.

ਜੈਸੀ ਦ੍ਰਿਸ਼ਟੀ- ਤੈਸੀ ਸ੍ਰਿਸ਼ਟੀ

(ਸੁਖਜੀਤ ਸਿੰਘ ਕਪੂਰਥਲਾ)

ਸਿਆਣਿਆਂ ਦਾ ਕਥਨ ਹੈ- ‘ਸੋਚ ਬਦਲੋ-ਸੰਸਾਰ ਬਦਲ ਜਾਏਗਾ`। ਬਸ ਲੋੜ ਸਾਨੂੰ ਆਪਣੀ ਸੋਚ ਨੂੰ ਨਾਂਹ-ਪੱਖੀ ਤੋਂ ਹਾਂ-ਪੱਖੀ ਵਿੱਚ ਤਬਦੀਲ ਕਰਨ ਦੀ ਹੈ। ਇਸ ਤਰਾਂ ਕਰਨ ਨਾਲ ਅਸੀਂ ਆਪਣੇ ਆਪ ਨੂੰ ਅਤੇ ਆਲੇ ਦੁਆਲੇ ਨੂੰ ਬਦਲਿਆ ਹੋਇਆ ਮਹਿਸੂਸ ਕਰਾਂਗੇ।

ਪ੍ਰਮੇਸ਼ਰ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਅਜ਼ਾਦ ਪੈਦਾ ਹੋਣ ਵਾਲੇ ਹਰੇਕ ਵਿਅਕਤੀ ਨੂੰ ਆਪਣਾ ਫੈਸਲਾ ਲੈਣ ਦਾ ਅਧਿਕਾਰ ਹੈ। ਪਰ ਅਸੀਂ ਸਿੱਖ ਹਾਂ, ਇਸ ਲਈ ਸਾਡੀ ਦ੍ਰਿਸ਼ਟੀ ਸਿੱਖੀ ਸੋਚ ਦੀ ਅਨੁਕੂਲਤਾ ਵਿੱਚ ਹੋਣਾ ਲਾਜ਼ਮੀ ਹੈ। ਸਿੱਖ ਨੇ ਜਿਥੇ ਸਖਸ਼ੀ ਜੀਵਨ ਜੀਊਣਾ ਹੈ ਉਥੇ ਉਸ ਦੀ ਜਿੰਮੇਵਾਰੀ ਪੰਥਕ ਜੀਵਨ ਪ੍ਰਤੀ ਵੀ ਨਾਲ ਹੀ ਹੈ।

ਪੰਥ ਪ੍ਰਵਾਨਿਤ ਸਿਖ ਰਹਿਤ ਮਰਯਾਦਾ ਵਿੱਚ ‘ਗੁਰੂ ਪੰਥ` ਵਿਸ਼ੇ ਨੂੰ ਸਾਹਮਣੇ ਰੱਖਣ ਦੀ ਲੋੜ ਹੈ-

ਸੇਵਾ, ਕੇਵਲ ਪੱਖੇ ਲੰਗਰ ਆਦਿ ਤੇ ਨਹੀਂ ਮੁਕ ਜਾਂਦੀ, ਸਿੱਖ ਦੀ ਸਾਰੀ ਜਿੰਦਗੀ ਪ੍ਰਉਪਕਾਰ ਵਾਲੀ ਹੈ। ਸੇਵਾ ਸਫਲ ਉਹ ਹੀ ਹੈ, ਜੋ ਥੋੜੇ ਜਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਸਿੱਖ ਨੇ ਇਸ ਲਈ ਸ਼ਖਸ਼ੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਭੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾ ਪੰਥ ਹੈ। ਹਰ ਇੱਕ ਸਿੱਖ ਨੇ ਪੰਥ ਦਾ ਇੱਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ।

ੳ) ‘ਗੁਰੂ ਪੰਥ` ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁਚੇ ਸਮੂਹ ਨੂੰ ‘ਗੁਰੂ ਪੰਥ` ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ। `

ਉਪਰੋਕਤ ਵਿਚਾਰਾਂ ਦੇ ਮੱਦੇ-ਨਜ਼ਰ ਸਪਸ਼ਟ ਹੈ ਕਿ ਦੋ ਚਾਰ ਜਥੇਬੰਦੀਆਂ/ਸੰਸਥਾਵਾਂ ਸਮੁੱਚਾ ਪੰਥ ਨਹੀਂ ਹੋ ਸਕਦੀਆਂ। ਹਰੇਕ ਸਮਾਜ/ ਧਰਮ ਵਿੱਚ ਚੰਗੇ/ ਮੰਦੇ ਦੋਵੇਂ ਤਰਾਂ ਦੇ ਵਿਅਕਤੀ ਹਰ ਸਮੇਂ ਮੌਜੂਦ ਰਹਿੰਦੇ ਹਨ। ਸਾਡੀ ਸੋਚ ਮੰਦਿਆਂ ਨੂੰ ਅਣਡਿਠ ਕਰਦੇ ਹੋਏ ਚੰਗਿਆਂ ਦਾ ਸਾਥ ਦੇਣ ਦੀ ਹੋਣੀ ਚਾਹੀਦੀ ਹੈ।

ਸਾਨੂੰ ਆਪਣੀ ਰੋਜ਼ਾਨਾ ਜੀਵਨ ਜਾਚ ਨੂੰ ਸਚਿਆਰ ਬਣਾਉਣ ਲਈ ਗੁਰਬਾਣੀ ਦੇ ਮਾਰਗ ਦਰਸ਼ਨ ਵਿੱਚ ਚਲਣ ਦੀ ਜ਼ਰੂਰਤ ਹੈ। ਗੁਰੂ ਨਾਨਕ ਸਾਹਿਬ ਵਲੋਂ ‘ਆਸਾ ਕੀ ਵਾਰ` ਅੰਦਰ ਦਰਜ ਬਚਨ ‘ਜੇਹਾ ਵੇਖਹਿ ਤੇਹਾ ਵੇਖੁ ‘(੪੬੬) ਦੇ ਭਾਵ ਅਰਥ ਕਿ ‘ਜਿਸ ਤਰਾਂ ਦਾ ਹਿਤ ਤੁਸੀਂ ਆਪਣਾ ਚਾਹੁੰਦੇ ਹੋ, ਉਸੇ ਤਰਾਂ ਦਾ ਸਾਰਿਆਂ ਲਈ ਇਛਾ ਕਰੋ ਅਤੇ ਜਿਸ ਤਰਾਂ ਦਾ ਤੁਸੀਂ ਆਪਣੇ ਲਈ ਨਹੀਂ ਚਾਹੁੰਦੇ, ਉਸ ਤਰਾਂ ਦਾ ਦੂਸਰਿਆਂ ਵਾਸਤੇ ਵੀ ਨਾ ਚਾਹੋ` ਅਨੁਸਾਰ ਚਲਣ ਨਾਲ ਅਸੀਂ ਆਪਣੇ ਜੀਵਨ ਵਿੱਚ ਇੱਕ ਅਸਚਰਜ -ਮਈ ਤਬਦੀਲੀ ਮਹਿਸੂਸ ਕਰ ਸਕਦੇ ਹਾਂ।

ਇਸੇ ਵਿਸ਼ੇ ਉਪਰ ਭਾਈ ਗੁਰਦਾਸ ਜੀ ਰਚਿਤ ਕਬਿਤ ਵੀ ਧਿਆਨ ਦੇਣਯੋਗ ਹੈ-

ਆਪਨੋ ਸੁਅਨ (ਪੁੱਤਰ) ਜੈਸੇ ਲਾਗਤ ਪਿਆਰੋ ਜੀਅ

ਜਾਨੀਐ ਵੈਸੋ ਈ ਪਯਾਰੋ ਸਕਲ ਸੰਸਾਰ ਕੋ।

ਆਪਨੋ ਦਰਬ (ਧਨ) ਜੈਸੋ ਰਾਖੀਐ ਜਤਨ ਕਰ

ਵੈਸੋ ਈ ਸਮਝ ਸਭ ਕਾਹੂੰ ਕੇ ਬਿਹਾਰ ਕੋ।

ਉਸਤਤਿ ਨਿੰਦਾ ਸੁਨਿ ਬਯਾਪਤ ਹਰਖ ਸੋਗ (ਖੁਸ਼ੀ ਗਮੀ)

ਵੈਸੇ ਈ ਲਗਤ ਜਗ ਅਨਿਕ ਪ੍ਰਕਾਰ ਕੋ।

ਤੈਸੇ ਕੁਲ ਧਰਮ ਕਰਮ ਜੈਸੋ ਜੈਸੋ ਜਾਂ ਕੋ

ਉਤਮ ਕੈ ਮਾਨ ਜਾਨ ਬ੍ਰਹਮ ਬਿਸਥਾਰ ਕੋ।। ੩੯੮।।

ਆਮ ਮਨੁੱਖਾਂ ਅੰਦਰ ਮਨਮੁਖਤਾ ਅਧੀਨ ਜਿਸ ਤਰਾਂ ਦਾ ਆਪਣਾ ਜੀਵਨ ਹੋਵੇ ਦੂਜਿਆਂ ਨੂੰ ਵੀ ਉਸੇ ਦ੍ਰਿਸ਼ਟੀਕੋਣ ਤੋਂ ਵੇਖਣ ਵਾਲੀ ਬੁਰੀ ਆਦਤ ਹੁੰਦੀ ਹੈ। ਇਸ ਪੱਖ ਉਪਰ ਗੁਰਬਾਣੀ ਫੁਰਮਾਣ ਵੀ ਸਾਡੇ ਸਾਹਮਣੇ ਹਨ-

- ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ।।

(ਸੋਰਠਿ ਮਹਲਾ ੫- ੬੧੦)

- ਜਿਉ ਮਨੁ ਦੇਖਹਿ ਪਰ ਮਨੁ ਤੈਸਾ।।

ਜੈਸੀ ਮਨਸਾ ਤੈਸੀ ਦਸਾ।।

(ਪ੍ਰਭਾਤੀ ਮਹਲਾ ੧-੧੩੪੨)

ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਮਹਾਂਭਾਰਤ ਦੀ ਇੱਕ ਘਟਨਾ ਦੇ ਹਵਾਲੇ ਵਿੱਚ ਇਸ ਵਿਸ਼ੇ ਸਬੰਧੀ ਬਹੁਤ ਸੁੰਦਰ ਸਿਖਿਆ ਦਿਤੀ ਹੈ- ਇੱਕ ਵਾਰ ਸ੍ਰੀ ਕ੍ਰਿਸ਼ਨ ਜੀ ਕੋਲ ਯੁਧਿਸ਼ਟਰ ਆਇਆ ਤਾਂ ਵੇਖ ਕੇ ਕਹਿਣ ਲਗਾ- ‘ਅਜ ਆਪ ਜੀ ਬੜੇ ਪ੍ਰਸੰਨ ਚਿਤ ਲਗਦੇ ਹੋ, ਜੇ ਕੋਈ ਵੱਡੇ ਤੋਂ ਵੱਡਾ ਪਾਪੀ-ਬੁਰਾ ਵਿਅਕਤੀ ਵੀ ਆਪ ਦੇ ਸਨਮੁਖ ਆ ਜਾਵੇ, ਉਹ ਵੀ ਬਖ਼ਸ਼ਿਆ ਜਾ ਸਕਦਾ ਹੈ। ` (ਕਿਉਂਕਿ ਯੁਧਿਸ਼ਟਰ ਆਪ ਪ੍ਰਸੰਨ ਮੁਦਰਾ ਵਿੱਚ ਸੀ ਉਸ ਨੂੰ ਸ੍ਰੀ ਕ੍ਰਿਸ਼ਨ ਵੀ ਇਸੇ ਤਰਾਂ ਮਹਿਸੂਸ ਹੋਏ) ਸ੍ਰੀ ਕ੍ਰਿਸ਼ਨ ਜੀ ਨੇ ਇਹ ਸੁਣ ਕੇ ਯੁਧਿਸ਼ਟਰ ਨੂੰ ਆਖਿਆ- ‘ਜਾਉ! ਕੋਈ ਪਾਪੀ ਆਦਮੀ ਲੈ ਕੇ ਆਉ। ` ਯੁਧਿਸ਼ਟਰ ਦੇ ਜਾਣ ਤੋਂ ਛੇਤੀ ਬਾਅਦ ਦੁਰਯੋਧਨ ਵੀ ਸ੍ਰੀ ਕ੍ਰਿਸ਼ਨ ਨੂੰ ਮਿਲਣ ਲਈ ਆਇਆ ਤਾਂ ਆਉਂਦਿਆ ਹੀ ਕਹਿਣ ਲਗਾ- ‘ਅੱਜ ਆਪ ਜੀ ਬੜੀ ਪ੍ਰੇਸ਼ਾਨੀ ਵਿੱਚ ਲਗਦੇ ਹੋ। ਤੁਹਾਡੀ ਪ੍ਰੇਸ਼ਾਨੀ ਦੂਰ ਕਰਨ ਲਈ ਮੈਂ ਕੀ ਤੁਹਾਡੀ ਸਹਾਇਤਾ ਕਰ ਸਕਦਾ ਹਾਂ? ` (ਕਿਉਂਕਿ ਦੁਰਯੋਧਨ ਆਪ ਪ੍ਰੇਸ਼ਾਨੀ ਵਿੱਚ ਰਹਿਣ ਵਾਲਾ ਅਤੇ ਦੂਸਰਿਆਂ ਲਈ ਪ੍ਰੇਸ਼ਾਨੀਆਂ ਖੜੀਆਂ ਕਰਨ ਵਾਲੀ ਬਿਰਤੀ ਦਾ ਮਾਲਕ ਸੀ) ਸ੍ਰੀ ਕ੍ਰਿਸ਼ਨ ਨੇ ਦੁਰਯੋਧਨ ਨੂੰ ਆਖਿਆ- ‘ਤੁਸੀਂ ਇੱਕ ਪੁੰਨੀ ਵਿਅਕਤੀ ਲੱਭ ਕੇ ਮੇਰੇ ਕੋਲ ਲਿਆਉ। ` ਲੰਮੇਂ ਸਮੇਂ ਬਾਅਦ ਦੋਵੇਂ ਹੀ ਖਾਲੀ ਵਾਪਸ ਮੁੜ ਕੇ ਆ ਗਏ। ਸ੍ਰੀ ਕ੍ਰਿਸ਼ਨ ਦੇ ਪੁੱਛਣ ਤੇ ਯੁਧਿਸ਼ਟਰ ਨੇ ਕੋਈ ਪਾਪੀ ਨਾ ਮਿਲਣ ਸਬੰਧੀ ਅਤੇ ਦੁਰਯੋਧਨ ਨੇ ਕੋਈ ਪੁੰਨੀ ਵਿਅਕਤੀ ਨਾ ਮਿਲਣ ਸਬੰਧੀ ਜਵਾਬ ਦਿਤਾ। ਭਾਵ ਕਿ ਜਿਸ-ਜਿਸ ਤਰਾਂ ਦੀ ਉਹਨਾਂ ਦੋਹਾਂ ਦੀ ਬਿਰਤੀ ਸੀ, ਉਹ ਆਪਣੀ -ਆਪਣੀ ਬਿਰਤੀ ਅਨੁਸਾਰ ਹੀ ਆਪਣੇ ਦ੍ਰਿਸ਼ਟੀਕੋਣ ਤੋਂ ਹੀ ਖੋਜ ਕਰਦੇ ਰਹੇ। ਭਾਈ ਗੁਰਦਾਸ ਜੀ ਇਸ ਸਾਰੀ ਘਟਨਾ ਦਾ ਤਤਸਾਰ ਇਸ ਆਖਰੀ ਪੰਕਤੀ ‘ਕਰਵੈ ਹੋਇ ਸੁ ਟੋਟੀ ਰੇਖੈ` ਵਿੱਚ ਦਿੰਦੇ ਹੋਏ ਸਪਸ਼ਟ ਕਰਦੇ ਹਨ ਕਿ ਕਰਵੈ (ਮਿਟੀ ਦਾ ਗੜਵਾ ਜਿਸ ਨੂੰ ਟੂਟੀ ਲੱਗੀ ਹੋਵੇ) ਵਿੱਚ ਜੋ ਤਰਲ ਪਦਾਰਥ ਪਾਇਆ ਗਿਆ ਹੋਵੇਗਾ, ਟੇਡਾ ਕਰਨ ਤੇ ਟੂਟੀ ਰਾਹੀਂ ਉਹ ਪਦਾਰਥ ਹੀ ਬਾਹਰ ਨਿਕਲਦਾ ਹੈ, ਐਸਾ ਹੋਣਾ ਸੁਭਾਵਿਕ ਹੀ ਹੈ।

- ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ।।

ਆਪਿ ਬੁਰਾ ਸਭੁ ਜਗੁ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ।।

ਕਿਸਨੁ ਸਹਾਈ ਪਾਂਡਵਾਂ ਭਾਇ ਭਗਤਿ ਕਰਤੂਤਿ ਵਿਸੇਖੈ।।

ਵੈਰ ਭਾਉ ਚਿਤਿ ਕੈਰਵਾਂ ਗਣਤੀ ਗਣਿਨ ਅੰਦਰਿ ਕਾਲੇਖੈ।।

ਭਲਾ ਬੁਰਾ ਪਰਵੰਨਿਆ ਭਾਲਣ ਗਏ ਨ ਦਿਸਟਿ ਸਰੇਖੈ।।

ਬੁਰਾ ਨਾ ਕੋਈ ਜੁਧਿਸਟਰੈ ਦੁਰਯੋਧਨ ਕੋ ਭਲਾ ਨ ਭੇਖੈ।।

ਕਰਵੈ ਹੋਇ ਸੁ ਟੋਟੀ ਰੇਖੈ।। ੪।।

(ਭਾਈ ਗੁਰਦਾਸ ਜੀ- ਵਾਰ ੩੧ ਪਉੜੀ ੪)

ਇਸ ਸਬੰਧ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਵਲੋਂ ਉਚਾਰਣ ਕੀਤੇ ਗਏ ਹੇਠ ਲਿਖੇ ਸ਼ਬਦ ਨੂੰ ਧਿਆਨ ਵਿੱਚ ਰੱਖਣ ਨਾਲ ਸਬੰਧਤ ਵਿਸ਼ੇ ਉਪਰ ਸੋਚ ਨੂੰ ਬਦਲਣ ਪ੍ਰਤੀ ਹੋਰ ਸਪਸ਼ਟਤਾ ਨਾਲ ਸੁਖੈਨ ਸਮਝ ਆ ਜਾਵੇਗੀ-

ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ।।

ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ।। ੧।।

ਦਾਦਰੁ ਤੂ ਕਬਹਿ ਨ ਜਾਨਸਿ ਰੇ।।

ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ।। ੧।। ਰਹਾਉ।।

ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ।।

ਚੰਦੁ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ।। ੨।।

ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ।।

ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤ ਜਿਉ ਰੇ।। ੩।।

ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ।।

ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ।। ੪।।

ਇਕਿ ਪਾਖੰਡੀ ਨਾਮਿ ਨ ਰਾਚਹਿ ਇਕਿ ਹਰਿ ਹਰਿ ਚਰਣੀ ਰੇ।।

ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ।। ੫।। ੪।।

(ਮਾਰੂ ਮਹਲਾ ੧-੯੯੦)

ਸਤਿਗੁਰੂ ਸਾਨੂੰ ਅਗਵਾਈ ਦਿੰਦੇ ਹਨ ਕਿ ਅਸੀਂ ਚਿੱਕੜ ਨਾਲ ਭਰੇ ਸੰਸਾਰ ਵਿੱਚ ਡੱਡੂ ਵਾਂਗ ਕਮਲ ਫੁੱਲ ਦੇ ਨਜ਼ਦੀਕ ਰਹਿ ਕੇ ਵੀ ਕੇਵਲ ਚਿਕੱੜ ਵਿਚੋਂ ਜਾਲਾ ਖਾਣ ਵਾਲੇ, ਚਿੱਚੜ ਵਾਂਗ ਦੁਧਾਰੂ ਪਸ਼ੂ ਦੇ ਅੰਮ੍ਰਿਤ ਰੂਪੀ ਦੁੱਧ ਦੇ ਨਜ਼ਦੀਕ ਰਹਿ ਕੇ ਵੀ ਕੇਵਲ ਖੂਨ ਪੀਣ ਵਾਲੇ, ਕੁਤੇ ਦੀ ਪੂਛਲ ਦੇ ਕਦੀ ਸਿੱਧੇ ਨਾ ਹੋਣ ਵਾਂਗ ਬੁਰੀਆਂ ਆਦਤਾਂ ਨੂੰ ਨਾ ਛੱਡਣ ਵਾਲੇ, ਗਿਆਨਵਾਨਾਂ ਦੀ ਸੰਗਤ ਵਿੱਚ ਰਹਿ ਕੇ ਵੀ ਅਗਿਆਨੀ ਹੀ ਬਣੇ ਰਹਿਣ ਵਰਗੇ ਪਾਖੰਡੀ, ਮੂਰਖ ਨਹੀਂ ਬਨਣਾ ਸਗੋਂ ਭੰਵਰੇ ਵਾਂਗ ਕਮਲ ਫੁੱਲ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਫੁੱਲ ਦੇ ਮਕਰੰਦ ਵਿਚੋਂ ਰਸ ਚੁਸਣ ਵਾਲੇ, ਚਿੱਕੜ ਵਿਚੋਂ ਜੜਾਂ ਰਾਹੀਂ ਖੁਰਾਕ ਲੈਣ ਦੇ ਬਾਜਵੂਦ ਕਮਲ ਫੁੱਲ ਵਾਂਗ ਚਿੱਕੜ ਤੋਂ ਨਿਰਲੇਪ, ਕੰਮੀ ਵਰਗੇ ਬਣਕੇ ਚੰਦਰਮਾ ਤੋਂ ਦੂਰੀ ਹੋਣ ਦੇ ਬਾਵਜੂਦ ਆਪਣੇ ਫੁੱਲ ਦਾ ਝੁਕਾਉ ਚੰਦਰਮਾ ਵੱਲ ਰੱਖਣਾ, ਮੁਰਗਾਬੀ ਵਾਂਗ ਪਾਣੀ ਵਿੱਚ ਤਾਰੀਆਂ ਲਾਉਣ ਦੇ ਬਾਵਜੂਦ ਆਪਣੇ ਖੰਭਾਂ ਨੂੰ ਪਾਣੀ ਨਾਲ ਨਾ ਭਿਜਣ ਦੇਣ ਵਾਂਗ ਸਦਾ ਨਿਰਲੇਪ ਰਹਿਣਾ ਹੈ।

ਕੁੱਝ ਸੰਸਥਾਵਾਂ/ ਜਥੇਬੰਦੀਆਂ, ਸਿੱਖਾਂ ਦੇ ਗੁਰਮਤਿ ਤੋਂ ਨੀਵੇਂ ਕਾਰ-ਵਿਹਾਰ ਨੂੰ ਵੇਖਦੇ ਹੋਏ ਜੇ ਅਸੀਂ ਸਾਰੇ ਹੀ ਨਿਰਾਸ਼ਤਾ ਵਿੱਚ ਚਲੇ ਗਏ ਤਾਂ ਰਿਜ਼ਲਟ ਕੀ ਹੋਵੇਗਾ? ਜ਼ਰਾ ਇਸ ਪੱਖ ਤੇ ਗੌਰ ਕਰਨ ਦੀ ਲੋੜ ਹੈ।

ਸਗੋਂ ਸਾਨੂੰ ਤਾਂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿਚੋਂ ਸੇਧ ਲੈਣ ਦੀ ਜਰੂਰਤ ਹੈ ਕਿ ਬਾਹਰੀ ਤੌਰ ਤੇ ਸਭ ਕੁੱਝ ਗਵਾ ਕੇ ਵੀ ਐਨੀਆਂ ਔਕੜਾਂ, ਦੁਸ਼ਵਾਰੀਆਂ ਦੇ ਸਨਮੁਖ ਇਕੱਲੇ ਹੁੰਦੇ ਹੋਏ ਵੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ ਹੈ।

ਇਸ ਵਿਸ਼ੇ ਉਪਰ ਹੋਰ ਬਾਰੀਕੀ ਨਾਲ ਸਮਝਣ ਲਈ ਨਿਮਨ ਲਿਖਿਤ ਗਾਥਾ ਲਾਹੇਵੰਦ ਰਹੇਗੀ-

ਕਹਿੰਦੇ ਕਾਲੀ-ਬੋਲੀ ਹਨੇਰੀ ਰਾਤ ਦੇ ਸਨਾਟੇ ਵਿੱਚ ਇੱਕ ਉਲੂ ਉਡਾਰੀ ਮਾਰ ਕੇ ਜੁਗਨੂੰ ਦੇ ਕੋਲ ਆਇਆ ਅਤੇ ਰੋਹਬਦਾਰ ਆਵਾਜ ਵਿੱਚ ਪੁਛਣ ਲੱਗਾ- ‘ਓਏ ਜੁਗਨੂੰ! ਤੂੰ ਇੰਨੀ ਰਾਤ ਕੀ ਕਰ ਰਿਹਾ ਏ? ` ਜੁਗਨੂੰ ਨੇ ਜਵਾਬ ਦਿੱਤਾ- ‘ਮੈਂ ਹਨੇਰੇ ਨੂੰ ਦੂਰ ਕਰਨ ਦੇ ਯਤਨ ਵਜੋਂ ਚਾਨਣ ਕਰ ਰਿਹਾ ਹਾਂ। ` ਉਲੂ ਬੋਲਿਆ- ‘ਮੂਰਖਾ! ਚਾਨਣ ਤਾਂ ਸੂਰਜ ਦੇ ਨਿਕਲਣ ਨਾਲ ਹੀ ਹੋਵੇਗਾ, ਐਵੇਂ ਆਪਣਾ ਸਮਾਂ ਅਤੇ ਨੀਂਦ ਬਰਬਾਦ ਕਿਉਂ ਕਰ ਰਿਹਾ ਏ? ` ਆਸ਼ਾਵਾਦੀ ਜੁਗਨੂੰ ਨੇ ਜਵਾਬ ਦਿੱਤਾ- ‘ਮੈਂ ਸੂਰਜ ਦੇ ਚੜ੍ਹਣ ਤੱਕ ਆਪਣੇ ਵਿਤ ਅਨੁਸਾਰ ਹਨੇਰੇ ਨੂੰ ਦੂਰ ਕਰਨ ਦਾ ਯਤਨ ਕਰਦਾ ਹੀ ਰਹਾਂਗਾ, ਮੇਰੀ ਡਿਊਟੀ ਤਾਂ ਸੂਰਜ ਨਿਕਲਣ ਤਕ ਹੀ ਹੈ। ਠੀਕ ਹੈ ਸੂਰਜ ਜਿੰਨੀ ਰੋਸ਼ਨੀ ਮੇਰੀ ਕੋਲ ਨਹੀਂ ਹੈ, ਪਰ ਜਿੰਨੀ ਹੈ ਉਸ ਨਾਲ ਯਤਨ ਤਾਂ ਕਰਦਾ ਹੀ ਰਹਾਂਗਾ। `

ਇਸ ਗਾਥਾ ਤੋਂ ਮਿਲਦੀ ਸਿਖਿਆ ਅਨੁਸਾਰ ਸਾਨੂੰ ਵੀ ਉਲੂ ਵਰਗੇ ਨਿਰਾਸ਼ਾਵਾਦੀਆਂ ਦੀ ਪਰਵਾਹ ਛੱਡ ਕੇ ਜੁਗਨੂੰ ਵਾਂਗ ਆਸ਼ਾਵਾਦੀ ਬਨਣ ਦੀ ਜਰੂਰਤ ਹੈ।

ਫੈਲਿ ਫਕੜਾਂ` ਵਾਂਗ ਸੰਸਾਰ ਵਿੱਚ ਵਿਚਰਦਿਆਂ ਲਾਈਨ ਵਿੱਚ ਲਗ ਜਾਣਾ ਤਾਂ ਬੜਾ ਸੌਖਾ ਹੈ, ਪਰ ਗੁਰੂ ਬਖਸ਼ਿਸ਼ ਨਾਲ ਨਿਵਾਜ ਕੇ ‘ਹੈਨਿ ਵਿਰਲੇ` ਬਣ ਕੇ ਲਾਈਨ ਲਗਾ ਲੈਣ ਦੀ ਸਮਰੱਥਾ ਸਾਰਿਆਂ ਵਿੱਚ ਨਹੀਂ ਹੁੰਦੀ।

ਧਰਮ ਦੇ ਮਾਰਗ ਉਪਰ ਚਲਣ ਵਾਲੇ ਗੁਰਸਿੱਖਾਂ ਨੂੰ ‘ਪਰਵਾਹ ਨਾਹੀ ਕਿਸੈ ਕੇਰੀ` (੪੭੩) ਵਾਲੀ ਦ੍ਰਿੜ ਅਵਸਥਾ ਦੇ ਧਾਰਣੀ ਬਣਕੇ ਹੀ ‘ਆਪਿ ਭਲਾ ਸਭ ਜਗੁ ਭਲਾ` ਰੂਪੀ ਸੁਚੱਜੀ ਜੀਵਨ ਮੰਜ਼ਿਲ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਇਸ ਲਈ ਸਾਨੂੰ ਗੁਰਬਾਣੀ ਵਿਚਾਰ ਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰਦੇ ਹੋਏ ਦੂਜਿਆਂ ਦੇ ਅਉਗਣਾਂ ਵਲ ਦੇਖਣ ਦੀ ਥਾਂ ਤੇ ਆਪਣੇ ਅਉਗਣਾਂ ਨੂੰ ਦੂਰ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ-

- ਬੀਰਾ ਆਪਨ ਬੁਰਾ ਮਿਟਾਵੈ।। ਤਾਹੂ ਬੁਰਾ ਨਿਕਟਿ ਨਹੀ ਆਵੈ।।

(ਗਉੜੀ ਬਾਵਨ ਅੱਖਰੀ ਮਹਲਾ ੫-੨੫੮)

- ਮਨ ਅਪੁਨੇ ਤੇ ਬੁਰਾ ਮਿਟਾਨਾ।। ਪੇਖੈ ਸਗਲ ਸ੍ਰਿਸਟਿ ਸਾਜਨਾ।।

(ਗਉੜੀ ਸੁਖਮਨੀ ਮਹਲਾ ੫-੨੬੬)

- ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ।।

ਫਰੀਦਾ ਜੇ ਤੂੰ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ।। ੯੫।।

(ਸਲੋਕ ਫਰੀਦ ਜੀ-੧੩੮੨)

============

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.