ ਲਈ ਨਵਾਬੀ

ਤੋਂ ਵੱਧ ਕੇ ਸੇਵਾ ਜਰੂਰੀ ਹੈ)

ਇਤਿਹਾਸ ਗਵਾਹ ਹੈ ਕਿ ਇਸ ਸੇਵਾਦਾਰ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨਦੇ ਹੋਏ ਕੌਮੀ ਆਗੂਆਂ ਵਲੋਂ ਉਸਨੂੰ ਨਵਾਬ ਕਪੂਰ ਸਿੰਘ ਬਨਾਉਣ ਦਾ ਮਾਣ ਦਿਤਾ ਗਿਆ।

(ੲ) ਇਤਿਹਾਸ ਗਵਾਹ ਹੈ ਕਿ ਸਾਡੇ ਪੁਰਾਤਨ ਆਗੂ ਆਪਣੇ ਮਨ ਅੰਦਰ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਸਮਰਪਣ ਦੀ ਭਾਵਨਾ ਅੰਦਰ ਗਾਉਂਦੇ ਹੋਏ ਅਮਲੀ ਜਾਮਾ ਵੀ ਪਹਿਨਾਉਂਦੇ ਸਨ-

ਪੰਥ ਵਸੈ ਮੈਂ ਉਜੜਾਂ, ਮਨ ਚਾਉ ਘਨੇਰਾ`

ਪ੍ਰੰਤੂ ਉਪਰੋਕਤ ਦਰਸਾਈਆਂ ਕਸਵੱਟੀਆਂ ਉਪਰ ਜਦੋਂ ਅਸੀਂ ਸਾਡੇ ਅੱਜ ਦੇ ਆਗੂਆਂ ਦਾ ਕਿਰਦਾਰ ਵੇਖਦੇ ਹਾਂ ਤਾਂ ਤਸਵੀਰ ਦਾ ਪਾਸਾ ਉਲਟਾ ਹੀ ਹੋਇਆ ਦਿਖਾਈ ਦਿੰਦਾ ਹੈ। ਲਗਦਾ ਹੈ ਕਿ ਪੰਥ ਪ੍ਰਤੀ ਸਮਰਪਣ ਦੀ ਜਗ੍ਹਾ ਪ੍ਰਵਾਰ ਨੇ ਲੈ ਲਈ ਹੈ-

ਪਰਿਵਾਰ ਵਸੈ ਪੰਥ ਉਜੜੈ, ਮਨ ਚਾਉ ਘਨੇਰਾ`

ਅਜੋਕੇ ਹਾਲਾਤ ਨੂੰ ਪੁਰਾਤਨ ਨਾਲ ਤੁਲਨਾ ਦਿੰਦੇ ਹੋਏ ਇੱਕ ਵਿਦਵਾਨ ਕਵੀ ‘ਸ੍ਰ. ਪ੍ਰੀਤਮ ਸਿੰਘ ਕਾਸਿਦ` ਦੀ ਲਿਖੀ ਕਵਿਤਾ ਬਾਖੂਬੀ ਚਿਤਰਨ ਕਰ ਜਾਂਦੀ ਹੈ। ਕਵੀ ਕਲਗੀਧਰ ਪਾਤਸ਼ਾਹ ਨੂੰ ਸੰਬੋਧਨ ਕਰਕੇ ਕਵਿਤਾ ਉਚਾਰਦਾ ਹੋਇਆ ਆਪਣੀ ਕਲਮ ਰਾਹੀਂ ਖੂਨ ਦੇ ਹੰਝੂ ਕੇਰਦਾ ਹੈ-

ਅਣਖ ਦਾ ਅਜ਼ਲੀ ਨਸ਼ਾ ਬੁਕੀਂ ਪਿਲਾਵਣ ਵਾਲਿਆ,

ਚਿੰਬੜੀਆਂ ਅੱਜ ਕੌਮ ਤੇਰੀ ਨੂੰ ਕਈ ਬੀਮਾਰੀਆਂ।

ਸੰਸਾਰ ਦੇ ਇਤਿਹਾਸ ਵਿੱਚ ਇੱਕ ਤੂੰ ਹੀ ਤੂੰ ਏਂ ਦਾਤਿਆ,

ਜੋੜੀਆਂ ਲਾਲਾਂ ਦੀਆਂ, ਜਿਸ ਸੇਵਕਾਂ ਤੋਂ ਵਾਰੀਆਂ।

ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ

ਇਹ ਸੇਵਕਾਂ ਦੀ ਕੌਮ ਅੱਜ ਮੰਗਦੀ ਏ ਜਥੇਦਾਰੀਆਂ।

ਦੁਸ਼ਮਣਾਂ ਤੇ ਕੀ ਗਿਲਾ ਈ ਪਾਤਸ਼ਾਹਾਂ ਦੇ ਪਾਤਸ਼ਾਹ,

ਵੇਚ ਦਿਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ।

5 (ੳ) ਸਿਆਣਿਆਂ ਦਾ ਕਥਨ ਹੈ ਕਿ - ‘ਸਿੱਖ ਦੀ ਕੋਈ ਜਾਤ ਨਹੀਂ, ਜਿਸ ਦੀ ਜਾਤ ਹੈ ਉਹ ਸਿੱਖ ਨਹੀਂ। `

ਗੁਰਬਾਣੀ ਅੰਦਰ ਇਸ ਸਬੰਧੀ ਸਪਸ਼ਟ ਹਦਾਇਤਾਂ ਦਰਜ ਹਨ-

- ਜਾਣਹੁ ਜੋਤਿ ਨ ਪੂਛਹੂ ਜਾਤੀ ਆਗੈ ਜਾਤਿ ਨ ਹੇ।

(ਆਸਾ ਮਹਲਾ ੧-੩੪੯)

- ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।।

ਇਸ ਗਰਬੁ ਤੇ ਚਲਹਿ ਬਹੁਤੁ ਬਿਕਾਰਾ।।

(ਭੈਰਉ ਮਹਲਾ ੩-੧੧੨੮)

-ਜਾਤਿ ਜਨਮੁ ਨਹ ਪੂਛੀਐ ਸਚੁ ਘਰੁ ਲੇਹੁ ਬਤਾਇ।।

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।।

(ਪ੍ਰਭਾਤੀ ਮਹਲਾ ੧-੧੩੩੦)

-ਹਮਰੀ ਜਾਤਿ ਪਾਤਿ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ।।

(ਸੂਹੀ ਮਹਲਾ ੪-੭੩੧)

(ਅ) ਸਿੱਖ ਮਰਿਆਦਾ ਅਨੁਸਾਰ ਸਾਡੇ ਨਾਮ ਦਾ ਪਹਿਲਾ ਹਿਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਹੁਕਮਨਾਮੇ ਤੋਂ ਅਤੇ ਦੂਜਾ ਹਿਸਾ ‘ਸਿੰਘ ਜਾਂ ਕੌਰ` ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਾਵਨ ਹੁਕਮਾਂ ਤਹਿਤ ਸੰਪੂਰਨ ਹੁੰਦਾ ਹੈ।

(ੲ) ਸਿੰਘ ਸਭਾ ਲਹਿਰ ਦੇ ਅਣੱਥਕ ਯਤਨਾਂ ਅਤੇ ਘਾਲਣਾ ਨਾਲ ਸਾਡੇ ਗੁਰਦੁਆਰਾ ਸਾਹਿਬਾਨ ਦੇ ਨਾਵਾਂ ਪ੍ਰਤੀ ਇਕਸਾਰਤਾ ਲਈ ਨਿਯਮ ਪ੍ਰਵਾਨਿਆ ਗਿਆ ਸੀ ਕਿ ਇਤਿਹਾਸਕ ਗੁਰਦੁਆਰਿਆਂ ਨੂੰ ਛੱਡ ਕੇ ਬਾਕੀ ਹਰੇਕ ਗੁਰਦੁਆਰੇ ਦਾ ਨਾਮ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ` (ਅੱਗੇ ਮੁਹੱਲਾ ਸ਼ਹਿਰ ਦਾ ਨਾਮ) ਰੱਖਿਆ ਜਾਵੇ, ਜੋ ਕੁੱਝ ਹੱਦ ਤਕ ਲਾਗੂ ਹੋਇਆ ਅੱਜ ਵੀ ਦੇਖਿਆ ਜਾ ਸਕਦਾ ਹੈ।

(ਸ) ਦਸ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਸਿੱਖ ਸ਼ਹੀਦ, ਸਿੱਖ ਯੋਧੇ ਆਦਿ ਇਤਿਹਾਸ ਦੇ ਸਰਬ ਸਾਂਝੇ ਮਹਾਨ ਨਾਇਕ ਹਨ। ਪਰ ਅਜੋਕੇ ਸਮੇਂ ਇਹਨਾਂ ਪੱਖਾਂ ਉਪਰ ਜਦੋਂ ਪੜਚੋਲਵੀਂ ਨਜ਼ਰ ਨਾਲ ਵੇਖਦੇ ਹਾਂ ਤਾਂ ਤਸਵੀਰ ਉਲਟ ਹੀ ਦਿਖਾਈ ਦਿੰਦੀ ਹੈ। ਅੱਜ ਅਸੀਂ ਆਪਣੀ ਪਹਿਚਾਣ ਦੱਸਣ ਲਈ ਸਿੱਖ ਮਰਿਆਦਾ ਅਨੁਸਾਰੀ ਨਾਮ ਦੀ ਥਾਂ ਤੇ ਕੋਈ ਢਿਲੋਂ ਸਾਹਿਬ, ਭਾਟੀਆ ਸਾਹਿਬ, ਬਾਵਾ ਸਾਹਿਬ, ਸਿੱਧੂ ਸਾਹਿਬ, ਸੋਢੀ ਸਾਹਿਬ, ਸਾਹਨੀ ਸਾਹਿਬ …. . ਆਦਿ ਬਣ ਗਏ ਹਾਂ। ਇੱਕ ਵਿਦਵਾਨ ਦਾ ਇਸ ਪ੍ਰਥਾਏ ਬਹੁਤ ਖੂਬਸੂਰਤ ਸ਼ਿਅਰ ਹੈ-

ਤੁਮ ਸਿੱਧੂ ਭੀ ਹੋ, ਤੁਮ ਸੋਢੀ ਭੀ ਹੋ, ਤੁਮ ਸਾਹਨੀ ਭੀ ਹੋ।

ਤੁਮ ਸਭੀ ਕੁੱਝ ਹੋ, ਪਰ ਜ਼ਰਾ ਯੇਹ ਤੋ ਬਤਾਓ ਗੁਰਸਿੱਖ ਭੀ ਹੋ।

ਅਜ ਅਸੀਂ ਆਪ ਜਾਤਾਂ-ਪਾਤਾਂ ਵਿੱਚ ਵੰਡਿਆਂ ਨੇ ਦਸ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਸਿੱਖ ਸ਼ਹੀਦਾਂ, ਸਿੱਖ ਯੋਧਿਆਂ ਆਦਿ ਨੂੰ ਵੀ ਆਪਣੀ-ਆਪਣੀ ਜਾਤ ਬਰਾਦਰੀ ਨਾਲ ਜੋੜ ਕੇ ਵੰਡਣ ਦਾ ਯਤਨ ਕਰ ਰਹੇ ਹਾਂ। ਜਿਵੇਂ ਉਦਾਹਰਣ ਦੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅਸੀਂ ਪਾਠ-ਕੀਰਤਨ ਕਰਨ ਜਾਂ ਸੁਨਣ ਸਮੇਂ ਕਿਸਦੀ ਬਾਣੀ ਉਚਾਰਣ ਕੀਤੀ ਹੋਈ ਹੈ, ਵੱਲ ਕਦੀ ਧਿਆਨ ਨਹੀਂ ਦਿੰਦੇ, ਵਿਤਕਰਾ ਨਹੀਂ ਕਰਦੇ ਪ੍ਰੰਤੂ ਜਦੋਂ ਜਨਮ ਦਿਹਾੜੇ ਮਨਾਉਣ ਦੀ ਗੱਲ ਆਉਂਦੀ ਹੈ ਤਾਂ ਸਾਡਾ ਰਵਈਆ ਕੁੱਝ ਹੋਰ ਹੋ ਜਾਂਦਾ ਹੈ। ਕਬੀਰ ਜੀ ਦਾ ਜੁਲਾਹਾ ਬ੍ਰਾਦਰੀ, ਨਾਮਦੇਵ ਜੀ ਦਾ ਛੀਂਬਾ ਬ੍ਰਾਦਰੀ, ਰਵਿਦਾਸ ਜੀ ਦਾ ਚਮਾਰ ਬ੍ਰਾਦਰੀ ਆਦਿ ਵਲੋਂ ਜਨਮ ਦਿਹਾੜੇ ਮਨਾਉਣੇ ਉਹਨਾਂ ਦੀ ਜਿੰਮੇਵਾਰੀ ਸਮਝਣ ਲੱਗ ਪੈਂਦੇ ਹਾਂ।

ਅਜ ਰਾਜਨੀਤੀ ਦੇ ਪ੍ਰਭਾਵ ਅਧੀਨ ਭਾਈ ਮੱਖਣ ਸ਼ਾਹ ਨੂੰ ਵਿਸ਼ੇਸ਼ ਤੌਰ ਤੇ ‘ਲੁਬਾਣਾ ਸਿੱਖ` ਭਾਈ ਜੈਤਾ ਜੀ (ਜੋ ਬਾਅਦ ਵਿੱਚ ਅੰਮ੍ਰਿਤਪਾਨ ਕਰਕੇ ਜੀਵਨ ਸਿੰਘ ਬਣੇ) ਨੂੰ ‘ਮਜ਼ਹਬੀ ਸਿੱਖ`, ਭਾਈ ਮੋਤੀ ਰਾਮ ਨੂੰ ‘ਮਹਿਰਾ ਸਿੱਖ` ਵਜੋਂ ਪ੍ਰਚਾਰ ਕੇ ਉਹਨਾਂ ਮਹਾਨ ਨਾਇਕਾਂ ਨੂੰ ਇੱਕ ਬਰਾਦਰੀ ਦੇ ਦਾਇਰੇ ਵਿੱਚ ਬੰਨ ਕੇ ਛੁਟਿਆਉਣ ਦੇ ਯਤਨ ਕਰਦੇ ਹਾਂ ਜਦੋਂ ਕਿ ਇਹ ਸਾਰੇ ਸਿੱਖ ਇਤਿਹਾਸ ਦੇ ਕੌਮੀ ਨਾਇਕ ਵਜੋਂ ਅਨਮੋਲ ਹੀਰੇ ਹਨ, ਇਹਨਾਂ ਦੀ ਵਡਿਆਈ ਜਾਤ-ਪਾਤ ਕਰਕੇ ਨਹੀਂ, ਸਗੋਂ ਇਹਨਾਂ ਦੀ ਸਿੱਖੀ ਕਰਣੀ ਕਰਕੇ ਹੈ।

ਅਜ ਅਸੀਂ ਜਾਤਾਂ ਪਾਤਾਂ ਵਿੱਚ ਵੰਡਿਆਂ ਹੋਇਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰੇ ਵੀ ਵੰਡ ਕੇ ਰੱਖ ਲਏ ਹਨ। ਇਸ ਪੱਖ ਨੂੰ ਸਪਸ਼ਟਤਾ ਦੇਣ ਲਈ ਨਿਮਨ ਲਿਖਿਤ ਗਾਥਾ ਵਾਚਣ ਯੋਗ ਹੈ-

ਇੱਕ ਬਜ਼ੁਰਗ ਬਾਬਾ ਚਲਦਿਆਂ-ਚਲਦਿਆਂ ਇੱਕ ਵੱਡੇ ਨਗਰ ਵਿੱਚ ਪਹੁੰਚਿਆ। ਰਾਤ ਦਾ ਸਮਾਂ ਹੋ ਗਿਆ ਤਾਂ ਇੱਕ ਨੌਜਵਾਨ ਨੂੰ ਬਾਬਾ ਪੁੱਛਦਾ ਹੈ "ਕਾਕਾ! ਮੈਂ ਗੁਰਦੁਆਰੇ ਜਾਣਾ ਹੈ, ਰਾਤ ਕੱਟਣੀ ਹੈ, ਮੈਨੂੰ ਗੁਰਦੁਆਰਾ ਸਾਹਿਬ ਦਾ ਰਸਤਾ ਦੱਸ ਦਿਉ। " ਉਸ ਨੌਜੁਆਨ ਨੇ ਬਾਬੇ ਨੂੰ ਸਵਾਲ ਕੀਤਾ "ਬਾਬਾ ਜੀ! ਕਿਹੜੇ ਗੁਰਦੁਆਰੇ ਜਾਣਾ ਹੈ? " ਉਹ ਬਜ਼ੁਰਗ ਕਹਿਣ ਲੱਗਾ "ਬੇਟਾ! ਗੁਰਦੁਆਰਾ ਤਾਂ ਗੁਰਦੁਆਰਾ ਹੀ ਹੁੰਦਾ ਹੈ, ਇਹ ਤੇਰਾ ਸਵਾਲ ਅਸਚਰਜ ਜਿਹਾ ਹੈ। " ਨੌਜਵਾਨ ਕਹਿਣ ਲੱਗਾ "ਨਹੀਂ ਬਾਪੂ ਜੀ! ਮੇਰਾ ਮਤਲਬ ਹੈ ਕਿ ਸਾਡੇ ਨਗਰ ਵਿੱਚ ਤੁਸੀਂ ਦੱਸੋ ਕਿ ਜੱਟਾਂ ਦੇ ਗੁਰਦੁਆਰੇ ਜਾਣਾ ਹੈ ਜਾਂ ਬਾਵਿਆਂ ਦੇ ਗੁਰਦੁਆਰੇ ਜਾਣਾ ਹੈ ਜਾਂ ਭਾਪਿਆਂ ਦੇ ਗੁਰਦੁਆਰੇ ਜਾਣਾ ਹੈ, ਜਾਂ ਛੀਂਬਿਆਂ ਦੇ ਗੁਰਦੁਆਰੇ ਜਾਣਾ ਹੈ, ਦੱਸੋ! ਕਿਹੜੇ ਗੁਰਦੁਆਰੇ ਜਾਣਾ ਹੈ? "ਬਜ਼ੁਰਗ ਕਹਿਣ ਲੱਗਾ "ਪੁੱਤਰਾ! ਮੈਂ ਸਿੱਖਾਂ ਦੇ ਗੁਰਦੁਆਰੇ ਜਾਣਾ ਹੈ। " ਨੌਜਵਾਨ ਹੈਰਾਨ ਹੋ ਕੇ ਕਹਿਣ ਲੱਗਾ, "ਬਾਬਾ ਜੀ! ਸਾਡੇ ਨਗਰ ਵਿੱਚ ਹੋਰ ਵੀ ਗੁਰਦੁਆਰੇ ਹਨ, ਪਰ ਸਿੱਖਾਂ ਦਾ ਗੁਰਦੁਆਰਾ ਤਾਂ ਕੋਈ ਵੀ ਨਹੀ। "

ਉਪਰੋਕਤ ਦਰਸਾਏ ਗਏ ਨੁਕਤਿਆਂ ਪ੍ਰਤੀ ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਸਵੈ-ਪੜਚੋਲ ਕਰਕੇ ਵੇਖਣ ਦੀ ਲੋੜ ਹੈ ਕਿ ਅਸੀਂ ਕਿੰਨੇ ਮਹਾਨ ਵਿਰਸੇ ਦੇ ਮਾਲਕ ਹੁੰਦੇ ਹੋਏ ਵੀ ਜਾਣੇ-ਅਣਜਾਣੇ ਵਿੱਚ ਸਿੱਖੀ ਦੇ ਵਰਤਮਾਨ ਨੂੰ ਵਿਗਾੜਣ ਦੇ ਕੋਝੇ ਯਤਨਾਂ ਵਿੱਚ ਲੱਗੇ ਹੋਏ ਹਾਂ। ਸਾਡੇ ਵੱਡ ਵਡੇਰਿਆਂ ਨੇ ਤਾਂ ਸਾਨੂੰ ਸ਼ਾਨਦਾਰ ਸਿੱਖੀ ਦੇ ਪੂਰਨੇ ਪਾ ਕੇ ਦਿੱਤੇ ਹਨ, ਅਸੀਂ ਆਪਣੇ ਵਾਰਸਾਂ ਨੂੰ ਕੀ ਦੇ ਕੇ ਜਾਵਾਂਗੇ ਜਿਸ ਨਾਲ ਸਿੱਖ ਕੌਮ ਦਾ ਭਵਿੱਖ (Future) ਉਜਵਲ ਹੋ ਸਕੇ। ਇਸ ਪ੍ਰਤੀ ਸੁਚੇਤ ਹੋ ਕੇ ਸੋਚਣਾ ਅਤੇ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ।

ਜਿਨ ਕੌਮੋ ਕੋ ਅਪਨੀ ਵਿਰਾਸਤ ਕਾ ਅਹਿਸਾਸ ਨਹੀਂ ਹੋਤਾ।

ਉਨ ਕੌਮੋ ਕਾ ਕੋਈ ਇਤਿਹਾਸ ਨਹੀਂ ਹੋਤਾ।

==========

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.