.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਆਸ ਦੀ ਕਿਰਨ

ਜਦੋਂ ਕੋਈ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੋਵੇ ਤਾਂ ਉਸ ਨੂੰ ਰੋਕਣ ਲਈ ਕੋਈ ਮਦਦ `ਤੇ ਆ ਜਾਂਦਾ ਹੈ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਸਾਡੇ ਲਈ ਆਸ ਦੀ ਕਿਰਨ ਜਗੀ ਹੈ। ਜਦੋਂ ਅਸੀਂ ਅੱਜ ਵਰਤਮਾਨ ਸਮੇਂ ਵਿੱਚ ਸਿੱਖ ਕੌਮ ਵਲ ਨਿਗਾਹ ਮਾਰਦੇ ਹਾਂ ਤਾਂ ਇੰਜ ਮਹਿਸੂਸ ਹੋ ਰਿਹਾ ਹੈ ਕਿ ਸਾਡੀਆਂ ਸੰਸਥਾਵਾਂ ਤੇ ਪ੍ਰੰਪਰਾਵਾਂ ਨੂੰ ਸਿਧਾਂਤਿਕ ਤੌਰ `ਤੇ ਬਹੁਤ ਵੱਡਾ ਖੋਰਾ ਲੱਗ ਚੁੱਕਾ ਹੈ। ਜਿੰਨਾਂ ਅੱਜ ਧਰਮ ਦੇ ਨਾਂ `ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਤੋਂ ਵੱਧ ਸਿੱਖ ਸਿਧਾਂਤ ਦੀ ਜੜ੍ਹੀਂ ਤੇਲ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਜੇਹੀ ਸਥਿੱਤੀ ਨੂੰ ਸੰਭਾਲਣ ਲਈ ਸਮੇਂ ਸਮੇਂ ਸੁਚੇਤ ਸਿੱਖ ਵਿਦਵਾਨਾਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ ਹੈ। ਅਸਲ ਵਿੱਚ ਗੁਰਬਾਣੀ ਨੂੰ ਨਾ ਸਮਝਣ ਕਰਕੇ ਹੀ ਸਿੱਖ ਸਿਧਾਂਤ ਨੂੰ ਖੋਰਾ ਲੱਗਿਆ ਹੈ।
ਸਿੱਖ ਧਰਮ ਦੀ ਚਾਰ ਪ੍ਰਕਾਰ ਦੇ ਵਿਦਵਾਨਾਂ ਨੇ ਵਿਆਖਿਆ ਕੀਤੀ ਹੈ। ਇੱਕ ਯੂਨੀਵਰਸਟੀ ਦੇ ਪੱਧਰ ਦੇ ਵਿਦਵਾਨ ਹਨ ਜਿੰਨਾਂ ਦੀ ਸ਼ਬਦਾਵਲੀ ਅੱਤ ਕਠਨ ਹੈ। ਇਹਨਾਂ ਪੁਸਤਕਾਂ ਦਾ ਆਮ ਲੋਕਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੈ। ਇਹ ਲੇਖਣੀਆਂ ਖੋਜ ਖੇਤਰ ਵਿੱਚ ਕੰਮ ਆਉਂਦੀਆਂ ਹਨ ਜਾਂ ਬਹੁਤੀਆਂ ਅਲਮਾਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੀਆਂ ਹਨ। ਦੂਜੀ ਪ੍ਰਕਾਰ ਦੇ ਉਹ ਵਿਦਵਾਨ ਹਨ ਜਿੰਨ੍ਹਾਂ ਨੇ ਗੁਰਬਾਣੀ ਸਿਧਾਂਤ ਨੂੰ ਸਮਝਣ ਦੀ ਬਜਾਏ ਹੋਰ ਧਰਮਾਂ ਦੀ ਨਕਲ ਕਰਦਿਆਂ ਸਿੱਖ ਸਿਧਾਂਤ ਨੂੰ ਫਿੱਟ ਕਰਨ ਦਾ ਯਤਨ ਕੀਤਾ ਹੈ। ਕਿਹਾ ਜਾ ਸਕਦਾ ਹੈ ਕਿ ਕਰਮ-ਕਾਂਡੀ ਗਪੌੜੇ ਤੇ ਕਰਾਮਾਤੀ ਕਹਾਣੀਆਂ ਦੀ ਇਹਨਾਂ ਦੀ ਮੁੱਖ ਖੋਜ ਹੈ। ਤੀਜੀ ਪ੍ਰਕਾਰ ਦੇ ਉਹ ਵਿਦਵਾਨ ਹਨ ਜਿੰਨਾਂ ਦਾ ਸਿੱਖ ਕੌਮ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਪਰ ਸਿੱਖ ਸਿਧਾਂਤ ਸਬੰਧੀ ਨਿੰਰਤਰ ਲਿਖਦੇ ਆ ਰਹੇ ਹਨ। ਚੌਥੀ ਪ੍ਰਕਾਰ ਦੇ ਉਹ ਵਿਦਵਾਨ ਹਨ ਜਿੰਨਾਂ ਨੇ ਗੁਰਬਾਣੀ ਦਾ ਡੂੰਘਾ ਮੁਤਾਲਿਆ ਕੀਤਾ। ਸਿੱਖੀ ਦੇ ਹਰ ਸਿਧਾਂਤ ਨੂੰ ਗੁਰਬਾਣੀ ਦੀ ਕਸਵੱਟੀ `ਤੇ ਲਾ ਕੇ ਦੇਖਦੇ ਹਨ ਕਿ ਕੀ ਗੁਰਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ? ਇੰਜ ਸਮੇਂ ਸਮੇਂ ਸਿੱਖ ਚਿੰਤਕਾਂ ਨੇ ਗੁਰਬਾਣੀ ਦੀ ਲੋਅ ਵਿੱਚ ਆਸ ਦੀ ਕਿਰਨ ਜਗਾਈ ਰੱਖੀ ਹੈ।
ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ ਤੇ ਹੋਰ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਸੌਖੀ ਬੋਲੀ ਭਾਵ ਲੋਕ ਬੋਲੀ ਵਿੱਚ ਗੁਰਬਾਣੀ ਸਿਧਾਂਤ ਦੀ ਵਿਆਖਿਆ ਕੀਤੀ ਹੈ। ਪ੍ਰੋ. ਸਾਹਿਬ ਸਿੰਘ ਜੀ ਨੇ ਕਠਨ ਮੇਹਨਤ ਕਰਦਿਆਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਣਕ ਢੰਗ ਨਾਲ ਵਿਆਖਿਆ ਕੀਤੀ ਹੈ। ਉਹਨਾਂ ਨੇ ਇੱਕ ਰਾਹ ਖੋਲ਼੍ਹਿਆ ਹੈ ਕਿ ਗੁਰਬਾਣੀ ਨੂੰ ਇਸ ਢੰਗ ਨਾਲ ਸਮਝਣਾ ਸੌਖਾ ਤੇ ਸਿਧਾਂਤਿਕ ਹੈ। ਸੰਗਤਾਂ ਨੇ ਇਸ ਸਰਲ ਢੰਗ ਨੂੰ ਬਹੁਤ ਸਲਾਹਿਆ ਹੈ। ਗੁਰਬਾਣੀ ਦੇ ਅਰਥ ਬੋਧ ਨੂੰ ਸਮਝਣ ਦੀ ਇਹ ਇੱਕ ਸ਼ਰੂਆਤ ਸੀ ਪਰ ਅਜੇ ਹੋਰ ਬਹੁਤ ਕੰਮ ਕਰਨ ਦੀ ਲੋੜ ਹੈ।
ਗਦਰ ਲਹਿਰ ਦੇ ਮੋਢੀਆਂ ਵਿਚੋਂ ਬਾਬਾ ਵਿਸਾਖਾ ਸਿੰਘ ਜੀ ਦਾ ਨਗਰ ਦਦੇਹਰ ਜੋ ਮਾਝੇ ਦੀ ਧੁੰਨੀ ਤੇ ਪਾਕਿਸਤਨ ਦੀ ਸਰਹੱਦ `ਤੇ ਵਸਿਆ ਹੋਇਆ ਹੈ। ਇਸ ਪਿੰਡ ਦੇ ਮਾੜਚੂ ਜੇਹੇ ਸਰੀਰ ਤੇ ਤਿੱਖੇ ਦਿਮਾਗ ਵਾਲਾ ਸੁਖਵਿੰਦਰ ਸਿੰਘ ਦਦੇਹਰ ਪਾਰਖੂ ਨਿਗਾਹ ਵਾਲੇ ਪ੍ਰਿੰਸੀਪਲ ਜਗਜੀਤ ਸਿੰਘ ਜੀ ਸਿਦਕੀ ਦੀ ਨਜ਼ਰੀਂ ਚੜ੍ਹ ਗਿਆ ਜਿਸ ਨੇ ਗੁਰਬਾਣੀ ਸਾਣ `ਤੇ ਲਾ ਕੇ ਕੁਦਰਤੀ ਵੱਸੇ ਵਹਿਮ ਭਰਮਾਂ ਦਾ ਚੜ੍ਹਿਆ ਹੋਇਆ ਛਾਟ ਛਿੱਲ ਦਿੱਤੇ। ਪ੍ਰਿੰਸੀਪਲ ਕੰਵਰ ਮਹਿੰਦਰਪ੍ਰਤਾਪ ਸਿੰਘ ਜੀ ਨੇ ਸਿਖ ਸਿਧਾਂਤ ਦੀ ਰੇਤੀ ਨਾਲ ਰਹਿੰਦਾ ਜੰਗਾਲ਼ ਵੀ ਲਾ ਸੁਟਿਆ ਤੇ ਗੁਰਬਾਣੀ ਖੋਜਣ ਦੀ ਚੇਟਕ ਲਗਾ ਦਿੱਤਾ। ਜਿਗਰੀ ਦੋਸਤ ਭਾਈ ਸਰਬਜੀਤ ਸਿੰਘ ਧੂੰਧਾ ਨਾਲ ਇੱਕ ਕਮਰੇ, ਇੱਕ ਮੰਜੇ `ਤੇ ਰਹਿੰਦਿਆਂ ਹੋਇਆਂ ਅਤੇ ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਵਿਦਿਆਰਥੀ ਜੀਵਨ ਦਾ ਬੇੜਾ ਪਾਰ ਕੀਤਾ। ਗੁਰਮਤਿ ਗਿਆਨ ਮਿਸ਼ਨਰੀ ਲੁਧਿਆਣਾ ਦੇ ਅਰੰਭੇ ਕਾਰਜਾਂ ਨੂੰ ਵਿਉਂਤਬੰਦੀ ਨਾਲ ਅੱਗੇ ਤੋਰਦਿਆਂ ਆਧਿਆਪਕ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸੁਖਵਿੰਦਰ ਸਿੰਘ ਦਦੇਹਰ ਨੇ ਗੁਰਬਾਣੀ ਸੰਥਾ ਕਰਾਉਣੀ ਸ਼ੁਰੂ ਕੀਤੀ ਜੋ ਅੱਜ ਤੱਕ ਨਿੰਰਤਰ ਜਾਰੀ ਹੈ ਤੇ ਜਾਰੀ ਰਹੇਗੀ। ਪਕਰੋੜ ਹੁੰਦਿਆਂ ਹੁੰਦਿਆਂ ਭਾਈ ਸੁਖਵਿੰਦਰ ਸਿੰਘ ਦਦੇਹਰ ਨੇ ਕਈ ਪੱਖਾਂ ਦਾ ਅਧਿਐਨ ਕੀਤਾ ਹੈ। ਲੀਹੋਂ ਲੱਥੀ ਸਿੱਖ ਰਾਜਨੀਤੀ, ਧਰਮ ਦਾ ਬੁਰਕਾ ਪਾਈ ਸਾਧਲਾਣਾ ਤੇ ਆਪੂੰ ਬਣੇ ਪ੍ਰਚਾਰਕ ਰਾਗੀ ਢਾਡੀ ਸਿੱਖ ਕੌਮ ਵਿੱਚ ਅਮਰ ਵੇਲ ਦਾ ਕੰਮ ਕਰ ਰਹੇ ਹਨ। ਪੇਂਡੂ ਭਾਈਚਾਰੇ ਦੀਆਂ ਆਪਣੀਆਂ ਸਮੱਸਿਆਵਾਂ ਹਨ। ਆਮ ਲੋਕਾਂ ਵਿੱਚ ਗੁਰਬਾਣੀ ਦੇ ਪ੍ਰਚਾਰ ਨੂੰ ਕਿੰਨਾ ਲੀਹਾਂ ਤੇ ਤੋਰਨਾ ਹੈ ਇਸ ਤਕਨੀਕੀ ਪੱਖ ਨੂੰ ਸਮਝਦਿਆਂ ਹੋਇਆਂ ਭਾਈ ਸੁਖਵਿੰਦਰ ਸਿੰਘ ਦੇਦਹਰ ਹੁਰਾਂ ਨੇ ਇਸ ਸਬੰਧੀ ਬਹੁਤ ਸਾਰੇ ਤਜਰਬੇ ਹੋਏ ਹਨ।
ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਹਨ ਜਿਨਾਂ ਦੇ ਅੱਖਰੀਂ ਅਰਥ ਕੀਤੇ ਜਾਣ ਤਾਂ ਉਹਨਾਂ ਵਿਚਲੇ ਸਿਧਾਂਤ ਦੀ ਸਮਝ ਨਹੀਂ ਆਉਂਦੀ। ਉਹਨਾਂ ਬਿਖਮ ਸਬਦਾਂ ਦੀ ਵਿਚਾਰ ਨੂੰ ਬਹੁਤ ਹੀ ਸੁਖੈਨ ਤਰੀਕੇ ਨਾਲ ਭਾਈ ਸਾਹਿਬ ਨੇ ਠੇਠ ਪੰਜਾਬੀ ਤੇ ਮਝੈਲੀ ਲਹਿਜੇ ਵਿਆਖਿਆ ਕੀਤੀ ਹੈ। ਜਿਸ ਤਰ੍ਹਾਂ ਭਗਤ ਸੈਣ ਜੀ ਦੀ ਸਾਖੀ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਇੱਕ ਦਿਨ ਘਰ ਵਿੱਚ ਪ੍ਰਾਹੁੰਣੇ ਆਉਣ ਕਰਕੇ ਭਗਤ ਸੈਣ ਜੀ ਆਪਣੀ ਨੌਕਰੀ `ਤੇ ਨਹੀਂ ਜਾ ਸਕੇ ਸਨ। ਰੱਬ ਜੀ ਨੇ ਭਗਤ ਸੈਣ ਜੀ ਦੀ ਥਾਂ `ਤੇ ਰਾਜੇ ਦੀ ਸੇਵਾ ਕੀਤੀ ਹੈ। ਇਸ ਸਾਖੀ ਨੂੰ ਨਾ ਸਮਝਦਿਆਂ ਹੋਇਆਂ ਇਹ ਸਮਝ ਲਿਆ ਕਿ ਸ਼ਾਇਦ ਰੱਬ ਜੀ ਮਨੁੱਖਾਂ ਵਾਂਗ ਜਨਮ ਲੈਂਦੇ ਹਨ ਤੇ ਰੱਬ ਮਨੁੱਖ ਬਣ ਕੇ ਰਾਜੇ ਦੀ ਸੇਵਾ ਕਰਦਾ ਰਿਹਾ ਹੈ। ਭਾਈ ਸਾਹਿਬ ਜੀ ਨੇ ਗੁਰਬਾਣੀ ਸਿਧਾਂਤ ਦੀ ਵਿਆਖਿਆ ਕਰਦਿਆਂ ਇਸ ਸਾਖੀ ਨੂੰ ਗੁਰਮਤਿ ਦੇ ਢਾਂਚੇ ਵਿੱਚ ਪੇਸ਼ ਕਰਦਿਆਂ ਇਹ ਦੱਸਿਆ ਹੈ ਕਿ ਰੱਬ ਕਿਹੜਾ ਸੀ ਜਿਹੜਾ ਰਾਜੇ ਦੀ ਸੇਵਾ ਕਰਦਾ ਰਿਹਾ ਹੈ।
ਹੱਥਲੀ ਪੁਸਤਕ ਵਿੱਚ ਭਾਈ ਸਾਹਿਬ ਜੀ ਨੇ ਗੁਰਬਾਣੀ ਦੇ ਬਿਖਮ ਸਬਦਾਂ ਦੀ ਵਿਚਾਰ ਨੂੰ ਬੜੇ ਸੌਖੇ ਤਰੀਕੇ ਨਾਲ ਪੇਸ਼ ਕੀਤਾ ਹੈ। ਵੱਖ ਵੱਖ ਵਿਸ਼ਿਆਂ `ਤੇ ਲੇਖ ਲਿਖ ਕੇ ਸਿੱਖ ਸਿਧਾਂਤ ਨੂੰ ਜਿਉਂਦਾ ਰਖਣ ਦੀ ਕੋਸ਼ਿਸ਼ ਕੀਤੀ ਹੈ। ਲੱਗ-ਪਗ ਰੋਜ਼ਾਨਾ ਚਾਰ ਘੰਟੇ ਗੁਰਬਾਣੀ ਦੀ ਸੰਥਾ ਕਰਾਉਂਦਿਆਂ ਹਰ ਸ਼ਬਦ ਦੀ ਗਹਿਰਾਈ ਤੱਕ ਪਹੁੰਚਣ ਦਾ ਯਤਨ ਕੀਤਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਗੁਰਬਾਣੀ ਵਿਚਾਰ ਨੂੰ ਆਮ ਜੀਵਨ `ਤੇ ਢਾਲਣ ਦਾ ਯਤਨ ਕੀਤਾ ਹੈ। ਗੈਰ-ਕੁਦਰਤੀ ਵਿਚਾਰਾਂ ਨੂੰ ਨਿਕਾਰਿਆ ਹੈ।
ਅੰਤ ਕਾਲ ਜੋ ਲਛਮੀ ਸਿਮਰੈ ਵਾਲੇ ਸ਼ਬਦ ਦੀਆਂ ਬਰੀਕ ਤੰਦਾਂ ਨੂੰ ਬਹਤ ਅਸਾਨ ਤਰੀਕੇ ਨਾਲ ਖੋਲ੍ਹਿਆ ਹੈ। ਬਦ ਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਰਾਗੀ ਪ੍ਰਚਾਰਕ ਸ਼ਬਦ ਗੁਰਬਾਣੀ ਦਾ ਲੈਂਦੇ ਹਨ ਤੇ ਇਸ ਤਰ੍ਹਾਂ ਦੇ ਡੂੰਘੇ ਸ਼ਬਦਾਂ ਨੂੰ ਗਰੜ ਪੁਰਾਣ ਦੀ ਧਾਰਨਾ ਅਨੁਸਾਰ ਪੇਸ਼ ਕਰਦੇ ਹਨ। ਭਾਈ ਸਾਹਿਬ ਜੀ ਨੇ ਆਪਣੇ ਵਲੋਂ ਕੋਈ ਵਿਚਾਰ ਨਹੀਂ ਦਿੱਤਾ ਸਗੋਂ ਹਰ ਵਿਚਾਰ ਨੂੰ ਗੁਰਬਾਣੀ ਦੇ ਹੋਰ ਪ੍ਰਮਾਣ ਲੈ ਕੇ ਸ਼ਬਦ ਦੀ ਵਿਆਖਿਆ ਕੀਤੀ ਹੈ। ਗੁਰਬਾਣੀ ਦਾ ਹਰ ਵਾਕ ਮਨੁੱਖੀ ਜ਼ਿੰਦਗੀ ਨਾਲ ਖਹਿ ਕੇ ਲੰਘਦਾ ਹੈ।
ਗੁਰੜ ਪੁਰਾਣ ਅਨੁਸਾਰ ਜੇ ਇਸ ਜਨਮ ਵਿੱਚ ਦਾਨ ਪੁੰਨ ਨਾ ਕੀਤਾ ਜਾਏ ਤਾਂ ਮਨੁੱਖ ਬਲਦ ਦੀ ਜੂਨੇ ਪੈਂਦਾ ਹੈ। ਹੁਣ ਤੱਕ ਬੇ-ਰੋਕ ਟੋਕ ਦੇ ਇਸ ਸ਼ਬਦ ਦੀ ਵਿਆਖਿਆ ਏਸੇ ਤਰ੍ਹਾਂ ਦੀ ਹੁੰਦੀ ਆਈ ਹੈ ਕਿ ਮਨੁੱਖ ਵੀ ਅਗਲੇ ਜਨਮ ਵਿੱਚ ਬਲਦ ਦੀ ਜੂਨੇ ਪਏਗਾ।
ਇਸ ਗੱਲ ਤੋਂ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਇਹਨਾਂ ਦੀਆਂ ਪਰਵਾਰਕ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹਨ ਪਰ ਫਿਰ ਵੀ ਸਿੱਖੀ ਦੇ ਪਰਚਾਰ ਪਸਾਰ ਤੇ ਜਮਾਤਾਂ ਲਗਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਅੱਜ ਤੋਂ ਤਿੰਨ ਸਾਲ ਪਹਿਲਾਂ ਮੇਰੀ ਵਿਚਾਰ ਸੀ ਕਿ ਇਹਨਾਂ ਦੇ ਲਿਖੇ ਹੋਏ ਲੇਖਾਂ ਨੂੰ ਇੱਕ ਪੁਸਤਕ ਦਾ ਰੂਪ ਦਿੱਤਾ ਜਾਏ। ਖੈਰ ਦੇਰ ਆਏ ਦਰੁਸਤ ਆਏ ਦੇ ਕਹਿਣ ਅਨੁਸਾਰ ਹੁਣ ਵੀ ਵਧੀਆ ਹੈ ਕਿ ਹੱਥਲੀ ਪੁਸਤਕ ਹੋਂਦ ਵਿੱਚ ਆਈ ਹੈ। ਮੇਰੀ ਦਿੱਲੀ ਤਮੰਨਾ ਹੈ ਕਿ ਇਹ ਜਲਦੀ ਤੋਂ ਜਲਦੀ ਸਿਧਾਤਿਕ ਵਿਚਾਰਾਂ ਵਾਲੀਆਂ ਹੋਰ ਪੁਸਤਕਾਂ ਕੌਮ ਦੀ ਝੋਲ਼ੀ ਵਿੱਚ ਪਉਣ ਤਾਂ ਕਿ ਗੁਰਬਾਣੀ ਦੇ ਸਹੀ ਪੱਖ ਨੂੰ ਸਮਝਿਆ ਜਾ ਸਕੇ।
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ।।
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ।। ੧।।
ਮਾਰੂ ਮਹਲਾ ੫ ਪੰਨਾ ੧੦੦੨




.