.

ਬੱਸ ਦੀ ਸਵਾਰੀ
ਪਿੰਡੀਂ ਜਿਨ੍ਹਾਂ ਦੇ ਗੱਡੇ ਚੱਲਣ ਨਾਲ਼ ਚੱਲੇ ਸਰਦਾਰੀ।
ਸ਼ਹਿਰ `ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ।

ਮੇਰੇ ਲੇਖ ਨਾਲ਼ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਉਪ੍ਰੋਕਤ ਲਾਈਨਾਂ ਦਾ ਕੋਈ ਬਹੁਤਾ ਵਾਸਤਾ ਤਾਂ ਨਹੀਂ ਪਰ ਲੇਖ ਅਤੇ ਕਵਿਤਾ ਵਿੱਚ ‘ਬੱਸ’ ਸ਼ਬਦ ਦੀ ਸਾਂਝ ਕਰਕੇ ਇਹ ਚੇਤੇ ਆ ਗਈਆਂ।
ਮੇਰੇ ਬਚਪਨ ਦੀ ਯਾਦ ਵਿਚ, ਸਾਡੇ ਪਿੰਡ ਨੂੰ ਜੇਹੜੀ ਅੰਮ੍ਰਿਤਸਰੋਂ ਸੜਕ ਜਾਂਦੀ ਹੁੰਦੀ ਸੀ ਉਹ ਕੱਚੀ ਹੁੰਦੀ ਸੀ। ਇਹ ਸੜਕ ਵੱਲਾ ਪਿੰਡ ਦੇ ਲਾਗੋਂ ਦੀ ਲੰਘ ਕੇ, ਸਿਧੀ ਮਹਿਤਾ ਚੌਂਕ ਨੂੰ ਅਤੇ ਉਸ ਤੋਂ ਅੱਗੇ ਸ੍ਰੀ ਹਰਿ ਗੋਬਿੰਦਪੁਰ ਤੱਕ ਜਾਂਦੀ ਹੁੰਦੀ ਸੀ ਪਰ ਫਿਰ, ਸ੍ਰੀ ਹਰਿ ਗੋਬਿੰਦਪੁਰ ਕੋਲ਼ ਦਰਿਆ ਬਿਆਸ ਉਪਰ ਪੁਲ਼ ਬਣ ਜਾਣ ਕਰਕੇ, ਹੁਸ਼ਿਆਰਪੁਰ ਤੱਕ ਵੀ ਚਲੀ ਜਾਂਦੀ ਹੈ। ਇਸ ਰੂਟ ਉਪਰ ਪਿਆਰ ਬੱਸ ਚੱਲਦੀ ਹੁੰਦੀ ਸੀ ਜੋ ਕਿ ਇਲਾਕੇ ਦੇ ਕੁੱਝ ਕਾਂਗਰਸੀ ਸਿੱਖ ਆਗੂਆਂ ਦੀ ਹਿੱਸੇਦਾਰੀ ਵਿੱਚ ਬਣੀ ਹੋਈ ਕੰਪਨੀ ਚਲਾਉਂਦੀ ਹੁੰਦੀ ਸੀ ਤੇ ਹੁਣ ਵੀ ਇਹ ਬੱਸ ਓਧਰ ਨੂੰ ਚੱਲਦੀ ਹੈ। ਕਦੀ ਕਦੀ ਪਿੰਡ ਦੇ ਕਿਸੇ ਬੰਦੇ ਨੇ ਆਖਣਾ ਬਹਾਦਰ ਸਿੰਘ ਦੀ ਬੱਸ ਲੰਘੀ ਹੈ। ਸ. ਬਹਾਦਰ ਸਿੰਘ ਨੰਗਲ਼ ਪਿੰਡ ਦਾ ਇੱਕ ਇੱਜ਼ਤਦਾਰ ਬੰਦਾ ਸੀ। ਇਹ ਪਤਾ ਨਹੀਂ ਉਹ ਪਿਆਰ ਬੱਸ ਦਾ ਡਰਾਈਵਰ ਸੀ ਜਾਂ ਕਿ ਉਸ ਦੀ ਆਪਣੀ ਬੱਸ ਹੁੰਦੀ ਸੀ ਜਾਂ ਫਿਰ ਇਹ ਕੰਪਨੀ ਦਾ ਹਿੱਸੇਦਾਰ ਸੀ; ਅਜਿਹੀਆਂ ਗੱਲਾਂ ਦੀ ਨਾ ਮੈਨੂੰ ਉਹਨੀਂ ਦਿਨੀਂ ਸਮਝ ਸੀ ਤੇ ਨਾ ਹੀ ਹੁਣ ਹੀ ਪਤਾ ਕਰ ਸਕਿਆ ਹਾਂ। ਸਾਡੇ ਪਿੰਡੋਂ ਇੱਕ ਮੀਲ ਅੱਗੇ ਸੜਕ ਦੇ ਸੱਜੇ ਹੱਥ ਪਿੰਡ ਨੰਗਲ਼ ਵਾਕਿਆ ਹੈ। ਇਹ ਦੋ ਜੁੜਵੇਂ ਪਿੰਡ ਹਨ। ਛੱਪੜ ਦੇ ਪਰਲੇ ਪਾਸੇ ਵਾਲ਼ੇ ਨੂੰ ਉਦੋਨੰਗਲ਼ ਆਖਦੇ ਨੇ ਉਰਲੇ ਪਾਸੇ ਵਾਲ਼ੇ ਨੂੰ ਮਲਕਨੰਗਲ਼। ਉਦੋਨੰਗਲ਼ ਵਿੱਚ ਪ੍ਰਾਇਮਰੀ ਸਕੂਲ਼ ਹੁੰਦਾ ਸੀ ਜਿਥੇ ਮੈਂ ਵੀ ਕੁੱਝ ਦਿਨ ਦਾਦੀ ਮਾਂ ਜੀ ਦਾ ਧੱਕਿਆ ਹੋਇਆ ਪੜ੍ਹਨ ਗਿਆ ਸਾਂ ਤੇ “ਘੱਗਾ ਰਾਰਾ ਘਰ” ਤੱਕ ਪੜ੍ਹ ਆਇਆ ਸਾਂ। ਮੇਰੇ ਛੋਟੇ ਚਾਚੀ ਜੀ ਦੇ ਪੇਕੇ ਵੀ ਏਸੇ ਪਿੰਡ ਵਿੱਚ ਸਨ। ਮਲਕਨੰਗਲ਼ ਵਿੱਚ ਆਟਾ ਪੀਹਣ ਵਾਲ਼ੀ ਮਸ਼ੀਨ ਹੁੰਦੀ ਸੀ ਜਿਥੇ ਮੈਂ ਵੀ ਕਦੀ ਕਦੀ ਆਟਾ ਪਿਹਾਉਣ ਜਾਇਆ ਕਰਦਾ ਸਾਂ। ਦੋਹਾਂ ਪਿੰਡਾਂ ਦੇ ਵਿਚਕਾਰਲੇ ਛੱਪੜ ਦੇ ਕਿਨਾਰੇ ਵਾਲ਼ੇ ਦਰੱਖ਼ਤਾਂ ਦੀਆਂ ਟਾਹਣੀਆਂ ਨਾਲ਼ ਉਸ ਸਮੇ ਚਮਗਿੱਦੜ ਲਮਕੇ ਹੋਏ ਦਿਖਾਈ ਦਿਆ ਕਰਦੇ ਸਨ। ਭਾਈਆ ਜੀ ਨੇ ਦੱਸਿਆ ਕਿ ਜਿਸ ਛੱਪੜ ਦੇ ਕਿਨਾਰੇ ਦਰਖ਼ਤਾਂ ਉਪਰ ਚਮਗਿੱਦੜ ਹੋਣ ਉਹ ਕਿਸੇ ਜ਼ਮਾਨੇ ਵਿੱਚ ਕੋਈ ਤੀਰਥ ਰਿਹਾ ਹੁੰਦਾ ਹੈ ਤੇ ਉਸ ਦੇ ਨਾਲਾਇਕ ਪੁਜਾਰੀਆਂ ਦੀਆਂ ਰੂਹਾਂ ਅਜੋਕੇ ਸਮੇ ਚਮਗਿੱਦੜਾਂ ਦਾ ਰੂਪ ਧਾਰ ਕੇ, ਛੱਪੜ ਦੇ ਕਿਨਾਰੇ ਵਾਲ਼ੇ ਦਰੱਖ਼ਤਾਂ ਉਪਰ ਲਮਕਦੀਆਂ ਹਨ।
ਸਾਡੇ ਪਿੰਡੋਂ ਲੰਘਦੀ ਕੱਚੀ ਸੜਕ ਦੇ ਕਿਨਾਰੇ ਉਪਰ ਤਿੰਨ ਖੂਹ ਹੁੰਦੇ ਸਨ। ਅੰਮ੍ਰਿਤਸਰੋਂ ਮਹਿਤੇ ਨੂੰ ਜਾਈਏ ਤਾਂ ਪਹਿਲਾਂ ਸੜਕ ਦੇ ਖੱਬੇ ਕਿਨਾਰੇ ਉਪਰ, ਪਿੰਡ ਵਾਲ਼ੇ ਪਾਸੇ, ਸਾਡਾ ਖੂਹ ਆਉਂਦਾ ਸੀ ਜਿਸ ਨੂੰ ਸੜਕ ਵਾਲ਼ਾ ਖੂਹ ਆਖਦੇ ਸਨ। ਥੋਹੜਾ ਅੱਗੇ ਜਾ ਕੇ ਦੋ ਖੂਹ ਸੜਕ ਦੇ ਸੱਜੇ ਪਾਸੇ ਹੁੰਦੇ ਸਨ ਜਿਨ੍ਹਾਂ ਵਿਚੋਂ ਇੱਕ ਨੂੰ, ਦੋਹਾਂ ਖੂਹਾਂ ਦੇ ਵਿਚਾਲ਼ੇ ਹੋਣ ਕਰਕੇ, ਵਿਚਕਾਰਲਾ ਖੂਹ ਆਖਦੇ ਸਨ ਤੇ ਤੀਜੇ ਦੇ ਨਾਂ ਦਾ ਪਤਾ ਨਹੀਂ। ਬਹੁਤ ਸਮਾ ਮੈਂ ਉਸ ਨੂੰ ਬੋਤਲਾਂ ਵਾਲ਼ਾ ਖੂਹ ਸਮਝਦਾ ਰਿਹਾ ਤੇ ਕਦੀ ਕਦੀ ਉਸ ਦੇ ਢੋਲ ਥੱਲੇ ਬੋਤਲਾਂ ਵੇਖਣ ਦਾ ਯਤਨ ਵੀ ਕਰਨਾ। ਬੋਤਲਾਂ ਨਾ ਦਿਸਣ ਤੇ ਸੋਚਣਾ ਕਿ ਬੋਤਲਾ ਤਾਂ ਏਥੇ ਹੈ ਨਹੀਂ ਫਿਰ ਇਹ ਬੋਤਲਾਂ ਵਾਲਾ ਖੂਹ ਕਿਵੇਂ ਹੋਇਆ! ਫਿਰ ਕੁੱਝ ਸਮੇ ਬਾਅਦ ਪਤਾ ਲੱਗਾ ਕਿ ਬੋਤਲਾਂ ਨਹੀਂ, ਬੋਦਲਾਂ ਵਾਲ਼ਾ ਖੂਹ, ਵਾਹਵਾ ਅੱਗੇ ਜਾ ਕੇ ਨੰਗਲ਼ ਪਿੰਡ ਦੇ ਬਰਾਬਰ, ਸੜਕ ਤੋਂ ਕੁੱਝ ਹਟਵਾਂ ਹੈ।
ਗੱਲ ਤੇ ਮੈਂ ਕਰਨ ਲੱਗਾ ਸੀ ਬੱਸਾਂ ਦੀ ਪਰ ਲੱਗ ਪਿਆ ਦੋ ਪਿੰਡਾਂ ਦਾ ਜੁਗਰਾਫ਼ੀਆ ਮਾਪਣ। ਜਦੋਂ ਕਦੀ ਕੱਚੀ ਸੜਕ ਤੋਂ ਬੱਸ ਲੰਘਣੀ ਤਾਂ ਬਹੁਤ ਘੱਟਾ ਉਡਣਾ। ਅਸੀਂ ਮੁੰਢੀਰ ਵਾਧੇ ਨੇ ਬੱਸ ਲੰਘਣ ਤੇ ਬੜੀਆਂ ਖ਼ੁਸ਼ੀਆਂ ਮਨਾਉਣੀਆਂ। ਅਸੀਂ ਬੱਸਾਂ ਦੇ ਵੱਖ ਵੱਖ ਨਾਂ ਰੱਖੇ ਹੁੰਦੇ ਸਨ: ਲਾਲ ਮੂੰਹ ਵਾਲ਼ੀ, ਫੀਨੇ ਨੱਕ ਵਾਲ਼ੀ ਆਦਿ। ਜਦੋਂ ਕਦੇ ਕਿਸੇ ਸਵਾਰੀ ਨੂੰ ਲਾਹੁਣ ਜਾਂ ਚੜ੍ਹਾਉਣ ਲਈ, ਪਿੰਡ ਕੋਲ਼ ਬੱਸ ਰੁਕਣੀ ਤਾਂ ਅਸੀਂ ਅੱਖ ਬਚਾ ਕੇ ਉਸ ਦੇ ਪਿੱਛੇ ਉਪਰ ਨੂੰ ਚੜ੍ਹਨ ਵਾਲ਼ੀ ਪਉੜੀ ਦੇ ਡੰਡਿਆਂ ਨੂੰ ਫੜ ਕੇ ਲਮਕ ਜਾਣਾ ਤੇ ਇਉਂ ਸਮਝਣਾ ਕਿ ਅਸੀਂ ਹੂਟਾ ਲੈ ਰਹੇ ਹਾਂ। ਸਾਡੇ ਪਿੰਡ ਦੇ ਕੁੱਝ ਬੰਦੇ ਸਿੰਘਾਪੁਰ ਰਹਿੰਦੇ ਹੋਣ ਕਰਕੇ, ਕਦੀ ਕਦਾਈਂ ਸਾਡੇ ਪਿੰਡ ਵੀ ਬੱਸ ਰੁਕ ਜਾਂਦੀ ਸੀ ਅਤੇ ਉਸ ਉਪਰ ਉਤਰਨਾ ਚੜ੍ਹਨਾ ਬਣ ਜਾਇਆ ਕਰਦਾ ਸੀ। ਵੈਸੇ ਤਾਂ ਉਹਨੀਂ ਦਿਨੀਂ ਕਿਥੇ ਪਿੰਡਾਂ ਵਾਲ਼ਿਆਂ ਪਾਸ ਪੈਸੇ ਹੁੰਦੇ ਸਨ ਕਿ ਉਹ ਬੱਸਾਂ ਤੇ ਹੂਟੇ ਲੈਣ ਵਾਲ਼ੀ ਫੈਲਸੂਫੀ ਦਾ ਆਨੰਦ ਮਾਣ ਸਕਣ! ਕਦੀ ਪਿੰਡ ਦੇ ਕਿਸੇ ਬਜ਼ੁਰਗ ਪਾਸੋਂ ਐਸਾ ਸੁਣਨ ਨੂੰ ਮਿਲ਼ ਜਾਣਾ ਕਿ ਪਹਿਲਾਂ ਬੱਸ ਵਾਲ਼ੇ ਘਰੋਂ ਵੀ ਸਵਾਰੀ ਨੂੰ ਲੈਣ ਆ ਜਾਇਆ ਕਰਦੇ ਸਨ ਪਰ ਹੁਣ ਪਰਵਾਹ ਈ ਨਹੀਂ ਕਰਦੇ। ਸਵਾਰੀ ਵੇਖ ਕੇ ਵੀ ਬੱਸ ਨਹੀ ਘਲਿਆਰਦੇ!
ਫਿਰ ਇਹ ਸੜਕ ਮੇਰੇ ਵੇਖਦੇ ਵੇਖਦੇ ਹੀ ਪੱਕੀ ਹੋਣੀ ਸ਼ੁਰੂ ਹੋਈ। ਮਿਣਤੀ ਕਰਨ ਵਾਲ਼ੇ ਬਾਬੂਆਂ ਜਿਹਿਆਂ ਦੇ ਟੋਲਿਆਂ ਨੇ ਆਏ ਦਿਨ, ਫੀਤਿਆਂ ਨਾਲ਼ ਮਿਣਤੀਆਂ ਕਰਦੇ ਫਿਰਨਾ। ਇੱਕ ਤੋਂ ਵਧ ਵਾਰ ਮੈਂ ਵੇਖਿਆ ਕਿ ਉਹਨਾਂ ਨੇ ਸਾਡੇ ਖੂਹ ਦੇ ਸੜਕ ਵਾਲ਼ੇ ਪਾਸੇ ਦੇ ਚੰਨੇ ਦੇ ਅੰਦਰਵਾਰ, ਢੋਲ਼ ਤੱਕ ਦੀ ਮਿਣਤੀ ਕੀਤੀ। ਅਸੀਂ ਸਮਝਣਾ ਸ਼ਾਇਦ ਸਾਡਾ ਖੂਹ ਵੀ ਸੜਕ ਦੇ ਵਿੱਚ ਆ ਜਾਊਗਾ! ਪਰ ਅਖੀਰ ਵਿੱਚ ਸੜਕ ਦਾ ਸਾਰਾ ਤਾਣਾ ਬਾਣਾ ਖੂਹ ਤੋਂ ਲਾਂਭੇ ਹੀ ਰਹਿ ਗਿਆ। ਵਾਹਵਾ ਸਮਾ ਸੜਕ ਉਪਰ ਮਿੱਟੀ ਪੈਂਦੀ ਰਹੀ। ਨਾਲ਼ ਲੱਗਦੀਆਂ ਪੈਲ਼ੀਆਂ ਵਿਚੋਂ ਮਜ਼ਦੂਰਾਂ ਨੇ ਮਿੱਟੀ ਪੁੱਟ ਕੇ ਪਾਉਣੀ। ਜਿਨ੍ਹਾਂ ਜੱਟਾਂ ਦੀਆਂ ਪੈਲ਼ੀਆਂ ਵਿਚੋਂ ਮਿੱਟੀ ਪੁੱਟ ਕੇ ਸੜਕ ਤੇ ਪਾਈ ਜਾਂਦੀ ਸੀ ਉਹਨਾਂ ਨੂੰ ਪੈਸੇ ਦਿਤੇ ਜਾਂਦੇ ਸਨ। ਪੁੱਟਣ ਵਾਸਤੇ ਮਿੱਟੀ ਨੂੰ ਪੋਲੀ ਕਰਨ ਲਈ ਪਹਿਲਾਂ ਖੂਹ ਜੋ ਕੇ ਪਾਣੀ ਲਾਇਆ ਜਾਂਦਾ ਸੀ ਤੇ ਜੇਹੜਾ ਬੰਦਾ ਜੋਗ ਜੋ ਕੇ ਉਸ ਜ਼ਮੀਨ ਨੂੰ ਪਾਣੀ ਲਾਉਂਦਾ ਸੀ, ਉਸ ਨੂੰ ਵੀ ਪੈਸੇ ਮਿਲ਼ਦੇ ਸਨ। ਜਿਨ੍ਹਾਂ ਪੈਲ਼ੀਆਂ ਵਿਚੋਂ ਮਿੱਟੀ ਪੁੱਟ ਕੇ ਸੜਕ ਤੇ ਪਈ ਜਾਂਦੀ ਸੀ, ਪਿੱਛੋਂ ਉਹਨਾਂ ਦੇ ਮਾਲਕਾਂ ਨੇ ਕਰਾਹਿਆਂ ਦੇ ਨਾਲ਼ ਪੈਲ਼ੀਆਂ ਬਰਾਬਰ ਕੀਤੀਆਂ ਸਨ।
ਭਾਈਆ ਜੀ ਦੇ ਵਾਹੀ ਛੱਡ ਕੇ ਅੰਮ੍ਰਿਤਸਰ ਜਾਣ ਕਾਰਨ ਮੈਂ ਵੀ ਫਿਰ ਪਿੰਡ ਅਤੇ ਅੰਮ੍ਰਿਤਸਰ ਵਿਚਕਾਰ ਬੱਸ ਰਾਹੀਂ ਆਉਣ ਜਾਣ ਲੱਗ ਪਿਆ। ਉਮਰ ਛੋਟੀ ਹੋਣ ਕਰਕੇ, ਮੇਰਾ ਅਧਾ ਕਰਾਇਆ ਲੱਗਦਾ ਸੀ ਤੇ ਇਸ ਲਈ ਬਹੁਤੀ ਵਾਰ ਭਾਈਆ ਜੀ, ਪਿੰਡ ਬਾਕੀ ਪਰਵਾਰ ਨੂੰ ਖ਼ਚਰ ਵਗੈਰਾ ਦੇਣ ਲਈ, ਮੈਨੂੰ ਹੀ ਭੇਜ ਦਿਆ ਕਰਦੇ ਸਨ ਜਿਸ ਦੀ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ; ਪਿੰਡ ਜਾਣਾ ਤੇ ਬੱਸ ਦਾ ਹੂਟਾ ਲੈਣਾ। ਪਹਿਲੀ ਵਾਰ ਅੰਮ੍ਰਿਤਸਰ ਭਾਈਆ ਜੀ ਮੈਨੂੰ ਕਰਾਏ ਦੇ ਸਾਈਕਲ ਉਪਰ, ੧੯੫੨ ਵਾਲ਼ੀ ਦੀਵਾਲੀ ਸਮੇ ਲੈ ਕੇ ਆਏ ਸਨ। ਇਹ ਸਾਈਕਲ ਉਹ ਅੰਮ੍ਰਿਤਸਰੋਂ, ਕਰਾਏ ਤੇ ਸਾਈਕਲ ਦੇਣ ਵਾਲ਼ੀ ਦੁਕਾਨ ਤੋਂ ਲੈ ਕੇ ਆਏ ਸਨ।
ਫਿਰ ਮੁਕਤਸਰ ਜਾਣ ਸਮੇ ਅਸੀਂ ਸਾਰਾ ਟੱਬਰ ਪਿੰਡੋਂ ਬੱਸ ਰਾਹੀਂ ਅੰਮ੍ਰਿਤਸਰ ਗਏ ਤੇ ਰਾਹ ਵਿੱਚ ਗ਼ਲਤੀ ਨਾਲ਼ ਸਰਹਾਲੀ ਉਤਰ ਗਏ ਤੇ ਓਥੋਂ ਫਿਰ ਹੋਰ ਬੱਸ ਲੈ ਕੇ ਮੁਕਤਸਰ ਪਹੁੰਚੇ। ਮੁਕਤਸਰੋਂ ਅਸੀਂ ਸਾਰਾ ਪਰਵਾਰ ਤਰਨ ਤਾਰਨ ਆਏ ਤੇ ਫਿਰ ਤਾਂ ਮੈਂ ਅੰਮ੍ਰਿਤਸਰ ਤੇ ਤਰਨ ਤਾਰਨ ਦਰਮਿਆਨ ਅਕਸਰ ਹੀ ਬੱਸ ਉਪਰ ਚੱਕਰ ਲਾਉਣੇ। ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚਕਾਰ ਉਸ ਸਮੇ ਦੋ ਕੰਪਨੀਆਂ ਦੀਆਂ ਬੱਸਾਂ ਚੱਲਦੀਆਂ ਸਨ: ਇੱਕ ਸੰਧੂ ਬੱਸ ਤੇ ਦੂਜੀ ਓਮਨੀ ਬੱਸ। ਓਮਨੀ ਤੇ ਕਿਤੇ ਸ਼ਹਿਰ ਦੇ ਦੂਜੇ ਪਾਸੇ ਤੋਂ ਚੱਲਦੀ ਸੀ ਤੇ ਸੰਧੂ ਬੱਸ ਚਾਟੀਵਿੰਡ ਦਰਵਾਜ਼ੇ, ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਸਥਾਨ ਤੋਂ ਚੱਲਿਆ ਕਰਦੀ ਸੀ। ਕਦੀ ਕਦੀ ਅਸੀਂ ਮੁੰਡਿਆਂ ਨੇ ਤਰਨ ਤਾਰਨੋ ਰੇਲ ਗੱਡੀ ਉਪਰ ਵੀ ਬਹਿ ਜਾਣਾ ਤੇ ਭਗਤਾਂ ਵਾਲ਼ੇ ਸਟੇਸ਼ਨ ਤੇ ਉਤਰਨਾ। ਉਹਨੀਂ ਦਿਨੀਂ ਅੱਧੀ ਟਿਕਟ ਢਾਈ ਆਨੇ ਲੱਗਦੀ ਹੁੰਦੀ ਸੀ। ਅਸੀਂ ਟਿਕਟ ਨਾ ਲੈਣੀ ਤੇ ਪਲੇਟ ਫਾਰਮ ਦੇ ਦੂਜੇ ਪਾਸੇ ਉਤਰ ਕੇ ਜ਼ਮੀਨ ਤੇ ਪੈਰਾਂ ਭਾਰ ਬਹਿ ਜਾਣਾ ਤੇ ਗੱਡੀ ਤੁਰ ਜਾਣ ਪਿੱਛੋਂ ਉਠ ਕੇ ਸ਼ਹਿਰ ਨੂੰ ਤੁਰ ਪੈਣਾ। ਬਹਿੰਦੇ ਇਸ ਲਈ ਸਾਂ ਤਾਂ ਕਿ ਰੇਲਵੇ ਸਟਾਫ਼ ਨੂੰ ਭੁਲੇਖਾ ਪਾਇਆ ਜਾਵੇ ਕਿ ਅਸੀਂ ਤਾਂ ਪਿਸ਼ਾਬ ਕਰਨ ਲਈ ਬੈਠੇ ਸਾਂ। ਜੇ ਕਦੀ ਕਿਸੇ ਬਾਬੂ ਨੇ ਸਾਨੂੰ ਵੇਖ ਕੇ ਟਿਕਟ ਪੁੱਛਣੀ ਤਾਂ ਉਸ ਦੇ ਹੱਥ ਉਪਰ ਦੁਆਨੀ ਰੱਖ ਕੇ ਅੱਗੇ ਤੁਰ ਪੈਣਾ। ਦੋ ਪੈਸੇ ਫਿਰ ਵੀ ਬਚਾ ਲੈਣੇ।
ਫਿਰ ਪਿੰਡ ਵਾਲ਼ੀ ਸੜਕ ਦੀ ਕਹਾਣੀ ਵੱਲ ਅਈਏ: ਇੱਕ ਦਿਨ ਕਿਸੇ ਵੱਡੇਰੀ ਉਮਰ ਦੇ ਸ਼ਰਾਰਤੀ ਮੁੰਡੇ ਨੇ ਮੇਰੇ ਛੋਟੇ ਭਰਾ ਪਾਸੋਂ, ਇੱਕ ਸੜਕ ਉਪਰ ਕੰਮ ਕਰਾਉਣ ਵਾਲ਼ੇ ਬਾਬੂ ਦੇ ਮੋਟਰ ਸਾਈਕਲ ਦੀ ਸਾਹਮਣੀ ਬੱਤੀ ਉਪਰ ਰੋੜਾ ਮਰਵਾ ਕੇ, ਉਸ ਦਾ ਸ਼ੀਸਾ ਭੰਨ ਦਿਤਾ। ਭਰਾ ਘਰ ਨੂੰ ਭੱਜ ਆਇਆ। ਫਿਰ ਛੋਟਾ ਭਰਾ ਏਨਾ ਡਰ ਗਿਆ ਕਿ ਉਹ ਖੂਹ ਤੇ ਨਾ ਜਾਵੇ। ਉਸ ਚੰਗੇ ਅਫ਼ਸਰ ਨੇ ਬਹੁਤ ਵਾਰੀਂ ਆਖਿਆ ਕਿ ਉਸ ਬੱਚੇ ਦਾ ਡਰ ਲਾਹੁਣ ਲਈ ਉਸ ਨੂੰ ਖੂਹ ਤੇ ਲੈ ਕੇ ਆਵੋ ਪਰ ਸਾਡੇ ਸਾਰਿਆਂ ਦੇ ਜੋਰ ਲਾਉਣ ਦੇ ਬਾਵਜੂਦ ਵੀ ਛੋਟਾ ਬੱਚਾ ਉਸ ਬਾਬੂ ਦੇ ਡਰ ਕਰ ਕੇ ਖੂਹ ਉਪਰ ਨਾ ਹੀ ਗਿਆ।
ਇਕ ਅਫ਼ਸਰ ਸੜਕ ਕਿਨਾਰੇ ਅੰਬਾਂ ਦੇ ਬਾਗ ਵਿੱਚ ਤੰਬੂ ਲਾ ਕੇ ਰਹਿੰਦਾ ਹੁੰਦਾ ਸੀ। ਉਸ ਪਾਸ ਇੱਕ ਪਿਸਤਾ ਜਿਹਾ ਕੁੱਤਾ ਹੁੰਦਾ ਸੀ। ਉਸ ਦਾ ਨਾਂ ਉਸ ਨੇ ਡਿਪਟੀ ਰੱਖਿਆ ਹੋਇਆ ਸੀ। ਸੜਕ ਮੁਕੰਮਲ ਹੋਣ ਤੇ ਓਥੋਂ ਜਾਣ ਸਮੇ ਉਹ ਬਾਬੂ, ਕੁੱਤਾ ਸਾਡੇ ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਨੂੰ ਦੇ ਗਿਆ। ਭਾਈ ਜੀ ਨੇ ਸ਼ਾਮ ਵੇਲ਼ੇ ਉਸ ਕੁੱਤੇ ਨੂੰ ‘ਡਿਪਟੀ ਡਿਪਟੀ’ ਆਖ ਕੇ ਆਵਾਜ਼ ਮਾਰਨੀ ਤਾਂ ਉਸ ਨੇ ਗੁਰਦੁਆਰੇ ਦੇ ਬਾਗ ਵਿਚੋਂ ਪਰਗਟ ਹੋ ਜਾਣਾ ਤੇ ਭਾਈ ਜੀ ਨੇ ਰੋਟੀਆਂ ਦੇ ਟੁਕੜੇ ਉਸ ਨੂੰ ਪਾਉਣੇ।
ਮੇਰੇ ਵੇਖਦਿਆਂ ਹੀ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਦਾ ਰਵਈਆ ਆਮ ਸਵਾਰੀਆਂ ਨਾਲ਼ ਪੁਲਿਸ ਵਾਲ਼ਿਆਂ ਵਰਗਾ ਹੀ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਸਰਕਾਰੀ ਬੱਸਾਂ ਬਹੁਤੀਆਂ ਹੁੰਦੀਆਂ ਸਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਉਹਨਾਂ ਵਿਚੋਂ ਇੱਕ ਕਾਰਨ ਤਾਂ ਇਹ ਸੀ ਕਿ ਸਰਕਾਰ ਦੀ, ਖਾਸ ਕਰਕੇ ਪੰਜਾਬ ਵਿੱਚ ਅਕਾਲੀ ਸਰਕਾਰ ਦੀ ਪਾਲਸੀ ਅਨੁਸਾਰ ਹੌਲ਼ੀ ਹੌਲ਼ੀ ਟ੍ਰਾਂਸਪੋਰਟ ਨੂੰ ਕੌਮੀ ਬਣਾਉਣ ਦਾ ਏਜੰਡਾ ਹੁੰਦਾ ਸੀ। ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਚੋਣ ਮੈਨੀਫ਼ੈਸਟੋ ਕਮਿਊਨਿਸਟ ਪਾਰਟੀ ਵਾਲ਼ਾ ਬਣਾ ਲਿਆ ਸੀ ਤੇ ਇਸ ਅਨੁਸਾਰ ਹੋਰ ਕੰਮਾਂ ਦੇ ਨਾਲ ਟ੍ਰਾਂਸਪੋਰਟ ਦਾ ਕੌਮੀਕਰਨ ਕਰਨਾ ਵੀ ਸ਼ਾਮਲ ਸੀ; ਕਿਉਂ? ਇਸ ਬਾਰੇ ਮੈਂ ਕੁੱਝ ਵਿਸਥਾਰ ‘ਬਰਲਿਨ ਦੀ ਪਹਿਲੀ ਯਾਤਰਾ’ ਵਾਲ਼ੇ ਲੇਖ ਵਿੱਚ ਕਰ ਚੁੱਕਿਆ ਹਾਂ। ਸਰਕਾਰੀ ਬੱਸਾਂ ਬਹੁਤੀਆਂ ਹੋਣ ਕਰਕੇ ਤੇ ਸਟਾਫ਼ ਸਰਕਾਰੀ ਨੌਕਰ ਹੋਣ ਕਰਕੇ, ਉਹ ਜਨਤਾ ਦੀ ਪਰਵਾਹ ਨਹੀਂ ਸਨ ਕਰਦੇ। ਮੈਂ ਕਈ ਵਾਰ ਵੇਖਣਾ ਕਿ ਘੰਟਿਆਂ ਬਧੀ ਸਵਾਰੀਆਂ ਨੇ ਧੁੱਪੇ ਘੱਟੇ ਮਿੱਟੀ ਵਿੱਚ ਖਲੋ ਕੇ ਬੱਸ ਦੀ ਉਡੀਕ ਕਰਦੇ ਹੋਣਾ ਤੇ ਜਦੋਂ ਬੱਸ ਦਿਖਾਈ ਦੇਣੀ ਤਾਂ ਸਵਾਰੀਆਂ ਦੀ ਭੀੜ ਵਿੱਚ ਹਿਲਜੁਲ ਹੋਣੀ ਪਰ ਬੱਸ ਵਾਲ਼ਿਆਂ ਨੇ, ਸਵਾਰੀਆਂ ਵਾਲ਼ੇ ਥਾਂ ਤੋਂ ਪਹਿਲਾਂ ਹੀ ਖਲ੍ਹਾਰ ਕੇ ਸਵਾਰੀਆਂ ਉਤਾਰਨ ਲੱਗ ਪੈਣਾ ਤੇ ਜਦੋਂ ਸਵਾਰੀਆਂ ਨੇ ਬੱਸ ਵੱਲ ਨੂੰ ਭੱਜਣਾ ਤਾਂ ਸਵਾਰੀਆਂ ਦੇ ਨੇੜੇ ਪਹੁੰਚਣ ਤੇ ਬੱਸ ਤੋਰ ਲੈਣੀ। ਕਦੀ ਸਵਾਰੀਆਂ ਖੜ੍ਹੀਆਂ ਨੂੰ ਛੱਡ ਕੇ ਬੱਸ ਵਾਹਵਾ ਅੱਗੇ ਜਾ ਰੋਕਣੀ। ਜਦੋਂ ਸਵਾਰੀਆਂ ਨੇ ਓਧਰ ਨੂੰ ਭੱਜਣਾ ਤਾਂ ਬੱਸ ਤੋਰ ਕੇ ਅਹੁ ਜਾਣਾ। ਸਵਾਰੀਆਂ ਦੇ ਸਿਰ ਜਾਂਦੀ ਬੱਸ ਦੀ ਖੇਹ ਹੀ ਪੈਣੀ। ਉਸ ਸਮੇ ਦੀਆਂ ਬੱਸਾਂ ਦੀ ਹਾਲਤ ਵੀ ਕਿਸੇ ਇਉਂ ਆਖੀ ਸੀ:
ਆ ਗਈ ਰੋਡਵੇਜ਼ ਦੀ ਲਾਰੀ।
ਨਾ ਕੋਈ ਬੂਹਾ ਨਾ ਕੋਈ ਬਾਰੀ।

ਜਿਨ੍ਹਾਂ ਦਿਨਾਂ ਵਿੱਚ ਮੈਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਪ੍ਰਚਾਰਕ ਹੁੰਦਾ ਸੀ ਤਾਂ ਤਰਕੀਬਨ ਹਰ ਰੋਜ ਬੱਸਾਂ ਰਾਹੀਂ ਸਾਰੇ ਪੰਜਾਬ ਵਿੱਚ ਘੁੰਮਦਾ ਰਹਿੰਦਾ ਸਾਂ। ਮੇਰੀ ਆਦਤ ਹੁੰਦੀ ਸੀ ਕਿ ਇੱਕ ਅਖ਼ਬਾਰ ਖ਼ਰੀਦ ਕੇ ਜਿਧਰ ਜਾਣਾ ਹੁੰਦਾ ਸੀ ਓਧਰ ਦੀ ਬੱਸ ਦਾ ਬੋਰਡ ਪੜ੍ਹ ਕੇ, ਬੱਸ ਵਿੱਚ ਬਹਿ ਜਾਣਾ। ਅਖ਼ਬਾਰ ਪੜ੍ਹੀ ਜਾਣੀ। ਜਦੋਂ ਉਹ ਅਖ਼ਬਾਰ ਮੁੱਕ ਜਾਣੀ ਤਾਂ ਅਗਲੇ ਅੱਡੇ ਤੋਂ ਦੂਜੀ ਅਖ਼ਬਾਰ ਖ਼ਰੀਦ ਲੈਣੀ। ਇਸ ਤਰ੍ਹਾਂ ਪੰਜਾਬੀ ਤੇ ਹਿੰਦੀ ਦੀਆਂ ਸਾਰੀਆਂ ਹੀ ਅਖ਼ਬਾਰਾਂ ਪੜ੍ਹ ਘੱਤਣੀਆਂ। ਅੰਗ੍ਰੇਜ਼ੀ ਤੇ ਉਰਦੂ ਮੈਂ ਪੜ੍ਹ ਨਹੀਂ ਸਾਂ ਸਕਦਾ; ਹੁਣ ਭਾਵੇਂ, ਮਜਬੂਰੀ ਵੱਸ, ਕੁੱਝ ਕੁੱਝ ਅੰਗ੍ਰੇਜ਼ੀ ਨੂੰ ਵੀ ਮੂੰਹ ਮਾਰ ਲੈਂਦਾ ਹਾਂ। ਇੱਕ ਦਿਨ ਮੈਂ ਇੱਕ ਤੋਂ ਵਧ ਅਖ਼ਬਾਰਾਂ ਖ਼ਰੀਦ ਕੇ, ਬੱਸ ਦੇ ਮੱਥੇ ਉਪਰ ਮਹਿਤੇ ਦਾ ਲੱਗਾ ਬੋਰਡ ਵੇਖ ਕੇ ਬੱਸ ਵਿੱਚ ਬਹਿ ਗਿਆ। ਇੱਕ ਤੋਂ ਵਧ ਇਸ ਲਈ ਖ਼ਰੀਦੀਆਂ ਕਿ ਉਸ ਰਸਤੇ ਵਿੱਚ ਕੋਈ ਅਜਿਹਾ ਅੱਡਾ ਨਹੀਂ ਸੀ ਆਉਂਦਾ ਜਿਥੋਂ ਮੈਂ ਫਿਰ ਅਖ਼ਬਾਰ ਖ਼ਰੀਦ ਸਕਦਾ। ਮੈਂ ਪਿੰਡ ਨੂੰ ਜਾਣਾ ਸੀ ਤੇ ਮਹਿਤਾ ਚੌਂਕ ਤੋਂ ਪਹਿਲਾਂ ਚਾਰ ਕਿਲੋ ਮੀਟਰ ਤੇ ਮੇਰਾ ਪਿੰਡ ਸੂਰੋ ਪੱਡਾ ਆਉਂਦਾ ਸੀ। ਮੈਂ ਵਾਹਵਾ ਚਿਰ ਬੱਸ ਵਿੱਚ ਬੈਠਾ ਅਖ਼ਬਾਰ ਪੜ੍ਹਦਾ ਰਿਹਾ। ਬੱਸ ਤੁਰਨ ਲੱਗੀ ਤਾਂ ਕੰਡਕਟਰ ਜਾਂ ਡਰਾਈਵਰ ਤੋਂ ਪਤਾ ਲੱਗਾ ਕਿ ਇਹ ਬੱਸ ਮਹਿਤੇ ਨੂੰ ਨਹੀਂ, ਕਿਸੇ ਹੋਰ ਪਾਸੇ ਜਾਣੀ ਹੈ। ਮੈਂ ਇਹ ਆਖ ਕੇ ਬੱਸ ਵਿਚੋਂ ਕਾਹਲ਼ੀ ਨਾਲ ਉਤਰਿਆ ਕਿ ਮੈਂ ਤਾਂ ਮਹਿਤੇ ਵਾਲ਼ੀ ਬੱਸ ਤੇ ਜਾਣਾ ਸੀ। ਮੈਨੂੰ ਕਾਹਲ਼ੀ ਨਾਲ਼ ਉਤਰਦਿਆਂ ਵੇਖ ਕੇ, ਆਪਣੀ ਗ਼ਲਤੀ ਮੰਨਣ ਦੀ ਥਾਂ, ਉਹ ਸੱਜਣ ਬੜੇ ਹਿਕਾਰਤ ਭਰੇ ਲਹਿਜ਼ੇ ਵਿੱਚ ਬੋਲਿਆ, “ਲਓ ਵੇਖ ਲਓ ਇਹ ਵੱਡਾ ‘ਭੜਾਕੂ’, ਬੱਸ ਕਿਤੇ ਜਾਣੀ ਆ ਤੇ ਇਸ ਨੇ ਕਿਤੇ ਹੋਰ ਜਾਣਾ ਪਰ ਬੱਸ ਦੂਜੀ ਵਿੱਚ ਬੈਠ ਗਿਆ!” ਮੇਰੀ ਅਜਿਹੀ ‘ਖ਼ਾਤਰ’ ਹੁੰਦੀ ਵੇਖ ਕੇ ਸਵਾਰੀਆਂ ਹੱਸ ਪਈਆਂ। ਮੈਂ ਉਤਰਦੇ ਉਤਰਦੇ ਨੇ ਆਖਿਆ ਕਿ ਮੈਂ ਤਾਂ ਬੱਸ ਦਾ ਬੋਰਡ ਮਹਿਤੇ ਵਾਲ਼ਾ ਪੜ੍ਹ ਕੇ ਬੈਠ ਗਿਆ ਸੀ। ਤੁਸੀਂ ਬੋਰਡ ਨਹੀਂ ਬਦਲਿਆ; ਇਸ ਕਰਕੇ ਮੈਨੂੰ ਭੁਲੇਖਾ ਲੱਗ ਗਿਆ। “ਤੇ ਹੁਣ ਅਸੀਂ ਤੇਰੇ ਲਈ ਬੋਰਡ ਬਦਲਦੇ ਰਹੀਏ?” ਤੁਰੰਤ ਉਤਰ ਸੀ ਉਸ ਭਲੇਮਾਣਸ ਦਾ। ਅਜਿਹਾ ਰਵਈਆ ਹੁੰਦਾ ਸੀ ਉਸ ਸਮੇ ਬੱਸਾਂ ਦੇ ਸਟਾਫ਼ ਦਾ। ਮੇਰੀ ਜਾਣਕਾਰੀ ਵਿੱਚ ਕਦੀ ਵੀ ਨਹੀਂ ਆਇਆ ਕਿ ਕੋਈ ਦੂਜੀ ਸਵਾਰੀ, ਨਾਲ ਦੀ ਸਵਾਰੀ ਨਾਲ਼ ਹੋ ਰਹੀ ਸ਼ਬਦੀ ਵਧੀਕੀ ਦੇ ਖ਼ਿਲਾਫ਼ ਬੋਲੀ ਹੋਵੇ। ਸਗੋਂ ਬਾਕੀ ਸਵਾਰੀਆਂ ਦੇ ਰਵਈਏ ਵਿਚੋਂ ਜੇ ਨਿਰਪੱਖ ਨਹੀਂ ਤਾਂ ਆਮ ਤੌਰ ਤੇ ਸਟਾਫ਼ ਦੇ ਹੱਕ ਵਿੱਚ ਭੁਗਤਣ ਦੀ ਝਲਕ ਹੀ ਪੈਂਦੀ ਹੁੰਦੀ ਸੀ। ਅੱਜ ਵੀ, ਸ਼ਾਇਦ ਹੀ, ਬੱਸਾਂ ਵਿੱਚ ਲੱਗੇ ਕੰਨ ਪਾੜਵੀਂ ਆਵਾਜ਼ ਵਿੱਚ ਵੱਜ ਰਹੇ ਗੰਦੇ ਗੀਤਾਂ ਨੂੰ ਹਟਾਉਣ ਜਾਂ ਉਸ ਦੀ ਕੁੱਝ ਆਵਾਜ਼ ਹੀ ਨੀਵੀਂ ਕਰਨ ਦੀ ਬੇਨਤੀ ਕਰ ਸੱਕਣ ਦੀ ਜੁਰਅਤ ਕਰਦਾ ਹੋਵੇ। ਕਦੀ ਕਦਾਈਂ ਮੈਨੂੰ ਕੰਨ ਪਾੜਵੇਂ ਗੀਤਾਂ ਦੀ ਆਵਾਜ਼ ਤੋਂ ਬਚਣ ਲਈ ਬੱਸ ਵਿਚੋਂ ਉਤਰਨਾ ਵੀ ਪਿਆ।
ਕਦੀ ਕਦੀ ਪੜ੍ਹਨ ਕਰਕੇ ਜਾ ਫਿਰ ਅੱਖ ਲੱਗ ਜਾਣ ਕਰਕੇ, ਨਿਸਚਤ ਅੱਡੇ ਤੋਂ ਅੱਗੇ ਲੰਘ ਜਾਣਾ ਜਾਂ ਕਦੀ ਹੜਬੜਾ ਕੇ, ਪਹਿਲਾਂ ਹੀ ਉਤਰ ਜਾਣਾ। ਕਦੀ ਪਹਿਲਾਂ ਟਿਕਟ ਲੈ ਕੇ ਦੂਜੀ ਵਾਰੀ ਫਿਰ ਟਿਕਟ ਮੰਗ ਲੈਣੀ। ਚੇਤਾ ਭੁੱਲ ਜਾਣਾ ਕਿ ਮੈਂ ਟਿਕਟ ਪਹਿਲਾਂ ਲੈ ਚੁੱਕਿਆ ਹਾਂ। ਇੱਕ ਵਾਰ ਇਉਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਅਡਵਾਈਜ਼ਰ, ਸ. ਭਾਨ ਸਿੰਘ ਜੀ ਦੀ ਪਤਨੀ ਜੀ ਵੀ ਓਸੇ ਬੱਸ ਵਿਚ, ਜਲੰਧਰੋਂ ਅੰਮ੍ਰਿਤਸਰ ਨੂੰ ਸਫ਼ਰ ਕਰ ਰਹੇ ਸਨ ਜਿਸ ਵਿੱਚ ਮੈਂ ਵੀ ਬੈਠਾ ਸਾਂ ਤੇ ਕੰਡਕਟਰ ਪਾਸੋਂ ਦੂਸਰੀ ਵਾਰ ਟਿਕਟ ਮੰਗੀ। ਉਹਨਾਂ ਨੇ ਆ ਕੇ ਆਪਣੇ ਪਤੀ ਜੀ ਨੂੰ ਮੇਰੀ ਇਸ ਲੋੜੋਂ ਵਧ ਇਮਾਨਦਾਰੀ ਦੀ ਘਟਨਾ ਸੁਣਾਈ। ਸ. ਭਾਨ ਸਿੰਘ ਜੀ ਬੜੇ ਹਸਮੁਖ ਸੱਜਣ ਸਨ। ਉਹ ਵਾਹਵਾ ਚਿਰ ਮੇਰੇ ਨਾਲ਼ ਅਜਿਹੀ ਯਾਦ ਦੁਆ ਕੇ ਹੱਸਿਆ ਕਰਦੇ ਸਨ ਪਰ ਮੈਨੂੰ ਪਤਾ ਨਾ ਲੱਗੇ ਕਿ ਉਹਨਾਂ ਨੂੰ ਮੇਰੀ ਇਸ ਗੱਲ ਦਾ ਪਤਾ ਕਿਵੇਂ ਲੱਗਾ। ਫਿਰ ਇੱਕ ਦਿਨ ਉਹਨਾਂ ਦੋਹਾਂ ਪਤੀ ਪਤਨੀ ਨੂੰ ਮੈਂ ਇਕੱਠੇ ਰਿਕਸ਼ੇ ਉਪਰ ਜਾਂਦਿਆਂ ਵੇਖਿਆ ਤਾਂ ਫਿਰ ਗੱਲ ਮੇਰੇ ਖਾਨੇ ਪਈ ਕਿ ਇਹ ਖ਼ਬਰ ਉਹਨਾਂ ਨੂੰ, ਉਹਨਾਂ ਦੀ ਪਤਨੀ ਨੇ ਪੁਚਾਈ ਸੀ। ਬੱਸ ਵਿੱਚ ਮੈਂ ਉਸ ਬੀਬੀ ਨੂੰ ਪਛਾਣ ਨਾ ਸਕਿਆ।
ਬੱਸਾਂ ਦੀ ਥੋੜ ਕਰਕੇ ਸਵਾਰੀਆਂ ਦਾ ਬੁਰਾ ਹਾਲ ਹੁੰਦਾ ਸੀ। ਇੱਕ ਵਾਰੀਂ ਦੀ ਗੱਲ ਹੈ ਕਿ ਮੈਂ ਸ਼ਾਮ ਜਿਹੇ ਨੂੰ ਜਲੰਧਰੋਂ ਅੰਮ੍ਰਿਤਸਰ ਜਾਣਾ ਸੀ। ਸ਼ਹਿਰ ਵਿਚਲੇ ਬੱਸ ਅੱਡੇ ਉਪਰ ਪਹੁੰਚਿਆ ਤਾਂ ਟਿਕਟਾਂ ਲੈਣ ਵਾਲ਼ਿਆਂ ਦੀ ਬਹੁਤ ਲੰਮੀ ਕਤਾਰ ਵੇਖੀ। ਮਾਰ ਧੱਕੋ ਮੁੱਕੀ ਹੋ ਰਹੀ ਸੀ। ਲੱਗੀ ਲਾਈਨ ਵਿੱਚ ਖਿੜਕੀ ਤੋਂ ਥੋਹੜੀ ਹੀ ਦੂਰ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਫ਼ਤਰ ਦਾ ਇੱਕ ਕਲੱਰਕ ਵੀ ਲੱਗਾ ਹੋਇਆ ਸੀ। ਉਸ ਨੇ ਮੈਨੂੰ ਪਛਾਣ ਕੇ ਆਖਿਆ ਕਿ ਮੈਂ ਉਸ ਨੂੰ ਆਪਣੇ ਪੈਸੇ ਫੜਾ ਦੇਵਾਂ ਤੇ ਉਹ ਆਪਣੀ ਟਿਕਟ ਦੇ ਨਾਲ਼ ਹੀ ਮੇਰੀ ਵੀ ਖ਼ਰੀਦ ਲਵੇਗਾ। ਇਹ ਜਾਣ ਕੇ ਬਾਕੀ ਦੀ ਭੀੜ ਨੇ ਰੌਲ਼ਾ ਪਾ ਦਿਤਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ਼ ਉਹਨਾਂ ਦੀ ਵਾਰੀ ਇੱਕ ਟਿਕਟ ਹੋਰ ਘੱਟ ਜਾਣੀ ਸੀ। ਮੈਂ ਇਹ ਜਾਇਜ਼ ਗੱਲ ਮੰਨ ਲਈ ਪਰ ਉਹ ਏਨੇ ਡਰੇ ਹੋਏ ਸਨ ਕਿ ਮੈਨੂੰ ਉਸ ਬੰਦੇ ਦੇ ਨੇੜੇ ਜਾ ਕੇ ਗੱਲ ਵੀ ਨਾ ਕਰਨ ਦੇਣ ਕਿ ਸ਼ਾਇਦ ਮੈਂ ਇਸ ਬਹਾਨੇ ਆਪਣੇ ਪੈਸੇ ਨਾ ਉਸ ਨੂੰ ਫੜਾ ਦੇਵਾਂ।
ਫਿਰ ਕੁੱਝ ਸਾਲਾਂ ਤੋਂ ਦੇਸ ਜਾਣ ਤੇ ਮੈਂ ਵੇਖਦਾ ਸਾਂ ਕਿ ਬੱਸ ਸਰਵਿਸ ਏਨੀ ਵਧ ਮਿਕਦਾਰ ਵਿੱਚ ਹੈ ਕਿ ਪਹਿਲਾਂ ਦੀ ਤਰ੍ਹਾਂ ਬੱਸ ਤੇ ਚੜ੍ਹਨ ਲਈ ਧੱਕੋ ਮੁੱਕੀ ਨਹੀ ਸੀ ਹੋਣਾ ਪੈਂਦਾ; ਸਗੋਂ ਬੱਸਾਂ ਵਾਲ਼ੇ, ਵੇਖਿਆ ਹੈ ਕਿ ਆਪ ਆਵਾਜ਼ਾਂ ਮਾਰ ਕੇ ਸਵਾਰੀਆਂ ਨੂੰ ਸੱਦ ਰਹੇ ਹੁੰਦੇ ਹਨ। ਅਜਿਹਾ ਇੱਕ ਦੂਜੀ ਕੰਪਨੀ ਦੀ ਬੱਸ ਦੇ ਮੂਹਰੇ ਆਪਣੀ ਬੱਸ ਲਗਾ ਕੇ ਸਵਾਰੀਆਂ ਇੱਕ ਦੂਜੀ ਤੋਂ ਖੋਹਣ ਦੇ ਯਤਨ ਵੀ ਹੁੰਦੇ ਹਨ। ਇਸ ਕਸਮਕਸ਼ ਵਿੱਚ ਬੱਸ ਕੰਪਨੀਆਂ ਦੇ ਮੁਲਾਜ਼ਮ ਆਪਸ ਵਿੱਚ ਕਈ ਵਾਰ ਲੜ ਵੀ ਪੈਂਦੇ ਹਨ। ਜਿਵੇਂ ਕਿ ਹੁੰਦਾ ਹੈ, “ਡਾਹਡੇ ਦਾ ਸੱਤੀਂ ਵੀਹੀਂ ਸੌ। “ਜੇਕਰ ਰਾਜ ਕਰ ਰਹੀ ਪਾਰਟੀ ਦੇ ਬੰਦਿਆਂ ਦੀ ਜਾਂ ਉਹਨਾਂ ਦੇ ਨੇੜੂਆਂ ਦੀ ਬੱਸ ਦੇ ਸਟਾਫ਼ ਨਾਲ਼ ਝਗੜਾ ਹੋਵੇ ਤਾਂ ਉਪਰ ਹੱਥ ਤਾਂ ਤਕੜੇ ਦਾ ਹੀ ਹੋਣਾ ਹੈ! ਇਸ ਪ੍ਰਥਾਇ ਇੱਕ ਪੁਰਾਣੀ ਇਤਿਹਾਸਕ ਕਹਾਣੀ ਚੇਤੇ ਆ ਗਈ: ਦੇਸ ਵਿੱਚ ਮੁਸਲਮਾਨਾਂ ਦਾ ਰਾਜ ਸੀ। ਇਸ ਰਾਜ ਸਮੇ ਜੱਜ ਜਾਂ ਮੁਨਸਿਫ਼ ਕਾਜ਼ੀ ਹੁੰਦੇ ਸਨ। ਆਮ ਵਾਂਙ ਪਿੰਡ ਦੇ ਮੁੰਡੇ ਬਾਹਰ ਡੰਗਰ ਚਾਰ ਰਹੇ ਸਨ। ਕਾਜ਼ੀ ਤੇ ਤੇਲੀ ਦੇ ਡੰਗਰ ਵੀ ਉਹਨਾਂ ਦੇ ਮੁੰਡੇ ਚਾਰ ਰਹੇ ਸਨ। ਇੱਕ ਦਿਨ ਤੇਲੀ ਦਾ ਬਲ਼ਦ ਤੇ ਕਾਜ਼ੀ ਦਾ ਬਲ਼ਦ ਭਿੜ ਪਏ। ਤੇਲੀ ਦਾ ਬਲ਼ਦ ਤਗੜਾ ਨਿਕਲ਼ਿਆ ਤੇ ਉਸ ਨੇ ਇਸ ਭੇੜ ਵਿੱਚ ਕਾਜ਼ੀ ਦੇ ਬਲਦ ਨੂੰ ਨਾ ਕੇਵਲ ਭਜਾਇਆ ਹੀ ਬਲਕਿ ਮਾਰ ਵੀ ਦਿਤਾ। ਤੇਲੀ ਨੂੰ ਖ਼ਬਰ ਹੋਈ ਤੇ ਉਹ ਭੱਜਾ ਭੱਜਾ ਕਾਜ਼ੀ ਦੇ ਘਰ ਗਿਆ ਤੇ ਪੁੱਛਿਆ, “ਕਾਜ਼ੀ ਜੀ, ਜੇ ਦੋ ਬਲਦ ਭਿੜ ਪੈਣ ਤੇ ਇੱਕ ਬਲਦ ਦੂਜੇ ਦੇ ਬਲ਼ਦ ਨੂੰ ਮਾਰ ਦੇਵੇ ਤਾਂ ਇਸ ਦੀ ਕੀ ਸਜਾ ਹੈ! ਕਾਜ਼ੀ ਬੋਲਿਆ, “ਦੋ ਡੰਗਰ ਭਿੜ ਗਏ ਤੇ ਇੱਕ ਮਰ ਗਿਆ; ਇਸ ਵਿੱਚ ਕਿਸੇ ਦਾ ਕੀ ਦੋਸ਼?” ਏਨੀ ਸੁਣ ਕੇ ਤੇਲੀ ਅਜੇ ਗਿਆ ਨਹੀਂ ਸੀ ਕਿ ਕਾਜ਼ੀ ਦਾ ਮੁੰਡਾ ਵੀ ਬਾਹਰੋਂ ਹਫ਼ਲਿਆ ਹੋਇਆ ਭੱਜਾ ਭੱਜਾ ਆਇਆ ਤੇ ਬੋਲਿਆ, “ਬਾਪੂ ਬਾਪੂ, ਤੇਲੀਆਂ ਦੇ ਬਲ਼ਦ ਨੇ ਆਪਣਾ ਬਲ਼ਦ ਮਾਰ ਦਿਤਾ ਹੈ। “ਇਹ ਸੁਣ ਕੇ ਕਾਜ਼ੀ ਨੇ ਤੇਲੀ ਨੂੰ ਆਖਿਆ, “ਠਹਿਰ ਜਾਹ, ਮੈਨੂੰ ਲਾਲ ਕਿਤਾਬ ਵੇਖ ਲੈਣ ਦੇ; ਉਸ ਵਿੱਚ ਕੀ ਲਿਖਿਆ ਹੈ! ਏਧਰ ਓਧਰ ਕੁੱਝ ਵਰਕੇ ਫੋਲ ਕੇ ਇਉਂ ਕਾਜ਼ੀ ਉਚਰਿਆ:
ਲਾਲ ਕਿਤਾਬ ਪੁਕਾਰੇ ਇਉਂ। ਤੇਲੀ ਬਲ਼ਦ ਭਿੜਾਇਆ ਕਿਉਂ?
ਖਲ਼ ਖਵਾਏ ਕੀਆ ਮੁਸ਼ਟੰਡ। ਬਲ਼ਦ ਦਾ ਬਲ਼ਦ ਤੇ ਤੀਹ ਰੁਪਏ ਡੰਡ।

ਕਾਨੂੰਨ ਤਾਂ ਦੇਸ ਵਿੱਚ ਇਕੋ ਹੀ ਹੈ ਪਰ ਉਸ ਦੀ ਵਰਤੋਂ ਤਾਂ ਬੰਦਿਆਂ ਨੇ ਹੀ ਕਰਨੀ ਹੁੰਦੀ ਹੈ! “ਜਿਸ ਹਥਿ ਜੋਰ ਕਰਿ ਵੇਖੈ ਸੋਇ॥” ਇੱਕ ਪਾਸੇ ਕਿਸ਼ੋਰੀ ਲਾਲ ਕਸਾਈ ਹੈ ਜਿਸ ਨੇ ੨੫ ਸਿਖਾਂ ਦਾ ਕਤਲ ਕੀਤਾ ਹੈ, ਆਪਣੇ ਸੂਰ ਮਾਰਨ ਵਾਲ਼ੇ ਛੁਰੇ ਨਾਲ਼। ਅਦਾਲਤ ਵਿੱਚ ਵੀ ਉਹ ਪੰਜ ਕਤਲਾਂ ਦਾ ਦੋਸ਼ੀ ਸਾਬਤ ਹੋ ਕੇ ਤਿਹਾੜ ਜੇਹਲ ਵਿੱਚ ਉਮਰ ਕੈਦ ਭੁਗਤ ਰਿਹਾ ਹੈ ਜਿਥੇ ਉਸ ਨੂੰ ਅਧਿਕਾਰੀਆਂ ਵੱਲੋਂ ਪੂਰੀਆਂ ਸਹੂਲਤਾਂ ਮਿਲ਼ੀਆਂ ਹੋਈਆਂ ਹਨ। ਏਥੋਂ ਤੱਕ ਕਿ ਉਸ ਦੀ ਸੇਵਾ ਲਈ ਇੱਕ ਨੌਕਰਾਣੀ ਵੀ ਰੱਖ ਕੇ ਦਿਤੀ ਗਈ ਹੈ ਤੇ ਦਿੱਲੀ ਦੀ ਸਰਕਾਰ ਨੇ ਉਪਰ ਸਿਫ਼ਾਰਸ਼ ਕੀਤੀ ਹੈ ਕਿ ਇਸ ਦਾ ਆਚਰਣ ਚੰਗਾ ਹੋਣ ਕਰਕੇ, ਇਸ ਨੂੰ ਸਜਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾ ਕਰ ਦਿਤਾ ਜਾਵੇ। ਦੂਜੇ ਬੰਨੇ ਕਾਲਜ ਵਿੱਚ ਇੰਜੀਨੀਅਰਿੰਗ ਦਾ ਪ੍ਰੋਫ਼ੈਸਰ, ਪ੍ਰੋ ਦਵਿੰਦਰਪਾਲ ਸਿੰਘ ਭੁੱਲਰ, ਜਿਸ ਨੂੰ ਜਰਮਨ ਤੋਂ ਹਿੰਦ ਸਰਕਾਰ, ਓਥੋਂ ਦੀ ਸਰਕਾਰ ਨਾਲ਼ ਇਹ ਇਕਰਾਰ ਕਰਕੇ ਲਿਆਉਂਦੀ ਹੈ ਕਿ ਇਸ ਨੂੰ ਮੌਤ ਦੀ ਸਜਾ ਨਹੀਂ ਦਿਤੀ ਜਾਵੇਗੀ। ਪਰ ਸਭ ਕਾਇਦੇ ਕਾਨੂੰਨ ਛਿੱਕੇ ਤੇ ਟੰਗ ਕੇ, ਬਿਨਾ ਕਿਸੇ ਵੀ ਸਬੂਤ ਦੇ, ਉਸ ਨੂੰ ਫਾਂਸੀ ਦੀ ਸਜਾ ਅਦਾਲਤ ਵੱਲੋਂ ਸੁਣਾਈ ਹੋਈ ਹੈ ਤੇ ਸਾਰੇ ਸੰਸਾਰ ਵਿੱਚ ਇਸ ਧੱਕੇਸ਼ਾਹੀ ਵਿਰੁਧ ਵਾਵੇਲ਼ਾ ਮਚਣ ਕਰਕੇ ਅਜੇ ਫਾਂਸੀ ਰੋਕੀ ਹੋਈ ਹੈ ਪਰ ਇਸ ਨੂੰ ਉਮਰ ਕੈਦ ਵਿੱਚ ਨਹੀਂ ਬਦਲਿਆ ਗਿਆ। ਕਦੀ ਵੀ ਫਾਂਸੀ ਤੇ ਲਟਕਾਇਆ ਜਾ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਉਹ ਦੇਸੋਂ ਭੱਜ ਕੇ ਬਾਹਰ ਕਿਉਂ ਗਿਆ? ਉਸ ਦਾ ਕਾਰਨ ਇਹ ਸੀ ਕਿ ਉਸ ਦੇ ਪਿਤਾ ਤੇ ਮਾਸੜ ਅਤੇ ਇੱਕ ਦੋਸਤ ਨੂੰ, ਪੰਜਾਬ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਮਾਰ ਦਿਤਾ ਸੀ ਤੇ ਇਸ ਨੂੰ ਪੁਲਿਸ ਲਭ ਰਹੀ ਸੀ। ਆਪਣਾ ਹਸ਼ਰ ਉਹਨਾਂ ਤਿੰਨਾਂ ਵਰਗਾ ਹੋ ਜਾਣ ਦੇ ਡਰ ਕਰਕੇ, ਆਪਣੀ ਜਾਨ ਬਚਾਉਣ ਲਈ ਉਹ ਦੇਸੋਂ ਬਾਹਰ ਭੱਜਿਆ ਸੀ। ਇਕੀ ਸਾਲਾਂ ਤੋਂ ਕਾਲ਼ ਕੋਟੜੀ ਵਿੱਚ ਬੰਦ, ਸੰਸਾਰ ਤੋਂ ਕੱਟਿਆ ਹੋਇਆ ਸਜਾ ਭੁਗਤ ਰਿਹਾ ਹੈ। ਕਦੀ ਵੀ ਫਾਂਸੀ ਤੇ ਕਟਕਾਇਆ ਜਾ ਸਕਦਾ ਹੈ।
ਉਪਰ ਗੱਲ ਕੀਤੀ ਕਿਸ ਕੁੱਝ ਸਾਲਾਂ ਤੋਂ ਜਾਂ ਦਹਾਕਿਆਂ ਤੋਂ ਬੱਸ ਕੰਪਨੀਆਂ ਦੀ ਭਰਮਾਰ ਹੋਣ ਕਰਕੇ, ਪੰਜਾਬ ਵਿੱਚ ਬੱਸਾਂ ਦਾ ਗਾਹੜ ਮਾਹੜ ਪਿਆ ਹੋਇਆ ਹੈ। ਇਹ ਚੰਗੀ ਗੱਲ ਹੈ ਕਿ ਕਰਾਇਆ ਖ਼ਰਚਣ ਦੀ ਸਮਰੱਥਾ ਵਾਲ਼ੇ ਪੰਜਾਬੀਆਂ ਨੂੰ ਸਵਾਰੀ ਦੀ ਕੋਈ ਦਿੱਕਤ ਨਹੀਂ ਮਹਿਸੂਸ ਹੁੰਦੀ। ਪਿੱਛੇ ੧੬ ਦਸੰਬਰ ੨੦੧੩ ਨੂੰ ਦਿੱਲੀ ਵਿੱਚ ਜੋ ਇੱਕ ਲੜਕੀ ਨਾਲ਼ ‘ਜੱਗੋਂ ਤੇਹਰਵੀਂ; ਹੋਈ ਤਾਂ ਦੁਨੀਆ ਨੂੰ ਪਤਾ ਲੱਗਾ ਕਿ ਬੱਸਾਂ ਵਿੱਚ ਵੀ ਕੀ ਕੁੱਝ ਮਾੜਾ ਹੋ ਸਕਦਾ ਹੈ! ਉਸ ਤੋਂ ਬਾਅਦ ਤਾਂ ਆਏ ਦਿਨ ਹੀ ਅਜਿਹੀਆਂ ਭਿਆਨਕ ਖ਼ਬਰਾਂ ਅਕਸਰ ਹੀ ਮੀਡੀਏ ਵਿੱਚ ਆਉਂਦੀਆਂ ਰਹਿੰਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅਜਿਹਾ ਅਨਰਥ ਪਹਿਲਾਂ ਘੱਟ ਤੇ ਹੁਣ ਵਧੇਰੇ ਹੋਣ ਲੱਗਾ ਹੈ ਬਲਕਿ ਉਸ ਭਿਆਨਕ ਦੁਰਘਟਨਾ ਤੋਂ ਬਾਅਦ ਇਸ ਧੱਕੇ ਨੂੰ, ਪੀੜਤ ਧਿਰ ਵੱਲੋਂ ਪਰਗਟ ਕਰਨ ਦਾ ਹੌਸਲਾ ਵਧ ਜਾਣ ਕਰਕੇ, ਇਹ ਖ਼ਬਰਾਂ ਮੀਡੀਏ ਵਿੱਚ ਆਉਣ ਲੱਗ ਪਈਆਂ ਹਨ। ਮੀਡੀਏ ਵਿੱਚ ਤਾਂ ‘ਟਿਪ ਆਫ਼ ਦ ਆਈਸਬਰਗ’ ਵਾਂਙ, ਬਹੁਤ ਥੋਹੜਾ ਜਿਹਾ ਹੀ ਆਉਂਦਾ ਹੈ, ਵਾਪਰਦਾ ਤਾਂ ਇਸ ਤੋਂ ਕਈ ਗੁਣਾਂ ਵਧ ਹੈ; ਬਲਕਿ ਇੱਕ ਸਿਆਣੇ ਦੇ ਕਥਨ ਅਨੁਸਾਰ, “ਵਾਪਰਦਾ ਸਾਗਰ ਸਮਾਨ ਹੈ ਤੇ ਲਿਖਤ ਵਿੱਚ ਬੂੰਦ ਸਮਾਨ ਆਉਂਦਾ ਹੈ।
ਕੁਝ ਦਿਨ ਪਹਿਲਾਂ ਇੱਕ ਪ੍ਰਾਈਵੇਟ ਬੱਸ ਵਿੱਚ ਫਿਰ ਅਜਿਹੀ ਭਿਆਨਕ ਘਟਨਾ ਵਾਪਰ ਗਈ। ਜਦੋਂ ਕਿ ੧੩ ਸਾਲਾਂ ਦੀ ਲੜਕੀ ਨੇ ਗੁੰਡੇ ਵੱਲੋਂ ਕੀਤੀ ਗਈ ਸ਼ਰਾਰਤ ਨਾ ਸਹਾਰੀ ਤਾਂ ਉਸ ਨੂੰ ਬੱਸ ਵਿਚੋਂ ਧੱਕਾ ਦੇ ਕੇ ਬਾਰਹ ਸੁੱਟ ਦਿਤਾ ਜਿਸ ਕਾਰਨ ਉਸ ਦੀ ਸੜਕ ਉਪਰ ਹੀ ਮੌਤ ਹੋ ਗਈ। ਫਿਰ ਉਸ ਦੀ ਮਾਂ ਨੂੰ ਵੀ ਧੱਕਾ ਦੇ ਕੇ ਬਾਹਰ ਸੜਕ ਤੇ ਸੁੱਟ ਦਿਤਾ। ਉਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾ ਦਿਤਾ। ਕੁੱਝ ਅੱਗੇ ਜਾ ਕੇ ਲੜਕੀ ਦੇ ਛੋਟੇ ਭਰਾ ਨੂੰ ਵੀ ਧੱਕਾ ਦੇ ਕੇ ਸੜਕ ਤੇ ਸੁੱਟ ਦਿਤਾ ਗਿਆ। ਕੁਦਰਤੀਂ ਇਹ ਬੱਸ ਪੰਜਾਬ ਵਿੱਚ ਰਾਜ ਕਰ ਰਹੇ ਘਰਾਣੇ ਦੀ ਸੀ। ਤਕੜੇ ਦੇ ਨੌਕਰ ਹੋਣ ਕਰਕੇ, ਨੌਕਰਾਂ ਦਾ ਹੌਸਲਾ ਵਧਿਆ ਹੋਇਆ ਹੋਵੇਗਾ ਕਿ ਉਹ ਅਜਿਹਾ ਧੱਕਾ ਕਰ ਸਕਦੇ ਹੋਣ! ਅਸਾਨੂੰ ਪਤਾ ਹੀ ਹੈ ਕਿ ਤਕੜੇ ਬੰਦੇ ਦੇ ਤਾਂ ਕੁੱਤੇ ਨੂੰ ਵੀ ਲੋਕ ਸਿਜਦਾ ਕਰਦੇ ਹਨ, ਉਹ ਤਾਂ ਫਿਰ ਜਵਾਨ ਹੱਟੇ ਕੱਟੇ ਗੁੰਡੇ ਸਨ। ਮੀਡੀਏ ਵਿੱਚ ਰੌਲਾ ਪੈ ਗਿਆ। ਪੈਣਾ ਤਾਂ ਚਾਹੀਦਾ ਹੀ ਸੀ। ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲ਼ ਗਿਆ ਕਿ ਉਹ ਰਾਜ ਕਰ ਰਹੇ ਪਰਵਾਰ ਦੇ ਨੁਕਸਾਨ ਵਾਸਤੇ ਜੋ ਕੁੱਝ ਵੀ ਕਰ ਸਕਦੇ ਹਨ, ਕਰਨ। ਮੀਡੀਏ ਨੂੰ ਗਰਮਾ ਗਰਮ ਖ਼ਬਰਾਂ ਦਾ ਵਸੀਲਾ ਮਿਲ਼ ਗਿਆ। ਇਸ ਰੌਲ਼ੇ ਗੌਲ਼ੇ ਵਿੱਚ ਪੀੜਤ ਧਿਰ ਨਾਲ਼ ਹਮਦਰਦੀ ਦੀ ਬਜਾਇ, ਰਾਜ ਘਰਾਣੇ ਤੋਂ ਬਦਲਾ ਲੈਣ ਦੀ ਨੀਅਤ ਨਾਲ਼ ਵਧ ਰੌਲ਼ਾ ਪਾਇਆ ਗਿਆ। ਭਾਵੇਂ ਦੇਰ ਨਾਲ਼ ਹੀ ਸਹੀ ਪਰ ਕੰਪਨੀ ਦੇ ਮਾਲਕਾਂ ਵੱਲੋਂ ਪੀੜਤ ਧਿਰ ਦੇ ਘਰ ਜਾ ਕੇ ਹਮਦਰਦੀ ਵੀ ਕੀਤੀ ਗਈ ਤੇ ਮੀਡੀਏ ਵਿਚੋਂ ਪੜ੍ਹਿਆ ਹੈ ਕਿ ਚੌਵੀ ਲੱਖ ਰੁਪਏ ਤੇ ਇੱਕ ਨੌਕਰੀ, ਪਰਵਾਰ ਨੂੰ ਸਹਾਇਤਾ ਵਜੋਂ ਵੀ ਦਿਤੀ ਗਈ ਹੈ। ਇਹ ਤਾਂ ਚੰਗੀ ਗੱਲ ਹੈ। ਪੀੜਤ ਧਿਰ ਨੂੰ ਕੁੱਝ ਤਾਂ ਧਰਵਾਸ ਦੇਣ ਦਾ ਯਤਨ ਕੀਤਾ ਗਿਆ ਹੈ! ਜੇਕਰ ਅਜਿਹਾ ਨਾ ਕੀਤਾ ਜਾਂਦਾ ਤੇ ਕੇਵਲ ਕਾਨੂੰਨੀ ਕਾਰਵਾਈ ਉਪਰ ਹੀ ਦਹਾਕਿਆਂ ਤੱਕ ਟੇਕ ਰੱਖ ਕੇ ਬੈਠੇ ਰਹਿੰਦੇ ਤਾਂ ਪਰਵਾਰ ਨੂੰ ਕੀ ਲਾਭ ਹੁੰਦਾ! ਵਿਰੋਧੀ ਰੌਲ਼ਾ ਪਾਉਂਦੇ ਹਨ ਕਿ ਪਰਵਾਰ ਨੂੰ ਇਹ ਪੇਸ਼ਕਸ ਠੁਕਰਾ ਦੇਣੀ ਚਾਹੀਦੀ ਹੈ। ਹਾਂ, ਇਸ ਸਹਾਇਤਾ ਦੀ ਆੜ ਵਿਚ, ਕਾਨੂੰਨ ਅਨੁਸਾਰ ਚੱਲ ਰਹੇ ਮੁਕੱਦਮੇ ਵਿੱਚ ਕੋਈ ਰੁਕਾਵਟ ਜਾਂ ਢਿੱਲ ਨਹੀ ਆਉਣੀ ਚਾਹੀਦੀ। ਉਹਨਾਂ ਭਿਆਨਕ ਦੋਸ਼ੀਆਂ ਦੇ ਖ਼ਿਲਾਫ਼ ਤਾਂ ਮੁੱਕਦਮਾ ਚੱਲਣਾ ਹੀ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਆਪਣੇ ਕੀਤੇ ਇਸ ਘਿਨਾਉਣੇ ਜੁਰਮ ਦੀ ਢੁਕਵੀਂ ਸਜਾ ਮਿਲਣੀ ਹੀ ਚਾਹੀਦੀ ਹੈ।
ਲੋੜ ਇਸ ਗੱਲ ਦੀ ਹੈ ਕਿ ਮੀਡੀਆ ਅਤੇ ਹੁਣ ਰੌਲ਼ਾ ਪਾਉਣ ਵਾਲ਼ੀਆਂ ਪਾਰਟੀਆਂ ਇਸ ਸਾਰੇ ਕੁੱਝ ਉਪਰ ਲਗਾਤਾਰ ਨਿਗਾਹ ਰਖਣ ਤਾਂ ਕਿ ਦੋਸ਼ੀ ਆਪਣੇ ਦੋਸ਼ ਦੀ ਸਜਾ ਭੁਗਤਣ ਤੋਂ ਬਚ ਨਾ ਜਾਣ। ਇਹ ਵੀ ਧਿਆਨ ਰੱਖਿਆ ਜਾਵੇ ਕਿ ਪੀੜਤ ਪਰਵਾਰ ਨੂੰ ਇਹ ਸਹਾਇਤਾ ਕੰਪਨੀ ਦੇ ਖ਼ਜ਼ਾਨੇ ਵਿਚੋਂ ਦਿਤੀ ਜਾਵੇ ਨਾ ਕਿ ਸਰਕਾਰੀ ਖ਼ਜ਼ਾਨੇ ਵਿਚੋਂ। ਅੱਗੋਂ ਇੱਕ ਕੰਪਨੀ ਦਾ ਮਸਲਾ ਹੈ ਕਿ ਉਹ ਆਪਣੇ ਦੋਸ਼ੀ ਮੁਲਾਜ਼ਮਾਂ ਪਾਸੋਂ ਇਹ ਰੀਕਵਰੀ ਕਰਦੀ ਹੈ ਜਾਂ ਕਿ ਕਿਸੇ ਹੋਰ ਪਾਸਿਉਂ! ਦੂਜੀ ਗੱਲ ਕਿ ਇਹ ਸਾਰੀਆਂ ਧਿਰਾਂ ਇਸ ਪਾਸੇ ਸਰਕਾਰ ਅਤੇ ਸਮਾਜ ਦਾ ਲਗਾਤਾਰ ਧਿਆਨ ਦਿਵਾ ਕੇ ਸੁਝਾ ਦੇਣ ਕਿ ਅਜਿਹੀਆਂ ਦੁਰਘਟਨਾਵਾਂ ਨੂੰ ਵਾਪਰਨ ਤੋਂ ਘਟਾਇਆ ਕਿਵੇਂ ਜਾਵੇ, ਜੇ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ ਤਾਂ। ਇਤਿਹਾਸ ਦੀ ਪੈੜ ਨੱਪਦਿਆਂ, ਭਾਵੇਂ ਇਹ ਕੁੱਝ ਹੋ ਸੱਕਣ ਦੀ ਆਸ ਘੱਟ ਹੀ ਹੈ, ਕਿਉਂਕਿ ਚਾਰ ਕੁ ਦਿਨ ਮੀਡੀਏ ਵਿੱਚ ਰੌਲਾ ਪੈਂਦਾ ਹੈ ਤੇ ਫਿਰ ਲੋਕ ਭੁੱਲ ਭੁਲਾ ਜਾਦੇ ਹਨ, ਪਰ ਫਿਰ ਵੀ ਪੰਜਾਬ ਦੀ ਜਨਤਾ ਦੇ ਸੁਚੇਤ ਰਹਿਣ ਕਰਕੇ ਕੁੱਝ ਨਾ ਕੁੱਝ ਤਾਂ ਚੰਗੇਰਾ ਹੋ ਜਾਣ ਦੀ ਆਸ ਰੱਖਣੀ ਹੀ ਚਾਹੀਦੀ ਹੈ।
ਸੰਤੋਖ ਸਿੰਘ
ਮਈ ੨੦੧੫
.