.

ਭੱਟ ਬਾਣੀ-60

ਬਲਦੇਵ ਸਿੰਘ ਟੋਰਾਂਟੋ

ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ।।

ਬਾਚਾ ਕਰਿ ਸਿਮਰੰਤ ਤੁਝੈ ਤਿਨੑ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ ।।

ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਯ੍ਯ ਭਟ ਜਸੁ ਗਾਇਯਉ ।।

ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ।।੪।।

(ਪੰਨਾ ੧੪੦੫)

ਪਦ ਅਰਥ:- ਮਨਸਾ ਕਰਿ ਸਿਮਰੰਤ ਤੁਝੈ ਨਰ – ਜਿਨ੍ਹਾਂ ਮਨੁੱਖਾਂ ਨੇ ਮਨੋਬਿਰਤੀ ਕਰਕੇ ਤੈਨੂੰ ਸਿਮਰਿਆ। ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ – ਉਨ੍ਹਾਂ ਦਾ ਕਾਮੀ ਕ੍ਰੋਧੀ ਵੀਚਾਰਧਾਰਾ ਤੋਂ ਛੁਟਕਾਰਾ ਹੋਇਆ। ਜੁ ਤਿਣੰ – ਉਨ੍ਹਾਂ ਦਾ। ਬਾਚਾ – ਪ੍ਰਤਿਗਿਆ, ਪ੍ਰਣ। ਬਾਚਾ ਕਰਿ – ਪ੍ਰਣ ਕਰਕੇ। ਸਿਮਰੰਤ ਤੁਝੈ – ਜਿਨ੍ਹਾਂ ਤੇਰੇ ਸੱਚ ਨੂੰ ਜੀਵਨ ਵਿੱਚ ਅਪਣਾਇਆ। ਤਿਨੑ ਦੁਖੁ ਦਰਿਦ੍ਰੁ – ਉਨ੍ਹਾਂ ਦਾ ਅਗਿਆਨਤਾ ਦਾ ਦੁੱਖ। ਦਰਿਦ੍ਰੁ – ਅਗਿਆਨਤਾ। ਮਿਟਯਉ ਜੁ ਖਿਣੰ – ਇਕ ਖਿੰਨ ਵਿੱਚ ਖ਼ਤਮ ਹੋ ਗਿਆ। ਕਰਮ ਕਰਿ ਤੁਅ ਦਰਸ – ਜੀਵਨ ਕਰਕੇ ਤੇਰੇ ਨਾਲ ਜੁੜਦੇ ਹਨ। ਕਰਮ – ਜੀਵਨ ਵਿੱਚ ਜੋ ਮਨੁੱਖ ਕਰਦਾ ਹੈ। ਦਰਸ – ਜੀਵਨ। ਪਰਸ ਪਾਰਸ – ਪਾਰਸ ਭਾਵ ਪਵਿੱਤਰ ਵੀਚਾਰਧਾਰਾ ਨਾਲ ਜੁੜਦੇ ਭਾਵ ਛੋਹ ਪ੍ਰਾਪਤ ਕਰਦੇ ਹਨ। ਪਰਸ – ਪਰਸਨਾ, ਛੋਹ ਪ੍ਰਾਪਤ ਕਰਨਾ, ਜੁੜਨਾ। ਪਾਰਸ ਸਰ – ਪਵਿੱਤਰ ਵੀਚਾਰਧਾਰਾ ਪਾਰਸ ਸਮਾਨ। ਬਲ੍ਯ੍ਯ ਭਟ – ਭੱਟ ਬਲ੍ਹ ਜੀ। ਜਸੁ ਗਾਇਯਉ – ਜੱਸ ਗਾਇਆ ਭਾਵ ਪ੍ਰਚਾਰਦੇ ਹਨ, ਪ੍ਰਚਾਰਿਆ। ਸ੍ਰੀ – ਸ੍ਰੇਸ਼ਟ। ਗੁਰ – ਗਿਆਨ ਦੀ ਬਖ਼ਸ਼ਿਸ਼। ਜਯੋ ਜਯ ਜਗ ਮਹਿ – ਜਿਉਂ-ਜਿਉਂ ਜਗਤ ਵਿੱਚ। ਤੈ ਹਰਿ ਪਰਮ ਪਦੁ ਪਾਇਯਉ – ਤਿਉਂ-ਤਿਉਂ ਹੀ ਜਗਤ ਹਰੀ ਦੀ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਅਪਣਾ ਰਿਹਾ ਹੈ।

ਅਰਥ:- ਜਿਨ੍ਹਾਂ ਮਨੁੱਖਾਂ ਨੇ ਮਨੋਬਿਰਤੀ ਨਾਲ ਤੈਨੂੰ (ਕਰਤੇ ਨੂੰ) ਸਿਮਰਿਆ ਉਨ੍ਹਾਂ ਦਾ ਕਾਮੀ ਕ੍ਰੋਧੀ (ਅਵਤਾਰਵਾਦੀ) ਵੀਚਾਰਧਾਰਾ ਤੋਂ ਛੁਟਕਾਰਾ ਹੋਇਆ। ਜਿਨ੍ਹਾਂ ਦਾ ਕਾਮੀ ਕ੍ਰੋਧੀ ਵੀਚਾਰਧਾਰਾ ਤੋਂ ਛੁਟਕਾਰਾ ਹੋਇਆ, ਉਨ੍ਹਾਂ ਪ੍ਰਣ ਕਰਕੇ ਤੈਨੂੰ ਸਿਮਰਿਆ ਭਾਵ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਇਸ ਤਰ੍ਹਾਂ ਜਿਨ੍ਹਾਂ ਮਨੁੱਖਾਂ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਨ੍ਹਾਂ ਦਾ ਅਗਿਆਨਤਾ ਦਾ ਦੁੱਖ ਇਕ ਖਿਨ ਵਿੱਚ ਹੀ ਖ਼ਤਮ ਹੋ ਗਿਆ। ਭੱਟ ਬਲ ਆਖਦਾ ਹੈ ਕਿ ਜਿਨ੍ਹਾਂ ਦਾ ਅਗਿਆਨਤਾ ਦਾ ਦੁੱਖ ਖ਼ਤਮ ਹੋਇਆ, ਉਹ ਹੀ ਜੀਵਨ ਕਰਕੇ ਇਸ ਤੇਰੇ ਪਾਰਸ-ਪਵਿੱਤਰ ਗਿਆਨ ਨਾਲ ਜੁੜਦੇ ਹਨ ਅਤੇ ਪਾਰਸ ਸਰ-ਪਾਰਸ ਸਮਾਨ ਭਾਵ ਪਾਰਸ ਵਰਗੇ ਹੀ ਹੋ ਜਾਂਦੇ ਹਨ। ਉਨ੍ਹਾਂ ਹੀ ਇਸ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਅੱਗੇ ਪ੍ਰਚਾਰਿਆ ਅਤੇ ਪ੍ਰਚਾਰਦੇ ਹਨ। ਇਸ ਤਰ੍ਹਾਂ ਜਿਉਂ-ਜਿਉਂ ਰਾਮਦਾਸ ਜੀ ਇਹ ਉੱਤਮ ਗਿਆਨ ਜਗਤ ਵਿੱਚ ਕਰ ਰਹੇ ਹਨ, ਤਿਉਂ-ਤਿਉਂ ਹੀ ਜਗਤ ਉਸ ਪਵਿੱਤਰ ਵੀਚਾਰਧਾਰਾ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਰਿਹਾ ਹੈ।

ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ।।

ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ।।

ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ।।

ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ।।

ਸੋਈ ਰਾਮਦਾਸੁ ਗੁਰੁ ਬਲ੍ਯ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ।।

ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ।।੫।।੫੪।।

(ਪੰਨਾ ੧੪੦੫)

ਪਦ ਅਰਥ:- ਜਿਹ – ਜਿਹੜੇ, ਉਹ। ਜਿਹ ਸਤਿਗੁਰ – ਜਿਸ ਸਦੀਵੀ ਸਥਿਰ ਰਹਿਣ ਵਾਲੇ ਸੱਚ ਨੂੰ। ਸਿਮਰੰਤ – ਜੀਵਨ ਵਿੱਚ ਅਪਣਾਉਣ ਨਾਲ। ਨਯਨ ਕੇ ਤਿਮਰ - ਅਗਿਆਨਤਾ ਦੇ ਨੇਤਰਾਂ ਦੇ ਭਰਮ ਦੇ ਪਰਦੇ। ਮਿਟਿਹਿ ਖਿਨੁ – ਖਿਨ ਵਿੱਚ ਮਿਟ ਜਾਂਦੇ ਹਨ। ਜਿਹ ਸਤਿਗੁਰ ਸਿਮਰੰਥਿ – ਉਹ ਸਦੀਵੀ ਸਥਿਰ ਰਹਿਣ ਵਾਲੇ ਨੂੰ ਸਮਰੱਥ ਜਾਣ ਕੇ। ਰਿਦੈ ਹਰਿ ਨਾਮੁ ਦਿਨੋ ਦਿਨ – ਹਰੀ ਨਾਮ/ਸੱਚ ਨੂੰ ਆਪਣੇ ਹਿਰਦੇ ਅੰਦਰ ਦਿਨੋਂ ਦਿਨ ਅਪਣਾਉਂਦੇ ਹਨ। ਨਾਮੁ – ਸੱਚ ਨੂੰ ਅਪਣਾਉਣਾ। ਹਰਿ ਨਾਮੁ – ਹਰੀ ਦੇ ਸੱਚ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਦਿਨੋ ਦਿਨ – ਅੱਗੇ ਤੋਂ ਅੱਗੇ। ਜੀਅ ਕੀ – ਜੀਵਾਂ ਦੀ। ਤਪਤਿ ਮਿਟਾਵੈ – ਤਪਤ ਮਿਟਾ ਸਕਦਾ ਹੈ। ਰਿਧਿ – ਅੰਦਰੋਂ, ਦਿਲੋਂ (mind)ਸਿਧਿ – ਕੇਂਦਰਤ (concentrate) ਕਰਨਾ। ਸੋਈ – ਸਰਬ-ਵਿਆਪਕ। ਰਾਮਦਾਸੁ – ਰਾਮਦਾਸ ਜੀ ਨੇ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾਇਆ। ਬਲ੍ਯ੍ਯ ਭਣਿ – ਹੇ ਭਾਈ, ਬਲ ਆਖਦਾ ਹੈ। ਮਿਲਿ ਸੰਗਤਿ – ਗਿਆਨ ਦਾ ਸੰਗ ਕਰਕੇ ਅਗਿਆਨਤਾ ਤੋਂ ਗਤਿ ਪ੍ਰਾਪਤ ਕੀਤੀ। ਧੰਨਿ ਧੰਨਿ ਕਰਹੁ – ਉਸ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ ਧੰਨ-ਧੰਨ ਸਲਾਹੁਣਯੋਗ ਦੀ ਸਲਾਹੁਣਾ ਕਰੋ। ਧੰਨ – ਸਲਾਹੁਣਯੋਗ। ਧੰਨਿ ਕਰਹੁ – ਸਲਾਹੁਣਾ ਕਰੋ। ਜਿਹ ਸਤਿਗੁਰ – ਜਿਸ ਸਦੀਵੀ ਸਥਿਰ ਰਹਿਣ ਵਾਲੇ। ਲਗਿ – ਜੁੜ ਕੇ। ਜਿਹ ਸਤਿਗੁਰ ਲਗਿ ਪ੍ਰਭੁ – ਉਸ ਸਦੀਵੀ ਸਥਿਰ ਰਹਿਣ ਵਾਲੇ ਪ੍ਰਭੂ ਨਾਲ ਜੁੜ ਕੇ। ਪਾਈਐ ਸੋ ਸਤਿਗੁਰੁ – ਉਸ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਪ੍ਰਾਪਤ ਕਰਕੇ। ਸਤਿਗੁਰੁ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਨੂੰ। ਸਿਮਰਹੁ – ਜੀਵਨ ਵਿੱਚ ਅਪਣਾਉ। ਸਿਮਰਹੁ ਨਰਹੁ – ਮਰਦਾਂ ਵਾਲੀ ਜੀਵਨ ਜਾਚ (ਵੀਚਾਰਧਾਰਾ) ਅਪਣਾਉ।

ਅਰਥ:- ਜਿਹੜੇ ਸਦੀਵੀ ਸਥਿਰ ਰਹਿਣ ਵਾਲੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ, ਉਨ੍ਹਾਂ ਦੇ ਨੇਤਰਾਂ ਦੇ ਅਗਿਆਨਤਾ ਦੇ ਪਰਦੇ ਖਿਨ ਵਿੱਚ ਮਿਟ ਜਾਂਦੇ ਹਨ ਭਾਵ ਉਨ੍ਹਾਂ ਨੂੰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹ ਸਦੀਵੀ ਸਥਿਰ ਰਹਿਣ ਵਾਲੇ ਨੂੰ ਸਮਰੱਥ ਜਾਣ ਕੇ ਦਿਨੋਂ ਦਿਨ-ਅੱਗੇ ਤੋਂ ਅੱਗੇ ਹਰੀ ਨਾਮੁ-ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ। ਉਹ ਸਮਰੱਥ ਸਦੀਵੀ ਸਥਿਰ ਰਹਿਣ ਵਾਲਾ ਹੀ ਜੀਵਾਂ ਦੀ ਤਪਤ ਮਿਟਾ ਸਕਦਾ ਹੈ। ਇਸ ਕਰਕੇ ਉਹ ਸਦੀਵੀ ਸਥਿਰ ਰਹਿਣ ਵਾਲੇ ਸਮਰੱਥ ਦੀ ਬਖ਼ਸ਼ਿਸ਼ ਗਿਆਨ ਉੱਪਰ ਆਪਣਾ ਧਿਆਨ ਦਿਲੋਂ ਕੇਂਦਰਤ (mind concentrate) ਕਰਨ ਨਾਲ ਨਵ ਨਿਧਿ-ਸੱਚ ਦਾ ਖ਼ਜ਼ਾਨਾ ਗਿਆਨ ਪ੍ਰਾਪਤ ਕਰਦੇ ਹਨ। ਹੇ ਭਾਈ! ਬਲ ਆਖਦਾ ਹੈ ਜਿਵੇਂ ਸਰਬ-ਵਿਆਪਕ ਦੀ ਬਖ਼ਸ਼ਿਸ਼ ਗਿਆਨ ਨੂੰ ਰਾਮਦਾਸ ਜੀ ਨੇ ਗੁਰੂ ਕਰਕੇ ਆਪਣੇ ਜੀਵਨ ਵਿੱਚ ਅਪਣਾਇਆ ਹੈ, ਉਸੇ ਤਰ੍ਹਾਂ ਗਿਆਨ ਦਾ ਸੰਗ ਕਰਕੇ ਅਗਿਆਨਤਾ ਤੋਂ ਗਤਿ ਪ੍ਰਾਪਤ ਕਰਕੇ ਸਦੀਵੀ ਸਥਿਰ ਵਾਲੇ ਧੰਨ-ਧੰਨ ਸਲਾਹੁਣਯੋਗ ਦੀ ਹੀ ਸਲਾਹੁਣਾ ਕਰੋ, ਪਰਚਾਰ ਕਰੋ। ਇਸ ਕਰਕੇ ਹੇ ਭਾਈ! ਉਸ ਸਦੀਵੀ ਸਥਿਰ ਰਹਿਣ ਵਾਲੇ ਪ੍ਰਭੂ ਨਾਲ ਜੁੜ ਕੇ ਉਸ ਦੀ ਬਖ਼ਸ਼ਿਸ਼ ਗਿਆਨ, ਮਰਦਾਂ ਵਾਲੀ ਜੀਵਨ ਜਾਚ (ਵੀਚਾਰਧਾਰਾ) ਹੀ ਜੀਵਨ ਵਿੱਚ ਅਪਣਾਉ।

ਨੋਟ:- (ਉੱਪਰਲੇ ਪੰਜ ਸਵਈਏ ਭੱਟ ਬਲ ਜੀ ਦੇ ਉਚਾਰਣ ਕੀਤੇ ਹਨ)।




.