.

“ਵੰਞਾਏਨੀ” ਸ਼ਬਦ-ਜੋੜ ਦਾ ਵਿਵੇਚਨ

“ਤਾਹੂ ਖਰੇ ਸੁਜਾਣ ਵੰਞਾ ਏਨੀ ਕਪਰੀ ॥੩॥ - ਸਲੋਕ ਵਾਰਾਂ ਤੇ ਵਧੀਕ (ਮ; ੧) (ਪੰ:/੧੪੧੦)”
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਚਾਰੀ ਉਪਰੋਕਤ ਪੰਗਤੀ ਸਲੋਕ ਦਾ ਹਿੱਸਾ ਹੈ ਅਤੇ ‘ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪੰਨਾ ‘੧੪੧੦’ ‘ਤੇ ਅੰਕਿਤ ਹੈ।ਉਕਤ ਪੰਗਤੀ ‘ਚ ਆਇਆ ਸ਼ਬਦ ‘ਵੰਞਾ ਏਨੀ’ ਦੇ ਸ਼ਬਦ-ਜੋੜ ਅਤੇ ਉਚਾਰਣ ਵਿੱਚ ਵਿਦਵਾਨ ਸਜੱਨਾਂ ਦਾ ਆਪਸੀ ਮਤਭੇਦ ਹੈ। ਕੁੱਝ ਵਿਦਵਾਨ ‘ਵੰਞਾਏਨੀ’ ਅਤੇ ਕੁੱਝ ‘ਵੰਞਾਏ’ ਜਾਂ ‘ਵੰਞਾ ਏਨੀ’ ਸ਼ਬਦ-ਜੋੜ ਮੰਨਦੇ ਹਨ।ਸੱਭ ਤੋਂ ਪਹਿਲਾਂ ਵਿਦਵਾਨ ਸਜੱਨਾਂ ਵੱਲੋਂ ਕੀਤੇ ਅਰਥਾਂ ਵੱਲ ਸਰਸਰੀ ਨਜ਼ਰ ਮਾਰਦੇ ਹਾਂ :
ਪ੍ਰੋ. ਸਾਹਿਬ ਸਿੰਘ ਜੀ -:
“ਹੇ ਭਾਈ! ਉਹ ਮਨੁੱਖ ਹੀ ਅਸਲ ਸਿਆਣੇ (ਤਾਰੂ ਹਨ,ਜੋ ਸੰਸਾਰ-ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਦੇ ਹਨ) ਮੈਂ (ਭੀ ਉਹਨਾਂ ਦੀ ਸੰਗਤਿ ਵਿੱਚ ਹੀ)ਇਹਨਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ। ਵੰਞਾ -ਮੈਂ ਲੰਘਦਾ ਹਾਂ।”
ਸ਼ਬਦਾਰਥ -:
“ਓਹ ਅਸਲ ਸਿਆਣੇ ਹਨ ਜੋ ਇਨ੍ਹਾਂ ਕਪਰਾਂ (ਲਹਿਰਾਂ) ਵਿਚੋਂ ਲੰਘ ਗਏ ਹਨ।”
ਮਹਾਨ ਕੋਸ਼ -:
“ ਵੰਞਾਏਨੀ- ਲੈ ਜਾਂਦੇ ਗਏ ਹਨ. “ਤਾਹੂ ਖਰੇ ਸੁਜਾਣ ਵੰਞਾਏਨੀ ਕਪਰੀ”(ਸਵਾ ਮ:੧) ਵਡੇ ਹੋਸ਼ਿਯਾਰ ਉਚੇ ਢਾਹੇ ਵੱਲ ਲੈਜਾਂਦੇ ਹਨ.ਭਾਵ ਗੁਮਰਾਹ ਹੋ ਕੇ ਥੋੜਾ ਗਰਕ ਕਰ ਬੈਠੇ ਹਨ।”
ਗਿ.ਹਰਬੰਸ ਸਿੰਘ ਜੀ-:
“ਜੋ ਬੜੇ ਬੜੇ ਸਿਆਣੇ ਮਨੁੱਖ ਸਨ ਉਹ ਭੀ ਇਹਨਾਂ ਵਿਕਾਰਾਂ ਰੂਪੀ ਕਪਰਾਂ ਲਹਿਰਾਂ ਨੇ ਬਰਬਾਦ ਕਰ ਦਿਤੇ। ਵੰਞਾਏ ਨੀ ਕਪਰੀ-ਕਾਮਾਦਿਕ ਵਿਸ਼ੇ ਰੂਪ ਲਹਿਰਾਂ ਨੇ ਬਰਬਾਦ ਕਰ ਦਿਤੇ ਹਨ।”
ਵੀਚਾਰ :
ਸਮੱਗਰ ਗੁਰਬਾਣੀ ਦੀ ਲਿਖਤ ਵਿੱਚ ‘ਵੰਞਾ’ ਪਦ ੧੫ ਵਾਰ ਦਰਜ਼ ਹੋਇਆ ਹੈ।ਉਪਰੋਕਤ ਸ਼ਬਦ ਲਹਿੰਦੀ ਬੋਲੀ ਦਾ ਪੁਲਿੰਗ ਅਤੇ ਇਸਤਰੀਲਿੰਗ ਦਾ ਸਾਂਝਾ ਕਿਰਿਆਵੀ ਸ਼ਬਦ ਹੈ।ਗੁਰਬਾਣੀ ਵਿੱਚ ਜ਼ਿਆਦਾਤਰ ਉਤਮ ਪੁਰਖੀ ਕਿਰਿਆ ‘ਚ ਦਰਜ਼ ਹੋਇਆ ਹੈ, ਜਿਵੇਂ:
“ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ (ਪੰ:/੨੩)
“ਹਉ ਵੰਞਾ ਕੁਰਬਾਣੁ ਸਾਈ ਆਪਣੇ ॥ (ਪੰ:/੩੯੭)
“ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ॥ (ਪੰ:/੫੫੭)
“ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥ (ਪੰ:/੭੬੩)
“ਬਿਨਵੰਤਿ ਨਾਨਕ ਬਲਿਹਾਰਿ ਵੰਞਾ ਪਾਰਬ੍ਰਹਮ ਪ੍ਰਾਨ ਅਧਾਰਾ ॥੧॥ (ਪੰ:/੮੪੬)
“ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥ (ਪੰ:/੯੬੫)

ਉਕਤ ਪੰਗਤੀਆਂ ‘ਚ ‘ਵੰਞਾ’ ਸ਼ਬਦ ਕਿਰਿਆ ਵਰਤਮਾਨ ਕਾਲ, ਉਤਮ ਪੁਰਖ, ਇਕਵਚਨ ਤੌਰ ‘ਤੇ ਆਇਆ ਹੈ, ਇਸ ਦਾ ਅਰਥ ‘ਮੈਂ ਜਾਂਦਾ ਹਾਂ, ਜਾਂਦੀ ਹਾਂ’ਪ੍ਰਕਰਣ ਅਧੀਨ ਬਣਦਾ ਹੈ।ਉਚਾੱਰਣ ਕਰਦੇ ਸਮੇ ਇਸ ਉਤਮ ਪੁਰਖੀ ਸ਼ਬਦ ‘ਤੇ ਨਾਸਕਤਾ ਦਾ ਪ੍ਰਯੋਗ ‘ਵੰਞਾਂ’ ਵਾਂਗ ਕਰਨਾ ਹੈ। ਵੀਚਾਰ ਅਧੀਨ ਸ਼ਬਦ ਜੋ ਵਾਰਾਂ ਤੇ ਵਧੀਕ ਸਿਰਲੇਖ ਹੇਠ ਆਇਆ ਹੈ,ਉਹ ਸ਼ਬਦ ਉਤਮ ਪੁਰਖੀ ਨਹੀਂ ਜਾਪਦਾ। ਮੌਜੂਦਾ ਬੀੜਾਂ ਵਿੱਚ ਜਿਸ ਤਰ੍ਹਾਂ ਉਕਤ ਸ਼ਬਦ ਪ੍ਰਿੰਟ ਹੈ, ਪ੍ਰੋ.ਸਾਹਿਬ ਸਿੰਘ ਅਤੇ ਸ਼ਬਦਾਰਥ ਵਿੱਚ ਉਸ ਤਰ੍ਹਾਂ ਹੀ ਅਰਥ ਕੀਤੇ ਹਨ,ਵੰਞਾ ਪਦ ਨੂੰ ਉਤਮ ਪੁਰਖ ਅਤੇ ‘ਏਨੀ’ ਪਦ ਨੂੰ ਪੜਨਾਂਵ ਵਾਚੀ ਬਣਾਇਆ ਹੈ,ਪਰ ਇਹ ਦੋ ਸ਼ਬਦ ਨਹੀਂ ਇਕੋ ਸੰਯੂਕਤ ਸ਼ਬਦ ਜਾਪਦਾ ਹੈ।ਗੁਰਬਾਣੀ ਵਿੱਚ ‘ਇਹਨਾਂ’ਸ਼ਬਦ ਦਾ ਸੰਖਿਪਤ ਰੂਪ ‘ਏਨੀ’ ਭੀ ਨਹੀਂ ਮਿਲਦਾ,ਜਿਸ ਨਾਲ ਉਪਰੋਕਤ ਅਰਥਾਂ ਦੀ ਕਿਆਸ ਲਾਈ ਜਾ ਸਕੇ।ਲਹਿੰਦੀ ਭਾਸ਼ਾ ਦੇ ਕੋਸ਼ ਵੇਖਣ ‘ਤੇ ‘ਵੰਞਾਏ’ ਸ਼ਬਦ ਮਿਲਦਾ ਹੈ, ਜਿਸ ਦਾ ਤਤੱਸਮ ਰੂਪ ਗੁਰਬਾਣੀ ਵਿੱਚ ਭੀ ਦਰਜ਼ ਹੈ:
“ਇਕਿ ਦਰਿ ਸੇਵਹਿ ਦਰਦੁ ਵਞਾਏ ॥ (ਪੰ:/੧੦੨੮)
‘ਵਞਾਏ’ ਸ਼ਬਦ ਦਾ ਸ਼ਾਬਦਿਕ ਅਰਥ ‘ਦੂਰ ਕੀਤੇ, ਖਤਮ ਕੀਤੇ, ਗਵਾਅ ਦਿੱਤੇ’ਹੈ, ਇਸ ਸ਼ਬਦ ਦੀ ਵਿਉਤਪਤੀ ਤੋਂ ਹੀ ‘ਵੰਞਾਏ+ਏਨੀ’ ਦੀ ਸੰਧੀ ਵਾਚ ਹੋ ਕੇ ਸ਼ਬਦ ‘ਵੰਞਾਏਨੀ’ ਜੁੜਤਪਦ ਬਣਿਆ ਹੈ:
“ਤਾਹੂ ਖਰੇ ਸੁਜਾਣ ਵੰਞਾਏਨੀ ਕਪਰੀ ॥੩॥
ਅਨਵੈ =ਖਰੇ ਸੁਜਾਣ ਤਾਹੂ ਵੰਞਾਏਨੀ ਕਪਰੀ। (ਪੰ:/੧੪੧੦)
ਵੰਞਾਏਨੀ -{ਸੰਧੀ, ਕਰਮਨੀ ਵਾਚ}ਵੰਞਾਅ ਘੱਤੇ, ਖਤਮ ਕਰ ਦਿੱਤੇ, ਨਸ਼ਟ ਕਰ ਦਿੱਤੇ।
ਅਰਥ: ਕਈ ਤਰਨ-ਕਲਾ ਦੇ ਭਾਵੇਂ ਬਹੁਤ ਸੁਜਾਣ ਸਨ, ਤਾਂ ਭੀ ਇਹਨਾਂ ਮਾਰੂ-ਛਲਾਂ ਨੇ ਵੰਞਾਅ ਘਤੇ ਭਾਵ ਨਸ਼ਟ ਕਰ ਦਿੱਤੇ।
ਸੋ ਸਾਰੀ ਵੀਚਾਰ ਦਾ ਭਾਵ ਹੈ ਕਿ ‘ਵੰਞਾਏਨੀ’ ਸ਼ਬਦ ‘ਵੰਞਾਅ+ਏਨੀ’ ਦੀ ਸੰਧੀ ਹੈ, ਇਹ ਸ਼ਬਦ ਕਿਰਿਆ ਵਰਤਮਾਨ ਕਾਲ, ਅਨ ਪੁਰਖ, ਕਰਮਨੀ-ਵਾਚ ਵਿੱਚ ਹੈ। ਉਪਰੋਕਤ ਸ਼ਬਦ ਜੁੜਤਪਦ ਰੂਪ ‘ਚ ਹੀ ਪ੍ਰਿੰਟ ਹੋਇਗਾ ਅਤੇ ਜੁੜਤਰੂਪ ‘ਚ ਹੀ ਪੜ੍ਹਿਆ ਜਾਵੇਗਾ।
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’
[email protected]




.