.

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ

ਹਿੰਦੂ ਅੰਨਾੑ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ---875
ਹਿੰਦੂ ਦਾ ਵਿਸ਼ਵਾਸ ਹੈ ਕਿ ਪਰਮਾਤਮਾ ਮੰਦਰ ਵਿੱਚ ਰਹਿੰਦਾ ਹੈ ਤੇ ਇਸ ਕਰਕੇ ਉਹ ਮੰਦਰ ਨੂੰ ਪੂਜਦਾ ਹੈ। ਮੁਲਮਾਨ ਰੱਬ ਨੂੰ ਮਸੀਤ ਵਿੱਚ ਵਸਦਾ ਸਮਝਕੇ ਮਸੀਤ ਨੂੰ ਪੂਜਦਾ ਹੈ। ਇਹਨਾਂ ਦੋਨਾਂ ਨੂੰ ਇਹ ਗਿਆਨ ਨਹੀਂ ਕਿ ਰੱਬ ਸਰਵ ਵਿਆਪਕ ਹੈ, ਘਟ-ਘਟ ਵਿੱਚ ਵਸਦਾ ਹੈ, ਉਹ ਮਸੀਤ ਜਾਂ ਮੰਦਰਾਂ ਵਿੱਚ ਕੈਦ ਨਹੀਂ ਹੈ। ਭਗਤ ਨਾਮ ਦੇਵ ਜੀ ਸਪਸ਼ਟ ਕਰਕੇ ਸਮਝਾਉਂਦੇ ਹਨ ਕਿ ਰੱਬ ਦੀ ਭਗਤੀ ਆਪਣੇ ਘਰ ਵਿੱਚ ਹੀ ਕੀਤੀ ਜਾ ਸਕਦੀ ਹੈ ਕਿਸੇ ਉਚੇਚੇ ਥਾਂ (ਮੰਦਰ- ਮਸੀਤ) ਜਾਣ ਦੀ ਲੋੜ ਨਹੀਂ। ਭਗਤ ਕਬੀਰ ਜੀ ਵੀ ਇਸ ਸਿਧਾਂਤ ਦੀ ਪੁਸ਼ਟੀ ਕਰਦੇ ਹਨ ਕਿ ਪਰਮਾਤਮਾ ਕਿਸੇ ਇਮਾਰਤ ਜਾਂ ਨਗਰੀ ਵਿੱਚ ਨਹੀਂ ਰਹਿੰਦਾ।
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥ 1॥
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥
ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥ 2॥
ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ॥
ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ॥ 3॥
ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ॥
ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ॥ 4॥
ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮਾੑਰੇ॥
ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ॥ 5॥
ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ॥
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ --- 1349
ਪ੍ਰੋਫੈਸਰ ਸਾਹਬਿ ਸਿੰਘ ਜੀ ਨੇ ਭਗਤ-ਬਾਣੀ ਸਟੀਕ ਵਿੱਚ ਇਸ ਸ਼ਬਦ ਦੇ ਇਹ ਅਰਥ ਲਿਖੇ ਹਨ। “ਜੇ (ਉਹ) ਇੱਕ ਖੁਦਾ (ਸਿਰਫ) ਮਸੀਤਿ ਵਿੱਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ) ? (ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)। ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿੱਚ ਸਮਝਦਾ ਹੈ; (ਇਸ ਤਰਾਂ ਹਿੰਦੂ ਮੁਸਲਮਾਣ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ। 1. ਹਿੰਦੂ ਅਖਦਾ ਹੈ ਕਿ ਹਰੀ ਦਾ ਨਿਵਾਸ ਦੱਖਣ ਦੇਸ ਵਿੱਚ (ਜਗਨ ਨਾਥ ਪੁਰੀ ਵਿਚ) ਹੈ, ਮੁਲਮਾਨ ਆਖਦਾ ਹੈ ਕਿ ਖੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ। (ਪਰ ਹੇ ਸੱਜਣ) ਆਪਣੇ ਦਿਲ ਵਿੱਚ (ਰੱਬ) ਨੂੰ ਭਾਲ, ਸਿਰਫ ਦਿਲ ਵਿੱਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਹੈ, ਉਸ ਦਾ ਮੁਕਾਮ ਹੈ। 2. ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ। ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ ਖਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ। 3. ਜੇ ਦਿਲ ਵਿੱਚ ਠੱਗੀ ਫਰੇਬ ਵਸਦਾ ਹੈ ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿੱਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿੱਚ ਜਾ ਕੇ ਸਿਜਦਾ ਕਰਨ ਦਾ ਫਾਇਦਾ ਹੈ, ਨਾਹ ਨਿਵਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦੇ ਹੱਜ ਕਨਨ ਦਾ ਕੋਈ ਗੁਣ ਹੈ। 4. --- ਕਬੀਰ ਆਖਦਾ ਹੈ- ਹੇ ਨਰ ਨਾਰੀਓ! ਸੁਣੋ, ਇੱਕ ਪਰਮਾਤਮਾ ਦੀ ਸ਼ਰਨ ਪਵੋ। (ਉਹੀ ਅੱਲਾਹ ਹੈ, ਉਹੀ ਰਾਮ ਹੈ) ਹੇ ਬੰਦਿਓ! ਸਿਰਫ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ ਸੰਸਾਰ-ਸਾਗਰ ਤੋਂ ਤਰ ਸਕੋਗੇ। 6.”
ਏਕ ਦਿਵਸ ਮਨ ਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ॥
ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ॥ 1॥
ਜਹਾ ਜਾਈਐ ਤਹ ਜਲ ਪਖਾਨ॥ ਤੂ ਪੂਰਿ ਰਹਿਓ ਹੈ ਸਭ ਸਮਾਨ॥
ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ 2॥
ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥
ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ---1195

ਭਗਤ ਰਾਮਾ ਨੰਦ ਜੀ ਸਮਝਾਉਂਦੇ ਹਨ ਕਿ ਮੰਦਰਾਂ ਵਿੱਚ ਪੂਜਾ ਕਰਨ ਨਾਲ ਅਤੇ ਤੀਰਥਾਂ ਦੇ ਇਸ਼ਨਾਨ ਨਾਲ ਪਾਪ ਤੇ ਮਨ ਦੇ ਭ੍ਰਮੁ ਭੁਲੇਖੇ ਦੂਰ ਨਹੀਂ ਹੁੰਦੇ। ਸਤਿਗੁਰਾਂ ਦਾ ਸ਼ਬਦ ਹੀ ਜਨਮ-ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਦਾ ਨਾਸ ਕਰਨ ਦੇ ਸਮਰੱਥ ਹੈ। ਉਹ ਕਹਿੰਦੇ ਹਨ ਕਿ ਇੱਕ ਦਿਨ ਮੇਰੇ ਮਨ ਵਿੱਚ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਇਆ। ਪਰ ਮੈਨੂੰ ਉਹ ਪਰਮਾਤਮਾ ਜਿਸ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦਾ ਸੀ ਮੇਰੇ ਗੁਰੂ ਨੇ ਮੇਰੇ ਮਨ ਵਿੱਚ ਵੱਸਦਾ ਹੀ ਵਿਖਾ ਦਿਤਾ ਤੇ ਮੈਂ ਮੰਦਰ ਨਹੀਂ ਗਿਆ। ਤੀਰਥਾਂ ਤੇ ਮੰਦਰਾਂ ਵਿੱਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਨਾ ਵਸਦਾ ਹੋਵੇ, ਪ੍ਰਭੂ ਤਾਂ ਘਟ-ਘਟ ਤੇ ਹਰ ਥਾਂ ਇੱਕੋ ਜਿਹਾ ਭਰਪੂਰ ਹੈ।
ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ---970
ਕਬੀਰ ਜੀ ਕਹਿੰਦੇ ਹਨ ਕਿ ਪੁੰਨਿਆ-ਮੱਸਿਆ, ਸੰਗ੍ਰਾਂਦ ਆਦਿ ਦਿਨ-ਦਿਹਾੜੇ ਤਾਂ ਪੰਿਡਤ-ਮੁਲਾਂ ਨੇ ਅਗਿਆਨੀ ਸਰਧਾਲੂਆਂ ਤੋਂ ਮਾਇਆ ਦੀ ਭੇਟਾ ਲੈਣ ਲਈ ਰਚੇ ਹਨ ਅਤੇ ਮੰਦਰ-ਮਸੀਤ ਵੀ ਇਹਨਾਂ ਨੇ ਆਪਣੀ ਰੋਟੀ-ਰੋਜ਼ੀ ਦੀ ਖਾਤਰ ਹੀ ਬਣਵਾਏ ਹਨ।
ਮਹਲਾ 3॥ ਪੰਡਿਤ ਭੁਲਿ ਭੁਲਿ ਮਾਇਆ ਵੇਖਹਿ
ਦਿਖਾ ਕਿਨੈ ਕਿਹੁ ਆਣਿ ਚੜਾਇਆ --- 513
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ---1246

ਗੁਰੂ ਅਮਰ ਦਾਸ ਜੀ ਸਮਝਾਉਂਦੇ ਹਨ ਕਿ ਪੰਡਤਿ ਮੁੜ-ਮੁੜ ਮਾਇਆ ਦੇ ਚੜਾਵੇ ਵਲ ਦੇਖਦਾ ਹੈ ਕਿਉਂਕਿ ਉਹ ਇਹ ਜਾਨਣਾ ਚਾਹੁੰਦਾ ਹੈ ਕਿ ਕਿਸ ਸ਼ਰਧਾਲੂ ਨੇ ਕਿੰਨੀ ਭੇਟਾ ਚੜ੍ਹਾਈ ਹੈ। ਉਹ ਮਾਇਆ ਕਮਾਉਂਣ ਲਈ ਹੀ ਵੇਦਾਂ ਦੇ ਪਾਠ ਕਰਦਾ ਹੈ। ਪੰਡਤਿ ਮੂਰਖ ਹਨ ਅਤੇ ਮਾਇਆ ਦੇ ਬਿਉਹਾਰੀ ਹੀ ਹਨ
ਮਹਲਾ 1॥ ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ---56
ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ---471
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ---662
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ
ਗੁਰੂ ਨਾਨਕ ਜੀ ਕਹਿੰਦੇ ਹਨ ਕਿ ਪੰਡਿਤਾਂ ਦਾ ਕਥਾ-ਕੀਰਤਨ ਮਾਇਆ ਦਾ ਵਾਪਾਰ ਹੈ। ਇਹ ਝੂਠ ਬੋਲ ਕੇ ਰੋਜ਼ੀ-ਰੋਟੀ ਕਮਾਉਂਦੇ ਹਨ। ਇਹਨਾਂ ਨੂੰ ਨਾਂ ਕੋਈ ਸ਼ਰਮ ਹੇ ਅਤੇ ਨਾਂ ਇਨ੍ਹਾਂ ਦਾ ਕੋਈ ਧਰਮ ਹੈ। ਕਾਜ਼ੀ ਵੀ ਝੂਠ ਬੋਲਦਾ ਹੈ। ਕਾਜ਼ੀ, ਬ੍ਰਾਹਮਣੁ ਤੇ ਜੋਗੀ, ਇਹ ਤਿੰਨੇ ਲੋਕਾਂ ਦੇ ਦੁਸ਼ਮਣ ਹਨ। ਇਹ ਬੇਸ਼ਰਮ ਹਨ। ਜਪੁਜੀ ਸਾਹਿਬ ਦੀ 21ਵੀਂ ਪਉੜੀ ਵਿੱਚ ਵੀ ਗੁਰੂ ਜੀ ਨੇ ਇਹਨਾਂ ਤਿੰਨਾਂ ਦੀ ਅਗਿਆਨਤਾ ਦਾ ਜ਼ਿਕਰ ਕੀਤਾ ਹੈ।
ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਿੱਖ-ਪੰਥ ਉਪਰ ਵੀ ਲਾਗੂ ਹੈ ਕਿ ਨਹੀਂ? ਇਸ ਦਾ ਉੱਤਰ ਤਾਂ ਗੁਰਦਵਾਰਾ ਪ੍ਰਬੰਧਕਾਂ ਨੂੰ ਦੇਣਾ ਹੀ ਚਾਹੀਦਾ ਹੈ। ਨਹੀਂ ਤਾਂ ਦੂਜੇ ਧਰਮਾਂ ਦੇ ਲੋਕ ਇਹ ਹੀ ਕਹਿਣਗੇ ਕਿ ਸਿੱਖਾਂ ਨੂੰ ਵੀ ਗੁਰੂ ਜੀ ਓਹੀ ਸਿੱਖਿਆ ਦੇਣਗੇ ਜੋ ਉਹ ਹੋਰਾਂ ਨੂੰ ਦਿੰਦੇ ਹਨ।
ਜੁਗਰਾਜ ਸਿੰਘ ਧਾਲੀਵਾਲ




.