.

ਹਿੰਦੂ ਤੁਰਕ ਦੋਊ ਸਮਝਾਵਉ

ਗੁਰੂ ਗਰੰਥ ਸਾਹਿਬ ਵਿੱਚ ਗੁਰੁ ਸਾਹਿਬਾਂ ਅਤੇ ਭਗਤਾਂ ਦੇ ਸਮੇਂ ਦੇ ਸਾਰੇ ਫਿਰਕਿਆਂ ਦੀਆਂ ਧਾਰਮਿਕ ਰਸਮਾਂ, ਪੂਜਾ-ਪਾਠ, ਧਾਰਮਿਕ ਪਹਿਰਾਵਾ, ਧਰਮ ਅਸਥਾਨ, ਤਟ ਤੀਰਥ ਪਵਿੱਤਰ ਸ਼ਹਿਰ ਤੇ ਨਦੀਆਂ ਆਦਿ ਦੀ ਪੂਜਾ ਦਾ ਜ਼ਿਕਰ ਹੈ। (ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ---875) ਗੁਰਬਾਣੀ ਅਨੁਸਾਰ ਇਹਨਾਂ ਫਿਰਕਿਆਂ ਦੀ ਧਾਰਮਿਕ ਸਿਖਿਆ ਲੋਕਾਂ ਲਈ ਕਲਿਆਣਕਾਰੀ ਨਹੀਂ ਪਰ ਹਾਨੀਕਾਰਕ ਜ਼ਰੂਰ ਹੈ। ਗੁਰਬਾਣੀ ਪੂਜਾ-ਪਾਠ, ਜਪ-ਤਪ, ਤੀਰਥ-ਇਸ਼ਨਾਨ ਆਦਿ ਸਾਰੇ ਬਾਹਰੀ ਚਿੰਨ੍ਹਾਂ ਦਾ ਖੰਡਨ ਕਰਦੀ ਹੈ ਅਤੇ ਸਤਿ, ਸੰਤੋਖ, ਦਇਆ, ਨਿਆਉਂ, ਪਰਉਕਾਰ ਅਤੇ ਗਿਆਨ ਨੂੰ ਹੀ ਸਚੇ ਧਰਮ ਦਾ ਲਾਜ਼ਮੀ ਅੰਗ ਮੰਨਦੀ ਹੈ ਅਤੇ ਅਉਗਣ ਛਡਣ ਤੇ ਗੁਣ ਧਾਰਨ ਲਈ ਕਹਿੰਦੀ ਹੈ। ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਕਰਮ-ਕਾਂਡ ਅਤੇ ਵਰਣ ਖੰਡ ਵਿਚੌਂ ਕੱਢ ਕੇ ਨੈਤਿਕ (holy) ਗੁਣਾਂ ਨਾਲ ਜੋੜਿਆ ਹੈ। ਇਸੇ ਕਾਰਨ ਦੁਨੀਆ ਦਾ ਇੱਕ ਸੱਭ ਤੋਂ ਵੱਡਾ ਨਾਸਤਕ, ਪਰ ਬਹੁਤ ਹੀ ਸਮਝਦਾਰ ਤੇ ਸਿਆਣਾ ਮੰਨਿਆ ਜਾਂਦਾ ਅਤੇ ਸੱਭ ਤੋਂ ਮਸ਼ਹੂਰ ਫਿਲਾਸਫਰ Bertrand Russell, ਵੀ ਗੁਰਬਾਣੀ ਉਪਦੇਸਾਂ ਨੂੰ ਸਰਬੱਤ ਦੇ ਭਲੇ ਵਾਲੀ ਸਿੱਖਿਆ ਲਿਖਦਾ ਹੈ।

ਗੁਰੁ ਨਾਨਕ ਜੀ ਨੇ ਜੋਗੀ ਨੂੰ ਉਸ ਦੇ ਬਾਹਰਲੇ ਧਾਰਮਿਕ ਚਿੰਨ੍ਹਾਂ ਮੁੰਦਰਾਂ, ਝੋਲੀ, ਖਿੰਥਾ, ਪਾਤਰ, ਡੰਡਾ ਆਦਿ ਰਾਹੀਂ ਸਮਝਾਇਆ ਹੈ ਕਿ ਧਰਮ ਬਾਹਰੋਂ ਮਹਿਜ ਚਿੰਨ੍ਹ ਧਾਰਨ ਕਰਨ ਦਾ ਨਾਮ ਨਹੀਂ ਹੈ। ਧਰਮ ਦਾ ਸਹੀ ਅਰਥ ਹੈ ਕਿ ਮਾਨੁੱਖ ਆਪਣੇ ਅੰਦਰ ਜਤ-ਸਤ, ਸਬਰ-ਸੰਤੋਖ, ਤੇ ਪਰਮਾਤਮਾ ਦਾ ਧਿਆਨ ਪੈਦਾ ਕਰੇ। ਸਰੀਰ ਨੂੰ ਵਿਕਾਰਾਂ ਤੋਂ ਬਚਾਕੇ ਰਖਣਾ, ਮਨੁੱਖਤਾ ਨਾਲ ਪ੍ਰੇਮ ਕਰਨਾ ਤੇ ਮਿਹਨਤ ਕਰਕੇ ਮਾਇਆ ਕਮਾਣੀ ਹੀ ਸਹੀ ਧਰਮ ਹੈ।

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ---6

ਸੂਹੀ ਮਹਲਾ 1

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥

ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥

ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ---730

ਗੁਰੁ ਨਾਨਕ ਜੀ ਪੂਜਾ-ਪਾਠ, ਜਪ-ਤਪ, ਤੀਰਥ-ਇਸ਼ਨਾਨ ਆਦਿ ਨੂੰ ਫੋਕਟ ਕਰਮ ਕਹਿੰਦੇ ਹਨ। ਆਸਾ ਦੀ ਵਾਰ ਵਿੱਚ ਪੰਡਿਤ ਨੂੰ ਉਸ ਦੇ ਧਾਰਮਿਕ ਚਿੰਨ੍ਹਾਂ ਜਿਵੇਂ ਧੋਤੀ, ਮਾਲਾ, ਤਿਲਕ, ਜਨੇਊ, ਆਦਿ ਰਾਹੀਂ ਸਮਝਾਇਆਂ ਹੈ ਕਿ ਦਇਆ, ਸੰਤੋਖ, ਜਤੁ, ਸਤੁ ਹੀ ਅਸਲੀ ਧਾਰਮਿਕਤਾ ਦੇ ਚਿੰਨ੍ਹ ਹਨ।

ਮਃ 1 ॥ ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥

ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥

ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥

ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ---470

ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥

ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ---484

ਸਲੋਕੁ ਮਃ 1 ॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥

ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥

ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ---470

ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਵਿੱਚ ਮੁਸਲਮਾਨਾਂ ਨੂੰ ਮਸੀਤਿ, ਮੁਸਲਾ, ਕੁਰਾਨ, ਸੁਨੰਤ, ਰੋਜ਼ਾ, ਕਾਅਬਾ, ਪੀਰ, ਕਲਮਾ, ਨਿਵਾਜ਼ ਅਤੇ ਤਸਬੀ ਆਦਿ ਬਾਹਰੀ ਧਾਰਮਿਕ ਚਿੰਨ੍ਹਾਂ ਰਾਹੀਂ ਦਸਿਆ ਹੈ ਕਿ ਦੂਸਰਿਆਂ ਤੇ ਮੇਹਰ ਕਰਨੀ, ਸ਼ਰਧਾ, ਹੱਕ ਦੀ ਕਮਾਈ, ਵਿਕਾਰਾਂ ਤੋਂ ਦੂਰ ਰਹਿਣਾ, ਚੰਗਾ ਸੁਭਾ ਹੋਣਾ, ਉੱਚਾ ਆਚਰਣ, ਅੰਦਰੋਂ ਬਾਹਰੋਂ ਇਕੋ ਜਿਹੇ ਹੋਣਾ, ਨੇਕ ਅਮਲ ਅਤੇ ਰੱਬ ਦੇ ਭਾਣੇ ਵਿੱਚ ਰਹਿਣਾ ਹੀ ਅਸਲੀ ਮੁਸਲਮਾਨ ਬਨਣਾ ਹੈ।

ਮੁਸਲਮਾਨਾਂ ਨੂੰ ਉਨ੍ਹਾਂ ਦੀ ਰਹਿਤ ਵਿੱਚ ਪੰਜ ਵਕਤਾਂ ਤੇ ਪੰਜ ਵਾਰ ਨਿਵਾਜ਼ ਪੜ੍ਹਣ ਦਾ ਆਦੇਸ਼ ਹੈ। ਪੰਜ ਵਕਤ ਦੀ ਨਿਵਾਜ਼ ਨੂੰ ਵੀ ਗੁਰਬਾਣੀ ਵਿੱਚ ਪੰਜ ਗੁਣਾਂ---ਸੱਚੁ ਬੋਲਣਾ, ਹੱਕ ਦੀ ਕਮਾਈ, ਸਭ ਦਾ ਭਲਾ ਮੰਗਣਾ, ਸਾਫ ਨੀਅਤ ਅਤੇ ਪ੍ਰਮਾਤਮਾ ਦੀ ਸਿਫਤਿ-ਸਾਲਾਹ ਨਾਲ ਜੋੜਿਆ ਹੈ।

ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ ---

ਨਿਵਾਜ ਸੋਈ ਜੋ ਨਿਆਉ ਬਿਚਾਰੈ---480 ਮਃ 1 ॥

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥

ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥

ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ---141

ਸਲੋਕੁ ਮਃ 1 ॥

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥

ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥

ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ---140

ਮਾਰੂ ਮਹਲਾ 5 ॥

ਮਕਾ ਮਿਹਰ ਰੋਜਾ ਪੈ ਖਾਕਾ ॥ ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥

ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥5॥

ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥

ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ

---ਸਗਲੀ ਜਾਨਿ ਕਰਹੁ ਮਉਦੀਫਾ ॥ ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥

ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ

--- ਨਾਪਾਕ ਪਾਕੁ ਕਰਿ ਹਦੂਰਿ ਹਦੀਸਾ --- 1083

ਦੂਸਰਿਆਂ ਦਾ ਹੱਕ ਖੋਹਣਾ, ਦੂਸਰਿਆਂ ਦੀ ਕਮਾਈ ਤੇ ਪਲਣਾ ਵੀ ਪਾਪ ਹੈ। ਹਿੰਦੂ ਲਈ ਗਊ ਅਤੇ ਮੁਸਲਮਾਨ ਲਈੇ ਸੂਰ ਦੇ ਬਰਾਬਰ ਕਿਹਾ ਹੈ। ਗੁਰੂ

ਜੀ ਅਉਗੁਣਾਂ ਨੂੰ ਪੈਰਾਂ ਵਿੱਚ ਬੇੜੀਆਂ ਅਤੇ ਗਲ ਵਿੱਚ ਸੰਗਲ ਕਹਿੰਦੇ ਹਨ ਤੇ ਸਤਿ, ਸੰਤੋਖ, ਦਇਆ, ਇਨਸਾਫ ਅਤੇ ਗਿਆਨ ਨੂੰ ਸਚੇ ਧਰਮ ਦਾ ਮੂਲ-ਮੰਤਰ ਮੰਨਦੇ ਹਨ। ਉਨ੍ਹਾਂ ਜੋਗੀਆਂ, ਹਿੰਦੂਆਂ ਤੇ ਮੁਸਲਮਾਨਾਂ ਦੇ ਸਾਰੇ ਧਰਮ ਦੇ ਕਰਮਾਂ ਨੂੰ ਨੈਤਿਕ ਗੁਣਾਂ ਨਾਲ ਜੋੜ ਕੇ ਇਹ ਸਪਸ਼ਟ ਕੀਤਾ ਹੈ।

ਮਃ 1 ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ---141

ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥

ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ---27

ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥

ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ---37

ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ---1191

ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ---595

ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ---418

ਜੁਗਰਾਜ ਸਿੰਘ ਧਾਲੀਵਾਲ।




.