.

“ਜੂਠੇ ਜੂਠਾ ਮੁਖਿ ਵਸੈ…”

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਵਿਚਾਰ ਅਧੀਨ ਸਿਰਲੇਖ “ਜੂਠੇ ਜੂਠਾ ਮੁਖਿ ਵਸੈ” ਬਾਣੀ ਅਸਾ ਕੀ ਵਾਰ ਮ: ੧ ਦੀ ਪਉੜੀ ਨੰ: ੧੭ ਨਾਲ ਆਏ ਸਲੋਕਾਂ `ਚੋਂ ਲਿਆ ਗਿਆ ਹੈ ਅਤੇ ਇਹ ਪੂਰਾ ਸਲੋਕ ਇਸ ਤਰ੍ਹਾਂ ਹੈ:-

ਮਃ ੧॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥” ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ”॥ ੨॥ (ਪੰ: ੪੭੨)

ਇੱਥੇ ਦੇਖਣਾ ਹੈ ਕਿ ਹੱਥਲਾ ਸਲੋਕ ਮੂਲ ਰੂਪ `ਚ ਇਸਤ੍ਰੀ ਵਰਗ ਦੇ ‘ਮਾਸਕ ਧਰਮ’ ਨਾਲ ਸੰਬੰਧਤ ਹੈ। ਉਂਝ ਪੰਜਾਬ ਦੇ ਕੁੱਝ ਹਿੱਸਿਆਂ `ਚ ਇਸਤ੍ਰੀ ਸਰੀਰ ਦੇ ਇਸੇ ਚਲਣ ਨੂੰ ‘ਸਿਰਨਾਵਣੀ’ ਵੀ ਕਿਹਾ ਜਾਂਦਾ ਹੈ। ਦਰਅਸਲ ਅਕਾਲਪੁਰਖ ਵੱਲੋਂ ਇਸਤ੍ਰੀ ਸਰੀਰ ਦੀ ਇਹ ਅਜਿਹੀ ਜ਼ਰੂਰੀ ਕਿਰਿਆ ਹੈ, ਜਿਸ ਉਪਰ ਸਾਰੇ ਸੰਸਾਰ ਦਾ ਚਲਣ ਆਧਾਰਤ ਹੈ। ਦੇਖਣਾ ਇਹ ਵੀ ਹੈ ਕਿ ਗੁਰਦੇਵ ਨੇ ਵੀ ਸਲੋਕ `ਚ, ਉਸਦੇ ਇਸ ‘ਮਾਸਿਕ ਧਰਮ’ ਲਈ ਲਫ਼ਜ਼ ਸਿਰਨਾਵਣੀ ਹੀ ਵਰਤਿਆ ਹੈ।

ਦੂਜੇ, ਇਹ ਇੱਕ ਅਜਿਹਾ ਵਿਸ਼ਾ ਹੈ ਜਿਸਦਾ ਗਰੁੜ ਪੁਰਣ ਆਦਿ ਬ੍ਰਾਹਮਣੀ ਰਚਨਾਵਾਂ `ਚ ਵੀ ਵੇਰਵਾ ਆਇਆ ਹੈ। ਸ਼ਾਇਦ ਉਸ ਵੇਰਵੇ ਦਾ ਹੀ ਨਤੀਜਾ ਹੈ ਕਿ ਇਸਤ੍ਰੀ ਸਰੀਰ ਦੀ ਇਸ ਅਤਿ ਜ਼ਰੂਰੀ ਕਿਰਿਆ ਲਈ, ਖ਼ੁੱਦ ਇਸਤ੍ਰੀ ਵਰਗ ਦੇ ਆਪਣੇ ਮਨ `ਚ ਵੀ ਭਰਵੀਂ ਘਿਰਣਾ ਮਿਲਦੀ ਹੈ। ਹੋਰ ਤਾਂ ਹੋਰ, ਕੇਵਲ ਇਸਤ੍ਰੀ ਵਰਗ ਹੀ ਨਹੀਂ, ਕਈ ਵਾਰੀ ਦੂਜਿਆਂ ਦੇ ਮਨਾਂ `ਚ ਵੀ, ਇਸਤ੍ਰੀ ਵਰਗ ਪ੍ਰਤੀ ਇਸ ਪੱਖੋਂ ਵੱਡਾ ਹੀਣ ਭਾਵ ਮਿਲਦਾ ਹੈ। ਉਂਝ ਅੱਗੇ ਚੱਲ ਕੇ ਅਸੀਂ ਇਸਤ੍ਰੀ ਜਗਤ ਦੇ “ਮਾਸਿਕ ਧਰਮ” ਨਾਲ ਸੰਬੰਧਤ, ਗਰੁੜ ਪੁਰਾਣ ਵਿੱਚਲੀ ਸ਼ਬਦਾਵਲੀ ਨੂੰ ਵੀ ਦੇਖਾਂਗੇ।

ਫ਼ਿਰ ਜਦੋਂ ਅਸੀਂ ਉਪ੍ਰੋਕਤ ਸਲੋਕ ਦੇ ਮੂਲ ਅਰਥਾਂ ਵੱਲ ਜਾਵਾਂਗੇ ਤਾਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਸੰਸਾਰ ਭਰ `ਚ ਸਭ ਤੋਂ ਪਹਿਲਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਇਸਤ੍ਰੀ ਜਗਤ ਨਾਲ ਬ੍ਰਾਹਮਣ ਵੱਲੋਂ ਕੀਤੀ ਜਾ ਰਹੀ ਇਸ ਜ਼ਿਆਦਤੀ ਦਾ ਖੁੱਲ ਕੇ ਵਿਰੋਧ ਵੀ ਕੀਤਾ ਹੈ।

ਇੰਨਾਂ ਹੀ ਨਹੀਂ, ਗੁਰਦੇਵ ਨੇ ਇਸ ਵਿਸ਼ੇ `ਤੇ ਕੇਵਲ ਇਸਤ੍ਰੀ ਜਗਤ ਨੂੰ ਹੀ ਨਹੀਂ, ਬਲਕਿ ਸੰਪੂਰਣ ਮਨੁੱਖ ਸਮਾਜ ਨੂੰ ਸੇਧ ਵੀ ਦਿੱਤੀ ਤੇ ਸੁਚੇਤ ਵੀ ਕੀਤਾ ਹੈ। ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਇਹ ਵਿਸ਼ਾ ਨਾ ਘਿਰਣਾ ਦਾ ਹੈ ਅਤੇ ਨਾ ਆਪਣੇ ਆਪ ਲਈ ਹੀਣਤਾ ਮਹਿਸੂਸ ਕਰਣ ਦਾ। ਬਲਕਿ ਇਹ ਤਾਂ ਇਸਤ੍ਰੀ ਸਰੀਰ ਦੀ ਅਜਿਹੀ ਅਕਾਲਪੁਰਖੀ ਕਿਰਿਆ ਹੈ ਜਿਸ ਤੋਂ ਬਿਨਾ ਇਸਤ੍ਰੀ ਸਰੀਰ ਦਾ ਮਕਸਦ ਹੀ ਮੁੱਕ ਜਾਂਦਾ ਹੈ (ਜਿਵੇਂ ਮਰਦਾਨਗੀ ਵਿਹੂਣ ਮਨੁੱਖਾ ਸਰੀਰ ਦਾ)।

ਸਮਝਣ ਦੀ ਲੋੜ ਇਹ ਵੀ ਹੈ ਕਿ ਜਿਸ ਵਿਸ਼ੇ ਨੂੰ ਗੁਰੂ ਨਾਨਕ ਪਾਤਸ਼ਾਹ ਵਰਗੀ ਮਹਾਨ ਹਸਤੀ ਨੇ ਉਚੇਚੇ ਆਪਣੇ ਹੱਥ `ਚ ਲਿਆ, ਨਿਭਾਇਆ ਅਤੇ ਸਮੁਚੀ ਮਾਨਵਤਾ ਨੂੰ ਕੇਵਲ ਜਾਗ੍ਰਿਤ ਹੀ ਨਹੀਂ ਕੀਤਾ ਬਲਕਿ ਸਲੋਕ ਰਾਹੀਂ ਸੁਚੇਤ ਵੀ ਕੀਤਾ ਹੈ। ਫ਼ਿਰ ਇਥੇ ਹੀ ਬੱਸ ਨਹੀਂ, ਗੁਰਦੇਵ ਨੇ ਨਿਤਾ ਪ੍ਰਤੀ ਸੰਗਤ `ਚ ਸ਼ਰਵ ਪ੍ਰਥਮ ਪੜ੍ਹੀ ਜਾਣ ਵਾਲੀ ਬਾਣੀ, ਬਾਣੀ “ਆਸਾ ਕੀ ਵਾਰ” `ਚ, ਇਸ ਸਲੋਕ ਨੂੰ ਉਚੇਚਾ ਸਥਾਨ ਦੇ ਕੇ, ਸਿੱਖ ਸੰਗਤਾਂ ਲਈ ਵਿਸ਼ੇਸ਼ ਸੋਝੀ ਦਾ ਅੰਗ ਵੀ ਬਣਾਇਆ।

ਉਪ੍ਰੰਤ ਸਮਾਜ ਤਲ `ਤੇ ਅਜਿਹੇ ਅਤਿ ਸੰਵੇਦਣਸ਼ੀਲ਼ ਵਿਸ਼ੇ ਬਾਰੇ ਚੁੱਪੀ ਸਾਧਣੀ, ਅਵੇਸਲੇ ਰਹਿਣਾ ਜਾਂ ਇਸਨੂੰ ਕੁੱਝ ਲੋਕਾਂ ਰਾਹੀਂ ਫਾਲਤੂ ਦੀਆਂ ਗਲਾਂ ਆਦਿ ਕਹਿਣਾ, ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਬਲਕਿ ਨਿਤਾਪ੍ਰਤੀ ਸੰਗਤੀ ਤੌਰ `ਤੇ ਇਸਦਾ ਪਾਠ ਨਾ ਕਰਣਾ ਜਾਂ ਇਸ ਪੱਖੋਂ ਸੁਚੇਤ ਹੋ ਕੇ ਨਾ ਵਿਚਰਣਾ, ਉਲਟਾ ਸਾਡੇ ਵੱਲੋਂ ਆਪਣੇ ਸਿੱਖੀ ਜੀਵਨ ਤੇ ਫ਼ਰਜ਼ਾਂ ਵੱਲੋਂ ਕੋਤਾਹੀ ਕਰਣਾ ਅਤੇ ਗੁਰੂ ਦਰ `ਤੇ ‘ਅਮਾਨਤ `ਚ ਖਿਆਨਤ’ ਕਰਣ ਦੇ ਤੁੱਲ ਵੀ ਹੈ। ਤਾਂ ਤੇ ਸਲੋਕ ਦੇ ਅਰਥ ਹਨ:-

ਪਦ ਅਰਥ-ਜੋਰੂਇਸਤ੍ਰੀ। ਸਿਰਨਾਵਣੀ (ਇਸਤ੍ਰੀ ਜੀਵਨ ਦਾ) ਮਾਸਕ ਧਰਮ, ਮਾਹਵਾਰੀ। ਵਾਰੋ ਵਾਰਸਮੇਂ ਸਮੇਂ ਨਾਲ। ਜੂਠੈ ਜੂਠਾ (ਮਹਾਵਾਰੀ ਜਿਸ ਨੂੰ ਭਾਵੇਂ ਕੁੱਝ ਲੋਕ ਗੰਦਗੀ ਆਦਿ ਪ੍ਰਚਾਰਦੇ ਜਾਂ ਮੰਣਦੇ ਹਣ) ਪਰ ਇਹ ਨਾ ਜੂਠ ਹੈ ਤੇ ਨਾ ਹੀ ਗੰਦਗੀ। ਮੁਖਿ ਵਸੈਇਹ ਤਾਂ ਇਸਤ੍ਰੀ ਦੇ ਸਰੀਰ ਦਾ ਹੀ ਬਹਾਵ ਹੈ ਜੋ ਕਿਤੋਂ ਬਾਹਰੋਂ ਨਹੀਂ ਆ ਰਿਹਾ। ਇਹ ਬਹਾਵ ਤਾਂ ਉਸਦੇ ਆਪਣੇ ਸਰੀਰ ਅੰਦਰੋਂ ਆਉਂਦਾ ਹੈ। “ਜੂਠੇ ਜੂਠਾ ਮੁਖਿ ਵਸੈ” -ਐ ਭਾਈ! ਇਸਤ੍ਰੀ ਜਗਤ ਦੀ ਜਿਸ ਮਾਹਵਾਰੀ ਨੂੰ ਗੰਦਗੀ ਪ੍ਰਚਾਰਦਾ ਹੈਂ, ਇਹ ਕਿਤੋਂ ਬਾਹਰੋਂ ਨਹੀਂ ਆ ਰਹੀ। ਇਹ ਤਾਂ ਉਸ ਦੇ ਸਰੀਰ ਦਾ ਕੁੱਦਰਤੀ ਤੇ ਆਪਣੇ ਅੰਦਰ ਦਾ ਚਲਣ ਚਲਣ ਹੈ। ਨਿਤ ਨਿਤ ਹੋਇ ਖੁਆਰੁ (ਤਾਂ ਵੀ ਇਸ ਦੇ ਲਈ) ਇਸਤ੍ਰੀ ਨੂੰ ਨਿੱਤ ਹੀ ਸਮਾਜ ਤੇ ਪ੍ਰਵਾਰ `ਚ ਜ਼ਲੀਲ ਕੀਤਾ ਜਾਂਦਾ ਹੈ, ਉਸ ਨਾਲ ਘਿਰਣਾ ਕੀਤੀ ਜਾਂਦੀ ਹੈ। ਏਹਿਉਨ੍ਹਾਂ ਨੂੰ। ਸੂਚੇਸੁੱਚੇ, ਪਵਿੱਤਰ। ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇਕੇਵਲ ਸਰੀਰ ਧੋਣ ਨਾਲ ਮਨੁੱਖ ਸੁੱਚਾ ਨਹੀਂ ਹੋ ਜਾਂਦਾ। ਸੂਚੇ ਸੇਈਅਸਲ `ਚ ਸੁੱਚੇ ਉਹ ਹਨ। ਜਿਨ ਮਨਿ ਜਿਨ੍ਹਾਂ ਦੇ ਹਿਰਦੇ ਘਰ `ਚ। ਸੋਇਅਕਾਲਪੁਰਖੁ। ੨।

ਅਰਥ -ਿਵੇਂ ਇਸਤ੍ਰੀ ਨੂੰ ਮਾਸਕ ਧਰਮ ਸਮੇਂ ਸਮੇਂ ਨਾਲ ਅਤੇ ਬਾਰ ਬਾਰ ਆਉਂਦਾ ਹੈ। ਫ਼ਿਰ ਵੀ “ਨਿਤ ਨਿਤ ਹੋਇ ਖੁਆਰੁ” ਉਸ ਦੇ ਸਰੀਰ ਦੀ ਇਸ ਕੁਦਰਤੀ ਕਿਰਿਆ ਨੂੰ ਆਧਾਰ ਬਣਾ ਕੇ) ਉਸ ਨੂੰ ਨਿੱਤਾ ਪ੍ਰਤੀ ਜ਼ਲੀਲ ਸਮਾਜ `ਚ ਤੇ ਖੁਆਰ ਹੋਣਾ ਪੈਂਦਾ ਹੈ ਜਾਂ ਇਉਂ ਕਹਿ ਲਵੀਏ ਕਿ ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ।

ਜਦਕਿ “ਜੂਠੇ ਜੂਠਾ ਮੁਖਿ ਵਸੈ” (ਉਸ ਦੇ ਸਰੀਰ ਦਾ ਇਹ ਬਹਾਵ ਜਿਸਨੂੰ ਗੰਦਗੀ ਆਦਿ ਤੀਕ ਕਹਿਕੇ ਪ੍ਰਚਾਰਿਆ ਜਾਂਦਾ ਤੇ ਉਸ ਅੰਦਰ ਹੀਣ ਭਾਵ ਪੈਦਾ ਕੀਤਾ ਜਾਂਦਾ ਹੈ) ਦਰਅਸਲ ਉਸ ਇਹ ਬਹਾਵ ਜੂਠੇ ਜੂਠਾ ਮੁਖਿ ਵਸੈਉਸ ਦੇ ਸਰੀਰ ਅੰਦਰਲੀ ਕੁਦਰਤੀ ਕਿਰਿਆ ਹੈ ਅਤੇ ਕਿਤੋਂ ਬਾਹਰੋਂ ਨਹੀਂ ਆ ਰਹੀ।

ਇਸ ਪ੍ਰਤੀ ਗੁਰਦੇਵ ਹੋਰ ਫ਼ੁਰਮਾਉਂਦੇ ਹਨ ਕਿ ਫਿਰ ਕੁੱਝ ਦਿਨਾਂ ਬਾਅਦ ਸਿਰਨਾਵਣੀ ਭਾਵ ਜਦੋਂ ਉਹ ਇਸਤ੍ਰੀ ਕੇਸੀ ਇਸ਼ਨਾਨ ਕਰ ਲੈਂਦੀ ਹੈ ਤਾਂ ਉਸਨੂੰ ਮੁੜ ਪਵਿੱਤ੍ਰ ਮੰਨ ਲਿਆ ਜਾਂਦਾ ਹੈ। (ਖ਼ੂਬੀ ਇਹ ਕਿ ਉਸਦੇ ਸਰੀਰ ਅੰਦਰ ਇਸ ਦਾ ਚਲਣ ਤੇ ਅਗ਼ਲੀ ਤਿਆਰੀ ਤਾਂ ਇਸ਼ਨਾਨ ਸਮੇਂ ਵੀ ਹੋ ਰਹੀ ਸੀ ਅਤੇ ਉਸ ਤੋਂ ਬਾਅਦ ਵੀ ਨਿਰੰਤਰ ਚਾਲੂ ਰਹਿੰਦੀ ਹੈ।

ਦੂਜੇ ਲਫ਼ਜ਼ਾਂ `ਚ, ਜੇ ਇਸ ਬਹਾਵ ਕਾਰਣ ਇਸਤ੍ਰੀ ਅਪਵਿਤ੍ਰ ਹੋ ਜਾਂਦੀ ਹੈ ਤਾਂ ਤੇ ਉਸਦੇ ਸਰੀਰ ਦਾ ਇਹ ਅਜਿਹਾ ਬਹਾਵ ਹੈ ਜਿਹੜਾ ਉਸ ਦੇ ਸਰੀਰ ਅੰਦਰ ਕਿਸੇ ਸਮੇਂ ਵੀ ਨਹੀਂ ਰੁੱਕਦਾ। ਕਿਉਂਕਿ ਸਰੀਰ ਤੋਂ ਬਾਹਿਰ ਆਉਣ ਦੇ ਨਾਲ ਹੀ ਉਸਦੀ ਅਗ਼ਲੀ ਤਿਆਰੀ ਵੀ ਸ਼ੁਰੂ ਹੋ ਜਾਂਦੀ ਹੈ। ਸਪਸ਼ਟ ਹੈ ਜੇਕਰ ਸਚਮੁਚ ਉਹ ਗੰਦਗੀ ਹੀ ਹੈ ਤਾਂ ਇਸਦੇ ਚੱਲਦੇ ਕੇਵਲ ਕੇਸੀਂ ਇਸਨਾਨ ਬਾਅਦ ਉਹ ਪਵਿਤ੍ਰ ਕਿਵੇਂ ਤੇ ਕਦੋੇਂ ਹੋ ਗਈ? ਇਸ ਲਈ ਸ਼ੱਚ ਤਾਂ ਇਹ ਹੈ ਕਿ ਇਸ ਬਹਾਵ ਕਾਰਣ ਉਹ ਨਾ ਕਦੇ ਅਪਵਿਤ੍ਰ ਹੋਈ ਸੀ ਤੇ ਨਾ ਹੈ)।

ਤਾਂ ਤੇ ਸਲੋਕ `ਚ ਗੁਰੂ ਨਾਨਕ ਪਾਤਸ਼ਾਹ ਨੇ, ਵਿਸ਼ੇ ਸੰਬੰਧੀ, ਆਪਣਾ ਫ਼ੈਸਲਾ ਵੀ ਦਿੱਤਾ ਹੋਇਆ ਹੈ। ਗੁਰਦੇਵ ਨੇ ਫ਼ੁਰਮਾਇਆ ਹੈ ਕਿ “ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ” ਕੇਵਲ ਸਰੀਰ ਨੂੰ ਧੋ ਲੈਣ ਨਾਲ ਕਦੇ ਵੀ ਕੋਈ ਮਨੁੱਖ ਸੁੱਚਾ ਨਹੀਂ ਹੋ ਜਾਂਦਾ। “ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ” ਅਸਲ `ਚ ਸੁੱਚੇ ਉਹੀ ਹੁੰਦੇ ਹਨ ਜਿੰਨ੍ਹਾਂ ਦੇ ਹਿਰਦੇ ਘਰ ਅੰਦਰ ਕਰਤੇ ਪ੍ਰਭੂ ਦੀ ਸਿਫ਼ਤ ਸਾਲਾਹ ਦਾ ਵਾਸਾ ਹੁੰਦਾ ਹੈ।

ਇਸ ਤਰ੍ਰਾਂ ਸਲੋਕ ਰਾਹੀਂ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਇਸਤ੍ਰੀ ਦਾ ‘ਮਾਸਿਕ ਧਰਮ ਅਥਵਾ ਮਾਸਿਕ ਚੱਕਰ’ ਤਾਂ ਇਸਤ੍ਰੀ ਸਰੀਰ ਦੀ ਨਿਯਮਤ ਕਿਰਿਆ ਹੈ, ਇਹ ਗੰਦਗੀ ਨਹੀੰ। ਇਸ ਲਈ ਇਸਨੂੰ ਆਧਾਰ ਬਣਾ ਕੇ ਪਹਿਲਾਂ ਇਸਤ੍ਰੀ ਵਰਗ ਨੂੰ ਅਪਵਿਤ੍ਰ ਪ੍ਰਚਾਰਣਾ, ਉਸ ਨਾਲ ਨਫਰਤ ਤੇ ਉਸ ਅੰਦਰ ਹੀਣ ਭਾਵ ਪੈਦਾ ਕਰਣਾ ਉਪ੍ਰੰਤ ਉਸ ਲਈ ਕੇਸੀਂ ਇਸ਼ਨਾਨ ਵਾਲਾ ਬਹਾਨਾ ਖੜਾ ਕਰਕੇ ਉਸਨੂੰ ਫ਼ਿਰ ਤੋਂ ਪਵਿੱਤ੍ਰ ਵੀ ਮੰਨ ਲੈਣਾ, ਕੇਵਲ ਅਗਿਆਨਤਾ ਤੋਂ ਵੱਧ ਕੁੱਝ ਨਹੀਂ। ਸੱਚ ਤਾਂ ਇਹ ਹੈ ਕਿ ‘ਮਾਸਕ ਚੱਕਰ’ ਕਾਰਣ ਨਾ ਉਹ ਕਦੇ ਅਪਵਿਤ੍ਰ ਹੋਈ ਸੀ ਅਤੇ ਨਾ ਇਹ ਗੰਦਗੀ ਹੈ।

ਪੁਰਸ਼ ਪ੍ਰਧਾਨ ਸਮਾਜ ਬਨਾਮ ਇਸਤ੍ਰੀ ਵਰਗ-ਜੇਕਰ ਗਹਿਰਾਈ ਤੋਂ ਦੇਖਿਆ ਜਾਵੇ ਤਾਂ ਸਚਾਈ ਇਹ ਹੈ ਕਿ ਪੁਰਸ਼ ਪ੍ਰਧਾਨ ਸਮਾਜ `ਚ, ਇਸਤ੍ਰੀ ਜਗਤ ਨੂੰ ਸੰਸਾਰ ਪੱਧਰ `ਤੇ ਕਦੇ ਇਨਸਾਫ ਨਹੀ ਮਿਲਿਆ। ਬਲਕਿ ਉਸਨੂੰ ਹਰ ਪੱਖੋਂ ਦੁਬੇਲ-ਅਬਲਾ, ਮਾਤ੍ਰ ਕਾਮ-ਵਾਸਨਾ ਜਾਂ ਮਨੋਰੰਜਣ ਦਾ ਸਾਧਨ ਹੀ ਮੰਨਿਆ ਤੇ ਬਣਾਇਆ ਗਿਆ ਹੈ। ਅਨੇਕਾਂ ਰਚਨਾਵਾਂ `ਚ ਤਾਂ ਉਸਨੂੰ ਖਰੀਦਣ-ਵੇਚਣ ਤੇ ਨੁਮਾਇਸ਼ ਦੀ ਚੀਜ਼ ਹੀ ਦੱਸਿਆ ਹੈ। ਸਾਡੇ ਗੁਆਂਡੀ ਧਰਮ `ਚ ਤਾਂ ਉਸ ਬਾਰੇ ਇਥੋ ਤੀਕ ਪੱਕਾ ਕੀਤਾ ਹੈ ਕਿ ‘ਇਸਤ੍ਰੀ ਦਾ ਜਨਮ ਪਿਤਾ ਦੇ ਘਰ ਤੇ ਅਰਥੀ ਪਤੀ ਦੇ ਘਰ’।

ਆਖਿਰ ਕਿਉਂ? ਕਿਉਂਕਿ ਉਥੇ ਉਸਦਾ ਵਿਆਹ ਨਹੀਂ, ਬਲਕਿ ਪਿਤਾ-ਭਾਈਆਂ ਰਾਹੀਂ ਉਸ ਦਾ ‘ਕੰਨਿਆਂ-ਦਾਨ’ ਹੁੰਦਾ ਹੈ। ਇਸ ਤਰ੍ਹਾਂ ਦਾਨ ਕੀਤੀ ਵਸਤੂ ਨੂੰ, ਦੇਣ ਵਾਲੇ ਲਈ ਵਾਪਿਸ ਲੈਣ ਦਾ ਹੱਕ ਹੀ ਨਹੀਂ ਰਹਿ ਜਾਂਦਾ। ਸਪਸ਼ਟ ਹੈ, ਉਥੇ ਇਸ ਨੂੰ ਕੇਵਲ ਦਾਨ ਦੀ ਵਸਤੂ ਮੰਨਿਆ ਗਿਆ ਹੈ, ਇਨਸਾਨ ਨਹੀਂ। ਇਹੀ ਕਾਰਣ ਹੈ ਕਿ ਉਥੇ ਬਹੁਤੀਆਂ ਰਸਮਾਂ-ਰੀਤਾਂ ਦਾ ਆਧਾਰ ਵੀ ਇਹੀ ਸੋਚਣੀ ਹੈ।

ਮਿਸਾਲ ਵੱਜੋਂ ਉਥੇ ਸ਼ਾਦੀ ਤੋਂ ਬਾਅਦ ਨਾਮ-ਜਾਤ-ਗੋਤ ਸਭ ਕੁੜੀ ਦਾ ਬਦਲਦੀ ਹੈ, ਮੁੰਡੇ ਦਾ ਨਹੀਂ। ਕਾਰਣ ਹੁੰਦਾ ਹੈ ਪਿਤਾ-ਭਾਈਆਂ ਰਾਹੀਂ ‘ਕੰਨਿਆਂ ਦਾਨ’ ਤੋਂ ਬਾਅਦ ਉਹ ਬੱਚੀ, ਉਸ ਮੁੰਡੇ ਤੇ ਮੁੰਡੇ ਵਾਲਿਆਂ ਦੀ ਨਿਜੀ ਜਾਇਦਾਦ ਹੈ ਇਸ ਲਈ ਉਹ ਭਾਵੇਂ ਉਸ ਨੂੰ ਮਾਰੇ ਭਾਵੇਂ ਰੱਖੇ। ਇਹੀ ਨਹੀਂ ਦਾਜ ਦਹੇਜ ਪ੍ਰਥਾ, ਵਿਧਵਾ ਆਡੰਬਰ, ਦੇਵਦਾਸੀ ਪ੍ਰਥਾ, ਰਾਮਜਨੀ ਤੇ ਸਤੀ ਪ੍ਰਥਾ, ਸੂਤਕਾਂ-ਪਾਤਕਾਂ ਦੇ ਨਿਯਮ ਇਥੋਂ ਤੀਕ ਕਿ ਇਸਤ੍ਰੀ ਨੂੰ ਉਸ ਧਰਮ `ਚ ਪ੍ਰਵੇਸ਼ ਭਾਵ ਜੰਜੂ ਪਾਉਣ ਅਤੇ ਪਿਤ੍ਰੀ ਕਰਮਾਂ ਦਾ ਵੀ ਹੱਕ ਨਹੀਂ, ਕਿਉਂਕਿ ਉਹ ਵਿਚਾਰੀ ਤਾਂ ਇਸਤ੍ਰੀ ਵਰਗ ਨਾਲ ਸੰਬੰਧਤ ਹੈ।

ਹੋਰ ਤਾਂ ਹੋਰ, ਸ਼ਾਦੀ ਸਮੇਂ ਕੁੜੀ ਵਾਲੇ ਮਾਂਜੀ (ਮੁੰਡੇ ਵਾਲਿਆਂ ਦੇ ਭਾਂਡੇ ਮਾਂਜਣ ਵਾਲੇ) ਤੇ ਇਸਦੇ ਉਲਟ ਮੁੰਡੇ ਵਾਲੇ ਜਾਂਜੀ ਹੁੰਦੇ ਹਨ। ਇਸੇ ਤਰ੍ਹਾਂ ਇਸਤ੍ਰੀ ਜਗਤ ਨੂੰ ਦੁਬੇਲ ਬਣਾ ਕੇ ਰੱਖਣ ਲਈ, ਉਸ `ਚ ਹੀਣ ਭਾਵ ਭਰਣ ਲਈ ਅਨੇਕਾਂ ਸਗਨ, ਰੀਤੀ-ਰਿਵਾਜ, ਰਸਮਾਂ ਇਸੇ ਤਰ੍ਹਾਂ ਰੱਖੜੀਆਂ-ਟਿੱਕਾ (ਭਈਆ ਦੂਜ), ਕਰਵਾਚੌਥ ਆਦਿ ਵਰਤ-ਤਿਉਹਾਰ, ਇਸੇ ਸਮਾਜ ਦੀ ਦੇਣ ਹਨ। ਉਹ ਸਮਾਜ ਜਿੱਥੋਂ ਵਿਚਾਰ ਅਧੀਨ ਇਹ ‘ਸਿਰਨਾਵਣੀ’ ਵਾਲਾ ਵਿਸ਼ਾ ਵੀ ਆਇਆ ਹੈ।

ਉਥੇ ਉਹ ਅਬਲਾ ਭਾਵ ਬਲਹੀਣ ਤੇ ਅਰਧੰਗਨੀ ਭਾਵ ਪਤੀ ਦੇ ਮੁਕਾਬਲੇ ਅੱਧੇ ਸਰੀਰ ਵਾਲੀ ਹੈ। ਖੈਰ ਇਹ ਪੂਰਨ ਤੇ ਵੱਖਰਾ ਵਿਸ਼ਾ ਹੈ, ਇਥੇ ਇਸਦਾ ਇਸ਼ਾਰੇ ਮਾਤ੍ਰ ਜ਼ਿਕਰ ਇਸ ਲਈ ਜ਼ਰੂਰੀ ਹੋ ਕਿਉਂਕਿ ਵਿਚਾਰ ਅਧੀਨ ਸਲੋਕ ਦਾ ਸਿੱਧਾ ਸੰਬੰਧ ਵੀ ਇਸਤ੍ਰੀ ਵਰਗ ਪ੍ਰਤੀ ਬ੍ਰਾਹਮਣ ਦੇ ਰਵਈਏ ਨਾਲ ਹੀ ਹੈ। ਦੇਖ ਚੁੱਕੇ ਹਾਂ ਕਿ ਇਸ ਸਲੋਕ ਦਾ ਮਕਸਦ ਹੀ ਇਸਤ੍ਰੀ ਸਰੀਰ ਦੇ ਅਤਿ ਜ਼ਰੂਰੀ ਅਕਾਲਪੁਰਖੀ ਨਿਯਮ ‘ਮਾਸਕ ਚੱਕਰ’ ਬਾਰੇ ਪਾਈਆਂ ਭ੍ਰਾਂਤੀਆਂ ਤੇ ਅਜਿਹੇ ਸਮੇਂ ਉਸ ਅੰਦਰ ਲੰਮੇਂ ਸਮੇਂ ਤੋਂ ਭਰੀ ਗਈ ਆਤਮ ਗਿਲਾਣੀ ਬਾਰੇ ਸਮੁਚੇ ਮਾਨਵ ਸਮਾਜ ਨੂੰ ਸੁਚੇਤ ਕਰਣਾ ਹੀ ਹੈ।

ਇਸ ਵਿਸ਼ੇ ਬਾਰੇ ਵਿਚਾਰ ਕਰਣ ਦੀ ਵੱਡੀ ਲੋੜ ਇਸ ਤੋਂ ਵੀ ਪਤਾ ਲਗਦੀ ਹੈ, ਕਿ ਇੱਕ ਪਾਸੇ ਇਨਸਾਨ ਦਾ ਕੇਵਲ ਜਨਮ ਹੀ ਨਹੀਂ ਬਲਕਿ ਇਸਤ੍ਰੀ ਹੋਵੇ ਜਾ ਪੁਰਖ, ਸਾਰਿਆਂ ਦਾ ਸਰੀਰ ਵੀ ਇਸਤ੍ਰੀ ਦੇ ਇਸੇ ‘ਮਾਸਕ ਧਰਮ’ ਤੋਂ ਹੀ ਤਿਆਰ ਹੁੰਦਾ ਹੈ। ਦੂਜਾ ਇਹ ਵੀ ਕਿ ਇਸਤ੍ਰੀ ਸਰੀਰ `ਚ ਇਸ ਮਾਸਕ ਚਕ੍ਰ ਦਾ ਵਾਧਾ-ਘਾਟਾ, ਇਸਤ੍ਰੀ ਦੇ ਆਪਣੇ ਸਰੀਰ ਲਈ ਵੀ ਕਈ ਜਟਲ, ਅਸਾਧ ਤੇ ਪੇਚੀਦਾ (Chronic) ਬਿਮਾਰੀਆਂ ਨੂੰ ਜਨਮ ਦਿੰਦਾ ਹੈ।

ਇਹੀ ਕਾਣਨ ਹੈ ਕਿ ਬਹੁਤ ਵਾਰੀ ਡਾਕਟਰਾਂ, ਵੈਦਾਂ, ਹਕੀਮਾਂ ਦੀਆਂ ਦੁਕਾਨਾਂ ਦੇ ਬਾਹਰ ਇਸ ਬਾਰੇ ਆਮ ਅਤੇ ਵਿਸ਼ੇਸ਼ ਧਿਆਨ-ਦੁਆਉ ਬੋਰਡ ਵੀ ਲੱਗੇ ਮਿਲਦੇ ਹਨ। ਖੂਬੀ ਇਹ ਕਿ ਉਥੇ ਤਾਂ ਕਦੇ ਕਿਸੇ ਨਹੀਂ ਕਿਹਾ ‘ਇਥੇ ਇਹ ਫਾਲਤੂ ਦੇ ਬੋਰਡ ਕਿਉਂ ਲਗਾਏ ਹੋਏ ਨੇ’। ਜਦਕਿ ਸਾਨੂੰ ਅੰਦਾਜ਼ਾਂ ਵੀ ਨਹੀਂ ਕਿ ਇਸਤ੍ਰੀ ਦਾ ਧਾਰਮਿਕ ਪੱਖੋਂ ਇਸ ਬਾਰੇ ਸੁਚੇਤ ਹੋਣਾ, ਹੋਰ ਵੀ ਜ਼ਰੂਰੀ ਹੈ। ਜਿਤਨੀ ਜਹਾਲਤ-ਜ਼ਲਾਲਤ-ਸ਼੍ਰਮਿੰਦਗੀ-ਆਤਮਹੀਣਤਾ-ਆਤਮਗਿਲਾਨੀ ਉਸ ਅੰਦਰ ਇਸ ਪੱਖੋਂ ਧਰਮ ਦੇ ਵਿਕ੍ਰਤ ਰੂਪ ਰਾਹੀਂ, ਧਰਮ ਦੇ ਠੇਕੇਦਾਰਾਂ ਨੇ ਭਰੀ ਹੋਈ ਹੈ, ਉਸਦਾ ਤਾਂ ਅੰਦਾਜ਼ਾ ਲਾਉਂਦੇ ਹੀ ਲੂੰ-ਕੰਡੇ ਖੜੇ ਹੋ ਜਾਂਦੇ ਹਨ।

ਉਂਝ ਤਾਂ ਪੁਰਾਤਨ ਪ੍ਰਭਾਵਾਂ ਅਧੀਨ ਭਾਰਤ `ਚ ਅੱਜ ਵੀ ਅਜਿਹੇ ਇਲਾਕੇ ਹਨ ਜਿੱਥੇ ਅਜਿਹੇ ਦਿਨਾਂ `ਚ ਇਸਤ੍ਰੀ ਨੂੰ ਇੰਨਾਂ ਜ਼ਲੀਲ ਕੀਤਾ ਜਾਂਦਾ ਹੈ ਕਿ ਸ਼ਾਇਦ ਉਹ ਆਪਣੇ ਇਸਤ੍ਰੀ ਜਨਮ ਨੂੰ ਹੀ ਅਭਿਸ਼ਾਪ ਮੰਨਣ `ਤੇ ਮਜਬੂਰ ਹੋ ਜਾਂਦੀ ਹੋਵੇਗੀ। ਅਜਿਹੇ ਸਮੇਂ ਉਸ ਕੋਲ ਕਿਸੇ ਵੀ ਧਰਮ ਕਰਮ ਦਾ ਅਧਿਕਾਰ ਨਹੀਂ ਰਹਿੰਦਾ। ਚੌਂਕੇ ਦੀ ਮਾਲਕਿਨ, ਚੌਂਕੇ-ਚੁੱਲ੍ਹੇ ਦੀ ਕਿਸੇ ਵਸਤ ਨੂੰ ਹੱਥ ਤੱਕ ਨਹੀਂ ਲਗਾ ਸਕਦੀ। ਉਸ ਨੂੰ ਇੰਨਾਂ ਅਪਵਿਤ੍ਰ ਮੰਨਿਆ ਜਾਂਦਾ ਹੈ, ਮਾਤਰ ਉਸਦੇ ਹੱਥ ਲੱਗਣ ਨਾਲ ਹੀ ਚੌਂਕੇ ਦੀ ਹਰ ਵਸਤ ਅਪਵਿਤ੍ਰ ਹੋ ਜਾਂਦੀ ਹੈ। ਕੁੱਝ ਇਲਾਕਿਆ `ਚ ਤਾਂ, ਅੱਜ ਵੀ ਅਜਿਹੇ ਦਿਨਾਂ `ਚ ਉਸਦੇ ਖਾਣ-ਪਾਣ ਦੇ ਬਰਤਨ ਤੀਕ ਵੱਖ ਕਰ ਦਿੱਤੇ ਜਾਂਦੇ ਹਨ। ਕੁੱਝ ਇਲਾਕਿਆਂ `ਚ ਰੋਟੀ ਤੀਕ ਉਸਨੂੰ ਚਿਮਟੇ ਨਾਲ ਦੇਣ ਦੀਆਂ ਗੱਲਾਂ ਵੀ ਸੁਨਣ `ਚ ਆਈਆਂ ਹਨ।

ਇਹ ਸਭ ਅਚਨਚੇਤ ਨਹੀਂ ਹੋਇਆ- ਸੱਚ ਤਾਂ ਇਹ ਹੈ ਕਿ ਇਹ ਸਭ ਇੱਕ ਦਿਨ `ਚ ਨਹੀਂ ਹੋਇਆ। ਬਲਕਿ ਹਜ਼ਾਰਾਂ ਸਾਲਾਂ ਤੋਂ ਉਸਦੇ ਅਜਿਹੇ ਸਮੇਂ ਸੰਬੰਧੀ ਮਨੁੱਖ ਦੇ ਮਨ `ਤੇ ਪਾਏ ਹੋਏ ਅਨੇਕਾਂ ਭਰਮਾਂ ਦਾ ਹੀ ਨਤੀਜਾ ਹੈ। ਮਿਸਾਲ ਵਜੋਂ ਇੱਥੇ ਅਸੀਂ ‘ਗਰੁੜ ਪੁਰਾਨ’ `ਚੋਂ ਇਸ ਵਿਸ਼ੇ ਸੰਬੰਧੀ ਕੁੱਝ ਵੇਰਵਾ ਲੈ ਰਹੇ ਹਾਂ। ਜਿਵੇ:-

‘ਨਾਰੀਆਂ ਨੂੰ ਜਦੋਂ ਮਹੀਨੇ ਵਿੱਚ ਰਿਤੂ ਕਾਲ ਹੋਵੇ ਤਾਂ ਸ਼ੁਰੂ ਦੇ ਚਾਰ ਦਿਨ ਉਸਦਾ ਤਿਆਗ ਕਰ ਦੇਣਾ ਚਾਹੀਦਾ ਹੈ। ਇਹਨਾਂ ਚਾਰ ਦਿਨਾਂ `ਚ ਇਸਤਰੀ ਪਹਿਲਾਂ ਤੋਂ ਪੈਦਾ ਹੋਈ ਬ੍ਰਹਮ-ਹੱਤਿਆ `ਚ ਸਥਿਤ ਹੁੰਦੀ ਹੈ॥ ੭॥ ਬ੍ਰਹਮਾਂ ਨੇ ਇੰਦਰ ਤੋਂ ਹਟਾ ਕੇ ਇਸਦਾ ਚੌਥਾ ਹਿੱਸਾ ਨਾਰੀਆਂ ਨੂੰ ਦੇ ਦਿੱਤਾ ਸੀ। ਇਸ ਲਈ ਤਦ ਤੀਕ ਨਾਰੀਆਂ ਦਾ ਰਿਤੂਕਾਲ `ਚ ਮੂੰਹ ਵੀ ਨਹੀਂ ਦੇਖਣਾ ਚਾਹੀਦਾ ਜਦਤੀਕ ਕਿ ਉਸ ਵਿੱਚ ਬ੍ਰਹਮ ਹੱਤਿਆ ਦਾ ਪਾਪ ਬਣਿਆ ਰਹਿੰਦਾ ਹੈ॥ ੮॥

ਰਿਤੂ ਕਾਲ ਦੇ ਪਹਿਲੇ ਦਿਨ ਇਹ ਚਾਂਡਾਲਣ ਦੇ ਬਰਾਬਰ ਹੁੰਦੀ ਹੈ, ਦੂਜੇ ਦਿਨ ਬ੍ਰਹਮਘਾਤਨੀ ਹੁੰਦੀ ਹੈ। ਤੀਜੇ ਦਿਨ ਨਾਰੀ, ਧੋਬਿਨ ਦੇ ਬਰਾਬਰ ਹੁੰਦੀ ਹੈ। ਇਹਨਾਂ ਤਿੰਨਾਂ ਦਿਨਾਂ ਦੇ ਖਤਮ ਹੋ ਜਾਣ ਬਾਅਦ ਚੌਥੇ ਦਿਨ ਨਾਰੀ ਸਨਾਨ ਕਰਕੇ ਪਵਿਤ੍ਰ ਹੁੰਦੀ ਹੈ॥ ੯॥ ਫਿਰ ਇੱਕ ਸਪਤਾਹ ਤੀਕ ਇਹ ਨਾਰੀ ਬ੍ਰੱਤ-ਪੂਜਾ, ਪਿੱਤਰੀਗਣ ਅਤੇ ਦੇਵਤਿਆਂ ਨਮਿਤ ਕੁੱਝ ਕਰਣ ਜੋਗ ਹੁੰਦੀ ਹੈ॥ ੧0॥ (ਗਰੁੜ ਪੁਰਾਣ ਅਧਿਆਇ 22 ਸਲੋਕ 7 ਤੋਂ 10)

ਇਸੇ ਤਰ੍ਹਾਂ ਗਰੁੜ ਪੁਰਾਨ ਦੇ ਹੀ ਅਧਿਆਇ 12 ਸਲੋਕ 9 `ਚ ਵੀ ਇਸਤ੍ਰੀ ਦੇ ਮਾਸਕ ਰਜ (ਖੂਨ) ਨੂੰ, ਪ੍ਰੇਤਾਂ ਦੇ ਗੰਦਗੀ-ਵਿਸ਼ਟਾ ਵਾਲੇ ਭੋਜਨਾਂ ਵਿਚੋਂ ਭੋਜਨ ਦੱਸਿਆ ਹੋਇਆ ਹੈ। ਇਸ ਤਰ੍ਹਾਂ ਅਜਿਹੇ ਸਮੇਂ ਚੂੰਕਿ ਇਹ ਪ੍ਰੇਤਾਂ ਦਾ ਭੋਜਨ ਹੁੰਦਾ ਹੈ ਇਸਲਈ ਇਥੇ ਪ੍ਰੇਤਾਂ ਦਾ ਵਾਸਾ ਦੱਸਿਆ ਹੈ।

ਸ਼ਾਪ ਜਾਂ ਵਰਦਾਨ? ਪੁਰਾਤਨ ਰਚਨਾਵਾਂ `ਚੋਂ, ਜਿੰਨ੍ਹਾਂ ਦਾ ਬ੍ਰਾਹਮਣੀ ਵਰਗ ਦੁਆਰਾ ਭਾਰਤੀ ਸਮਾਜ ਉਪਰ ਹਜ਼ਾਰਾਂ ਸਾਲਾਂ ਤੋਂ ਗਹਿਰਾ ਪ੍ਰਭਾਵ ਹੈ ਅਜਿਹੇ ਕਈ ਹੋਰ ਪ੍ਰਮਾਣ ਵੀ ਦਿੱਤੇ ਜਾ ਸਕਦੇ ਹਨ। ਦੇਖਣ ਦੀ ਗੱਲ ਤਾਂ ਇਹ ਹੈ, ਜੇ ਸਚਮੁਚ ਇਸਨੂੰ ਇਸਤ੍ਰੀ ਵਰਗ ਲਈ ਬ੍ਰਹਮ ਹੱਤਿਆ ਵੱਜੋਂ ਸ਼ਾਪ ਹੀ ਮੰਨ ਲਿਆ ਜਾਵੇ ਤਾਂ ਫ਼ਿਰ ਵਰਦਾਨ ਕਿਸਨੂੰ ਆਖੋਗੇ? ਕਿਉਂਕਿ ਇਸਤੋਂ ਬਿਨਾ ਨਾ ਸੰਸਾਰ-ਚੱਕ੍ਰ ਚੱਲ ਸਕਦਾ ਹੈ ਅਤੇ ਨਾ ਹੀ ਇਸਤ੍ਰੀ ਸਰੀਰ ਹੀ ਸਾਰਥਕ ਰਹਿ ਜਾਂਦਾ ਹੈ।

ਠੀਕ ਉਸੇ ਤਰ੍ਹਾਂ ਜਿਵੇਂ ‘ਵੀਰਜ’ ਤੋਂ ਬਿਨਾ ਆਦਮੀ ਦੇ ਸਰੀਰ ਦਾ ਕੁੱਝ ਮਤਲਬ ਨਹੀਂ ਹੁੰਦਾ। ਜਦਕਿ ਇਧਰ ਰਿਤੂਕਾਲ ਦਾ ਵਾਧਾ-ਘਾਟਾ ਤਾਂ ਕਿਸੇ ਪ੍ਰਵਾਰ ਦੀ ਸਮੁਚੀ ਸੁਖ ਸ਼ਾਂਤੀ ਨੂੰ ਹੀ ਤਬਾਹ ਕਰ ਦਿੰਦਾ ਹੈ। ਕਿਉਂਕਿ ਜਿਸ ਪ੍ਰਵਾਰ `ਚ ਘਰ ਦੀ ਮਾਲਕਿਨ, ਇਸਤ੍ਰੀ ਹੀ ਸੁਅਸਥ ਨਹੀਂ ਤਾਂ ਉਹ ਪ੍ਰਵਾਰ ਕਿਵੇਂ ਸੁਅਸਥ ਰਹਿ ਸਕਦਾ ਹੈ? ਭਾਵ ਅਜਿਹੇ ਵਹਿਮੀ ਤੇ ਅਗਿਆਨੀਆਂ ਦੇ ਗ੍ਰਹਿ ਵਿਖੇ ਜੇਕਰ ਇਸਤ੍ਰੀ ਦੇ ਸਰੀਰ ਅੰਦਰ ਇਸ ਪੱਖੋਂ ਵਾਧਾ-ਘਾਟਾ ਆ ਜਾਵੇ ਤਾਂ ਉਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਤੋਂ ਬ੍ਰਹਮ ਹੱਤਿਆ ਟੱਲ ਰਹੀ ਹੈ। ਜਦਕਿ ਇਸਦੇ ਉਲਟ ਅਜਿਹੇ ਲੋਕ ਵੀ ਦੂਜਿਆਂ ਵਾਂਙ ਉਸ ਸਮੇਂ ਡਾਕਟਰਾਂ ਆਦਿ ਦੇ ਚੱਕਰ ਕੱਟਦੇ ਹਨ, ਤਾਂ ਕਿਉਂ? ਕਿਉਂਕਿ ਇਹ ਬ੍ਰਹਮ-ਹੱਤਿਆ ਨਹੀਂ ਬਲਕਿ ਇਸਤ੍ਰੀ ਸਰੀਰ ਦੀ ਵੱਡੀ ਲੋੜ ਅਤੇ ਉਸ ਦੀ ਚੰਗੀ ਸਿਹਤ ਨਾਲ ਸੰਬੰਧਤ ਵਿਸ਼ਾ ਵੀ ਹੈ।

ਸਾਡੀਆਂ ਸਿੱਖ ਬੀਬੀਆਂ? -ਦੁਖ ਤਾਂ ਓਦੋਂ ਹੁੰਦਾ ਹੈ ਜਦੋਂ ਅਗਿਆਨਤਾ ਵੱਸ ਸਾਡੀਆਂ ਸਿੱਖ ਬੀਬੀਆਂ ਵੀ ਇਸਨੂੰ ਘਿਰਣਤ ਕਰਮ ਮੰਨ ਬੈਠਦੀਆਂ ਤੇ ਕਹਿੰਦੀਆਂ ਹਨ “ਅਜਿਹੇ ਦਿਨਾਂ `ਚ ਉਨ੍ਹਾਂ ਗੁਰਦੁਆਰੇ ਨਹੀਂ ਜਾਣਾ”, “ਪਾਠ `ਚ ਹਿੱਸਾ ਨਹੀਂ ਲੈਣਾ”, “ਕੀਰਤਨ ਨਹੀਂ ਕਰਣਾ”, ਨਿੱਤਨੇਮ ਨਹੀਂ ਕਰਣਾ” ਆਦਿ ਜਦਕਿ ਸਰੀਰਕ ਸਫ਼ਾਈ ਵਾਲਾ ਪੱਖ ਤਾਂ ਵੀ ਹੋਰ ਹੈ। ਫ਼ਿਰ ਕੇਵਲ ਅਜਿਹੀਆਂ ਬੀਬੀਆਂ ਹੀ ਨਹੀਂ ਬਲਕਿ ਬਥੇਰੇ ਸਿੱਖ ਆਗੂ ਤੇ ਪੁਜਾਰੀ ਆਦਿ ਸ਼੍ਰੇਣੀਆਂ ਦੇ ਸੱਜਨ ਵੀ ਅਜਿਹੀ ਗੁਰਮੱਤ ਵਿਰੋਧੀ ਸੋਚ ਦਾ ਸ਼ਿਕਾਰ ਮਿਲ ਜਾਂਦੇ ਹਨ।

“ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ” -ਗੁਰਬਾਣੀ ਫ਼ੁਰਮਾਨ ਜਿਵੇਂ “ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ” (ਪੰ: 274) ਜਿੰਨ੍ਹਾਂ ਫ਼ੁਰਮਾਨਾਂ ਦੇ ਆਧਾਰ `ਤੇ ਸਿੱਖ ਬੀਬੀਆਂ, ਵੀਰਾਂ ਤੇ ਸਿੱਖ ਆਗੂਆਂ ਪ੍ਰਬੰਧਕਾਂ-ਪ੍ਰਚਾਰਕਾਂ ਆਦਿ ਨੇ ਗੁਰਬਾਣੀ ਦੇ ਮਹਾਨ ਸੱਚ ਰਾਹੀਂ ਆਪ ਜਾਗਣਾ ਤੇ ਸੰਸਾਰ ਨੂੰ ਜਗਾਉਣਾ ਸੀ, ਜੇ ਉਹ ਆਪ ਹੀ ਇਸ ਜਿੱਲਣ ਤੇ ਦਲ-ਦਲ `ਚ ਫਸੇ ਹੋਏ ਹੋਣ ਤਾਂ ਰੱਬ ਹੀ ਰਾਖਾ। ਇਥੇ ਵੀ ਸ਼ਾਇਦ ਬਹੁਤਾ ਦੋਸ਼ ਉਨ੍ਹਾਂ ਬੀਬੀਆਂ ਤੇ ਵੀਰਾਂ ਆਦਿ ਦਾ ਨਹੀਂ, ਸਾਡੇ ਉੱਪਰ ਲੰਮੇਂ ਸਮੇ ਤੋਂ ਬ੍ਰਾਹਮਣੀ ਪ੍ਰਭਾਵਾਂ ਅਤੇ ਅਨ-ਅਧਿਕਾਰੀ ਪ੍ਰਚਾਰਕਾਂ-ਪ੍ਰਬੰਧਕਾਂ ਤੇ ਆਗੂਆਂ ਦਾ ਵੀ ਹੈ।

ਅਜੋਕੇ ਵਿਦਿਆ ਤੇ ਡਾਕਟਰੀ ਵਿਗਿਆਨ ਦੇ ਜ਼ਮਾਨੇ `ਚ ਪੜ੍ਹ-ਲਿੱਖ ਕੇ ਵੀ ਜੇ ਅਜੋਕੀਆਂ ਸਿੱਖ ਸੰਗਤਾਂ ਤੇ ਖਾਸਕਰ ਸਿੱਖ ਬੀਬੀਆਂ, ਗੁਰਬਾਣੀ ਗੁਰੂ ਤੋਂ ਆਪਣੇ ਜੀਵਨ ਦਾ ਗਿਆਨ ਪ੍ਰਾਪਤ ਨਾ ਕਰਣ ਤਾਂ ਇਸਨੂੰ ਉਨ੍ਹਾਂ ਦਾ ਆਪਣਾ ਦੋਸ਼ ਹੀ ਮੰਣਨਾ ਪਵੇਗਾ। ਧੰਨ ਹਨ ਗੁਰੂ ਨਾਨਕ ਪਾਤਸ਼ਾਹ, ਜਿੰਨ੍ਹਾਂ ਨੇ ਇਸਤ੍ਰੀ ਜਗਤ ਨਾਲ ਇਸ ਪੱਖੋਂ ਹੋ ਰਹੀ ਅਵਹੇਲਣਾ ਨੂੰ ਵੀ ਵੰਗਾਰਿਆ ਅਤੇ ਉਪ੍ਰੋਕਤ ਸਲੋਕ ਰਾਹੀਂ ਬੀਬੀਆਂ ਦੇ ਨਾਲ ਨਾਲ ਸੰਪੂਰਣ ਮਨੁੱਖ ਸਮਾਜ ਨੂੰ ਇਸ ਪੱਖੋਂ ਵੀ ਸੁਚੇਤ ਕੀਤਾ।

ਗੁਰੂ ਨਾਨਕ ਪਾਤਸ਼ਾਹ ਅਤੇ ਇਸਤ੍ਰੀ-ਪੁਰਖ- ਭਲੀ ਭਾਂਤੀ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਦੇ ਘਰ `ਚ ਇਸਤ੍ਰੀ-ਪੁਰਖ ਵਿਚਕਾਰ ਅਜਿਹੇ ਵਿੱਤਕਰਅਿਾਂ-ਸੋਚਣੀਆਂ ਨੂੰ ਕੋਈ ਥਾਂ ਨਹੀਂ। ਇਥੇ ਤਾਂ ਸਾਰਿਆਂ ਲਈ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” (ਬਾਣੀ ਜਪੁ) ਦਾ ਹੀ ਸਿਧਾਂਤ ਹੈ। ਇੱਥੇ ਇਸਤ੍ਰੀ ਜਾਂ ਪੁਰਖ ਲਈ ਵੱਖੋ-ਵੱਖਰਾ ਮਾਪਦੰਡ ਨਹੀਂ। ਬਾਣੀ ਦਾ ਫ਼ੈਸਲਾ ਹੈ “ਨਾਰੀ ਪੁਰਖੁ, ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ” (ਪੰ: ੯੮੩) ਭਾਵ ਇਸਤ੍ਰੀਆਂ ਹੋਣ ਜਾਂ ਪੁਰਖ ਸਾਰਿਆਂ ਅੰਦਰ ਅਕਾਲਪੁਰਖੁ ਦਾ ਹੀ ਨੂਰ ਹੈ। ਹੋਰ “ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ” (ਪੰ: ੮੭੯) ਭਾਵ ਪੁਰਖ ਹੋਵੇ ਜਾਂ ਇਸਤ੍ਰੀ, ਇਸ `ਚ ਭੇਦ ਨਹੀਂ, ਪਰ ਫ਼ੈਸਲਾ ਹੈ ਕਿ ਇਸ ਸਚਾਈ ਨੂੰ ਸਮਝਣ ਲਈ ਵੀ ਗੁਰੂ ਗਿਆਨ ਦੀ ਲੋੜ ਹੈ। ਇਹੀ ਘਾਟ ਹੁੰਦੀ ਹੈ ਜਦੋਂ ਇਲਾਹੀ ਗਿਆਨ ਤੋਂ ਵਿਹੂਣਾ ਮਨੁੱਖ, ਰੱਬੀ ਸਚਾਈ ਨੂੰ ਸਮਝੇ ਬਿਨਾ ਸਿਰਨਾਵਣੀ, ਸੂਤਕ-ਪਾਤਕ ਆਦਿ ਦੀਆਂ ਅਨੇਕਾਂ ਗੁੰਝਲਾਂ `ਚ ਫ਼ਸਿਆ ਹੁੰਦਾ ਹੈ।

ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਘਰ `ਚ ਜਿੱਥੇ ਪਾਹੁਲ ਲੈਣ ਦਾ ਹੱਕ ਮਰਦਾਂ ਨੂੰ ਹੈ ਉਥੇ ਬੀਬੀਆਂ ਨੂੰ ਵੀ ਬਰਾਬਰ ਦਾ ਹੱਕ ਹੈ। ਫ਼ਿਰ ਕੇਵਲ ਪਾਹੁਲ ਲੈਣ ਦਾ ਹੱਕ ਹੀ ਨਹੀਂ, ਬਲਕਿ ਸਿੱਖ ‘ਰਹਿਤ ਮਰਿਆਦਾ’ (ਸੰਨ ੧੯੪੫) ਦੇ ਪੰਨਾ ੨੭ ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ‘ਅ’ ਭਾਗ `ਚ ਸਪਸ਼ਟ ਦਰਜ ਹੈ ਕਿ “ਅੰਮ੍ਰਿਤ ਛਕਾਉਣ ਲਈ ਪੰਜ ਪਿਆਰਿਆਂ ਵਿੱਚ ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ”। ਉਪ੍ਰੰਤ ਪਹਿਲੇ ਜਾਮੇਂ ਤੋਂ ਹੀ ਜਿਹੜਾ ਸਤਿਕਾਰ ਬੇਬੇ ਨਾਨਕੀ ਜੀ ਨੂੰ ਪ੍ਰਾਪਤ ਹੋਇਆ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਫ਼ਿਰ ਦਰਸ਼ਨ ਕਰੋ ਮਾਤਾ ਖੀਵੀ, ਬੀਬੀ ਭਾਨੀ ਜਾਂ ਤੀਜੇ ਪਾਤਸ਼ਾਹ ਵੱਲੋ ਸਿੱਖੀ ਪ੍ਰਚਾਰ `ਚ ਬੀਬੀਆਂ ਨੂੰ ਬਖਸ਼ੇ ਹੋਏ ਪੀੜੇ ਉਪ੍ਰੰਤ ਮਾਤਾ ਗੁਜਰ ਕੌਰ, ਮਾਤਾ ਭਾਗ ਕੌਰ ਤੇ ਹੋਰ ਬੇਅੰਤ ਸਿੱਖ ਬੀਬੀਆਂ। ਹੋਰ ਤਾਂ ਹੋਰ ਗੁਰੂ ਕੇ ਸਿੱਖਾਂ ਵਿਚਕਾਰ ਨਾਵਾਂ `ਚ ਵੀ ਸਮਾਨਤਾ ਹੈ। ਪਹਿਚਾਣ ਵਜੋਂ ਫ਼ਰਕ ਹੈ ਤਾਂ ਕੇਵਲ ਸਿੰਘ ਤੇ ਕੌਰ ਦਾ। ਨਹੀਂ ਤਾਂ ਹਰੇਕ ਨਾਮ ਦੋਵੇਂ ਪਾਸੇ ਹੁੰਦਾ ਹੈ ਜਿਵੇਂ ਜੇ ਇੱਕ ਸਤਿਨਾਮ ਸਿੰਘ ਹੈ ਤਾ ਦੂਜੇ ਪਾਸੇ ਸਤਿਨਾਮ ਕੌਰ ਵੀ ਹੈ।

“ਹਮਰਾ ਭਰਮੁ ਗਇਆ ਭਉ ਭਾਗਾ” - ਗੁਰਬਾਣੀ ਦਾ ਫ਼ੈਸਲਾ ਹੈ, ਜਦੋਂ ਮਨੁੱਖ ਦਾ ਮਨ ਪ੍ਰਭੂ ਵਿਸ਼ਵਾਸ `ਚ ਜਾਗ ਪੈਂਦਾ ਹੈ ਤਾਂ ਉਸ ਅੰਦਰੋਂ ਸਾਰੇ ਭਰਮ ਭੁਲੇਖੇ ਆਪਣੇ ਆਪ ਮੁੱਕ ਜਾਂਦੇ ਹਨ। ਫ਼ੁਰਮਾਣ ਹੈ “ਹਮਰਾ ਭਰਮੁ ਗਇਆ ਭਉ ਭਾਗਾ॥ ਜਬ ਰਾਮ ਨਾਮ ਚਿਤੁ ਲਾਗਾ” (ਪੰ: ੬੫੫)। ਆਓ! ਵਿਚਾਰ ਅਧੀਨ ਸਲੋਕ ਦੀ ਰੋਸ਼ਨੀ `ਚ ਇਸ ਸੱਚ ਨੂੰ ਰਤਾ ਹੋਰ ਘੋਖਣ ਦਾ ਜਤਨ ਕਰੀਏ। ਮੂਲ ਰੂਪ `ਚ ਇਸਤ੍ਰੀ ਦੇ ਜਿਸ ਮਾਸਕ ਚੱਕਰ ਨੂੰ ਬਹਾਨਾ ਬਣਾ ਕੇ, ਪੁਰਸ਼ ਵਰਗ ਲੰਮੇ ਸਮੇਂ ਤੋਂ ਸਮਾਜ `ਚ ਇਸਤ੍ਰੀ ਜਾਤ ਨੂੰ ਜ਼ਲੀਲ ਕਰਦਾ ਆਇਆ ਹੈ। ਦਰਅਸਲ ਇਹ ਤਾਂ ਇਸਤ੍ਰੀ ਸਰੀਰ ਦੀ ਜ਼ਰੂਰੀ ਕਿਰਿਆ ਹੈ। ਠੀਕ ਉਸੇ ਤਰ੍ਹਾਂ ਦੀ ਜਿਵੇਂ ਪੁਰਸ਼ ਸਰੀਰ `ਚ ‘ਵੀਰਜ’ ਦੀ ਉਤਪਤੀ। ਫਿਰ ਜਿਸ ‘ਮਾਸਕ ਰੱਜ’ ਨੂੰ ਇਸਤ੍ਰੀ ਸਰੀਰ ਦੀ ਗੰਦਗੀ ਕਹਿ ਦਿੱਤਾ ਜਾਂਦਾ ਹੈ, ਉਸ ਦੀ ਨਿਵਰਤੀ ਦੇ ਨਾਲ-ਨਾਲ ਉਸ ਦੀ ਨਵੀਂ ਤਿਆਰੀ ਵੀ ਚਾਲੂ ਹੋ ਜਾਂਦੀ ਹੈ। ਭਾਵ ਉਸਦਾ ਸਰੀਰ ਤਾਂ ਇਸ ਤੋਂ ਕਦੇ ਵਾਂਝਾਂ ਹੁੰਦਾ ਹੀ ਨਹੀਂ। ਠੀਕ ਉਸੇ ਤਰ੍ਹਾਂ ਜਿਵੇਂ ਸਾਡੇ ਸਰੀਰਾਂ ਅੰਦਰ ਵਿਸ਼ਟਾ, ਵੀਰਜ ਆਦਿ ਬਾਕੀ ਕ੍ਰਿਆਵਾਂ।

ਤਾਂ ਫਿਰ ਕੇਵਲ ਉਸ ਇਸ਼ਨਾਨ ਨੇ ਉਸ ਦੇ ਸਰੀਰ ਨੂੰ ਕਿਸ ਅਪਵਿਤ੍ਰਤਾ `ਚੋਂ ਕਢਿਆ? ਕਿਸੇ `ਚੋਂ ਵੀ ਨਹੀਂ। ਸਚਾਈ ਇਹ ਹੈ ਕਿ ਇਹ ਅਪਵਿਤ੍ਰਤਾ, ਬ੍ਰਾਹਮਣੀ ਸਮਾਜ ਰਾਹੀਂ ਪੈਦਾ ਕੀਤਾ ਭਰਮ ਹੈ ਜਿਵੇਂ ਇਸੇ ਵਰਗ ਰਾਹੀਂ ਸੂਤਕ-ਪਾਤਕ ਆਦਿ ਦੇ ਅਨੇਕਾਂ ਭਰਮ। ਪਾਤਸ਼ਾਹ ਨੇ ਸੰਸਾਰ ਨੂੰ ਗੁਰਬਾਣੀ ਦੇ ਗਿਆਨ ਰਾਹੀਂ ਜਨਮ-ਮਰਨ ਸਮੇਂ ਉਨ੍ਹਾਂ ਸੂਤਕਾਂ-ਪਾਤਕਾਂ ਵਾਲੇ ਭਰਮਾਂ `ਚੋਂ ਕੱਢਣ ਵਾਸਤੇ ਵੀ ਮਨੁੱਖ ਨੂੰ ਬੜੀ ਕਰੜਾਈ ਨਾਲ ਸੁਚੇਤ ਕੀਤਾ ਹੈ ਅਤੇ ਇਥੇ ਵੀ ਉਹੀ ਗੱਲ ਹੈ।

ਗਿਆਨ ਦੀ ਰੋਸ਼ਨੀ ਅਤੇ ਅਗਿਆਨਤਾ ਦੇ ਹਨੇਰਾ-ਅਸਲੀਅਤ ਇਹ ਹੈ ਕਿ ਸਿਰਨਾਉਣੀ ਸੰਬੰਧੀ ਅਪਵਿਤ੍ਰਤਾ ਵਾਲਾ ਵਿਸ਼ਵਾਸ ਕੇਵਲ ਅਗਿਆਨਤਾ ਦੀ ਉਪਜ ਹੈ। ਇਸੇ ਲਈ ਇਸਤ੍ਰੀ ਰਾਹੀਂ ਕੇਸੀਂ ਇਸ਼ਨਾਨ ਤੋਂ ਬਾਅਦ ਜਦੋਂ ‘ਸਿਰਨਾਉਣੀ’ ਬਾਰੇ ਸੰਬੰਧਤ ਸਮਾਜ ਦੇ ਮਨ ਤੋਂ ਉਹ ਬੋਝ ਮੁੱਕ ਜਾਂਦਾ ਹੈ ਤਾਂ ਸਾਰਿਆਂ ਦੇ ਮਨ ਹਲਕੇ ਹੋ ਜਾਂਦੇ ਹਨ। ਹੁਣ ਇਸੇ ਗੱਲ ਨੂੰ ਜੇਕਰ ਸਚਾਈ ਦੇ ਪੱਖੋਂ ਘੋਖੀਏ ਤਾਂ ਅਸਲ `ਚ ਮਨ ਤੋਂ ਵਹਿਮਾਂ ਦਾ ਕੇਵਲ ਉਹੀ ਬੋਝ ਉਤਾਰਿਆ ਗਿਆ ਸੀ ਜਿਸਦਾ ਕਿ ਪਹਿਲਾਂ ਹੀ ਵਜੂਦ ਨਹੀਂ ਸੀ।

ਇਹੀ ਕਾਰਣ ਹੈ ਕਿ ਇਸ ਤਰ੍ਹਾਂ ਉਸ ਇਸਤ੍ਰੀ ਸਮੇਤ ਜਦੋਂ ਸਭ ਨੇ ਮੰਨ ਲਿਆ ਕਿ ਹੁਣ ਉਹ ਪਵਿਤ੍ਰ ਹੋ ਗਈ ਹੈ ਤਾਂ ਉਹ ਪਹਿਲਾਂ ਦੀ ਤਰ੍ਹਾਂ, ਆਪਣੇ ਕਾਰ ਵਿਹਾਰ `ਚ ਪ੍ਰਵੇਸ਼ ਕਰ ਗਈ। ਖੂਬੀ ਇਹ ਕਿ ਜਿਸ ਚੀਜ਼ ਨੂੰ ਉਸਦੇ ਸਰੀਰ ਦੀ ਗੰਦਗੀ ਮੰਨ ਕੇ ਇਤਨਾ ਬਵਾਲ ਪੈਦਾ ਕੀਤਾ ਹੋਇਆ ਸੀ, ਉਹ ਅਖੌਤੀ ਗੰਦਗੀ ਤਾਂ ਇਸ਼ਨਾਨ ਤੋਂ ਬਾਅਦ ਵੀ ਸਰੀਰ ਅੰਦਰ ਉਸੇ ਤਰ੍ਹਾਂ ਕਾਇਮ ਰਹੀ ਤੇ ਸਰੀਰਾਂ ਦੇ ਚਲਣ ਅਨੁਸਾਰ ਰਹਿਣੀ ਵੀ ਹੈ। ਸਲੋਕ `ਚ ਗੁਰਦੇਵ ਸਪਸ਼ਟ ਕਰਦੇ ਹਨ ਕਿ ਅਸਲ `ਚ ਸ਼ਬਦ-ਗੁਰੂ ਦਾ ਗਿਆਨ ਹੀ ਮਨੁੱਖ ਨੂੰ ਅਜਿਹੀ ਅਗਿਆਨਤਾ ਦੀ ਹਨੇਰੀ ਖੱਡ `ਚੋਂ ਕੱਢ ਸਕਦਾ ਹੈ।

ਠੀਕ ਉਸੇ ਤਰ੍ਹਾਂ ਜਿਵੇਂ ਪਾਤਸ਼ਾਹ ਨੇ ਸੂਤਕਾਂ ਦੇ ਭਰਮਾਂ ਬਾਰੇ ਫ਼ੁਰਮਾਇਆ-ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮ ਹੈ ਭਾਣੈ ਆਵੈ ਜਾਇ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥ ਨਾਨਕ ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ” (ਪੰ: ੪੭੩)। ਤਾਂ ਤੇ ਉਹ ਸੂਤਕ ਵੀ “ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ” ਅਨੁਸਾਰ ‘ਸੂਤਕ’ ਵੀ ਕੇਵਲ ਮਨੁੱਖ ਦੇ ਆਪਣੇ ਮਨ ਦਾ ਭੁਲੇਖਾ ਤੇ ਅਗਿਆਨਤਾ ਦੀ ਉਪਜ ਹੈ। ਇਹ ਅਗਿਆਨਤਾ ਕਰਤੇ ਦਾ ਲੜ ਛੱਡ ਕੇ ਮੋਹ-ਮਾਇਆ `ਚ ਖੱਚਤ ਹੋਣ ਕਾਰਣ ਮਨੁੱਖ ਦੇ ਜੀਵਨ `ਚ ਪੈਦਾ ਹੁੰਦੀ ਹੈ। ਕਿਸੇ ਦੇ ਮਰਣ ਜਾਂ ਜੰਮਣ ਨਾਲ ਕੁੱਝ ਵੀ ਕੁੱਝ ਅਪਵਿਤ੍ਰ ਨਹੀਂ ਹੁੰਦਾ।

ਜਿਵੇਂ ਸੂਤਕਾਂ-ਪਾਤਕਾਂ ਦੇ ਵਹਿਮਾਂ-ਭਰਮਾਂ `ਚ ਫ਼ਸੇ ਲੋਕ ਇੰਨ੍ਹਾਂ ਵਾਧੂ ਗੱਲਾਂ ਦਾ ਸ਼ਿਕਾਰ ਹੋਏ ਰਹਿੰਦੇ ਹਨ, ਅਸਲ `ਚ ਗੱਲ ਇਥੇ ਵੀ ਉਹੀ ਹੈ। ਇਸਦੇ ਉਲਟ, ਜਿਹੜੇ ਗੁਰਬਾਣੀ-ਗੁਰੂ ਦੀ ਆਗਿਆ `ਚ ਚੱਲਦੇ ਹਨ ਉਨ੍ਹਾਂ ਦੇ ਹਿਰਦੇ `ਚ ਅਜਿਹੇ ਭਰਮ-ਭੁਲੇਖੇ ਰਹਿੰਦੇ ਹੀ ਨਹੀਂ। ਦੋਨਾਂ ਪਾਸਿਆਂ ਤੋਂ ਸੰਬੰਧਤ ਫ਼ੁਰਮਾਨਾਂ ਨੂੰ ਆਪਸ `ਚ ਮਿਲਾ ਕੇ ਦੇਖੋ! ਵਿਸ਼ੇ ਅਨੁਸਾਰ ਕੇਵਲ ਸ਼ਬਦਾਵਲੀ `ਚ ਹੀ ਫਰਕ ਹੈ, ਜਦਕਿ ਗੱਲ ਇਥੇ ਵੀ ਉਹੀ ਸਮਝਾਈ ਹੈ ਜਿਹੜੀ ਸੂਤਕਾਂ ਬਾਰੇ। ਇੱਥੇ ਫ਼ੁਰਮਾਨ ਹੈ “ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ” (ਪ: ੰ ੪੭੨) ਅਤੇ ਸੂਤਕਾਂ ਬਾਰੇ ਸ਼ਬਦਾਵਲੀ ਹੈ “ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ”।

ਇਸ ਤਰ੍ਹਾਂ “ਸਿਰਨਾਵਣੀ” ਭਾਵ ਕੇਸੀਂ ਇਸ਼ਨਾਨ ਤੋਂ ਬਾਅਦ ਮੰਨ ਲਿਆ ਜਾਂਦਾ ਹੈ ਕਿ, ਇਸਤ੍ਰੀ ਪਵਿਤ੍ਰ ਹੋ ਗਈ ਹੈ। ਦਰਅਸਲ ਸਰੀਰ ਧੋਣ ਨਾਲ ਨਾ ਮਨ ਪਵਿਤ੍ਰ ਹੁੰਦਾ ਹੈ ਤੇ ਨਾ ਉਹ ਸਰੀਰ ਹੀ ਸੁੱਚਾ ਹੁੰਦਾ ਹੈ। ਮੂਲ ਰੂਪ `ਚ ਸੁੱਚੇ ਉਹੀ ਹੁੰਦੇ ਹਨ ਜਿੰਨ੍ਹਾਂ ਦੇ ਹਿਰਦੇ ਘਰ `ਚ ਪ੍ਰਭੂ ਦਾ ਵਾਸਾ ਹੋਵੇ। ਰੱਬੀ ਸਚਾਈ ਹਰ ਪੱਖੋਂ ਇਕੋ ਹੀ ਹੈ ਕਿ ਹਰ ਤਰ੍ਹਾਂ ਦੇ ਭਰਮ, ਭੁਲੇਖੇ, ਵਹਿਮ, ਸਹਿਮ ਡਰ ਮਨੁੱਖ ਅੰਦਰੋ ਉਦੋਂ ਮੁੱਕਦੇ ਹਨ ਜਦੋਂ ਹਮਰਾ ਭਰਮੁ ਗਇਆ ਭਉ ਭਾਗਾ॥ ਜਬ ਰਾਮ ਨਾਮ ਚਿਤੁ ਲਾਗਾ” ਜਾਂ “ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ” ਅਤੇ “. . ਜਿਨ ਮਨਿ ਵਸਿਆ ਸੋਇ” ਆਦਿਕਿਉਂਕਿ ਕੇਵਲ ਗੁਰਬਾਣੀ-ਗੁਰੂ ਦਾ ਗਿਅਨ ਹੀ, ਮਨੁੱਖ ਨੂੰ ਉਸਦੇ ਜੀਵਨ-ਦਾਤੇ ਪ੍ਰਭੂ ਨਾਲ ਜੋੜ ਕੇ ਉਸ ਦੇ ਮਨ `ਚੋਂ ਅਜਿਹੇ ਭਰਮਾਂ ਭੁਲੇਖਿਆਂ ਦਾ ਨਾਸ ਕਰ ਸਕਦਾ ਹੈ।

“ਭੰਡਿ ਜੰਮੀਐ ਭੰਡਿ ਨਿੰਮੀਐ” -ਪੁਰਸ਼ ਪ੍ਰਧਾਨ ਸਮਾਜ `ਚ ਮਨੁੱਖ ਨੇ ਇਸਤ੍ਰੀ ਵਰਗ ਨਾਲ ਹਰ ਕਦਮ `ਤੇ ਵਿੱਤਕਰਾ ਹੀ ਕੀਤਾ ਹੈ ਅਤੇ ਇਸਤ੍ਰੀ ਨੂੰ ਸਦਾ ਦੁਬੇਲ ਬਣਾ ਕੇ ਰੱਖਣ ਦਾ ਹੀ ਜਤਨ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਸ ਬਾਰੇ ਕੀ ਫ਼ੈਸਲਾ ਦਿੱਤਾ ਹੈ ਉਹ ਵੀ ਦੇਖ ਚੁੱਕੇ ਹਾਂ। ਸਪਸ਼ਟ ਹੈ ਗੁਰਮੱਤ ਅਨੁਸਾਰ ਇਸਤ੍ਰੀ ਹੋਵੇ ਜਾਂ ਪੁਰਖ ਕੇਵਲ ਸੰਸਾਰ ਚਕ੍ਰ ਨੂੰ ਚਲਾਉਣ ਲਈ ਸਰੀਰ ਦੇ ਹੀ ਦੋ ਰੂਪ ਹਨ ਜਦਕਿ ਦੋਨਾਂ ਅੰਦਰ ਪ੍ਰਭੂ ਕਰਤੇ ਦਾ ਹੀ ਨੂਰ ਤੇ ਅੰਸ਼ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਹੋਰ ਸਲੋਕ ਰਾਹੀਂ ਮਨੁੱਖ ਨੂੰ ਇਸ ਪੱਖੋਂ ਭਰਵੀਂ ਤਾੜਣਾ ਕਰਦੇ ਹੋਏ ਸੁਚੇਤ ਕੀਤਾ ਕਿ, ਐ ਮਨੁੱਖ! ਕਰਤੇ ਦੀ ਰਚਨਾ `ਚ ਇਸਤ੍ਰੀ ਤੇ ਪੁਰਖ, ਸੰਸਾਰ ਚੱਕਰ ਲਈ, ਦੋਨਾਂ ਦੀ ਲੋੜ ਇਕੋ ਜਿਹੀ ਹੈ। ਇੱਕ ਦੀ ਘੱਟ ਤੇ ਦੂਜੇ ਦੀ ਵੱਧ ਨਹੀਂ। ਲੋੜ ਹੈ ਤਾਂ ਇੱਕ ਦੂਜੇ ਵਾਸਤੇ ਆਪਸੀ ਸਤਿਕਾਰ ਦੀ, ਨਾ ਕਿ ਇੱਕ ਰਾਹੀਂ ਦੂਜੇ `ਤੇ ਹਾਵੀ ਹੋਣ ਦੀ।

ਅਸਲ `ਚ ਕਰਤੇ ਨੇ ਇਹ ਦੋਵੇਂ ਸਰੀਰ ਇੱਕ ਦੂਜੇ ਦੇ ਪੂਰਕ ਘੜੇ ਹੋਏ ਹਨ, ਇੱਕ ਤੋਂ ਬਿਨਾ ਦੂਜੇ ਸਰੀਰ ਦਾ ਕੁੱਝ ਮਕਸਦ ਹੀ ਨਹੀਂ ਰਹਿ ਜਾਂਦਾ। “ਭੰਡਿ ਜੰਮੀਐ ਭੰਡਿ ਨਿੰਮੀਐ” ਵਾਲਾ ਸਲੋਕ ਜੋ ਬਾਣੀ ‘ਆਸਾ ਕੀ ਵਾਰ’ ਪਉੜੀ ੧੯ ਨਾਲ ਹੈ। ਉਸ ਸਲੋਕ `ਚ ਵੀ ਗੁਰਦੇਵ ਨੇ ਇਸਤ੍ਰੀ ਸਰੀਰ ਦੀਆਂ ਨਿਰੋਲ ਉਨ੍ਹਾਂ ਲੋੜਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਪੁਰਸ਼ ਸਰੀਰ ਕਦੇ ਪੂਰੀਆਂ ਨਹੀਂ ਕਰ ਸਕਦਾ। ਹੇਠ ਦਿੱਤਾ ਇਹ ਸਲੋਕ “ਸ੍ਰੀ ਗੁਰੂ ਗ੍ਰੰਥ ਸਾਹਿਬ” ਪੰ: ੪੭੩ `ਤੇ ਹੈ ਅਤੇ ਪਾਠਕਾਂ ਦੀ ਗਿਆਤ ਲਈ, ਇੱਥੇ ਉਸ ਨਾਲ ਉਸ ਦੇ ਅੱਖਰੀਂ ਅਰਥ ਵੀ ਦੇ ਰਹੇ ਹਾਂ। ਆਓ ਦਰਸ਼ਨ ਕਰੀਏ:-

ਮਃ ੧॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ ੨॥ (ਪੰ: ੪੭੩)

ਅਰਥ:- ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ ਰਾਹੀਂ (ਹੀ) ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ। ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ।

ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਹੇ ਨਾਨਕ! ਕੇਵਲ ਇੱਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। (ਭਾਵੇਂ ਮਨੁੱਖ ਹੋਵੇ ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ। ੨। ਅਰਥ ਧੰਨਵਾਦਿ ਸਹਿਤ- ਪ੍ਰੌ: ਸਾਹਿਬ ਸਿੰਘ ਜੀ।

ਨੋਟ: —ਲਫ਼ਜ਼ ‘ਭੰਡ’ ਵਿਆਕਰਣ ਅਨੁਸਾਰ ਪੁਲਿੰਗ ਹੈ। ਵੇਖੋ ‘ਗੁਰਬਾਣੀ ਵਿਆਕਰਣ’।

ਉਪ੍ਰੰਤ ਇਹ ਵੀ ਕਿ! ਇਥੇ ਲਫ਼ਜ਼ ‘ਭੰਡ’ ਦੇ ਅਰਥ ਹਨ ਇਸਤ੍ਰੀ। ਦਰਅਸਲ ਇਸਤ੍ਰੀ ਲਈ ਇਹ ਲਫ਼ਜ਼ ਗੁਰਦੇਵ ਰਾਹੀਂ ਆਪਣੇ ਵੱਲੋਂ ਨਵੀ ਦੇਣ ਹਨ, ਭਾਵ ਜਿਸਨੂੰ ਪੁਰਸ਼ ਵਰਗ ਸਦਾ ਤੋਂ ਭੰਡਦਾ ਆਇਆ ਹੈ। ਇਸ ਵਿਸ਼ੇ ਸੰਬੰਧੀ ਹੋਰ ਵੇਰਵੇ ਲ਼ਈ ਗੁਰਮੱਤ ਪਾਠ ਨੰ: ੧੧੧ “ਸੋ ਕਿਉ ਮੰਦਾ ਆਖੀਐ” ਤੇ ਇਸੇ ਕਲਮ ਤੋਂ ਪੁਸਤਕ ‘ਬਾਣੀ ਆਸਾ ਕੀ ਵਾਰ ਸਟੀਕ-ਗੁਰਮੱਤ ਵਿਚਾਰ ਦਰਸ਼ਨ, ਸਹਿਤ’ ਸੈਂਟਰ ਤੋਂ ਮੰਗਵਾ ਕੇ ਪੜ੍ਹੋ ਜੀ। ਇਸੇ ਤਰ੍ਹਾਂ ਗੁਰਮੱਤ ਪਾਠ ਨੰ: ੧੧੧ ਡਿਲਕਸ ਕਵਰ `ਚ ਗੁਰਮੱਤ ਪ੍ਰਸਾਰ ਹਿੱਤ ਗੁਰੂ ਕੀਆਂ ਸੰਗਤਾਂ ਵਿੱਚਕਾਰ ਵੰਡਣ ਲਈ ਵੀ ਸੈਂਟਰ ਪਾਸੋਂ ਲਾਗਤ ਮਾਤ੍ਰ ਭੇਟਾ ਭੇਜ ਕੇ ਮੰਗਵਾਇਆ ਜਾ ਸਕਦਾ ਹੈ ਜੀ।

“ਜਉ ਸਿਖਾ ਮਹਿ ਚੂਕ” - ਗੁਰੂ ਪਾਤਸ਼ਾਹ ਨੇ ਮਹਾਨ ਕ੍ਰਿਪਾਲਤਾ ਕਰਕੇ ਇਸਤ੍ਰੀ ਜਗਤ ਨੂੰ ਕੇਵਲ ਇਸ ‘ਮਾਸਕ ਧਰਮ’ ਸਮੇਂ ਉਸ ਅੰਦਰ ਭਰੀ ਗਈ ਜਿੱਲ੍ਹਣ `ਚੋਂ ਹੀ ਨਹੀਂ ਕੱਢਿਆ ਬਲਕਿ ਸੰਸਾਰ `ਚ ਪਹਿਲੀ ਵਾਰ ਉਸਦੇ ਯੋਗ ਸਤਿਕਾਰ ਨੂੰ ਵੀ ਪ੍ਰਗਟ ਕੀਤਾ ਹੈ। ਬਲਕਿ ਸੰਬੰਧਤ ਸਲੋਕਾਂ ਨੂੰ ਬਾਣੀ ‘ਆਸਾ ਕੀ ਵਾਰ’ `ਚ ਦਰਜ ਕਰ ਕੇ ਨਿਤਾਪ੍ਰਤੀ ਸਾਧ ਸੰਗਤ `ਚ ਜੁੜ ਕੇ ਅਤੇ ਮਿਲਵੇਂ ਤੌਰ `ਤੇ ਉੱਚੀ ਉੱਚੀ ਗਾਇਣ ਕਰਣ ਦਾ ਨਿਯਮ ਵੀ ਬਖਸ਼ਿਆ। ਹੈ।

ਇੰਨਾਂ ਹੋਣ ਦੇ ਬਾਵਜੂਦ ਅੱਜ ਦੇ ਕਹੇ ਜਾਂਦੇ ਵਿਗਿਆਨਕ ਤੇ ਪੜ੍ਹਾਈ ਦੇ ਜੁਗ `ਚ ਜੇਕਰ ਖੁਦ ਸਿੱਖ ਸੰਗਤਾਂ ਹੀ ਅਜਿਹੀਆਂ ਅਗਿਆਨਤਾਵਾਂ ਦਾ ਸ਼ਿਕਾਰ ਹੋਣ ਤਾਂ ਗੁਰਬਾਣੀ ਦਾ ਇਹ ਫ਼ੈਸਲਾ ਵੀ ਹੈ “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥ ੧੫੮॥ (ਪੰ: ੧੩੭੨) ਤਾਂ ਤੇ ਜਿਸ ਪੰਥ ਤੇ ਕੌਮ ਕੋਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਰਗੇ ਅਭੁੱਲ ਸਦੀਵੀ ਤੇ ਜੁਗੋ ਜੁਗ ਅਟੱਲ ਸਤਿਗੁਰੂ ਦੀ ਅਗਵਾਈ ਹੋਵੇ। ਜੇਕਰ ਉਸ ਗੁਰੂ ਦੇ ਅਨੁਯਾਯੀ ਵੀ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾ ਰਹੇ ਹੋਣ ਤਾਂ ਹੈਰਾਨੀ ਹੁੰਦੀ ਹੈ। ਯਕੀਨਣ ਜਾਂ ਤਾਂ ਉਸਦੇ ਪ੍ਰਚਾਰਕ-ਪ੍ਰਬੰਧਕ-ਆਗੂ ਆਪਣਾ ਫਰਜ਼ ਨਹੀਂ ਨਿਭਾ ਰਹੇ ਜਾਂ ਫਿਰ ਪੜ੍ਹਾਈ ਦੇ ਇਸ ਜੁੱਗ `ਚ ਸੰਗਤਾਂ ਖੁਦ ਵੀ ਗੁਰਬਾਣੀ ਗਿਆਨ ਵੱਲੋਂ ਲਾਪਰਵਾਹ ਹਨ ਜਾਂ ਫ਼ਿਰ ਦੋਵੇਂ ਗੱਲਾਂ।

ਕਬੀਰ ਸਾਹਿਬ ਦੇ ਉਪ੍ਰੋਕਤ ਸਲੋਕ ਤੇ ਇਸਤੋਂ ਪਹਿਲੇ ਸਲੋਕ ਨੰ: ੧੫੭ “ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ॥ ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ॥ (ਪੰ: ੧੩੭੨) ਫ਼ੈਸਲਾ ਹੈ-ਮਨੁੱਖ ਨੂੰ ਅਗਿਆਲਤਾ ਵਿਚੋਂ ਕੇਵਲ ਸਦਾ ਥਿਰ ਰਹਿਣ ਵਾਲਾ ਗੁਰੂ (ਸਤਿਗੁਰੂ) ਹੀ ਕੱਢ ਸਕਦਾ ਹੈ। ਭਾਵ ਉਸ ਇਲਾਹੀ ਗਿਆਨ ਦਾ ਦਾਤਾ ਗੁਰੂ ਜਿਹੜਾ ਕਦੇ ਜਨਮ-ਮਰਣ `ਚ ਨਹੀਂ ਆਉਂਦਾ। ਉਸ ਸੱਚੇ ਗੁਰੂ ਦਾ ਇੱਕ ਇੱਕ ਅੱਖਰ ਹੀ ਬਾਣ ਦੀ ਨਿਆਈ ਹੁੰਦਾ ਹੈ ਜੋ ਂਸੇਵਕ `ਚੋਂ ਅੰਹਕਾਰ ਤੇ ਅਗਿਆਨਤਾ ਦਾ ਨਾਸ ਕਰ ਦਿੰਦਾ ਹੈ। ਸ਼ਰਤ ਹੈ ਜੇ ਸੇਵਕ ਵੀ ਗੁਰੂ ਪਾਸ ਸਮ੍ਰਪਣ ਭਾਵਨਾ ਨਾਲ ਜਾਵੇ, ਤਾਂ ਉਸ ਦਾ ਹੀਰੇ ਵਰਗਾ ਮਨੁੱਖਾ ਜਨਮ ਬਿਰਥਾ ਨਹੀਂ ਹੁੰਦਾ।

“ਅੰਧੇ ਏਕ ਨ ਲਾਗਈ” - ਇਸ ਤੋਂ ਵੱਧ ਸਲੋਕ ਵਿਚਲੀ ਸ਼ਬਦਾਵਲੀ “ਅੰਧੇ ਏਕ ਨ ਲਾਗਈ” ਦੇ ਅਰਥ ਹਨ ਜੇ ਉਹ ਸੇਵਕ ਆਪ ਹੀ ਅਹੰਕਾਰ, ਹੁੱਜਤਾਂ, ਕਿਉਂ-ਕਿੰਤੂ, ਮੈਂ ਨਾ ਮਾੰਨੂ” ਵਾਲੇ ਸੁਭਾਅ ਵਾਲਾ ਹੋਵੇ ਤੇ ਜੇ ਉਸ ਸੱਚੇ ਗੁਰੂ ਪਾਸ ਵੀ ਜਾਵੇ ਤਾਂ “ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ” ਅਨੁਸਾਰ ਸੱਚਾ ਗੁਰੂ ਵੀ ਅਜਿਹੇ ਮਨੁੱਖ ਲਈ ਕੁੱਝ ਨਹੀਂ ਕਰ ਸਕਦਾ। ਕਿਉਂਕਿ ਅਹੰਕਾਰ `ਚ ਅੰਨ੍ਹੇ, ਹੁਜੱਤਬਾਜ਼ ਦੀ ਹਾਲਤ ਤਾਂ ਉਸ ਬਾਂਸ ਦੀ ਬੰਸਰੀ ਵਾਲੀ ਹੁੰਦੀ ਹੈ ਜੋ ਫੂਕ ਮਾਰਣ `ਤੇ ਵੱਜਦੀ ਤਾਂ ਸੁਰੀਲੀ ਹੈ ਪਰ ਉਸ `ਚ ਟਿੱਕਦਾ ਕੁੱਝ ਨਹੀਂ। ਉਸ ਅੰਦਰ, ਇੱਕ ਪਾਸੇ ਤੋਂ ਫੂਕ ਆ ਕੇ ਦੂਜੇ ਪਾਸਿਓਂ ਪਾਰ ਹੋ ਜਾਂਦੀ ਹੈ ਤੇ ਬੰਸਰੀ ਅੰਦਰੋਂ ਖਾਲੀ ਦੀ ਖਾਲੀ ਹੀ ਰਹਿੰਦੀ ਹੈ। ਠੀਕ ਉਸੇ ਤਰ੍ਹਾਂ ਕਿਉਂ-ਕਿੰਤੂ ਵਾਲਾ ਅਹੰਕਾਰੀ, ਆਪ ਹੁੱਦਰਾ, ਹੂੜਮਤੀਆ ਮਨੁੱਖ ਸੱਚੇ ਗਿਆਨ ਕਾਰਣ ਚੁੰਜ ਗਿਆਨੀ ਤਾਂ ਭਾਵੇਂ ਬਣ ਜਾਵੇ ਪਰ ਚੰਗੇ ਜੀਵਨ ਵਾਲਾ, ਗਿਆਨ ਵਾਣ ਸੇਵਕ ਨਹੀਂ ਬਣ ਸਕਦਾ। ਦਰਅਸਲ ਇਹੀ ਹਾਲਤ ਅੱਜ ਸਾਡੀ ਕੌਮ ਦੀ ਹੈ। ਵਿਸ਼ਾ ਕੇਵਲ ਇਸਤ੍ਰੀ ਦੇ ਮਾਸਕ ਧਰਮ ਦਾ ਹੀ ਨਹੀਂ ਲਗਭਗ ਹਰੇਕ ਵਿਸ਼ੇ ਸੰਬੰਧੀ ਅੱਜ ਸਾਡੀ ਕੌਮੀ ਦੀ ਹਾਲਤ ਇਹੀ ਬਣੀ ਪਈ ਹੈ। #44Bs92.8s15#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 44B

“ਜੂਠੇ ਜੂਠਾ ਮੁਖਿ ਵਸੈ…”

For all the Gurmat Lessons with deluxe covers written upon for Self Learning purpose by ‘Principal Giani Surjit Singh’Sikh Missionary, Delhi. All the rights are reserved with the writer, but easily available for Distribution within ‘Guru Ki Sangat’ in Deluxe Covers with an intention of Gurmat Parsaar, at below printing cost i.e. mostly Rs 350/- (but in rare cases these are 450/-) per hundred copies, for further Free distributions (+P&P.Extra)From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789 & ® J-IV/46 Old D/S Lajpat Nagar-4 New Delhi-110024 Ph. ® 91-11-26487315 Cell 9811292808

web site- www.gurbaniguru.org




.