.

ਅੰਧਾ ਆਗੂ ਜੇ ਥੀਐ (ਭਾਗ-2)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਪਹਿਲਾ ਭਾਗ ਪੜੋ

ਬਹੁਤ ਸਾਰੇ ਪਾਠਕਾਂ ਨੇ ਦਾਸ ਵਲੋਂ ਲਿਖੇ ਗਏ ਆਰਟੀਕਲ ‘ਅੰਧਾ ਆਗੂ ਜੇ ਥੀਐ` ਦੀ ਲਿਖਤ ਨੂੰ ਦਲੇਰੀ ਭਰਪੂਰ ਕਦਮ ਕਹਿੰਦੇ ਹੋਏ ਹੋਰ ਅੱਗੇ ਲਿਖਣ ਦੀ ਪ੍ਰੇਰਣਾ ਵੀ ਕੀਤੀ। ਦਾਸ ਦੀਆਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀਆਂ ਤਿੰਨ ਪੁਸਤਕਾਂ ਤੋਂ ਵੀ ਵਧੇਰੇ ਇਸ ਇੱਕ ਲੇਖ ਪ੍ਰਤੀ ਮਿਲੇ ਉਤਸ਼ਾਹ ਪੂਰਵਕ ਹੁੰਗਾਰੇ ਲਈ ਦਾਸ ਸਪੋਕਸਮੈਨ ਅਤੇ ਸਾਰੇ ਪਾਠਕਾਂ ਦਾ ਦਿਲੋਂ ਰਿਣੀ ਹੈ।

ਪਾਠਕਾਂ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਦਾਸ ਨੇ ਇਸ ਵਿਸ਼ੇ ਉਪਰ ਪਾਠਕਾਂ ਵਲੋਂ ਉਠਾਏ ਗਏ ਨੁਕਤਿਆਂ ਅਤੇ ਗੁਰਮਤਿ ਸਿਧਾਂਤਾਂ ਪ੍ਰਤੀ ਹੋਰ ਸਪਸ਼ਟਤਾ ਦੇਣ ਲਈ ‘ਅੰਧਾ ਆਗੂ ਜੇ ਥੀਐ` (ਭਾਗ-2) ਲਿਖਣ ਦਾ ਫੈਸਲਾ ਕੀਤਾ ਹੈ।

ਬਹੁਗਿਣਤੀ ਡੇਰੇਦਾਰਾਂ ਵਲੋਂ ਡੇਰਾ ਕੰਪਲੈਕਸ ਅੰਦਰ ਵੱਡੇ ਬਾਬੇ ਦਾ ਸਸਕਾਰ ਕਰਨ ਉਪਰੰਤ ਸਸਕਾਰ ਅਸਥਾਨ ਤੇ ਯਾਦਗਾਰ ਬਣਾਉਣ ਸਬੰਧੀ ਗੁਰਮਤਿ ਸਿਧਾਂਤ ਸਮਝਣ ਲਈ ਇਸ ਵਿਸ਼ੇ ਉਪਰ ਇਤਿਹਾਸਕ ਪੱਖਾਂ ਨੂੰ ਵਾਚਣਾ ਵੀ ਲਾਹੇਵੰਦ ਰਹੇਗਾ।

ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਗੁਰਮਤਿ ਦੀ ਜਾਣਕਾਰੀ ਨਹੀਂ ਹੈ। ਅਨਭੋਲ ਹੀ ਕੀਤੀ ਗਈ ਗਲਤੀ ਤਾਂ ਸਤਿਗੁਰੂ ਵੀ ਬਖਸ਼ ਦਿੰਦੇ ਹਨ, ਪਰ ਜਾਣ-ਬੁਝ ਕੇ ਕੀਤੀ ਗਈ ਗਲਤੀ ਨਾ-ਕਾਬਲੇ ਯੋਗ ਗੁਨਾਹ ਬਣ ਜਾਂਦੀ ਹੈ। ਜੇਕਰ ‘ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ` (੬੨੫) ਦੀ ਭਾਵਨਾ ਨਾਲ ਗਲਤੀ ਮੰਨ ਲਈ ਜਾਵੇ ਤਾਂ ਬਖਸ਼ਿੰਦ ਗੁਰੂ ਪਿਛਲੇ ਗੁਨਾਹ ਬਖਸ਼ ਕੇ ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਵਾਂਗ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ ਬਰਾਬਰ ਵੀ ਬਿਠਾ ਲੈਂਦੇ ਹਨ।

ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚ ਗੁਰੂ ਨਾਨਕ ਸਾਹਿਬ ਵਲੋਂ ਭਾਈ ਮਰਦਾਨਾ ਜੀ ਦੇ ਅੰਤਿਮ ਸਮੇਂ ਕੀਤੇ ਜਾਣ ਵਾਲੇ ਕ੍ਰਿਆ ਕਰਮ ਸਬੰਧੀ ਕੀਤੀ ਵਾਰਤਾਲਾਪ ਨੂੰ ‘ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ` (੬੪੭) ਦੇ ਨਜ਼ਰੀਏ ਨਾਲ ਵੇਖਣ/ਸਮਝਣ ਦੀ ਜ਼ਰੂਰਤ ਹੈ।

ਗੁਰੂ ਨਾਨਕ ਸਾਹਿਬ ਵਲੋਂ ਆਪਣੇ ਸਾਥੀ ਦਾ ਅੰਤਿਮ ਸਮਾਂ ਨੇੜੇ ਜਾਣਦੇ ਹੋਏ ਭਾਈ ਮਰਦਾਨਾ ਦੀ ਪਰਖ ਨਹੀਂ ਸਗੋਂ ਸਾਨੂੰ ਗਿਆਨ ਦੇਣ ਲਈ ਸਵਾਲ ਕੀਤਾ- ‘ਮਰਦਾਨਿਆ! ਜੇ ਚਾਹੇਂ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗ ਦਰਿਆ ਵਿੱਚ ਸੁਟ ਦਈਏ ਜਾਂ ਵੈਸ਼ ਵਾਂਗ ਹਵਾ ਵਿੱਚ ਸੁਟਵਾ ਦਈਏ ਜਾਂ ਖਤਰੀ ਵਾਂਗ ਅੱਗ ਵਿੱਚ ਸਾੜ ਦਈਏ ਜਾਂ ਸ਼ੂਦਰ ਵਾਂਗ ਜਮੀਨ ਵਿੱਚ ਦਬਵਾ ਦਈਏ। `ਬ੍ਰਹਮਗਿਆਨ ਦੀ ਅਵਸਥਾ ਨਾਲ ਲਬਰੇਜ਼ ਭਾਈ ਮਰਦਾਨਾ ਜੀ ਦਾ ਬੜਾ ਸਟੀਕ ਜਵਾਬ ਸੀ - ‘ਵਾਹ ਬਾਬਾ ਵਾਹ! ਅਜੇ ਵੀ ਸਰੀਰਾਂ ਦੇ ਚੱਕਰ ਵਿਚ, ਤੁਹਾਡੇ ਦਿਤੇ ਗਿਆਨ ਸਦਕਾ ਸਰੀਰ ਦਾ ਤਾਂ ਖਿਆਲ ਹੀ ਖਤਮ ਹੋ ਗਿਆ ਹੈ। ` ਫਿਰ ਬਾਬਾ ਨਾਨਕ ਨੇ ਹੋਰ ਕਿਹਾ- ‘ਮਰਦਾਨਿਆ! ਸਾਡੇ ਮਨ ਦੀ ਇਛਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਸਮੁੱਚੇ ਸੰਸਾਰ ਵਿੱਚ ਪ੍ਰਸਿੱਧ ਕੀਤਾ ਜਾਵੇ। ` ਮਰਦਾਨਾ ਜੀ ਨੇ ਗੰਭੀਰ ਹੁੰਦੇ ਹੋਏ ਉਤਰ ਦਿਤਾ- ‘ਬਾਬਾ! ਬੜੀ ਮੁਸ਼ਕਲ ਨਾਲ ਤਾਂ ਇਸ ਸਰੀਰ ਰੂਪੀ ਸਮਾਧ ਵਿਚੋਂ ਨਿਕਲਣ ਲੱਗੇ ਹਾਂ, ਇਸ ਨੂੰ ਫਿਰ ਪੱਥਰ ਦੀ ਸਮਾਧ ਵਿੱਚ ਕਿਉਂ ਪਾਉਂਦੇ ਹੋ` ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਗਲਵਕੜੀ ਵਿੱਚ ਲੈ ਕੇ ਸ਼ਾਬਾਸ਼ ਦਿੰਦੇ ਹੋਏ ਫੁਰਮਾਣ ਕੀਤਾ- ‘ਮਰਦਾਨਿਆ! ਤੂੰ ਬ੍ਰਹਮ ਨੂੰ ਪਛਾਣ ਲਿਆ ਹੈ। `

ਮਿਰਤਕ ਪ੍ਰਾਣੀ ਦੇ ਸਸਕਾਰ ਅਸਥਾਨ ਤੇ ਯਾਦਗਾਰ (ਸਮਾਧ/ਮੜ੍ਹੀ) ਆਦਿ ਨਾ ਬਨਾਉਣ ਅਤੇ ਪੂਜਣ ਪ੍ਰਤੀ ਗੁਰਮਤਿ ਅੰਦਰ ਸਪਸ਼ਟ ਹਦਾਇਤਾਂ ਦਰਜ ਹਨ-

-ਦੁਬਿਧਾ ਨ ਪੜਉ ਹਰਿ ਬਿਨ ਹੋਰੁ ਨ ਪੁਜਉ ਮੜੈ ਮਸਾਣਿ ਨ ਜਾਈ।।

(ਸੋਰਠਿ ਮਹਲਾ ੧-੬੩੪)

-ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ।। ਮੜੀ ਮਸਾਣੀ ਮੂੜੇ ਜੋਗੁ ਨਾਹਿ।।

(ਬਸੰਤ ਮਹਲਾ ੧-੧੧੯੦)

- ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰੁਮਿ ਫੂਲ ਤੋਰਾਵੈ।।

ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ।।

(ਮਲਾਰ ਮਹਲਾ ੪-੧੨੬੪)

- ਦਰਬ ਅਸੰਖ ਇਹਾਂ ਜੋ ਆਇ।। ਤਿਸ ਤੇ ਨਹਿ ਮੰਦਰਿ ਚਿਨਵਾਇ।।

(ਗੁਰਪ੍ਰਤਾਪ ਸੂਰਜ- ਅੰਸੂ ੨੪)

- ਗੁਰਮਤ ਵਿੱਚ ਮੜ੍ਹੀ, ਕਬਰ, ਮਸਾਣੀ ਦੇਵੀ ਆਦਿਕ ਦਾ ਪੂਜਣ ਸੇਵਨ ਨਿਸ਼ੇਧ ਕੀਤਾ

ਗਿਆ ਹੈ।

(ਭਾਈ ਕਾਨ੍ਹ ਸਿੰਘ ਨਾਭਾ- ਗੁਰਮਤ ਮਾਰਤੰਡ-ਪੰਨਾ ੭੫੮)

- ਕਿਸੇ ਵਿਅਕਤੀ ਦਾ ਜਿਸ ਥਾਂ ਅੰਤਮ ਸਸਕਾਰ ਕੀਤਾ ਜਾਵੇ, ਉਸ ਥਾਂ ਉਸਦੀ ਬਣਾਈ ਯਾਦਗਾਰ ਸਮਾਧ ਕਹੀ ਜਾਂਦੀ ਹੈ। ਗੁਰਮਤ ਕਿਸੇ ਦੀ ਸਮਾਧ ਬਨਾਉਣ ਤੋਂ ਮਨ੍ਹਾ ਕਰਦੀ ਹੈ। ਪਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਗੁਰਦੁਆਰੇ, ਸਮਾਧਾਂ ਵਜੋਂ ਹੀ ਵਿਕਸਤ ਹੋਏ ਹਨ। ਇਹ ਘੋਰ ਮਨਮਤ ਹੈ ਕਿ ਗੁਰਦੁਆਰੇ ਦਾ ਨਾਂ ਕਿਸੇ ਨਾਸ਼ਮਾਨ ਮਨੁੱਖ ਦੇ ਨਾਂ ਉਪਰ ਰਖਿਆ ਜਾਵੇ।

(ਡਾ. ਗੁਰਸ਼ਰਨਜੀਤ ਸਿੰਘ -ਗੁਰਮਤ ਨਿਰਨਯ ਕੋਸ਼- ਪੰਨਾ 190)

ਵਿਚਾਰਣ ਦਾ ਪੱਖ ਹੈ ਕਿ ਸਮਾਧ ਜਾਂ ਮੜ੍ਹੀ ਬਣਾਉਣ ਲਈ ਤਾਂ ਪੱਥਰ/ਮਾਰਬਲ ਆਦਿ ਦੀ ਵਰਤੋਂ ਕਰਨੀ ਹੀ ਪਵੇਗੀ। ਬਾਅਦ ਵਿੱਚ ਹੌਲੀ ਹੌਲੀ ਅਗਿਆਨਤਾ ਵੱਸ ਅੰਧ ਵਿਸ਼ਵਾਸੀ ਸ਼ਰਧਾਲੂਆਂ ਲਈ ਇਹੀ ਪੱਥਰ ਪੂਜਣ ਯੋਗ ਬਣ ਜਾਣੇ ਹਨ। ਇਹ ਵੀ ਹੋ ਸਕਦਾ ਹੈ ਕਿ ਕਈ ਥਾਵਾਂ ਤੇ ਸਮਾਧ ਉਪਰ ਮੜ੍ਹੀ ਵਾਲੇ ਬਾਬੇ ਦੀ ਪੱਥਰ ਨਾਲ ਬਣੀ ਮੂਰਤੀ ਵੀ ਸਥਾਪਤ ਕਰ ਦਿਤੀ ਜਾਵੇਗੀ।

ਮੱਥੇ ਟੇਕਣ ਵਾਲੇ ਸਮਾਧ ਤਕ ਪਹੁੰਚਣ ਲਈ ਰਸਤੇ ਵਿੱਚ ਲੱਗੇ ਹੋਏ ਪੱਥਰਾਂ/ਮਾਰਬਲ ਨੂੰ ਪੈਰਾਂ ਹੇਠ ਦੇਂਦੇ ਹੋਏ ਲੰਘ ਕੇ ਫੁਲ ਮਾਲਾਵਾਂ ਚੜਾਉਣ ਲਈ ਲੈ ਕੇ ਆਉਂਦੇ ਹਨ, ਮੱਥੇ ਰਗੜਦੇ ਹੋਏ ਮੰਨਤਾਂ ਮੰਗਦੇ ਹਨ। ਜਦੋਂ ਕਿ ਕਿਸੇ ਵੀ ਤਰੀਕੇ ਨਾਲ ਕੀਤੀ ਜਾਣ ਵਾਲੀ ਪੱਥਰ ਪੂਜਾ ਬਾਰੇ ਗੁਰਬਾਣੀ ਸਪਸ਼ਟ ਨਿਸ਼ੇਧ ਕਰਦੀ ਹੈ-

- ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।

ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।। ੧।।

ਭੂਲੀ ਮਾਲਨੀ ਹੈ ਏਉ।।

ਸਤਿਗੁਰੁ ਜਾਗਤਾ ਹੈ ਦੇਉ।। ੧।। ਰਹਾਉ।। … … … …. .

ਪਾਖਾਨ ਗਾਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ।।

ਜੇ ਇਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ।। ੩।।

(ਆਸਾ - ਕਬੀਰ ਜੀ-੪੭੯)

-ਏਕੇ ਪਾਥਰ ਕੀਜੈ ਭਾਉ।। ਦੂਜੈ ਪਾਥਰ ਧਰੀਐ ਪਾਉ।।

ਜੇ ਓਹ ਦੇਉ ਤ ਉਹੁ ਭੀ ਦੇਵਾ।।

ਕਹਿ ਨਾਮਦੇਉ ਹਮ ਹਰਿ ਕੀ ਸੇਵਾ।।

(ਗੂਜਰੀ -ਨਾਮਦੇਵ ਜੀ-੫੨੫)

-ਜੋ ਪਾਥਰ ਕਉ ਕਹਤੇ ਦੇਵ।। ਤਾ ਕੀ ਬਿਰਥਾ ਹੋਵੈ ਸੇਵ।।

ਜੋ ਪਾਥਰ ਕੀ ਪਾਂਈ ਪਾਇ।। ਤਿਸ ਕੀ ਘਾਲ ਅਜਾਂਈ ਜਾਇ।। ੧।। … …. .

ਨਾ ਪਾਥਰੁ ਬੋਲੈ ਨ ਕਿਛੁ ਦੇਇ।। ਫੋਕਟ ਕਰਮ ਨਿਹਫਲ ਹੈ ਸੇਵ।। ੨।।

(ਮਹਲਾ ੫- ਭੈਰਉ ਕਬੀਰ ਜੀ-੧੧੬੦)

- ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ।।

ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ।।

(ਸਲੋਕ ਕਬੀਰ ਜੀ- ੧੩੭੧)

ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਜੋ ਸਿਖ ਧਰਮ ਦਿਤਾ ਹੈ ਉਹ ‘ਕਬੀਰਾ ਜਹਾ ਗਿਆਨੁ ਤਹ ਧਰਮੁ ਹੈ` (੧੩੭੨) ਅਨੁਸਾਰ ਗਿਆਨ ਦਾ ਧਰਮ ਹੈ। ਪਰ ਅਫਸੋਸ ਕਿ ਅਸੀਂ ਗਿਆਨਵਾਨ ਬਨਣ ਦੀ ਬਜਾਏ ਅਗਿਆਨੀ ਹੀ ਕਿਉਂ ਬਣੇ ਰਹਿਣਾ ਚਾਹੁੰਦੇ ਹਾਂ? ਗੁਰਬਾਣੀ ਤਾਂ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਜਿਵੇਂ ਦੁਨਿਆਵੀ ਕਾਰ-ਵਿਹਾਰ ਵਿੱਚ ਅਸੀਂ ਅਕਲ ਦੀ ਵਰਤੋਂ ਕਰਕੇ ਸਫਲਤਾ ਪ੍ਰਾਪਤ ਕਰਨ ਲਈ ਹਰ ਸਮੇਂ ਯਤਨਸ਼ੀਲ ਰਹਿੰਦੇ ਹਾਂ, ਠੀਕ ਇਸੇ ਤਰਾਂ ਧਰਮ ਦੇ ਮਾਰਗ ਉਪਰ ਚਲਣ ਲਈ ਵੀ ਅਕਲ ਦੀ ਵਰਤੋਂ ਕਰਨੀ ਵੀ ਜ਼ਰੂਰੀ ਹੈ। ਜੇ ਅਸੀਂ ਅਕਲ ਦੀ ਵਰਤੋਂ ਨਹੀਂ ਕਰਦੇ ਤਾਂ ਅਸੀਂ ਸ਼ੈਤਾਨ, ਬਿਨਾਂ ਕਿਸੇ ਗੁਣ ਤੋਂ ਹੰਕਾਰ ਗ੍ਰਸਤ ਅਸਲੀ ਖਰ (ਗਧੇ) ਦੀ ਤਰਾਂ ਮੂਰਖ ਅਗਿਆਨੀਆਂ ਦੀ ਸ਼੍ਰੇਣੀ ਵਿੱਚ ਹੀ ਗਿਣੇ ਜਾਵਾਂਗੇ ਅਤੇ ਕਦੀ ਵੀ ਗੁਰੂ ਪ੍ਰਮੇਸ਼ਰ ਦੇ ਦਰ ਤੇ ਮਾਣ ਇਜਤ ਪ੍ਰਾਪਤ ਨਹੀਂ ਕਰ ਸਕਾਂਗੇ-

-ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ।।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।

ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ।।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।।

(ਵਾਰ ਸਾਰੰਗ-ਮਹਲਾ ੧-੧੨੪੫)

- ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ।।

ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ।।

(ਵਾਰ ਸੂਹੀ- ਮਹਲਾ ੧-੭੮੯)

-ਇਕਲਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ।।

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ।।

(ਵਾਰ ਸਾਰੰਗ-ਮਹਲਾ ੧-੧੨੪੬)

ਸਾਡੇ ਕੋਲ ਗੁਰਬਾਣੀ ਅਤੇ ਇਤਿਹਾਸ ਦਾ ਅਮੋਲਕ ਗਿਆਨ ਭਰਪੂਰ ਖਜ਼ਾਨਾ ਹੋਣ ਦੇ ਬਾਵਜੂਦ ਵੀ ਸਿੱਖ ਸੰਗਤਾਂ ਵਿੱਚ ਅਗਿਆਨਤਾ ਦਾ ਪਸਾਰਾ ਹੀ ਕਿਉਂ ਦਿਖਾਈ ੰਿਦੰਦਾ ਹੈ? ਜਦੋਂ ਇਸ ਵਿਸ਼ੇ ਉਪਰ ਪੜਚੋਲ ਕਰਕੇ ਦੇਖਦੇ ਹਾਂ ਤਾਂ ਸਪਸ਼ਟ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਜਿਵੇਂ ਅੱਤਵਾਦ ਨਾਲ ਸਬੰਧਿਤ ਜਥੇਬੰਦੀਆਂ ਆਪਣੇ ਮੈਬਰਾਂ ਦਾ ਬਰੇਨ-ਵਾਸ਼ ਕਰ ਦਿੰਦੀਆਂ ਹਨ ਅਤੇ ਉਹ ਫਿਰ ਆਪਣੇ ਆਕਾਵਾਂ ਦੇ ਇਸ਼ਾਰਿਆਂ ਉਪਰ ਨਚਦੇ ਹੋਏ ਨਰ-ਸੰਘਾਰ ਰੂਪੀ ਦੁਸ਼ਕਰਮ ਕਰਨ ਤੋਂ ਰਤੀ ਭਰ ਵੀ ਸੰਕੋਚ ਨਹੀਂ ਕਰਦੇ। ਦਾਸ ਨੂੰ ਲਗਦਾ ਹੈ ਕਿ ਠੀਕ ਇਸੇ ਤਰਾਂ ਸਾਡੇ ਸਿੱਖ ਸਮਾਜ ਨੂੰ ਅੰਦਰੋ ਖੋਖਲਾ ਕਰ ਚੁਕੀ ਡੇਰਾਵਾਦ ਰੂਪੀ ਚਿਟੀ ਸਿਉਂਕ ਨੇ ਵੀ ਆਪਣੇ ਪਿਛੇ ਚਲਣ ਵਾਲੇ ਚੇਲੇ- ਚਾਟੜਿਆਂ ਦੇ ਬਰੇਨ-ਵਾਸ਼ ਹੀ ਕੀਤੇ ਹੋਏ ਹਨ।

ਜਿਵੇਂ ਦਾਸ ਨੇ ਪਿਛਲੇ ਭਾਗ ਵਿੱਚ ਹਰੀਕੇ ਹੈਡ ਵਰਕਸ ਤੇ ਬਾਬੇ ਦੀ ਦੇਹ ਜਲ ਪ੍ਰਵਾਹ ਕਰਨ ਸਮੇਂ ਬੇੜੀ ਡੁਬਣ ਨਾਲ ਕਈ ਮੌਤਾਂ ਹੋਣ ਦਾ ਜ਼ਿਕਰ ਕੀਤਾ ਸੀ। ਬਾਬਿਆਂ ਦੇ ਅੰਧ ਵਿਸ਼ਵਾਸ਼ੀ ਕੁੱਝ ਪਾਠਕਾਂ ਦੇ ਫੋਨ ਆਏ। ਉਹਨਾਂ ਨੇ ਦਸਿਆ ਕਿ ਬੇੜੀ ਵਿੱਚ ਡੁੱਬਣ ਵਾਲੇ ਮਰੇ ਨਹੀਂ ਉਹਨਾਂ ਨੂੰ ਤਾਂ ਬਾਬਾ ਜੀ ਸਿੱਧਾ ਹੀ ਆਪਣੇ ਨਾਲ ਸਚਖੰਡ ਵਿਖੇ ਲੈ ਕੇ ਗਏ ਹਨ। ਦਾਸ ਨੇ ਉਲਟਾ ਸਵਾਲ ਕੀਤਾ- ਕੀ ਤੁਸੀਂ ਵੀ ਉਥੇ ਹਾਜ਼ਰ ਸੀ? ਹਾਂ ਵਿੱਚ ਜਵਾਬ ਮਿਲਣ ਤੇ ਦਾਸ ਨੇ ਫਿਰ ਤਰਕ ਨਾਲ ਗੱਲ ਕੀਤੀ ਕਿ ਲਗਦਾ ਹੈ ਕਿ ਬਾਬਾ ਜੀ ਦਾ ਤੁਹਾਡੇ ਵਰਗੇ ਹੋਰ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਨਾਲ ਪਿਆਰ ਨਹੀਂ ਹੋਵੇਗਾ ਤਾਂ ਹੀ ਤੁਹਾਨੂੰ ਨਾਲ ਲੈ ਕੇ ਨਹੀਂ ਗਏ। ਇਹ ਸੁਣ ਕੇ ਉਹ ਨਿਰ-ਉਤਰ ਹੋ ਗਏ। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਘਰਾਂ ਦੇ ਜੀਅ ਇਸ ਦੁਰਘਟਨਾ ਵਿੱਚ ਚਲੇ ਗਏ, ਉਹਨਾਂ ਘਰਾਂ ਅੰਦਰ ਤਾਂ ਮਾਤਮ ਦੀਆਂ ਸਫਾਂ ਵਿਛ ਗਈਆਂ, ਤੁਹਾਡਾ ਕੂੜ ਭਰਪੂਰ ਵਿਸ਼ਵਾਸ ਪ੍ਰਵਾਰਾਂ ਨੂੰ ਢਾਰਸ ਕਿਵੇਂ ਦੇਵੇਗਾ?

ਜਿਵੇਂ ਗੁਰੂ ਨਾਨਕ ਸਾਹਿਬ ਬਚਨ ਕਰਦੇ ਹਨ ਕਿ ਸਿਖਾਏ ਹੋਏ ਹਿਰਨਾਂ, ਬਾਜ਼ਾਂ ਅਤੇ ਸਵਾਰਥੀ ਕਰਮਚਾਰੀਆਂ ਦੀ ਗਿਣਤੀ ਭਾਵੇਂ ਪੜਿਆਂ ਵਿੱਚ ਹੁੰਦੀ ਹੈ ਪ੍ਰੰਤੂ ਇਨ੍ਹਾਂ ਦੀ ਪੜਾਈ ਆਪਣੀ ਜਾਤ-ਸ਼੍ਰੇਣੀ ਦੇ ਹੋਰਾਂ ਨੂੰ ਸ਼ਿਕਾਰੀ ਦੀ ਫਾਹੀ/ ਜਾਲ ਵਿੱਚ ਫਸਾਉਣ ਲਈ ਵਰਤੀ ਜਾਂਦੀ ਹੈ। ਸਾਨੂੰ ਜਿਥੇ ਅੰਧੇ ਗੁਰੂਆਂ/ ਆਗੂਆਂ ਤੋਂ ਬਚਣ ਦੀ ਲੋੜ ਹੈ ਉਸ ਦੇ ਨਾਲ-ਨਾਲ ਉਹਨਾਂ ਦੇ ਅੰਧ ਵਿਸ਼ਵਾਸ਼ੀ ਚੇਲੇ-ਚਾਟੜਿਆਂ ਤੋਂ ਵੀ ਸੁਚੇਤ ਰਹਿਣਾ ਜਰੂਰੀ ਹੈ-

- ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ।।

ਫਾਂਧੀ ਲਾਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।।

(ਵਾਰ ਮਲਾਰ-ਮਹਲਾ ੧-੧੨੮੮)

- ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ।।

ਓਇ ਭਾਣੇ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ।।

(ਵਾਰ ਰਾਮਕਲੀ ੧- ਮਹਲਾ ੩-੯੪੫)

- ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ।।

(ਸਿਰੀ ਰਾਗ ਮਹਲਾ ੧-੫੮)

ਬਹੁਤ ਸਾਰੇ ਡੇਰੇਦਾਰਾਂ ਦੇ ਅਗਿਆਨੀ ਅੰਧਵਿਸ਼ਵਾਸ਼ੀ ਸ਼ਰਧਾਲੂ ਡੇਰਿਆਂ ਅੰਦਰ ਬਾਬੇ ਦੇ ਸਸਕਾਰ ਅਸਥਾਨ ਉਪਰ ਸਮਾਧ ਜਾਂ ਮੜ੍ਹੀ ਰੂਪੀ ਯਾਦਗਾਰ ਨੂੰ ਜ਼ਾਇਜ਼ ਠਹਿਰਾਉਣ ਲਈ ਬਹੁਤ ਬੇ-ਸਿਰ ਪੈਰ, ਬੇ-ਥਵੀਆਂ ਅਤੇ ਅਢੁਕਵੀਆਂ ਦਲੀਲਾਂ ਦੇਣ ਤੋਂ ਵੀ ਸੰਕੋਚ ਨਹੀ ਕਰਦੇ। ਉਹ ਕਹਿੰਦੇ ਹਨ ਕਿ ਗੁ. ਡੇਹਰਾ ਸਾਹਿਬ ਲਾਹੌਰ, ਗੁ. ਬਾਲਾ ਸਾਹਿਬ ਦਿੱਲੀ, ਗੁ. ਸੀਸ ਗੰਜ ਸਾਹਿਬ ਦਿਲੀ- ਅਨੰਦਪੁਰ ਸਾਹਿਬ, ਗੁ. ਰਕਾਬ ਗੰਜ ਸਾਹਿਬ ਦਿਲੀ, ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਆਦਿ ਵੀ ਤਾਂ ਐਸੀਆਂ ਯਾਦਗਾਰਾਂ ਹੀ ਹਨ। ਉਹ ਇਸ ਤਰਾਂ ਦੀਆਂ ਦਲੀਲਾਂ ਨਾਲ ਅਛੋਪਲੇ ਹੀ ਆਪਣੇ ਬਾਬਿਆਂ ਨੂੰ ਗੁਰੂ ਸਾਹਿਬਾਨ ਦੀ ਬਰਾਬਰੀ ਵਾਲੇ ਪਾਸੇ ਲਿਜਾਣ ਦਾ ਪਾਪ ਕਰਨ ਤੋਂ ਵੀ ਨਹੀਂ ਝਿਜਕਦੇ। ਜਦੋਂ ਕਿ ਇਹਨਾਂ ਗੁਰ ਅਸਥਾਨਾਂ ਦੀ ਆਪਣੀ-ਆਪਣੀ ਇਤਿਹਾਸਕ ਮਹੱਤਤਾ ਹੈ ਅਤੇ ਇਹਨਾਂ ਗੁਰਧਾਮਾਂ ਦੀ ਉਸਾਰੀ ਅਤੇ ਡੇਰੇਦਾਰਾਂ ਦੀਆਂ ਯਾਦਗਾਰਾਂ ਦੀ ਉਸਾਰੀ ਦੇ ਮਕਸਦ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਐਸੀਆਂ ਢੁਚਰਾਂ ਖੜੀਆਂ ਕਰਨ ਵਾਲੇ ਭੁਲ ਜਾਂਦੇ ਹਨ ਕਿ-

- ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ।।

ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ।।

(ਗਉੜੀ ਕੀ ਵਾਰ- ਮਹਲਾ ੪-੩੧੦)

-ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।।

ਗੁਰ ਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ।।

(ਆਸਾ ਮਹਲਾ ੪-੪੪੯)

ਕਈ ਐਸੇ ਪਿਛਲੱਗ ਤਾਂ ਸ੍ਰੀ ਹਜ਼ੂਰ ਸਾਹਿਬ, ਨੰਦੇੜ ਦੇ ਗੁਰ ਅਸਥਾਨ ਉਪਰ ਗੁਰਮਤਿ ਵਿਰੋਧੀ ਕੀਤੇ ਜਾ ਰਹੇ ਕਰਮਾਂ ਨੂੰ ਸਾਹਮਣੇ ਰੱਖਦੇ ਹੋਏ ਆਪਣੇ ਡੇਰਿਆਂ ਅੰਦਰਲੇ ਮਨਮਤੀ ਕਰਮ ਨੂੰ ਜ਼ਾਇਜ਼ ਠਹਿਰਾਉਣ ਦੇ ਆਸਰੇ ਵਜੋਂ ਵੀ ਵਰਤ ਲੈਂਦੇ ਹਨ। ਪਰ ਵਿਚਾਰਣ ਦਾ ਮੁੱਦਾ ਹੈ ਕਿ ਜਾਗਰੂਕ ਸਿੱਖ ਤਬਕਾ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਇਤਿਹਾਸਕ ਮਹੱਤਤਾ ਕਾਰਣ ਯਾਤਰਾ ਤਾਂ ਜ਼ਰੂਰ ਕਰਦਾ ਹੈ ਪਰ ਉਥੇ ਹੋ ਰਹੀਆਂ ਮਨਮਤੀ ਕਿਰਿਆਵਾਂ ਨੂੰ ਕੋਈ ਵੀ ਮਾਨਤਾ ਨਹੀਂ ਦਿੰਦਾ। ਲੋੜ ਤਾਂ ਹਜ਼ੂਰ ਸਾਹਿਬ ਦੀ ਧਰਤੀ ਤੋਂ ‘ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ` ਦੇ ਮੂਲ ਸੰਦੇਸ਼ ਨੂੰ ਪੱਲੇ ਬੰਨ ਕੇ ਨਾਲ ਲੈ ਕੇ ਆਉਣ ਦੀ ਹੈ, ਜੋ ਅਸਲ ਵਿੱਚ ਨਹੀ ਹੋ ਰਿਹਾ।

ਸਿਆਣਿਆਂ ਦਾ ਕਥਨ ਹੈ ਕਿ- ‘ਸਮਝਾਇਆ ਉਸ ਨੂੰ ਜਾ ਸਕਦਾ ਹੈ ਜੋ ਸਮਝਣ ਲਈ ਤਿਆਰ ਹੋਵੇ। `

ਜਿਵੇਂ ਕਹਿੰਦੇ ਹਨ ਕਿ ਦੋ ਮਨੁੱਖ ਦੁਧ ਦਾ ਰੰਗ ਚਿਟਾ ਜਾਂ ਕਾਲਾ ਤੋਂ ਆਪਸ ਵਿੱਚ ਖਹਿਬੜ ਪਏ। ਦੁਧ ਦਾ ਰੰਗ ਚਿਟਾ ਕਹਿਣ ਵਾਲੇ ਨੇ 10-15 ਰਾਹਗੀਰਾਂ ਤੋਂ ਵੀ ਪੁਛ ਕੇ ਆਪਣੀ ਗੱਲ ਦੀ ਪ੍ਰੋੜਤਾ ਕਰਵਾ ਦਿਤੀ। ਪਰ ਦੁਧ ਨੂੰ ਕਾਲਾ ਕਹਿਣ ਵਾਲੇ ਦਾ ਫਿਰ ਘੜਿਆ ਘੜਾਇਆ ਜਵਾਬ ਸੀ- ‘ਜਿੰਨਾ ਚਿਰ ਮੈਂ ਨਹੀਂ ਮੰਨਦਾ ਓਨਾ ਚਿਰ ਦੁਧ ਦਾ ਰੰਗ ਕਾਲਾ ਹੀ ਰਹੇਗਾ। `

ਗੁਰੂ ਗਿਆਨ ਦੀ ਰੋਸ਼ਨੀ ਵਿੱਚ ਸਿਧਾਂਤ ਨੂੰ ਪ੍ਰਪੱਕ ਰੱਖਦੇ ਹੋਏ ਸਾਨੂੰ ਸਮੇਂ ਅਨੁਸਾਰ ਕੁੱਝ ਮਰਯਾਦਾਵਾਂ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੈ। ਜਿਵੇਂ ਅੱਜ ਤੋਂ 20-25 ਸਾਲ ਪਹਿਲਾਂ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਨਾਹਰਾ ਦਿਤਾ ਸੀ- ‘ਦੱਬ ਕੇ ਵਾਹ ਰੱਜ ਕੇ ਖਾਹ` ਪਰ ਸਮੇਂ ਅਨੁਸਾਰ ਖੇਤੀਬਾੜੀ ਵਿਭਾਗ ਨੇ ਹੀ ਇਸ ਨਾਹਰੇ ਨੂੰ ‘ਸਿਆਣਪ ਨਾਲ ਵਾਹ ਰੱਜ ਕੇ ਖਾਹ` ਵਿੱਚ ਬਦਲ ਦਿਤਾ ਹੈ। ਸਿੱਖ ਧਰਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ‘ਧਰਮ-ਸਿਰ ਦਿਤਿਆਂ ਬਾਝ ਨਹੀਂ ਰਹਿਣਾ` ਦੇ ਨਾਲ ਨਾਲ ਅੱਜ ਦੇ ਸਮੇਂ ‘ਧਰਮ- ਸਿਰ ਵਰਤਿਆਂ ਬਾਝ ਨਹੀਂ ਰਹਿਣਾ` ਵਿੱਚ ਬਦਲਣ ਦੀ ਜਰੂਰਤ ਹੈ। ਕਿਉਂ ਕਿ ਸਿਆਣਪ ਇਸ ਗੱਲ ਦੀ ਮੰਗ ਕਰਦੀ ਹੈ ਕਿ ਕੌਮ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਪ੍ਰਾਪਤੀ ਵੱਧ ਤੋਂ ਵੱਧ ਕੀਤੀ ਜਾਵੇ, ਪਰ ਅਫਸੋਸ ਕਿ ਸਾਡੀ ਸਿੱਖ ਕੌਮ ਦਾ ਬੌਧਿਕ ਪੱਧਰ ਅਜੇ ਇਸ ਲੈਵਲ ਉਪਰ ਨਹੀਂ ਪਹੁੰਚਿਆ।

ਉਪਰੋਕਤ ਪੱਖਾਂ ਨੂੰ ਧਿਆਨ ਗੋਚਰੇ ਰੱਖਦੇ ਹੋਏ ਸਾਨੂੰ ਮਿਰਤਕ ਸੰਸਕਾਰ ਨਾਲ ਸਬੰਧਿਤ ਮਰਯਾਦਾਵਾਂ ਵਿੱਚ ਸਮੇਂ ਅਨੁਸਾਰ ਤਬਦੀਲੀਆਂ ਕਰਨ ਦੀ ਬੇਹੱਦ ਜ਼ਰੂਰਤ ਹੈ। ਲੱਕੜ ਦੇ ਦਿਨੋ ਦਿਨ ਘਟਦੇ ਜਾਣ ਕਾਰਣ ਮਿਰਤਕ ਪ੍ਰਾਣੀ ਦੇ ਸਸਕਾਰ ਲਈ ਗੈਸ-ਇਲੈਕਟ੍ਰਿਕ ਭੱਠੀਆਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। (ਜੇ ਕਿਤੇ ਐਸਾ ਪ੍ਰਬੰਧ ਹੋ ਵੀ ਗਿਆ ਹੈ ਤਾਂ ਅਸੀਂ ਪੁਰਾਤਨ ਪਰੰਪਰਾ ਦੇ ਨਾਮ ਉਪਰ ਅਪਨਾਉਣ ਲਈ ਤਿਆਰ ਨਹੀ ਹੋ ਰਹੇ)।

ਦਿਨੋ ਦਿਨ ਵਧਦੇ ਹੋਏ ਪ੍ਰਦੂਸ਼ਣ ਤੋਂ ਬਚਾਉਣ ਲਈ ਰਾਖ-ਅਸਥੀਆਂ ਨੂੰ ਜਲ-ਪ੍ਰਵਾਹ ਦੀ ਥਾਂ ਤੇ ਕੁੱਝ ਹੋਰ ਤਰੀਕਾ ਵਰਤਣ ਦੀ ਲੋੜ ਹੈ। ਮਿਰਤਕ ਪ੍ਰਾਣੀ ਨਾਲ ਸਬੰਧਿਤ ਨਿਭਾਈਆਂ ਜਾ ਰਹੀਆਂ ਬੇਲੋੜੀਆਂ ਪ੍ਰੰਪਰਾਵਾਂ ਕਾਰਣ ਅੱਜ ਦੇ ਮਹਿੰਗਾਈ ਭਰਪੂਰ ਯੁਗ ਵਿੱਚ ਆਮ ਪ੍ਰਵਾਰਾਂ ਵਿੱਚ ਮਰਣਾ ਵੀ ਮਹਿੰਗਾ ਮਹਿਸੂਸ ਹੋ ਰਿਹਾ ਹੈ। ਪਰ ‘ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ` (੨੮) ਦੇ ਮਾਰਗ ਉਪਰ ਚਲਦਿਆਂ ਕੋਈ ਵੀ ਪਹਿਲ ਕਰਨ ਲਈ ਤਿਆਰ ਨਹੀਂ ਹੈ।

ਅਸਥੀਆਂ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਗੁਰ ਅਸਥਾਨਾਂ ਵਿੱਚ ‘ਅਸਥੀਆਂ ਦਾ ਇਸ਼ਨਾਨ ਇਥੇ ਕਰਾਉ`ਦੇ ਲੱਗੇ ਬੋਰਡ, ਮਿਰਤਕ ਪ੍ਰਾਣੀ ਨਮਿਤ ਮੋਮੀ ਲਿਫਾਫੇ ਵਿੱਚ ਪੈਕ ਕੀਤੇ ਭਾਂਡੇ ਦਾਨ ਕਰਨ (ਭਾਵੇਂ ਇਹ ਬਰਤਨ ਇੱਕ ਦਿਨ ਵਿੱਚ ਪਤਾ ਨਹੀ ਕਿੰਨੀ ਵਾਰ ਬਾਰ -ਬਾਰ, ਵੇਚੇ- ਖਰੀਦੇ - ਚੜਾਏ ਜਾਂਦੇ ਹਨ) ਮਿਰਤਕ ਪ੍ਰਾਣੀ ਦਾ ਨਾਮ ਦਰਜ ਕਰਾਉਣ ਲਈ ਖੁਲ੍ਹੇ ਹੋਏ ਰਜਿਸਟਰ (ਜਿਨ੍ਹਾਂ ਦੀ ਕੋਈ ਵੀ ਕਾਨੂੰਨੀ ਮਾਨਤਾ, ਅਥਾਰਟੀ ਨਹੀਂ ਹੈ, ਦਰਜ ਕਰਾਉਣ ਵਾਲਾ ਭਾਵੇਂ ਰਾਮ ਸਿੰਘ ਦੀ ਥਾਂ ਤੇ ਮਹਿੰਦਰ ਸਿੰਘ, ਆਦਮੀ ਦੀ ਥਾਂ ਤੇ ਔਰਤ ਜਾਂ ਹੋਰ ਹੀ ਦਰਜ ਕਿਉਂ ਨਾ ਕਰਵਾ ਦੇਵੇ, ਕੋਈ ਪੜਤਾਲ ਥੋੜਾ ਹੋਣੀ ਹੈ) ਇਤਿਆਦਕ ਕਰਮ ਕਾਂਡ ਕਿਧਰ ਦੀ ਗੁਰਮਤਿ ਹੈ। ਗੁਰਮਤਿ ਪ੍ਰਤੀ ਜਾਗਰੂਕ ਕਰਨਾ ਕਿਸ ਦੀ ਜਿੰਮੇਵਾਰੀ ਹੈ? ਬਸ ਇਥੇ ਤਾਂ ਇਹੀ ਕਹਿਣਾ ਬਣਦਾ ਹੈ ਕਿ ਜਿਸ ਬੇੜੀ ਦਾ ਮਲਾਹ ਹੀ ਬੇਈਮਾਨ ਹੋਵੇ ਉਸ ਬੇੜੀ ਅਤੇ ਉਸ ਵਿੱਚ ਸਵਾਰ ਮੁਸਾਫਰਾਂ ਨੂੰ ਡੁਬਣੋ ਕੋਈ ਨਹੀਂ ਬਚਾ ਸਕਦਾ, ਠੀਕ ਇਸੇ ਤਰਾਂ ਅੱਜ ਸਿੱਖ ਕੌਮ ਦੇ ਧਾਰਮਿਕ, ਸਮਾਜਕ, ਰਾਜਨੀਤਕ ‘ਅੰਧੇ ਆਗੂ ` ਆਪਣੇ-ਆਪਣੇ ਸਵਾਰਥਾਂ ਹਿਤ ਇਸੇ ਮਾਰਗ ਉਪਰ ਚਲਦੇ ਹੋਏ ਫੋਕਟ ਕਰਮਕਾਂਡਾਂ ਦੇ ਚਿਕੜ ਵਿੱਚ ਆਪ ਅਤੇ ਕੌਮ ਨੂੰ ਡੋਬ ਰਹੇ ਹਨ।

ਅੱਜ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਰਾਜਨੀਤਕ ਆਗੂ ਦੀ ਮੌਤ ਹੋ ਜਾਣ ਦੇ ਮੌਕੇ ਉਪਰ ਅਖਬਾਰੀ ਇਸ਼ਤਿਹਾਰਾਂ ਰਾਹੀਂ ਖੁਸ਼ਾਮਦ ਕਰਨ ਦੇ ਹੱਦ ਬੰਨੇ ਟੱਪਦੇ ਹੋਏ ਸਸਕਾਰ, ਅਸਥੀਆਂ ਜਲ-ਪ੍ਰਵਾਹ, ਭੋਗ ਸਮੇਂ ਵੱਡੇ ਤੋਂ ਵੱਡਾ ਇਕੱਠ ਕਰਕੇ ਰਾਜਨੀਤਕ ਲਾਭ ਉਠਾਉਣ ਦੇ ਪੂਰੇ ਯਤਨ ਕੀਤੇ ਜਾਂਦੇ ਹਨ। ਪਰ ਅਫਸੋਸ ਉਸ ਸਮੇਂ ਹੁੰਦਾ ਹੈ ਜਦੋ ਦੇਖਾ ਦੇਖੀ ਸਾਡੇ ਸਮਾਜਕ, ਧਾਰਮਕ ਆਗੂ ਵੀ ਐਸਾ ਹੀ ਕਰਦੇ ਹਨ। ਅਸਥੀਆਂ ਨੂੰ ਅਣਗਿਣਤ ਬੱਸਾਂ ਗੱਡੀਆਂ ਦੇ ਕਾਫਲੇ ਵਿੱਚ ਜਲੂਸ ਦੀ ਸ਼ਕਲ ਅੰਦਰ ਲੈ ਜਾ ਕੇ ਜਲ ਪ੍ਰਵਾਹ ਕਰਨ ਦਾ ਪੂਰਾ ਅਡੰਬਰ ਰਚਿਆ ਜਾਂਦਾ ਹੈ। ਭੋਗ ਸਮੇਂ ਵੀ ਐਸਾ ਹੀ ਦੇਖਣ ਨੂੰ ਮਿਲਦਾ ਹੈ। ਸੋਚਣ ਦੀ ਗੱਲ ਹੈ ਕਿ ਰਾਜਨੀਤਕ ਪਾਰਟੀ ਨੇ ਤਾਂ ਵੋਟਾਂ ਲੈਣੀਆਂ ਹੋਣਗੀਆਂ, ਪ੍ਰੰਤੂ ਇਹਨਾਂ ਆਗੂਆਂ ਦਾ ਮਕਸਦ ਕੀ ਹੋਵੇਗਾ? ਕੌਮ ਦਾ ਇੰਨਾ ਪੈਸਾ, ਸਮਾਂ, ਤਾਕਤ ਖਰਚ ਕਰਦੇ ਹੋਏ ਸਾਡੇ ਇਹ ‘ਅੰਧੇ ਆਗੂ` ਕੌਮ ਨੂੰ ਕੀ ਸੇਧ ਦੇਣਾ ਚਾਹੁੰਦੇ ਹਨ? ਬਸ ਵੱਡੇ ਤੋਂ ਵੱਡੇ ਇਕੱਠ ਕਰਦੇ ਹੋਏ ਇਸ ਸਮੇਂ ਦੀ ਵਰਤੋਂ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਾਬਤ ਕਰਨ ਦੀ ਹੀ ਕੋਸ਼ਿਸ਼ ਹੈ ਹੋਰ ਕੁੱਝ ਨਹੀਂ। ਇਸ ਮੁਕਾਬਲੇਬਾਜ਼ੀ ਵਿਚੋਂ ਕੌਮ ਦਾ ਕੀ ਭਲਾ ਹੋਵੇਗਾ? ਕੌਣ ਸੋਚੇਗਾ, ਕੌਣ ਰੋਕੇਗਾ?

ਅੱਜ ਅਸੀਂ ਹਰਿਦੁਆਰ ਦੇ ਪਾਂਡਿਆਂ ਦੀ ਨਕਲ ਕਰਦੇ ਹੋਏ ਕੀਰਤਪੁਰ ਸਾਹਿਬ, ਗੋਇੰਦਵਾਲ ਸਾਹਿਬ, ਹਰੀਕੇ ਪੱਤਣ ਆਦਿ ਨਵੇਂ ਪੈਦਾ ਕੀਤੇ ਹਰਿਦੁਆਰਾਂ ਵਿਖੇ ਪਾਂਡਾਂ ਵਹੀਆਂ ਦੀ ਨਕਲ ਕਰਦੇ ਹੋਏ ਰਜਿਸਟਰ ਵੀ ਖੋਹਲ ਲਏ। ਪਰ ਨਕਲ ਲਈ ਵੀ ਅਕਲ ਦੀ ਜ਼ਰੂਰਤ ਹੁੰਦੀ ਹੈ। ਸਾਡੇ ਕੋਲ ਆਪਣੇ ਦਾਦੇ- ਪੜਦਾਦੇ ਤੋਂ ਅੱਗੇ ਲਗਭਗ ਜਾਣਕਾਰੀ ਨਹੀਂ ਹੈ।

ਪਾਂਡਾ ਵਹੀਆਂ ਸਾਡੇ ਪ੍ਰਵਾਰਕ ਪੀੜੀ ਨਾਮਾ/ ਕੁਰਸੀ ਨਾਮਾ ਦੀ ਬਹੁਮੁੱਲੀ ਵਿਸਥਾਰਤ ਜਾਣਕਾਰੀ ਦਾ ਸੋਮਾ ਹਨ। ਪਾਂਡਿਆਂ ਵਲੋਂ ਆਪਣੀ ਉਪਜੀਵਕਾ ਲਈ ਧਰਮ ਦੇ ਨਾਮ ਹੇਠ ਕੀਤੇ ਜਾ ਰਹੇ ਅਨੇਕਾਂ ਫੋਕਟ ਕਰਮ ਕਾਂਡਾਂ ਨੂੰ ਪਾਸੇ ਰੱਖਦੇ ਹੋਏ ਗੁਰਬਾਣੀ ਫੁਰਮਾਣ ‘ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ` (੭੬੫) ਤੋਂ ਸੇਧ ਲੈਂਦੇ ਹੋਏ ਪ੍ਰਵਾਰਕ ਜਾਣਕਾਰੀ ਵਾਲੇ ਸੋਮੇ ਵਜੋਂ ਉਸਦਾ ਯੋਗ ਬਦਲ ਲਭਣ ਲਈ ਯਤਨਸ਼ੀਲ ਹੋਣ ਦੀ ਜ਼ਰੂਰਤ ਹੈ।

ਅਸੀ ਸਿੱਖ ਹਾਂ। ਗੁਰੂ ਨਾਨਕ ਸਾਹਿਬ ਸਾਡੇ ਮਾਰਗ ਦਰਸ਼ਕ ਹਨ। ਗੁਰੂ ਸਾਹਿਬ ਵਲੋਂ ਜਿਥੇ ਧਰਮ ਦੇ ਨਾਮ ਹੇਠ ਮਨੁੱਖਤਾ ਨੂੰ ਪ੍ਰਚਲਿਤ ਕਰਮਕਾਂਡਾਂ ਰਾਹੀਂ ਕੁਰਾਹੇ ਪਾ ਰਹੇ ਅਖੌਤੀ ਆਗੂਆਂ ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਉਥੇ ਨਾਲ -ਨਾਲ ਉਸ ਦਾ ਸਹੀ ਬਦਲ ਵੀ ਦਿਤਾ ਗਿਆ। ਜਿਵੇਂ ਪ੍ਰਚਲਿਤ ਜਨੇਊ ਦੀ ਥਾਂ ਤੇ ਸ਼ੁਭ ਗੁਣਾਂ ਰੂਪੀ ਜਨੇਊ, ਥਾਲ ਵਿੱਚ ਦੀਵੇ ਜਗਾ ਕੇ ਮੂਰਤੀਆਂ ਦੀ ਆਰਤੀ ਉਤਾਰਣ ਦੀ ਥਾਂ ਤੇ ਪ੍ਰਮੇਸ਼ਰ ਦੀ ਸਾਜੀ ਹੋਈ ਕੁਦਰਤ ਦੁਆਰਾ ਆਪਣੇ ਆਪ ਹੋ ਰਹੀ ਆਰਤੀ ਇਤਿਆਦਕ।

ਠੀਕ ਇਸੇ ਪੈਟਰਨ ਨੂੰ ਅਪਣਾਉਂਦੇ ਹੋਏ ‘ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ` ਅਨੁਸਾਰ ਅਜ ਦੇ ਬਹੁਗਿਣਤੀ ਡੇਰੇਦਾਰਾਂ ਦੇ ਮਨਾਂ ਅੰਦਰ ਸਮਾਧ ਜਾਂ ਮੜ੍ਹੀ ਰੂਪੀ ਯਾਦਗਾਰਾਂ ਬਨਾਉਣ ਦੀ ਬਜਾਏ ਸਮੁੱਚੀ ਮਾਨਵਤਾ ਦੇ ਭਲੇ ਰੂਪੀ ਬਦਲ ਪੇਸ਼ ਕਰਨ ਦੀ ਜਰੂਰਤ ਹੈ। ਚਾਹੀਦਾ ਤਾਂ ਇਹ ਹੈ ਕਿ ਤਰੀਕਾ ਐਸਾ ਵਰਤਿਆ ਜਾਵੇ ਜਿਸ ਨਾਲ ਇਹਨਾਂ ਦੀ ਯਾਦਗਾਰ ਰੂਪੀ ਮਨਸ਼ਾ ਵੀ ਪੂਰੀ ਹੋ ਜਾਵੇ ਅਤੇ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਵੀ ਨਾ ਹੋਵੇ। ਇਸ ਲਈ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ` ਰੂਪੀ ਗੁਰਮਤਿ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਬਿਨਾਂ ਕਿਸੇ ਵਿਤਕਰੇ ਦੇ ਅਕਾਲ ਚਲਾਣਾ ਕਰ ਚੁੱਕੇ ਬਾਬੇ ਦੇ ਨਾਮ ਉਪਰ ਕਿਸੇ ਸਰਕਾਰੀ ਸਕੂਲ, ਕਾਲਜ, ਹਸਪਤਾਲ (ਪ੍ਰਾਈਵੇਟ ਨਹੀਂ ਕਿਉਂ ਕਿ ਬਹੁਗਿਣਤੀ ਦਾ ਮਕਸਦ ਹੀ ਵਪਾਰ ਹੈ) ਵਿੱਚ ਕੋਈ ਕੰਪਲੈਕਸ ਬਣਾ ਦੇਣ ਅਤੇ ਉਸ ਦੀ ਮੇਨਟੇਨੈਂਸ (ਸਾਂਭ ਸੰਭਾਲ) ਦਾ ਜਿੰਮਾ ਵੀ ਆਪਣੇ ਉਪਰ ਲੈਣ। ਬਾਬੇ ਦੇ ਨਾਮ ਉਪਰ ਲੋੜਵੰਦ ਵਿਦਿਆਰਥੀਆਂ ਲਈ ਸਕਾਲਰਸ਼ਿਪ ਸ਼ੁਰੂ ਕਰ ਦੇਣ। ਕਿਸੇ ਗਰੀਬ ਲੋੜਵੰਦ ਦੀ ਪੜਾਈ, ਇਲਾਜ ਆਦਿ ਦਾ ਸਾਰਾ ਖਰਚਾ ਚੁਕ ਕੇ ਉਸ ਨੂੰ ਮੰਜਿਲ ਤਕ ਪਹੁਚਾਉਣ ਵਿੱਚ ਯਥਾਯੋਗ ਮਦਦ ਕਰਨ।

ਦਾਸ ਨੂੰ ਲੱਗਦਾ ਹੈ ਕਿ ਇਸ ਤੋਂ ਵੱਡੀ, ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਰ ਕੋਈ ਨਹੀਂ ਹੋਵੇਗੀ।

ਜੇਕਰ ਅਸੀਂ ਅੱਜ ਦੇ ਵਿਗਿਆਨਕ ਯੁਗ ਵਿੱਚ ਐਨਾ ਪੜ-ਲਿਖ ਜਾਣ ਦੇ ਬਾਵਜੂਦ ਵੀ ਅੰਧ ਵਿਸ਼ਵਾਸ਼ ਭਰਪੂਰ ਅਗਿਆਨਤਾ ਵਿਚੋਂ ਬਾਹਰ ਨਿਕਲਣ ਲਈ ਹੱਥ-ਹੱਥ ਵਿੱਚ ਫੜੇ ਐਂਡਰਾਇਡ ਮੋਬਾਈਲਾਂ ਵਿੱਚ ਭਰੀ ਸਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਪ੍ਰੋ. ਸਾਹਿਬ ਸਿੰਘ ਦੀ ਅਣਥੱਕ ਘਾਲਣਾ ‘ਗੁਰੂ ਗ੍ਰੰਥ ਸਾਹਿਬ ਦਰਪਣ` ਆਦਿ ਦੀ ਵਰਤੋਂ ਕਰਦੇ ਹੋਏ, ਵੱਖ ਵੱਖ ਟੀ. ਵੀ ਚੈਨਲਾਂ ਰਾਹੀਂ ਗੁਰਬਾਣੀ ਪਾਠ, ਕੀਰਤਨ, ਕਥਾ ਆਦਿ ਰਾਹੀਂ ‘ਗੁਰਬਾਣੀ ਇਸੁ ਜਗ ਮਹਿ ਚਾਨਣੁ` (੬੭) ਤੋਂ ਲਾਭ ਨਹੀਂ ਉਠਾਉਂਦੇ ਤਾਂ ਕਬੀਰ ਸਾਹਿਬ ਦਾ ਉਚਾਰਣ ਕੀਤਾ ਗਿਆ ਸਲੋਕ ਸਾਡੇ ਜੀਵਨ ਉਪਰ ਪੂਰਨ ਰੂਪ ਵਿੱਚ ਲਾਗੂ ਹੋ ਜਾਂਦਾ ਹੈ ਕਿ ਜੇ ਕੋਈ ਜਾਣਦਾ ਹੋਇਆ ਵੀ ਅਣਜਾਣ ਬਣ ਕੇ ਗਲਤ ਕਰਮ ਕਰੀ ਜਾਂਦਾ ਹੈ ਤਾਂ ਉਸਨੂੰ ਸਿਆਣਾ ਕੌਣ ਆਖੇਗਾ ਉਸਦੀ ਹਾਲਤ ਤਾਂ ਉਸ ਮਨੁੱਖ ਵਰਗੀ ਹੈ ਜੋ ਹੱਥ ਵਿੱਚ ਜਗਦਾ ਹੋਇਆ ਦੀਵਾ ਲੈ ਕੇ ਖੂਹ ਵਿੱਚ ਡਿਗ ਪਵੇ-

-ਕਬੀਰ ਮਨ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।।

ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।। ੨੧੬।।

(ਸਲੋਕ ਕਬੀਰ ਜੀ- ੧੩੭੬)

ਦਾਸ ਵਲੋਂ ਦਿਤੇ ਗਏ ਉਕਤ ਵਿਚਾਰਾਂ ਸਬੰਧੀ ਕੋਈ ਦਾਅਵੇਦਾਰੀ ਨਹੀਂ ਕੀਤੀ ਜਾ ਰਹੀ ਸਗੋਂ ਇਹ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿੰਨੀ ਕੁ ਮੱਤ ਦਿਤੀ ਹੈ, ਉਸ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।

****************

(ਸਮਾਪਤ ….)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.