.

ਭੱਟ ਬਾਣੀ-66

ਬਲਦੇਵ ਸਿੰਘ ਟੋਰਾਂਟੋ

ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ।।

ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ।।

ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ।।

ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ।।

ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ।।

ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ।। ੫।।

(ਪੰਨਾ ੧੪੦੭)

ਪਦ ਅਰਥ:- ਸਦ – ਸੰ: ਪੁਕਾਰ ਕਰਨਾ, ਮਿਲਣਾ, ਉੱਪਰ ਚੜ੍ਹਨਾ, ਪਾਲਣ ਕਰਨਾ, ਸ਼ੁੱਧ ਹੋਣਾ, ਸ਼ਾਂਤ ਚਿੱਤ ਹੋਣਾ, ਸਾਥ ਰਹਿਣਾ (ਮ: ਕੋਸ਼)। ਅਰਜੁਨੁ - ਅਰਜਨ ਦੇਵ ਜੀ ਨੇ ਗਿਆਨ ਨੂੰ। ਅਮੋਲੁ – ਅਮੁੱਲ। ਆਜੋਨੀ – ਜੂਨ ਵਿੱਚ ਨਾ ਆਉਣ ਵਾਲਾ। ਸੰਭਉ – ਸੁਤੇ ਸਿਧ ਪ੍ਰਕਾਸ਼ਮਾਨ। ਭਯ – ਡਰ। ਭੰਜਨੁ – ਦੂਰ ਕੀਤਾ। ਪਰ – ਪਰਾਇਆ ਭਾਵ ਕਰਤੇ ਤੋਂ ਸਿਵਾਏ ਕਿਸੇ ਹੋਰ ਦਾ। ਦੁਖ - (misconception disease)ਨਿਵਾਰੁ – ਮੁਕਤ ਕਰਵਾਇਆ। ਦੁਖ ਨਿਵਾਰੁ – ਗ਼ਲਤ ਧਾਰਨਾ ਦੇ ਰੋਗ ਤੋਂ ਮੁਕਤ ਕਰਵਾਇਆ। ਅਪਾਰੁ ਅਨੰਭਉ – ਗਿਆਨ ਦੀ ਅਪਾਰ ਬਖ਼ਸ਼ਿਸ਼ ਨਾਲ। ਅਗਹ ਗਹਣੁ – ਮਨ ਦਾ ਠਹਿਰਾਉਣਾ (ਮ: ਕੋਸ਼)। ਭ੍ਰਮੁ – ਭਰਮ ਨੂੰ। ਭ੍ਰਾਂਤਿ – ਝੂਠੀ ਸਮਝ ਭਾਵ ਅਗਿਆਨ। ਦਹਣੁ – ਸੰ: ਭਸਮ ਕਰਨ ਦੀ ਕਿਰਿਆ, ਇਥੇ ਭਾਵ ਖ਼ਤਮ ਕਰਨ ਤੋਂ ਹੈ। ਭ੍ਰਮੁ ਭ੍ਰਾਂਤਿ ਦਹਣੁ – ਭਰਮ ਦੀ ਝੂਠੀ ਸਮਝ ਖ਼ਤਮ ਕਰਨ ਨਾਲ। ਸੁਖ – ਵਿਆਕੁਲਤਾ, ਭਟਕਣਾ ਤੋਂ ਮੁਕਤੀ, ਨਿਜਾਤ (freedom from anxiety)ਸੀਤਲੁ – ਮਨ ਨੂੰ ਸ਼ਾਂਤ ਕਰ ਦੇਣ ਵਾਲੀ। ਦਾਤਉ – ਦਾਤ ਹੈ। ਆਸੰਭਉ – ਜਨਮ ਤੋਂ ਰਹਿਤ, ਜੋ ਕਦੇ ਜਨਮ ਵਿੱਚ ਨਹੀਂ ਆਉਂਦਾ। ਉਦਵਿਅਉ – ਧਾਰਦਾ, ਧਾਰਨ ਕਰਨਾ। ਪੁਰਖੁ ਪੂਰਨ ਬਿਧਾਤਉ – ਪੂਰਨ ਪੁਰਖ ਕਰਤਾਰ, ਕਰਤਾ। ਆਦਿ – ਪਹਿਲਾ। ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ ਕਰਤਾ। ਸਬਦਿ – ਬਖ਼ਸ਼ਿਸ਼, ਗਿਆਨ ਵਿੱਚ। ਸਮਾਇਅਉ – ਲੀਨ ਹੋਏ। ਧਨੁ – ਸਲਾਹਿਆ। ਧੰਨੁ – ਸਲਾਹੁਣਯੋਗ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ, ਅਪਣਾਇਆ। ਜਿਨਿ – ਜਿਨ੍ਹਾਂ ਨੇ। ਪਾਰਸੁ – ਗਿਆਨ ਰੂਪ ਪਾਰਸ। ਪਰਸਿ ਮਿਲਾਇਅਉ – ਪ੍ਰਾਪਤ ਕਰਕੇ, ਪਰਸ ਕੇ। ਮਿਲਾਇਅਉ – ਮਿਲਣਾ, ਪ੍ਰਾਪਤ ਕਰਨਾ।

ਅਰਥ:- ਹੇ ਭਾਈ! ਅਰਜਨ ਦੇਵ ਜੀ ਨੇ ਉਸ ਸੁਤੇ ਸਿਧ ਪ੍ਰਕਾਸ਼ਮਾਨ ਜੂਨ ਵਿੱਚ ਨਾ ਆਉਣ ਵਾਲੇ ਕਰਤੇ ਦੇ ਅਮੁਲ (ਸੱਚ) ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਪਹਿਲਾਂ ਆਪ ਉਸ ਦਾ ਪਾਲਣ ਕੀਤਾ ਅਤੇ ਫਿਰ ਦੂਜਿਆਂ ਭਾਵ ਹੋਰਨਾਂ ਨੂੰ ਵੀ (ਅਵਤਾਰਵਾਦ ਦੇ) ਡਰ ਅਤੇ ਰੋਗ (misconception disease) ਭਾਵ ਗ਼ਲਤ ਧਾਰਨਾ ਦੇ ਰੋਗ ਤੋਂ ਕਰਤੇ ਦੀ ਅਪਾਰ ਬਖ਼ਸ਼ਿਸ਼, ਗਿਆਨ ਨਾਲ ਮੁਕਤ ਕਰਵਾਇਆ। ਇਸ ਤਰ੍ਹਾਂ ਅੱਗੇ ਮਨ ਨੂੰ ਠਹਿਰਾਉਣ, ਭ੍ਰਮ ਰੂਪੀ ਝੂਠੀ ਸਮਝ ਨੂੰ ਖ਼ਤਮ ਕਰਨ, ਭਟਕਣਾ ਤੋਂ ਮੁਕਤੀ ਅਤੇ ਮਨ ਨੂੰ ਸ਼ਾਂਤ ਕਰ ਦੇਣ ਵਾਲੇ (ਗਿਆਨ) ਦੀ ਜੋ ਇਹ ਦਾਤ ਹੈ, ਇਸ ਰਾਹੀਂ ਇਹ ਜਾਣਿਆ ਜਾ ਸਕਦਾ ਹੈ ਕਿ ਜੋ ਪੂਰਨ ਪੁਰਖ ਕਰਤਾਰ ਹੈ, ਉਹ ਕਦੇ ਜਨਮ ਨਹੀਂ ਧਾਰਦਾ। ਉਸ ਜਨਮ ਰਹਿਤ ਸਦੀਵੀ ਸਥਿਰ ਰਹਿਣ ਵਾਲੇ ਕਰਤੇ ਦੀ ਬਖ਼ਸ਼ਿਸ਼ ਗਿਆਨ ਵਿੱਚ ਪਹਿਲਾਂ ਨਾਨਕ ਜੀ ਅਤੇ ਫਿਰ ਅੰਗਦ ਦੇਵ ਜੀ ਅਤੇ ਅਮਰਦਾਸ ਜੀ ਲੀਨ ਹੋਏ। ਇਸੇ ਤਰ੍ਹਾਂ ਰਾਮਦਾਸ ਜੀ ਹਨ ਜਿਨ੍ਹਾਂ ਨੇ ਗਿਆਨ ਰੂਪ ਪਾਰਸ ਨੂੰ ਪਰਸ ਕੇ-ਪ੍ਰਾਪਤ ਕਰਕੇ ਆਪਣੇ ਜੀਵਨ ਵਿੱਚ ਅਪਣਾਇਆ ਅਤੇ ਸਦੀਵੀ ਸਥਿਰ ਰਹਿਣ ਵਾਲੇ ਸਲਾਹੁਣਯੋਗ ਨੂੰ ਹੀ ਗੁਰੂ ਕਰਕੇ ਸਲਾਹਿਆ ਭਾਵ ਉਸ ਦੀ ਹੀ ਉਸਤਤ ਕੀਤੀ।

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ।।

ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ।।

ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ।।

ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ।। ੬।।

(ਪੰਨਾ ੧੪੦੭)

ਪਦ ਅਰਥ:- ਜੈ ਜੈ ਕਾਰੁ – ਜੈ ਜੈ ਕਾਰ ਕਰਨੀ। ਜਾਸੁ – ਪ੍ਰਚਾਰ। ਜਗ – ਜਗਤ, ਦੁਨੀਆਂ। ਜਾਸੁ ਜਗ ਅੰਦਰਿ – ਜਗਤ ਵਿੱਚ ਪ੍ਰਚਾਰ ਹੋ ਰਿਹਾ ਹੈ। ਮੰਦਰ ਭਾਗੁ – ਮੰਦਰ ਵੱਲ ਭਜਦੇ ਹਨ। ਜੁਗਤਿ – ਜੁੜਨਾ। ਸਿਵ ਰਹਤਾ – ਆਖਦੇ ਹਨ ਉਥੇ ਸ਼ਿਵ ਰਹਿੰਦਾ ਹੈ। ਗੁਰੁ ਪੂਰਾ ਪਾਯਉ – ਪੂਰਨ ਗਿਆਨ ਨੂੰ ਜੀਵਨ ਵਿੱਚ ਅਪਣਾ ਲਿਆ ਹੈ। ਬਡ ਭਾਗੀ – ਵੱਡੇ ਭਾਗਾਂ ਵਾਲੇ ਹਾਂ। ਲਿਵ ਲਾਗੀ – ਸਾਡੀ ਲਿਵ ਲੱਗੀ ਹੋਈ ਹੈ। ਮੇਦਨਿ ਭਰੁ ਸਹਤਾ – ਸਾਡਾ ਸਾਰਾ ਭਾਰ (ਸ਼ਿਵ) ਆਪਣੇ ਸਿਰ ਸਹਿਣ ਕਰ ਭਾਵ ਚੁੱਕ ਲੈਂਦਾ ਹੈ। ਭਯ ਭੰਜਨੁ – ਡਰ ਖ਼ਤਮ ਕਰਨ ਵਾਲਾ। ਪਰ – ਪਰਾਈ-ਹੋਰਨਾਂ ਦੀ। ਪੀਰ – ਪੀੜ, ਦੁੱਖ। ਕਲ੍ਯ੍ਯ – ਅਗਿਆਨਤਾ। ਸਹਾਰੁ – ਆਸਰਾ। ਤੋਹਿ – ਤੁਹਾਡਾ, ਤੁਹਾਡੀ। ਜਸੁ ਬਕਤਾ – ਇਸ ਗੱਲ ਦਾ ਜਸੁ-ਪ੍ਰਚਾਰ ਕਰਦੇ ਹਨ। ਕੁਲਿ – ਗਿਆਨ ਦੀ ਕੁਲਿ-ਵੀਚਾਰਧਾਰਾ। ਸੋਢੀ – ਸ੍ਰੇਸ਼ਟ। ਗੁਰ – ਗਿਆਨ। ਤਨੁ – ਸੰ: ਵਿਸਥਾਰ ਕਰਨਾ, ਪ੍ਰਚਾਰ ਕਰਨਾ। ਧਰਮ – ਸੱਚ। ਧੁਜਾ – ਝੰਡਾ। ਹਰਿ – ਮਾਰਗ, (ਦੇਖੋ ਮਹਾਨ ਕੋਸ਼)। ਭਗਤਾ – ਇਨਕਲਾਬੀ। ਹਰਿ ਭਗਤਾ - ਇਨਕਲਾਬੀ ਮਾਰਗ।

ਅਰਥ:- ਹੇ ਭਾਈ! ਰਾਮਦਾਸ ਜੀ ਨੇ ਸਲਾਹੁਣਯੋਗ ਕਰਤੇ ਨੂੰ ਹੀ ਗੁਰੂ ਕਰਕੇ ਸਲਾਹਿਆ ਹੈ ਪਰ ਦੁਨੀਆਂ, ਜਗਤ ਹੋਰ ਪ੍ਰਚਾਰ ਨਾਲ ਹੀ ਜੁੜਿਆਂ (ਅਵਤਾਰਵਾਦ) ਦੀ ਜੈ ਜੈ ਕਾਰ ਕਰਦਾ ਮੰਦਰ ਵੱਲ (ਇਹ ਸਮਝ ਕੇ) ਭੱਜ ਰਿਹਾ ਹੈ ਕਿ ਸ਼ਿਵ ਮੰਦਰ ਵਿੱਚ ਰਹਿੰਦਾ ਹੈ। ਸ਼ਿਵ ਨੂੰ ਮੰਦਰ ਵਿੱਚ ਸਮਝ ਕੇ ਉਧਰ ਨੂੰ ਭੱਜਣ ਵਾਲੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ ਕਿ ਅਸੀਂ ਪੂਰਨ ਗਿਆਨ ਅਪਣਾ ਲਿਆ ਹੈ, ਸਾਡੀ ਲਿਵ ਉਸ ਨਾਲ ਲੱਗੀ ਹੈ ਅਤੇ ਸਾਡੇ ਸਾਰੇ (ਦੁੱਖਾਂ ਦਾ) ਭਾਰ ਸ਼ਿਵ ਆਪ ਸਹਿਣ ਕਰਦਾ ਭਾਵ ਚੁੱਕ ਲੈਂਦਾ ਹੈ। ਅਜਿਹੇ ਲੋਕ ਅਗਿਆਨਤਾ ਦਾ ਸਹਾਰਾ ਲੈ ਕੇ ਇਹ ਆਖ ਕੇ ਪ੍ਰਚਾਰਦੇ ਹਨ ਕਿ ਮੰਦਰ ਵਿੱਚ ਰਹਿੰਦਾ (ਸ਼ਿਵ) ਡਰ ਖ਼ਤਮ ਕਰਨ ਵਾਲਾ ਅਤੇ ਪਰਾਈ-ਹੋਰਨਾਂ ਦੀ ਤੁਹਾਡੀ ਪੀੜ-ਦੁੱਖ ਆਪਣੇ ਉੱਪਰ ਲੈ ਕੇ ਖ਼ਤਮ ਕਰਨ ਵਾਲਾ ਹੈ। ਅਜਿਹੀ ਕਿਸਮ ਦੇ ਅਗਿਆਨ ਤੋਂ ਨਿਜਾਤ ਲਈ ਸ੍ਰੇਸ਼ਟ ਗਿਆਨ ਦੀ ਕੁਲ-ਵੀਚਾਰਧਾਰਾ ਦਾ ਪ੍ਰਚਾਰ ਜਿਵੇਂ ਰਾਮਦਾਸ ਜੀ ਨੇ ਕੀਤਾ ਅਤੇ ਉਸੇ ਧਰਮ-ਸੱਚ ਦੀ ਵੀਚਾਰਧਾਰਾ ਦਾ ਝੰਡਾ ਲੈ ਕੇ ਅਰਜਨ ਦੇਵ ਜੀ ਨੇ ਗਿਆਨ ਦਾ ਇਨਕਲਾਬੀ ਮਾਰਗ ਅਪਣਾਇਆ ਹੋਇਆ ਹੈ, ਸਾਨੂੰ ਅਪਣਾਉਣਾ ਚਾਹੀਦਾ ਹੈ।




.