.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਰਤੁ ਪਿਤੁ ਕੁਤਿਹੋ ਚਟਿ ਜਾਹੁ

ਦੁਨੀਆਂ ਦੇ ਨਕਸ਼ੇ `ਤੇ ਭਾਰਤ ਵਿਸ਼ਾਲ ਲੋਕ ਰਾਜੀ ਢਾਂਚਾ ਹੈ। ਲੋਕ ਰਾਜੀ ਢਾਂਚੇ ਦਾ ਅਰਥ ਹੈ ਕਿ ਲੋਕ ਵੋਟਾਂ ਰਾਂਹੀ ਆਪਣੀ ਮਨ ਪਸੰਦ ਦਾ ਲੀਡਰ ਚੁਣ ਸਕਣ ਦੀ ਸਮਰੱਥਾ ਰੱਖਦੇ ਹੋਣ। ਪਿੰਡ ਦੀ ਪੰਚਾਇਤ, ਬਲਾਕ ਸੰਮਤੀ, ਮਿਉਂਸਪੈਲਟੀ, ਕਾਰਪੋਰੇਸ਼ਨ, ਨਗਰ ਨਿਗਮ, ਵਿਧਾਨ ਸਭਾ ਤੇ ਪਾਰਲੀਮੈਂਟ ਦੀਆਂ ਚੋਣਾਂ ਲੋਕ ਆਪਣੇ ਹੱਕ ਦੀ ਵਰਤੋਂ ਕਰਕੇ ਨੇਤਾਜਨ ਚੁਣਦੇ ਹਨ। ਜਨੀ ਕਿ ਹਰ ਖੇਤਰ ਵਿੱਚ ਹਰ ਮਨੁੱਖ ਆਪਣੀ ਮਨ ਪਸੰਦ ਦਾ ਲੀਡਰ ਚੁਣ ਸਕਦਾ ਹੈ। ਚੁਣੇ ਹੋਏ ਨੇਤਾ ਜਨ ਜਨਤਾ ਦੇ ਭਲੇ ਲਈ ਕਿਰਿਆਸ਼ੀਲ ਹੁੰਦੇ ਹਨ। ਇਨ੍ਹਾਂ ਸਾਰੀਆਂ ਕੜੀਆਂ ਦਾ ਤੱਤ ਭਾਵ ਏਹੋ ਹੈ ਕਿ ਇਹ ਨੇਤਾਜਨ ਮਨੁੱਖੀ ਹੱਕਾਂ ਦੀ ਰਾਖੀ ਕਰਨ। ਹਰ ਮਨੁੱਖ ਨੂੰ ਜੋ ਕੁਦਰਤੀ ਅਧਿਕਾਰ ਮਿਲੇ ਹੋਏ ਹਨ ਉਹਨਾਂ ਮਨੁੱਖੀ ਅਧਿਕਾਰਾਂ ਦੀ ਹਰ ਪੱਧਰ `ਤੇ ਰਾਖੀ ਕੀਤੀ ਜਾਏ। ਹਰ ਮਨੁੱਖ ਨੂੰ ਬਰਾਬਰ ਦਾ ਸ਼ਹਿਰੀ ਮੰਨਿਆ ਜਾਏ। ਚੁਣੇ ਹੋਏ ਨੇਤਾ ਜਨ ਆਪਣਾ ਸੁਆਰਥ ਪਿੱਛੇ ਰੱਖ ਕੇ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦੇਂਦੇ ਹਨ। ਇਹ ਨੇਤਾ ਜਨ ਦੇਸ, ਸਮਾਜ, ਪਿੰਡ, ਸ਼ਹਿਰ ਗਲੀ ਮਹੱਲੇ ਦੀ ਇਕਸਾਰ ਤਰੱਕੀ ਕਰਾਉਣ ਦਾ ਪ੍ਰਣ ਲੈਂਦੇ ਹਨ।

ਗੁਰੂ ਨਾਨਕ ਸਾਹਿਬ ਜੀ ਦੀ ਫਲਸਫਾ ਹੀ ਏਹੋ ਸੀ ਕਿ

ਵਿਚਿ ਦੁਨੀਆ ਸੇਵ ਕਮਾਈਐ।।

ਤਾ ਦਰਗਹ ਬੈਸਣੁ ਪਾਈਐ।।

ਕਹੁ ਨਾਨਕ ਬਾਹ ਲੁਡਾਈਐ।। ੪।। ੩੩।।

ਸਿਰੀ ਰਾਗ ਮਹਲਾ ੧ ਪੰਨਾ ੨੬

ਅੱਜ ਦੀ ਰਾਜ ਨੀਤੀ ਵਿਚੋਂ ਦੁਨੀਆਂ ਦੀ ਸੇਵਾ ਦਾ ਸਿਧਾਂਤ ਅਲੋਪ ਹੋ ਚੁੱਕਿਆ ਹੈ। ਕੀ ਕਾਰਨ ਹੈ ਕਿ ਜਿਹੜੇ ਨੇਤਾਜਨ ਦੇ ਪਾਸ ਕਲ੍ਹ ਤੱਕ ਸਾਇਕਲ ਵੀ ਨਹੀਂ ਸੀ ਪੰਜਾਂ ਸਾਲਾਂ ਵਿੱਚ ਹੀ ਪੈਟ੍ਰੋਲ ਪੰਪ ਤੇ ਹੋਰ ਕਈ ਪਰਕਾਰ ਦੀਆਂ ਕੰਪਨੀਆਂ ਖੋਲ੍ਹ ਲੈਂਦੇ ਹਨ। ਪਰਵਾਰ ਦਿਨ ਚਾਰ ਗੁਣੀ ਤੇ ਰਾਤ ਅੱਠਗੁਣੀ ਤਰੱਕੀ ਦੀਆਂ ਮੰਜ਼ਿਲਾਂ ਦੇ ਪਹੁੰਚ ਜਾਂਦੇ ਹਨ। ਜਦੋਂ ਅਸੀਂ ਪੰਜਾਬ ਦੀ ਰਾਜਨੀਤੀ ਵਲ ਝਾਤੀ ਮਾਰਦੇ ਹਾਂ ਤਾਂ ਗੁਰੂ ਸਾਹਿਬ ਜੀ ਦੇ ਪੈਗ਼ਾਮ ਨੂੰ ਭੁੱਲ ਕੇ ਆਪੋ ਆਪਣੇ ਪਰਵਾਰ ਤੇ ਰਿਸ਼ਤੇਦਾਰੀਆਂ ਵਿੱਚ ਹੀ ਉਲਝ ਕੇ ਰਹਿ ਗਏ ਹਾਂ। ਸਭ ਤੋਂ ਵੱਡਾ ਦੁਖਾਂਤ ਹੈ ਕਿ ਜਦੋਂ ਅਕਾਲੀ ਦਲ ਸਤਾ ਤੋਂ ਬਾਹਰ ਹੁੰਦਾ ਹੈ ਤਾਂ ਓਦੋਂ ਪੰਜਾਬ ਨਾਲ ਮਤ੍ਰੇਈ ਮਾਂ ਵਾਲਾ ਸਲੂਕ, ਸਿੱਖਾਂ ਨਾਲ ਵਧੀਕੀਆਂ, ਪੰਥਕ ਮਸਲੇ ਬਹੁਤ ਯਾਦ ਆਉਂਦੇ ਹਨ ਤੇ ਓਦੋਂ ਮੋਰਚੇ ਵੀ ਲਗਾਏ ਜਾਂਦੇ ਹਨ। ਜਿਉਂ ਹੀ ਅਕਾਲੀ ਦਲ ਸਤਾ ਵਿੱਚ ਆਉਂਦਾ ਹੈ ਤਾਂ ਉਹ ਸਾਰੇ ਮਸਲੇ ਇਹਨਾਂ ਨੂੰ ਭੁੱਲ ਜਾਂਦੇ ਹਨ। ਪਿੱਛੇ ਅਸੀਂ ਦੇਖਿਆ ਹੈ ਕਿ ਕੇਂਦਰ ਵਿੱਚ ਬਾਜਪਾਈ ਦੀ ਸਰਕਾਰ ਆਈ ਤੇ ਪੰਜਾਬ ਵਿੱਚ ਸਾਡੀ ਆਪਣੀ ਪੰਥਕ ਸਰਕਾਰ ਆਈ ਸੀ, ਪਰ ਪੰਜਾਬ ਦਾ ਕੋਈ ਵੀ ਹਕੀਕੀ ਮਸਲਾ ਹੱਲ ਨਹੀਂ ਹੋਇਆ। ਹੁਣ ਫਿਰ ਦੂਜੀ ਵਾਰ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਚੁਣਿਆ ਸੀ ਪਰ ਪੰਜਾਬ ਦੇ ਹਕੀਕੀ ਮਸਲੇ ਜਾਂ ਪੰਥਕ ਮਸਲੇ ਹੱਲ ਹੋਣ ਦੀ ਬਜਾਏ ਹੋਰ ਉਲਝੇ ਹਨ।

ਹੁਣ ਤਾਂ ਏਦਾਂ ਸਮਝ ਆਉਂਦੀ ਹੈ ਕਿ ਲੋਕ ਵੀ ਅਸਲ ਮਸਲਿਆਂ ਨੂੰ ਬਹੁਤ ਛੇਤੀ ਭੁੱਲ ਜਾਂਦੇ ਹਨ। ਲੋਕਾਂ ਦੇ ਵੀ ਆਪੋ ਆਪਣੇ ਹੀ ਮੁੱਦੇ ਰਹਿ ਜਾਂਦੇ ਹਨ। ਜਦੋਂ ਲੋਕਾਂ ਦੇ ਨਜਾਇਜ਼ ਕੰਮ ਹੋਈ ਜਾਣ ਤਾਂ ਆਮ ਧਾਰਨਾ ਏਹੀ ਬਣਦੀ ਹੈ ਕਿ ਸਰਕਾਰ ਕੰਮ ਬਹੁਤ ਕਰ ਰਹੀ ਹੈ। ਜਿਸ ਕਿਸੇ ਦੀ ਵਜ਼ੀਰ ਨਾਲ ਸਾਂਝ ਬਣ ਜਾਂਦੀ ਹੈ ਉਹ ਸਭ ਤੋਂ ਪਹਿਲਾਂ ਨਜ਼ਾਇਜ ਧੰਧੇ ਸ਼ੁਰੂ ਕਰਦਾ ਹੈ ਕਿਉਂ ਕਿ ਅਜੇਹਿਆਂ ਧੰਧਿਆਂ ਵਿੱਚ ਮਾਇਆ ਦੇ ਅੰਬਾਰ ਲੱਗਦੇ ਹਨ। ਅਜੇਹੇ ਲੋਕ ਨਸ਼ਿਆਂ ਵਰਗੇ ਮਾਰੂ ਧੰਧਿਆਂ ਨੂੰ ਤਰਜੀਹ ਦੇਂਦੇ ਹਨ। ਜੇ ਕਿਤੇ ਕਿਸੇ ਪਿੰਡ ਵਿੱਚ ਸ਼ਰਾਬ ਦੀ ਭੱਠੀ ਫੜੀ ਜਾਂਦੀ ਹੈ ਤਾਂ ਫਟ ਟੈਲੀਫੂਨ ਥਾਣੇਦਾਰ ਦੇ ਕੰਨ ਨੂੰ ਲਗਾਇਆ ਜਾਂਦਾ ਹੈ ਕਿ ਥਾਣੇਦਾਰ ਸਾਹਿਬ ਆ ਵਜ਼ੀਰ ਸਹਿਬ ਨਾਲ ਗੱਲ ਕਰ ਲਓ। ਫਿਰ ਕੀ ਹੁੰਦਾ ਹੈ ਉਹ ਸਭ ਦੇ ਸਾਹਮਣੇ ਹੀ ਹੁੰਦਾ ਹੈ। ਪਿੰਡ ਵਿੱਚ ਬਹਿਜਾ ਬਹਿਜਾ ਹੋ ਗਈ ਕਿ ਫਲਾਣੇ ਬੰਦੇ ਦੀ ਸ਼ਰਾਬ ਦੀ ਭੱਠੀ ਫੜੀ ਗਈ ਤੇ ਪੁਲੀਸ ਨੇ ਕੋਈ ਕੇਸ ਦਰਜ ਨਹੀਂ ਕੀਤਾ।

ਤਿੰਨ ਕੁ ਸਾਲ ਪੁਰਾਣੀ ਗੱਲ ਹੈ ਕਿ ਲੁਧਿਆਣੇ ਸ਼ਹਿਰ ਦੇ ਇੱਕ ਨਾਕੇ `ਤੇ ਮੇਰੇ ਜਾਣਕਾਰ ਪੁਲੀਸ ਅਫ਼ਸਰ ਮਿਲ ਪਏ। ਗੱਲ ਬਾਤ ਕਰਦਿਆਂ ਤਿੰਨ ਕੁ ਨੌਜਵਾਨ ਮੁੰਡੇ, ਜਿਨ੍ਹਾਂ ਨੇ ਆਪਣਿਆਂ ਡੌਲ਼ਿਆਂ `ਤੇ ਰੰਗ-ਬਰੰਗੀ ਚਿਤਰਕਾਰੀ ਕਰਾਈ ਹੋਈ ਸੀ। ਉਹਨਾਂ ਨੇ ਟੈਲੀਫੂਨ ਆਪਣੇ ਕੰਨ ਨਾਲੋਂ ਲਾਹ ਕੇ ਐਸ. ਪੀ. ਦੇ ਕੰਨ ਨਾਲ ਲਗਾ ਦਿੱਤਾ। ਅੱਗੋਂ ਅਵਾਜ਼ ਅਉਂਦੀ ਹੈ ਕਿ ਐਸ. ਪੀ. ਸਾਹਿਬ ਜੀ ਇਹ ਮੁੰਡੇ ਆਪਣੀ ਪਾਰਟੀ ਦੇ ਕਾਰਕੁੰਨ ਹਨ। ਇਹਨਾਂ ਨੂੰ ਛੱਡ ਦਿਓ। ਅੱਗੋਂ ਐਸ. ਪੀ. ਸਾਹਿਬ ਕਹਿਣ ਲੱਗੇ ਜਨਾਬ ਮੈਂ ਇਹਨਾਂ ਨੂੰ ਫੜਿਆ ਹੀ ਨਹੀਂ ਹੈ ਤੇ ਨਾ ਹੀ ਇਹਨਾਂ ਦਾ ਮੈਂ ਚਲਾਣ ਕੱਟਿਆ ਹੈ। ਅਸੀਂ ਤਾਂ ਜਨਾਬ ਤੁਹਾਡੀ ਸਰਕਾਰ ਦੇ ਹੁਕਮ ਮੁਤਾਬਿਕ ਕਾਰਾਂ ਤੋਂ ਕਾਲ਼ੀਆਂ ਫਿਲ਼ਮਾਂ ਹੀ ਉਤਾਰ ਰਹੇ ਹਾਂ ਕਿਉਂ ਕਿ ਕਾਲ਼ੇ ਸ਼ੀਸ਼ੇ ਵਾਲੀਆਂ ਕਾਰਾਂ ਦੁਆਰਾ ਸ਼ਾਹਿਰ ਵਿੱਚ ਮੁਜਰਿਮ ਕਾਰਵਾਈਆਂ ਜ਼ਿਆਦਾ ਹੋ ਰਹੀਆਂ ਹਨ। ਵਜ਼ੀਰ ਸਾਹਿਬ ਕਹਿਣ ਲੱਗੇ ਕੋਈ ਨਹੀਂ ਫਿਰ ਵੀ ਇਹਨਾਂ ਦਾ ਖ਼ਿਆਲ ਰੱਖਿਆ ਜੇ। ਹੁਣ ਇਹ ਲੋਕ ਕਹਿ ਰਹੇ ਹਨ ਕਿ ਦੇਖੋ ਜੀ ਵਜ਼ੀਰ ਸਾਹਿਬ ਨੇ ਸਾਡਾ ਕੰਮ ਕਰਾ ਦਿੱਤਾ। ਇੰਜ ਕਹਿ ਲਿਆ ਜਾਏ ਕਿ ਲੋਕ ਨਜ਼ਾਇਜ ਕੰਮ ਕਰਾ ਕੇ ਕਹਿ ਰਹੇ ਹਨ ਕਿ ਸਾਡਾ ਕੰਮ ਬਹੁਤ ਹੋ ਰਿਹਾ ਹੈ ਤੇ ਰਾਜਨੀਤਿਕ ਲੋਕ ਨਜ਼ਾਇਜ ਕੰਮ ਕਰਕੇ ਕਹਿ ਰਹੇ ਹਨ ਕਿ ਮੁਲਕ ਦੀ ਤਰੱਕੀ ਬਹੁਤ ਹੋ ਰਹੀ ਹੈ।

ਲੋਕ ਸਭਾ ਦੀ ਜੋ ਚੋਣ ਹੋ ਕੇ ਹੱਟੀ ਹੈ ਇਸ ਚੋਣ ਵਿੱਚ ਕਈ ਮੁੱਦੇ ਸਾਡੇ ਸਾਹਮਣੇ ਉਬਰ ਕੇ ਆਏ ਹਨ। ਇਹਨਾਂ ਸਾਰਿਆਂ ਮੁਦਿਆਂ ਵਿਚੋਂ ਨਸ਼ਿਆਂ ਦਾ ਅਹਿਮ ਮੁੱਦਾ ਸਭ ਤੋਂ ਵੱਧ ਪ੍ਰਭਾਵ ਸ਼ਾਲੀ ਰਿਹਾ ਹੈ। ਜੇ ਸਰਕਾਰ ਚਾਹੇ ਤਾਂ ਨਸ਼ੇ ਇੱਕ ਦਿਨ ਵਿੱਚ ਹੀ ਬੰਦ ਹੋ ਸਕਦੇ ਹਨ। ੧੯੪੭ ਨੂੰ ਪੰਜਾਬ ਦੀ ਗੈਰ-ਕੁਦਰਤੀ ਵੰਡ ਹੋਈ। ਪੰਜਾਬ ਤਬਾਹੀ ਦੇ ਕੰਢ ਵਲ ਨੂੰ ਖਿਸਕ ਗਿਆ। ਫੌਜ ਵਿਚੋਂ ਨੋਕਰੀਆਂ ਦਾ ਕੋਟਾ ਘਟਾਇਆ ਗਿਆ। ਪਾਣੀਆਂ ਦੀ ਗੈਰਕੁਦਰਤੀ ਵੰਡ ਹੋਈ। ਪੱਛਮੀ ਪੰਜਾਬ ਤੋਂ ਉਝੜ ਕੇ ਆਇਆਂ ਨੂੰ ਘੱਟ ਜ਼ਮੀਨਾਂ `ਤੇ ਹੀ ਸਬਰ ਕਰਨਾ ਪਿਆ। ਆਪਣਿਆਂ ਹੱਕਾਂ ਦੀ ਰਾਖੀ ਲਈ ਅਕਾਲੀ ਦਲ ਵਲੋਂ ਕਈ ਵਾਰ ਮੋਰਚੇ ਲਗਾਏ ਗਏ ਪਰ ਪ੍ਰਾਪਤੀ ਹਮੇਸ਼ਾਂ ਦੀ ਤਰ੍ਹਾਂ ਬਹੁਤ ਘੱਟ ਹੋਈ ਤੇ ਨੁਕਸਾਨ ਸਭ ਤੋਂ ਹੁੰਦਾ ਰਿਹਾ ਹੈ। ਅਖੀਰ ਪਾਣੀਆਂ ਦੀ ਕਾਣੀ ਵੰਡ `ਤੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਮੋਰਚਾ ਲਗਾਉਣਾ ਪਿਆ। ਇਹ ਮੋਰਚਾ ਸਭ ਤੋਂ ਵੱਧ ਮਹਿੰਗਾ ਸਾਬਤ ਹੋਇਆ। ਨੌਜਵਾਨ ਪੀੜ੍ਹੀ ਦਾ ਘਾਣ ਹੋਇਆ। ਸਮੁੱਚੇ ਪੰਜਾਬ ਵਿੱਚ ਸੱਥਰੇ ਵਿਛ ਗਏ। ਘਰਾਂ ਵਿੱਚ ਵੈਣ ਪੈਣ ਲੱਗ ਗਏ। ਸਮੁੱਚਾ ਪੰਜਾਬ ਲਹੂ ਲੁਹਾਨ ਹੋਇਆ। ਨੌਜਵਾਨਾਂ ਦਾ ਦਿਨ ਦੀਵੀਂ ਸ਼ਿਕਾਰ ਖੇਲਿਆ ਗਿਆ। ਪੂਰੀ ਪੀੜ੍ਹੀ ਬਰਬਾਦ ਹੋਈ। ਫਿਰ ਦੂਜੀ ਪੀੜ੍ਹੀ ਦਾ ਦੌਰ ਸ਼ੁਰੂ ਹੁੰਦਾ ਹੈ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ `ਤੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗਾ ਦਿੱਤਾ। ਰਹਿੰਦੀ ਪੀੜ੍ਹੀ ਨੇ ਨਸ਼ਿਆਂ ਵਿੱਚ ਗੁਲਤਾਨ ਹੋ ਕੇ ਆਪਣੀਆਂ ਜਵਾਨੀਆਂ ਗਾਲ਼ ਲਈਆਂ ਹਨ।

ਹਰ ਵਾਰ ਸਰਕਾਰ ਬਣਦੀ ਹੈ ਤੇ ਇੱਕ ਹੀ ਗੱਲ ਕਹਿੰਦੀ ਹੈ ਕਿ ਪਿੱਛਲੀਆਂ ਸਰਕਾਰਾਂ ਨੇ ਸਾਡੇ ਨਾਲ ਧੱਕਾ ਬਹੁਤ ਕੀਤਾ ਹੈ। ਜੇ ਕਰ ਕੇਂਦਰ ਵਿੱਚ ਇੱਕ ਵਾਰ ਸਾਡੀ ਸਰਕਾਰ ਆ ਗਈ ਤਾ ਪੰਜਾਬ ਦੀ ਤਰੱਕੀ ਦੇ ਸਾਰੇ ਦਰਵਾਜ਼ੇ ਖੁਲ੍ਹ ਜਾਣੇ ਹਨ।

ਪੰਜਾਬ ਦੀ ਸਰਕਾਰ ਨੂੰ ਕੰਧ `ਤੇ ਲਿਖਿਆ ਪੜ੍ਹਨਾ ਚਾਹੀਦਾ ਹੈ। ਪੰਜਾਬ ਵਿੱਚ ਰੁਜ਼ਗਾਰ ਦੇ ਸਾਧਨ ਬਹੁਤ ਹੀ ਸੀਮਤ ਹਨ। ਪੰਜਾਬ ਦਾ ਨੌਜਵਾਨ ਸਰਕਾਰ ਨੌਕਰੀ ਲੱਭਦਾ ਲੱਭਦਾ ਬੁੱਢਾ ਹੋ ਜਾਂਦਾ ਹੈ। ਸਰਕਾਰੀ ਤੰਤਰ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਿਆ ਹੈ। ਨਿਰੀਆਂ ਗਰਾਂਟਾਂ ਵੰਢਣ ਨਾਲ ਕਦੇ ਤਰੱਕੀ ਨਹੀਂ ਹੁੰਦੀ ਜਿੰਨ੍ਹਾਂ ਚਿਰ ਯੋਜਨਾ ਬਧ ਤਰੀਕੇ ਨਾਲ ਤਰੱਕੀ ਦੀਆਂ ਹੱਦਾਂ ਤਹਿ ਨਹੀਂ ਕੀਤੀਆਂ ਜਾਂਦੀਆਂ।

ਨਿਰੇ ਨੀਂਹ ਪੱਥਰ ਰੱਖਣ ਨਾਲ ਤਰੱਕੀ ਨਹੀਂ ਹੁੰਦੀ। ਥੁੱਕਾਂ ਨਾਲ ਕਦੇ ਵੜੇ ਨਹੀਂ ਪੱਕਦੇ। ਜ਼ਮੀਨੀ ਹਕੀਕਤ ਤੋਂ ਪਾਸਾ ਵੱਟ ਕੇ ਲਾਰੇ ਲਉਣੇ ਜਾਂ ਹਵਾਈ ਕਿਲ੍ਹੇ ਉਸਾਰਨ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ ਤੇ ਨਾ ਹੀ ਲੰਮੇਰਾ ਸਮਾਂ ਰਾਜ ਭਾਗ ਰਹਿ ਸਕਦਾ। ਸਮਾਂ ਆਉਣ ਤੇ ਲੋਕ ਮੱਖਣ `ਚੋਂ ਵਾਲ ਕੱਢਣ ਵਾਂਗ ਨਿਕਾਰ ਦੇਂਦੇ ਹਨ। ਦਾਅਵੇ ਤਾਂ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਹਨ ਪਰ ਪਰਨਾਲਾ ਓੱਥੇ ਦਾ ਓੱਥੇ ਹੀ ਰਹਿੰਦਾ ਹੈ। ਕੀ ਕਾਰਨ ਹੈ ਕਿ ਜਨ ਸਧਾਰਨ ਬੰਦਾ ਵੀ ਆਪਣਿਆ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਤੋਂ ਕੰਨੀ ਕਤਰਾਉਂਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਨਾਕਸ ਪ੍ਰਬੰਧ ਦੀ ਮੂੰਹ ਬੋਲਦੀ ਤਸਵੀਰ ਆਮ ਦੇਖੀ ਜਾ ਸਕਦੀ ਹੈ। ਸਰਾਕਰੀ ਬੱਸਾਂ ਦੀ ਹਾਲਤ ਦਿਨ-ਬ-ਦਿਨ ਨਿਘਰਦੀ ਹੀ ਜਾ ਰਹੀ ਹੈ। ਮਾਲ ਮਹਿਕਮੇ ਵਿਚੋਂ ਕੰਮ ਕਰਾਉਣਾ ਚੁਰਾਸੀ ਲੱਖ ਜੂਨ ਕੱਟਣ ਦੇ ਬਰਾਬਰ ਹੈ। ਬਿਜਲੀ ਤੇ ਪੁਲੀਸ ਦੇ ਮਹਿਕਮੇ ਨਾਲ ਤਾਂ ਕਿਸੇ ਦਾ ਵੀ ਵਾਸਤਾ ਨਹੀਂ ਪੈਣਾ ਚਾਹੀਦਾ। ਇਹ ਦੋ ਮਹਿਕਮੇ ਦਿਨੇ ਧੂੜ ਚਟਾ ਦੇਂਦੇ ਹਨ—

ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿੑ ਬੈਠੇ ਸੁਤੇ।।

ਚਾਕਰ ਨਹਦਾ ਪਾਇਨਿੑ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।।

ਜਿਥੈ ਜੀਆਂ ਹੋਸੀ ਸਾਰ।। ਨਕੀ ਵਢੀ ਲਾਇਤਬਾਰ।। ੨।।

(ਪੰਨਾ ੧੨੮੮)

ਅੱਖਰੀਂ ਅਰਥ-- ( ‘ਨਾਮ` ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।

ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ)।

ਸਮੇਤ ਪੰਜਾਬ ਦੇ ਸਾਰਾ ਭਾਰਤ ਹੀ ਰਾਜਨੀਤਿਕ ਲੋਕਾਂ ਦੇ ਝਾਂਸੇ ਤੇ ਸਰਕਾਰੀ ਤੰਤਰ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਹੈ। ਨੇਤਾ ਜਨ ਸ਼ੇਰ ਹਨ ਤੇ ਇਸ ਦੇ ਅਹਿਲਕਾਰ ਸ਼ੇਰਾਂ ਦੀਆਂ ਨਹੁੰਦ੍ਰਾਂ ਹਨ ਤੇ ਜੋ ਕੁਤਿਆਂ ਵਾਂਗ ਲੋਕਾਂ ਦਾ ਲੁਹ ਪੀ ਰਹੇ ਹਨ। ਕਿਤੋਂ ਵੀ ਇਨਸਾਫ਼ ਲੈਣ ਲਈ ਤਕੜੀ ਜਦੋ-ਜਹਿਦ ਕਰਨੀ ਪੈਂਦੀ ਹੈ।

ਥਾਣੇਦਾਰ ਨੂੰ ਆਪਣੀ ਬੱਚੀ ਦੀ ਪੱਤ ਬਚਾਉਣ ਬਦਲੇ ਗੋਲੀ ਨਾਲ ਭੁੰਨ ਦੇਣਾ, ਨਸ਼ਾ ਵੇਚਣ ਵਾਲੇ ਦੀ ਪੁਸ਼ਤ ਪਨਾਹ ਕਰਨੀ, ਨਜਾਇਜ਼ ਕਬਜ਼ਿਆਂ ਲਈ ਪੁਲੀਸ ਦੀ ਵਰਤੋਂ ਕਰਨੀ, ਬਹੁਤਿਆਂ ਮਹਿਕਮਿਆਂ ਨੂੰ ਆਪਣੀ ਆਰਥਿਕਤਾ ਲਈ ਵਰਰਣਾ ਅਤੇ ਪਰਵਾਰਕ ਹਿੱਤਾਂ ਨੂੰ ਮੁੱਖ ਰੱਖਦਿਆਂ ਰਿਸ਼ਤੇਦਾਰੀਆਂ ਪਾਲਣੀਆਂ ਹੀ ਸਮਾਜ ਨੂੰ ਡੂੰਘੇ ਪਾਣੀਆਂ ਵਿੱਚ ਡੋਬਣ ਦੇ ਤੁੱਲ ਹੈ।




.