.

ਅੰਧਾ ਆਗੂ ਜੇ ਥੀਐ (ਭਾਗ -1)

(ਸੁਖਜੀਤ ਸਿੰਘ ਕਪੂਰਥਲਾ)

ਪਿਛਲੇ ਕਾਫੀ ਸਮੇਂ ਤੋਂ ਅਕਸਰ ਐਸਾ ਵੇਖਣ ਨੂੰ ਮਿਲ ਰਿਹਾ ਹੈ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਹੋਈ ਪੰਜਾਬ ਦੀ ਧਰਤੀ ਤੇ ਚਲ ਰਹੇ ਬਹੁ-ਗਿਣਤੀ ਡੇਰੇਦਾਰਾਂ ਵਲੋਂ ਆਪਣੇ ਡੇਰੇ ਦੇ ਮੁਖੀ ਆਦਿ ਦੇ ਅਕਾਲ ਚਲਾਣਾ ਕਰਨ ਉਪਰੰਤ ਉਸਦਾ ਅੰਤਿਮ ਸਸਕਾਰ ਨੇੜੇ ਦੇ ਕਿਸੇ ਸ਼ਮਸ਼ਾਨ ਘਾਟ ਵਿੱਚ ਕਰਨ ਦੀ ਬਜਾਏ ਡੇਰੇ ਦੇ ਕੰਪਲੈਕਸ ਅੰਦਰ ਹੀ ਕੀਤਾ ਜਾਂਦਾ ਹੈ ਅਤੇ ਉਸ ਸਥਾਨ ਉਪਰ ਯਾਦਗਾਰ ਵੀ ਜਰੂਰ ਬਣਾਈ ਜਾਂਦੀ ਹੈ। ਪਿਛਲੇ ਦਿਨੀ ਕਿਸੇ ਜਗਿਆਸੂ ਵਲੋਂ ਇੱਕ ਸਵਾਲ ਇੰਟਰਨੈਟ ਉਪਰ ਹੇਠ ਲਿਖੇ ਅਨੁਸਾਰ ਪੋਸਟ ਕਰਦੇ ਹੋਏ ਸਿੱਖ ਸੰਗਤ ਪਾਸੋਂ ਵਿਚਾਰਾਂ ਦੀ ਮੰਗ ਕੀਤੀ ਗਈ ਸੀ-

ਕੀ ਜਿਥੇ ਵੀ ਕਿਸੇ ਸੰਤ-ਸਾਧ ਦੀ ਦੇਹ ਦਾ ਸਸਕਾਰ ਕੀਤਾ ਹੈ, ਭਾਵੇਂ ਕਿ ਉਥੇ ਸਮਾਧ ਵਗੈਰਾ ਨਹੀਂ ਬਣੀ ਹੋਈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਕੀ ਉਹ ਥਾਂ ਸਮਾਧ ਜਾਂ ਮੜ੍ਹੀ ਵਿੱਚ ਨਹੀਂ ਆਉਂਦੀ? ਜੇ ਨਹੀਂ ਆਉਂਦੀ ਤਾਂ ਕਿਵੇਂ? `

ਇਸ ਸਬੰਧ ਵਿੱਚ ਦਾਸ ਗੁਰਮਤਿ ਸਿਧਾਂਤ ਦੀ ਗਲ ਕਰਨ ਤੋਂ ਪਹਿਲਾਂ ਇਹ ਦਸਣਾ ਚਾਹੇਗਾ ਕਿ ਦਾਸ ਦੇ ਮਨ ਅੰਦਰ ਵੀ ਇਸ ਤਰਾਂ ਦੇ ਅਤੇ ਹੋਰ ਕਈ ਪ੍ਰਸ਼ਨ ਬਾਰ-ਬਾਰ ਪੈਦਾ ਹੁੰਦੇ ਸਨ, ਪ੍ਰੰਤੂ ਇਹਨਾਂ ਸ਼ੰਕਿਆਂ ਦੇ ਸਮਾਧਾਨ ਲਭਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਮੱਤ ਦਿਤੀ ਹੈ ਕਿ ‘ਐਸਾ ਕਰਨ ਵਾਲੇ ਦਾ ਮਕਸਦ ਕੀ ਹੈ? ` ਇਸ ਸਵਾਲ ਦੇ ਜਵਾਬ ਵਿਚੋਂ ਲਗਭਗ ਬਹੁਤ ਸਾਰੇ ਹੱਲ ਆਪਣੇ ਆਪ ਨਿਕਲ ਆਉਂਦੇ ਹਨ।

ਆਪ ਵਲੋਂ ਉਠਾਏ ਗਏ ਨੁਕਤੇ ਸਬੰਧੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ (ਪ੍ਰਕਾਸ਼ਕ-ਸਕੱਤਰ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ) ਵਿਚੋਂ ‘ਮਿਰਤਕ ਸੰਸਕਾਰ` ਸਿਰਲੇਖ ਹੇਠ ਦਰਜ਼ ਨਿਮਨਲਿਖਤ ਪੱਖ ਵਾਚਣੇ ਲਾਹੇਵੰਦ ਰਹਿਣਗੇ-

(ੲ) ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਭੀ ਸਸਕਾਰਨਾ ਚਾਹੀਏ। ਜਿਥੇ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ ਉਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀ ਕਰਨੀ।

(ਹ) … … …. ਦੁਸਹਿਰੇ ਦੇ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀ ਰਹਿੰਦੀ।

(ਕ) ਮਿਰਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿਤੀ ਜਾਵੇ ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿਤੀ ਜਾਵੇ। ਸਸਕਾਰ ਸਥਾਨ ਤੇ ਮ੍ਰਿਤਕ

ਪ੍ਰਾਣੀ ਦੀ ਯਾਦਗਾਰ ਬਨਾਉਣੀ ਮਨ੍ਹਾ ਹੈ।

(ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ

ਮਨਮਤ ਹੈ।

ਅਜ ਸਾਡੇ ਸਿੱਖ ਸਮਾਜ ਵਿੱਚ ‘ਮਿਰਤਕ ਸੰਸਕਾਰ` ਨਾਲ ਸਬੰਧਿਤ ਇੱਕ ਨਹੀਂ ਅਨੇਕਾਂ ਐਸੇ ਕਰਮ ਗੁਰਮਤਿ ਸਮਝ ਕੇ ਵੇਖਾ ਵੇਖੀ ਹੀ ਕੀਤੇ ਜਾ ਰਹੇ ਹਨ, ਜਿੰਨ੍ਹਾਂ ਦਾ ਗੁਰਮਤਿ ਨਾਲ ਨੇੜੇ ਦਾ ਸਬੰਧ ਵੀ ਨਹੀਂ ਹੁੰਦਾ। ਇਸ ਵਿਸ਼ੇ ਉਪਰ ਜਦੋਂ ਅਸੀਂ ਪੜਚੋਲ ਕਰਕੇ ਵੇਖਦੇ ਹਾਂ ਤਾਂ ਇਹਨਾਂ ਮਨਮਤਾਂ ਲਈ ਮੁਖ ਦੋਸ਼ੀ ਸਾਡੇ ਆਪਣੇ ਵੱਖ-ਵੱਖ ਰੂਪਾਂ ਵਿੱਚ ਬਣੇ ਆਗੂ ਹੀ ਸਾਹਮਣੇ ਆਉਂਦੇ ਹਨ। ਜਿਸ ਕੌਮ ਦੇ 'ਖਸਮਹੁ ਘੁਥੇ' ਆਗੂ ਹੀ ਅਗਿਆਨਤਾ ਵਸ ਜਾਂ ਆਪਣੇ ਨਿੱਜੀ ਸਵਾਰਥਾਂ ਹਿਤ ਗੁਰਮਤਿ ਦੀ ਥਾਂ ਤੇ ਮਨਮਤਿ ਦਾ ਸਹਾਰਾ ਲੈਣਗੇ, ਉਸ ਕੌਮ ਦਾ ਰੱਬ ਹੀ ਰਾਖਾ ਹੈ। ਇਸ ਪੱਖ ਉਪਰ ਕੁੱਝ ਗੁਰਬਾਣੀ ਫੁਰਮਾਣ ਵਾਚਣ ਨਾਲ ਗੁਰਮਤਿ ਸਿਧਾਂਤਾਂ ਪ੍ਰਤੀ ਸਥਿਤੀ ਸਪਸ਼ਟ ਹੋ ਜਾਵੇਗੀ-

- ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।।

ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।।

(ਰਾਗ ਸੂਹੀ ਛੰਤ ਮਹਲਾ ੧-੭੬੭)

-ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ।।

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ।।

(ਵਾਰ ਰਾਮਕਲੀ-ਮਹਲਾ ੨-੯੫੪)

-ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ।।

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ।।

(ਵਾਰ ਰਾਮਕਲੀ-ਮਹਲਾ ੨-੯੫੪)

-ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ।।

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।।

(ਵਾਰ ਰਾਮਕਲੀ-ਮਹਲਾ ੨-੯੫੪)

ਉਪਰੋਕਤ ਗੁਰਬਾਣੀ ਫੁਰਮਾਣਾਂ ਅਤੇ ਸਿੱਖ ਰਹਿਤ ਮਰਿਆਦਾ ਵਲੋਂ ਨਿਰਧਾਰਤ ਨਿਯਮਾਵਲੀ ਅਨੁਸਾਰ ਕਾਰਜ ਕਰਨ ਦੀ ਜਿੰਮੇਵਾਰੀ ਕਿਸ ਦੀ ਹੈ? ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ, ਫਿਰ ਆਗੂਆਂ ਦੀ, ਸੰਗਤ ਦੀ ਵਾਰੀ ਤਾਂ ਬਾਅਦ ਵਿੱਚ ਆਉਣੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਿਤ ਹੋਣ ਦੇ ਨਾਮ ਉਪਰ 1945 ਈ. ਤੋਂ ਹੁਣ ਤਕ ਕਰੋੜਾਂ ਦੀ ਗਿਣਤੀ ਅੰਦਰ ਸੰਗਤਾਂ ਵਿੱਚ ਵੰਡਣ ਦਾ ਦਾਅਵਾ ਵੀ ਕਰਦੀ ਹੈ, ਆਪਣੇ ਪ੍ਰਬੰਧ ਅਧੀਨ ਗੁਰਦੁਆਰਿਆਂ ਵਿਚ, ਕਮੇਟੀ ਦੇ ਅਹੁਦੇਦਾਰਾਂ, ਮੁਲਾਜ਼ਮਾਂ ਆਦਿ ਦੇ ਸਮਾਜਿਕ-ਨਿੱਜੀ-ਪ੍ਰਵਾਰਿਕ ਜੀਵਨ ਵਿੱਚ ਲਾਗੂ ਹੋਣ ਦਾ ਦਾਅਵਾ ਵੀ ਕਰ ਸਕਦੀ ਹੈ? ਇਸ ਸਵਾਲ ਦਾ ਜਵਾਬ ਲਗਭਗ ਸਾਰੀਆਂ ਸਿੱਖ ਸੰਗਤਾਂ ਤਾਂ ਜਾਣਦੀਆਂ ਹੀ ਹਨ।

ਡਾ. ਗੁਰਸ਼ਰਨਜੀਤ ਸਿੰਘ ਵਲੋਂ ਆਪਣੀ ਪੁਸਤਕ ‘ਗੁਰਮਤ ਨਿਰਨਯ ਕੋਸ਼` ਅੰਦਰ ਇਸ ਵਿਸ਼ੇ ਉਪਰ ਦਿਤੇ ਵਿਚਾਰ ਧਿਆਨਯੋਗ ਹਨ-

- ਜੇ ਅਸੀਂ ਸਿੱਖ ਮ੍ਰਿਤਕ ਸੰਸਕਾਰਾਂ ਵਿਚੋਂ ਬ੍ਰਾਹਮਣਵਾਦ ਕੱਢਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ

ਸ਼ਮਸ਼ਾਨ ਵੱਖਰੇ ਬਣਾਉਣ ਦੀ ਲੋੜ ਹੈ। ਕਿਉਂਕਿ ਸ਼ਮਸ਼ਾਨਾਂ ਵਿੱਚ ਮੁਰਦੇ ਜਲਾਉਣ ਵਾਲੇ ਸਿੱਖਾਂ ਕੋਲੋਂ ਵੀ ਹਿੰਦੂ ਰੀਤਾਂ ਕਰਵਾ ਲੈਂਦੇ ਹਨ।

(ਪੰਨਾ 154)

- ਵਿਹਾਰ ਵਿੱਚ ਇਸ ਤੋਂ ਉਲਟ ਇਹ ਹੈ ਕਿ ਅਸਾਂ ਨੇ ਹਰਦੁਆਰ ਤਿਆਗ ਕੇ ਕੁੱਝ ਨਵੇਂ ਹਰਦੁਆਰ ਸਥਾਪਤ ਕਰ ਦਿੱਤੇ ਹਨ। ਇਹਨਾਂ ਨਵੇਂ ਹਰਦੁਆਰਾਂ ਵਿਚੋਂ ਕੀਰਤਪੁਰ ਪ੍ਰਮੁੱਖ ਹੈ। ਪਰ ਹੁਣ ਗੋਇੰਦਵਾਲ ਅਤੇ ਹਰੀਕੇ ਪੱਤਣ ਉਪਰ ਵੀ ਕਾਫੀ ਗਿਣਤੀ ਵਿੱਚ ਸਿੱਖ ਜਾ ਕੇ ਮ੍ਰਿਤਕ ਪ੍ਰਾਣੀ ਦੇ ਚੁਣੇ ਹੋਏ ਫੁੱਲਾਂ ਨੂੰ ਪ੍ਰਵਾਹ ਕਰਦੇ

ਦੇਖੇ ਜਾ ਸਕਦੇ ਹਨ। ਇਨ੍ਹਾਂ ਸਥਾਨਾਂ ਉਪਰ ਅਜਿਹੀ ਮਨਮਤ ਨੂੰ ਪ੍ਰਬੰਧਕਾਂ ਨੇ ਮਾਨਤਾ ਦਿੰਦਿਆਂ, ਕੁਝ

ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਥੇ ਪ੍ਰਬੰਧਕਾਂ ਦਾ ਨਿਸ਼ਾਨਾ ਸੰਗਤ ਨੂੰ ਸਿਖਿਅਤ ਕਰਨਾ

ਨਹੀਂ, ਸਗੋਂ ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾ ਕੇ ਪੂਰਾ ਸ਼ੋਸ਼ਣ ਕਰਨਾ ਹੈ। ਜਿਵੇਂ ਬਾਜ਼ਾਰ ਵਿੱਚ ਵਿਕਦੀ

ਸ਼ਰਾਬ ਦੀ ਬੋਤਲ ਉਪਰ ਲਿਖਣਾ ਜਰੂਰੀ ਹੈ ਕਿ ‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। `ਉਸੇ ਤਰਾਂ

ਸਿੱਖਾਂ ਨੂੰ ਸਿਖਿਅਤ ਕਰਨ ਲਈ ਇਸ ਤਰਾਂ ਦੇ ਬੋਰਡ ਇਨ੍ਹਾਂ ਸਥਾਨਾਂ ਉਪਰ ਨਹੀਂ ਲਗ ਸਕਦੇ ਜਿਨ੍ਹਾਂ

ਉਪਰ ਦਸਿਆ ਜਾਵੇ ਕਿ ਪ੍ਰਾਣੀ ਦੇ ਫੁਲ ਇਸ ਸਥਾਨ ਉਪਰ ਪ੍ਰਵਾਹ ਕਰਨ ਦਾ ਗੁਰਮਤ ਨਾਲ ਕੋਈ ਸਬੰਧ

ਨਹੀਂ।

(ਪੰਨਾ 155-156)

ਸਿਖ ਧਰਮ ਅੰਦਰ ਮ੍ਰਿਤਕ ਪ੍ਰਾਣੀ ਦੇ ਅਗਨ ਸਸਕਾਰ ਕਰਨ ਦੀ ਪ੍ਰਮੁੱਖਤਾ ਸਬੰਧੀ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ-

-ਮੁਰਦੇ ਨੂੰ ਫੂਕਣ ਤੋਂ ਸ਼ੁਭ ਗਤਿ ਪ੍ਰਾਪਤ ਹੋਂਦੀ ਹੈ, ਏਹ ਵਿਸ਼ਵਾਸ ਸਿੱਖਾਂ ਦਾ ਨਹੀਂ ਕੇਵਲ ਸਿਹਤ ਦੇ ਨਿਯਮਾਂ ਨੂੰ ਮੁੱਖ ਰੱਖ ਕੇ ਸੰਸਕਾਰਣਾ ਉਤਮ ਸਮਝਿਆ ਗਿਆ ਹੈ।

(ਗੁਰਮਤ ਮਾਰਤੰਡ-ਪੰਨਾ ੪੬੯)

ਗੁਰਬਾਣੀ ਅੰਦਰ ਵੀ ਇਸ ਸਬੰਧ ਵਿੱਚ ਸਪਸ਼ਟ ਆਦੇਸ਼ ਹਨ ਕਿ ਮ੍ਰਿਤਕ ਪ੍ਰਾਣੀ ਦੇ ਸਰੀਰ ਨੂੰ ਬਿਲੇ ਲਾਉਣ ਸਬੰਧੀ ਕੀਤੀ ਜਾਣ ਵਾਲੀ ਕਿਰਿਆ ਦਾ ਧਰਮ ਜਾਂ ਜੀਵ ਦੀ ਗਤੀ ਨਾਲ ਕੋਈ ਸਬੰਧ ਨਹੀਂ ਹੈ।

-ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ।।

ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ।।

(ਸੋਰਠਿ ਮਹਲਾ ੫-੬੦੯)

-ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ।।

ਇੱਕ ਪਾਣੀ ਵਿੱਚ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ।।

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ।।

(ਵਾਰ ਸੋਰਠਿ-ਮਹਲਾ ੧-੬੪੮)

-ਜੇ ਮਿਰਤਕ ਕਉ ਚੰਦਨੁ ਚੜਾਵੈ।।

ਉਸ ਤੇ ਕਹਹੁ ਕਵਨ ਫਲ ਪਾਵੈ।।

ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ।।

ਤਉ ਮਿਰਤਕ ਕਾ ਕਿਆ ਘਟਿ ਜਾਈ।।

(ਮਹਲਾ ੫-ਭੈਰਉ ਕਬੀਰ-੧੧੬੦)

ਸੋਚਣ ਦੀ ਲੋੜ ਤਾਂ ਇਹ ਹੈ ਕਿ ਭਗਤ ਕਬੀਰ ਜੀ ਦੇ ਪਾਵਨ ਬਚਨ ‘ਜੀਵਤ ਪਿਤਰ ਨ ਮਾਨੈ ਕੋਊ` (੩੩੨) ਨੂੰ ਭੁੱਲ ਕੇ ਮ੍ਰਿਤਕ ਪ੍ਰਾਣੀ ਨਮਿਤ ਅਸੀਂ ਫੋਕਟ ਕਰਮਕਾਂਡਾਂ ਵਿੱਚ ਜਿਆਦਾ ਵਿਸ਼ਵਾਸ ਕਿਉਂ ਰਖਣ ਲਗ ਪਏ ਹਾਂ ? ਲੋਕ ਐਸਾ ਕਿਉਂ ਨਾ ਕਰਨ ਜਦੋਂ ਸਾਡੇ ਵੱਡੇ ਅਖਵਾਉਣ ਵਾਲੇ ਨਹੀਂ ਹਟਦੇ। ਜਿਵੇਂ ਧੁਰੰਤਰ ਅਖਵਾਉਣ ਵਾਲੇ ਆਗੂਆਂ, ਬਾਬਿਆਂ ਦੀਆਂ ਅਸਥੀਆਂ, ਦੇਹਾਂ ਜਲ ਪ੍ਰਵਾਹ ਕਰਨ ਲਈ ਵੱਡੇ-ਵੱਡੇ ਜਲੂਸ ਲਿਜਾਏ ਜਾਂਦੇ ਹਨ। ਜਿਵੇਂ ਪਿਛਲੇ ਸਮੇਂ ਦੌਰਾਨ ਇੱਕ ਬਾਬੇ ਦੇ ਸਰੀਰ ਨੂੰ ਜਲ ਪ੍ਰਵਾਹ ਕਰਨ ਲਈ ਬਹੁਤ ਵੱਡੀ ਗਿਣਤੀ ਨਾਲ ਜਲੂਸ ਦੀ ਸ਼ਕਲ ਵਿੱਚ ਆਪਣੇ ਸ਼ਰਧਾਲੂ ਨਾਲ ਲੈ ਕੇ ਹਰੀਕੇ ਹੈਡ ਵਰਕਸ (ਜੋ ਸਤਲੁਜ-ਬਿਆਸ ਦਰਿਆਵਾਂ ਦਾ ਸੰਗਮ ਹੈ) ਲਿਜਾਇਆ ਗਿਆ। ਇੱਕ ਬੇੜੀ ਪਲਟਣ ਨਾਲ ਪਾਣੀ ਵਿੱਚ ਡੁੱਬ ਕੇ ਕਈ ਮਾਰੇ ਗਏ, ਜਿਨ੍ਹਾਂ ਵਿੱਚ ਹਰਬੰਸ ਸਿੰਘ ਜਗਾਧਰੀ ਵਾਲੇ ਦਾ ਲੜਕਾ ਵੀ ਸ਼ਾਮਲ ਸੀ। ਪ੍ਰਤੱਖ ਦਰਸ਼ੀਆਂ ਦੇ ਦਸਣ ਅਨੁਸਾਰ ਇੱਕ ਬੇੜੀ ਵਿੱਚ ਸਵਾਰ ਮੀਡੀਏ ਵਾਲਿਆਂ ਦੇ ਕੈਮਰਿਆਂ ਸਾਹਮਣੇ ਆਪਣੀ-ਆਪਣੀ ਫੋਟੋ/ਵੀਡੀਓ ਕਰਵਾਉਣ ਲਈ ਦੂਜੀ ਬੇੜੀ ਵਿੱਚ ਸਵਾਰਾਂ ਨੇ ਇੱਕ ਦੂਜੇ ਤੋਂ ਉਪਰ-ਉਪਰ ਹੋ ਕੇ ਧੌਣਾਂ ਉਪਰ ਚੁਕੀਆਂ, ਐਸਾ ਕਰਨ ਨਾਲ ਬੇੜੀ ਤੇ ਭਾਰ ਇੱਕ ਪਾਸੇ ਪੈਣ ਨਾਲ ਬੇੜੀ ਪਲਟਣ ਦਾ ਕਾਰਣ ਬਣਿਆ। ਹਰੀਕੇ ਹੈਡ ਵਰਕਸ ਤੇ ਐਸਾ ਕਰਨ ਦੀ ਇਜ਼ਾਜ਼ਤ ਕਿਸਨੇ, ਕਿਉਂ ਦਿਤੀ? ਬਸ ਵੋਟਾਂ ਦੀ ਰਾਜਨੀਤੀ/ਅੰਧ ਵਿਸ਼ਵਾਸ ਨੇ ਕਈ ਕੀਮਤੀ ਜਾਨਾਂ ਲੈ ਲਈਆਂ।

ਐਸੇ ਅਡੰਬਰਾਂ ਵਿੱਚ ਕਿੰਨਾਂ ਸਮਾਂ, ਪੈਸਾ, ਕੌਮ ਦੀ ਤਾਕਤ ਵਿਅਰਥ ਚਲੀ ਜਾਂਦੀ ਹੈ ਇਸ ਬਾਰੇ ਕੌਣ ਸੋਚੇਗਾ? ਇਹ ਸਭ ਕੁੱਝ ਵੇਖ ਕੇ ਇਹੀ ਕਹਿਣਾ ਬਣਦਾ ਹੈ- ‘ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ। `

ਅਸੀਂ ਬਿਨਾ ਸੋਚੇ ਸਮਝੇ ਭੀੜ ਦਾ ਹਿਸਾ ਬਣ ਜਾਂਦੇ ਹਾਂ। ਸਿਆਣਿਆਂ ਦਾ ਕਥਨ ਹੈ ਕਿ ‘ਭੀੜ ਵਿੱਚ ਚੰਗੇ ਮਨੁੱਖ ਨਹੀਂ ਹੁੰਦੇ ਅਤੇ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਹੁੰਦੀ। `

ਜਿਵੇਂ ਕਬੀਰ ਸਾਹਿਬ ਦੇ ਬਚਨ ਹਨ-

-ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ।।

ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ।।

(ਸਲੋਕ ਕਬੀਰ ਜੀ- ੧੩੬੯)

-ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ।।

ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ।।

(ਸਲੋਕ ਕਬੀਰ ਜੀ-੧੩੭੩)

- ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ।।

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ।।

(ਸਲੋਕ ਕਬੀਰ ਜੀ- ੧੩੬੯)

ਸਿਖ ਰਹਿਤ ਮਰਿਆਦਾ ਵਿੱਚ ਦਿਤੇ ਗਏ ਨਿਯਮਾਂ ਦੇ ਪਿਛੇ ਫਿਲਾਸਫੀ ਨੂੰ ਸਮਝਣ ਦੀ ਲੋੜ ਹੈ। ਦੁਸਹਿਰੇ ਤੋਂ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਾ ਰਹਿਣ ਦਾ ਮਤਲਬ ਹੈ ਕਿ ਜੇ ਅਸੀਂ ਐਸਾ ਕਰਨ ਲਗੀਏ ਤਾਂ ਕੀ ਸਾਡੀ ਜਿੰਮੇਵਾਰੀ ਕੇਵਲ ਮਾਤਾ ਪਿਤਾ ਤਕ ਹੀ ਹੈ ਕਿ ਵਰੀਣੇ, ਬਰਸੀਆਂ ਮਨਾਈਆਂ ਜਾਣ। ਕੀ ਦਾਦਾ-ਦਾਦੀ, ਪੜਦਾਦਾ-ਪੜਦਾਦੀ, ਲਕੜਦਾਦਾ-ਲਕੜਦਾਦੀ ਅਤੇ ਇਸੇ ਤਰਾਂ ਹੋਰ ਪਿਛੇ ਚਲੇ ਗਏ ਸਾਡੇ ਬਜੁਰਗਾਂ ਪ੍ਰਤੀ ਸਾਡੀ ਕੋਈ ਜਿੰਮੇਵਾਰੀ ਨਹੀਂ ਬਣਦੀ। ਜੇ ਅਸੀਂ ਐਸਾ ਕਰਨ ਲਗ ਪਏ ਤਾਂ ਬਾਕੀ ਕੰਮ ਧੰਦੇ ਕਦੋਂ, ਕਿਵੇਂ ਕਰਾਂਗੇ। ਅਸੀਂ ਮ੍ਰਿਤਕ ਦੇ ਭੋਗ ਵਾਲੇ ਦਿਨ ਅੰਤਿਮ ਅਰਦਾਸ ਕਰਦੇ ਹਾਂ ਪਰ ਸ਼ਾਇਦ ‘ਅੰਤਿਮ` ਦੇ ਅਰਥ ਸਾਨੂੰ ਸਮਝ ਨਹੀਂ ਆਉਂਦੇ ਜਾਂ ਸਮਝਣਾ ਨਹੀਂ ਚਾਹੁੰਦੇ। ਬਜੁਰਗਾਂ ਨੂੰ ਯਾਦ ਕਰਨ ਲਈ ਬਹਾਨਿਆਂ ਦੀ ਜਰੂਰਤ ਨਹੀਂ ਹੁੰਦੀ ਜਿਥੇ ਪਿਆਰ ਸਤਿਕਾਰ ਹੋਵੇ, ਉਥੇ ਯਾਦ ਤਾਂ ਕਦੀ ਭੁਲਦੀ ਹੀ ਨਹੀਂ ਹੈ।

ਸ਼ਮਸ਼ਾਨ ਘਾਟ ਵਿੱਚ ਅੰਗੀਠਾ ਸਾਂਭਣਾਂ ਦਾ ਮਤਲਬ ਸਮਝਣ ਦੀ ਜਰੂਰਤ ਹੈ ਭਾਵ ਕਿ ਉਸ ਜਗ੍ਹਾ ਦੀ ਸਹੀ ਤਰੀਕੇ ਨਾਲ ਸਾਫ ਸਫਾਈ ਕਰ ਦੇਣਾ। ਸਾਡੇ ਸਬੰਧੀ ਤੋਂ ਪਹਿਲਾਂ ਕਿੰਨੇ ਪ੍ਰਾਣੀਆਂ ਦਾ ਸਸਕਾਰ ਇਸੇ ਜਗ੍ਹਾ ਤੇ ਹੋ ਚੁਕਾ ਹੈ ਸਾਡੇ ਬਾਅਦ ਪਤਾ ਨਹੀਂ ਕਿੰਨੇ ਹੋਰਾਂ ਦਾ ਇਥੇ ਹੋ ਜਾਣਾ ਹੈ। ਬਸ ਮੰਤਵ ਇਹ ਹੈ। ਅਜ ਈਸਾਈ, ਮੁਸਲਿਮ ਅਬਾਦੀ ਵਾਲੇ ਬਹੁਗਿਣਤੀ ਦੇਸ਼ਾਂ ਵਿਚੋਂ ਸੁਨਣ ਨੂੰ ਮਿਲਦਾ ਹੈ ਕਿ ਕਬਰਸਤਾਨਾਂ ਲਈ ਜਗ੍ਹਾ ਘਟਦੀ ਜਾ ਰਹੀ ਹੈ। ਜਗ੍ਹਾਂ ਮੁਲ ਲੈਣੀ ਪੈਂਦੀ ਹੈ। ਅਮੀਰ ਲੋਕ ਆਪਣੀ ਕਬਰ ਲਈ ਜਗ੍ਹਾ ਪਹਿਲਾਂ ਹੀ ਖਰੀਦ ਕੇ ਆਪਣੇ ਨਾਮ ਬੁੱਕ ਕਰਵਾ ਰਹੇ ਹਨ। ਕਈ ਥਾਵਾਂ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਬਰਾਂ ਲਈ ਜਗ੍ਹਾ ਦੀ ਕਮੀ ਕਾਰਣ ਗੋਲਾਈ ਵਿੱਚ ਜਗ੍ਹਾ ਖਰੀਦ ਕੇ ਸਰਕੂਲਰ ਪੁਟਾਈ ਕਰਕੇ ਮੁਰਦੇ ਨੂੰ ਲੇਟਵੇਂ ਦੀ ਥਾਂ ਤੇ ਖੜੇ ਰੁਖ ਦਫਨਾਉਣ ਦੀ ਨੌਬਤ ਆ ਰਹੀ ਹੈ।

ਸਿਖ ਰਹਿਤ ਮਰਿਆਦਾ ਵਿੱਚ ਸਪਸ਼ਟ ਹਦਾਇਤ ਹੈ ਕਿ ਸਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ। ਕਿਉਂ ਕਿ ਜੇਕਰ ਇਦਾਂ ਯਾਦਗਾਰਾਂ ਹੀ ਬਣਦੀਆਂ ਗਈਆਂ ਤਾਂ ਕੀ ਕਬਰਸਤਾਨਾਂ ਵਾਂਗ ਸ਼ਮਸ਼ਾਨ ਘਾਟਾਂ ਲਈ ਜਗ੍ਹਾ ਵੀ ਨਹੀਂ ਘਟ ਜਾਵੇਗੀ, ਕਿੰਨੇ ਕੁ ਸ਼ਮਸ਼ਾਨ ਘਾਟ ਹੋਰ ਬਣਾਵਾਂਗੇ। ਇਸ ਲੜੀ ਦਾ ਤਾਂ ਫਿਰ ਅੰਤ ਹੀ ਨਹੀਂ ਹੋਵੇਗਾ। ਇਹ ਯਾਦਗਾਰਾਂ ਹੀ ਸ਼ਮਸ਼ਾਨ ਘਾਟਾਂ ਦੀ ਜਗ੍ਹਾ ਮੱਲ ਲੈਣਗੀਆਂ।

ਬਹੁਗਿਣਤੀ ਬਾਬੇ ਇਸ ਗੱਲ ਨੂੰ ਜਾਣਦੇ ਹਨ ਕਿ ਸ਼ਮਸ਼ਾਨ ਘਾਟ ਵਿੱਚ ਉਹਨਾਂ ਦੇ ਮਨ ਅੰਦਰ ਘਰ ਕਰ ਚੁੱਕੀ ਯਾਦਗਾਰ ਬਨਾਉਣ ਰੂਪੀ ਮਨਸ਼ਾ ਪੂਰੀ ਨਹੀਂ ਹੋਵੇਗੀ, ਇਸ ਲਈ ਉਹ ਆਪਣੇ ਵੱਡੇ ਬਾਬੇ ਦਾ ਸਸਕਾਰ ਸ਼ਮਸ਼ਾਨ ਘਾਟ ਵਿੱਚ ਕਰਨ ਦੀ ਥਾਂ ਤੇ ਡੇਰੇ ਦੇ ਅੰਦਰ ਹੀ ਕਰਦੇ ਹਨ ਤਾਂ ਜੋ ਯਾਦਗਾਰ ਬਨਾਉਣ ਵਿੱਚ ਕੋਈ ਅੜਚਣ ਨਾਂ ਪਵੇ।

ਹੁਣ ਵਿਚਾਰਣ ਵਾਲਾ ਮੁੱਦਾ ਹੈ ਕਿ ਭਾਵੇਂ ਸਸਕਾਰ ਅਸਥਾਨ ਉਪਰ ਸਮਾਧ ਵਗੈਰਾ ਨਹੀਂ ਬਣਾਉਂਦੇ, ਉਸ ਯਾਦਗਾਰ ਦਾ ਬਾਹਰੀ ਰੂਪ ਗੁਰਦੁਆਰੇ ਵਾਲਾ ਹੀ ਦਿਖਾਈ ਦਿੰਦਾ ਹੈ, ਪ੍ਰਕਾਸ਼ ਵੀ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਇਹ ਸਭ ਕੁੱਝ ਦੇ ਪਿਛੇ ਉਸ ਡੇਰੇ ਦੇ ਪ੍ਰਬੰਧਕਾਂ ਦੀ ਮਨਸ਼ਾ/ ਮਕਸਦ ਕੀ ਹੈ?

ਜਿਵੇਂ ਉਦਾਹਰਣ ਦੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸ਼ਰਾਬ ਦੀ ਬੋਤਲ ਉਪਰ ਬਾਹਰਲੇ ਪਾਸੇ ਅੰਮ੍ਰਿਤ ਦਾ ਲੇਬਲ ਲਾਉਣ ਨਾਲ ਵੀ ਉਹ ਸ਼ਰਾਬ ਹੀ ਰਹੇਗੀ। ਇਥੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਬਾਬਿਆਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਸਰਦਾ ਨਹੀਂ ਹੈ ਜਿਦਣ ਇਹਨਾਂ ਨੂੰ ਲੱਗਾ ਕਿ ਇਸ ਤੋਂ ਬਿਨਾਂ ਸਰ ਸਕਦਾ ਹੈ ਤਾਂ ਸਭ ਤੋਂ ਪਹਿਲਾ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਡੇਰੇ ਤੋਂ ਬਾਹਰ ਕਰਨ ਦਾ ਕਰਨਗੇ।

ਫਿਰ ਆਉਣ ਵਾਲੇ ਸਮੇਂ ਅੰਦਰ ਇਹਨਾਂ ਯਾਦਗਾਰਾਂ ਉਪਰ ਪ੍ਰਕਾਸ਼ ਭਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ, ਇਸ ਗੁਰੂ ਦਾ ਪ੍ਰਕਾਸ਼ ਦਿਹਾੜਾ ਜਾਂ ਗੁਰਤਾ ਗੱਦੀ ਦਿਹਾੜਾ, ਹੋਰ ਗੁਰਪੁਰਬ, ਇਤਿਹਾਸਕ ਸ਼ਹੀਦੀ ਦਿਹਾੜੇ ਬਾਬਿਆਂ ਨੇ ਥੋੜੀ ਮਨਾਉਣੇ ਹਨ, ਸਗੋਂ ਆਪਣੇ ਵੱਡੇ ਬਾਬਿਆਂ ਦੀਆਂ ਬਰਸੀਆਂ ਹੀ ਲਗਾਤਾਰ ਹਰ ਸਾਲ ਵੱਡੇ ਪੱਧਰ ਤੇ ਮਨਾਈਆਂ ਜਾਣੀਆਂ ਹਨ। ਐਸਾ ਵਰਤਦਾ ਹੋਇਆ ਅਸੀਂ ਅਕਸਰ ਵੇਖਦੇ ਵੀ ਹਾਂ।

ਪ੍ਰਸ਼ਨ ਕਰਤਾ ਵਲੋਂ ਕੀਤੇ ਗਏ ਪ੍ਰਸ਼ਨ ਦਾ ਉਤਰ ‘ਗੁਰਮਤ ਨਿਰਨਯ ਕੋਸ਼` ਦੇ ਕਰਤਾ ਡਾ. ਗੁਰਸ਼ਰਨਜੀਤ ਸਿੰਘ ਦੇ ਸ਼ਬਦਾਂ ਵਿੱਚ ਸ਼ਪਸ਼ਟ ਹੋ ਜਾਂਦਾ ਹੈ ਕਿ- ‘ਇਥੇ ਪ੍ਰਬੰਧਕਾਂ ਦਾ ਨਿਸ਼ਾਨਾ ਸੰਗਤ ਨੂੰ ਸਿਖਿਅਤ ਕਰਨਾ ਨਹੀਂ, ਸਗੋਂ ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾ ਕੇ ਪੂਰਾ ਸ਼ੋਸ਼ਣ ਕਰਨਾ ਹੈ।

ਕਬੀਰ ਸਾਚਾ ਸਤਿਗੁਰ ਕਿਆ ਕਰੈ ਜਉ ਸਿਖਾ ਮਹਿ ਚੂਕ।।

ਅੰਧੇ ਏਕ ਨ ਲਾਗਈ ਜਿਉ ਬਾਂਸ ਬਜਾਈਐ ਫੂਕ।।

(ਸਲੋਕ ਕਬੀਰ ਜੀ-੧੩੭੨)

ਦਾਸ ਵਲੋਂ ਦਿਤੇ ਗਏ ਉਕਤ ਵਿਚਾਰਾਂ ਸਬੰਧੀ ਕੋਈ ਦਾਅਵੇਦਾਰੀ ਨਹੀਂ ਕੀਤੀ ਜਾ ਰਹੀ ਸਗੋਂ ਇਹ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿੰਨੀ ਕੁ ਮੱਤ ਦਿਤੀ ਹੈ, ਉਸ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।

****************

(ਚਲਦਾ ….)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.