.

ਫੇਸਬੁੱਕ ਕਿ ਫਸੇਬੁੱਕ?

ਕਈ ਵਾਰ ਬੰਦਾ ਆਪ ਸਹੇੜੀ ਮੁਸੀਬਤ ਵਿਚ, ਵਾੜ ਵਿੱਚ ਫਸੇ ਬਿੱਲੇ ਵਾਂਙ ਇਹ ਆਖਣ ਲਈ ਮਜਬੂਰ ਹੋ ਜਾਂਦਾ ਹੈ, “ਬੁਰੇ ਫਸੇ!” ਮੇਰੀ ੨੦੧੦ ਵਾਲ਼ੀ ਨਿਊ ਜ਼ੀਲੈਂਡ ਵਾਲੀ ਯਾਤਰਾ ਸਮੇ, ਬਹੁਤ ਸਾਰੀਆਂ ਸਿਫਤਾਂ ਦੱਸ ਦੱਸ ਕੇ, ਗੁਰਿੰਦਰ ਸਿੰਘ ਢੱਟ ਨੇ ਮੇਰੇ ਨਾਂ ਤੇ ਫੇਸਬੁੱਕ ਦਾ ਖਾਤਾ ਖੋਹਲ ਦਿਤਾ। ਉਸ ਸਮੇ ਮੈਨੂੰ ਇਸ ਨਵੇਂ ‘ਜੰਘਪਲਾਂਘੇ’ ਨੂੰ ਵਰਤਣ ਦੀ ਜਾਚ ਨਾ ਹੋਣ ਕਰਕੇ, ਇਸ ਨੂੰ ਵਾਹਵਾ ਚਿਰ ਵਰਤਿਆ ਨਾ। ਫਿਰ ਪਿਛਲੇ ਸਾਲ ਮੁੜ ਵਰਤਣ ਦੀ ਤਾਂਘ ਉਠੀ ਤੇ ਇਸ ਸੁੱਤੇ ਪਏ ਖਾਤੇ ਨੂੰ, ਆਪਣੇ ਪੁੱਤਰ ਸੰਦੀਪ ਸਿੰਘ ਰਾਹੀਂ ਮੁੜ ਜਗਾ ਲਿਆ। ਹੁਣ ਤਾਂ ਇਸ ਦਾ ਏਨਾ ਨਸ਼ਾ ਜਿਹਾ ਹੋ ਗਿਆ ਹੈ ਕਿ ਸਵੇਰੇ ਸਵੇਰੇ ਆਪਣੇ ‘ਮੈਜਿਕ ਬਾਕਸ’ ਨੂੰ ਖੋਹਲ ਕੇ, ਇਸ ਦੇ ਸਾਹਮਣੇ ਹੀ ਘੰਟਿਆਂ ਬੱਧੀ ਬੈਠਾ ਰਹਿੰਦਾ ਹਾਂ; ਹੋਰ ਕਿਸੇ ਕਾਰਜ ਦੀ ਯਾਦ ਹੀ ਨਹੀਂ ਆਉਂਦੀ। ਹੱਦ ਤਾਂ ਇਸ ਸਾਲ ਦੇ ੨ ਜੂਨ ਵਾਲ਼ੇ ਦਿਨ ਓਦੋਂ ਹੋਈ ਜਦੋਂ ਇਸ ਦੀ ਫਾਹੀ ਵਿੱਚ ਫਸ ਕੇ ਮੈਂ ਆਪਣਾ ਜਹਾਜ ਹੀ ਲੰਘਾ ਬੈਠਾ।
ਗੱਲ ਇਹ ਇਉਂ ਹੋਈ ਕਿ ਵੁਲਗੂਲਗੇ ਤੋਂ ਗਿਆਨੀ ਰਾਜਿੰਦਰ ਸਿੰਘ ਜੀ ਦਾ ਫ਼ੋਨ ਆਇਆ ਕਿ ਓਥੇ ਦੇ ਗੁਰਦੁਆਰਾ ਸਾਹਿਬ ਵਿਖੇ, ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਦੀ ਯਾਦ ਦੇ ਸਬੰਧ ਵਿਚ, ੩ ਜੂਨ ਨੂੰ ਸ਼ਾਮ ਦੇ ਸਮੇ ਦੀਵਾਨ ਸਜਾਇਆ ਜਾ ਰਿਹਾ ਹੈ, ਜਿਸ ਵਿੱਚ ਸੰਗਤ ਵੱਲੋਂ ਮੈਨੂੰ ਸੱਦਾ ਦਿਤਾ ਜਾ ਰਿਹਾ ਹੈ ਕਿ ਇਸ ਦਿਨ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਆਂ ਕਿਉਂਕਿ ਵਾਹਵਾ ਸਾਰੇ ਜਵਾਨ ਪੀਹੜੀ ਦੇ ਸਿੱਖ ਨੌਜਵਾਨ ਇਸ ਇਤਿਹਾਸ ਤੋਂ ਜਾਂ ਤੇ ਅਣਜਾਣ ਹਨ ਤੇ ਜਾਂ ਫਿਰ ਹਿੰਦੁਸਤਾਨ ਦੀ ਸਰਕਾਰ ਦੇ ਝੂਠੇ ਪ੍ਰਾਪੇਗੰਡੇ ਦੇ ਅਸਰ ਹੇਠ ਹਨ। ਸੰਗਤ ਦੇ ਕਹਿਣ ਅਨੁਸਾਰ ਮੈਂ ਇਸ ਸਾਕੇ ਬਾਰੇ ਬਾਕੀ ਵਿਦਵਾਨਾਂ ਨਾਲ਼ੋਂ ਵਧੇਰੇ ਜਾਣਕਾਰੀ ਰੱਖਦਾ ਹਾਂ, ਇਸ ਲਈ ਜਰੂਰ ਆ ਕੇ ਦੀਵਾਨ ਵਿੱਚ ਇਸ ਘੱਲੂਘਾਰੇ ਬਾਰੇ ਸੰਗਤਾਂ ਨੂੰ ਦੱਸਾਂ। ਵੂਲਗੂਲਗੇ ਤੋਂ ਹਵਾਈ ਜਹਾਜ ਦੀ ਸੀਟ ਬੁੱਕ ਕਰ ਦਿਤੀ ਜਾਵੇਗੀ। ਮੇਰੇ ਵੱਲੋਂ ਓਥੇ ਜਾਣ ਵਿੱਚ ਤਾਂ ਕੋਈ ਕਿੰਤੂ ਨਹੀਂ ਸੀ; ਬੜੀ ਖ਼ੁਸ਼ੀ ਨਾਲ਼ ਜਾਣਾ ਹੀ ਜਾਣਾ ਸੀ ਪਰ ਹਵਾਈ ਜਹਾਜ ਜਾਂ ਰੇਲ ਰਾਹੀਂ ਜਾਣ ਬਾਰੇ ਵਿਚਾਰ ਕਰਨ ਲਈ ਮੈਂ ਗਿਆਨੀ ਜੀ ਤੋਂ ਸਮਾ ਮੰਗ ਲਿਆ। ਦੀਰਘ ਵਿਚਾਰ ਉਪ੍ਰੰਤ ਏਹੀ ਫੈਸਲਾ ਕੀਤਾ ਕਿ ਜਹਾਜ ਰਾਹੀਂ ਜਾਣਾ ਹੀ ਠੀਕ ਰਹੇਗਾ। ਉਹਨਾਂ ਨੂੰ ਫ਼ੋਨ ਕਰ ਦਿਤਾ ਕਿ ਠੀਕ ਹੈ; ਉਹ ਸੀਟ ਬੁੱਕ ਕਰ ਦੇਣ। ਉਹਨਾਂ ਨੇ ਮੰਗਲਵਾਰ ਦੀ ੨. ੪੫ ਵਾਲ਼ੀ ਫ਼ਲਾਈਟ ਦੀ ਸੀਟ ਬੁੱਕ ਕਰ ਦਿਤੀ। ਸਦਾ ਵਾਂਙ ਮੈਂ ਵਾਹਵਾ ਸਮਾ ਰਹਿੰਦਿਆਂ ਹੀ ਹਵਾਈ ਅੱਡੇ ਤੇ ਪੁੱਜ ਗਿਆ। ਬੋਰਡਿੰਗ ਪਾਸ ਲੈ ਕੇ ਗੇਟ ਨੰਬਰ ਬਤਾਲੀ ਵੱਲ਼ ਅੰਦਾਜ਼ੇ ਜਿਹੇ ਨਾਲ਼, ਅੱਡੇ ਦੇ ਸੱਜੇ ਪਾਸੇ ਵੱਲ ਨੂੰ ਤੁਰ ਪਿਆ। ਜਦੋਂ ਕੁੱਝ ਦੂਰੀ ਤੇ ਜਾ ਕੇ ਖੱਬੇ ਪਾਸੇ ਨੂੰ ਕੂਹਣੀ ਮੋੜ ਮੁੜਨਾ ਸੀ ਤਾਂ ਸੱਜੇ ਹੱਥ ਕੰਧ ਵਿੱਚ ਇੰਟਰਨੈਟ ਲੱਗਾ ਹੋਇਆ ਦਿਸ ਪਿਆ। ਸੋਚਿਆ ਕਿ ਗਿਆਨੀ ਜੀ ਹੋਰਾਂ ਨੂੰ ਸੰਦੇਸ਼ ਲਿਖ ਦਿਆਂ ਕਿ ਬੋਰਡਿੰਗ ਪਾਸ ਮੈਨੂੰ ਮਿਲ਼ ਗਿਆ ਹੈ ਤੇ ਉਹ ਮੈਨੂੰ ਹਵਾਈ ਅੱਡੇ ਤੋਂ, ਰੱਬ ਤੋਂ ਪਹਿਲਾਂ ਪਹਿਲਾਂ ਚੁੱਕ ਲੈਣ ਦਾ ਪ੍ਰਬੰਧ ਕਰ ਲੈਣ। ਵੇਖਿਆ ਕਿ ਸਮਾ ਅਜੇ ਵਾਹਵਾ ਰਹਿੰਦਾ ਹੈ, ਇਸ ਲਈ ਕੁੱਝ ਹੋਰ ਪਾਸੇ ਵੀ ਨਿਗਾਹ ਮਾਰ ਲਈ ਜਾਵੇ। ਇਹ ਵਿਚਾਰ ਕੇ ਫ਼ੇਸਬੁੱਕ ਨੂੰ ਵਾਚਣ ਲੱਗ ਪਿਆ ਤੇ ਜਹਾਜ ਦੀ ਯਾਦ ਜਦੋਂ ਆਈ ਤਾਂ ਉਸ ਸਮੇ ੨. ੩੦ ਹੋ ਚੁੱਕੇ ਸਨ। ਪੰਦਰਾਂ ਮਿੰਟ ਜਹਾਜ ਚੱਲਣ ਵਿੱਚ ਰਹਿ ਗਏ ਜਾਣ ਕੇ ਮੈਂ ਛੇਤੀ ਛੇਤੀ ਭੱਜਣ ਵਾਂਙ ਹੀ ਤੁਰਿਆ ਪਰ ੪੨ ਨੰਬਰ ਗੇਟ ਲਭੇ ਹੀ ਨਾ। ਕਾਰੀਡੋਰ ਦੇ ਅਖੀਰ ਤੱਕ ਚਲਿਆ ਗਿਆ। ਫਿਰ ਕਿਸੇ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ੪੨ ਨੰਬਰ ਗੇਟ ਤਾਂ ਹਵਾਈ ਅੱਡੇ ਦੀ ਦੂਜੀ ਲਾਈਨ ਵਿੱਚ ਅਖੀਰ ਤੇ ਹੈ। ਹਵਾਈ ਅੱਡੇ ਦੀ ਬਣਤਰ ਤਕਰੀਬਨ ਅੰਗ੍ਰੇਜ਼ੀ ਦੇ ‘ਯੂ’ ਅੱਖਰ ਵਾਂਙ ਹੈ। ਮੈਂ ‘ਯੂ’ ਦੇ ਸੱਜੇ ਸਿਰੇ ਉਪਰ ਸਾਂ ਤੇ ੪੨ ਨੰਬਰ ਗੇਟ ‘ਯੂ’ ਦੇ ਖੱਬੇ ਸਿਰੇ ਉਪਰ ਸੀ। ਮੈਂ ਭੱਜਣ ਵਾਂਙ ਹੀ ਤੁਰਿਆ ਤੇ ਨਾਲੇ ਆਪਣਾ ਅੱਧਾ ਕੁ ਕੰਨ ਜੇਹੜਾ ਕੰਮ ਕਰਦਾ ਹੈ, ਅਨਾਊਂਸਮੈਂਟ ਵਾਲ਼ੇ ਪਾਸੇ ਵੀ ਲਾਈ ਰੱਖਿਆ। ਵਿਚਾਰ ਸੀ ਕਿ ਬੋਰਡਿੰਗ ਪਾਸ ਮਿਲਣ ਵਾਲ਼ੀਆਂ ਸਾਰੀਆਂ ਸਵਾਰੀਆਂ ਨੂੰ ਬੈਠਾਇਆਂ ਤੋਂ ਬਿਨਾ ਜਹਾਜ ਉਡਦਾ ਨਹੀਂ। ਏਅਰ ਲਾਈਨਾਂ ਦੇ ਪ੍ਰਬੰਧਕਾਂ ਦਾ ਵਿਚਾਰ ਹੈ ਕਿ ਜੇਹੜਾ ਬੰਦਾ ਬੋਰਡਿੰਗ ਪਾਸ ਲੈ ਕੇ ਜਹਾਜ ਵਿੱਚ ਨਾ ਚੜ੍ਹੇ ਉਸ ਉਪਰ ਸ਼ੱਕ ਵਾਲ਼ੀ ਗੱਲ ਹੋ ਜਾਂਦੀ ਹੈ। ਹੋ ਸਕਦਾ ਹੈ ਕਿ ਉਸ ਨੇ ਕੋਈ ਖ਼ਤਰਨਾਕ ਚੀਜ਼ ਆਪਣੇ ਸਾਮਾਨ ਵਿੱਚ ਰੱਖ ਕੇ ਜਹਾਜ ਵਿੱਚ ਪੁਚਾ ਦਿਤੀ ਹੋਵੇ ਜਿਸ ਨਾਲ਼ ਜਹਾਜ ਆਸਮਾਨ ਵਿੱਚ ਉਡਦਾ ਤਬਾਹ ਹੋ ਸਕਦਾ ਹੋਵੇ! ਇਸ ਲਈ ਸਾਮਾਨ ਵਾਲ਼ਾ ਸਵਾਰ ਆਪ ਨਹੀਂ ਚੜ੍ਹਿਆ; ਇਸ ਲਈ ਉਹ ਉਸ ਸਵਾਰੀ ਨੂੰ ਲਭਣ ਦਾ ਯਤਨ ਕਰਦੇ ਹਨ ਤੇ ਜੇ ਨਾ ਲਭੇ ਤਾਂ ਫਿਰ ਉਸ ਦਾ ਸਾਮਾਨ ਬਾਹਰ ਕਢ ਕੇ ਹੀ ਜਹਾਜ ਨੂੰ ਉਡਾਉਂਦੇ ਹਨ। ਉਸ ਦਾ ਸਾਮਾਨ ਜਹਾਜ ਵਿਚੋਂ ਲਭਣ ਲਈ ਵੀ ਸਾਰਾ ਸਾਮਾਨ ਬਾਹਰ ਕਢਣਾ ਪੈਂਦਾ ਹੈ ਤੇ ਫਿਰ ਦੁਬਾਰਾ ਜਹਾਜ ਵਿੱਚ ਲੱਦਣਾ। ਫਿਰ ਹੀ ਜਹਾਜ ਤੋਰਿਆ ਜਾਂਦਾ ਹੈ।
ਇਸ ਗੱਲ ਦਾ ਤਜੱਰਬਾ ਮੈਨੂੰ ਆਪਣੀ ੧੯੯੦ ਵਾਲ਼ੀ ਦੁਨੀਆਂ ਦੇ ਦੁਆਲੇ ਦੀ ਯਾਤਰਾ ਦੌਰਾਨ, ਜਰਮਨੀ ਦੇ ਫ਼੍ਰੈਂਕਫ਼ਰਟ ਹਵਾਈ ਅੱਡੇ ਉਪਰ ਹੋਇਆ ਸੀ। ਗੱਲ ਇਹ ਇਉਂ ਹੋਈ ਕਿ ਮੈਂ ਲੰਡਨੋਂ ਪੈਰਿਸ ਰਾਹੀਂ ਜਰਮਨੀ ਉਤਰਿਆ। ਓਥੇ ਭਾਈ ਜਗਰਾਜ ਸਿੰਘ ਜੀ (ਤੂਫਾਨ ਸਿੰਘ) ਦੇ ਸ਼ਹੀਦੀ ਸਮਾਗਮ ਵਿੱਚ ਹਾਜਰੀ ਭਰਨ ਉਪ੍ਰੰਤ ਦੋ ਚਾਰ ਦਿਨ ਬਾਅਦ, ਇਸ ਅੱਡੇ ਉਪਰ ਰੋਮ ਵਾਸਤੇ ਜਾਣ ਲਈ ਗਿਆ ਤਾਂ ਇੱਕ ਕਲੀਨਸ਼ੇਵਨ ਸਿੱਖ ਨੌਜਵਾਨ ਵਾਹਵਾ ਫਿਕਰਮੰਦੀ ਦੀ ਹਾਲਤ ਵਿੱਚ ਮੇਰੇ ਕੋਲ਼ ਆਇਆ। ਉਸ ਨੇ ਦੱਸਿਆ ਕਿ ਉਹ ਕੈਨੇਡਾ ਦੇ ਸ਼ਹਿਰ ਲੰਡਨ ਦਾ ਵਸਨੀਕ ਹੈ ਤੇ ਉਸ ਦਾ ਸਾਮਾਨ ਜਹਾਜ ਵਿੱਚ ਚਲਿਆ ਗਿਆ ਤੇ ਉਹ ਬੈਂਚ ਉਪਰ ਸੌਂ ਜਾਣ ਕਰਕੇ, ਜਹਾਜੇ ਨਹੀਂ ਸੀ ਚੜ੍ਹ ਸਕਿਆ। ਉਸ ਦਾ ਸਮਾਨ ਏਅਰ ਲਾਈਨ ਦੇ ਸਟਾਫ਼ ਕੋਲ ਹੈ ਤੇ ਉਸ ਨੂੰ ਦਿੰਦੇ ਨਹੀਂ ਸਗੋਂ ਉਸ ਦੀ ਲਾਹ ਪਾਹ ਕਰਦੇ ਹਨ। ਇਸ ਕਾਰਜ ਵਿੱਚ ਮੈਂ ਉਸ ਦੀ ਮਦਦ ਕਰਾਂ। ਮੈਂ ਉਸ ਦੇ ਨਾਲ਼ ਸਟਾਫ਼ ਦੇ ਦਫ਼ਤਰ ਵੱਲ ਤੁਰ ਪਿਆ। ਉਹਨਾਂ ਨੇ ਮੇਰੀ ਸਿਫ਼ਾਰਸ਼ੀ ਦੀ ਵੀ ਕੁੱਝ ਸਹਿੰਦੀ ਸਹਿੰਦੀ ਲਾਹ ਪਾਹ ਕੀਤੀ। ਉਹ ਵੀ ਸੱਚੇ ਸਨ ਕਿਉਂਕਿ ਉਹਨੀਂ ਦਿਨੀਂ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਸਨ ਤੇ ਅੱਜ ਕਲ੍ਹ ਵੀ ਹੁੰਦੀਆਂ ਹਨ। ਥੋਹੜਾ ਹੀ ਸਮਾ ਪਹਿਲਾਂ ਏਅਰ ਇੰਡੀਆ ਦਾ ਇੱਕ ਜਹਾਜ ਕੈਨੇਡਾ ਤੋਂ ਹੀ ਉਡ ਕੇ ਆਇਲੈਂਡ ਦੇ ਪਾਣੀਆਂ ਵਿੱਚ ਡਿੱਗਾ ਸੀ ਜਿਸ ਵਿੱਚ ੩੨੯ ਬੇਕਸੂਰੇ ਸਵਾਰ ਮਾਰੇ ਗਏ ਸਨ ਤੇ ਇਸ ਦਾ ਇਲਜ਼ਾਮ ਮੀਡੀਏ ਨੇ ਸਿਖਾਂ ਉਪਰ ਹੀ ਲਾਇਆ ਸੀ। ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕੱਦਮਾ, ਕੈਨੇਡਾ ਦੇ ਦੋ ਸਿੰਘਾਂ, ਸ. ਰਿਪਦਮਨ ਸਿੰਘ ਤੇ ਸ. ਅਜਾਇਬ ਸਿੰਘ ਬਾਗੜੀ, ਉਪਰ ਚੱਲਿਆ ਸੀ। ਭਾਵੇਂ ਕਿ ਉਹ ਲੰਮੇ ਸਮੇ ਲਈ ਚੱਲੇ ਮੁੱਕਦਮੇ ਵਿਚੋਂ ਬਰੀ ਹੋ ਗਏ ਸਨ। ਸਟਾਫ਼ ਵਾਲ਼ਿਆਂ ਨੇ ਮੈਨੂੰ ਕਿਹਾ ਕਿ ਉਹ ਬੜਾ ਸਮਾ ਇਸ ਨੂੰ ਲਭਦੇ ਰਹੇ; ਅਨਾਊਂਸਮੈਂਟਾਂ ਕਰਦੇ ਰਹੇ। ਬਹੁਤ ਉਡੀਕਣ ਪਿੱਛੋਂ ਆਖਰ ਉਹਨਾਂ ਨੂੰ ਸਾਰਾ ਸਾਮਾਨ ਜਾਹਾਜ ਵਿਚੋਂ ਉਤਾਰਨਾ ਪਿਆ ਤੇ ਇਸ ਦਾ ਸਾਮਾਨ ਪਛਾਣ ਕੇ ਬਹਰ ਕਢਿਆ; ਫਿਰ ਬਾਕੀ ਸਵਾਰਾਂ ਦਾ ਸਾਰਾ ਸਾਮਾਨ ਮੁੜ ਜਹਾਜ ਵਿੱਚ ਰੱਖਿਆ ਤੇ ਤਾਂ ਜਹਾਜ ਉਡਿਆ। ਖੈਰ, ਉਹਨਾਂ ਨੇ ਉਸ ਦਾ ਸਾਮਾਨ ਮੇਰੇ ਆਖਣ ਵੇਖਣ ਤੇ ਦੇ ਦਿਤਾ। ਸਾਮਾਨ ਤਾਂ ਅਖੀਰ ਉਹਨਾਂ ਨੇ ਦੇਣਾ ਹੀ ਦੇਣਾ ਸੀ ਪਰ ਇਸ ਨਾਲ਼ ਉਸ ਨੌਜਵਾਨ ਦਾ ਮੇਰੇ ਤੇ ਭਰੋਸਾ ਬਣ ਗਿਆ ਤੇ ਉਸ ਨੇ ਮੈਨੂੰ ਮਜਬੂਰ ਕਰ ਦਿਤਾ ਕਿ ਮੈਂ ਉਸ ਦੇ ਨਾਲ਼ ਦਿੱਲੀ ਤੱਕ ਜਾਵਾਂ ਕਿਉਂਕਿ ਉਹ ਇਸ ਘਟਨਾ ਤੋਂ ਕੁੱਝ ਘਬਰਾ ਜਿਹਾ ਗਿਆ ਸੀ। ਮੈਂ ਆਪਣੀ ਬਾਕੀ ਦੀ ਯਾਤਰਾ ਵਿਚੇ ਛੱਡ ਦਿਤੀ ਤੇ ਰੋਮ ਵਾਲ਼ੇ ਜਹਾਜ ਦੀ ਬਜਾਇ, ਉਸ ਦੇ ਨਾਲ਼ ਹੀ ਦਿੱਲੀ ਵਾਲੇ ਜਹਾਜ ਵਿੱਚ ਬਹਿ ਗਿਆ। ਮੇਰੀ ਸ਼ੁਰੂ ਤੋਂ ਹੀ ਇਹ ਹਾਲਤ ਰਹੀ ਹੈ, “ਜਿਨ੍ਹੇ ਲਾਈ ਗੱਲੀਂ, ਉਹਦੇ ਨਾਲ਼ ਉਠ ਚੱਲੀ। “
ਫਿਰ ਚੱਲੀਏ ਸਿਡਨੀ ਦੇ ਘਰੇਲੂ ਹਵਾਈ ਅੱਡੇ ਉਪਰ। ਮੈਂ ਦੌੜਦਾ ਦੌੜਦਾ ਅਖੀਰ ‘ਯੂ’ ਦੇ ਖੱਬੇ ਪਾਸੇ ਅਖੀਰ ਵਿੱਚ ਸਥਿਤ, ਗੇਟ ਨੰਬਰ ੪੨ ਲਭ ਹੀ ਲਿਆ। ਗੇਟ ਦੇ ਅੱਗੇ ਸਵਾਰੀ ਕੋਈ ਨਾ ਵੇਖ ਕੇ ਮੈਨੂੰ ਖੁੜਕ ਤਾਂ ਗਈ ਕਿ ਜਹਾਜ ਦੇ ਬੂਹੇ ਬੰਦ ਹੋ ਚੁੱਕੇ ਹੋਣਗੇ। ਫਿਰ ਵੀ ਮੈਂ ਡਿਊਟੀ ਵਾਲ਼ੀ ਲੜਕੀ ਨੂੰ ਦੱਸਿਆ ਤਾਂ ਉਹ ਕਹਿੰਦੀ, “ਜਹਾਜ ਤਾਂ ਉਡ ਵੀ ਗਿਆ ਹੈ। ਤੂੰ ਲੇਟ ਹੈਂ ਤੇ ਤੇਰੀ ਟਿਕਟ ਵੀ ਗਈ। ਹੁਣ ਭਲ਼ਕੇ ਹੋਰ ਟਿਕਟ ਖ਼ਰੀਦ ਕੇ ਤੂੰ ਜਾ ਸਕਦਾ ਹੈਂ ਤੇ ਉਪਰ ਸਰਵਿਸ ਕਾਊਂਟਰ ਤੇ ਜਾ ਕੇ ਨਾਲ਼ੇ ਭਲ਼ਕ ਦੀ ਸੀਟ ਬੁੱਕ ਕਰਵਾ ਤੇ ਨਾਲ਼ੇ ਟਿਕਟ ਵੀ ਹੋਰ ਖ਼ਰੀਦ। “ਮੇਰੇ ਵੱਲੋਂ ਟਾਈਮ ਪੁਛਣ ਤੇ ਉਸ ਨੇ ਦੱਸਿਆ ਕਿ ੨. ੪੫ ਹੋ ਗਏ ਹਨ। ਮੈਂ ਫਿਰ ਕਿਹਾ, “ਮੈਂ ਐਨ ਟਾਈਮ ਸਿਰ ਆ ਗਿਆ ਹਾਂ ਤੇ ਕਰ ਹਿੰਮਤ; ਬਾਰੀ ਖੁਲਵਾ ਕੇ ਮੈਨੂੰ ਜਹਾਜੇ ਚੜ੍ਹਾ ਦੇਹ! ਵੈਸੇ ਵੀ ਜਹਾਜ ਨੂੰ ਕੁੱਝ ਮਿੰਟ ਤਾਂ ਮੇਰੇ ਲਈ ਉਡੀਕਣਾ ਹੀ ਚਾਹੀਦਾ ਸੀ। ਤੁਸੀਂ ਅਨਾਊਂਸਮੈਂਟ ਵੀ ਕੋਈ ਨਹੀਂ ਕੀਤੀ।” ਉਸ ਨੇ ਆਖਿਆ, “ਜਹਾਜ ਤਾਂ ਉਡ ਵੀ ਗਿਆ ਹੈ। ਹੁਣ ਆਕਾਸ਼ ਵਿਚੋਂ ਮੈਂ ਕਿਵੇਂ ਬਾਰੀ ਖੋਹਲ ਕੇ ਤੈਨੂੰ ਚੜ੍ਹਾਵਾਂ?”
ਕੋਈ ਚਾਰਾ ਨਾ ਚੱਲਦਾ ਵੇਖ ਅਖੀਰ ਮੈਂ ਉਪਰ ਆ ਗਿਆ ਤੇ ਸਰਵਿਚ ਕਾਊਂਟਰ ਲਭ ਕੇ ਜਾ ਅਲੱਖ ਜਗਾਈ। ਸਰਵਿਸ ਕਾਊਂਟਰ ਵਾਲੀ ਲੇਡੀ ਨੇ ਬੜੀ ਖ਼ੁਸ਼ੀ ਖੁਸ਼ੀ ਅਗਲੇ ਦਿਨ, ੩ ਜੂਨ ਨੂੰ ਸਵੇਰੇ ਦਸ ਕੁ ਵਜੇ ਵਾਲ਼ੀ ਫਲਾਈਟ ਉਪਰ ਮੇਰੇ ਵਾਸਤੇ ਸੀਟ ਬੁੱਕ ਕਰ ਦਿਤੀ। ਉਸ ਦੇ ਖ਼ੁਸ਼ ਹੋਣ ਦਾ ਕਾਰਨ ਸ਼ਾਇਦ ਮੇਰੀ ਫ਼ੇਸਬੁੱਕ ਵਾਲ਼ੇ ਸ਼ੌਕ ਵਿੱਚ ਜਹਾਜ ਮਿੱਸ ਕਰ ਜਾਣਾ ਸੀ! ਸ਼ਾਇਦ ਉਸ ਨੇ ਪਹਿਲਾਂ ਕੋਈ ਮੇਰੇ ਵਰਗਾ ਲਾਪਰਵਾਹ ਬੰਦਾ ਨਾ ਵੇਖਿਆ ਹੋਵੇ ਜੋ ਫ਼ੇਸਬੁੱਕ ਦੇ ਖਲਜਗਣ ਵਿੱਚ ਫਸ ਕੇ ਜਹਾਜ ਹੀ ਮਿੱਸ ਕਰ ਦੇਵੇ! ਫਿਰ ਹੋਰ ਖ਼ੁਸ਼ੀ ਵਾਲ਼ੀ ਗੱਲ ਇਹ ਕਿ ਉਸ ਨੇ ਪਹਿਲੀ ਟਿਕਟ ਦੇ ਪੈਸਿਆਂ ਵਿੱਚ ਹੀ ਅਗਲੇ ਦਿਨ ਵਾਲ਼ੀ ਸੀਟ ਬੁੱਕ ਕਰ ਦਿਤੀ; ਹੋਰ ਕੋਈ ਪੈਸਾ ਮੇਰੇ ਕੋਲ਼ੋਂ ਨਹੀਂ ਲਿਆ। ਨਾਲ਼ ਇਹ ਆਖ ਵੀ ਦਿਤਾ, “ਇਹ ਤੇਰੇ ਨਾਲ਼ ਸਪੈਸ਼ਲ ਰਿਆਇਤ ਕੀਤੀ ਗਈ ਹੈ; ਆਮ ਹਾਲਤ ਵਿੱਚ ਅਸੀਂ ਅਜਿਹੀ ਰਿਆਇਤ ਨਹੀਂ ਕਰਦੇ। “
ਹੋ ਸਕਦਾ ਹੈ ਕਿ ਮੇਰੀਆਂ ਕਮਲ਼ੀਆਂ ਰਮਲ਼ੀਆਂ ਗੱਲਾਂ, ਹਰਕਤਾਂ ਤੇ ਸ਼ਕਲ ਤੋਂ ਮੇਰਾ ਲਿਹਾਜ਼ ਕਰਨ ਲਈ ਉਸ ਦਾ ਜੀ ਕਰ ਆਇਆ ਹੋਵੇ! ਅਗਲੇ ਦਿਨ ਤਾਂ ਫਿਰ ਮੈਂ ਪੌਣੇ ਕੁ ਤਿੰਨ ਘੰਟੇ ਸਮੇ ਤੋਂ ਪਹਿਲਾਂ ਹੀ ਗੇਟ ਦੇ ਐਨ ਅੱਗੇ ਜਾ ਕੇ ਬਹਿ ਗਿਆ।
ਇਹ ਤਾਂ ਮੇਰੀ ਬੇਸਮਝੀ ਸੀ; ਵੈਸੇ ਫੇਸਬੁੱਕ ਦੇ ਲਾਭ ਵੀ ਬਹੁਤ ਹਨ। ਇਹ ਤਾਂ ਸਾਡੇ ਤੇ ਨਿਰਭਰ ਹੈ ਕਿ ਅਸੀਂ ਕਿਸੇ ਵਸਤੂ ਨੂੰ ਕਿਵੇਂ ਵਰਤਦੇ ਹਾਂ। ਜ਼ਹਿਰ ਮੌਤ ਦਾ ਫ਼ਰਿਸ਼ਤਾ ਵੀ ਹੈ ਤੇ ਕਈ ਬੀਮਾਰੀਆਂ ਵੀ ਦੂਰ ਕਰਦਾ ਹੈ ਪਰ ਜੇ ਕਿਸੇ ਸਿਆਣੇ ਵੈਦ ਦੀ ਅਗਵਾਈ ਹੇਠ ਦਵਾਈ ਵਾਂਙ ਖਾਧਾ ਜਾਵੇ ਤਾਂ। ਇੱਕ ਵਾਰੀਂ ਸੱਚਖੰਡ ਵਾਸੀ ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ, ਕਿਸੇ ਗੱਲੋਂ ਨਾਰਾਜ਼ਗੀ ਜਿਹੀ ਜ਼ਾਹਰ ਕਰਦਿਆਂ, ਮੇਰੇ ਭਾਈਆ ਜੀ ਨੂੰ ਇਉਂ ਵੀ ਆਖਿਆ ਸੀ, “ਗਿਆਨ ਸਿੰਘਾ, ਅੰਮ੍ਰਿਤ ਦਾ ਚੁਲ਼ਾ ਲਈਦਾ, ਕੁੰਡ ਵਿੱਚ ਡੁੱਬ ਕੇ ਨਹੀਂ ਮਰੀਦਾ।” ਹਰੇਕ ਵਸਤੂ ਤੇ ਵਸੀਲੇ ਦਾ ਲਾਭ ਤੇ ਨੁਕਸਾਨ ਵਰਤਣ ਵਾਲ਼ੇ ਦੀ ਸਮਝ ਅਨੁਸਾਰ ਹੁੰਦਾ ਹੈ।
ਪਾਠਕਾਂ ਦੀ ਸੋਚ ਵਿੱਚ ਸ਼ਾਇਦ ਇਹ ਗੱਲ ਆਵੇ ਕਿ ਮੇਰੇ ਕੇਸ ਵਿੱਚ ਉਹਨਾਂ ਨੇ ਮੈਨੂੰ ਕਿਉਂ ਨਹੀਂ ਲਭਿਆ ਤੇ ਜਹਾਜ ਵਿਚੋਂ ਸਾਮਾਨ ਕਿਉਂ ਨਹੀਂ ਉਤਾਰਿਆ! ਉਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਮੈਂ ਉਹਨਾਂ ਨੂੰ ਜਹਾਜ ਵਿੱਚ ਰੱਖਣ ਲਈ ਕੁੱਝ ਦਿਤਾ ਹੀ ਨਹੀਂ ਸੀ। ਕਛਹਿਰੇ, ਤੌਲੀਏ ਤੇ ਬਨੈਣ ਵਾਲ਼ਾ ਛੋਟਾ ਜਿਹਾ ਬੈਗ ਮੈਂ ਆਪਣੇ ਹੱਥ ਵਿੱਚ ਹੀ ਫੜ ਕੇ ਨਾਲ਼ ਖੜਨ ਲਈ ਰੱਖ ਲਿਆ ਸੀ। ਇਸ ਵਾਸਤੇ ਉਹਨਾਂ ਨੂੰ ਮੇਰੇ ਤੋਂ ਕੋਈ ਖ਼ਤਰਾ ਨਾ ਦਿਸਿਆ ਤੇ ਉਹਨਾਂ ਨੇ ਮੈਨੂੰ ਲਭਣ ਜਾਂ ਜਹਾਜ ਦਾ ਸਾਮਾਨ ਫੋਲਣ ਦੀ ਲੋੜ ਨਾ ਸਮਝ ਕੇ ਜਹਾਜ, ਮੇਰੇ ਸਵਾਰ ਹੋਣ ਤੋਂ ਬਿਨਾ ਹੀ ਉਡਾ ਲਿਆ ਹੋਵੇ! ਅੱਗੇ ਗੁਰੂ ਦੀਆਂ ਗੁਰੂ ਜਾਣੇ ਜਾਂ ਜਹਾਜ ਵਾਲ਼ੇ ਜਾਨਣ!
ਗਿ: ਸੰਤੋਖ ਸਿੰਘ




.