.

ਤੁਹਾਡੀ ਸਲਾਹ ਸਿਰ ਮੱਥੇ ਪਰ ….

ਜਿਸ ਤਰ੍ਹਾਂ ਮੈਂ ਸੋਚਦਾ ਸੀ ਉਸ ਤਰ੍ਹਾਂ ਨਹੀਂ ਹੋਇਆ। ਗੁਰਬਾਣੀ ਦਾ ਇੱਕ ਫੁਰਮਾਣ ਹੈ, “ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ॥ ਪੰਨਾ 496॥ ਉਸੇ ਤਰ੍ਹਾਂ ਹੀ ਮੇਰੇ ਨਾਲ ਹੋਈ ਹੈ। ਮੈਂ ਤਾਂ ਸੋਚਦਾ ਸੀ ਕਿ ਇੱਕ ਦੋ ਸੱਜਣ ਥੋੜਾ ਜਿਹਾ ਲਿਖਣਗੇ ਅਤੇ ਇੱਕ ਦੋ ਫੂਨ ਤੇ ਗੱਲ ਕਰਕੇ ਕਹਿਣਗੇ ਕਿ ਨਾ ਬੰਦ ਕਰ ਅੱਗੇ ਤੇਰੀ ਮਰਜ਼ੀ ਹੈ। ਅਤੇ ਜਾਂ ਫਿਰ ਕੁੱਝ ਕਹਿਣਗੇ ਕਿ ਜਾ ਦਫਾ ਹੋ ਪਰੇ ਤੇਰੇ ਵਰਗਿਆਂ ਦੀ ਸਿੱਖ ਧਰਮ ਨੂੰ ਲੋੜ ਹੀ ਕੋਈ ਨਹੀਂ। ਹੋ ਸਕਦਾ ਹੈ ਕਿ ਬਹੁਤੇ ਆਪਣੇ ਮਨੋਂ ਇਸ ਤਰ੍ਹਾਂ ਕਹਿੰਦੇ ਵੀ ਹੋਣਗੇ ਅਤੇ ਹੋਰ ਕਿਸੇ ਥਾਵਾਂ ਤੇ ਲਿਖਿਆ ਵੀ ਹੋਵੇ। ਪਰ ਜੋ ਹਾਂ ਪੱਖੀ ਹੁੰਘਾਰਾ ‘ਸਿੱਖ ਮਾਰਗ’ ਨੂੰ ਪੜ੍ਹਨ/ਲਿਖਣ ਵਾਲਿਆਂ ਨੇ ਦਿੱਤਾ ਹੈ ਉਸ ਸਾਰੇ ਕੁੱਝ ਨੂੰ ਰੱਦ ਕਰਕੇ ਪਰੇ ਸੁੱਟਣਾ ਮੇਰੇ ਲਈ ਮੁਸ਼ਕਲ ਹੋ ਗਿਆ ਹੈ। ਇਸ ਲਈ ਤੁਹਾਡੇ ਵਲੋਂ ਦਿੱਤੇ ਮਾਣ ਸਤਿਕਾਰ ਦੇ ਕਾਰਨ ਮਨ ਤੇ ਬੋਝ ਜਿਹਾ ਬਣ ਗਿਆ ਹੈ। ਹੁਣ ਕਰਾਂ ਤਾਂ ਕੀ ਕਰਾਂ ਬਸ ਇਸੇ ਉਲਝਣ ਵਿੱਚ ਹੀ ਕਈ ਦਿਨਾਂ ਦਾ ਮਨ ਫਸਿਆ ਹੋਇਆ ਸੀ ਅਤੇ ਅਖੀਰ ਤੇ ਮਨ ਨਾਲ ਵੀ ਸਮਝੌਤਾ ਕਰਨਾ ਪਿਆ ਅਤੇ ਤੁਹਾਡੇ ਸਾਰਿਆਂ ਦੇ ਸੁਝਾਵਾਂ/ਵਿਚਾਰਾਂ/ਬੇਨਤੀਆਂ ਨਾਲ ਵੀ। ਇਸ ਲਈ ਸਮਝੌਤਾ ਇਹੀ ਠੀਕ ਲੱਗਿਆ ਕਿ ਤੁਹਾਡਾ ਮਾਣ ਸਤਿਕਾਰ ਵੀ ਕਾਇਮ ਰੱਖਾਂ ਅਤੇ ਆਪਣੇ ਮਨ ਦਾ ਹੱਠ ਵੀ ਕੁੱਝ ਪੂਰਾ ਕਰਾਂ। ਉਹ ਸਮਝੌਤਾ ਇਹ ਹੋਇਆ ਕਿ ‘ਸਿੱਖ ਮਾਰਗ’ ਨੂੰ ਪੱਕੇ ਤੌਰ ਤੇ ਨਹੀਂ ਇੱਕ ਮਹੀਨੇ ਲਈ ਬੰਦ ਰੱਖਾਂ ਭਾਵ ਕਿ ਇੱਕ ਜੁਲਾਈ ਤੱਕ। ਹਾਂ ਜੀ ਇੱਕ ਜੁਲਾਈ 2015 ਤੱਕ। ਇਸ ਤਰ੍ਹਾਂ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਜੇ ਕਿਸੇ ਕਾਰਨ ਤੁਸੀਂ ਸਾਰੇ ਹੀ ਮੈਨੂੰ ਛੇਕ ਦਿਉਂ ਤਾਂ ਮੈਂ ਕਿੰਜ ਮਹਿਸੂਸ ਕਰਾਂਗਾ? ਇਸ ਲਈ ਤੁਸੀਂ ਚਾਰ ਕੁ ਹਫਤੇ ਆਪਣੀਆਂ ਲਿਖਤਾਂ ਲਿਖਦੇ ਰਹੋ ਫਿਰ ਉਹ ਭੇਜਦੇ ਰਹਿਣਾ। ਇਹ ਤਾਂ ਕੋਈ ਬਹੁਤਾ ਲੰਮਾ ਸਮਾ ਨਹੀਂ ਹੈ।

ਪਿਛਲੇ ਹਫਤੇ ਮੈਂ ਜੋ ਲੇਖ ਲਿਖਿਆ ਸੀ ਜੇ ਕਰ ਕਿਸੇ ਪਾਠਕ ਨੇ ਉਸ ਲੇਖ ਨੂੰ ਕਿਤੇ ਕਾਪੀ ਪੇਸਟ ਕਰਕੇ ਪਾਇਆ ਹੋਵੇ ਜਾਂ ਉਂਜ ਹੀ ਆਪਣੇ ਲਈ ਕਿਤੇ ਸੇਵ ਕੀਤਾ ਹੋਵੇ ਤਾਂ ਉਸ ਵਿੱਚ ਪਹਿਲਾਂ ਜਹਾਂਗੀਰ ਦੀ ਥਾਂ ਤੇ ਸ਼ਾਹਜਹਾਨ ਲਿਖਿਆ ਗਿਆ ਸੀ ਜਿਹੜਾ ਕਿ ਸੋਮਵਾਰ ਦੂਸਰੇ ਦਿਨ ਠੀਕ ਕਰ ਦਿੱਤਾ ਸੀ। ਉਸ ਲੇਖ ਦਾ ਹਾਂ ਪੱਖੀ ਹੁੰਘਾਰਾ ਤਾਂ ਬਹੁਤਿਆਂ ਨੇ ਦਿੱਤਾ ਹੈ ਪਰ ਇੱਕ ਦੋ ਨੇ ਨਾਂਹ ਪੱਖੀ ਵੀ ਦਿੱਤਾ ਹੈ। ਅਸਲ ਵਿੱਚ ਪੂਰਾ ਨਾਂਹ ਪੱਖੀ ਤਾਂ ਇੱਕ ਦਾ ਹੀ ਹੈ ਅਤੇ ਦੂਸਰੇ ਦਾ 50% ਹਾਂ ਨਾਂਹ ਵਿੱਚ ਹੈ। ਇਹਨਾ ਦੋਹਾਂ ਦੀਆਂ ਲਿਖਤਾਂ ਹੁਣ ਕਿਸੇ ਕਾਰਨ ‘ਸਿੱਖ ਮਾਰਗ’ ਤੇ ਨਹੀਂ ਛਪਦੀਆਂ ਅਤੇ ਉਸ ਅੱਧੀ ਕੁ ਸਹਿਮਤੀ ਵਾਲੇ ਦਾ ਇੱਕ ਪੈਰਾ ਕਾਪੀ ਪੇਸਟ ਕਰ ਰਿਹਾ ਹਾਂ ਜੋ ਇਸ ਤਰ੍ਹਾਂ ਹੈ:

“ਅਜੋਕੇ ਸਿੱਖਾਂ ਬਾਬਤ ਮੇਰਾ ਵਿਚਾਰ ਤੁਹਾਡੇ ਵਿਚਾਰ ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਪਰ ਗੁਰਮਤਿ ਪ੍ਰਤੀ ਤੁਹਾਡੀ ਪਹੁੰਚ ਅਤੇ ਸਮਝ ਨਾਲ ਮੈਂ ਬਹੁਤ ਘੱਟ ਸਹਿਮਤ ਹਾਂ। ਪਰ ਫਿਰ ਵੀ ਆਪਣੀ ਸਮਝ ਦੇ ਗ਼ਲਤ ਅਤੇ ਅਧੂਰੀ ਹੋਣ ਦੀ ਹਮੇਸ਼ਾ ਗੁੰਜਾਇਸ਼ ਰੱਖਦਾ ਹਾਂ। ਜੇ ਗੁੰਜਾਇਸ਼ ਨਾ ਵੀ ਰੱਖਾਂ ਤਾਂ ਵੀ ਇਹ ਰਹਿੰਦੀ ਅਤੇ ਅਟੱਲ ਰਹਿਣੀ ਹੈ”।

ਜਿਹਨਾ ਦੀ ਸੋਚਣੀ ਮੁਤਾਬਕ ਸਹੇ ਦੀਆਂ ਲੱਤਾਂ ਤਿੰਨ ਹੀ ਰਹਿਣੀਆਂ ਹਨ ਉਹਨਾ ਬਾਰੇ ਕੁੱਝ ਕਹਿਣਾ ਆਪਣਾ ਸਮਾ ਬਰਬਾਦ ਕਰਨਾ ਹੈ ਕਿਉਂਕਿ ਉਹ ਗੱਲ ਨੂੰ ਮਰੋੜਨ ਵਿੱਚ ਬਹੁਤ ਮਾਹਰ ਹੁੰਦੇ ਹਨ। ਜੇ ਕਰ ਅਜਿਹੇ ਬੰਦੇ 100% ਵੀ ਗਲਤ ਲਿਖਣ ਅਤੇ ਕਈ ਵਾਰੀ ਲਿਖਦੇ ਵੀ ਹਨ, ਤਾਂ ਵੀ ਅਜਿਹੇ ਬੰਦਿਆਂ ਨੂੰ ਇਗਨੋਰ/ਨਜ਼ਰ ਅੰਦਾਜ਼ ਕਰਨਾ ਹੀ ਚੰਗਾ ਰਹਿੰਦਾ ਹੈ। ਉਂਜ ਅਜਿਹੇ ਬੰਦਿਆਂ ਬਾਰੇ ਬਹੁਤੇ ਸਿੱਖ ਪਹਿਲਾਂ ਤੋਂ ਹੀ ਜਾਣੂੰ ਹੁੰਦੇ ਹਨ।

ਜਿਹਨਾ ਪਾਠਕਾਂ/ਲੇਖਕਾਂ ਨੇ ਚਿੱਠੀਆਂ ਲਿਖੀਆਂ ਹਨ ਉਹ ਤਾਂ ਤੁਸੀਂ ਸਾਰਿਆਂ ਨੇ ਪੜ੍ਹ ਹੀ ਲਈਆਂ ਹਨ। ਕਈਆਂ ਨੇ ਨਾ ਪਉਣ ਲਈ ਕਿਹਾ ਸੀ ਅਤੇ ਨਹੀਂ ਪਾਈਆਂ। ਇਹਨਾ ਚਿੱਠੀਆਂ ਤੋਂ ਇਲਾਵਾ ਕਈ ਪਾਠਕਾਂ/ਲੇਖਕਾਂ ਦੇ ਕਨੇਡਾ, ਅਮਰੀਕਾ ਅਤੇ ਇੰਡੀਆ ਤੋਂ ਵੀ ਫੂਨ ਆਏ ਹਨ। ਉਹਨਾ ਦੇ ਵਿਚਾਰ ਵੀ ਲੱਗ-ਭੱਗ ਇਸੇ ਤਰ੍ਹਾਂ ਦੇ ਸਨ। ਜੇ ਕਰ ਮੈਂ ਦੱਸਣ ਲੱਗਾਂ ਤਾਂ ਆਪਣੀ ਵਡਿਆਈ ਆਪ ਹੀ ਕਰਨ ਵਾਲੀ ਗੱਲ ਬਣ ਜਾਂਦੀ ਹੈ। ਉਂਜ ਮੈਂ ਆਪਣੀ ਵਡਿਆਈ ਸੁਣਨ ਦਾ ਆਦੀ ਨਹੀਂ ਹਾਂ। ਜਦੋਂ ਕਦੀ ਵੀ ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਥਾਈਲੈਂਡ ਵਾਲਿਆਂ ਨਾਲ ਫੂਨ ਤੇ ਗੱਲ ਹੁੰਦੀ ਹੈ ਜਿਹੜਾ ਕਿ ਬਹੁਤੀ ਵਾਰੀ ਉਹ ਆਪ ਹੀ ਕਰਦੇ ਹਨ ਜੇ ਨਾ ਮਿਲਾਂ ਤਾਂ ਸੁਨੇਹਾ ਛੱਡ ਦਿੰਦੇ ਹਨ। ਉਹ ਹਰ ਵਾਰੀ ਗੱਲ ਕਰਨ ਵੇਲੇ ‘ਸਿੱਖ ਮਾਰਗ’ ਦੀ ਸਿਫਤ ਕਰਨੀ ਨਹੀਂ ਭੁੱਲਦੇ ਤੇ ਮੈਂ ਉਹਨਾ ਦੀ ਕਹੀ ਗੱਲ ਨੂੰ ਬਹੁਤ ਘਟਾ ਕੇ ਦੇਖਦਾ ਹੁੰਦਾ ਸੀ ਕਿ ਉਹ ਸ਼ਾਇਦ ਮਸਾਲਾ ਲਾ ਕੇ ਗੱਲ ਕਰਦੇ ਹਨ। ਜਦੋਂ ਮੈਂ ਕਹਿਣਾ ਕਿ ਹੁਣ ਤਾਂ ਹੋਰ ਬਹੁਤ ਸਾਈਟਾਂ ਹਨ ਅਤੇ ਸ਼ੋਸ਼ਲ ਮੀਡੀਆ ਵੀ ਬਹੁਤ ਹੈ ਤਾਂ ਉਹਨਾ ਦਾ ਇਹੀ ਜਵਾਬ ਹੁੰਦਾ ਸੀ ਕਿ ਜੋ ਪਹਿਲ ‘ਸਿੱਖ ਮਾਰਗ’ ਨੇ ਕੀਤੀ ਹੈ ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਈ ਅਤੇ ਉਹ ਇਹ ਵੀ ਕਹਿੰਦੇ ਰਹਿੰਦੇ ਹਨ ਕਿ ਮੈਂ ਤਾਂ ਸਾਰੀ ਦੁਨੀਆ ਵਿੱਚ ਵਿਚਰ ਕੇ ਦੇਖਿਆ ਹੈ ਕਿ ਬਹੁਤ ਸਾਰੇ ਸਿੱਖ ‘ਸਿੱਖ ਮਾਰਗ’ ਨੂੰ ਪੜ੍ਹ ਕੇ ਹੀ ਸਿੱਖ ਬਣੇ ਹਨ। ਹੁਣ ਜਦੋਂ ਕਈਆਂ ਦੇ ਫੂਨ ਆਏ ਅਤੇ ਦੱਸਿਆ ਕਿ ਉਹ ਇੱਥੋਂ ਪੜ੍ਹ ਕੇ ਹੀ ਸਿੱਖ ਬਣੇ ਹਨ ਤਾਂ ਯਕੀਨ ਕਰਨਾ ਪਿਆ ਕਿ ਉਹ ਠੀਕ ਹੀ ਕਹਿੰਦੇ ਹੋਣਗੇ। ਅੱਜ ਐਤਵਾਰ ਇਹ ਲੇਖ ਲਿਖਦੇ ਸਮੇ ਇੰਗਲੈਂਡ ਤੋਂ ਇੱਕ ਗੁਰਮੁਖ ਪਿਆਰੇ ਦਾ ਫੂਨ ਆਇਆ ਜਿਹੜਾ ਕਿ ਇੱਕ ਗੁਰਦੁਆਰੇ ਦੀ ਪ੍ਰਬੰਧਕੀ ਟੀਮ ਵਿੱਚ ਸੀ। ਉਸ ਦਾ ਕਹਿਣਾ ਸੀ ਕਿ ਅਸੀਂ ਹਰ ਮਹੀਨੇ ਇੱਕ ਲੇਖ ‘ਸਿੱਖ ਮਾਰਗ’ ਤੋਂ ਪਰਿੰਟ ਕਰਕੇ ਸੰਗਤਾਂ ਨੂੰ ਜ਼ਰੂਰ ਵੰਡਦੇ ਹਾਂ ਅਤੇ ਜੇ ਕਰ ‘ਸਿੱਖ ਮਾਰਗ’ ਬੰਦ ਹੋ ਗਿਆ ਤਾਂ ਸਾਡੇ ਲਈ ਮੁਸ਼ਕਲ ਹੋ ਜਾਵੇਗੀ।

ਪਿਛਲੇ ਹਫਤੇ 24 ਮਈ ਨੂੰ ਮੈਂ ਜੋ ਲੇਖ ਲਿਖਿਆ ਸੀ ਉਸ ਦੀ ਬਹੁਤਿਆਂ ਨੂੰ ਤਾਂ ਸਮਝ ਆ ਗਈ ਸੀ ਅਤੇ ਕਈਆਂ ਨੂੰ ਸ਼ਾਇਦ ਨਾ ਵੀ ਆਈ ਹੋਵੇ ਇਸ ਲਈ ਥੋੜਾ ਜਿਹਾ ਹੋਰ ਸਪਸ਼ਟ ਕਰਨ ਦੀ ਗੱਲ ਕਰਦਾ ਹਾਂ। ਦੁਨੀਆ ਭਰ ਵਿੱਚ ਬੈਠੇ ਸਿੱਖ ਜਿਹੜੇ ਕਿ ਆਪਣੇ ਆਪ ਨੂੰ ਜਾਗਰੂਕ ਅਖਵਾਉਂਦੇ ਹਨ ਅਤੇ ਵੱਡੀਆਂ-ਵੱਡੀਆਂ ਡਿਗਰੀਆਂ ਵਾਲੇ ਵਿਦਵਾਨ ਜਿਹੜੇ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ ਅਤੇ ਸਮਝਦੇ ਹਨ ਕਿ ਅਜਿਹੀ ਘਟੀਆ ਅਤੇ ਗੰਦੀ ਲਿਖਤ ਮੇਰੇ ਗੁਰੂ ਦੀ ਨਹੀਂ ਹੋ ਸਕਦੀ। ਮੇਰਾ ਖਿਆਲ ਹੈ ਕਿ ਇਹ ਸਾਰੇ ਦਿਲੋਂ ਮਹਿਸੂਸ ਕਰਦੇ ਹੋਣਗੇ ਕਿ ਇਸ ਨੂੰ ਆਪਣੇ ਗੁਰੂ ਨਾਲ ਜੋੜਨਾ ਗੁਰੂ ਨਿੰਦਕ ਬਣਨ ਦੇ ਤੁਲ ਹੈ। ਪਰ ਜਦੋਂ ਅਗਾਂਹ ਦਾ ਸਟੈਪ ਚੁੱਕਣਾ ਪੈਂਦਾ ਹੈ ਤਾਂ ਤਕਰੀਬਨ ਸਾਰੇ ਹੀ ਦੋਗਲੇ ਬਣ ਜਾਂਦੇ ਹਨ। ਕਹਿਣ ਤੋਂ ਭਾਵ ਕਿ ਸੱਚ ਬੋਲਣ ਤੋਂ ਝਿਜਕ ਜਾਂਦੇ ਹਨ। ਉਂਜ ਸਾਰੇ ਹੀ ਦਾਹਵਾ ਇਹ ਕਰਦੇ ਹਨ ਕਿ ਅਸੀਂ ਸੱਚ ਬੋਲਦੇ ਹਾਂ ਅਤੇ ਅਸੀਂ ਗੁਰੂ ਦੇ ਸੱਚੇ ਸਿੱਖ ਹਾਂ। ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਹਾਂ। ਚੰਡੀਗੜ੍ਹ ਵਿੱਚ ਇੱਕ ਵਿਦਵਾਨ ਰਹਿੰਦਾ ਹੈ ਜਿਹੜਾ ਕਿ ਭਿੰਡਰਾਂਵਾਲੇ ਸਾਧ ਦਾ ਬਹੁਤ ਸ਼ਰਧਾਲੂ ਹੈ। ਇੱਕ ਵੀਡੀਓ ਕਲਿਪ ਦੇਖਣ ਤੋਂ ਪਤਾ ਲੱਗਾ ਸੀ ਕਿ ਉਸ ਨੇ ਇਸ ਸਾਧ ਦੀ ਇੱਕ ਵੱਡ ਅਕਾਰੀ ਫੋਟੋ ਵੀ ਆਪਣੇ ਘਰੇ ਲਾਈ ਹੋਈ ਹੈ। ਇਹ ਵਿਦਵਾਨ ਜੀ ਦਸਮ ਗ੍ਰੰਥ ਨੂੰ ਇੱਕ ਗੰਦ ਦਾ ਟੋਕਰਾ ਕਹਿੰਦੇ ਰਹੇ ਹਨ, ਸ਼ਾਇਦ ਹੁਣ ਵੀ ਕਹਿੰਦੇ ਹੋਣ ਪਤਾ ਨਹੀਂ। ਜਦੋਂ ਕਦੀ ਇਸ ਵਿਦਵਾਨ ਜੀ ਨੂੰ ਮੀਡੀਏ ਵਾਲੇ ਸਵਾਲ ਕਰਦੇ ਹਨ ਕਿ ਤੁਸੀਂ ਤਾਂ ਦਸਮ ਗ੍ਰੰਥ ਨੂੰ ਰੱਦ ਕਰਦੇ ਹੋ ਪਰ ਜਿਸ ਸਾਧ ਨੂੰ ਤੁਸੀਂ ਮਹਾਨ ਕਹਿੰਦੇ ਹੋ ਉਹ ਤਾਂ ਸਾਰੇ ਦਸਮ ਗ੍ਰੰਥ ਨੂੰ ਦਸਮ ਪਾਤਸ਼ਾਹ ਦੀ ਬਾਣੀ ਮੰਨਦਾ ਸੀ ਤਾਂ ਇਹ ਵਿਦਵਾਨ ਜੀ ਸੱਚ ਬੋਲਣ ਤੋਂ ਝਿਜਕ ਜਾਂਦੇ ਹਨ ਅਤੇ ਗੱਲ ਨੂੰ ਗੋਲ-ਮੋਲ ਕਰਕੇ ਜਵਾਬ ਦਿੰਦੇ ਹਨ। ਇਹੀ ਹਾਲ ਸਾਰੇ ਜਾਗਰੂਕ ਸਿੱਖਾਂ ਦਾ ਅਤੇ ਵਿਦਵਾਨਾ ਦਾ ਹੈ। ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕਿਸੇ ਨੇ ਇਹ ਗੱਲ ਠੋਕ ਵਜਾ ਕੇ ਕਹੀ ਹੋਵੇ ਕਿ ਉਸ ਨੂੰ ਗੁਰਮਤਿ ਦੀ ਬਹੁਤੀ ਸੂਝ ਨਹੀਂ ਸੀ ਅਤੇ ਜਿਸ ਡੇਰੇ ਵਿਚੋਂ ਉਹ ਸਾਰਾ ਕੁੱਝ ਸਿੱਖ ਕੇ ਆਇਆ ਹੈ ਉਥੇ ਗੁਰਮਤਿ ਘੱਟ ਅਤੇ ਬਿਪਰਵਾਦ ਜ਼ਿਆਦਾ ਪੜ੍ਹਾਇਆ ਜਾਂਦਾ ਹੈ। ਹਾਂ ਇਸ ਡੇਰੇ ਵਿੱਚ ਸ਼ੁੱਧ ਪਾਠ ਕਰਨਾ ਜਰੂਰ ਸਿਖਾਇਆ ਜਾਂਦਾ ਹੋਵੇਗਾ। ਇਸ ਡੇਰੇ ਵਿਚੋਂ ਹੀ ਪੜ੍ਹੇ ਬਹੁਤੇ ਗ੍ਰੰਥੀ ਲਗਦੇ ਹਨ ਅਤੇ ਫਿਰ ਤਰੱਕੀ ਪਾ ਕੇ ਕਥਿਤ ਜਥੇਦਾਰ ਬਣ ਜਾਂਦੇ ਹਨ। ਫਿਰ ਅਗਾਂਹ ਜੋ ਕੁੱਝ ਇਹ ਕਰਦੇ ਹਨ ਉਹ ਸਾਰਿਆਂ ਦੇ ਸਾਹਮਣੇ ਹੈ।

ਗੁਰਬਾਣੀ ਦਾ ਇੱਕ ਫੁਰਮਾਨ ਹੈ: ਵਰਮੀ ਮਾਰੀ ਸਾਪੁ ਨ ਮੂਆ॥ ਪੰਨਾ 1348॥ ਇਸ ਦਾ ਭਾਵ ਹੈ ਕਿ ਵਰਮੀ ਦੇ ਢਾਹੁਣ ਨਾਲ ਸੱਪ ਨਹੀਂ ਮਰਦਾ ਹੁੰਦਾ। ਜੇ ਕਰ ਦਸਮ ਗ੍ਰੰਥ ਦੇ ਗੰਦ ਤੋਂ ਖਹਿੜਾ ਛਡਾਉਣਾ ਹੈ ਤਾਂ ਪੰਥ ਦੋਖੀ ਬਣਨਾ ਪਵੇਗਾ ਗੁਰੂ ਨਿੰਦਕ ਨਹੀਂ। ਇਹ ਤੁਸੀਂ ਆਪ ਸੋਚਣਾ ਹੈ ਕਿ ਇਹਨਾ ਵਿਚੋਂ ਵੱਡਾ ਦੋਸ਼ੀ ਕੋਣ ਹੋ ਸਕਦਾ ਹੈ? ਪੰਥ ਦੋਖੀ ਜਾਂ ਗੁਰੂ ਨਿੰਦਕ? ਕੀ ਪੰਥ ਉਪਰ ਹੈ ਜਾਂ ਗੁਰੂ ਉਪਰ ਹੈ? ਕੀ ਗੁਰੂ ਨੇ ਪੰਥ ਬਣਾਇਆ ਜਾਂ ਪੰਥ ਨੇ ਗੁਰੂ ਬਣਾਇਆ? ਤੁਹਾਡੇ ਕਹੇ ਜਾਂਦੇ ਪੰਥ ਤੇ ਤਾਂ ਇਹਨਾ ਡੇਰਿਆਂ ਵਿਚੋਂ ਪੜ੍ਹ ਕੇ ਆਏ ਦਸਮ ਗ੍ਰੰਥੀਆਂ ਦਾ ਹੀ ਕਬਜਾ ਹੈ। ਇਹਨਾ ਦਾ ਸਾਰਾ ਜੋਰ ਤਾਂ ਹੁਣ ਦਸਮ ਗ੍ਰੰਥ ਅਤੇ ਹੋਰ ਮਨਮਤੀ ਪੁਸਤਕਾਂ ਨੂੰ ਗੁਰੂ ਗ੍ਰੰਥ ਦੇ ਬਰਾਬਰ ਲਿਆਉਣ ਤੇ ਲੱਗਾ ਹੋੲਆ ਹੈ। ਇਹ ਸਿੱਖਾਂ ਨੂੰ ਬਾਣੀ ਨਾਲੋਂ ਤੋੜ ਕੇ ਇਹਨਾ ਮਨਮਤੀ ਗ੍ਰੰਥਾਂ ਨਾਲ ਜੋੜ ਰਹੇ ਹਨ। ਇਸ ਵਿੱਚ ਇਹ ਬਹੁਤ ਤੇਜੀ ਨਾਲ ਅੱਗੇ ਵਧ ਰਹੇ ਹਨ। ਦਸਮ ਗ੍ਰੰਥ ਨੂੰ ਕਈ ਥਾਂਵਾਂ ਤੇ ਨਾਲ ਪ੍ਰਕਾਸ਼ ਕਰਨਾ ਅਰੰਭਿਆ ਜਾ ਚੁੱਕਾ ਹੈ। ਇਸ ਦੇ ਅਖੰਡਪਾਠ ਵੀ ਹੋ ਰਹੇ ਹਨ ਅਤੇ ਇਸ ਦੀ ਮਰਯਾਦਾ ਵੀ ਇਸ ਭਿੰਡਰਾਂਵਾਲੇ ਡੇਰੇ ਦੀ ਕਿਤਾਬ ਵਿੱਚ ਲਿਖੀ ਹੋਈ ਹੈ। ਪੜ੍ਹਨ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਕਈ ਗੁਰਦੁਰਿਆਂ ਵਿੱਚ ਗੁਰਬਾਣੀ ਦੀ ਕਥਾ ਬੰਦ ਕਰਵਾ ਕੇ ਸੂਰਜ ਪ੍ਰਕਾਸ਼ ਅਤੇ ਹੋਰ ਕਈ ਮਨਮਤੀ ਗ੍ਰੰਥਾਂ ਦੀ ਕਥਾ ਅਰੰਭ ਹੋ ਚੁੱਕੀ ਹੈ। ਇਸ ਡੇਰੇ ਵਿਚੋਂ ਪੜ੍ਹ ਕੇ ਆਇਆ ਵੇਦਾਂਤੀਂ, ਗੁਰੁ ਨਿੰਦਕ ਪੁਸਤਕ ਗੁਰ ਬਿਲਾਸ ਪਾ: ਛੇਵੀਂ ਦੀ ਸੰਪਾਦਨਾ ਕਰਕੇ ਇਸ ਦੀ ਕਥਾ ਮੁੜ ਗੁਰਦੁਆਰਿਆਂ ਵਿੱਚ ਸ਼ੁਰੂ ਕਰਵਾਉਣੀ ਚਾਹੁੰਦਾ ਸੀ ਜਿਹੜੀ ਕਿ ਇੱਕ ਬੁੱਢੇ ਪੁਲਸੀਏ ਕਾਲੇ ਅਫਗਾਨੇ ਨੇ ‘ਸਿੱਖ ਮਾਰਗ’ ਸਪੋਕਸਮੈਨ ਅਤੇ ਹੋਰ ਕੁੱਝ ਸਿੱਖਾਂ ਦੇ ਸਹਿਯੋਗ ਨਾਲ ਇਹ ਸ਼ਾਜਿਸ਼ ਸਫਲ ਨਹੀਂ ਸੀ ਹੋਣ ਦਿੱਤੀ।

ਹੁਣ ਤੱਕ ਜਿਤਨੇ ਵੀ ਹਮਲੇ ਸਿੱਖਾਂ ਤੇ ਹੋ ਚੁੱਕੇ ਹਨ ਜਾਂ ਧਮਕੀਆਂ ਮਿਲੀਆਂ ਹਨ ਇਹਨਾ ਵਿੱਚ 100% ਦਸਮ ਗ੍ਰੰਥੀਏ ਹੋਣਗੇ ਅਤੇ 99% ਇਸ ਭਿੰਡਰਾਂਵਾਲੇ ਸਾਧ ਦੇ ਚੇਲੇ। ਪ੍ਰੋ: ਇੰਦਰ ਸਿੰਘ ਘੱਗਾ ਤੇ ਹੁਣ ਤੱਕ ਕਿਤਨੇ ਹਮਲੇ ਹੋ ਚੁੱਕੇ ਹਨ ਅਤੇ ਕਈ ਵਾਰੀ ਗੰਭੀਰ ਸੱਟਾਂ ਵੀ ਲੱਗੀਆਂ ਹਨ। ਉਹਨਾ ਦਾ ਕਸੂਰ ਕੀ ਸੀ? ਇਹੀ ਸੀ ਕਿ ਇਹਨਾ ਦੇ ਕਥਿਤ ਬ੍ਰਹਮ ਗਿਆਨੀਆਂ ਦਾ ਝੂਠ ਨੰਗਾ ਕੀਤਾ ਸੀ ਭਾਵ ਕਿ ਲੋਕਾਂ ਨੂੰ ਸੱਚ ਕਿਉਂ ਦੱਸਿਆ ਸੀ। ਇੰਗਲੈਂਡ ਵਿੱਚ ਤਾਂ ਘੱਗੇ ਤੇ ਹਮਲਾ ਕਰਨ ਆਏ ਇਹ ਦਸਮ ਗ੍ਰੰਥੀਏ ਸਾਧ ਦੇ ਚੇਲੇ ਵਿਚਾਰੇ ਜਸਵੀਰ ਸਿੰਘ ਦੀਆਂ ਲੱਤਾਂ ਤੋੜ ਗਏ ਸੀ। ਉਹਨਾ ਦਾ ਕਸੂਰ ਵੀ ਕੋਈ ਸੱਚੀ ਗੱਲ ਕਰਨਾ ਹੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਪ੍ਰੋ: ਦਰਸ਼ਨ ਸਿੰਘ ਅਤੇ ਪ੍ਰੋ: ਧੁੰਦਾ ਤੇ ਹਮਲੇ ਹੋਏ ਜਾਂ ਕਰਨ ਦੀ ਕੋਸ਼ਿਸ਼ ਕੀਤੀ। ਕਈ ਥਾਂਈ ਕਿਤਾਬਾਂ ਦੇ ਸਟਾਲ ਲਾਉਣ ਵਾਲਿਆਂ ਨੂੰ ਇਹਨਾ ਨੇ ਧਮਕਾਇਆ। ਸਿੱਖੀ ਲਹਿਰ ਟੋਰਾਂਟੋ ਦੇ ਗੁਰਦੁਆਰੇ ਵਿੱਚ ਤਾਂ ਇਹਨਾ ਨੇ ਲਹੂ ਲੁਹਾਣ ਵੀ ਕੀਤਾ। ਹਾਲੇ ਪਿਛਲੇ ਹਫਤੇ ਹੀ ਇਹ ਦਸਮ ਗ੍ਰੰਥੀਏ ਨਿਊਜ਼ੀਲੈਂਡ ਦੇ ਇੱਕ ਗੁਰਦੁਆਰੇ ਵਿੱਚ ਧਾੜਵੀ ਬਣ ਕੇ ਆਏ ਸੀ ਕਿ ਅਸੀਂ ਇੱਥੇ ਜ਼ਬਰੀ ਦਸਮ ਗ੍ਰੰਥ ਦਾ ਕੀਰਤਨ ਕਰਨਾ ਹੈ ਅਤੇ ਇਹਨਾ ਧਾੜਵੀਆਂ ਦੇ ਹੱਕ ਵਿੱਚ ਦੋ ਕਥਿਤ ਜਥੇਦਾਰਾਂ ਦੇ ਬਆਨ ਵੀ ਪੜ੍ਹਨ ਨੂੰ ਮਿਲੇ। ਹੋਰ ਪਤਾ ਨਹੀਂ ਕਿਤਨੇ ਕੁ ਸਿੱਖ ਹੋਣਗੇ ਜਿਹਨਾ ਨੂੰ ਇਹਨਾ ਦਸਮ ਗ੍ਰੰਥੀਆਂ ਭਿੰਡਰਾਂਵਾਲੇ ਸਾਧ ਦੇ ਚੇਲਿਆਂ ਨੇ ਧਮਕੀਆਂ ਦਿੱਤੀਆਂ ਹੋਣਗੀਆਂ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਾਗਰੂਕ ਕਹਿੰਦੇ ਸਿੱਖ ਦਸਮ ਗ੍ਰੰਥ ਨੂੰ ਵੀ ਰੱਦ ਕਰੀ ਜਾਂਦੇ ਹਨ, ਭਿੰਡਰਾਂਵਾਲੇ ਸਾਧ ਦੇ ਵੀ ਗੁਣ ਗਾਈ ਜਾਂਦੇ ਹਨ ਅਤੇ ਉਹਨਾ ਦੇ ਚੇਲਿਆਂ ਤੋਂ ਧਮਕੀਆਂ ਅਤੇ ਕੁੱਟਾਂ ਵੀ ਖਾਈ ਜਾਂਦੇ ਹਨ। ਨਾਲੋ ਨਾਲ ਇਹ ਵੀ ਦੁਹਾਈ ਪਾਈ ਜਾਂਦੇ ਹਨ ਕਿ ਸਾਡੇ ਤਖ਼ਤਾਂ ਤੇ ਅਸਿੱਧੇ ਤੌਰ ਤੇ ਆਰ. ਐੱਸ. ਐੱਸ. ਦਾ ਕਬਜ਼ਾ ਹੈ ਅਤੇ ਇਹਨਾ ਨੂੰ ਸਰਵਉਚ ਵੀ ਮੰਨੀ ਜਾਂਦੇ ਹਨ। ਇਸ ਤਰ੍ਹਾਂ ਦਾ ਸਾਰਾ ਵਰਤਾਰਾ ਦੇਖ ਕੇ ਮੈਂ ਸੋਚਿਆ ਸੀ ਕਿ ਕਿਉਂ ਆਪਣਾ ਸਮਾ ਖਰਾਬ ਕਰਨਾ ਹੈ 20 ਸਾਲ ਲਾ ਕੇ ਦੇਖ ਲਏ ਹਨ। ਸਿੱਖਾਂ ਨੇ ਨਾ ਕੋਈ ਅਕਲ ਸਿੱਖਣੀ ਹੈ, ਨਾ ਕੋਈ ਅਕਲ ਦੀ ਗੱਲ ਕਰਨੀ ਹੈ ਅਤੇ ਨਾ ਹੀ ਸੱਚ ਬੋਲਣ ਦੀ ਹਿੰਮਤ ਕਰਨੀ ਹੈ। ਬੱਸ ਇਕੋ ਰੱਟ ਲਾਈ ਰੱਖਣੀ ਹੈ ਅਤੇ ਰੱਖੀ ਹੋਈ ਹੈ, ਸਰਕਾਰ ਨੇ ਧੱਕਾ ਕੀਤਾ, ਸਰਕਾਰ ਨੇ ਧੱਕਾ ਕੀਤਾ। ਓਏ ਭਲਿਓ ਸਰਕਾਰ ਨੇ ਤਾਂ ਧੱਕਾ ਕੀਤਾ ਹੈ ਕੀ ਤੁਸੀਂ ਆਪ ਵੀ ਕੋਈ ਅਕਲ ਦਾ ਕੰਮ ਕੀਤਾ ਹੈ ਜਾਂ ਹੰਕਾਰ ਵਿੱਚ ਆ ਕੇ ਬੰਦੇ ਮਰਵਾਉਣੇ ਹੀ ਸਿੱਖੇ ਹਨ? ਜੇ ਇੰਦਰਾ ਗਾਂਧੀ 1975 ਦੀ ਐਮਰਜੰਸੀ ਵੇਲੇ ਸਾਰਾ ਕੁੱਝ ਦੇਣ ਨੂੰ ਤਿਆਰ ਸੀ, ਜਿਵੇਂ ਕਿ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ, ਤਾਂ ਕਿਉਂ ਨਹੀਂ ਲਿਆ? ਕਿਉਂ ਭਾਜਪਾ ਨਾਲ ਯਾਰੀ ਜ਼ਿਆਦਾ ਜਰੂਰੀ ਸੀ। ਜੇ ਮਨਮੋਹਨ ਸਿੰਘ ਸਰਕਾਰ ਆਪਣੀ ਔਕੜ ਵੇਲੇ ਕੁੱਝ ਦੇਣ ਨੂੰ ਤਿਆਰ ਸੀ ਤਾਂ ਕਿਉਂ ਨਹੀਂ ਲਿਆ? ਓਏ ਸਿੱਖ ਭਰਾਵੋ ਆਪਣੀ ਸੋਚਣੀ ਨੂੰ ਇੱਕੀਵੀਂ ਸਦੀ ਦੀ ਹਾਣੀ ਬਣਾਵੋ ਸਤਾਰਵੀਂ ਸਦੀ ਦੀ ਨਹੀਂ? ਸਤਾਰਵੀਂ ਸਦੀ ਵਿੱਚ ਗੁੱਟਾਂ ਦੀ ਤਾਕਤ ਦੀ ਲੋੜ ਸੀ ਅੱਜ ਸਿਰ/ਅਕਲ ਦੀ ਤਾਕਤ ਦੀ ਲੋੜ ਹੈ। ਜੇ ਕਰ ਕੁੱਝ ਲੈਣਾ ਹੈ ਤਾਂ ਇਮਾਨਦਾਰ ਅਤੇ ਅਕਲ ਵਾਲੇ ਬੰਦੇ ਚੁਣ ਕੇ ਦਿੱਲੀ ਭੇਜੋ। ਐਵੇਂ ਜ਼ਜਬਾਤੀ ਹੋ ਕੇ ਸਿੱਖ ਲੀਡਰਾਂ ਦੇ ਮਗਰ ਨਾ ਲੱਗੋ। ਜੇ ਕਰ ਕਿਸੇ ਆਪਣੇ ਵੱਖਰੇ ਦੇਸ਼ ਦੀ ਲੋੜ ਹੈ ਤਾਂ ਪਹਿਲਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਬੈਠੇ ਸਿੱਖਾਂ ਨੂੰ ਪੁੱਛੋ ਕਿ ਤੁਸੀਂ ਆਪਣੇ ਸਾਰੇ ਕਾਰੋਬਾਰ ਛੱਡ ਕੇ ਪੰਜਾਬ ਆਉਣ ਨੂੰ ਤਿਆਰ ਹੋ? ਫਿਰ ਦੁਨੀਆਂ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਪੁੱਛੋ ਕਿ ਤੁਸੀਂ ਪੰਜਾਬ ਤੋਂ ਬਾਹਰਲੇ ਸਾਰੇ ਗੁਰਦੁਆਰੇ ਹਿੰਦੂਆਂ ਦੀ ਸਰਕਾਰ ਦੇ ਰਹਿਮ ਕਰਮ ਤੇ ਛੱਡਣ ਲਈ ਤਿਆਰ ਹੋ? ਫਿਰ ਦੁਨੀਆ ਦੇ ਇਕਨਾਮਿਕਸ/ਅਰਥ ਵਿਗਿਆਨ ਦੇ ਬੁੱਧੀ ਜੀਵੀਆਂ ਨੂੰ ਪੁੱਛੋ ਕਿ ਅਸੀਂ ਸਰਵਾਈਵ ਕਰ ਸਕਦੇ ਹਾਂ? ਧਰਮ ਦੇ ਨਾਮ ਤੇ ਬਣੇ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਬਾਰੇ ਸੋਚੋ ਅਤੇ ਦੇਖੋ ਕਿ ਉਥੇ ਆਮ ਨਾਗਰਿਕ ਕਿਤਨੇ ਕੁ ਸੁਖੀ ਹਨ? ਜੇ ਕਰ ਕਥਿਤ ਸਤਿਕਾਰ/ਗੁੰਡਾ ਕਮੇਟੀਆਂ ਵਰਗੇ ਲੋਕਾਂ ਦੇ ਹੱਥ ਵਿੱਚ ਤਾਕਤ ਆ ਜਾਵੇ ਤਾਂ ਕੀ ਉਥੇ ਕੋਈ ਵਸਣ ਲਈ ਤਿਆਰ ਹੋਵੇਗਾ? ਕੀ ਮਨੁੱਖੀ ਹੱਕਾਂ ਦੇ ਨਾਮ ਦੀ ਕੋਈ ਚੀਜ਼ ਅਜਿਹੇ ਦੇਸ਼ ਵਿੱਚ ਹੋਵੇਗੀ? ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਹਨ ਜਿਹੜੇ ਕਿ ਸੋਚਣੇ ਜ਼ਰੂਰੀ ਹਨ।

ਸੋ ‘ਸਿੱਖ ਮਾਰਗ’ ਦੇ ਪਾਠਕੋ/ਲੇਖਕੋ ਮੈਂ ਅੱਜ ਅਤੇ ਪਿਛਲੇ ਹਫਤੇ ਜੋ ਲਿਖਿਆ ਸੀ ਉਸ ਨੂੰ ਠੰਡੇ ਦਿਲ ਦਿਮਾਗ ਨਾਲ ਇੱਕ ਮਹੀਨਾ ਸੋਚੋ ਅਤੇ ਵਿਚਾਰੋ। ਜੇ ਵਿਚਾਰ ਚੰਗੇ ਅਤੇ ਸਹੀ ਲੱਗਣ ਤਾਂ ਮਹੀਨੇ ਬਾਅਦ ‘ਸਿੱਖ ਮਾਰਗ’ ਅੱਪਡੇਟ ਕਰਨਾ ਸ਼ੁਰੂ ਕਰ ਦੇਵਾਂਗਾ। ਅਤੇ ਜੇ ਕਰ ਨਾ ਚੰਗੇ ਲੱਗਣ ਤਾਂ ਵੀ ਦੱਸ ਦੇਣਾ। ਜਿਹਨਾ ਪਾਠਕਾਂ/ਲੇਖਕਾਂ ਨੇ ਹੁਣ ਤੱਕ ਹਾਂ ਪੱਖੀ ਹੁੰਘਾਰਾ ਭਰਿਆ ਹੈ, ਜੇ ਕਰ ਉਹਨਾ ਦੇ ਵਿਚਾਰਾਂ ਵਿੱਚ ਕੋਈ ਤਬਦੀਲੀ ਆਵੇ ਤਾਂ ਉਹ ਆਪਣੇ ਵਿਚਾਰ ਵਾਪਸ ਲੈ ਸਕਦੇ ਹਨ ਭਾਵ ਕਿ ਆਪਣੀ ਚਿੱਠੀ ਹਟਾਉਣ ਲਈ ਕਹਿ ਸਕਦੇ ਹਨ। ਕਈ ਪਾਠਕ ਇਹ ਸੋਚਦੇ ਹਨ ਕਿ ਸ਼ਾਇਦ ਮੈਂ ਕਿਸੇ ਤੋਂ ਡਰ ਕੇ ਇਸ ਨੂੰ ਬੰਦ ਕਰਨ ਬਾਰੇ ਸੋਚ ਰਿਹਾ ਹਾਂ। ਇਹ ਗੱਲ ਬਿੱਲਕੁੱਲ ਗਲਤ ਹੈ। ਕਿਸੇ ਸਾਧ ਦੇ ਚੇਲੇ ਤੋਂ ਤਾਂ ਮੈਂ ਉਸ ਵੇਲੇ ਨਹੀਂ ਡਰਿਆ ਜਦੋਂ ਸ਼ੁਰੂ ਵਿੱਚ ਇਕੱਲਾ ਹੀ ਸੀ। ਹੁਣ ਤਾਂ ਅਨੇਕਾਂ ਹੀ ਸਿੱਖ ‘ਸਿੱਖ ਮਾਰਗ’ ਨਾਲ ਜੁੜ ਚੁੱਕੇ ਹਨ ਅਤੇ ਅਸਲੀਅਤ ਨੂੰ ਸਮਝ ਚੁੱਕੇ ਹਨ। ਕਿਸੇ ਤੋਂ ਡਰ ਕੇ ਨਹੀਂ ਸਗੋਂ ਨਿਰਾਸ਼ ਹੋ ਕੇ ਇਹ ਕਰਨ ਬਾਰੇ ਸੋਚ ਰਿਹਾ ਸੀ। ਨਿਰਾਸ਼ ਸਾਧਾਂ ਦਿਆਂ ਚੇਲਿਆਂ ਦੀ ਗੁੰਡਾਗਰਦੀ ਤੋਂ ਸੀ ਅਤੇ ਕਹੇ ਜਾਂਦੇ ਜਾਗਰੂਕ ਸਿੱਖਾਂ ਦੇ ਦੋਗਲੇਪਨ ਤੋਂ।

ਇਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ ਜਿਹੜੇ ਕਿ ‘ਸਿੱਖ ਮਾਰਗ’ ਨੂੰ ਇਤਨੇ ਪਿਆਰ ਨਾਲ ਇਤਨੀ ਅਹਿਮੀਅਤ ਦਿੰਦੇ ਹਨ।

ਮੱਖਣ ਸਿੰਘ ਪੁਰੇਵਾਲ,

ਮਈ 31, 2015.




.