.

ਬਾਜ਼ ਦੇ ਦਰਸ਼ਨ
(ਸੱਚੀਆਂ ਘਟਨਾਵਾਂ ਤੇ ਆਧਾਰਿਤ)

ਅਜੇ ਪਿਛਲੇ ਹਫਤੇ ਦੀ ਹੀ ਗੱਲ ਹੈ। ਦੋ ਕੁ ਦਿਨ ਲਗਾਤਾਰ ਮੀਂਹ ਪੈਣ ਪਿੱਛੋਂ ਉਸ ਦਿਨ ਚੰਗੀ ਧੁੱਪ ਨਿਕਲ ਪਈ ਸੀ। ਮੈਂ ਸਵੇਰੇ ਹੀ ਆਪਣੇ ਘਰ ਦੇ ਪਿਛਲੇ ਵਿਹੜੇ ਵਿੱਚ ਬਣੇ ਹੋਏ ਸਟੋਰ ਦਾ ਦਰਵਾਜ਼ਾ ਖੋਹਲ ਆਇਆ ਸਾਂ ਤਾਂ ਕਿ ਇਸ ਵਿੱਚ ਦੀ ਸੂਰਜ ਦੀਆਂ ਕਿਰਨਾਂ ਅੰਦਰ ਪਹੁੰਚ ਸਕਣ ਅਤੇ ਬਰਸਾਤ ਦਾ ਮੌਸਮ ਹੋਣ ਕਰਕੇ ਸਟੋਰ ਦੇ ਅੰਦਰਵਾਰ ਬਣੀ ਹੋਈ ਸਿਲ੍ਹ ਕੁੱਝ ਘਟ ਜਾਵੇ। ਸ਼ਾਮ ਹੋਣ ਤੇ ਮੈਂ ਪਿਛਲੇ ਵਿਹੜੇ ਵਿੱਚ ਬਣੀਆਂ ਹੋਈਆਂ ਸਬਜ਼ੀਆਂ ਦੀਆਂ ਕਿਆਰੀਆਂ ਵਿੱਚ ਕੁੱਝ ਕੰਮ ਕਰਨ ਦਾ ਮਨ ਬਣਾ ਲਿਆ ਅਤੇ ਸਟੋਰ ਵਿੱਚੋਂ ਰੰਬੀ-ਦਾਤਰੀ ਲੈਣ ਲਈ ਇਸ ਦੇ ਅੰਦਰ ਜਾ ਵੜਿਆ। ਉਸ ਵਕਤ ਮੈਨੂੰ ਕੰਧ ਦੇ ਨਾਲ ਕਰਕੇ ਡਾਹੇ ਹੋਏ ਮੰਜੇ ਉੱਤੇ ਪਈ ਕਪੜਿਆਂ ਦੀ ਗੱਠੜੀ ਦੇ ਉੱਤੇ ਕੁੱਝ ਭੂਰੇ ਰੰਗ ਦੇ ਖੰਭ ਜਿਹੇ ਨਜ਼ਰੀਂ ਪਏ। ਮੈਂ ਧਿਆਨ ਲਗਾ ਕੇ ਵੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਉੱਥੇ ਇੱਕ ਪੰਛੀ ਬੈਠਾ ਹੋਇਆ ਸੀ। ਮੇਰੇ ਵੱਲੋਂ ਕੁੱਝ ਨੇੜੇ ਹੋਣ ਤੇ ਉਸ ਪੰਛੀ ਨੇ ਆਪਣੇ ਖੰਭ ਖਿਲਾਰ ਲਏ ਅਤੇ ਉੱਠ ਕੇ ਹਮਲਾਵਰ ਅੰਦਾਜ਼ ਵਿੱਚ ਮੇਰੇ ਵੱਲ ਵੇਖਣ ਲੱਗਾ। ਮੈਨੂੰ ਇਹ ਸਮਝਣ ਵਿੱਚ ਦੇਰ ਨਾ ਲੱਗੀ ਕਿ ਇਹ ਕਾਫੀ ਵੱਡੇ ਅਕਾਰ ਦਾ ਬਾਜ਼ ਪੰਛੀ ਸੀ ਜੋ ਦਿਨ ਵੇਲੇ ਸਟੋਰ ਦਾ ਬੂਹਾ ਖੁਲ੍ਹਾ ਹੋਣ ਤੇ ਅੰਦਰ ਆ ਕੇ ਬੈਠ ਗਿਆ ਸੀ। ਮੈਂ ਉਤਸੁਕਤਾ ਅਧੀਨ ਉਸ ਵੱਲ ਆਪਣਾ ਹੱਥ ਵਧਾਇਆ ਪਰੰਤੂ ਉਸ ਨੇ ਆਪਣੇ ਖੰਭ ਹੋਰ ਖਿਲਾਰ ਲਏ ਤੇ ਉਹ ਆਪਣੀ ਚੁੰਝ ਅੱਗੇ ਕਰਕੇ ਮੇਰੇ ਹੱਥ ਵੱਲ ਨੂੰ ਝਪਟਿਆ। ਮੈਂ ਡਰ ਕੇ ਥੋੜ੍ਹਾ ਜਿਹਾ ਪਿੱਛੇ ਹਟ ਗਿਆ।
ਸਟੋਰ ਵਿੱਚੋਂ ਰੰਬੀ ਚੁੱਕ ਕੇ ਮੈਂ ਬਾਹਰ ਨੂੰ ਆ ਗਿਆ ਅਤੇ ਕਿਆਰੀਆਂ ਦੇ ਬੰਨਿਆਂ ਉੱਤੇ ਬੈਠ ਕੇ ਫਾਲਤੂ ਪੌਦਿਆਂ ਨੂੰ ਉਖਾੜਨ ਦੇ ਕੰਮ ਵਿੱਚ ਰੁੱਝ ਗਿਆ। ਪਰੰਤੂ ਮੇਰਾ ਧਿਆਨ ਬਾਜ਼ ਵੱਲ ਹੀ ਸੀ ਜੋ ਸਟੋਰ ਵਿੱਚ ਬੈਠਾ ਸੀ ਅਤੇ ਉਸ ਨੇ ਮੈਨੂੰ ਵੇਖ ਕੇ ਬਾਹਰ ਵੱਲ ਨੂੰ ਉੱਡ ਜਾਣ ਦਾ ਯਤਨ ਵੀ ਨਹੀਂ ਕੀਤਾ ਸੀ। ਉਂਜ ਬਾਜ਼ ਦੀ ਦਿੱਖ ਤੋਂ ਇਹ ਨਹੀਂ ਸੀ ਪਰਤੀਤ ਹੋ ਰਿਹਾ ਕਿ ਇਸ ਉੱਤੇ ਕੋਈ ਹਮਲਾ ਹੋਇਆ ਹੋਵੇ ਜਾਂ ਇਹ ਜ਼ਖਮੀ ਹਾਲਤ ਵਿੱਚ ਹੋਵੇ। ਮੈਂ ਸੋਚ ਰਿਹਾ ਸਾਂ ਕਿ ਬਾਜ਼ ਵਰਗਾ ਪੰਛੀ ਕਦੀ ਘਰਾਂ ਦੇ ਵਿਹੜਿਆਂ ਵਿੱਚ ਨਹੀਂ ਉਤਰਦਾ ਅਤੇ ਇਸ ਦੇ ਕਿਸੇ ਕਮਰੇ ਵਿੱਚ ਆ ਕੇ ਬੈਠਣ ਬਾਰੇ ਤਾਂ ਕਦੀ ਸੋਚਿਆ ਹੀ ਨਹੀਂ ਜਾ ਸਕਦਾ। ਇਸ ਲਈ ਮੇਰਾ ਯਕੀਨ ਬਣ ਰਿਹਾ ਸੀ ਕਿ ਇਸ ਬਾਜ਼ ਪੰਛੀ ਦੀ ਸਿਹਤ ਠੀਕ ਨਹੀਂ ਸੀ ਅਤੇ ਇਹ ਡਿਗਦਾ-ਢਹਿੰਦਾ ਵਿਹੜੇ ਵਿੱਚ ਪਹੁੰਚ ਕੇ ਸੁਰਖਿਅਤ ਜਗਹ ਲੱਭਦਾ ਹੋਇਆ ਬੂਹਾ ਖੁਲ੍ਹਾ ਵੇਖ ਕੇ ਸਟੋਰ ਦੇ ਅੰਦਰ ਜਾ ਲੁਕਿਆ ਸੀ।
ਮੇਰਾ ਘਰ ਚੰਡੀਗੜ੍ਹ ਵਿੱਚ ਸਥਿਤ ਹੈ। ਖੁਸ਼-ਕਿਸਮਤੀ ਨਾਲ ਮੇਰੇ ਮਕਾਨ ਦੇ ਪਿਛਵਾੜੇ ਕਾਫੀ ਖੁਲ੍ਹੀ ਜਗਹ ਵਿਹਲੀ ਪਈ ਹੈ ਜਿੱਥੇ ਮੈਂ ਮਕਾਨ ਬਣਾਉਣ ਵੇਲੇ ਹੀ ਘਰ ਦੇ ਨੇੜੇ ਕਰਕੇ ਕੁੱਝ ਰੁੱਖ ਲਗਾ ਦਿੱਤੇ ਸਨ। ਇਹਨਾਂ ਵਿੱਚ ਦੋ ਟਾਹਲੀਆਂ, ਦੋ ਸ਼ਹਿਤੂਤ, ਤਿੰਨ ਨਿੰਮਾਂ, ਇੱਕ ਡੇਕ, ਇੱਕ ਜਮੋਆ, ਇੱਕ ਸੱਬਰਬੂਰਾ ਅਤੇ ਇੱਕ ਗੁਲਮੋਹਰ ਸ਼ਾਮਲ ਹਨ। ਦੋ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ ਲਗਾਏ ਇਹ ਸਾਰੇ ਰੁੱਖ ਹੁਣ ਤਕ ਕਾਫੀ ਫੈਲ ਚੁੱਕੇ ਹੋਏ ਹਨ ਅਤੇ ਇਹਨਾਂ ਨੇ ਇੱਕ ਸੰਘਣੀ ਝਿੜੀ ਦਾ ਰੂਪ ਲੈ ਲਿਆ ਹੋਇਆ ਹੈ। ਨੇੜੇ-ਨੇੜੇ ਹੋਰਨਾਂ ਦੇ ਲਗਾਏ ਹੋਏ ਵੀ ਰੁੱਖ ਵਿਖਾਈ ਦਿੰਦੇ ਹਨ ਜਿਹਨਾਂ ਵਿੱਚ ਇੱਕ ਪੁਰਾਣਾ ਪਿੱਪਲ ਵੀ ਹੈ। ਵਿਚਾਲੇ ਘਾ ਦਾ ਇੱਕ ਛੋਟਾ ਜਿਹਾ ਮੈਦਾਨ ਅਤੇ ਆਲੇ-ਦੁਆਲੇ ਇਹ ਸੰਘਣੇ ਰੁੱਖ, ਮੇਰੇ ਘਰ ਦੇ ਪਿਛਵਾੜੇ ਚੰਗਾ ਰਮਣੀਕ ਅਸਥਾਨ ਬਣਿਆਂ ਹੋਇਆ ਹੈ। ਮੇਰੇ ਲਈ ਸਾਰੇ ਦਿਨ ਵਿੱਚੋਂ ਸਭ ਤੋਂ ਸੁਹਾਵਣਾ ਸਮਾਂ ਸਵੇਰ ਵੇਲੇ ਪਹੁਫੁਟ ਦਾ ਹੁੰਦਾ ਹੈ ਜਦੋਂ ਇਹਨਾਂ ਰੁੱਖਾਂ ਦੇ ਪੱਤਿਆਂ ਵਿੱਚੋਂ ਆ ਰਹੀਆਂ ਭਿੰਨ-ਭਿੰਨ ਪੰਛੀਆਂ ਦੀਆਂ ਮਧੁਰ ਅਵਾਜ਼ਾਂ ਰੰਗ ਬੰਨ ਦਿੰਦੀਆਂ ਹਨ। ਦਿਨ ਦੇ ਬਾਕੀ ਹਿੱਸੇ ਵਿੱਚ ਵੀ ਇਸ ਅਸਥਾਨ ਤੇ ਪੰਛੀਆਂ ਦਾ ਜਮਘਟਾ ਜਿਹਾ ਬਣਿਆਂ ਰਹਿੰਦਾ ਹੈ ਅਤੇ ਪੰਛੀ-ਸੰਗੀਤ ਦੀਆਂ ਫੁਹਾਰਾਂ ਉੱਠਦੀਆਂ ਰਹਿੰਦੀਆਂ ਹਨ। ਇੱਥੇ ਗੁਟਾਰਾਂ, ਘੁੱਗੀਆਂ, ਕਾਂ, ਤੋਤੇ, ਕਬੂਤਰ, ਗਰੜ, ਬੁਲਬੁਲਾਂ, ਕੋਇਲਾਂ, ਨੀਲਕੰਠ, ਨਿੱਚਲੇ, ਚੱਕੀਰਾਹੇ, ਬਗਲੇ, ਪਿੱਦੀਆਂ, ਬਿਲਬਤੌਰੀਆਂ, ਵੱਖ-ਵੱਖ ਤਰ੍ਹਾਂ ਦੀਆਂ ਚਿੜੀਆਂ ਅਤੇ ਹੋਰ ਪੰਛੀ ਰੌਣਕਾਂ ਲਾਈ ਰੱਖਦੇ ਹਨ ਅਤੇ ਵਿਚ-ਵਿਚ ਗੁਲਹਿਰੀਆਂ ਵੀ ਟਪੂਸੀਆਂ ਮਾਰਦੀਆਂ ਫਿਰਦੀਆਂ ਹਨ। ਉੱਧਰ ਅਸਮਾਨ ਵਿੱਚ ਇੱਲਾਂ ਅਤੇ ਬਾਜ਼ ਵੀ ਉਡਾਰੀਆਂ ਭਰਦੇ ਵਿਖਾਈ ਦਿੰਦੇ ਰਹਿੰਦੇ ਹਨ ਅਤੇ ਕਦੀ-ਕਦੀ ਉੱਚੇ ਗੁਲਮੋਹਰ ਦੀ ਟੀਸੀ ਦੇ ਟਹਿਣੇ ਉੱਤੇ ਕਿਸੇ ਨਾ ਕਿਸੇ ਕਿਸਮ ਦਾ ਬਾਜ਼ ਬੈਠਾ ਨਜ਼ਰ ਆ ਜਾਂਦਾ ਹੈ।
ਪਰੰਤੂ ਉਸ ਦਿਨ ਇੱਕ ਬਾਜ਼ ਦਾ ਮੇਰੇ ਘਰ ਦੇ ਕਮਰੇ ਵਿੱਚ ਬੈਠਾ ਹੋਇਆ ਮਿਲਣਾ ਮੇਰੇ ਲਈ ਬੜੇ ਅਚੰਭੇ ਵਾਲੀ ਗੱਲ ਸੀ। ਬਾਜ਼ ਦੇ ਇਸ ਤਰ੍ਹਾਂ ਮੇਰੇ ਘਰ ਵਿੱਚ ਆ ਜਾਣ ਦੇ ਕਾਰਨਾਂ ਬਾਰੇ ਸੋਚਦਿਆਂ ਮੈਨੂੰ ਅਪਰੈਲ 1985 ਈਸਵੀ ਵਿੱਚ ਵਾਪਰੀ ਇੱਕ ਘਟਨਾ ਦੀ ਯਾਦ ਆ ਗਈ। ਉਦੋਂ ਮੈਂ ਚੰਡੀਗੜ੍ਹ ਵਿੱਚ ਹੀ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸਾਂ। ਇੱਕ ਦਿਨ ਮੇਰੇ ਗੁਆਂਢੀ ਨੇ ਮੈਨੂੰ ਦੱਸਿਆ ਕਿ ਸੈਕਟਰ ਪੰਦਰਾਂ ਦੇ ਗੁਰਦੁਆਰੇ ਵਿੱਚ ਇੱਕ ਬਾਜ਼ ਆਇਆ ਹੋਇਆ ਹੈ ਅਤੇ ਕਾਫੀ ਲੋਕ ਉਸ ਬਾਜ਼ ਦੇ ਦਰਸ਼ਨ ਕਰਨ ਲਈ ਉਸ ਗੁਰਦੁਆਰੇ ਵੱਲ ਨੂੰ ਜਾ ਰਹੇ ਹਨ। ਉਹ ਮੈਨੂੰ ਵੀ ਉਸ ਗੁਰਦੁਆਰੇ ਵੱਲ ਨੂੂੰ ਖਿੱਚ ਤੁਰਿਆ। ਅਸਾਂ ਉੱਥੇ ਜਾ ਕੇ ਵੇਖਿਆ ਕਿ ਇੱਕ ਮੱਧਮ ਅਕਾਰ ਦਾ ਬਾਜ਼ ਪੰਛੀ ਦਰਬਾਰ ਹਾਲ ਦੇ ਕੋਨੇ ਵਿੱਚ ਟਿਕਾਈ ਹੋਈ ਲੋਹੇ ਦੀ ਅਲਮਾਰੀ ਦੇ ਉੱਤੇ ਦੁਬਕਿਆ ਹੋਇਆ ਬੈਠਾ ਸੀ। ਦਰਬਾਰ ਹਾਲ ਦੇ ਅੰਦਰ ਅਤੇ ਬਾਹਰ ਲੋਕਾਂ ਦੀ ਵੱਡੀ ਭੀੜ ਜਮ੍ਹਾਂ ਸੀ। ਮੈਂ ਆਪਣੇ ਗੁਆਂਢੀ ਨੂੰ ਕਿਹਾ ਕਿ ਇਹ ਪੰਛੀ ਤਾਂ ਬਿਮਾਰ ਲੱਗਦਾ ਹੈ। ਉਸ ਨੇ ਮੇਰੀ ਗੱਲ ਦੀ ਪਰੋੜਤਾ ਕਰਦੇ ਹੋਏ ਦੱਸਿਆ ਕਿ ਅੱਜ ਕਲ ਫਸਲਾਂ ਨੂੰ ਪਾਈਆਂ ਜਾਂਦੀਆਂ ਖਾਦਾਂ ਅਤੇ ਉਹਨਾਂ ਉੱਤੇ ਕੀਟਨਾਸ਼ਕ ਦੁਆਈਆਂ ਦੇ ਵੱਧੇ ਹੋਏ ਛਿੜਕਾਓ ਕਰਕੇ ਸਾਧਾਰਨ ਪਸ਼ੂ-ਪੰਛੀ ਬਿਮਾਰ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ। ਅੱਗੇ ਬਾਜ਼, ਇੱਲ ਅਤੇ ਗਿਰਝ ਵਰਗੇ ਮਾਸਾਹਾਰੀ ਪੰਛੀ ਇਹਨਾਂ ਪਸ਼ੂ-ਪੰਛੀਆਂ ਦਾ ਜ਼ਹਿਰੀਲਾ ਮਾਸ ਖਾ ਕੇ ਖੁਦ ਬਿਮਾਰ ਹੋ ਜਾਂਦੇ ਹਨ। ਇੱਸੇ ਕਰਕੇ ਗਿਰਝਾਂ ਤਾਂ ਹੁਣ ਅਲੋਪ ਹੀ ਹੋ ਗਈਆਂ ਹਨ ਅਤੇ ਪੇਂਡੂ ਇਲਾਕਿਆਂ ਵਿੱਚੋਂ ਵੀ ਬਾਜ਼ਾਂ ਦੇ ਬਿਮਾਰੀ ਦੀ ਹਾਲਤ ਵਿੱਚ ਮਿਲਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਮੇਰੇ ਗੁਆਂਢੀ ਦਾ ਵਿਚਾਰ ਸੀ ਕਿ ਇਸ ਬਾਜ਼ ਨੇ ਇੱਸੇ ਤਰ੍ਹਾਂ ਹੀ ਬਿਮਾਰੀ ਦੀ ਹਾਲਤ ਵਿੱਚ ਗੁਰਦੁਆਰੇ ਦੀ ਇਮਾਰਤ ਵਿੱਚ ਆ ਟਿਕਾਣਾ ਮੱਲਿਆ ਸੀ। ਪਰੰਤੂ ਗੁਰਦੁਆਰੇ ਵਿੱਚ ਆਏ ਹੋਏ ਸ਼ਰਧਾਲੂ ਲੋਕ ਬਾਜ਼ ਵੱਲ ਨੂੰ ਮੂੰਹ ਕਰਕੇ ਹੱਥ ਜੋੜ ਰਹੇ ਸਨ ਅਤੇ ਕੁੱਝ ਕੁ ਤਾਂ ਝੁਕ ਕੇ ਮੱਥੇ ਵੀ ਟੇਕ ਰਹੇ ਸਨ। ਉਹਨਾਂ ਦੀ ਭਾਵਨਾ ਇਹ ਜਾਪਦੀ ਸੀ ਕਿ ਜ਼ਰੂਰ ਹੀ ਇਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਘਲਿਆ ਹੋਇਆ ਬਾਜ਼ ਹੈ। ਅਸਲ ਵਿੱਚ 1984 ਈਸਵੀ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਾਦ ਸਮੁੱਚੇ ਸਿਖ ਭਾਈਚਾਰੇ ਦਾ ਮਨੋਬਲ ਕਾਫੀ ਡਾਵਾਂ-ਡੋਲ ਸਥਿਤੀ ਵਿੱਚ ਸੀ ਅਤੇ ਅਜਿਹੇ ਸਮੇਂ ਅਚਾਨਕ ਹੀ ਗੁਰਦੁਆਰੇ ਵਿੱਚ ਬਾਜ਼ ਦਾ ਪਰਗਟ ਹੋਣਾ ਇਲਾਕੇ ਦੇ ਸਿਖ ਸ਼ਰਧਾਲੂਆਂ ਨੂੰ ਬੜਾ ਧਰਵਾਸ ਦੇ ਰਿਹਾ ਪਰਤੀਤ ਹੁੰਦਾ ਸੀ।
ਉਂਜ ਵੀ ਸਿਖ ਸੰਗਤਾਂ ਵਿੱਚ ਅੰਨ੍ਹੀ ਸ਼ਰਧਾ ਦੀ ਕੋਈ ਕਮੀ ਨਹੀਂ। ਜੇਕਰ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਕਿਸੇ ਵਿਸ਼ੇਸ਼ ਅਸਥਾਨ ਤੇ ਕਿਸੇ ਸਿਖ ਗੁਰੂ ਸਾਹਿਬ ਨੇ ਕਿਸੇ ਵੇਲੇ ਚਰਨ ਪਾਏ ਸਨ ਜਾਂ ਕਿਸੇ ਵਿਸ਼ੇਸ਼ ਵਸਤੂ ਨੂੰ ਕਿਸੇ ਗੁਰੂ ਸਾਹਿਬ ਨੇ ਕਿਸੇ ਸਮੇਂ ਵਰਤੋਂ ਵਿੱਚ ਲਿਆਂਦਾ ਸੀ ਤਾਂ ਸਿਖ ਸ਼ਰਧਾਲੂ ਝੱਟ ਹੀ ਨਤਮਸਤਕ ਹੋਣ ਲਈ ਭੱਜ ਤੁਰਨਗੇ ਭਾਵੇਂ ਅਜਿਹੀ ਜਾਣਕਾਰੀ ਕਿਸੇ ਅਫਵਾਹ ਦੇ ਤੌਰ ਤੇ ਹੀ ਜਾਰੀ ਕੀਤੀ ਹੋਈ ਹੋਵੇ। ਇੱਸੇ ਰੁਝਾਨ ਤਹਿਤ ਹੀ ਅਨੇਕਾਂ ਗੁਰਦੁਆਰੇ ਉਸਾਰੇ ਜਾ ਚੁੱਕੇ ਹਨ ਜੋ ਅਸਲ ਵਿੱਚ ਗੋਲਕਦੁਆਰੇ ਹੀ ਹਨ ਅਤੇ ਕਰਮਕਾਂਡਾਂ ਦੀਆਂ ਵਰਕਸ਼ਾਪਾਂ ਬਣੇ ਹੋਏ ਹਨ। ਉੱਧਰ ਸਵਾਰਥੀ ਧਿਰਾਂ ਵੱਲੋਂ ਸਮੇਂ-ਸਮੇਂ ਜੇਬਾਂ ਭਰਨ ਜਾਂ ਸਿਆਸੀ ਲਾਹਾ ਲੈਣ ਲਈ ਅਨੇਕਾਂ ਵਸਤਾਂ ਜਿਵੇਂ ਕਲਗੀ, ਚੋਲਾ, ਦਸਤਾਰ, ਕੰਘਾ, ਖੜਾਵਾਂ, ਤੀਰ, ਖੰਡਾ, ਕਿਰਪਾਨ ਆਦਿਕ ਨੂੰ ਸਿਖ ਗੁਰੂ ਸਾਹਿਬਾਨ ਨਾਲ ਸਬੰਧਤ ਕਰਕੇ ‘ਨਿਸ਼ਾਨੀਆਂ’ ਦੇ ਤੌਰ ਤੇ ਪੇਸ਼ ਕਰਨ ਦੇ ਨਾਟਕ ਕੀਤੇ ਜਾਂਦੇ ਹਨ। ਪਰੰਤੂ ਆਮ ਕਰਕੇ ਸਿਖ ਸ਼ਰਧਾਲੂ ਅੰਨੀਂ ਸ਼ਰਧਾ ਅਧੀਨ ਇਹਨਾਂ ਅਫਵਾਵਾਂ ਨੂੰ ਸੱਚ ਹੀ ਮੰਨ ਲੈਂਦੇ ਹਨ ਅਤੇ ਚੜ੍ਹਾਵਿਆਂ ਦੇ ਰੂਪ ਵਿੱਚ ਆਪਣੀ ਖੂਬ ਲੁੱਟ ਕਰਵਾਉਂਦੇ ਹਨ। ਮੈਨੂੰ ਅਜਿਹੀ ਹੱਦੋਂ ਵੱਧ ਅੰਨ੍ਹੀਂ ਸ਼ਰਧਾ ਦੀ ਉਦਾਹਰਨ ਉਸ ਵਕਤ ਵੇਖਣ ਨੂੰ ਮਿਲੀ ਜਦੋਂ 1973 ਈਸਵੀ ਵਿੱਚ ਗਿਆਨੀ ਜ਼ੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਅਤੇ ਉਸ ਵੱਲੋਂ ਸਿਆਸੀ ਲਾਹਾ ਖੱਟਣ ਲਈ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਟਕ ਰਚਿਆ ਗਿਆ ਸੀ। ਇਸ ਮਾਰਗ ਉੱਤੇ ਕੱਢੇ ਗਏ ਵਿਸ਼ਾਲ ਜਲੂਸ ਵਿੱਚ ਕਿਸੇ ਤਬੇਲੇ ਵਿੱਚੋਂ ਦੋ ਦਰਸ਼ਨੀ ਘੋੜੇ ਲਿਆ ਕੇ ਸ਼ਾਮਲ ਕੀਤੇ ਗਏ ਜਿਹਨਾਂ ਬਾਰੇ ਇਹ ਕਹਾਣੀ ਘੜੀ ਗਈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਦੀ ਨਸਲ ਵਿੱਚੋਂ ਸਨ। ਜਲੂਸ ਵਿੱਚ ਸ਼ਾਮਲ ਸਿਖ ਸ਼ਰਧਾਲੂ ਇਹਨਾਂ ਘੋੜਿਆਂ ਸਾਹਵੇਂ ਕੇਵਲ ਨਤਮਸਤਕ ਹੀ ਨਹੀਂ ਹੁੰਦੇ ਰਹੇ ਸਗੋਂ ਉਹਨਾਂ ਵਿੱਚੋਂ ਕੁੱਝ ਕੁ ਇਹਨਾਂ ਘੋੜਿਆਂ ਦੀ ਲਿੱਦ ਨੂੰ ਵੀ ਪਰਸ਼ਾਦ ਵਜੋਂ ਛਕਦੇ ਅਤੇ ਅੱਗੇ ਵਰਤਾਉਂਦੇ ਵੇਖੇ ਗਏ। ਬਾਦ ਵਿੱਚ ਪਤਾ ਲੱਗਾ ਕਿ ਮਹਾਂਰਾਸ਼ਟਰ ਵਿੱਚ ਨੰਦੇੜ ਦੇ ਅਸਥਾਨ ਤੇ ਵੀ ਗੁਰਦੁਆਰਾ ਪ੍ਰਬੰਧਕਾਂ ਨੇ ਅਜਿਹੇ ਘੋੜੇ ਪੱਕੇ ਤੌਰ ਤੇ ਰੱਖੇ ਹੋਏ ਹਨ ਜਿਹਨਾਂ ਅੱਗੇ ਮੱਥਾ ਵੀ ਟਿਕਵਾਇਆ ਜਾਂਦਾ ਹੈ ਅਤੇ ਉਹਨਾਂ ਘੋੜਿਆਂ ਦੀ ਲਿੱਦ ਨੂੰ ਪਰਸ਼ਾਦ ਦੇ ਰੂਪ ਵਿੱਚ ਵੰਡਿਆ ਵੀ ਜਾਂਦਾ ਹੈ ਜਿਸ ਨੂੰ ਸਿਖ ਯਾਤਰੀ ਬੜੀ ਸ਼ਰਧਾ-ਪੂਰਵਕ ਸਵੀਕਾਰਦੇ ਹਨ। ਸ਼ਾਇਦ ਪ੍ਰਬੰਧਕਾਂ ਨੇ ਜਲੂਸ ਵਿੱਚ ਘੋੜੇ ਪਰਦਰਸ਼ਿਤ ਕਰਨ ਦਾ ਵਿਚਾਰ ਨੰਦੇੜ ਤੋਂ ਹੀ ਪਰਾਪਤ ਕੀਤਾ ਸੀ।
ਜੇਕਰ ਮਨੋਵਿਗਿਆਨਕ ਪੱਖੋਂ ਵੇਖਿਆ ਜਾਵੇ ਤਾਂ ‘ਧਾਰਮਿਕ’ ਸ਼ਰਧਾ ਰੱਖਣ ਵਾਲੇ ਸਾਰੇ ਲੋਕ ਅਸਲ ਵਿੱਚ ਮਾਨਸਿਕ ਰੋਗਾਂ ਦੇ ਸ਼ਿਕਾਰ ਹੁੰਦੇ ਹਨ (ਇੱਥੇ ‘ਧਰਮ’ ਦਾ ਅਰਥ ਸੰਸਥਾਗਤ ਧਰਮ ਭਾਵ ਰਿਲੀਜਨ ਜਾਂ ਮਜ਼ਹਬ ਤੋਂ ਹੈ) ਅਤੇ ਸੰਸਥਾਗਤ ਧਰਮ ਦੇ ਸੰਚਾਲਕ ਅਤੇ ਸਾਧ-ਬਾਬੇ ਇਹਨਾਂ ਮਾਨਸਿਕ ਰੋਗੀਆਂ ਦਾ ਖੂਬ ਸ਼ੋਸ਼ਣ ਕਰਦੇ ਹਨ। ਅੰਨ੍ਹੀ ਸ਼ਰਧਾ ਤਾਂ ਹੈ ਹੀ ‘ਦੀਰਘ’ ਮਾਨਸਿਕ ਰੋਗ। ਕੇਵਲ ‘ਧਾਰਮਿਕ’ ਸ਼ਰਧਾ ਦੇ ਪੈਮਾਨੇ ਨਾਲ ਪਰਖੀਏ ਤਾਂ ਸੰਸਾਰ ਦੇ ਅੱਸੀ ਫੀ ਸਦੀ ਲੋਕ ਮਾਨਸਿਕ ਰੋਗੀ ਸਾਬਤ ਹੁੰਦੇ ਹਨ, ਬਾਕੀ ਵੱਖਰੇ। ਗੁਰਬਾਣੀ ਇਸ ਮਾਨਸਿਕ ਰੋਗ ਤੋਂ ਛੁਟਕਾਰੇ ਦਾ ਤਰੀਕਾ ਸਮਝਾਉਂਦੀ ਹੈ। ‘ਧਾਰਮਿਕ ਸ਼ਰਧਾ’ ਦਾ ਸਿੱਧਾ ਅਰਥ ਹੈ ਆਤਮ-ਵਿਸ਼ਵਾਸ ਦੀ ਕਮੀ ਅਤੇ ਇਸ ਵਿੱਚੋਂ ਉਪਜਦੀਆਂ ਰੁਚੀਆਂ। ਉੱਧਰ ਗੁਰਬਾਣੀ ‘ਧਾਰਮਿਕ ਸ਼ਰਧਾ’ ਨੂੰ ਨਕਾਰਦੇ ਹੋਏ ਮਨੁੱਖ ਵਿੱਚ ਬਿਬੇਕ ਦੀ ਵਰਤੋਂ ਅਤੇ ਆਤਮ-ਚੀਨਣ ਰਾਹੀਂ ਆਤਮ-ਵਿਸ਼ਵਾਸ ਜਗਾਉਂਣ ਅਤੇ ਆਪਣੀ ਸਮਰੱਥਾ ਨੂੰ ਪਛਾਣਨ ਦਾ ਸਬਕ ਦਿੰਦੀ ਹੈ। ਪਰੰਤੁ ਗੁਰਬਾਣੀ ਦਾ ਕਹਿਣਾ ਤਾਂ ‘ਸਿਖ’ ਅਖਵਾਉਣ ਵਾਲੇ ਸੱਜਣ ਵੀ ਨਹੀਂ ਮੰਨਣਾ ਚਾਹੁੰਦੇ ਭਾਵੇਂ ਕਿ ਗੁਰਬਾਣੀ ਦੇ ਵਿੱਚ ਹੀ ਲਿਖਿਆ ਹੋਇਆ ਹੈ, “ਬਾਣੀ ਗੁਰੂ ਗੁਰੂ ਹੈ ਬਾਣੀ…. .”। ਸਗੋਂ ਦੂਸਰੇ ਸੰਸਥਾਗਤ ਧਰਮਾਂ ਦੇ ਮੁਕਾਬਲੇ ਤੇ ‘ਸਿਖ’ ਭਾਈਚਾਰੇ ਵਿੱਚ ਅੰਨ੍ਹੀ ਸ਼ਰਧਾ ਵਿੱਚ ਫਸੇ ਹੋਏ ਸ਼ਰਧਾਲੂਆਂ ਦਾ ਅਨੁਪਾਤ ਸਿਖਰ ਤੇ ਹੈ।
ਹੁਣ, ਘਰ ਵਿੱਚ ਆ ਬੈਠੇ ਬਾਜ਼ ਬਾਰੇ ਸੋਚ ਕੇ ਮੈਨੂੰ ਸਿਖ ਸ਼ਰਧਾਲੂਆਂ ਦੀ ਇਸ ਅੰਨੀਂ ਸ਼ਰਧਾ ਨੂੰ ਲੈਕੇ ਤੌਖਲਾ ਸਤਾਉਣ ਲੱਗ ਪਿਆ। ਮੈਨੂੰ ਇਸ ਗਲ ਦਾ ਡਰ ਲੱਗ ਰਿਹਾ ਸੀ ਕਿ ਜੇਕਰ ਆਂਢ-ਗੁਆਂਢ ਵਿੱਚ ਮੇਰੇ ਘਰ ਵਿੱਚ ਆਏ ਹੋਏ ਬਾਜ਼ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੇ ਢੰਡੋਰਾ ਪਿੱਟ ਦੇਣਾ ਹੈ ਕਿ ਮੇਰੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼ ਆ ਪਹੁੰਚਾ ਹੈ ਅਤੇ ਫਿਰ ਇੱਥੇ ਬਾਜ਼ ਅੱਗੇ ਨਤਮਸਤਕ ਹੋਣ ਵਾਲੇ ਸਿਖ ਸ਼ਰਧਾਲੂਆਂ ਦੀਆਂ ਭੀੜਾਂ ਲੱਗ ਜਾਣਗੀਆਂ ਜਿਹਨਾਂ ਨੂੰ ਸੰਭਾਲਣਾ ਮੇਰੇ ਲਈ ਮੁਸ਼ਕਲ ਹੋ ਜਾਵੇਗਾ। ਕੁੱਝ ਧਿਰਾਂ ਨੇ ਮੇਰੇ ਘਰ ਦੇ ਅਗਲੇ ਵਿਹੜੇ ਵਿੱਚ ਕੀਰਤਨ ਚਾਲੂ ਕਰ ਦੇਣਾ ਹੈ ਅਤੇ ਕੁੱਝ ਧਿਰਾਂ ਨੇ ਇੱਕ ਕਮਰੇ ਵਿੱਚ ਅਖੰਡ-ਪਾਠ ਲੜੀ ਸ਼ੁਰੂ ਕਰ ਦੇਣੀ ਹੈ। ਉੱਧਰ ਗਲੀ ਵਿੱਚ ਸੰਗਤਾਂ ਲਈ ਲੰਗਰ ਅਤੇ ਛਬੀਲਾਂ ਦਾ ਪ੍ਰਬੰਧ ਹੋ ਜਾਣਾ ਹੈ। ਫਿਰ ਅਖਬਾਰਾਂ ਦੇ ਪੱਤਰਕਾਰਾਂ ਨੇ ਆ ਘੇਰਾ ਪਾਉਣਾ ਹੈ ਅਤੇ ਟੀਵੀ ਚੈਨਲਾਂ ਦੇ ਕੈਮਰੇ ਵੀ ਪਹੁੰਚ ਜਾਣੇ ਹਨ। ਫੇਸਬੁੱਕ ਅਤੇ ਵਟਸਐਪ ੳੱਤੇ ਵੀ ਬਾਜ਼ ਸਬੰਧੀ ਪੋਸਟਾਂ ਪਏ ਜਾਣੀਆਂ ਹਨ। ਨਿਸਚਤ ਹੈ ਕਿ ਮੀਡੀਆ-ਪਬਲੀਸਿਟੀ ਦੇ ਅਸਰ ਹੇਠ ਦੂਰੋਂ-ਨੇੜਿਓਂ ਸੰਗਤਾਂ ਨੇ ਜੱਥੇ ਬੰਨ੍ਹ ਕੇ ਜਲੂਸਾਂ ਦੀ ਸ਼ਕਲ ਵਿੱਚ ‘ਬੋਲੇ ਸੋ ਨਿਹਾਲ’ ਕਰਦਿਆਂ ਇੱਧਰ ਨੂੰ ਚਾਲੇ ਪਾ ਦੇਣੇ ਹਨ। ਕੁੱਝ ਜੱਥਿਆਂ ਨੇ ਅਜਿਹੀਆਂ ਸਤਰਾਂ ਵੀ ਗਾਉਂਦੇ ਆਉਣਾ ਹੈ ਜਿਵੇਂ
ਚੱਲੋ ਸਿੰਘੋ ਰਲ ਦਰਸ਼ਨ ਕਰੀਏ, ਬਾਜ ਗੁਰਾਂ ਦਾ ਆਇਆ।
ਬਾਜ ਗੁਰਾਂ ਦੇ ਆ ਕੇ ਡੇਰਾ, ਚੰਡੀਗੜ੍ਹ ਵਿੱਚ ਲਾਇਆ।
ਫਿਰ ਕਈ ਸੱਜਣਾਂ ਨੇ ਮੈਨੂੰ ਆਪਣੇ ਘਰ ਨੂੰ ‘ਇਤਹਾਸਕ’ ਗੁਰਦੁਆਰਾ ਬਣਾਉਣ ਦੀ ਸਲਾਹ ਦੇਣ ਲੱਗ ਪੈਣਾ ਹੈ ਅਤੇ ਇਸ ਤੋਂ ਅੱਗੇ ਗੁਰਦੁਆਰੇ ਦਾ ਨਾਮ ‘ਗੁਰਦੁਆਰਾ ਬਾਜ ਸਾਹਿਬ’ ਰੱਖਣ ਦਾ ਸੁਝਾ ਵੀ ਦੇ ਦੇਣਾ ਹੈ। ਮੇਰੇ ਮਨ ਵਿੱਚ ਇਹ ਵੀ ਖਿਆਲ ਆ ਰਿਹਾ ਸੀ ਕਿ ਕੁੱਝ ਲੋਕਾਂ ਨੇ ਮੈਨੂੰ, ਉਹਨਾਂ ਅਨੁਸਾਰ, ਗੁਰੂ ਜੀ ਦੀ ਵਿਸ਼ੇਸ਼ ਮਿਹਰ ਦਾ ਪਾਤਰ ਬਣੇ ਹੋਣ ਕਰਕੇ ‘ਬਾਬੇ’ ਦਾ ਰੁਤਬਾ ਬਖਸ਼ ਦੇਣਾ ਹੈ। ਫਿਰ ਸ਼ਰਧਾਲੂਆਂ ਨੇ ਮੇਰੇ ਪੈਰੀਂ ਹੱਥ ਲਗਾਉਣਾ ਅਰੰਭ ਕਰ ਦੇਣਾ ਹੈ ਅਤੇ ਬਾਹਰ ਮੈਨੂੰ ‘ਬਾਜ ਵਾਲਾ ਬਾਬਾ’ ਵਜੋਂ ਮਸ਼ਹੂਰ ਕਰ ਸੁੱਟਣਾ ਸੀ। ਜੇਕਰ ਮੇਰੀ ਜਗਹ ਕੋਈ ਚਤੁਰ ਅਤੇ ਅੰਨੀ ਸ਼ਰਧਾ ਦਾ ਲਾਭ ਉਠਾਉਣ ਵਾਲਾ ਸੱਜਣ ਹੁੰਦਾ ਤਾਂ ਉਸ ਨੇ ਇਸ ਸਥਿਤੀ ਨੂੰ ਵਰਤਣ ਵਿੱਚ ਹਿਚਕਚਾਹਟ ਨਹੀਂ ਵਿਖਾਉਣੀ ਸੀ ਅਤੇ ਆਪਣੇ ਵਾਰੇ-ਨਿਆਰੇ ਕਰ ਲੈਣੇ ਹਨ ਕਿਉਂਕਿ ਅੰਨ੍ਹੇ ਸ਼ਰਧਾਲੂਆਂ ਦੀ ਲੁੱਟ ਤੋਂ ਚੰਗੇਰਾ ਹੋਰ ਕੋਈ ਬਿਜ਼ਨੈਸ ਨਹੀਂ ਹੋ ਸਕਦਾ। ਪਰੰਤੂ ਮੈਂ ਇਸ ਸਾਰੇ ਅਡੰਬਰ ਤੋਂ ਬਚਣਾ ਚਾਹੁੰਦਾ ਸਾਂ। ਇਸ ਲਈ ਮੈਂ ਫੈਸਲਾ ਕੀਤਾ ਕਿ ਬਾਜ਼ ਦੇ ਘਰ ਵਿੱਚ ਆਉਣ ਦਾ ਗੁਆਂਢੀਆਂ ਨੂੰ ਤਾਂ ਕੀ ਘਰ ਦੇ ਜੀਆਂ ਨੂੰ ਵੀ ਕੋਈ ਪਤਾ ਨਾ ਚੱਲੇ।
ਮੈਂ ਕਿਆਰੀਆਂ ਦੀ ਗੁਡਾਈ ਦਾ ਕੰਮ ਵਿੱਚੇ ਛੱਡ ਕੇ ਰੰਬੀ ਅੰਦਰ ਰੱਖਣ ਲਈ ਫਿਰ ਸਟੋਰ ਵੱਲ ਨੂੰ ਗਿਆ। ਸੰਝ ਹੋਰ ਡੂੰਘੀ ਹੋ ਗਈ ਸੀ। ਮੈਂ ਅੰਦਰ ਜਾ ਕੇ ਵੇਖਿਆ ਕਿ ਬਾਜ਼ ਸਟੋਰ ਦੇ ਵਿੱਚ ਆਪਣੀ ਜਗਹ ਤੇ ਹੀ ਟਿਕਿਆ ਹੋਇਆ ਸੀ। ਲਗਦਾ ਸੀ ਕਿ ਹਾਲੇ ਉਸਦਾ ਬਾਹਰ ਨੂੰ ਜਾਣ ਦਾ ਕੋਈ ਇਰਾਦਾ ਨਹੀਂ ਸੀ। ਮੈਨੂੰ ਬਾਜ਼ ਦੇ ਬਿਮਾਰ ਹੋਣ ਕਰਕੇ ਉਸ ਨਾਲ ਕੁੱਝ ਹਮਦਰਦੀ ਜਿਹੀ ਹੋ ਗਈ ਸੀ ਅਤੇ ਮੈਂ ਉਸ ਨੂੰ ਇਸ ਵੇਲੇ ਘਰ ਵਿੱਚੋਂ ਜ਼ਬਰਦਸਤੀ ਬਾਹਰ ਨਹੀਂ ਕੱਢਣਾ ਚਾਹੁੰਦਾ ਸਾਂ। ਉਂਜ ਉਸ ਦੀ ਹਾਲਤ ਸਥਿਰ ਜਾਪਦੀ ਸੀ ਅਤੇ ਮੈਨੂੰ ਪੂਰੀ ਆਸ ਸੀ ਕਿ ਸਵੇਰ ਹੋਣ ਤਕ ਉਹ ਕਾਫੀ ਠੀਕ ਹੋ ਜਾਵੇਗਾ ਅਤੇ ਆਪਣੇ-ਆਪ ਬਾਹਰ ਵੱਲ ਨੂੰ ਉੱਡ ਜਾਵੇਗਾ। ਮੈਂ ਇੱਕ ਕਟੋਰੀ ਵਿੱਚ ਪਾਣੀ ਪਾਕੇ ਉਸ ਦੇ ਕੋਲ ਰੱਖਦੇ ਹੋਏ ਉਸਦੇ ਖੰਭਾਂ ਨੂੰ ਛੂਹ ਲਿਆ ਅਤੇ ਉਸ ਨਾਲ ਲਾਡ-ਪਿਆਰ ਵਾਲੇ ਲਹਿਜੇ ਵਿੱਚ ਹੌਲੀ-ਹੌਲੀ ਗੱਲਾਂ ਕਰਨ ਲੱਗਾ ਜਿਸ ਨਾਲ ਬਾਜ਼ ਦਾ ਡਰ ਕੁੱਝ ਘਟ ਗਿਆ ਲੱਗਦਾ ਸੀ। ਉਸ ਦੇ ਖੰਭਾਂ ਨੂੰ ਦੋ ਕੁ ਵਾਰ ਹੋਰ ਛੁਹ ਕੇ ਮੈਂ ਸਟੋਰ ਵਿੱਚੋਂ ਬਾਹਰ ਆ ਗਿਆ ਅਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਮੈਨੂੰ ਉਸ ਦੇ ਭੋਜਨ ਦਾ ਫਿਕਰ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਬਿਮਾਰੀ ਦੀ ਹਾਲਤ ਵਿੱਚ ਪਛੂ-ਪੰਛੀ ਖਾਣਾ ਛੱਡ ਦਿੰਦੇ ਹਨ। ਕੁਦਰਤੀ-ਇਲਾਜ ਦੀ ਜਾਣਕਾਰੀ ਰੱਖਣ ਕਰਕੇ ਮੈਨੂੰ ਇਹ ਵੀ ਪਤਾ ਸੀ ਕਿ ਪੇਟ ਦਾ ਖਾਲੀ ਹੋਣਾ ਬਹੁਤੀ ਵਾਰੀ ਦਵਾ ਦਾ ਕੰਮ ਕਰਦਾ ਹੈ ਅਤੇ ਦੋ-ਤਿੰਨ ਦਿਨ ਖਾਣਾ ਨਾ ਖਾਣ ਨਾਲ ਕੋਈ ਵੀ ਮਰ ਨਹੀਂ ਜਾਂਦਾ। ਇਸ ਪਿੱਛੋਂ ਬਿਮਾਰੀ ਵੀ ਕਾਬੂ ਵਿੱਚ ਆ ਜਾਂਦੀ ਹੈ ਅਤੇ ਭੁੱਖ ਲੱਗਣ ਨਾਲ ਸਾਦੇ ਖਾਣੇ ਦੀ ਲੋੜ ਵੀ ਮਹਿਸੂਸ ਹੋਣ ਲਗਦੀ ਹੈ। ਉਂਜ ਕਈ ਮਰਨ-ਵਰਤ ਦਾ ਮਨਮੱਤੀ ਪਰਪੰਚ ਰਚਣ ਵਾਲੇ ਇਨਸਾਨ ਤਾਂ ‘ਕੁਝ ਨਾ ਖਾਣ’ ਦਾ ਵਿਖਾਵਾ ਕਰਦੇ ਹੋਏ ਨਿੰਬੂ-ਪਾਣੀ ਅਤੇ ਗਲੂਕੋਜ਼ ਦੇ ਸਹਾਰੇ ਸੱਤ-ਅੱਠ ਮਹੀਨੇ ਵੀ ਕੱਢ ਜਾਂਦੇ ਹਨ!
ਅਗਲੇ ਦਿਨ ਵੀ ਅਸਮਾਨ ਸਾਫ ਸੀ। ਕਾਫੀ ਸਵੇਰੇ ਹੀ ਮੈਂ ਸਟੋਰ ਦਾ ਦਰਵਾਜ਼ਾ ਖੋਹਲ ਕੇ ਅੰਦਰ ਜਾ ਪਹੁੰਚਿਆ। ਬਾਜ਼ ਦੀ ਹਾਲਤ ਵਿੱਚ ਕੁੱਝ ਸੁਧਾਰ ਹੋਇਆ ਪਰਤੀਤ ਹੁੰਦਾ ਸੀ। ਇਸ ਦਾ ਸਬੂਤ ਇਹ ਸੀ ਕਿ ਹੁਣ ਉਹ ਆਪਣੀ ਥਾਂ ਬਦਲ ਕੇ ਸਟੋਰ ਵਿੱਚ ਪਏ ਫਰਾਟਾ ਪੱਖੇ ਦੇ ਉੱਤੇ ਬੈਠਾ ਹੋਇਆ ਸੀ। ਕਟੋਰੀ ਵਿਚਲਾ ਪਾਣੀ ਵੀ ਕੁੱਝ ਘਟਿਆ ਹੋਇਆ ਸੀ। ਮੈਂ ਕੁੱਝ ਖੁਲ੍ਹ ਲੈਂਦੇ ਹੋਏ ਉਸ ਦੇ ਖੰਭਾਂ ਨੂੰ ਫਿਰ ਆਪਣੇ ਹੱਥ ਨਾਲ ਪਲੋਸ ਲਿਆ। ਪਰੰਤੂ ਇਸ ਵਾਰ ਉਸ ਨੇ ਆਪਣੇ ਪੰਜੇ ਨਾਲ ਮੇਰਾ ਹੱਥ ਫੜ੍ਹ ਲਿਆ। ਉਸ ਦੀ ਪਕੜ ਕਾਫੀ ਜ਼ੋਰਦਾਰ ਸੀ ਅਤੇ ਪੰਜਾ ਹੱਥ ਦੇ ਮਾਸ ਵਿੱਚ ਖੁੱਭਦਾ ਮਹਿਸੂਸ ਹੋ ਰਿਹਾ ਸੀ। ਮੈਂ ਮੁਸ਼ਕਿਲ ਨਾਲ ਹੀ ਆਪਣਾ ਹੱਥ ਛੁਡਵਾਇਆ ਪਰੰਤੂ ਉਸ ਦੀ ਹਾਲਤ ਵਿੱਚ ਆਏ ਸੁਧਾਰ ਤੋਂ ਮੈਨੂੰ ਕਾਫੀ ਤਸੱਲੀ ਹੋਈ ਸੀ। ਮੈਂ ਉਸ ਨੂੰ ਹੋਰ ਵੀ ਛੁਹਣ ਤੇ ਪਲੋਸਣ ਦਾ ਯਤਨ ਕਰ ਰਿਹਾ ਸਾਂ ਅਤੇ ਹੁਣ ਉਸਦਾ ਪ੍ਰਤੀਕਰਮ ਹਮਲਾਵਰ ਕਿਸਮ ਦਾ ਨਹੀਂ ਰਿਹਾ ਸੀ। ਕੇਵਲ ਇੱਕ ਵਾਰ ਉਸ ਨੇ ਆਪਣੀ ਚੁੰਝ ਖੋਹਲ ਕੇ ਗਲੇ ਵਿੱਚੋਂ ਤਿੱਖੀ ਅਤੇ ਲੰਬੀ ਅਵਾਜ਼ ਕੱਢੀ ਸੀ। ਮੇਰੇ ਲਈ ਇਹ ਫੈਸਲਾ ਕਰਨਾ ਔਖਾ ਸੀ ਕਿ ਇਹ ਆਵਾਜ਼ ਮੈਨੂੰ ਡਰਾਉਣ ਲਈ ਕੱਢੀ ਗਈ ਸੀ ਜਾਂ ਕਿ ਮੇਰੇ ਨਾਲ ਦੋਸਤੀ ਪਰਗਟ ਕਰਨ ਲਈ। ਉਂਜ ਮੈਂ ਉਸ ਨਾਲ ਦੋਸਤੀ ਵਧਾਉਣ ਦੇ ਰੌਂ ਵਿੱਚ ਵੀ ਨਹੀਂ ਸੀ ਕਿਉਂਕਿ ਮੈਂ ਉਸ ਨੂੰ ਜਲਦੀ ਹੀ ਆਪਣੇ ਘਰੋਂ ਬਾਹਰ ਭੇਜਣਾ ਚਾਹੁੰਦਾ ਸਾਂ। ਸਟੋਰ ਵਿੱਚੋਂ ਬਾਹਰ ਆ ਕੇ ਮੈਂ ਕੁੱਝ ਸਮਾਂ ਆਪਣੇ ਜ਼ਰੂਰੀ ਕੰਮਾਂ ਵਿੱਚ ਰੁਝ ਗਿਆ।
ਨੌਂ ਕੁ ਵਜੇ ਦੇ ਕਰੀਬ ਮੈਂ ਸਟੋਰ ਵਿੱਚ ਗਿਆ। ਹੁਣ ਮੇਰਾ ਇਰਾਦਾ ਬਾਜ਼ ਨੂੰ ਬਾਹਰ ਵਿਹੜੇ ਵਿੱਚ ਲਿਆਉਣ ਦਾ ਸੀ। ਮੈਂ ਉਸ ਨੂੰ ਪੁਚਕਾਰਦੇ ਹੋਏ ਦੋਹਾਂ ਹੱਥਾਂ ਨਾਲ ਉਸ ਨੂੰ ਪਕੜਨ ਦਾ ਯਤਨ ਕੀਤਾ ਪਰੰਤੂ ਉਸ ਨੇ ਝਟ ਹੀ ਆਪਣੇ ਦੋਵੇਂ ਪੰਜੇ ਮੇਰੇੇ ਖੱਬੇ ਗੁੱਟ ਉੱਤੇ ਰੱਖ ਲਏ ਅਤੇ ਗੁੱਟ ਨੂੰ ਇੰਜ ਨਪੀੜਿਆ ਜਿਵੇਂ ਕੋਈ ਸ਼ਿਕਾਰ ਕਾਬੂ ਆ ਗਿਆ ਹੋਵੇ। ਇਸ ਤੋਂ ਪਹਿਲਾਂ ਕਿ ਉਹ ਆਪਣੀ ਤਿੱਖੀ ਚੁੰਝ ਨਾਲ ਮੇਰੇ ਗੁੱਟ ਤੇ ਵਾਰ ਕਰਦਾ ਮੈਂ ਫੁਰਤੀ ਨਾਲ ਸਟੋਰ ਵਿੱਚੋਂ ਬਾਹਰ ਨਿਕਲ ਕੇ ਉਸ ਨੂੰ ਬਾਹਰ ਕਿਆਰੀਆਂ ਵੱਲ ਵਗਾਹ ਮਾਰਿਆ ਅਤੇ ਸਟੋਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਬਾਜ਼ ਦੀਆਂ ਨਹੁੰਦਰਾਂ ਚੁੱਭਣ ਕਰਕੇ ਮੇਰੇ ਗੁੱਟ ਉੱਤੇ ਕੁੱਝ ਝਰੀਟਾਂ ਆ ਗਈਆਂ ਸਨ ਅਤੇ ਲਹੂ ਸਿੰਮਣ ਲੱਗਾ ਸੀ। ਮੈਂ ਆਪਣੇ ਗੁੱਟ ਨੂੰ ਸਾਬਣ ਮਲ ਕੇ ਚੰਗੀ ਤਰ੍ਹਾਂ ਧੋ ਦਿੱਤਾ। ਉੱਧਰ ਮੈਂ ਬਾਜ਼ ਵੱਲ ਵੇਖਿਆ ਤਾਂ ਉਹ ਕਿਆਰੀਆਂ ਵਿੱਚ ਇਧਰ-ਉੱਧਰ ਟਹਿਲਦਾ ਹੋਇਆ ਨਜ਼ਰ ਆਇਆ। ਫਿਰ ਮੈਂ ਵੇਖਿਆ ਕਿ ਉਹ ਆਪਣੀ ਚੁੰਝ ਨਾਲ ਕੁਆਰ-ਗੰਦਲ ਦੀ ਡੰਡੀ ਵਿੱਚੋਂ ਗੁੱਦਾ ਖਾਣ ਦਾ ਯਤਨ ਕਰ ਰਿਹਾ ਸੀ। ਮੈਂ ਪੰਛੀਆਂ ਵਾਸਤੇ ਪਾਣੀ ਲਈ ਵਿਹੜੇ ਵਿੱਚ ਰੱਖੇ ਹੋਏ ਮਿੱਟੀ ਦੇ ਬਰਤਨ ਨੂੰ ਧੋ ਕੇ ਪਾਣੀ ਨਾਲ ਭਰ ਦਿੱਤਾ। ਕੁੱਝ ਦੇਰ ਪਿੱਛੋਂ ਬਾਜ਼ ਤੁਰਦਾ-ਤੁਰਦਾ ਉੱਧਰ ਨੂੰ ਗਿਆ ਅਤੇ ਉਹ ਬਰਤਨ ਦੇ ਕੰਢਿਆਂ ਤੇ ਦੋਵੇਂ ਪੰਜੇ ਰੱਖ ਕੇ ਤਸੱਲੀ ਨਾਲ ਖੜ੍ਹਾ ਹੋ ਗਿਆ। ਫਿਰ ਉਸ ਨੇ ਖੂਬ ਚੁੰਝਾਂ ਭਰ-ਭਰ ਪਾਣੀ ਪੀਤਾ। ਕੁੱਝ ਦੇਰ ਇਧਰ-ਉੱਧਰ ਘੁੰਮ ਕੇ ਉਹ ਤੁਲਸੀ ਦੇ ਪੌਦੇ ਦੀ ਲਿਫੀ ਹੋਈ ਟਹਿਣੀ ਦੇ ਉੱਤੇ ਬੈਠ ਕੇ ਸੁਸਤਾਉਣ ਲੱਗਾ। ਦੁਪਹਿਰ ਤੋਂ ਪਿੱਛੋਂ ਮੈਂ ਫਿਰ ਕਿਆਰੀਆਂ ਵੱਲ ਚੱਕਰ ਲਗਾਇਆ। ਹੁਣ ਬਾਜ਼ ਕਾਫੀ ਚੁਸਤੀ ਵਿੱਚ ਲੱਗਦਾ ਸੀ। ਮੈਨੂੰ ਵੇਖ ਕੇ ਉਸ ਨੇ ਉਡਾਰੀ ਭਰਨ ਦਾ ਯਤਨ ਵੀ ਕੀਤਾ ਪਰੰਤੂ ਕੰਧ ਟੱਪਣ ਵਿੱਚ ਸਫਲ ਨਾ ਹੋ ਸਕਿਆ। ਮੈਂ ਵਿਹੜੇ ਦਾ ਪਿਛਲਾ ਦਰਵਾਜ਼ਾ ਖੋਹਲ ਕੇ ਬਾਜ਼ ਨੂੰ ਬਾਹਰ ਨਹੀਂ ਕੱਢਣਾ ਚਾਹੁੰਦਾ ਸਾਂ ਕਿਉਂਕਿ ਮੈਨੂੰ ਡਰ ਸੀ ਕਿ ਬਾਹਰ ਜਾਣ ਤੇ ਕੋਈ ਕੁੱਤਾ-ਬਿੱਲਾ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਮਾਰ ਨਾ ਦੇਵੇ। ਮੈਂ ਚਾਹੁੰਦਾ ਸਾਂ ਕਿ ਉਹ ਕੰਧ ਦੇ ਉੱਤੋਂ ਦੀ ਹੀ ਉਡਾਰੀ ਮਾਰ ਕੇ ਜਾਵੇ ਤਾਂ ਕਿ ਉਹ ਸਿੱਧਾ ਕਿਸੇ ਰੁੱਖ ਦੀ ਟਹਿਣੀ ਤੇ ਜਾ ਕੇ ਬੈਠੇ ਅਤੇ ਸੁਰਖਿਅਤ ਹੋ ਜਾਵੇ। ਆਖਰ ਚਾਰ ਕੁ ਵਜੇ ਬਾਜ਼ ਨੇ ਵੱਡੀ ਉਡਾਰੀ ਭਰੀ ਅਤੇ ਕੰਧ ਦੇ ਉੱਤੋਂ ਦੀ ਹੁੰਦਾ ਹੋਇਆ ਰੁੱਖਾਂ ਦੀ ਝਿੜੀ ਵਿੱਚ ਕਿਧਰੇ ਅਲੋਪ ਹੋ ਗਿਆ। ਸੰਕਟ ਟਲ ਜਾਣ ਤੇ ਮੈਂ ਸੁਖ ਦਾ ਸਾਹ ਲਿਆ।
ਬਾਜ਼ ਮੇਰੇ ਘਰ ਵਿੱਚ ਤਕਰੀਬਨ ਬਾਈ ਘੰਟੇ ਰਿਹਾ ਸੀ। ਇਸ ਦੌਰਾਨ ਮੈਂ ਉਸਦੀਆਂ ਕੁੱਝ ਤਸਵੀਰਾਂ ਵੀ ਖਿੱਚ ਲਈਆਂ ਸਨ। ਮੈਂ ਪ੍ਰਭੂ-ਪਰਮੇਸ਼ਵਰ ਦਾ ਲੱਖ-ਲੱਖ ਸ਼ੁਕਰ ਕੀਤਾ ਕਿ ਕਿਸੇ ਨੇ ਵੀ ਉਸ ਬਾਜ਼ ਨੂੰ ਮੇਰੇ ਘਰ ਵਿੱਚ ਆਏ ਹੋਏ ਨੂੰ ਨਹੀਂ ਵੇਖਿਆ ਸੀ ਅਤੇ ਮੈਨੂੰ ਨੇੜਿਓਂ ਹੋ ਕੇ ਬਾਜ਼ ਨੂੰ ਦਰਸਨ-ਪਰਸਨ ਦਾ ਮੌਕਾ ਵੀ ਪਰਾਪਤ ਹੋਇਆ ਸੀ। ਮੈਨੂੰ ਇਹ ਵੀ ਤਸੱਲੀ ਸੀ ਕਿ ਉਹ ਬਾਜ਼ ਮੇਰੇ ਘਰ ਵਿੱਚੋਂ ਤੰਦਰੁਸਤ ਹੋਕੇ ਨਿਕਲਿਆ ਸੀ ਅਤੇ ਨਾਲ ਹੀ ਉਹ ਮੇਰੀ ਝੋਲੀ ਵਿੱਚ ਕੁੱਝ ਖੱਟੀਆਂ-ਮਿੱਠੀਆਂ ਯਾਦਾਂ ਵੀ ਪਾ ਗਿਆ ਸੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
.