.

ਐਕਸੀਡੈਂਟ ਤੇ ਐਕਸੀਡੈਂਟ ਵਿੱਚ ਫਰਕ

ਫ਼ੇਸ ਬੁੱਕ ਤੇ ਵੇਖਿਆ ਕਿ ਚੰਡੀਗੜ੍ਹ ਵਿੱਚ ਇੱਕ ਟਰੱਕ ਡਰਾਈਵਰ ਨੂੰ ਭੀੜ ਕੁੱਟਣ ਦਾ ਯਤਨ ਕਰ ਰਹੀ ਹੈ। ਸਿੱਖੀ ਸਰੂਪ ਵਾਲ਼ੇ ਨੌਜਵਾਨ ਟਰੱਕ ਡਰਾਈਵਰ ਨੂੰ ਟਰੱਕ ਵਿਚੋਂ ਧੂਹ ਕੇ ਬਾਹਰ ਸੁੱਟ ਕੇ ਕੁੱਟਣ ਦਾ ਯਤਨ ਕੀਤਾ ਜਾ ਰਿਹਾ ਹੈ। ਮੋਨੇ ਗੁੰਡੇ ਛੋਕਰੇ ਉਸ ਨੂੰ ਟਰੱਕ ਵਿਚੋਂ ਧੂਹ ਕੇ ਬਾਹਰ ਕੱਢਣ ਲਈ ਸਾਰਾ ਜੋਰ ਲਾ ਰਹੇ ਹਨ ਜਦੋਂ ਕਿ ਉਹ ਆਪਣੀ ਬੇਗੁਨਾਹੀ ਦਾ ਰੌਲ਼ਾ ਪਾਉਣ ਦੇ ਨਾਲ਼ ਨਾਲ਼, ਉਹਨਾਂ ਗੁੰਡਿਆਂ ਦੀ ਗੁੰਡਾਗਰਦੀ ਤੋਂ ਬਚਣ ਦਾ ਯਤਨ ਵੀ ਕਰ ਰਿਹਾ ਹੈ। ਅਖੀਰ ਗੁੰਡਿਆਂ ਦੇ ਹਮਲੇ ਵਿਰੁਧ ਕੋਈ ਵਾਹ ਨਾ ਚੱਲਦੀ ਵੇਖ ਫਿਰ ਉਸ ਨੂੰ:
ਚੂੰਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ॥
ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ॥
ਵਾਲ਼ਾ ਉਪਦੇਸ਼ ਚੇਤੇ ਆ ਜਾਂਦਾ ਹੈ ਤੇ ਉਹ ਫਿਰ ਟਰੱਕ ਵਿਚੋਂ ਕੋਈ ਸੰਦ, ਤਲਵਾਰ ਜਾਂ ਸਰੀਆ ਕੱਢ ਕੇ, ਜਦੋਂ ਫਿਰ ਉਹਨਾਂ ਦੀ ਮਾਂ ਭੈਣ ਇੱਕ ਕਰਕੇ, ਉਹਨਾਂ ਨੂੰ ਵੰਗਾਰਦਾ ਹੈ ਤਾਂ ਉਹ ਗੁੰਡੇ ਚੱਡਿਆਂ `ਚ ਪੂਛਾਂ ਦਬਾ ਕੇ ਭੱਜ ਉਠਦੇ ਹਨ। ਜੇਕਰ ਉਹ ਗੁੰਡੇ ਉਸ ਨੌਜਵਾਨ ਨੂੰ ਟਰੱਕੋਂ ਬਾਹਰ ਘੜੀਸਣ ਵਿੱਚ ਸਫ਼ਲ ਹੋ ਜਾਂਦੇ ਤਾਂ ਯਕੀਨਨ ਉਸ ਬੇਕਸੂਰ ਚੰਗੇ ਨੌਜਵਾਨ ਦੀ, ਉਸ ਗੁੰਡਿਆਂ ਦੀ ਭੀੜ ਹੱਥੋਂ ਕੁੱਟ ਖਾਂਦਿਆਂ ਮੌਤ ਹੋ ਜਾਣੀ ਸੀ। ਜਿਸ ਦੀ ਕਾਰ ਨਾਲ਼ ਟਰੱਕ ਟਕਰਾਉਣ ਦਾ ਬਹਾਨਾ ਬਣਾ ਕੇ ਇਹ ‘ਸੂਰਮੇ’ ਆਪਣੀ ਬਹਾਦਰੀ ਦਾ ਵਿਖਾਵਾ ਕਰਨ ਲਈ ਗੁੰਡਾਗਰਦੀ ਕਰ ਰਹੇ ਸਨ, ਉਸ ਦਾ ਮਾਲਕ ਤਾਂ ਕਿਤੇ ਦਿਸਦਾ ਨਹੀਂ। ਜੇ ਉਹ ਇਸ ਭੀੜ ਵਿੱਚ ਹੁੰਦਾ ਤਾਂ ਉਹ ਆਪਣੀ ਕਾਰ ਛੱਡ ਕੇ ਨਾ ਭੱਜਦਾ। ਮੇਰਾ ਖਿਆਲ ਹੈ ਕਿ ਐਕਸੀਡੈਂਟ ਦਾ ਸਿਰਫ ਬਹਾਨਾ ਹੀ ਸੀ ਇਸ ਨੌਜਵਾਨ ਨੂੰ ਕੁੱਟਣ ਲਈ।
ਏਸੇ ਕਰਕੇ ਹੀ ਸ਼ਾਇਦ ਜਦੋਂ ਕਿਤੇ ਹਿੰਦੁਸਤਾਨ ਵਿੱਚ ਕੋਈ ਐਕਸੀਡੈਂਟ ਹੋ ਜਾਵੇ ਤਾਂ ਵਾਹਨ ਵਾਲ਼ਾ ਡਰਾਈਵਰ ਛੇਤੀ ਤੋਂ ਛੇਤੀ ਓਥੋਂ ਹਰ ਹਾਲਤ ਵਿੱਚ ਭੱਜਣ ਦਾ ਯਤਨ ਕਰਦਾ ਹੈ ਤਾਂ ਕਿ ਭੀੜ ਦੀ ਕੁੱਟ ਦੇ ਕਾਬੂ ਆ ਕੇ ਉਸ ਦਾ ਕਚੂੰਬਰ ਨਾ ਨਿਕਲ਼ ਜਾਵੇ! ਜੇਕਰ ਅਜਿਹਾ ਡਰ ਨਾ ਹੋਵੇ ਤਾਂ ਸ਼ਾਇਦ ਡਰਾਈਵਰ ਜ਼ਖ਼ਮੀ ਵਿਅਕਤੀ ਨੂੰ ਚੁੱਕ ਕੇ ਸਮੇ ਸਿਰ ਹਸਪਤਾਲ ਪੁਚਾ ਦੇਵੇ ਤੇ ਇਸ ਤਰ੍ਹਾਂ ਕਈ ਐਕਸੀਡੈਂਟਾਂ ਕਰਕੇ ਅਜਾਈਂ ਜਾ ਰਹੀਆਂ ਜਾਨਾਂ ਬਚਾਈਆ ਜਾ ਸਕਣ ਪਰ ਇਸ ਦੇ ਉਲ਼ਟ ਡਰਾਈਵਰ ਨੂੰ ਤਾਂ ਉਸ ਸਮੇ ਆਪਣੀ ਜਾਨ ਦੇ ਲਾਲੇ ਪੈ ਜਾਂਦੇ ਹਨ ਤੇ ਉਹ ਦੁਰਘਟਨਾ ਵਾਲ਼ੇ ਸਥਾਨ ਤੋਂ ਭੱਜਣ ਵਿੱਚ ਹੀ ਆਪਣੀ ਭਲਾਈ ਸਮਝ ਕੇ ਭੱਜ ਜਾਂਦਾ ਹੈ। ਫਿਰ ਵੇਖਣ ਸੁਣਨ ਤੇ ਪੜ੍ਹਨ ਵਿੱਚ ਆਇਆ ਹੈ ਕਿ ਸੜਕ ਉਪਰ ਦੁਰਘਟਨਾ ਗ੍ਰਸਤ ਜ਼ਖ਼ਮੀ ਦੀ ਪੁਕਾਰ ਕੋਈ ਨਹੀਂ ਸੁਣਦਾ ਤੇ ਨਾ ਹੀ ਉਸ ਮਰ ਰਹੇ ਦੇ ਮੂੰਹ ਵਿੱਚ ਕੋਈ ਪਾਣੀ ਪਾਉਂਦਾ ਹੈ, ਇਸ ਡਰੋਂ ਕਿ ਕਿਤੇ ਪੁਲਿਸ ਵਾਲ਼ੇ ਉਸ ਨੂੰ ਹੀ ਨਾ ਇਸ ਦੁਰਘਟਨਾ ਵਿੱਚ ਲਪੇਟ ਲੈਣ!
ਕੁਝ ਦਿਨ ਹੋਏ ਫੇਸਬੁੱਕ ਤੇ ਇੱਕ ਕੋਈ ਪੋਸਟ ਪੜ੍ਹੀ ਸੀ ਕਿ ਹਿੰਦੁਸਤਾਨ ਦੀ ਕਿਸੇ ਅਦਾਲਤ, ਸ਼ਾਇਦ ਸੁਪ੍ਰੀਮ ਕੋਰਟ, ਨੇ ਇਹ ਆਖਿਆ ਹੈ ਕਿ ਦੁਰਘਟਨਾ ਗ੍ਰਸਤ ਜ਼ਖ਼ਮੀ ਨੂੰ ਚੁੱਕ ਕੇ ਜੇਹੜਾ ਹਸਪਤਾਲ ਪੁਚਾਏਗਾ ਉਸ ਨੂੰ ਨਾਜਾਇਜ਼ ਹਰਾਸ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਉਸ ਦੀ ਕੋਈ ਬੇਲੋੜੀ ਪੁੱਛ ਪੜਤਾਲ ਹੋਵੇਗੀ ਤੇ ਡਾਕਟਰਾਂ ਨੂੰ ਵੀ ਹਿਦਾਇਤ ਕੀਤੀ ਹੈ ਕਿ ਉਹ ਗ਼ੈਰ ਜ਼ਰੂਰੀ ਕਾਗਜ਼ੀ ਫਾਰਮੈਲਿਟੀਆਂ ਦੇ ਝਮੇਲੇ ਵਿੱਚ ਉਲ਼ਝ ਕੇ ਦੁਖੀ ਜ਼ਖ਼ਮੀ ਨੂੰ ਮਰਨ ਦੇਣ ਦੀ ਬਜਾਇ, ਸਭ ਤੋਂ ਪਹਿਲਾਂ ਉਸ ਦਾ ਇਲਾਜ ਕਰਨ। ਹੁਣ ਪਤਾ ਨਹੀਂ ਅਜਿਹੀ ਪੋਸਟ ਕਦੋਂ ਤੇ ਕਿਸ ਵੱਲੋਂ ਪਾਈ ਗਈ ਸੀ। ਜੇਕਰ ਕਿਸੇ ਪਾਠਕ ਨੂੰ ਇਸ ਬਾਰੇ ਪਤਾ ਹੋਵੇ ਤਾਂ ਹੋਰਨਾਂ ਨਾਲ਼ ਜ਼ਰੂਰ ਸਾਂਝੀ ਕੀਤੀ ਜਾਵੇ ਜੀ।
ਇਸ ਦੇ ਉਲ਼ਟ ਮੇਰੇ ਨਾਲ਼, ਏਥੇ ਸਿਡਨੀ ਵਿੱਚ ਵਾਪਰੇ ਐਕਸੀਡੈਂਟ ਵਾਲ਼ੀ ਤਾਜੀ ਘਟਨਾ, ੧੦ ਮਈ ੨੦੧੫ ਵਾਲ਼ੇ ਦਿਨ ਦੀ ਹੈ। ਉਸ ਦਿਨ, ਉਸਤਾਦ ਯਮਲਾ ਜੱਟ ਦੇ ਪਿਆਰੇ ਅਤੇ ਹੋਣਹਾਰ ਸ਼ਾਗਿਰਦ ਪ੍ਰਸਿਧ ਲੋਕ ਸੰਗੀਤਕਾਰ, ਦਵਿੰਦਰ ਸਿੰਘ ਧਾਰੀਆ ਵੱਲੋਂ, ਹਰ ਸਾਲ ਸਜਾਇਆ ਜਾ ਰਿਹਾ ਸਫਲ ਵੈਸਾਖੀ ਮੇਲਾ ਮਨਾਇਆ ਜਾ ਰਿਹਾ ਸੀ। ਮੇਲਾ ਤਾਂ ਤਿੰਨ ਮਈ ਨੂੰ ਮਨਾਉਣਾ ਸੀ ਪਰ ਉਸ ਦਿਨ ਮੀਂਹ ਪੈਂਦਾ ਹੋਣ ਕਰਕੇ, ਇੱਕ ਹਫ਼ਤਾ ਬਾਅਦ ਵਿੱਚ ਮਨਾਇਆ ਗਿਆ। ਧਾਰੀਆ ਜੀ ਅਤੇ ਹਰਕੀਰਤ ਸਿੰਘ ਸੰਧਰ ਵੱਲੋਂ ਆਗਿਆ ਹੋਈ ਕਿ ਮੈਂ ਉਸ ਮੇਲੇ ਵਿੱਚ ਦੋ ਚਾਰ ਸ਼ਬਦ ਬੋਲਾਂ। ਗੁਰਦੁਆਰਾ ਸਾਹਿਬ ਗਲੈਨਵੁੱਡ ਦੇ ਐਤਵਾਰੀ ਦੀਵਾਨ ਵਿਚੋਂ ਹੋ ਕੇ ਮੈਂ ਸਾਥਣ ਸਮੇਤ ਮੇਲੇ ਵਿੱਚ ਚੱਲਿਆ ਗਿਆ। “ਮੇਲਾ ਮੇਲੀਆਂ ਦਾ” ਅਨੁਸਾਰ ਸੱਜਣਾਂ ਮਿਤਰਾਂ ਨਾਲ਼ ਮੇਲ ਜੋਲ ਤੇ ਸਟੇਜ ਉਪਰ ਹਾਜਰੀ ਲਵਾਉਣ ਉਪ੍ਰੰਤ, ਮੈਂ ਘਰ ਵਾਲੀ ਨੂੰ ਵੱਡੀ ਬੱਚੀ ਦੇ ਘਰ ਛੱਡਿਆ ਤੇ ਖ਼ੁਦ, ਗੁਰਬਾਣੀ ਵਿਚਾਰ ਕਲਾਸ ਵਿੱਚ ਸ਼ਾਮਲ ਹੋਣ ਲਈ ਤੁਰ ਪਿਆ। ਇਹ ਕਲਾਸ ਗਲੈਨਡਨਿੰਗ ਦੇ ਸਕੂਲ਼ ਵਿਚ, ਮਹੀਨੇ ਦੇ ਪਹਿਲੇ ਐਤਵਾਰ ਦੇ ਲੌਢੇ ਵੇਲ਼ੇ ਲੱਗਦੀ ਹੈ। ਇਸ ਵਿੱਚ ਸੁਲਝੇ ਹੋਏ ਕੁੱਝ ਸੁਘੜ ਵਿਦਵਾਨ ਸ਼ਾਮਲ ਹੋ ਕੇ ਗੁਰਬਾਣੀ ਦੀ ਸਿੱਖਿਆ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ। ਉਸ ਮਹੀਨੇ ਇਹ ਕਲਾਸ ਵੀ ਇੱਕ ਹਫ਼ਤਾ ਲੇਟ ਹੀ ਲੱਗੀ; ਕਾਰਨ ਦਾ ਪਤਾ ਨਹੀਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਮੈਂ ਉਸ ਸਮੇ ਸਿਡਨੀ ਵਿੱਚ ਹੋਵਾਂ ਤਾਂ ਇਸ ਕਲਾਸ ਵਿੱਚ ਜਰੂਰ ਸ਼ਾਮਲ ਹੋਣ ਦਾ ਯਤਨ ਕਰਦਾ ਹਾਂ। ਬੱਚੀ ਦੇ ਘਰ ਵਿਨਸਟਨ ਹਿੱਲ ਤੋਂ ਚੱਲ ਕੇ ਜਦੋਂ ਮੈਂ ਵਾਰਡੀ ਰੋਡ ਮੁਕਾ ਕੇ, ਕਵਿਕਰ ਰੋਡ ਉਪਰ ਚੜ੍ਹਿਆ ਤਾਂ ਛੇਤੀ ਹੀ ਬੱਤੀਆਂ ਦਾ ਸੈਟ ਆ ਗਿਆ ਜੋ ਮੈਂ ਵੇਖਿਆ ਨਾ। ਇਹ ਸੜਕ ਤਾਂ ਸਿਧੀ ਅੱਗੇ ਨੂੰ ਜਾਂਦੀ ਹੈ ਪਰ ਇਸ ਦੇ ਖੱਬੇ ਪਾਸਿਉਂ ਇੱਕ ਸੜਕ ਆ ਕੇ ਇਸ ਵਿੱਚ ਪੈਂਦੀ ਹੈ; ਉਸ ਦਾ ਨਾਂ ਸ਼ਾਇਦ ਬਰੇਕਫ਼ਾਸਟ ਰੋਡ ਹੈ। ਇਸ ਪਾਸਿਉਂ ਆਉਣ ਵਾਲ਼ੀਆਂ ਗੱਡੀਆਂ ਨੂੰ ਫਿਰ ਸੱਜੇ ਜਾਂ ਖੱਬੇ ਪਾਸੇ ਮੁੜਨਾ ਪੈਂਦਾ ਹੈ ਕਿਉਂਕਿ ਇਸ ਦੇ ਅੱਗੇ ਟੀ ਜੰਕਸ਼ਨ ਬਣ ਜਾਂਦਾ ਹੈ। ਇਹ ਸੜਕ ਖਾਸੀ ਨੀਵੀਂ ਹੈ ਤੇ ਕਵਿਕਰ ਰੋਡ ਵਾਹਵਾ ਉਚੀ। ਏਧਰੋਂ ਮੈ ਜਾ ਰਿਹਾ ਸਾਂ ਤੇ ਓਧਰੋ ਹੇਠਲੇ ਪਾਸਿਉਂ ਕੋਈ ਹੋਰ ਕਾਰ ਵਾਲ਼ਾ, ਸਮੇਤ ਟੱਬਰ ਟੀਹਰ ਦੇ, ਆ ਰਿਹਾ ਸੀ। ਮੈਨੂੰ ਬਹੁਤ ਨੇੜਿਉਂ ਉਹ ਕਾਰ ਦਿਸੀ ਤੇ ਮੈਂ ਪੂਰੇ ਜੋਰ ਨਾਲ਼ ਬਰੇਕ ਲਾਈ ਪਰ ਫਿਰ ਵੀ ਮੇਰੀ ਕਾਰ ਉਸ ਦੀ ਕਾਰ ਵਿੱਚ ਜਾ ਵੱਜੀ। ਉਸ ਦੀ ਡਰਾਈਵਰ ਵਾਲ਼ੀ ਬਾਰੀ ਵਿੱਚ ਵਾਹਵਾ ਡੂੰਘ ਪੈ ਗਿਆ ਪਰ ਰੱਬ ਦੀ ਰਹਿਮਤ ਸਦਕਾ, ਕਿਸੇ ਸਵਾਰ ਦਾ ਸਰੀਰਕ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਮੈਨੂੰ ਸਿਰਫ ਧੱਕਾ ਹੀ ਲੱਗਾ ਜਿਸ ਨਾਲ਼ ਮੇਰੀ ਪੱਗ ਲਹਿ ਗਈ ਤੇ ਕੰਘਾ ਤੇ ਪੱਗ ਦੋਵੇਂ ਕਾਰ ਵਿੱਚ ਹੀ ਡਿਗ ਪਏ। ਗੁਰੂ ਦੀ ਕਿਰਪਾ ਹੋਈ, ਹੋਰ ਬਾਹਰੀ ਸੱਟ ਕੋਈ ਨਾ ਲੱਗੀ। ਮੇਰੇ ਪਾਸੇ ਵਾਲੀ ਬਾਰੀ ਦਾ ਬੂਹਾ ਨਾ ਖੁਲ੍ਹ ਸਕਣ ਕਰਕੇ ਮੈਂ ਦੂਜੇ ਪਾਸੇ ਦੀ ਬਾਰੀ ਥਾਣੀਂ ਬਾਹਰ ਨਿਕਲ਼ਿਆ। ਸਾਡੇ ਵਿੱਚ ਕੋਈ ਬੋਲ ਬੁਲਾਰਾ ਨਹੀਂ ਹੋਇਆ। “ਤੂੰ ਤੂੰ, ਮੈਂ ਮੈਂ” ਵਰਗੀ ਕੋਈ ਗੱਲ ਨਾ ਹੋਈ। ਦੂਜੀ ਕਾਰ ਦੇ ਡਰਾਈਵਰ ਨੇ ਪੁਲੀਸ ਨੂੰ ਫ਼ੋਨ ਕਰ ਦਿਤਾ। ਪੁਲਿਸ ਸਮੇ ਸਿਰ ਹੀ ਆ ਗਈ। ਉਸ ਨੇ ਆਖਿਆ ਕਿ ਉਹ ਠੀਕ ਸੀ ਮੈਂ ਹੀ ਲਾਲ ਬੱਤੀ ਵਿਚੋਂ ਅੱਗੇ ਆ ਗਿਆ ਸਾਂ। ਮੈਨੂੰ ਤਾਂ ਲਾਲ, ਨੀਲੀ ਜਾਂ ਕਾਲੀ, ਪੀਲ਼ੀ ਕੋਈ ਬੱਤੀ ਦਿਸੀ ਹੀ ਨਹੀਂ ਸੀ; ਮੈਂ ਉਸ ਦਾ ਵਿਰੋਧ ਕਿਵੇਂ ਕਰਦਾ! ਇਸ ਲਈ ਉਸ ਦੀ ਗੱਲ ਨੂੰ ਹੀ ਪਰਵਾਨ ਕਰ ਲਿਆ। ਪੁਲਿਸ ਨੇ ਦੋਹਾਂ ਧਿਰਾਂ ਨਾਲ਼ ਗੱਲ ਕੀਤੀ। ਆਖਿਆ ਕਿ ਕਿਉਂਕਿ ਕੋਈ ਗੰਭੀਰ ਜ਼ਖ਼ਮੀ ਨਹੀਂ ਹੋਇਆ; ਸਿਰਫ ਐਕਸੀਡੈਂਟ ਹੈ ਇਸ ਲਈ ਪੁਲਿਸ ਕਾਰਵਾਈ ਦੀ ਲੋੜ ਨਹੀਂ। ਤੁਹਾਡੀਆਂ ਇਨਸ਼ੋਰੈਂਸ ਕੰਪਨੀਆਂ ਕਾਰਾਂ ਦੀ ਮੁਰੰਮਤ ਵਾਲ਼ਾ ਕਾਰਜ ਕਰ ਲੈਣਗੀਆਂ। ਮੈਨੂੰ ਹੋਰ ਕਿਸੇ ਕਿਸਮ ਦੀ ਸਹਾਇਤਾ ਦੀ ਲੋੜ ਪੁੱਛੀ। ਮੈਂ ਲੋੜ ਨਾ ਹੋਣ ਦਾ ਆਖ ਕੇ ਧੰਨਵਾਦ ਕਰ ਦਿਤਾ ਤੇ ਉਹ ਚਲੇ ਗਏ।
ਇਸ ਦੌਰਾਨ ਕਿਸੇ ਨੇ ਮੇਰਾ ਐਕਸੀਡੈਂਟ ਹੋਇਆ ਵੇਖ ਕੇ ਮੇਰੇ ਛੋਟੇ ਭਰਾ ਸ. ਹਰਜੀਤ ਸਿੰਘ ਨੂੰ ਫ਼ੋਨ ਕਰ ਦਿਤਾ ਜਿਸ ਦਾ ਘਰ ਨੇੜੇ ਹੀ, ਗਰੀਨਡੇਲ ਟੈਰਿਸ ਵਿੱਚ ਹੈ। ਉਹ ਆਪਣੀ ਸਿੰਘਣੀ ਸਮੇਤ ਫੌਰਨ ਮੇਰੇ ਕੋਲ਼ ਪਹੁੰਚ ਗਿਆ। ਉਸ ਨੇ ਆਣ ਕੇ ਇਹ ਸ਼ਬਦ, “ਇਟ ਇਸ ਏ ਪਾਰਟ ਆਫ਼ ਲਾਈਫ਼” ਆਖ ਕੇ ਵੀ ਹੌਸਲਾ ਦਿਤਾ। ਇਸ ਦੌਰਾਨ ਮੈਂ ਧੀ ਦੇ ਘਰ ਬਾਕੀ ਸਾਰੇ ਪਰਵਾਰ ਦੇ ਜੀਆਂ ਵਿੱਚ ਵਿੱਚ ਬੈਠੇ ਆਪਣੇ ਵੱਡੇ ਲੜਕੇ ਸੰਦੀਪ ਸਿੰਘ ਨੂੰ ਫ਼ੋਨ ਰਾਹੀਂ ਸੱਦ ਚੁਕਾ ਸਾਂ। ਉਹ ਆਪਣੀ ਮਾਤਾ ਅਤੇ ਮੇਰੇ ਜਵਾਈ ਕਾਕਾ ਅਮਰਬੀਰ ਸਿੰਘ ਸਮੇਤ ਪਹੁੰਚ ਗਿਆ। ਸਾਰਿਆਂ ਨੇ ਆ ਕੇ ਮੇਰੀ ਕਿਸੇ ‘ਸੱਟ ਪੇਟ’ ਬਾਰੇ ਪੁੱਛਿਆ ਤੇ ਹੌਸਲਾ ਦਿਤਾ। ਭਰਾ ਅਤੇ ਪਰਵਾਰ ਦਾ ਅਜਿਹਾ ਰਵਈਆ ਹੌਸਲੇ ਵਾਲ਼ਾ ਲੱਗਿਆ।
ਦੋਹਾਂ ਧਿਰਾਂ ਨੇ ਆਪੋ ਆਪਣੇ ਲਾਇਸੈਂਸ ਅਤੇ ਸਿਰਨਾਵੇ ਆਦਿ ਵਟਾਏ, ਕਾਰਾਂ ਟੋ ਟਰੱਕਾਂ ਵਾਲ਼ੇ ਲੈ ਗਏ ਤੇ ਅਸੀਂ ਆਪੋ ਆਪਣੇ ਘਰਾਂ ਨੂੰ ਤੁਰ ਗਏ।
ਝੱਟਕਾ ਲਗਣ ਨਾਲ਼ ਜਿੰਨੀ ਕੁ ਸੱਟ ਲਗਦੀ ਹੈ ਓਨੀ ਹੀ ਲੱਗੀ ਸੀ ਜੋ ਕਿ ਸਹਿਣਯੋਗ ਸੀ। ਹਾਂ, ਅੰਦਰੋਂ ਜਰੂਰ ਕੁੱਝ ਫਿਕਰ ਜਿਹਾ ਸੀ ਕਿ ਹੁਣ ਤਾਂ ਕੋਈ ਖਾਸ ਗੱਲ ਨਹੀਂ ਲੱਗਦੀ ਕਿਤੇ ਅਗਲੇ ਦਿਨ ਕੋਈ ਹੋਰ ਨੁਕਸ ਨਾ ਪਰਗਟ ਹੋ ਜਾਵੇ! ਦੂਸਰੇ ਭਰਾ ਸ. ਦਲਬੀਰ ਸਿੰਘ ਨੂੰ ਵੀ ਕਿਸੇ ਜਾਣੂ ਨੇ ਇਹ ਖ਼ਬਰ ਦੇ ਦਿਤੀ ਤੇ ਉਸ ਨੇ ਹਾਲ ਚਾਲ ਪੁੱਛਣ ਲਈ ਫ਼ੋਨ ਕੀਤਾ ਤੇ ਨਾਲ਼ ਹੀ ਸਾਰੇ ਪਰਵਾਰ ਨੂੰ ਖ਼ੁਦ ਇਹ ਖ਼ਬਰ ਦੇਣ ਲਈ ਸੁਝਾ ਦਿਤਾ ਤਾਂ ਕਿ ਜਦੋਂ ਉਹ ਕਿਸੇ ਹੋਰ ਪਾਸੋਂ ਇਹ ਖ਼ਬਰ ਸੁਣਨ ਤਾਂ ਉਹਨਾਂ ਨੂੰ ਬੇਲੋੜਾ ਫਿਕਰ ਨਾ ਹੋਵੇ। ਇਸ ਸੁਝਾ ਉਪਰ ਅਮਲ ਕਰ ਲਿਆ ਗਿਆ। ਦੂਜਾ ਸੁਝਾ ਉਹਨਾਂ ਨੇ ਇੱਕ ਤੋਂ ਵਧ ਵਾਰ ਇਹ ਦਿਤਾ ਕਿ ਭਾਵੇਂ ਹੁਣ ਕੋਈ ਖਾਸ ਸੱਟ ਨਹੀ ਜਾਪਦੀ ਪਰ ਫਿਰ ਵੀ ਹਸਪਤਾਲ ਜਾ ਕੇ ਇੱਕ ਵਾਰ ਤਸੱਲੀ ਕਰ ਲੈਣੀ ਚਾਹੀਦੀ ਹੈ। ਇਸ ਨਾਲ਼ ਸ਼ੱਕ ਸ਼ੁਭਾ ਦੂਰ ਹੋ ਜਾਵੇਗਾ। ਉਸ ਨੂੰ, “ਹਾਂ ਜੀ, ਹਾਂ ਜੀ” ਆਖਣ ਦੇ ਬਾਵਜੂਦ ਵੀ ਮੈਂ ਕਿਸੇ ਡਾਕਟਰ ਕੋਲ਼ ਜਾਣੋ ਘੇਸਲ ਹੀ ਵੱਟੀ ਰੱਖੀ। ਸਾਡਾ ਪੰਜਾਬੀਆਂ ਦਾ ਆਮ ਕਰਕੇ ਅਤੇ ਮੇਰਾ ਖਾਸ ਕਰਕੇ ਇਹ ਸੁਭਾ ਹੀ ਹੈ ਕਿ ਕਚਹਿਰੀ, ਪੁਲਸ ਤੇ ਹਸਪਤਾਲ ਅਸੀਂ ਨਾ ਸਰਦੇ ਨੂੰ ਹੀ ਜਾਂਦੇ ਹਾਂ।
ਕਾਰ ਤਾਂ ਇਨਸ਼ੋਰੈਂਸ ਵਾਲ਼ਿਆਂ ਨੇ ‘ਨਾ ਸੋਧਣ ਯੋਗ’ ਆਖ ਕੇ ਰੱਦ ਕਰ ਦਿਤੀ ਤੇ ਨਕਦ ਪੈਸੇ ਦੇ ਦਿਤੇ। ਨਕਦ ਪੈਸੇ ਏਨੇ ਥੋਹੜੇ ਹਨ ਕਿ ਉਹਨਾਂ ਨਾਲ਼ ਵਰਤਣ ਯੋਗ ਕਾਰ ਲਭਣ ਵਿੱਚ ਸ਼ਾਇਦ ਮੁਸ਼ਕਲ ਹੋਵੇ; ਇਸ ਲਈ ਅਜੇ ਛੋਟੇ ਪੁੱਤਰ ਗੁਰਬਾਲ ਸਿੰਘ ਵਾਲ਼ੀ ਕਾਰ ਨਾਲ਼ ਹੀ ਡੰਗ ਸਾਰਿਆ ਜਾ ਰਿਹਾ ਹੈ। ਉਹ ਆਪਣੇ ਮਿੱਤਰਾਂ ਨਾਲ਼ ਯੂਰਪ ਤੇ ਅਮ੍ਰੀਕਾ ਦੀ ਸੈਰ ਉਪਰ ਫਿਰ ਰਿਹਾ ਹੈ ਇਸ ਲਈ ਅਸੀਂ ਉਸ ਦੀ ਕਾਰ ਉਪਰ ਹੂਟੇ ਲੈ ਰਹੇ ਹਾਂ। ਉਸ ਦੇ ਆਉਣ ਤੇ ਤਾਂ ਇੱਕ ਹੋਰ ਕਾਰ ਦਾ ਪ੍ਰਬੰਧ ਕਰਨਾ ਹੀ ਪਵੇਗਾ। ਸ਼ੁਕਰ ਹੈ ਨਿਰੰਕਾਰ ਦਾ ਕਿ ਸਰੀਰਕ ਪੱਖੋਂ ਨੁਕਸਾਨ ਦਾ ਬਚਾ ਹੀ ਰਿਹਾ; ਕਾਰ ਤਾਂ ਹੋਰ ਵੀ ਆ ਜਾਵੇਗੀ। “ਜਾਨ ਹੈ ਤਾਂ ਜਹਾਨ ਹੈ। “
ਇਸ ਵਾਕਿਆ ਦਾ ਜ਼ਿਕਰ ਕਰਨ ਦਾ ਮਕਸਦ ਦੇਸ ਅੰਦਰ ਅਤੇ ਏਥੇ ਹੋਣ ਵਾਲ਼ੇ ਐਕਸੀਡੈਂਟ ਵਿਚਲੇ ਫਰਕ ਉਪਰ ਪਾਠਕਾਂ ਦੀ ਝਾਤ ਪੁਆਉਣੀ ਸੀ।
ਗਿ: ਸੰਤੋਖ ਸਿੰਘ
.