.

ਪਾਤੀ ਤੋਰੈ ਮਾਲਿਨੀ
(ਸੁਖਜੀਤ ਸਿੰਘ ਕਪੂਰਥਲਾ)

ਅਜ ਅਸੀਂ ਅਕਸਰ ਵੇਖਦੇ ਹਾਂ ਕਿ ਬਹੁਤ ਸਾਰੇ ਅਸਥਾਨਾਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਫੁੱਲਾਂ ਦੇ ਹਾਰ ਅਤੇ ਫੁੱਲ ਪੱਤੀਆਂ ਦੀ ਵਰਖਾ ਵਾਲਾ ਕਰਮ ਧਾਰਮਿਕ ਸਮਝ ਕੇ ਕੀਤਾ ਜਾ ਰਿਹਾ ਹੈ। ਜੇਕਰ ਐਸਾ ਕਰਨ ਵਾਲਿਆਂ ਨੂੰ ਇਸ ਸਬੰਧੀ ਗੁਰਮਤਿ ਸਿਧਾਂਤ ਦੀ ਗੱਲ ਪੁੱਛੀ ਜਾਵੇ ਤਾਂ ਬਹੁਗਿਣਤੀ ਪ੍ਰਬੰਧਕਾਂ/ ਸੰਗਤਾਂ ਕੋਲ ਇਸ ਦਾ ਜਵਾਬ ਨਹੀ ਹੈ। ਲਗਦਾ ਹੈ ਕਿ ‘ਦੇਖਾ ਦੇਖੀ ਸਭ ਕਰੈ ‘ਅਨੁਸਾਰ ਹੀ ਇਹ ਕਰਮ ਕੀਤਾ/ਕਰਾਇਆ ਜਾ ਰਿਹਾ ਪ੍ਰਤੀਤ ਹੁੰਦਾ ਹੈ। ਕਈ ਥਾਵਾਂ ਉਪਰ ਹਾਰਾਂ-ਫੁੱਲਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੁਹਾਉਣ ਉਪਰੰਤ ਗ੍ਰੰਥੀ ਸਿੰਘ ਵਲੋਂ ਵਾਪਸ ਵੀ ਕੀਤਾ ਜਾਂਦਾ ਹੈ ਅਤੇ ਸ਼ਰਧਾਲੂ ਇਸ ਨੂੰ ਗੁਰੂ ਦਾ ਪ੍ਰਸ਼ਾਦ ਸਮਝ ਕੇ ਸਤਕਿਾਰ ਨਾਲ ਪ੍ਰਵਾਨ ਕਰਦੇ ਵੇਖੇ ਜਾ ਸਕਦੇ ਹਨ। ਇਸ ਸਾਰੇ ਪੱਖ ਨੂੰ ਪੜਚੋਲਵੀਂ ਦ੍ਰਿਸ਼ਟੀ ਨਾਲ ਵਾਚਣ ਉਪਰੰਤ ਮਨ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ-
“ਕੀ ਗੁਰਮਤਿ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਫੁੱਲ ਜਾਂ ਫੁੱਲਾਂ ਦੇ ਹਾਰ ਭੇਟ ਕਰਨੇ ਚਾਹੀਦੇ ਹਨ ਜਾਂ ਨਹੀਂ”
ਇਸ ਵਿਸ਼ੇ ਉਪਰ ਸਭ ਤੋਂ ਪਹਿਲੀ ਗੱਲ ਤਾਂ ਇਹ ਵਿਚਾਰਣ ਦੀ ਹੈ ਕਿ ਐਸਾ ਕੰਮ ਕਰਨ-ਕਰਵਾਉਣ ਵਾਲਿਆਂ ਦਾ ਮਕਸਦ ਕੀ ਹੈ? ਇਸ ਸਵਾਲ ਨੂੰੰ ਜੇਕਰ ਉਹਨਾਂ ਸਾਹਮਣੇ ਰਖਿਆ ਜਾਵੇ ਤਾਂ ਉਹਨਾਂ ਵਲੋਂ ਤਾਂ ਇਹ ਕਰਮ ਗੁਰਮਤਿ ਅਨੁਸਾਰੀ ਸਮਝ ਕੇ ਸਤਿਗੁਰੂ ਦੀਆਂ ਖੁਸ਼ੀਆਂ ਲੈਣ ਲਈ ਹੀ ਕੀਤਾ-ਕਰਾਇਆ ਜਾ ਰਿਹਾ ਆਖਿਆ ਜਾਵੇਗਾ।
ਪ੍ਰੰਤੂ ਨਿਰਣੇ ਉਪਰ ਪਹੁਚੰਣ ਲਈ ਸਾਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ਝਾਤੀ ਮਾਰਣ ਦੀ ਜ਼ਰੂਰਤ ਹੈ। ਸਿੱਖ ਇਤਿਹਾਸ ਵਿੱਚ ਪ੍ਰਚਲਿਤ ਸਾਖੀ ਕਿ ਬਾਲ (ਗੁਰੂ) ਹਰਿ ਰਾਇ ਜੀ ਦੇ ਚੋਲੇ ਨਾਲ ਅੜ ਕੇ ਫੁੱਲ ਟੁੱਟਣ ਉਪਰ ਮੀਰੀ-ਪੀਰੀ ਦੇ ਮਾਲਕ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ “ਦਾਮਨ ਸੰਕੋਚ ਚਲੋ” ਦਾ ਉਪਦੇਸ਼ ਸਾਡੇ ਸਾਹਮਣੇ ਹੈ। ਭਾਈ ਵੀਰ ਸਿੰਘ ਵਲੋਂ ਫੁੱਲਾਂ ਨੂੰ ਨਾ ਤੋੜਣ ਦਾ ਸੰਦੇਸ਼ ਦਿੰਦੀ ਰਚਿਤ ਕਵਿਤਾ ਨੂੰ ਵੀ ਸਾਹਮਣੇ ਰੱਖਣ ਦੀ ਲੋੜ ਹੈ-
ਡਾਲੀ ਨਾਲੋਂ ਤੋੜ ਨਾ ਸਾਨੂੰ
ਅਸਾਂ ਹੱਟ ਮਹਿਕ ਦੀ ਲਾਈ।
ਲੱਖ ਗਾਹਕ ਜੇ ਸੁੰਘੇ ਆ ਕੇ
ਖਾਲੀ ਇੱਕ ਨ ਜਾਈ।
ਜੇ ਤੂੰ ਮੈਨੂੰ ਤੋੜ ਕੇ ਲੈ ਗਿਉਂ
ਇੱਕ ਜੋਗਾ ਰਹਿ ਜਾਈ।
ਉਹ ਵੀ ਪਲਕ ਝਲਕ ਦਾ ਮੇਲਾ
ਰੂਪ ਮਹਿਕ ਨਸ ਜਾਈ।
ਇਸ ਵਿਸ਼ੇ ਉਪਰ ਹੇਠ ਲਿਖੇ ਗੁਰਬਾਣੀ ਫੁਰਮਾਣ/ਸ਼ਬਦ ਧਿਆਨ ਗੋਚਰ ਕਰਨ ਨਾਲ ਕਿਸੇ ਹੱਦ ਤੱਕ ਨਿਰਣੇ ਉਪਰ ਪਹੁੰਚਣ ਵਿੱਚ ਕਾਮਯਾਬ ਹੋਇਆ ਜਾ ਸਕਦਾ ਹੈ:-
• ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।
ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।। ੧।।
ਭੂਲੀ ਮਾਲਨੀ ਹੈ ਏਉ।।
ਸਤਿਗੁਰੁ ਜਾਗਤਾ ਹੈ ਦੇਉ।। ੧।। ਰਹਾਉ।। … … … …. .
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ।।
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ।। ੫।। ੧।। ੪।। (ਆਸਾ ਸ੍ਰੀ ਕਬੀਰ ਜੀਉ-੪੭੯)
• ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ।। ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ।।
(ਆਸਾ ਨਾਮਦੇਉ ਜੀ-੪੮੫)
• ਦੂਧੁ ਤ ਬਛਰੈ ਥਨਹੁ ਬਿਟਾਰਿਉ।।
ਫੂਲੁ ਭਵਰਿ ਜਲੁ ਮੀਨ ਬਿਗਾਰਿਉੇ।। ੧।।
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ।।
ਅਵਰ ਨ ਫੂਲੁ ਅਨੂਪੁ ਨ ਪਾਵਉ।। ੧।। ਰਹਾਉ।। … … … … …
ਤਨੁ ਮਨੁ ਅਰਪਉ ਪੂਜ ਚਰਾਵਉ।।
ਗੁਰ ਪਰਸਾਦਿ ਨਿਰੰਜਨੁ ਪਾਵਉ।। ੪।।
ਪੂਜਾ ਅਰਚਾ ਆਹਿ ਨ ਤੋਰੀ।।
ਕਹਿ ਰਵਿਦਾਸ ਕਵਨ ਗਤਿ ਮੋਰੀ।। ੫।।
(ਗੂਜਰੀ ਰਵਿਦਾਸ ਜੀ-੫੨੫)
• ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ।। ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲਿ ਗਵਾਵੈ।।
(ਮਲਾਰ ਮਹਲਾ ੪-੧੨੬੪)
• ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ।। ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ।।
(ਵਾਰ ਆਸਾ-ਸਲੋਕ ਮਹਲਾ ੧-੪੬੯)
• ਸਭ ਮਹਿ ਜੋਤਿ ਜੋਤਿ ਹੈ ਸੋਇ।।
ਤਿਸ ਕੈ ਚਾਨਣਿ ਸਭ ਮਹਿ ਚਾਨਣ ਹੋਇ।।
(ਧਨਾਸਰੀ ਮਹਲਾ ੧-੬੬੩)

ਉਪਰੋਕਤ ਦਰਸਾਏ ਇਤਿਹਾਸਕ ਤੱਥ ਅਤੇ ਗੁਰਬਾਣੀ ਫੁਰਮਾਣਾਂ ਤੋਂ ਹੇਠ ਲਿਖੇ ਪੱਖ ਵਿਚਾਰਣ ਯੋਗ ਸਾਹਮਣੇ ਆਉਂਦੇ ਹਨ:-
1. ਇਸ ਸਭ ਕੁੱਝ ਦਾ ਮਕਸਦ ਸ਼ਰਧਾਲੂ ਲਈ ਤਾਂ ਸਤਿਗੁਰੂ ਦੀ ਪ੍ਰਸੰਨਤਾ ਲੈਣਾ ਹੀ ਹੈ (ਪਰ ਵੇਚਣ ਵਾਲੇ ਲਈ ਹੋਰ ਹੋ ਸਕਦਾ ਹੈ) ਵਿਚਾਰਣ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਕੀ ਹੈ, ਸਤਿਗੁਰੂ ਕਿਸ ਭੇਟਾ ਨਾਲ ਪ੍ਰਸੰਨ ਹੁੰਦੇ ਹਨ?
ਜਿਵੇਂ ਉਦਾਹਰਣ ਦੇ ਤੌਰ ਤੇ ਅਸੀਂ ਆਪਣੇ ਘਰ ਵਿੱਚ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸੁੱਖ ਸਹੂਲਤ ਦੇ ਪ੍ਰਬੰਧ ਕਰ ਦੇਈਏ ਪ੍ਰੰਤੂ ਉਹਨਾਂ ਬਜ਼ੁਰਗਾਂ ਦੀ ਕੋਈ ਗੱਲ ਸੁਨਣਾ-ਮੰਨਣਾ ਹੀ ਨਾ ਕਰੇ ਤਾਂ ਸੁੱਖ ਸਹੂਲਤਾਂ ਵਾਲਾ ਬਾਹਰੀ ਸਤਿਕਾਰ ਵੀ ਕਿਸੇ ਅਰਥ ਹੀ ਨਹੀਂ ਰਹਿ ਜਾਂਦਾ ਹੈ।
ਇਸੇ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਅਸਲ ਭੇਟਾ ਤਾਂ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ “ (੯੧੮) ਗੁਰਬਾਣੀ ਵਿੱਚ ਦਰਸਾਏ ਗਏ ਹੁਕਮਾਂ ਦੀ ਪਾਲਣਾ ਕਰਨਾ ਹੀ ਹੈ।
2. ਗੁਰਮਤਿ ਅਨੁਸਾਰ ਫੁੱਲ-ਪੱਤੀਆਂ ਦੀ ਵਰਖਾ, ਥਾਲ ਵਿੱਚ ਦੀਵੇ, ਧੂਪ-ਬੱਤੀ ਆਦਿ ਕਰਮ ਕਰਦੇ ਹੋਏ ਆਰਤੀ ਉਤਾਰਣ ਦੀ ਸ਼ਪਸ਼ਟ ਤੌਰ ਤੇ ਮਨਾਹੀ ਹੈ (ਪਰ ਇਹ ਵੱਖਰੀ ਗੱਲ ਹੈ ਕਿ ਅੱਜ ਬਹੁਗਿਣਤੀ ਬਾਬਿਆਂ ਵਲੋਂ ਗੁਰੂ ਨਾਨਕ ਸਾਹਿਬ ਅਤੇ ਭਗਤਾਂ ਦੇ ਉਹ ਸ਼ਬਦ ਗਾਉਂਦੇ ਹੋਏ ਆਰਤੀ ਉਤਾਰੀ ਜਾਂਦੀ ਹੈ, ਜਿਨ੍ਹਾਂ ਸਬਦਾਂ ਵਿੱਚ ਐਸੇ ਕਰਮਾਂ ਦਾ ਸਪਸ਼ਟ ਖੰਡਨ ਕੀਤਾ ਗਿਆ ਹੈ) ਜੇਕਰ ਇਹ ਕਰਮ ਮੂਰਤੀ ਪੂਜਾ ਵਾਲਿਆਂ ਲਈ ਗਲਤ ਹੈ ਤਾਂ ਸਾਡੇ ਲਈ?
3. ਵਿਸ਼ਾ ਅਧੀਨ ਇਹ ਸਭ ਕੁੱਝ ਪੂਜਾ ਸਮਝ ਕੇ ਕੀਤਾ ਜਾ ਰਿਹਾ ਹੈ, ਜਦੋਂ ਕਿ ਗੁਰਮਤਿ ਸਿਧਾਂਤ “ਪੂਜਾ ਅਕਾਲ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ” ਹੈ। ਚਾਹੀਦਾ ਤਾਂ ਇਹ ਹੈ ਕਿ ਸ਼ਬਦ ਗੁਰੂ ਦਾ ਅਦਬ ਸਤਿਕਾਰ ਕਾਇਮ ਰੱਖਦੇ ਹੋਏ ਸ਼ਬਦਾਂ ਰਾਹੀਂ ਦਿਤੇ ਗਿਆਨ ਤੋਂ ਅਗਵਾਈ ਲੈ ਕੇ ਪੂਜਾ ਅਕਾਲ ਪੁਰਖ ਦੀ ਕੀਤੀ ਜਾਵੇ।
ਸ਼ਬਦ ਗੁਰੂ ਦੇ ਸਭ ਤੋਂ ਮੁੱਖ ਸਤਿਕਾਰ ਪ੍ਰਤੀ “ਤੁਧਨੋ ਨਿਵਣੁ ਮੰਨਣੁ ਤੇਰਾ ਨਾਉ।। ਸਾਚ ਭੇਟ ਬੈਸਣ ਕਉ ਥਾਉ।। “ (੮੭੮) ਭਾਵ-ਤੇਰੇ ਨਾਮ (ਹੁਕਮ) ਦੀ ਪਾਲਣਾ ਕਰਨਾ ਹੀ ਸਹੀ ਅਰਥਾਂ ਵਿੱਚ ਤੇਰੇ ਅੱਗੇ ਨਮਸਕਾਰ ਕਰਨਾ ਹੈ-ਨੂੰ ਹਰ ਸਮੇਂ ਯਾਦ ਰੱਖੀਏ।
4. ਪ੍ਰਮੇਸ਼ਰ ਜੋਤ ਸ੍ਵਰੂਪ ਹੋ ਕੇ ਹਰ ਜੀਵ, ਬਨਸਪਤੀ ਆਦਿ ਵਿੱਚ ਵੱਸ ਰਿਹਾ ਹੈ ਤਾਂ ਹੀ ਸ਼੍ਰਿਸ਼ਟੀ ਵਿੱਚ ਹਰ ਪਾਸੇ ਖਿੜਾਉ/ਖੇੜਾ ਹੈ। ਕੀ ਅਸੀਂ ਵਿਸ਼ਾ ਅਧੀਨ ਕਰਮ ਰਾਹੀਂ ਕੁਦਰਤ ਦੇ ਬਣਾਏ ਨਿਯਮਾਂ ਦੀ ਉਲੰਘਨਾ ਤਾਂ ਨਹੀਂ ਕਰ ਰਹੇ?
ਉਪਰੋਕਤ ਸਾਰੀ ਵਿਚਾਰ ਨੂੰ ਸਮਝਣ ਦੀ ਲੋੜ ਹੈ ਕਿ ਜੋ ਕਰਮ ਮੂਰਤੀ ਪੂਜਾ ਆਦਿ ਕਰਨ ਲਈ ਗੁਰਬਾਣੀ ਯੋਗ ਨਹੀਂ ਮੰਨਦੀ ਉਹੀ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਯੋਗ ਕਿਵੇਂ ਹੋ ਸਕਦਾ ਹੈ?
ਦਾਸ ਵਲੋਂ ਦਿੱਤੇ ਗਏ ਉਕਤ ਵਿਚਾਰਾਂ ਸਬੰਧੀ ਕੋਈ ਦਾਅਵੇਦਾਰੀ ਨਹੀਂ ਕੀਤੀ ਜਾ ਰਹੀ ਸਗੋਂ ਇਹ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿੰਨੀ ਕੁ ਮੱਤ ਦਿਤੀ ਹੈ, ਉਸ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
(ਗੁਰਮਤਿ ਪ੍ਰਚਾਰਕ/ਕਥਾਵਾਚਕ)
201/6, ਸੰਤਪੁਰਾ, ਕਪੂਰਥਲਾ।
(98720-76876, 01822-276876)
[email protected]




.