.

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ (ਜਪੁ)

ਗਿਆਨੀ ਸੰਤੋਖ ਸਿੰਘ

ਯੁਗ ਪੁਰਸ਼ ਭਗਤ ਪੂਰਨ ਸਿੰਘ ਜੀ ਦੀਆਂ ਲਿਖਤਾਂ ਦੇ ਦਰਸ਼ਨ ਮੈਨੂੰ ੧੯੫੨ ਵਾਲ਼ੀ ਦੀਵਾਲੀ ਸਮੇ ਪਹਿਲੀ ਵਾਰ ਹੋਏ। ਭਗਤ ਜੀ ਆਪਣੇ ਬਹੁਮੁੱਲੇ ਵਿਚਾਰ ਹਰ ਪੱਖ ਤੋਂ ਬੜੀ ਸਾਦੀ ਤੇ ਬੇਬਾਕ ਬੋਲੀ ਵਿੱਚ ਪਰਗਟ ਕਰਿਆ ਕਰਦੇ ਸਨ। ਧਰਮ, ਰਾਜਨੀਤੀ, ਇਖ਼ਲਾਕ, ਵਾਤਾਵਰਨ, ਸੇਹਤ, ਵਿੱਦਿਆ, ਸਰਕਾਰ, ਪਰਵਾਰ, ਵਿਆਹ, ਬੀਮਾਰੀ, ਬੇਰੁਜ਼ਗਾਰੀ, ਆਦਿ ਉਹ ਕੇਹੜਾ ਪੱਖ ਹੈ ਜਿਸ ਉਪਰ ਭਗਤ ਜੀ ਵਾਰ ਵਾਰ ਸਮੇ ਦੇ ਹਾਕਮਾਂ ਅਤੇ ਆਮ ਜਨਤਾ ਨੂੰ ਸੁਚੇਤ ਨਹੀਂ ਸਨ ਕਰਦੇ! ਅੱਜ ਦੀਆਂ ਸਰਕਾਰਾਂ ਅਤੇ ਯੂਨਾਈਟਡ ਨੇਸ਼ਨਜ਼ ਵਰਗੀਆਂ ਜਥੇਬੰਦੀਆਂ ਜਿਨ੍ਹਾਂ ਗੱਲਾਂ ਤੋਂ ਜਨਤਾ ਨੂੰ ਸਾਵਧਾਨ ਕਰ ਰਹੀਆਂ ਹਨ, ਉਹਨਾਂ ਖ਼ਤਰਿਆਂ ਬਾਰੇ ਭਗਤ ਜੀ ਮੇਰੀ ਸੰਭਾਲ਼, ਅਰਥਾਤ ਸੱਤ ਦਹਾਕਿਆਂ ਤੋਂ ਵੀ ਪਹਿਲਾਂ ਤੋਂ ਕਰ ਰਹੇ ਸਨ। ਅਜਿਹੀਆਂ ਮਨੁਖੀ ਭਲਾਈ ਵਾਲ਼ੀਆਂ ਸਿੱਖਿਆਵਾਂ ਲਿਖਦੇ ਸਮੇ, ਭਗਤ ਜੀ ਗੁਰਬਾਣੀ ਦੀਆਂ ਤੁਕਾਂ ਨੂੰ ਉਦਾਹਣਾਂ ਵਜੋਂ ਵਰਤਿਆ ਕਰਦੇ ਸਨ। ਇਹ ਸਾਰਾ ਕੁੱਝ ਉਹ ਆਪਣੇ ਪਿੰਗਲਵਾੜੇ ਅੰਦਰ ਲਾਏ ਪ੍ਰੈਸ ਵਿਚ, ਬਹੁਤ ਹੀ ਸਸਤੇ ਕਾਗਜ਼ਾਂ ਉਪਰ ਛਾਪਿਆ ਕਰਦੇ ਸਨ। ਕਈ ਵਾਰ ਤਾਂ ਇੱਕ ਪਾਸੇ ਛਪੇ ਹੋਏ ਰੱਦੀ ਵਿੱਚ ਵਿਕਣ ਵਾਲ਼ੇ ਕਾਗਜ਼ਾਂ ਦੇ ਵੀ ਦੂਜੇ ਖਾਲੀ ਪਾਸੇ ਉਪਰ ਆਪਣੇ ਵਿਚਾਰ ਛਾਪ ਕੇ ਵੰਡਿਆ ਕਰਦੇ ਸਨ। ਅਜਿਹੇ ਰੱਦੀ ਕਾਗਜ਼ਾਂ ਉਪਰ ਲਿਖੀਆਂ ਜਾ ਰਹੀਆਂ ਗੁਰਬਾਣੀ ਦੀਆਂ ਪੰਗਤੀਆਂ ਦੇ ਵਿਰੁਧ ਕਦੀ ਕਿਸੇ ਸੱਜਣ ਨੇ ਇਤਰਾਜ਼ ਉਠਾਇਆ ਹੋਵੇ, ਮੇਰੀ ਜਾਣਕਾਰੀ ਵਿੱਚ ਨਹੀਂ ਸੀ ਆਇਆ। ਇਹ ਵੱਖਰੀ ਗੱਲ ਹੈ ਕਿ ਅੱਜ ਕਲ੍ਹ ਉਹ ਸੰਸਥਾ ਆਪਣੀਆਂ ਪ੍ਰਕਾਸ਼ਨਾਵਾਂ ਲਈ ਗਲੌਸੀ ਪੇਪਰ ਪ੍ਰਯੋਗਦੀ ਹੈ।
ਮੈਂ ਭਗਤ ਜੀ ਦਾ ‘ਭਗਤ’ ਸਾਂ ਤੇ ਹਾਂ। ਸਾਢੇ ਕੁ ਚਾਰ ਦਹਾਕੇ ਪਹਿਲਾਂ ਜਦੋਂ ਮੈਂ ਅੰਮ੍ਰਿਤਸਰ ਵਿੱਚ ਸਾਂ ਤਾਂ ਭਗਤ ਜੀ ਦੇ ਅਕਸਰ ਹੀ ਦਰਸ਼ਨ ਹੋ ਜਾਇਆ ਕਰਦੇ ਸਨ ਤੇ ਕਦੀ ਕਦੀ ਮੈਂ ਪਿੰਗਲਵਾੜੇ ਵਿੱਚ ਵੀ ਜਾ ਕੇ ਭਗਤ ਜੀ ਦੇ ਸ਼ੁਭ ਬਚਨ ਸੁਣ ਆਇਆ ਕਰਦਾ ਸਾਂ। ਉਹਨਾਂ ਦੁਆਰਾ ਛਾਪੇ ਜਾ ਰਹੇ ਲਿਟ੍ਰੇਚਰ ਨੂੰ ਖ਼ੁਦ ਵੀ ਪੜ੍ਹਦਾ ਸਾਂ ਤੇ ਦੂਜਿਆਂ ਨੂੰ ਵੀ ਪੜ੍ਹਨ ਲਈ ਪ੍ਰੇਰਿਆ ਕਰਦਾ ਸਾਂ। ਕੁੱਝ ਸਾਲ ਪਹਿਲਾਂ ਮੈਂ ਆਪਣੇ ਪਿੰਡ ਨੂੰ ਜਾਣ ਵਾਲ਼ੀ ਬੱਸ ਵਿੱਚ ਬੈਠਣ ਤੋਂ ਪਹਿਲਾਂ ਭਗਤ ਜੀ ਦੁਆਰਾ ਲਿਖੇ ਤੇ ਛਾਪੇ ਹੋਏ ਸਿੱਖਿਆਦਾਇਕ ਬਚਨਾਂ ਵਾਲ਼ਾ ਇੱਕ ਵਰਕਾ ਲੈ ਲਿਆ ਤੇ ਬੱਸ ਵਿੱਚ ਬੈਠੇ ਨੇ ਪੜ੍ਹ ਲਿਆ। ਉਸ ਪਰਚੇ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਵੀ ਸਨ। ਬੱਸ ਨਾਥ ਵਾਲ਼ੀ ਖੂਹੀ ਲੰਘ ਗਈ ਸੀ ਤੇ ਅੱਗੇ ਇੱਕ ਮੀਲ ਤੇ ਹੀ ਮੇਰਾ ਪਿੰਡ ਸੀ। ਉਤਰਨ ਤੋਂ ਪਹਿਲਾਂ, ਸਦਾ ਵਾਂਙ ਚਾਹਿਆ ਕਿ ਜੋ ਮੈਂ ਪੜ੍ਹਿਆ ਹੈ ਉਹ ਹੋਰ ਵੀ ਕੋਈ ਪੜ੍ਹੇ। ਬੱਸ ਦੇ ਨੌਜਵਾਨ, ਸਿਰੋਂ ਮੋਨੇ ਪਰ ਛੋਟੀ ਛੋਟੀ ਦਾਹੜੀ ਵਾਲ਼ੇ ਡਰਾਈਵਰ ਦੇ ਸਾਹਮਣੇ ਵਾਲ਼ੇ ਖਾਲੀ ਸਥਾਨ ਤੇ ਮੈਂ ਉਹ ਪਰਚਾ ਰੱਖ ਕੇ ਆਖਿਆ, “ਸਮਾ ਮਿਲ਼ੇ ਤਾਂ ਇਸ ਨੂੰ ਪੜ੍ਹ ਲੈਣਾ ਤੇ ਫਿਰ ਅੱਗੇ ਕਿਸੇ ਹੋਰ ਨੂੰ ਦੇ ਦੇਣਾ। “ਚੁੱਕ ਲੈ, ਚੁੱਕ ਲੈ ਇਸ ਨੂੰ ਏਥੋਂ। ਸਾਡੇ ਕੋਲ਼ੋਂ ਨਹੀਂ ਇਸ ਦਾ ਸਤਿਕਾਰ ਹੋਣਾ। ਸਾਡੇ ਕੋਲ਼ ਨਹੀਂ ਟਾਈਮ ਇਸ ਨੂੰ ਪੜ੍ਹਨ ਦਾ “ਜਵਾਬ ਸੀ ਉਸ ਨੌਜਵਾਨ ਡਰਾਈਵਰ ਦਾ। ਮੈਂ ਪਰਚਾ ਚੁੱਕ ਲਿਆ ਤੇ ਮੇਰੇ ਬੱਸੋਂ ਉਤਰਨ ਤੋਂ ਪਹਿਲਾਂ ਨੌਜਵਾਨ ਕੰਡਕਟਰ ਦੀ ਆਵਾਜ਼ ਮੇਰੇ ਕੰਨੀਂ ਪਈ, “ਜੇ ਸਾਂਭ ਨਹੀਂ ਸਕਦਾ ਤਾਂ ਲਿਆਂਦਾ ਹੀ ਕਿਉਂ ਸੀ!” ਸ਼ਾਇਦ ਏਸੇ ਕਰਕੇ ਹੀ ਮੈਂ ਵੇਖ ਰਿਹਾ ਹਾਂ ਕਿ ਅੱਜ ਕਲ੍ਹ ਏਥੇ ਆਸਟ੍ਰੇਲੀਆ ਵਿੱਚ ਦਰਜ਼ਨ ਤੋਂ ਵਧ ਛਪਣ ਵਾਲ਼ੇ ਪੰਜਾਬੀ ਪੱਤਰਾਂ ਵਿੱਚ ਮੈਨੂੰ ਕਦੀ ਗੁਰਬਾਣੀ ਦੀ ਕੋਈ ਤੁਕ ਛਪੀ ਨਹੀਂ ਦਿਸੀ। ਕੁੱਝ ਸਮਾ ਪਹਿਲਾਂ ‘ਪੰਜਾਬ ਐਕਸਪ੍ਰੈਸ’ ਵਾਲ਼ੇ, ਸ. ਰਾਜਵੰਤ ਸਿੰਘ ਜੀ ਆਪਣੀ ਅਖ਼ਬਾਰ ਵਿੱਚ ਇਉਂ ਛਾਪਿਆ ਕਰਦੇ ਸਨ ਕਿ ਇਸ ਪਰਚੇ ਵਿੱਚ ਗੁਰਬਾਣੀ ਦੀਆਂ ਤੁਕਾਂ ਹਨ; ਇਹਨਾਂ ਦਾ ਸਤਿਕਾਰ ਕਰੋ। ਮੈਂ ਇੱਕ ਦਿਨ ਉਹਨਾਂ ਨੂੰ ਆਖਿਆ ਕਿ ਕਿਉਂ ਤੁਸੀਂ ਲੋਕਾਂ ਵਿੱਚ ਵਹਿਮ ਦਾ ਪ੍ਰਚਾਰ ਕਰਕੇ, ਲੋਕਾਂ ਨੂੰ ਪੰਜਾਬੀ ਦੀ ਅਖ਼ਬਾਰ ਪੜ੍ਹਨੋ ਵੀ ਹਟਾਉਂਦੇ ਹੋ! ਉਸ ਤੋਂ ਬਾਅਦ ਉਹ ਅਜਿਹਾ ਲਿਖਣੋ ਤਾਂ ਹਟ ਗਏ ਪਰ ਨਾਲ਼ ਹੀ ਗੁਰਬਾਣੀ ਦੀ ਕੋਈ ਪੰਗਤੀ ਛਾਪਣੀ ਵੀ ਬੰਦ ਕਰ ਦਿਤੀ। ਸ਼ਾਇਦ ਗੁਰਬਾਣੀ ਦਾ ਸਤਿਕਾਰ ਕਰਨ ਵਾਲੀ ਫ਼ੌਜ ਦੇ ਸਿਪਾਹੀਆਂ ਦੇ ਭੈ ਕਰਕੇ ਅਜਿਹਾ ਕੁੱਝ ਵਾਪਰ ਰਿਹਾ ਹੋਵੇ!
ਯੂਰਪ ਦੇ ਇੱਕ ਮੁਲਕ ਦੀ ਰਾਜਧਾਨੀ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲ਼ੇ ਸਥਾਨ ਦੀ ਛੱਤ ਉਪਰ ਕੁੱਝ ਗੁਰਸਿੱਖਾਂ ਦੇ ਸੇਵਾ ਕਰਦੇ ਸਮੇ, ਗ੍ਰੰਥੀ ਸਿੰਘ ਨੇ ਗ਼ਲਤੀ ਨਾਲ ਥੱਲੇ ਪ੍ਰਕਾਸ਼ ਕਰ ਦਿਤਾ, ਤੇ ਜੋ ‘ਬਾਬ’ ਤਿੰਨ ਕਾਲ਼ੀ ਦਾਹੜੀ ਵਾਲ਼ਿਆਂ ‘ਮਾਲਕਾਂ’ ਨੇ, ਤਿੰਨ ਚਿੱਟੀ ਦਾਹੜੀ ਵਾਲ਼ੇ ‘ਅਮਾਲਕਾਂ’ ਦੀ ਕੀਤੀ, ਉਹ ਯਾਦ ਰਹਿਣ ਵਾਲ਼ੀ ਸੀ।
ਅਜਿਹਾ ਲੇਖ ਮੈਂ ਓਦੋਂ ਤੋਂ ਹੀ ਲਿਖਣ ਲਈ ਸੋਚ ਰਿਹਾ ਸੀ ਜਦੋਂ ਕੁੱਝ ਸਾਲ ਪਹਿਲਾਂ, ਇੱਕ ਪਰਚੇ ਨੇ, ਕੁੱਝ ਪੰਜ ਕਕਾਰੀ ਸਿੰਘਾਂ ਵੱਲੋਂ ਇੱਕ ਸਿੱਖ ਨੂੰ ਢਾਹ ਕੇ ਚਾਹਟਾ ਛਕਾਇਆ ਜਾ ਰਹੇ ਦੀ ਵੀਡੀਓ ਵਿਖਾਈ ਸੀ। ਸਲੋਤਰ ਨਾਲ਼ ਉਸ ਦੀ ਖ਼ੂਬ ਸੇਵਾ ਕੀਤੀ ਜਾ ਰਹੀ ਸੀ। ਭਗੌਤੇ ਦੀ ਹਰੇਕ ਮਾਰ ਪਿੱਛੋਂ, “ਨਾ ਬਾਬਾ ਜੀ” ਆਖ ਕੇ ਉਹ ਮਿੰਨਤਾਂ ਕਰਦਾ ਵੀ ਸੁਣਾਈ ਦਿੰਦਾ ਸੀ। ਆਲ਼ੇ ਦੁਆਲ਼ੇ ਦੀ ਭੀੜ ਵਿੱਚ ਇੱਕ ਪੁਲ਼ਸੀਆ ਵੀ ਤੁਰਿਆ ਫਿਰਦਾ ਦਿਸਦਾ ਸੀ ਪਰ ਉਸ ਨੂੰ ਕੋਈ ਵੀ ਛੁਡਾਉਣ ਲਈ ਯਤਨ ਨਹੀਂ ਸੀ ਕਰ ਰਿਹਾ। ਹੋ ਸਕਦਾ ਹੈ ਉਸ ਦਾ ਕੋਈ ਬੱਜਰ ਗੁਨਾਹ ਹੋਵੇ! ਕਮਜੋਰ ਦਿਲ ਵਾਲ਼ਾ ਹੋਣ ਕਰਕੇ, ਮੈਂ ਉਹ ਸਾਰਾ ਸੀਨ ਨਹੀਂ ਵੇਖ ਸਕਿਆ ਤੇ ਰਸਾਲੇ ਦੇ ਐਡੀਟਰ ਨੂੰ, ਉਸ ਘਿਣਾਉਣੀ ਮੂਵੀ ਨੂੰ ਹਟਾਉਣ ਲਈ ਸਖ਼ਤ ਸ਼ਬਦਾਂ ਵਿੱਚ ਆਖਿਆ। ਉਸ ਨੇ ਉਹ ਪਰਚੇ ਤੋਂ ਉਤਾਰ ਦਿਤੀ।
ਹੁਣ ਕੁੱਝ ਦਿਨ ਪਹਿਲਾਂ ਜੋ ਵੀਡੀਓ ਤੋਂ ਸਿੰਘਾਂ ਦੀ ਸੇਵਾ ਦੇ ਨਮੂਨੇ ਦੇ ਦਰਸ਼ਨ ਹੋਏ ਨੇ ਉਹ ਤਾਂ ਕਮਾਲ ਹੀ ਹੋ ਗਈ ਹੈ। ਕਕਾਰਧਾਰੀ ਸਿੰਘ, ਕਕਾਰਧਾਰੀ ਸਿੰਘਾਂ ਨੂੰ ਲੰਮੇ ਪਾ ਕੇ ਐਨ ਤਸੱਲੀ ਨਾਲ਼ ਚਾਹਟਾ ਛਕਾ ਰਹੇ ਨੇ; ਉਹਨਾਂ ਦੇ ਤਰਲਿਆਂ ਤੋਂ ਲਾਪਰਵਾਹ ਹੋ ਕੇ। ਉਹਨਾਂ ਦੀ ਉਮਰ, ਕਕਾਰਾਂ ਆਦਿ ਦਾ ਕੋਈ ਲਿਹਾਜ਼ ਨਹੀਂ। ਠੀਕ ਹੈ ਵਿਤਕਰਾ ਵੀ ਕਿਸੇ ਨਾਲ਼ ਕਰਨਾ ਸਿੰਘਾਂ ਦੇ ਅਸੂਲਾਂ ਅਨੁਸਾਰ ਠੀਕ ਨਹੀਂ ਹੈ।
ਹੁਣ ਪਰਦੇਸੀ ਮੀਡੀਏ ਤੋਂ ਪਤਾ ਲੱਗਾ ਹੈ ਕਿ ਦੁਆਬੇ ਵਿੱਚ ਕਿਸੇ ਪਿੰਡ ਦੇ ਜਠੇਰਿਆਂ ਦੇ ਸਥਾਨ ਉਪਰ ੧੯ ਅਖੰਡਪਾਠ ਕੀਤੇ ਗਏ। ਇਸ ਲਈ ਕਿਸੇ ਸਤਿਕਾਰ ਕਮੇਟੀ ਨੇ ਇਸ ਕਾਰਜ ਨੂੰ ਗੁਰਮਤਿ ਵਿਰੋਧੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੇ ਵਿਰੁਧ ਸਮਝ ਕੇ, ਸਿਧੀ ਕਾਰਵਾਈ ਕੀਤੀ। ਚਾਰ ਜਾਂ ਪੰਜ ਪਾਠੀਆਂ ਨੂੰ ਭੁਚਲਾ ਕੇ, ਉਜੜੇ ਸਰਵਿਸ ਸਟੇਸ਼ਨ ਉਪਰ ਲਿਜਾ ਕੇ, ਲੰਮੇ ਪਾ ਕੇ, ਉਚੇਚੇ ਤੌਰ ਤੇ, ਇਸ ਪ੍ਰਕਾਰ ਦੀ ਸੇਵਾ ਹਿਤ ਸਾਜੇ ਗਏ ਸਲੋਤਰਾਂ ਨਾਲ਼, ਤਸੱਲੀ ਸਹਿਤ ਸੇਵਾ ਕੀਤੀ। ੧੯ ਅਖੰਡਪਾਠਾਂ ਵਾਸਤੇ ਘੱਟ ਤੋਂ ਘੱਟ ੯੫ ਪਾਠੀ ਹੋਣੇ ਚਾਹੀਦੇ ਹਨ। ਬਾਕੀ ਦੇ ਨੱਬੇ ਇਕਾਨਵੇ ਇਹਨਾਂ ਦੇ ਕਾਬੂ ਨਹੀਂ ਆਏ। ਫਿਰ ਨਾ ੧੯ ਪਰਵਾਰਾਂ ਦੇ ਕਿਸੇ ਜੀ ਨੂੰ ਕੁੱਝ ਆਖਿਆ। ਪਿੰਡ ਦੀ ਪੰਚਾਇਤ, ਹਲਕੇ ਦਾ ਪ੍ਰਚਾਰਕ, ਹਲਕੇ ਦਾ ਸਰਕਾਰ ਵਿੱਚ ਵਜ਼ੀਰ, ਪਿੰਡ ਦਾ ਗ੍ਰੰਥੀ ਆਦਿ ਸਭ ਸੁੱਕੇ ਹੀ ਬਚ ਗਏ। ਉਹਨਾਂ ਨੂੰ ਉਹਨਾਂ ਦੇ ਕਿਸੇ ਗੁਨਾਹ ਦਾ ਗੱਫਾ, ਇਹ ਧਰਮ ਦੇ ਰਾਖੇ ਸੂਰਬੀਰ ਨਹੀਂ ਛਕਾ ਸਕੇ। ਮੀਡੀਏ ਤੋਂ ਪਤਾ ਲੱਗਾ ਹੈ ਕਿ ਇਹ ਵਿਚਾਰੇ ਗਰੀਬ ਪਾਠੀ, ਜੋ ਆਪਣੇ ਬੱਚਿਆਂ ਦੀ ਪੇਟ ਪਾਲਣਾ ਵਾਸਤੇ, ਇਹ ਸਭ ਤੋਂ ਘੱਟ ਇਵਜ਼ਾਨੇ ਵਾਲ਼ੀ ਮਜ਼ਦੂਰੀ ਕਰ ਰਹੇ ਸਨ, ਇਹਨਾਂ ਦੇ ਭੁਚਲਾਵੇ ਵਿੱਚ ਆ ਕੇ, ਇਹਨਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਤੋਂ ਆਪਣੇ ਗੁਨਾਹ ਦੀ ਮੁਆਫ਼ੀ ਮੰਗਣ ਲਈ, ਤੁਰ ਪਏ ਤੇ ਇਹਨਾਂ ਦੇ ਕਾਬੂ ਆ ਗਏ। “ਮਾੜੀ ਧਾੜ ਗਰੀਬਾਂ ਉਤੇ” ਦੀ ਲੋਕਕੋਤੀ ਅਨੁਸਾਰ, ਇਹਨਾਂ ਸੂਰਮਿਆਂ ਨੂੰ, ਇਹਨਾਂ ਕਮਜ਼ੋਰ ਗਰੀਬ ਸਿੱਖਾਂ ਉਪਰ ਆਪਣੀ ਸੂਰਮਗਤੀ ਦੇ ਜੌਹਰ ਵਿਖਾਉਣ ਦਾ ਸ਼ੁਭ ਅਵਸਰ ਪ੍ਰਾਪਤ ਹੋ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ, ਗਉੜੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਅਨਮੋਲ ਉਪਦੇਸ਼ ਨੂੰ ਸਾਰੀ ਮਨੁਖਤਾ ਦਾ ਸਾਂਝਾ ਖ਼ਜ਼ਾਨਾ ਦੱਸੇ ਹੋਏ ਫੁਰਮਾਉਂਦੇ ਹਨ:
ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾਂ ਮੇਰੈ ਮਨਿ ਭਇਆ ਨਿਧਾਨਾ॥ ੧॥
ਰਤਨ ਲਾਲ ਜਾਂ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨॥

ਫਿਰ ਮਨੁਖਾਂ ਨੂੰ ਇਸ ਖ਼ਜ਼ਾਨੇ ਦੀ ਵਰਤੋਂ ਬਾਰੇ ਕੀ ਹੁਕਮ ਹੈ:
ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ੩॥ (ਅੰਗ ੧੮੬)
ਇਸ ਖ਼ਜ਼ਾਨੇ ਨੂੰ ਪੜ੍ਹ, ਸੁਣ ਤੇ ਕਮਾ ਕੇ ਹਰੇਕ ਮਨੁਖ ਹੀ ਨਹੀਂ ਬਲਕਿ ਪਸੂ, ਪ੍ਰੇਤ, ਬਨਾਸਪਤੀ ਆਦਿ ਵੀ ਲਾਭ ਲੈ ਸਕਦੇ ਹਨ। ਇਸ ਤੋਂ ਲਾਭ ਉਠਾਉਣ ਵਿੱਚ ਕਿਸੇ ਨਾਲ਼ ਵੀ ਕਿਸੇ ਪ੍ਰਕਾਰ ਦੇ ਵਿਤਕਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਅਸੀਂ, ਚਾਹੇ ਨਾਮਧਰੀਕ ਸਿੱਖ ਹਾਂ ਤੇ ਚਾਹੇ ਤਿਆਰ ਬਰ ਤਿਆਰ ਸਿੰਘ, ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤ ਬਾਣੀ ਦੇ ਪ੍ਰਚਾਰ, ਪ੍ਰਸਾਰ, ਸਤਿਕਾਰ, ਰੱਖ-ਰਖਾਵ, ਸਾਂਭ-ਸੰਭਾਲ਼ ਆਦਿ ਦੀ ਮਰਯਾਦਾ, ਗੁਰਮਤਿ ਅਨੁਸਾਰ ਕਰੀਏ ਤੇ ਕਰਵਾਈਏ। ਇਸ ਸਤਿਕਾਰ ਕਰਨ ਦੇ ਤਰੀਕਿਆਂ ਬਾਰੇ ਵੀ ਵੱਖ ਵੱਖ ਵਿਚਾਰ ਹੋ ਸਕਦੇ ਹਨ। ਏਥੇ ਇਹਨਾਂ ਦੇ ਵਿਸਥਾਰ ਵਿੱਚ ਨਹੀਂ ਜਾਣਾ। ਇਕੋ ਹੀ ਡੇਰੇ ਦੀ ਮਰਯਾਦਾ ਅਨੁਸਾਰ: ਉਹ ਸੁਭਾ ਗੁਰੂ ਜੀ ਨੂੰ ਛਾਹ ਵੇਲ਼ੇ ਦਾ ਭੋਗ ਲਵਾਉਂਦੇ ਹਨ, ਫਿਰ ਦੁਪਹਿਰ ਦੇ ਪ੍ਰਸ਼ਾਦੇ ਦਾ, ਪਿਛਲੇ ਪਹਿਰ ਦੀ ਚਾਹ/ਦੁਧ ਆਦਿ ਦਾ ਤੇ ਫਿਰ ਰਾਤ ਨੂੰ ਪ੍ਰਸ਼ਾਦੇ ਦਾ ਭੋਗ ਲਵਾਉਂਦੇ ਹਨ; ਜਿਵੇਂ ਪੁਜਾਰੀ ਜੀ ਦੁਆਰਾ ਮੰਦਰ ਵਿੱਚ ਮੂਰਤੀ ਨੂੰ ਭੋਗ ਲਵਾਏ ਜਾਂਦੇ ਹਨ। ਇਸ ਕਿਰਿਆ ਬਾਰੇ ਭਗਤ ਸ੍ਰੀ ਕਬੀਰ ਜੀ ਕੀ ਆਖਦੇ ਹਨ:
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ॥
ਭੋਗਨਹਾਰੇ ਭੋਗਿਆ ਇਸ ਮੂਰਤਿ ਕੇ ਮੁਖਿ ਛਾਰੁ॥ (ਅੰਗ ੪੭੯)
ਇਸ ਦੀ ਵਿਅਖਿਆ ਦੀ ਲੋੜ ਨਹੀਂ; ਸਭ ਕੁੱਝ ਸਪੱਸ਼ਟ ਹੀ ਹੈ।
ਨਾਨਕਸਰ ਦੇ ਸ਼ਰਧਾਲੂਆਂ ਅਨੁਸਾਰ ਤਾਂ ਫਿਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਆਦਿ ਸਾਰੇ ਗੁਰਦੁਆਰਾ ਸਾਹਿਬਾਨ ਵਿਖੇ ਸਤਿਗੁਰਾਂ ਦਾ ਸਤਿਕਾਰ ਨਹੀਂ ਹੁੰਦਾ। ਜੇ ਉਹਨਾਂ ਪਾਸ ਜੋਰ ਹੋਵੇ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ, ਓਥੇ ਸਾਰਿਆਂ ਨੂੰ ਇਸ ਪ੍ਰਕਾਰ ਹੀ ਸੋਧਾ ਲਾ ਦੇਣ ਜਿਵੇਂ ਇਹ ਸਿੰਘ ਲਾ ਰਹੇ ਹਨ। ਮੇਰੇ ਇੱਕ ਮਿੱਤਰ ਨਾਨਕਸਰ ਦੇ ਸ਼ਰਧਾਲੂ ਹਨ। ਉਹ ਆਪਣੇ ਘਰ ਵਿੱਚ ਪੂਰੀ ਨਾਨਕਸਰ ਦੀ ਮਰਯਾਦਾ ਨਾਲ਼, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ। ਚਾਰੇ ਵੇਲ਼ੇ ਮਹਾਰਾਜ ਜੀ ਨੂੰ ਭੋਗ ਲਵਾ ਕੇ ਫਿਰ ਹੀ ਕੁੱਝ ਆਪਣੇ ਅਤੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਹਨ। ਇੱਕ ਵਾਰੀ ਅਜਿਹੇ ਕੁੱਝ ਸਿੰਘ ਉਹਨਾਂ ਦੇ ਘਰ ਵੀ ਜਾ ਵੜੇ। ਲੱਗੇ “ਹਮਕੀ ਤੁਮਕੀ” ਕਰਨ। ਉਹ ਸਿੰਘ ਆਪ ਤਾਂ ਘਰ ਨਹੀਂ ਸੀ, ਉਸ ਦੀ ਪਤਨੀ ਘਰ ਸੀ। ਸਾਰਾ ਪਰਵਾਰ ਅੰਮ੍ਰਿਤਧਾਰੀ ਹੈ ਪਰ ਨਾਨਕਸਰ ਦੀ ਮਰਯਾਦਾ ਅਨੁਸਾਰ। ਹੋਰ ਤਾਂ ਸਿੰਘਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲ਼ੇ ਕਮਰੇ ਵਿੱਚ ਕੋਈ ਨੁਕਸ ਨਾ ਦਿਸਿਆ ਤੇ ਏਨਾ ਆਖ ਕੇ ਚਲੇ ਗਏ ਕਿ ਮੰਜੀ ਸਾਹਿਬ ਵੱਡਾ ਹੈ। ਬੀਬੀ ਨੇ ਆਖਿਆ, “ਛੋਟਾ ਤਾਂ ਨਹੀਂ ਨਾ!”
ਵੈਸੇ ਮਨੁਖ ਵਿੱਚ ਹਿੰਸਾ ਸ਼ੁਰੂ ਤੋਂ ਹੀ ਕੁਦਰਤ ਨੇ ਪਾਈ ਹੋਈ ਹੈ। ਇਸ ਨੂੰ ਕੋਈ ਨਾ ਕੋਈ ਬਹਾਨਾ ਮਿਲਣਾ ਚਾਹੀਦਾ ਹੈ ਆਪਣੇ ਤੋਂ ਮਾੜੇ ਨੂੰ ਲੁੱਟਣ, ਕੁੱਟਣ, ਆਪਣੇ ਅਧੀਨ ਕਰਨ ਅਤੇ ਗੁਲਾਮ ਬਣਾ ਕੇ ਮਨਮਰਜੀ ਕਰਵਾਉਣ ਦਾ। ਅਜਿਹਾ ਕਰਨ ਲਈ ਇਹ ਕੋਈ ਵੀ ਹਥਿਆਰ ਵਰਤ ਸਕਦਾ ਹੈ। ਸਭ ਤੋਂ ਵੱਡਾ ਹਥਿਆਰ ਮਨੁਖ ਦੇ ਹੱਥ ਵਿੱਚ ਮਜ਼ਹਬ ਦਾ ਹੈ। ਇਸ ਨੂੰ ਵਰਤ ਕੇ ਤਾਂ ਫਿਰ ਮਨੁਖ ਨਾਲ਼ੇ ਆਪਣਾ ਮਕਸਦ ਹੱਲ ਕਰ ਲੈਂਦਾ ਹੈ ਤੇ ਨਾਲ਼ੇ ਦੂਸਰਿਆਂ ਸਾਹਮਣੇ ਆਪਣੇ ਸੂਰਬੀਰ ਤੇ ਧਰਮੀ ਹੋਣ ਦਾ ਭਰਮ ਪਾਲ਼ ਲੈਂਦਾ ਹੈ। ਅਜਿਹਾ ਇਤਿਹਾਸ ਦੇ ਆਦਿ ਕਾਲ ਤੋਂ ਹੀ ਅਸੀਂ ਪੜ੍ਹ ਸਕਦੇ ਹਾਂ; ਫਿਰ ਸਿੱਖਾਂ ਦੇ ਇਤਿਹਾਸ ਦੇ ਤਾਂ ਹੈ ਹੀ ਸਾਰੇ ਪੱਤਰੇ ਲਹੂ ਭਿੱਜੇ।
ਏਥੇ ਦੇ ਮੀਡੀਏ ਨੇ ਇਸ ਦੁਰਘਟਨਾ ਬਾਰੇ ਮੇਰੇ ਤੇ ਕਈ ਸਵਾਲ ਕੀਤੇ। ਮੈਂ ਇਸ ਬਾਰੇ ਕੀ ਆਖ ਸਕਦਾ ਹਾਂ! ਹਾਂ, ਏਨਾ ਹੀ ਆਖਿਆ ਕਿ ਬਈ ਉਹ ਮੁਕਤਹਿਰੇ ਖਾ ਕੇ ਵੀ ਮੁਅਫ਼ੀਆਂ ਮੰਗੀ ਜਾ ਰਹੇ ਹਨ। ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਤੋਂ ਪਾਠ ਕਰਵਾਉਣ ਵਾਲ਼ੇ ਉਹਨਾਂ ਦੀ ਸਹਾਇਤਾ ਲਈ ਨਹੀਂ ਅੱਗੇ ਆ ਰਹੇ। ਫਿਰ ਸਰਕਾਰ ਆਪਣੇ ਸ਼ਹਿਰੀਆਂ ਨੂੰ ਇਸ ਮਾਰ ਤੋਂ ਬਚਾਉਣ ਲਈ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ। ਅਸੀਂ ਬਾਹਰ ਬੈਠੇ ਬੇਅਰਥ ਰੌਲ਼ਾ ਪਾਈ ਜਾਈਏ ਇਸ ਦਾ ਕੀ ਤੇ ਕਿਸ ਨੂੰ ਲਾਭ ਹੈ! ਤਰਨ ਤਾਰਨ ਦੀ ਸੜਕ ਉਪਰ ਇੱਕ ਲੜਕੀ ਨੂੰ ਪੁਲਿਸ ਨੇ ਡੰਡੇ ਮਾਰੇ। ਹਾਈ ਕੋਰਟ ਨੇ ਖ਼ੁਦ ਦਖ਼ਲ ਦੇ ਕੇ ਦੋਸ਼ੀਆਂ ਤੇ ਮੁਕੱਦਮਾ ਚਲਵਾਇਆ। ਇਸ ਘਟਨਾ ਦੀ ਜਲ੍ਹਿਆਂ ਵਾਲ਼ੇ ਬਾਗ ਨਾਲ਼ ਤੁਲਨਾ ਕੀਤੀ। ਇਹ ਤਾਂ ਹਾਈ ਕੋਰਟ ਨੇ ਚੰਗੀ ਗੱਲ ਕੀਤੀ ਪਰ ਪਾਠੀ ਸਿੰਘਾਂ ਨਾਲ਼ ਹੋਏ ਅਜਿਹੇ ਧੱਕੇ ਦੇ ਖ਼ਿਲਾਫ਼ ਹਾਈ ਕੋਰਟ ਵੀ ਚੁੱਪ ਹੈ। ਇਹ ਕੁੱਝ ਕੁ ਧਰਵਾਸ ਵਾਲ਼ੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਨੇ ਇਸ ਦੁਰਘਟਨਾ ਦੀ ਪ੍ਰੋੜ੍ਹਤਾ ਕਰਨ ਦੀ ਬਜਾਇ ਇਸ ਨੂੰ ਗ਼ਲਤ ਆਖਿਆ।
ਇਹ ਵੱਖਰੀ ਗੱਲ ਹੈ ਕਿ ਨਵੰਬਰ ੧੯੮੪ ਵਿੱਚ ੭੨ ਘੰਟੇ ਸਾਰੇ ਹਿੰਦੁਸਤਾਨ ਵਿੱਚ ਦਿਨ ਦੀਵੀਂ ਬੇਦੋਸ਼ੇ ਸਿੱਖਾਂ ਦਾ ਕਤਲਾਮ ਹੁੰਦਾ ਰਿਹਾ ਪਰ ਹਾਈ ਕੋਰਟਾਂ ਤੇ ਸੁਪ੍ਰੀਮ ਕੋਰਟ ਦੇ ਸਾਰੇ ਜੱਜ ਪਤਾ ਨਹੀਂ ਕਿਸ ਕੁੰਭਕਰਨੀ ਨੀਂਦ ਵਿੱਚ ਪਏ ਰਹੇ! ਇਹਨਾਂ ਨੂੰ ਏਨਾ ਜ਼ੁਲਮ ਹੁੰਦਾ ਬਿਲਕੁਲ ਨਹੀਂ ਦਿਸਿਆ।
ਮੰਨ ਲਿਆ ਕਿ ਇਹ ਸੂਰਮੇ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਹੋਏ ਕਿਸੇ ਹੁਕਮਨਾਮੇ ਜਾਂ ਹਿਦਾਇਤਨਾਮੇ ਉਪਰ ਅਮਲ ਕਰਵਾਉਣ ਲਈ ਇਹ ਜ਼ੁਲਮੀ ਕਾਰਾ ਕਰ ਰਹੇ ਸਨ ਤਾਂ ਓਥੋਂ ਤਾਂ ਕਈ ਹੋਰ ਵੀ ਹੁਕਮਨਾਮੇ ਜਾਂ ਹਿਦਾਇਤਨਾਮੇ ਜਾਰੀ ਹੋ ਚੁੱਕੇ ਹਨ ਜਿਨ੍ਹਾਂ ਤੇ ਅਮਲ ਕਰਵਾਉਣਾ ਬੜਾ ਜਰੁਰੀ ਹੈ ਪਰ ਅਜੇ ਤੱਕ ਨਹੀਂ ਹੋ ਸਕਿਆ। ਸਭ ਤੋਂ ਪਹਿਲਾਂ ਸਿੱਖ ਵਿਦਵਾਨਾਂ ਵੱਲੋਂ ਦਹਾਕੇ ਲਾ ਕੇ ਤਿਆਰ ਕੀਤੀ ਗਈ ਸਿੱਖ ਰਹਿ ਮਰਯਾਦਾ, ਜੋ ਕਿ ਸਮੁਚੇ ਪੰਥ ਵਿੱਚ ਮਰਯਾਦਾ ਦੀ ਇਕਸਾਰਤਾ ਵਾਸਤੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਗਈ ਸੀ, ਉਸ ਉਪਰ ਇਹ ਸਤਿਕਾਰ ਕਮੇਟੀ ਦੇ ਯੋਧੇ ਅਮਲ ਕਰਦੇ ਹਨ? ਉਹਨਾਂ ਹੁਕਮਨਾਮਿਆਂ ਵਿਚੋਂ ਸਭ ਤੋਂ ਵਧ ਤਾਂ ਇਸ ਹੁਕਮਨਾਮੇ ਉਪਰ ਅਮਲ ਕਰਵਾਉਣਾ ਜਰੂਰੀ ਹੈ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਸਪੀਕਰ ਦੀ ਆਵਾਜ਼, ਗੁਰਦਆਰਾ ਸਾਹਿਬ ਦੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਕੀ ਪੰਜਾਬ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਅੰਦਰ ਇਸ ਉਪਰ ਹੁਣ ਤੱਕ ਅਮਲ ਹੋ ਸਕਿਆ ਹੈ! ਮੈਂ ਕੁੱਝ ਸਮੇ ਤੋਂ, ਸ੍ਰੀ ਅੰਮ੍ਰਿਤਸਰ ਦੀ ਯਾਤਰਾ ਦੌਰਾਨ, ਅੰਮ੍ਰਿਤਸਰ ਵੰਨ ਵਿੱਚ ਬਣੀ ਨਵੀਂ ਆਬਾਦੀ ਵਿੱਚ ਰੁਕਦਾ ਹਾਂ। ਓਥੇ ਸਵੇਰੇ ਸਵੇਰੇ ਚਾਰ ਗੁਰਦੁਆਰਾ ਸਾਹਿਬਾਨ ਦੇ ਸਪੀਕਰਾਂ ਤੋਂ ਕੰਨ ਪਾੜਵੀਂ ਆਵਾਜ਼ ਸੁਣਾਈ ਦਿੰਦੀ ਹੈ। ਮੈਂ ਆਪਣਾ ਨਿਤਨੇਮ ਵੀ ਨਹੀਂ ਕਰ ਸਕਦਾ। ਉਹਨਾਂ ਵਿਚੋਂ ਦੋ ਗੁਰਦੁਆਰਾ ਸਾਹਿਬਾਨ ਤਾਂ ਜੀ. ਟੀ. ਰੋਡ ਵਾਲੇ ਪੁਲ਼ ਦੇ ਬਿਲਕੁਲ ਨਾਲ਼ ਹਨ ਜਿਥੋਂ ਸਵੇਰੇ ਸਵੇਰੇ ਬੀਬੀਆਂ ਦੁਆਰਾ ਕੀਤੇ ਜਾ ਰਹੇ ਕੀਰਤਨ ਦੀ ਆਵਾਜ਼ ਸੁਣਦੀ ਹੈ। ਦੋ ਹੋਰ ਗੁਰਦੁਆਰਿਆਂ ਦੇ ਸਪੀਕਰ ਕੁੱਝ ਦੂਰੀ ਤੋਂ ਸੁਣਦੇ ਹਨ। ਇੱਕ ਸ਼ਾਮ ਨੂੰ ਆਬਾਦੀ ਵਿੱਚ ਸੈਰ ਕਰਦਿਆਂ, ਚਾਰ ਗੁਰਦੁਆਰਾ ਸਾਹਿਬਾਨ ਦੇ ਇਕੋ ਇੱਕ ਨੌਜਵਾਨ ਪ੍ਰਧਾਨ, ਸ. ਪਲਵਿੰਦਰ ਸਿੰਘ ਰਾਣਾ ਜੀ ਨਾਲ਼ ਮੁਲਾਕਾਤ ਹੋ ਗਈ। ਮੈਂ ਉਹਨਾਂ ਨੂੰ ਸਪੀਕਰਾਂ ਬਾਰੇ ਕੁੱਝ ਕਰਨ ਲਈ ਆਖਿਆ ਪਰ ਉਹਨਾਂ ਨੇ ਹੱਥ ਖੜ੍ਹੇ ਕਰ ਦਿਤੇ। ਬੋਲੇ ਕਿ ਇਸ ਮਸਲੇ ਬਾਰੇ ਕੁੱਝ ਨਹੀਂ ਕੀਤਾ ਜਾ ਸਕਦਾ। ਹਾਂ, ਏਨਾ ਉਹਨਾਂ ਨੇ ਇਕਰਾਰ ਕੀਤਾ ਕਿ ਉਹ ਗ੍ਰੰਥੀ ਸਿੰਘ ਜੀ ਨੂੰ ਬੇਨਤੀ ਕਰਨਗੇ ਕਿ ਉਹ ਸਵੇਰੇ ਪ੍ਰਕਾਸ਼ ਕਰਨ ਸਮੇ, ਮੁਖਵਾਕ ਤੋਂ ਬਾਅਦ ਸਪੀਕਰ ਜਰਾ ਹੌਲ਼ੀ ਕਰ ਦੇਣ ਪਰ ਇਸ ਉਪਰ ਵੀ ਅਮਲ ਨਹੀਂ ਹੋ ਸਕਿਆ। ਫਿਰ ਇੱਕ ਦਿਨ ਮੈਂ ਇੱਕ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਜੀ ਨੂੰ ਮਿਲ ਕੇ ਇਸ ਬਾਰੇ ਗੱਲ ਕੀਤੀ ਤਾਂ ਉਹ ਵੀ ਹੱਥ ਖੜ੍ਹੇ ਕਰ ਗਏ। ਦੱਸੋ ਬਈ ਇਹਨਾਂ ਸਪੀਕਰਾਂ ਰਾਹੀਂ ਬਾਣੀ ਕਿਸ ਨੂੰ ਸੁਣਾਈ ਜਾ ਰਹੀ ਹੈ ਤੇ ਇਸ ਨਾਲ਼ ਕਿਸ ਜੀਵ ਦਾ ਭਲਾ ਹੋ ਰਿਹਾ ਹੈ!
ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਆਪਣੇ ਅਧਿਕਾਰ ਵਾਲੇ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ। ਉਹ ਜਿਸ ਦੀ ਵੀ ਚਾਹੇ ਬੋਲਤੀ ਬੰਦ ਕਰ ਸਕਦਾ ਹੈ ਪਰ ਇਸ ਸਪੀਕਰਾਂ ਵਾਲ਼ੇ ਮਸਲੇ ਨੂੰ ਉਹ ਵੀ ਮਜ਼ਹਬੀ ਮਸਲਾ ਸਮਝ ਕੇ ਹੱਥ ਨਹੀਂ ਪਾਉਂਦਾ। ਇਹ ਸੂਰਮੇ ਇਸ ਹੁਕਮਨਾਮੇ ਉਪਰ ਅਮਲ ਕਰਵਾਉਣ ਲਈ ਕਿਉਂ ਨਹੀਂ ਕੁੱਝ ਕਰਦੇ!
ਫਿਰ ਇੱਕ ਪਿੰਡ ਵਿੱਚ ਇਕੋ ਗੁਰਦੁਆਰਾ ਹੋਵੇ। ਕਿਸੇ ਬਰਾਦਰੀ ਦੇ ਨਾਂ ਤੇ ਵੀ ਕੋਈ ਗੁਰਦੁਆਰਾ ਨਾ ਬਣੇ। ਸਾਰੀ ਸੰਗਤ ਇਕੋ ਗੁਰਦੁਆਰੇ ਵਿੱਚ ਹੀ ਮੱਥਾ ਟੇਕੇ ਅਤੇ ਬੈਠ ਕੇ ਦੀਵਾਨ ਸੁਣੇ। ਕੀ ਇਸ ਹੁਕਮਨਾਮੇ ਉਪਰ ਅਮਲ ਹੋ ਗਿਆ ਹੈ! ਜਾਂ ਇਸ ਪਾਸੇ ਕੋਈ ਕਿਸੇ ਵੱਲੋਂ ਉਦਮ ਕੀਤਾ ਜਾ ਰਿਹਾ ਹੈ!




.