.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸੱਜਣਾਂ ਦਾ ਪ੍ਰਗਟ ਹੋਣਾ

ਫਲਗੁਣਿ ਅਨੰਦ ਉਪਾਰਜਨਾ, ਹਰਿ ਸਜਣ ਪ੍ਰਗਟੇ ਆਇ।।

ਸੰਤ ਸਹਾਈ ਰਾਮ ਕੇ, ਕਰਿ ਕਿਰਪਾ ਦੀਆ ਮਿਲਾਇ।।

ਸੇਜ ਸੁਹਾਵੀ, ਸਰਬ ਸੁਖ, ਹੁਣਿ ਦੁਖਾ ਨਾਹੀ ਜਾਇ।।

ਇਛ ਪੁਨੀ ਵਡਭਾਗਣੀ, ਵਰੁ ਪਾਇਆ ਹਰਿ ਰਾਇ।।

ਮਿਲਿ ਸਹੀਆ ਮੰਗਲੁ ਗਾਵਹੀ, ਗੀਤ ਗੋਵਿੰਦ ਅਲਾਇ।।

ਹਰਿ ਜੇਹਾ ਅਵਰੁ ਨ ਦਿਸਈ, ਕੋਈ ਦੂਜਾ ਲਵੈ ਨ ਲਾਇ।।

ਹਲਤੁ ਪਲਤੁ ਸਵਾਰਿਓਨੁ, ਨਿਹਚਲ ਦਿਤੀਅਨੁ ਜਾਇ।।

ਸੰਸਾਰ ਸਾਗਰ ਤੇ ਰਖਿਅਨੁ, ਬਹੁੜਿ ਨ ਜਨਮੈ ਧਾਇ।।

ਜਿਹਵਾ ਏਕ, ਅਨੇਕ ਗੁਣ, ਤਰੇ ਨਾਨਕ ਚਰਣੀ ਪਾਇ।।

ਫਲਗੁਣਿ ਨਿਤ ਸਲਾਹੀਐ, ਜਿਸ ਨੋ ਤਿਲੁ ਨ ਤਮਾਇ।। ੧੩।।

ਮੁੱਢਲੀ ਵਿਚਾਰ-- ਪ੍ਰਗਟ ਹੋਣ ਦਾ ਅਰਥ ਹੈ ਸਾਹਮਣੇ ਦਿਸਣਾ। ਮਨੁੱਖੀ ਸਰੀਰ ਦੇਖਣ ਨੂੰ ਇੱਕ ਲਗਦਾ ਹੈ ਪਰ ਇਸ ਦੀ ਸੋਚ ਦੇ ਕਈ ਉਤਰਾ ਚੜ੍ਹਾਅ ਹਨ। ਬਹੁਤ ਦਫਾ ਕਿਸੇ ਨੂੰ ਇਹ ਭੇਦ ਨਹੀਂ ਹੁੰਦਾ ਕਿ ਜਿਹੜਾ ਆਦਮੀ ਮੇਰੇ ਪਾਸ ਬੈਠਾ ਹੈ ਇਸ ਦੇ ਮਨ ਵਿੱਚ ਕੀ ਚਲ ਰਿਹਾ ਹੈ। ਜਦੋਂ ਕੋਈ ਸਾਨੂੰ ਮਿਲਣ ਵਾਸਤੇ ਆਉਂਦਾ ਹੈ ਤਾਂ ਉਸ ਦੀ ਹੈਸੀਅਤ ਦੇਖ ਕੇ ਸਾਡੇ ਮਿਲਣ ਦਾ ਅੰਦਾਜ਼ ਵੱਖਰਾ ਵੱਖਰਾ ਹੁੰਦਾ ਹੈ। ਕਈ ਬਾਹਰੋਂ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ ਪਰ ਉਹਨਾਂ ਦਾ ਵਰਤਾ ਬਹੁਤ ਹੀ ਨੀਚ ਦਰਜੇ ਦਾ ਹੁੰਦਾ ਹੈ। ਕਈ ਚਿਹਰੇ ਦੇਖਣ ਨੂੰ ਕਰੂਪ ਲਗਦੇ ਹਨ ਪਰ ਉਹਨਾਂ ਵਿੱਚ ਸਲੀਕਾ ਕੁੱਟ ਕੁੱਟ ਕੇ ਭਰਿਆ ਹੁੰਦਾ ਹੈ। ਉਂਜ ਹਰ ਬੰਦੇ ਦੀ ਤਮੰਨਾ ਹੁੰਦੀ ਹੈ ਕਿ ਮੇਰੀ ਬਾਹਰਲੀ ਦਿੱਖ ਤੋਂ ਇੰਜ ਹੀ ਮਹਿਸੂਸ ਹੋਣਾ ਚਾਹੀਦਾ ਹੈ ਕਿ ਬੱਲੇ ਬੱਲੇ ਇਹ ਬੰਦਾ ਤਾਂ ਬਹੁਤ ਧਰਮੀ ਹੈ।

ਮਨੁੱਖੀ ਸੁਭਾਅ ਦੀ ਇੱਕ ਬਹੁਤ ਵੱਡੀ ਕੰਮਜ਼ੋਰੀ ਹੈ ਕਿ ਕਰਮ ਮੇਰਾ ਜਿਹੜਾ ਮਰਜ਼ੀ ਦਾ ਹੋਵੇ ਪਰ ਮੈਨੂੰ ਸਾਰੇ ਲੋਕ ਧਰਮੀ ਆਖਣ। ਰਾਜਨੀਤਿਕ ਲੋਕ ਜਦੋਂ ਲੋੜਵੰਦਾਂ ਨੂੰ ਕੰਬਲ ਆਦਿ ਵੰਡਦੇ ਹਨ ਤਾਂ ਉਹ ਪ੍ਰੈਸ ਅਤੇ ਫੋਟੋ ਗ੍ਰਾਫਰ ਆਦਿ ਦਾ ਪੂਰਾ ਪ੍ਰਬੰਧ ਕਰਦੇ ਹਨ, ਤਾਂ ਕਿ ਸਾਡਾ ਕੀਤਾ ਹੋਇਆ ਕਰਮ ਸਾਰੀ ਦੁਨੀਆਂ ਦੇਖੇ। ਫਿਰ ਲੋਕ ਕਹਿਣ ਭਈ ਇਹ ਨੇਤਾ ਤਾਂ ਲੋਕਾਂ ਦੀ ਸੇਵਾ ਬਹੁਤ ਮਨ ਮਾਰ ਕੇ ਕਰ ਰਿਹਾ ਹੈ। ਪਰ ਜਦੋਂ ਏਹੀ ਲੀਡਰ ਘਪਲ਼ਿਆਂ ਵਿੱਚ ਫਸ ਜਾਂਦਾ ਹੈ ਤਾਂ ਓਦੋਂ ਇਹ ਲੋਕਾਂ ਕੋਲੋਂ ਆਪਣਾ ਚਿਹਰਾ ਛਪਾਉਂਦੇ ਹਨ ਆਪਣੇ ਚਿਹਰੇ ਨੂੰ ਕਪੜੇ ਨਾਲ ਢੱਕ ਲੈਂਦੇ ਹਨ ਤਾਂ ਕਿ ਲੋਕ ਸਾਨੂੰ ਪਹਿਚਾਨ ਨਾ ਲੈਣ।

ਰਿਸ਼ਤਾ ਕਰਨ ਵੇਲੇ ਕਈ ਲੋਕ ਵਿਚੋਲਿਆਂ ਦੀਆਂ ਚੋਪੜੀਆਂ ਚੋਪੜੀਆਂ ਗੱਲਾਂ ਵਿੱਚ ਆ ਜਾਂਦੇ ਹਨ ਪਰ ਜਦੋਂ ਵਰਤੋਂ ਵਿਹਾਰ ਹੁੰਦਾ ਹੈ ਤਾਂ ਬਹੁਤਿਆਂ ਨੂੰ ਪਛਤਾਉਣਾ ਪੈਂਦਾ ਹੈ। ਜਨੀ ਕਿ ਵਿਚੋਲੇ ਨੇ ਕਈ ਓਹਲੇ ਰੱਖੇ ਹੁੰਦੇ ਹਨ। ਅਸਲੀਅਤ ਦਾ ਪਤਾ ਲੱਗਣ `ਤੇ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ। ਗੱਲ ਵਰਤੋਂ ਵਿਹਾਰ `ਤੇ ਹੀ ਆ ਕੇ ਮੁਕਣੀ ਹੈ।

ਗੁਰਬਾਣੀ ਵਿੱਚ ਸੱਜਣ ਪ੍ਰਗਟ ਕਰਨ ਦਾ ਅਰਥ ਹੈ ਚੰਗੇ ਗੁਣਾਂ ਦਾ ਸਾਡੇ ਸੁਭਾਅ ਵਿਚੋਂ ਪ੍ਰਗਟ ਹੋਣਾ। ਸਾਡਾ ਵਰਤੋਂ ਵਿਹਾਰ ਸਲੀਕੇ ਭਾਵ ਸੱਚ ਵਾਲਾ ਹੋਵੇਗਾ ਤਾਂ ਉਸ ਵਿਚੋਂ ਹੀ ਅਨੰਦ ਜਨਮ ਲਏਗਾ। ਬਾਰਹ ਮਾਹ ਦੀ ਇਸ ਫਲਗੁਣ ਵਾਲੀ ਪਉੜੀ ਵਿੱਚ ਗੁਣਾਂ ਰੂਪੀ ਸਜਣ ਦੇ ਪ੍ਰਗਟ ਹੋਣ ਨਾਲ ਜੀਵਨ ਵਿੱਚ ਅਨੰਦ ਮਈ ਤਬਦੀਲੀ ਆਉਂਦੀ ਹੈ—ਇਸ ਦਾ ਪੂਰਾ ਵਿਸਥਾਰ ਅੱਗੇ ਦਿੱਤਾ ਜਾ ਰਿਹਾ ਹੈ--

ਸਿਆਲ ਦੀ ਰੁੱਤ ਖਤਮ ਹੋਣ ਦੇ ਨੇੜੇ ਪਹੁੰਚ ਜਾਂਦੀ ਹੈ ਹਰ ਪਾਸੇ ਬਨਸਪਤੀ ਖਿੜੀ ਹੋਈ ਨਜ਼ਰ ਆਉਂਦੀ ਹੈ। ਇਸ ਨੂੰ ਬਸੰਤ ਰੁੱਤ ਨਾਲ ਵੀ ਬਿਆਨ ਕੀਤਾ ਜਾਂਦਾ ਹੈ। ਜਿਵੇਂ ਬਸੰਤ ਰੁੱਤ ਵਿੱਚ ਕੁਦਰਤੀ ਖੇੜਾ ਭਰਪੂਰ ਹੁੰਦਾ ਹੈ ਏਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਹਰ ਸਮੇਂ ਖੇੜਾ ਹੀ ਹੋਣਾ ਚਾਹੀਦਾ ਹੈ। ਏਸੇ ਖੇੜੇ ਦਾ ਨਾਂ ਹੀ ਅਨੰਦਮਈ ਜੀਵਨ ਹੈ। ਪਉੜੀ ਦੀ ਪਹਿਲੀ ਤੁਕ ਵਿਚ—

ਫਲਗੁਣਿ ਅਨੰਦ ਉਪਾਰਜਨਾ, ਹਰਿ ਸਜਣ ਪ੍ਰਗਟੇ ਆਇ।।

ਅੱਖਰੀਂ ਅਰਥ-- (ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿੱਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ।

ਵਿਚਾਰ ਤੇ ਵਿਹਾਰਕ ਪੱਖ--ਇਸ ਤੁਕ ਵਿੱਚ ਅਨੰਦ ਦਾ ਪ੍ਰਕਾਸ਼ ਤੇ ਦੂਜਾ ਸੱਜਣਾਂ ਦਾ ਪ੍ਰਗਟ ਹੋਣਾ ਦੋ ਵਿਚਾਰ ਦਿੱਤੇ ਗਏ ਹਨ। ਹੁਣ ਵਿਸ਼ਾ ਇਹ ਹੈ ਕਿ ਅਨੰਦ ਓੱਥੇ ਪੈਦਾ ਹੁੰਦਾ ਹੈ ਜਿੱਥੇ ਰੱਬ ਰੂਪੀ ਸੱਜਣ ਪ੍ਰਗਟ ਹੋਵੇ। ਅਨੰਦ ਓਦੋਂ ਬਣਦਾ ਹੈ ਜਦੋਂ ਮਨ ਦੀ ਸ਼ਾਂਤੀ ਬਣੀ ਹੋਵੇ।

ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ।।

ਸਤਿਗੁਰੁ ਅਪਨਾ ਸਦ ਸਦਾ ਮਨਾਵਹੁ।। ੧।। ਰਹਾਉ।।

ਆਸਾ ਮਹਲਾ ੫ ਪੰਨਾ ੩੮੬

ਅਤੇ

ਭਾਈ ਰੇ, ਮਿਲਿ ਸਜਣ ਹਰਿਗੁਣ ਸਾਰਿ।।

ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ।। ੧।।

ਸਿਰੀ ਰਾਗ ਮਹਲਾ ੪ ਪੰਨਾ ੪੧

ਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ। ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ। ੧।

ਸੱਜਣ ਪ੍ਰਗਟ ਹੋਣਾ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਆਪਣੇ ਘਰ ਬੈਠੇ ਹੋਈਏ ਤੇ ਸਾਡਾ ਕੋਈ ਵੀਹ ਸਾਲ ਪੁਰਾਣਾ ਦੋਸਤ ਅਚਾਨਕ ਮਿਲਣ ਲਈ ਆ ਜਾਂਦਾ ਹੈ ਤਾਂ ਅਸੀਂ ਫੱਟ ਕਹਿ ਦੇਂਦੇ ਹਾਂ ਬੱਲੇ ਬੱਲੇ ਅੱਜ ਕਿਥੋਂ ਪ੍ਰਗਟ ਹੋਏ। ਜਿਗਰੀ ਦੋਸਤ ਨੂੰ ਮਿਲ ਕੇ ਇੱਕ ਅਨੰਦ ਜੇਹਾ ਆਉਂਦਾ ਹੈ। ਹੁਣ ਸਪੱਸ਼ਟ ਹੁੰਦਾ ਹੈ ਕਿ ਜਦੋਂ ਸੱਜਣ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਤਾਂ ਜੀਵਨ ਵਿੱਚ ਅਨੰਦ ਬਣਦਾ ਹੈ—

ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ।।

ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।। ੧।। ਰਹਾਉ।।

ਸੁਹੀ ਮਹਲਾ ੧ ਪੰਨਾ ੭੨੯

ਅੱਖਰੀਂ ਅਰਥ--ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿੱਚ ਕਾਮਯਾਬ ਹੋ ਸਕਣ)

ਇਹਨਾਂ ਤੁਕਾਂ ਵਿੱਚ ਦੱਸਿਆ ਗਿਆ ਹੈ ਕਿ ਸੱਜਣ ਉਹ ਹੈ ਜੋ ਹਰ ਥਾਂ `ਤੇ ਸਾਡੇ ਨਾਲ ਰਹੇ। ਜੇ ਸਰੀਰ ਦੇ ਤਲ਼ `ਤੇ ਦੇਖਾਂਗੇ ਤਾਂ ਸੱਜਣ ਹਰ ਥਾਂ `ਤੇ ਸਾਡੇ ਨਾਲ ਨਹੀਂ ਰਹਿ ਸਕਦਾ। ਕੋਈ ਕਨੇਡਾ ਗਿਆ ਹੋਇਆ ਹੈ ਤਾਂ ਕੀ ਭਾਰਤ ਵਿੱਚ ਰਹਿਣ ਵਾਲਾ ਮੁਸੀਬਤ ਵੇਲੇ ਓੱਥੇ ਜਾ ਸਕਦਾ ਹੈ? ਭਾਰਤ ਵਿੱਚ ਰਹਿ ਰਹੇ ਦੋਸਤ ਲਈ ਵੀ ਕਨੇਡਾ ਵਿਚੋਂ ਇੱਕ ਦਮ ਆਉਣਾ ਮੁਸ਼ਕਲ ਵਿੱਚ ਹੀ ਹੈ। ਹਰ ਥਾਂ `ਤੇ ਦੋਸਤ ਸਦਾ ਨਹੀਂ ਜਾ ਸਕਦਾ। ਗੁਰਬਾਣੀ ਵਿੱਚ ਇੱਕ ਹੋਰ ਵਾਕ ਹੈ ਕਿ ਗੁਰੁ ਜੀ ਹਰ ਵੇਲੇ ਮੇਰੇ ਨਾਲ ਰਹਿੰਦੇ ਹਨ—

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ।।

ਸਿਮਰਿ ਸਿਮਰਿ ਤਿਸੁ ਸਦਾ ਸਮਾੑਲੇ।। ੧।।

ਆਸਾ ਮਹਲਾ ੫ ਪੰਨਾ ੩੯੪

ਅੱਖਰੀਂ ਅਰਥ— ( ਭਾਈ! ਮੇਰਾ) ਗੁਰੂ ਸਦਾ ਮੇਰੇ ਨਾਲ ਵੱਸਦਾ ਹੈ ਮੇਰੇ ਅੰਗ-ਸੰਗ ਰਹਿੰਦਾ ਹੈ (ਗੁਰੂ ਦੀ ਹੀ ਕਿਰਪਾ ਨਾਲ) ਮੈਂ ਉਸ (ਪਰਮਾਤਮਾ) ਨੂੰ ਸਦਾ ਸਿਮਰ ਕੇ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ।

ਜੇ ਅੱਖਰੀਂ ਅਰਥ ਦੇਖੇ ਜਾਣ ਤਾਂ ਸਮਝ ਵਿੱਚ ਇਹ ਹੀ ਆਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਵੇਲੇ ਆਪਣੇ ਨਾਲ ਹੀ ਰੱਖਾਂ ਹਾਂ ਹੁਣ ਦੀ ਤਕਨੀਕ ਵਿੱਚ ਟੈਲੀਫੂਨ ਵਿੱਚ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਨਾਲ ਰੱਖਿਆ ਵੀ ਜਾ ਸਕਦਾ। ਗੁਰੂ ਜੀ ਨੂੰ ਨਾਲ ਰੱਖਣ ਦਾ ਭਾਵ ਅਰਥ ਹੈ ਕਿ ਗੁਰੂ ਜੀ ਦਾ ਜੋ ਸਿਧਾਂਤ ਹੈ ਉਸ ਨੂੰ ਹਰ ਵੇਲੇ ਆਪਣੇ ਨਾਲ ਰੱਖਣਾ ਹੈ ਏਸੇ ਤਰ੍ਹਾਂ ਸੱਜਣ ਦਾ ਭਾਵ ਅਰਥ ਹੈ ਕਿ ਗੁਰੂ ਜੀ ਦਾ ਜੋ ਦਰਸਾਇਆ ਹੋਇਆ ਮਾਰਗ ਹੈ ਉਸ ਨੂੰ ਅਸਾਂ ਦੋਸਤ ਬਣਾਉਣਾ ਹੈ ਤੇ ਉਹ ਹਰ ਵੇਲੇ ਸਾਡੀ ਅਗਵਾਈ ਕਰੇਗਾ। ਜੇ ਅਸੀਂ ਗੁਰ ਸਿਧਾਂਤ ਨੂੰ ਆਪਣਾ ਦੋਸਤ ਬਣਾ ਲੈਂਦੇ ਹਾਂ ਤਾਂ ਕੁਦਰਤੀ ਗੱਲ ਹੈ ਸਾਡੇ ਸੁਭਾਅ ਵਿੱਚ ਅਨੰਦ ਜਨਮ ਲਏਗਾ—

ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ।।

ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ।।

ਅੱਖਰੀਂ ਅਰਥ--ਜੋ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਦੇ ਚਰਨਾਂ ਵਿੱਚ ਲੀਨ ਹੁੰਦਾ ਹੈ, ਉਹ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ ਜਿਥੇ ਉਸ ਨੂੰ ਸੱਜਣ-ਪ੍ਰਭੂ ਮਿਲ ਪੈਂਦਾ ਹੈ।

ਜਿਸ ਤਰ੍ਹਾਂ ਅਸਾਂ ਪਹਿਲੇ ਮਹੀਨੇ ਦੀ ਵਿਚਾਰ ਵਿੱਚ ਇਹ ਵਿਚਾਰਿਆ ਸੀ ਕਿ ਅਨੰਦ ਕਣਕ ਦੀ ਫਸਲ ਦਾ ਉਹ ਸਿੱਟਾ ਹੈ ਜਿਸ ਨੂੰ ਪ੍ਰਗਟ ਹੋਣ ਲਈ ਚਾਰ ਪੰਜ ਮਹੀਨੇ ਲਗ ਜਾਂਦੇ ਹਨ। ਸਿੱਟਾ ਕਦੇ ਵੀ ਜ਼ਮੀਨ ਵਿਚੋਂ ਸਿੱਧਾ ਨਹੀਂ ਨਿਕਲਦਾ ਹੈ। ਏਸੇ ਤਰ੍ਹਾਂ ਅਨੰਦ ਨੂੰ ਪ੍ਰਾਪਤ ਕਰਨ ਲਈ ਮੇਹਨਤ ਕਰਨੀ ਪੈਣੀ ਹੈ—ਗੁਰਬਾਣੀ ਵਾਕ ਹੈ—

ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ 

ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ।।

ਆਸਾ ਮਹਲਾ ੫ ਪੰਨਾ ੪੫੭

ਅੱਖਰੀਂ ਅਰਥ--ਮਾਇਆ ਦੀ ਖ਼ਾਤਰ ਭਟਕਣਾ, ਦੁਨੀਆ ਦਾ ਮੋਹ, ਵਿਕਾਰ, ਮੇਰ-ਤੇਰ—ਇਹ ਸਾਰੇ ਔਗੁਣ ਉਹ ਤਿਆਗ ਦੇਂਦੇ ਹਨ। ਉਹਨਾਂ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ।

ਅਨੰਦ ਦੀ ਪਰਾਪਤੀ ਲਈ ਉਪਰੋਕਤ ਔਗੁਣਾਂ ਦਾ ਤਿਆਗ ਕਰਨਾ ਪਏਗਾ। ਕੁਦਰਤੀ ਗੱਲ ਹੈ ਕਿ ਜਦੋਂ ਮਨ ਵਿਚੋਂ ਅਜੇਹੀਆਂ ਵਿਕਾਰੀ ਬਿਮਾਰੀਆਂ ਨਿਕਲ ਜਾਣਗੀਆਂ ਤਾਂ ਅਨੰਦ ਦੀ ਅਵਸਥਾ ਜਨਮ ਲਏਗੀ ਜੋ ਸਾਡੇ ਸੁਭਾਅ ਵਿਚੋਂ ਪ੍ਰਗਟ ਹੋਏਗੀ। ਗੁਰਬਾਣੀ ਵਿਚੋਂ ਬਹੁਤ ਸਾਰੇ ਪ੍ਰਮਾਣ ਮਿਲ ਜਾਂਦੇ ਹਨ ਕਿ ਗੁਣਾਂ ਨੂੰ ਗਾਉਣ ਨਾਲ ਅਨੰਦ ਦੀ ਪ੍ਰਾਪਤੀ ਹੁੰਦੀ ਹੈ—

ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ।।

ਬਿਲਾਵਲ ਮਹਲਾ ੫ ਪੰਨਾ ੮੦੩

ਸਾਰੇ ਲੋਕ ਗਾ ਨਹੀਂ ਸਕਦੇ। ਫਿਰ ਇਸ ਦਾ ਭਾਵ ਅਰਥ ਹੀ ਲਿਆ ਜਾਏਗਾ ਕਿ ਗੁਣਾਂ ਦੀ ਵਰਤੋਂ ਕਰਨ ਨਾਲ ਹੀ ਅਨੰਦ ਵਿੱਚ ਬੰਦਾ ਵਿਚਰਦਾ ਹੈ। ਫਿਰ ਇਹ ਅਨੰਦ ਸਾਡੇ ਸੁਭਾਅ ਵਿਚੋਂ ਪਰਗਟ ਹੁੰਦਾ ਹੈ। ਇਹ ਗੁਣ ਹੀ ਸਾਡੇ ਅਸਲੀ ਮਿੱਤਰ ਹਨ। ਸਤ ਦਾ ਵਿਹਾਰ ਕਰਨਾ ਸਾਡਾ ਮਿੱਤਰ ਹੈ—

ਉਸਤਤਿ ਮਨ ਮਹਿ ਕਰਿ ਨਿਰੰਕਾਰ।। ਕਰਿ ਮਨ ਮੇਰੇ ਸਤਿ ਬਿਉਹਾਰ।।

ਸੁਖਮਨੀ ਮਹਲਾ ੫ ਪੰਨਾ ੨੮੧ 

ਗੁਣ ਸਾਡੇ ਮਿੱਤਰ ਹਨ ਇਹਨਾਂ ਦੀ ਵਰਤੋਂ ਕਰਨ ਵਾਲਾ ਸਦਾ ਅਨੰਦ ਵਿੱਚ ਰਹਿੰਦਾ ਹੈ। ਸਾਡੇ ਵਰਤੋਂ ਵਿਹਾਰ ਵਿਚੋਂ ਇਹ ਲੋਕਾਂ ਦੇ ਸਾਹਮਣੇ ਆਉਣੇ ਹਨ।

ਪਉੜੀ ਦੀ ਦੁਸਰੀ ਤੁਕ ਵਿਚ—

ਸੰਤ ਸਹਾਈ ਰਾਮ ਕੇ, ਕਰਿ ਕਿਰਪਾ ਦੀਆ ਮਿਲਾਇ।।

ਅੱਖਰੀਂ ਅਰਥ--ਪਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ।

ਵਿਚਾਰ ਤੇ ਵਿਹਾਰਕ ਪੱਖ--ਦੇਖਣ ਵਾਲੀ ਗੱਲ ਹੈ ਕਿ ਕੀ ਗੁਰੂ ਪਾਤਸ਼ਾਹ ਜੀ ਦੇ ਸਮੇਂ ਵੀ ਕੋਈ ਸੰਤ ਸੀ ਜਿਸ ਨੇ ਸੰਗਤਾਂ ਨੂੰ ਅਕਾਲ ਪੁਰਖ ਨਾਲ ਜੋੜਿਆ ਹੋਵੇ। ਫਿਰ ਅੱਜ ਵੀ ਕੋਈ ਸੰਤ ਹੋਏਗਾ ਜਿਹੜਾ ਸਾਨੂੰ ਅਕਾਲ ਪੁਰਖ ਨਾਲ ਜੋੜ ਦੇਵੇਗਾ। ਇਸ ਦਾ ਇਕੋ ਇੱਕ ਉੱਤਰ ਹੈ ਕਿ ਗੁਰਬਾਣੀ ਵਿੱਚ ਸੰਤ ਸ਼ਬਦ ਵੱਖ ਵੱਖ ਰੂਪਾਂ ਵਿੱਚ ਆਇਆ ਹੈ। ਪਹਿਲਾ ਸੰਤ ਸ਼ਬਦ ਅਕਾਲ ਪੁਰਖ ਦੇ ਰੂਪ ਵਿੱਚ ਆਇਆ ਹੈ, ਦੂਜਾ ਸੰਤ ਸ਼ਬਦ ਗੁਰੂ ਵਾਸਤੇ ਆਇਆ ਹੈ, ਤੀਜਾ ਸੰਤ ਸ਼ਬਦ ਸੰਗਤ ਲਈ ਵਰਤਿਆ ਗਿਆ ਹੈ ਤੇ ਚੌਥਾ ਸ਼ਬਦ ਪਖੰਡੀ ਸੰਤਾਂ ਲਈ ਗੁਰਬਾਣੀ ਵਿੱਚ ਵਰਤਿਆ ਗਿਆ ਹੈ। ਇਹਨਾਂ ਤੁਕਾਂ ਦੇ ਅੱਖਰੀਂ ਅਰਥਾਂ ਤੋਂ ਤਾਂ ਏਹੀ ਸਮਝ ਆਉਂਦਾ ਹੈ ਕਿ ਸ਼ਾਇਦ ਕੋਈ ਸੰਤ ਹੋਵੇਗਾ ਜਿਹੜਾ ਸਾਡੀ ਸਹਾਇਤਾ ਕਰੇਗਾ ਤੇ ਸਾਨੂੰ ਰੱਬ ਜੀ ਨਾਲ ਜੋੜ ਦੇਵੇਗਾ—

ਭਾਈ ਰੇ, ਸੰਤ ਜਨਾ ਕੀ ਰੇਣੁ।।

ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ।। ੧।। ਰਹਾਉ।।

ਸਿਰੀ ਰਾਗ ਮਹਲਾ ੧

ਅੱਖਰੀਂ ਅਰਥ--ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ। ਸੰਤ ਜਨਾਂ ਦੀ ਸਭਾ ਵਿੱਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ।

ਗੁਰਬਾਣੀ ਅਨੁਸਾਰ ਸੰਤ ਸ਼ਬਦ ਗੁਰੂ ਜੀ ਦੇ ਗਿਆਨ ਲਈ ਆਇਆ ਹੈ ਨਾ ਕਿਸੇ ਮਨੁੱਖ ਲਈ ਇਹ ਸ਼ਬਦ ਵਰਤਿਆ ਗਿਆ ਹੈ। ਦੁਸਰਾ ਵਿਹਾਰਕ ਪੱਖ ਸਮਝਣਾ ਲਈ ਏੱਥੇ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਸੂਝਵਾਨ ਮਨੁੱਖਾਂ ਦੀ ਰਾਏ ਲੈਣ ਵਿੱਚ ਕੋਈ ਹਰਜ ਨਹੀਂ ਹੈ। ਦਾਨੇ ਬੰਦਿਆਂ ਦੀ ਰਾਏ ਸਾਨੂੰ ਸਹੀ ਰਾਹ ਦਰਸਾਉਂਦੀ ਹੈ। ਸੁਝਵਾਨ ਲੋਕ ਕਿਸੇ ਦਾ ਨੁਕਸਾਨ ਨਹੀਂ ਕਰਦੇ। ਸੂਝਵਾਨ, ਵਿਚਾਰਵਾਨ ਪੁਰਸ਼ਾਂ ਨੂੰ ਛੱਡ ਕੇ ਅਸੀਂ ਭੇਖ ਦੇ ਮਗਰ ਛੇਤੀ ਤੁਰ ਪੈਂਦੇ ਹਾਂ। ਭੇਖ ਦਾ ਨਾਂ ਸੰਤ ਨਹੀਂ ਹੈ।

ਇਸ ਪਉੜੀ ਦੀ ਅਗਲੀ ਤੁਕ ਵਿਚ—

ਸੇਜ ਸੁਹਾਵੀ, ਸਰਬ ਸੁਖ, ਹੁਣਿ ਦੁਖਾ ਨਾਹੀ ਜਾਇ।।

ਅਖਰੀਂ ਅਰਥ--ਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦਾ।

ਵਿਚਾਰ ਤੇ ਵਿਹਾਰਕ ਪੱਖ--ਹਿਰਦੇ ਦੀ ਸੇਜ ਭਾਵ ਸੁਭਾਅ ਵਿੱਚ ਤਬਦੀਲੀ ਜਨੀ ਕੇ ਸਾਰੇ ਸੁੱਖ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਫਿਰ ਕਿਸੇ ਪ੍ਰਕਾਰ ਦਾ ਦੁੱਖ ਇਤਿਆਦਿਕ ਨਹੀਂ ਰਹਿ ਜਾਂਦਾ। ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ ਕਿ ਗੁਰੂ ਜੀ ਦੇ ਪੂਰੇ ਗਿਆਨ ਦੁਆਰਾ ਮਨ ਵਿੱਚ ਸਦਾ ਲਈ ਸੁਖ ਸ਼ਾਂਤੀ ਬਣ ਜਾਂਦੀ ਹੈ—

ਕਬੀਰ ਮਨੁ ਸੀਤਲੁ ਭਇਆ, ਪਾਇਆ ਬ੍ਰਹਮ ਗਿਆਨੁ।।

ਜਿਨਿ ਜੁਆਲਾ ਜਗੁ ਜਾਰਿਆ, ਸੁ ਜਨ ਕੇ ਉਦਕ ਸਮਾਨਿ।। ੧੭੫।।

ਪੰਨਾ ੧੩੭੩

ਅਖਰੀਂ ਅਰਥ--ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ। ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ।

ਬ੍ਰਹਮ ਗਿਆਨ ਰਾਂਹੀ ਹੀ ਮਨ ਵਿੱਚ ਠੰਡ ਪੈਂਦੀ ਹੈ। ਸਾਡੇ ਦੁੱਖਾਂ ਦਾ ਮੂਲ ਕਾਰਨ ਹੈ ਬੇ-ਸਮਝੀ ਹੈ। ਅਸਲ ਵਿੱਚ ਦੁੱਖ ਓਦੋਂ ਹੁੰਦਾ ਹੈ ਜਦੋਂ ਬੇ-ਸਮਝੀ ਕਰਕੇ ਵਿਛੋੜਾ ਪੈਂਦਾ ਹੈ--

ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ।।

ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ।। ੧।। ਰਹਾੳ।।

ਬਿਲਾਵਲ ਮਹਲਾ ੫ ਪੰਨਾ ੮੧੩

ਅੱਖਰੀਂ ਅਰਥ-- (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿੱਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ। ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ ਵਿੱਚ ਇਹ ਆਨੰਦ ਟਿਕਿਆ ਰਹਿੰਦਾ ਹੈ।

ਇਸ ਦਾ ਅਰਥ ਇਹ ਨਹੀਂ ਕਿ ਬੰਦੇ ਨੂੰ ਦੁੱਖ ਆਉਂਦਾ ਕੋਈ ਨਹੀਂ ਹੈ। ਅਜੇਹਾ ਮਨੁੱਖ ਦੁੱਖ ਤੇ ਸੁੱਖ ਨੂੰ ਇੱਕ ਕਪੜਿਆਂ ਵਾਂਗ ਸਮਝਦਾ ਹੈ। ਉਹ ਤੇ ਰੰਬੀ ਦੀ ਧਾਰ `ਤੇ ਤੁਰਦਾ ਹੋਇਆ, ਫਾਂਸੀ ਦਿਆਂ ਰੱਸਿਆਂ ਚੁੰਮਦਾ ਹੈ। ਅਜੇਹੇ ਦੁੱਖ ਉਸ ਲਈ ਕੋਈ ਅਰਥ ਨਹੀਂ ਰੱਖਦੇ। ਉਹ ਉੱਚੇ ਸੁੱਚੇ ਅਦਰਸ਼ ਲਈ ਆਪਾ ਵਾਰਨ ਲਈ ਤਿਆਰ ਹੁੰਦਾ ਹੈ। ਮੋਹ ਦੀਆਂ ਤੰਦਾਂ ਦੀ ਜਕੜ ਵਿੱਚ ਅਜੇਹਾ ਪੁਰਸ਼ ਨਹੀਂ ਆਉਂਦਾ। ਅੱਜ ਜਦੋਂ ਅਸੀਂ ਆਪਣਾ ਜੀਵਨ ਦੇਖਦੇ ਹਾਂ ਤਾਂ ਮਾੜੀ ਜੇਹੀ ਵੀ ਮੁਸੀਬਤ ਆਉਂਦੀ ਹੈ ਤਾਂ ਬੰਦਾ ਘਬਰਾ ਜਾਂਦਾ ਹੈ। ਜੇ ਥੋੜਾ ਜੇਹਾ ਸੁੱਖ ਆਉਂਦਾ ਹੈ ਤਾਂ ਫੁੱਲੇ ਨਹੀਂ ਸਮਾਉਂਦੇ। ਜਿੰਨਾ ਚਿਰ ਸਾਡੇ ਮਨ ਦਾ ਭਰਮ ਦੂਰ ਨਹੀਂ ਹੁੰਦਾ ਓਨਾ ਚਿਰ ਸਾਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦਾ-

ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ।।

ਗੁਰ ਕੈ ਭਾਣੈ ਜੋ ਚਲੈ ਦੁਖੁ ਨਾ ਪਾਵੈ ਕੋਇ।। ੩।।

ਸਿਰੀ ਰਾਗੁ ਮਹਲਾ ੩ ਪੰਨਾ ੩੧

ਅੱਖਰੀਂ ਅਰਥ-- (ਗੁਰੂ ਦੇ ਮਿਲਣ ਨਾਲ) ਹਿਰਦੇ ਵਿਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਜੇਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿੱਚ ਹੈ, ਉਹ ਕਦੇ ਦੁੱਖ ਨਹੀਂ ਪਾਂਦਾ।

ਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ ਦੇ ਨੇੜੇ ਦੁੱਖ ਨਹੀਂ ਆਉਂਦਾ—

ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਇਛ ਪੁਨੀ ਵਡਭਾਗਣੀ, ਵਰੁ ਪਾਇਆ ਹਰਿ ਰਾਇ।।

ਅਖਰੀਂ ਅਰਥ-- ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ।

ਵਿਚਾਰ ਤੇ ਵਿਹਾਰਕ ਪੱਖ--ਆਮ ਕਰਕੇ ਜਦੋਂ ਬੱਚੀ ਦਾ ਵਿਆਹ ਕਰਨਾ ਹੋਵੇ ਤਾਂ ਕਿਹਾ ਜਾਂਦਾ ਹੈ ਲੜਕੀ ਲਈ ਵਰ ਦੀ ਭਾਲ ਕਰਨੀ ਚਾਹੀਦੀ ਹੈ ਕਿਉਂ ਕਿ ਲੜਕੀ ਜਵਾਨ ਹੋ ਗਈ ਹੈ। ਜਦੋਂ ਲੜਕੀ ਵਿਆਹੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਲੜਕੀ ਨੂੰ ਵਰ-ਘਰ ਪ੍ਰਾਪਤ ਹੋ ਗਿਆ। ਹੁਣ ਜਿਹੜਾ ‘ਵਰ` ਇਸ ਤੁਕ ਵਿੱਚ ਦੱਸਿਆ ਹੈ ਉਹ ਸਰੀਰਕ ਤਲ ਵਾਲਾ ‘ਵਰ` ਨਹੀਂ ਹੈ। ‘ਵਰ` ਦੀ ਪ੍ਰਾਪਤੀ ਜਾਂ ਕੰਤ ਨੂੰ ਆਪਣੇ ਵੱਸ ਵਿੱਚ ਕਰਨ ਦਾ ਨੁਕਤਾ ਬਾਬਾ ਫਰੀਦ ਜੀ ਬੜੇ ਪਿਆਰ ਨਾਲ ਸਮਝਾਉਂਦੇ ਹਨ—

ਕਵਣੁ ਸੁ ਅਖਰੁ, ਕਵਣ ਗੁਣੁ, ਕਵਣੁ ਸੁ ਮਣੀਆ ਮੰਤੁ।।

ਕਵਣੁ ਸੁ ਵੇਸੋ ਹਉ ਕਰੀ, ਜਿਤੁ ਵਸਿ ਆਵੈ ਕੰਤੁ।। ੧੨੬।।

ਪੰਨਾ ੧੩੮੪

ਅਖਰੀਂ ਅਰਥ— (ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ? ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿੱਚ ਆ ਜਾਏ?

ਇਸ ਤੁਕ ਵਿੱਚ ਚਾਰ ਨੁਕਤੇ ੳੇਠਾਏ ਹਨ ਪਰ ਉੱਤਰ ਤਿੰਨਾਂ ਵਿੱਚ ਦਿੱਤਾ ਗਿਆ ਹੈ—

ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ।।

ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੁ।। ੧੨੭।।

ਪੰਨਾ ੧੩੮੪

ਅੱਖਰੀਂ ਅਰਥ — ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿੱਚ ਆ ਜਾਇਗਾ।

ਇਹਨਾਂ ਦੋਹਾਂ ਸਲੋਕਾਂ ਵਿੱਚ ਸਾਰਾ ਵਿਹਾਰਕ ਜੀਵਨ ਸਮਝਾਇਆ ਗਿਆ ਹੈ। ਇਸ ਵਿਹਾਰਕ ਪੱਖ ਤੇ ਚਲਣ ਵਾਲਾ ਹੈ ਰੱਬ ਦਾ ਰੂਪ ਹੈ। ਉਹ ਅੱਖਰ ਕਿਹੜਾ ਹੈ, ਗੁਣ ਕਿਹੜੇ ਹਨ, ਮੰਤ੍ਰ ਕਿਹੜਾ ਹੈ ਤੇ ਮੈਂ ਆਪਣਾ ਪਹਿਰਾਵਾ ਕਿਹੋ ਜੇਹਾ ਕਰਾਂ ਜਿਸ ਨਾਲ ਮੇਰਾ ਪਤੀ ਮੇਰੇ `ਤੇ ਖੁਸ਼ ਹੋਵੇ। ਬਾਬਾ ਫਰੀਦ ਜੀ ਇਹਨਾਂ ਚਾਰ ਸਵਾਲਾਂ ਦਾ ਉੱਤਰ ਤਿੰਨਾਂ ਵਿੱਚ ਦੇਂਦੇ ਹਨਕਿ ਆਪਣੇ ਆਤਮਿਕ ਤਲ਼ ਭਾਵ ਆਪਣੇ ਸੁਭਾਅ ਵਿੱਚ ਨਿੰਮ੍ਰਤਾ, ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਜਾਂ ਸਹਾਰਨਾ ਅਤੇ ਮਿੱਠਾ ਬੋਲਣ ਨੂੰ ਆਪਣੀ ਵਰਤੋਂ ਵਿਹਾਰ ਵਿੱਚ ਲੈ ਕੇ ਆਉਣ ਦਾ ਵੇਸ ਕਰਨਾ ਹੀ ਵਰ ਦੀ ਪ੍ਰਾਪਤੀ ਹੈ। ਮਨ ਦੀ ਚਾਹੀ ਚੀਜ਼ ਪ੍ਰਾਪਤ ਹੋਣਾ ਦਾ ਅਰਥ ਇਹ ਨਹੀਂ ਕਿ ਅਸੀਂ ਦੁਨਿਆਵੀ ਮੰਗਾਂ ਦੀ ਗੱਲ ਕਰੀ ਜਾਈਏ ਜਿਹੜੀਆਂ ਬਜ਼ਾਰ ਵਿਚੋਂ ਮੁੱਲ ਮਿਲ ਜਾਂਦੀਆਂ ਹਨ। ਮਨ ਦੀ ਚਾਹੀ ਹੋਈ ਵਸਤੂ ਦਾ ਅਰਥ ਹੈ ਸ਼ੁੱਭ ਗੁਣਾਂ ਦੀ ਪਰਾਪਤੀ ਕਰਕੇ ਉਹਨਾਂ ਦੀ ਵਰਤੋਂ ਕਰਨੀ। ਇਸ ਨਾਲ ਸਾਡਾ ਵਿਹਾਰਕ ਜੀਵਨ ਬਣਦਾ ਹੈ।

ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ-

ਮਿਲਿ ਸਹੀਆ ਮੰਗਲੁ ਗਾਵਹੀ, ਗੀਤ ਗੋਵਿੰਦ ਅਲਾਇ।।

ਅੱਖਰੀਂ ਅਰਥ-- ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤਿ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ।

ਵਿਚਾਰ ਤੇ ਵਿਹਾਰਕ ਪੱਖ--ਭਾਵ ਅਰਥ ਸਮਝ ਆਉਂਦਾ ਹੈ ਕਿ ਬੰਦਾ ਸਮਾਜ ਵਿੱਚ ਵਿਚਰਦਾ ਹੈ ਤੇ ਇਸ ਦਾ ਵਾਹ-ਵਾਸਤਾ ਵੱਖ ਵੱਖ ਲੋਕਾਂ ਨਾਲ ਪੈਂਦਾ ਹੈ। ਇਸ ਦਾ ਅਰਥ ਹੈ ਕਿ ਸਮਾਜ ਵਿੱਚ ਸਹੀ ਢੰਗ ਨਾਲ ਵਿਚਰਨਾ ਹੀ ਸਤ ਸੰਗਤ ਵਿੱਚ ਆਉਣਾ ਹੈ। ਦੂਜਾ ਸਾਰੇ ਲੋਕ ਗੀਤ ਨਾ ਲਿਖ ਸਕਦੇ ਹਨ ਤੇ ਨਾ ਹੀ ਗੀਤ ਗਾ ਸਕਦੇ ਹਨ। ਇਸ ਦਾ ਭਾਵ ਅਰਥ ਏਹੀ ਹੈ ਕਿ ਪਰਵਾਰ ਤਥਾ ਸਮਾਜ ਵਿੱਚ ਸਹੀ ਢੰਗ ਤਰੀਕੇ ਨਾਲ ਵਿਚਰਿਆ ਜਾਵੇ ‘ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿਦ ਅਲਾਇ` ਇੱਕ ਨਿਯਮਾਵਲੀ ਦੇ ਤਹਿਤ ਚੱਲਣਾ। ਗਿਆਨ ਇੰਦੇ ਵੀ ਇੱਕ ਨਿਯਮ ਤਹਿਤ ਚੱਲਦੇ ਹਨ। ਇਸ ਪਉੜੀ ਦੀ ਪਹਿਲੀ ਤੁਕ ਵਿੱਚ ਸਜਣ ਦਾ ਪ੍ਰਗਟ ਹੋਣਾ ਦੱਸਿਆ ਗਿਆ ਹੈ। ਇਹ ਸੱਜਣ ਸਮਾਜ ਦੀ ਵਰਤੋਂ ਵਿਹਾਰ ਤਥਾ ਸਾਡੇ ਜੀਵਨ ਵਿਚੋਂ ਪ੍ਰਗਟ ਹੋਣੇ ਹਨ। ਅਗਲੀ ਤੁਕ ਵਿੱਚ ਹੋਰ ਵੀ ਬਹੁਤ ਪਿਆਰਾ ਵਿਚਾਰ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ—

ਹਰਿ ਜੇਹਾ ਅਵਰੁ ਨ ਦਿਸਈ, ਕੋਈ ਦੂਜਾ ਲਵੈ ਨ ਲਾਇ।।

ਅੱਖਰੀਂ ਅਰਥ--ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ।

ਵਿਚਾਰ ਤੇ ਵਿਹਾਰਕ ਪੱਖ--ਸਾਡੇ ਮੁਲਕ ਵਿੱਚ ਇੱਕ ਆਮ ਧਾਰਨਾ ਚਲਦੀ ਹੈ, ਕਿ ਜਦੋਂ ਕੋਈ ਸਾਡੀ ਮੰਗ ਪੂਰੀ ਨਹੀਂ ਹੁੰਦੀ ਹੈ ਤਾਂ ਅਸੀਂ ਉਸ ਦੀ ਪ੍ਰਾਪਤੀ ਲਈ ਧਾਰਮਿਕ ਲੋਕਾਂ ਤਥਾ ਉਹਨਾਂ ਦੇ ਡੇਰਿਆਂ ਦਾ ਆਸਰਾ ਲੈਂਦੇ ਹਾਂ। ਜਾਂ ਅਸੀਂ ਕੋਈ ਸੁੱਖਣਾ ਸੁੱਖ ਲੈਂਦੇ ਹਾਂ ਤਾਂ ਕਿ ਸਾਡੀ ਮੰਗ ਪੂਰੀ ਹੋ ਜਾਏ। ਆਮ ਕਰਕੇ ਸਾਡੇ ਸਮਾਜ ਵਿੱਚ ਪੁੱਤਰ ਪ੍ਰਾਪਤੀ ਦਾ ਰੋਗ ਬਹੁਤ ਵੱਡੀ ਪੱਧਰ `ਤੇ ਫੈਲਿਆ ਹੋਇਆ ਹੈ। ਪੁੱਤਰ ਪ੍ਰਾਪਤੀ ਲਈ ਸਾਧਾਂ ਵਲ ਨੂੰ ਮੂੰਹ ਕਰਦੇ ਆਮ ਲੋਕ ਦੇਖੇ ਜਾ ਸਕਦੇ ਹਨ। ਇੰਜ ਕਹੀਏ ਕੇ ਜਦੋਂ ਬੰਦੇ ਦੀ ਕੋਈ ਮੰਗ ਪੂਰੀ ਨਹੀਂ ਹੁੰਦੀ ਓਦੋਂ ਕੋਈ ਨਾ ਕੋਈ ਧਰਮ ਦੇ ਨਾਂ ਤੇ ਕਰਮ-ਕਾਂਡ ਕਰਨ ਨੂੰ ਤਰਜੀਹ ਦੇਂਦਾ ਹੈ। ਇਸ ਸਬੰਧੀ ਗੁਰਬਾਣੀ ਵਾਕ ਹੈ ਕਿ ਰੱਬ ਦੇ ਮੁਕਾਬਲੇ ਤੇ ਕਿਸੇ ਮਨੁੱਖ ਦਾ ਆਸਾਰਾ ਲੈਣ ਵਾਲੇ ਦੀ ਮਿਹਨਤ ਬੇਕਾਰ ਵਿੱਚ ਚਲੇ ਜਾਂਦੀ ਹੈ—

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ।। ਦੇਵਨ ਕਉ ਏਕੈ ਭਗਵਾਨੁ।।

ਜਿਸ ਕੈ ਦੀਐ ਰਹੈ ਅਘਾਇ।। ਬਹੁਰਿ ਨ ਤ੍ਰਿਸਨਾ ਲਾਗੈ ਆਇ।।

ਪੰਨਾ ੨੮੩

ਅੱਖਰੀਂ ਅਰਥ  (ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇੱਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ, ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ।

ਕਈ ਵਾਰੀ ਬੰਦਾ ਗਲਤੀ ਖਾ ਕੇ ਮਨੁੱਖ ਨੂੰ ਹੀ ਰੱਬ ਸਮਝ ਜਾਂਦਾ ਹੈ। ਅਜੇਹੇ ਮਨੁੱਖਾਂ ਨਾਲ ਝੂਠੀ ਪ੍ਰੀਤ ਪਾ ਬੈਠਦਾ ਹੈ। ਭੇਖੀ ਸਾਧ ਸੰਤ ਕੋਈ ਮਸਲਾ ਹੱਲ ਕਰਨ ਦੀ ਬਜਾਏ ਇਹ ਕਹੇਗਾ ਕਿ ਤੁਸੀਂ ਏਨੇ ਪਾਠ ਕਰ ਲਓ ਤੁਹਾਡਾ ਮਸਲਾ ਹੱਲ ਹੋ ਜਾਏਗਾ। ਏਦਾਂ ਦੀ ਪ੍ਰੀਤੀ ਵਾਲੇ ਨੂੰ ਗੁਰਬਾਣੀ ਸਮਝਾਉਂਦੀ ਹੈ ਕਿ—

ਅਬਿਨਾਸੀ ਪ੍ਰਭੁ ਮਨ ਮਹਿ ਰਾਖੁ।। ਮਾਨੁਖ ਕੀ ਤੂ ਪ੍ਰੀਤਿ ਤਿਆਗੁ।।

ਅੱਖਰੀਂ ਅਰਥ-— (ਹੇ ਭਾਈ!) ਆਪਣੇ ਮਨ ਵਿੱਚ ਅਕਾਲ ਪੁਰਖ ਨੂੰ ਪ੍ਰੋ ਰੱਖ ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ।

ਇਸ ਦਾ ਭਾਵ ਅਰਥ ਹੈ ਕਿ ਜੋ ਨਿਯਮ ਬਣਾਏ ਗਏ ਹਨ ਉਹਨਾਂ ਵਰਗਾ ਸਾਨੂੰ ਕੋਈ ਨਹੀਂ ਮਿਲਦਾ—ਅਸੀਂ ਵੀ ਸਿੱਧੇ ਰਸਤੇ ਨੂੰ ਛੱਡ ਕੇ ਪੁੱਠੇ ਰਸਤੇ `ਤੇ ਚਲਣ ਨੂੰ ਤਰਜੀਹ ਦੇਂਦੇ ਹਾਂ—

ਬਾਵੈ ਮਾਰਗੁ ਟੇਢਾ ਚਲਨਾ।। ਸੀਧਾ ਛੋਡਿ ਅਪੂਠਾ ਬੁਨਨਾ।। ੩।।

ਗਉੜੀ ਗੁਅਰੇਰੀ ਮਹਲਾ ੫ ਪੰਨਾ ੧੮੫

ਅੱਖਰੀਂ ਅਰਥ-- ਮੰਦੇ ਪਾਸੇ ਪਿਆਰ ਪਾਣ ਦੇ ਕਾਰਨ) ਅਸਾਂ ਮੰਦੇ ਪਾਸੇ ਜੀਵਨ ਰਸਤਾ ਮੱਲਿਆ ਹੋਇਆ ਹੈ, ਅਸੀਂ ਜੀਵਨ ਦੀ ਵਿੰਗੀ ਚਾਲ ਚੱਲ ਰਹੇ ਹਾਂ। ਜੀਵਨ ਦਾ ਸਿੱਧਾ ਰਾਹ ਛੱਡ ਕੇ ਅਸੀ ਜੀਵਨ-ਤਾਣੀ ਦੀ ਪੁੱਠੀ ਬੁਣਤ ਬੁਣ ਰਹੇ ਹਾਂ।

ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਹਰਿ ਜੇਹਾ ਅਵਰੁ ਨ ਦਿਸਈ, ਕੋਈ ਦੂਜਾ ਲਵੈ ਨ ਲਾਇ।।

ਅੱਖਰੀਂ ਅਰਥ-- ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ।

ਵਿਚਾਰ ਤੇ ਵਿਹਾਰਕ ਪੱਖ-- ਇਸ ਤੁਕ ਦਾ ਵਿਹਾਰਕ ਪੱਖ ਸਮਝ ਵਿੱਚ ਆਉਂਦਾ ਹੈ ਕਿ ਅਸੀਂ ਅਸਲੀ ਰਸਤੇ ਨੂੰ ਛੱਡ ਆਪਣੀ ਮਨਮ ਰਜ਼ੀ ਦੇ ਰਸਤਿਆਂ ਨੂੰ ਤਰਜੀਹ ਦੇਂਦੇ ਹਾਂ। ਘਰ ਵਿੱਚ ਕਿਸੇ ਮਸਲੇ ਹੱਲ ਕਰਨ ਦੀ ਥਾਂ ਸਾਧਾਂ ਕੋਲੋਂ ਮੰਤਰਾਂ ਰਾਂਹੀ ਪਰਵਾਰ ਨੂੰ ਠੀਕ ਕਰਨ ਦੇ ਰਸਤੇ `ਤੇ ਪਏ ਹੋਏ ਹਾਂ। ਸਾਨੂੰ ਰੱਬੀ ਗੁਣਾਂ ਵਰਗਾ ਹੋਰ ਕੋਈ ਮਿਲਦਾ ਨਹੀਂ ਹੈ।

ਪਉੜੀ ਦੀ ਅਗਲੀ ਤੁਕ ਵਿੱਚ ਹਲਤ-ਪਲਤ ਦੀ ਵਿਚਾਰ ਦਿੱਤੀ ਗਈ ਹੈ—

ਹਲਤੁ ਪਲਤੁ ਸਵਾਰਿਓਨੁ, ਨਿਹਚਲ ਦਿਤੀਅਨੁ ਜਾਇ।।

ਅੱਖਰੀਂ ਅਰਥ-- ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿੱਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ। ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਜੋ ਊਪਰ ਵਿਚਾਰੇ ਗਏ ਹਨ।

ਵਿਚਾਰ ਤੇ ਵਿਹਾਰਕ ਪੱਖ--ਹੁਣ ਇਸ ਨੂੰ ਆਪਣੇ ਜੀਵਨ `ਤੇ ਢਾਲਣਾ ਹੈ ਇਸ ਦਾ ਅਰਥ ਹੈ ਇੱਕ ਤਾਂ ਮਨੁੱਖ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਦੂਜਾ ਵਰਤਮਾਨ ਜੀਵਨ ਤੇ ਆਉਣ ਵਾਲੇ ਜੀਵਨ ਵਿੱਚ ਕੋਈ ਔਖਿਆਈ ਨਹੀਂ ਰਹਿੰਦੀ ਭਾਵ ਜੀਵਨ ਵਿੱਚ ਸਦਾ ਸੁੱਖ ਰਹਿੰਦਾ ਹੈ। ਇਸ ਦਾ ਅਰਥ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਸਵਾਰਨਾ ਹੈ ਜੇਹਾ ਕਿ ਸੇਖ ਫ਼ਰੀਦ ਸਾਹਿਬ ਜੀ ਨੇ ਆਪਣੀ ਬਾਣੀ ਫਰਮਾਇਆ ਹੈ—

ਆਪੁ ਸਵਾਰਹਿ ਮੈ ਮਿਲਹਿ, ਮੈ ਮਿਲਿਆ ਸੁਖੁ ਹੋਇ।।

ਫਰੀਦਾ ਜੇ ਤੂੰ ਮੇਰਾ ਹੋਇ ਰਹਹਿ, ਸਭੁ ਜਗੁ ਤੇਰਾ ਹੋਇ।। ੯੫।।

ਪੰਨਾ ੧੩੮੨

ਅੱਖਰੀਂ ਅਰਥ-- ਹੇ ਫਰੀਦ! ਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿੱਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ (ਦੁਨੀਆ ਦੇ ਪਦਾਰਥਾਂ ਵਿੱਚ ਨਹੀਂ)। ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏਂ, ਤਾਂ) ਸਾਰਾ ਜਗਤ ਤੇਰਾ ਬਣ ਜਾਏਗਾ (ਭਾਵ, ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ)।

ਗੁਰਦੇਵ ਪਿਤਾ ਜੀ ਦਾ ਇੱਕ ਹੋਰ ਵਾਕ ਹੈ ਜਿਹੜਾ ਰੱਬੀ ਗੁਣਾਂ ਨੂੰ ਧਾਰਨ ਕਰਦਾ ਹੈ ਉਸ ਦਾ ਵਰਤਮਾਨ ਤੇ ਆਉਣ ਵਾਲਾ ਸਮਾਂ ਸੁਖਦਾਇਕ ਹੁੰਦਾ ਹੈ—

ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ।।

ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ।।

ਸਿਰੀ ਰਾਗ ਮਹਲਾ ੫ ਪੰਨਾ ੪੬ 

ਅੱਖਰੀਂ ਅਰਥ-- ਸਦਾ-ਥਿਰ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਉਹਨਾਂ (ਭਗਤਾਂ) ਦੇ ਮੂੰਹ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਰੌਸ਼ਨ ਹੋ ਜਾਂਦੇ ਹਨ। ਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿੱਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ।

ਜਿਹੜਿਆਂ ਮਨੁੱਖਾਂ ਨੇ ਨਾ ਤਾਂ ਸਮੇਂ ਦੀ ਸੰਭਾਲ ਕੀਤੀ ਹੈ, ਨਾ ਕਿਸੇ ਸੂਝਵਾਨ ਮਨੁੱਖ ਦੀ ਸਿੱਖਿਆ ਨੂੰ ਸਮਝਿਆ ਹੈ ਉਹਨਾਂ ਦਾ ਹੱਥਲਾ ਜੀਵਨ ਤਥਾ ਆਉਣ ਵਾਲਾ ਸਮਾਂ ਮੁਸੀਬਤਾਂ ਵਾਲਾ ਹੀ ਹੁੰਦਾ ਹੈ। ਅਜੇਹੇ ਮਨੁੱਖ ਸਦਾ ਭਰਮ ਵਿੱਚ ਰਹਿੰਦੇ ਹਨ ਭਰਮ ਇੱਕ ਐਸੀ ਸਮੱਸਿਆ ਹੈ ਜਿਸ ਨਾਲ ਮਨੁੱਖ ਦੇ ਜੀਵਨ ਦਾ ਵਿਕਾਸ ਰੁਕ ਜਾਂਦਾ ਹੈ। ਅਜੇਹੇ ਮਨੁੱਖ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲ ਸਕਦਾ—

ਪੇਈਅੜੈ ਧਨ ਭਰਮਿ ਭੁਲਾਣੀ।। ਦੂਜੈ ਲਾਗੀ ਫਿਰਿ ਪਛੋਤਾਣੀ।।

ਹਲਤੁ ਪਲਤੁ ਦੋਵੈ ਗਾਵਾਏ ਸੁਪਨੈ ਸੁਖੁ ਨ ਪਾਵਣਿਆ।। ੪।।

ਮਾਝ ਮਹਲਾ ੩ ਪੰਨਾ ੧੨੯

ਅੱਖਰੀਂ ਅਰਥ--ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿੱਚ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ਉਹ (ਸਦਾ) ਮਾਇਆ ਦੇ ਮੋਹ ਵਿੱਚ ਮਗਨ ਰਹਿੰਦੀ ਹੈ ਤੇ ਆਖ਼ਿਰ ਪਛੁਤਾਂਦੀ ਹੈ। ਉਹ ਜੀਵ-ਇਸਤ੍ਰੀ ਇਹ ਲੋਕ ਤੇ ਪਰਲੋਕ ਦੋਵੇਂ ਗਵਾ ਲੈਂਦੀ ਹੈ, ਉਸ ਨੂੰ ਸੁਪਨੇ ਵਿੱਚ ਭੀ ਆਤਮਕ ਆਨੰਦ ਨਸੀਬ ਨਹੀਂ ਹੁੰਦਾ।

ਹੁਣ ਤੱਕ ਅਰਥ ਅਸਾਂ ਇਹ ਹੀ ਸਮਝੇ ਹਨ ਕਿ ਹਲਤ ਵਰਤਮਾਨ ਸੰਸਾਰ ਨੂੰ ਕਿਹਾ ਗਿਆ ਹੈ ਤੇ ਮਰਨ ਉਪਰੰਤ ਅਗਾਂਹ ਕੋਈ ਹੋਰ ਸਵਰਗ ਜਾਂ ਨਰਕ ਹੈ ਸਗੋਂ ਆਉਣ ਵਾਲੇ ਸਮੇਂ ਨੂੰ ਹੀ ਪ੍ਰਲੋਕ ਕਿਹਾ ਗਿਆ ਹੈ। ਅਸਾਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਸਾਡੇ ਵਰਤਮਾਨ ਜੀਵਨ ਨੂੰ ਸਵਾਰਦੀ ਹੈ ਭਾਵ ਸਚਿਆਰ ਬਣਾਉਂਦੀ ਹੈ। ਜੇ ਅੱਜ ਸਾਡਾ ਜੀਵਨ ਸਚਿਆਰ ਬਣ ਗਿਆ ਤਾਂ ਆਉਣ ਵਾਲਾ ਸਮਾਂ ਆਪਣੇ ਆਪ ਹੀ ਸਹੀ ਹੋ ਜਾਏਗਾ। ਮਰਨ ਤੋਂ ਉਪਰੰਤ ਵਾਲੇ ਪਲਤ ਦੀ ਗੱਲ ਨਹੀਂ ਕੀਤੀ ਗਈ ਸਗੋਂ ਵਰਤਮਾਨ ਜੀਵਨ ਨੂੰ ਹੀ ਸਵਾਰਨ ਦੀ ਹੀ ਗੱਲ ਕੀਤੀ ਗਈ ਹੈ।

ਇਸ ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਸੰਸਾਰ ਸਾਗਰ ਤੇ ਰਖਿਅਨੁ, ਬਹੁੜਿ ਨ ਜਨਮੈ ਧਾਇ।।

ਅੱਖਰੀਂ ਅਰਥ--ਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿੱਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ।

ਵਿਚਾਰ ਤੇ ਵਿਹਾਰਕ ਪੱਖ--ਇਸ ਤੁਕ ਵਿੱਚ ਵਰਤਮਾਨ ਜੀਵਨ ਦੀ ਸੰਭਾਲ ਕਰਨ ਦੀ ਗੱਲ ਕੀਤੀ ਹੈ। ਬਹੁਤ ਵੱਡਾ ਦੁਖਾਂਤ ਹੋਇਆ ਹੈ ਅਸਾਂ ਸ਼ਬਦ ਗੁਰਬਾਣੀ ਵਿਚੋਂ ਲਿਆ ਹੈ ਤੇ ਵਿਆਖਿਆ ਗਰੜ ਪੁਰਾਣ ਵਰਗੇ ਗ੍ਰੰਥਾਂ ਦੀ ਕੀਤੀ ਹੈ। ਹੁਣ ਤੱਕ ਇਹ ਹੀ ਪਰਚਾਰਿਆ ਗਿਆ ਹੈ ਕਿ ਚਉਰਾਸੀ ਲੱਖ ਜੂਨਾਂ ਬੰਦਾ ਭੋਗਦਾ ਹੋਇਆ ਸੰਸਾਰ ਵਿੱਚ ਆਇਆ ਹੈ। ਜੇ ਇਸ ਨੇ ਹੁਣ ਫਿਰ ਧਾਰਮਿਕ ਲੋਕਾਂ ਨੂੰ ਦਾਨ ਪੁੰਨ ਨਾ ਕੀਤਾ ਤਾਂ ਇਹ ਫਿਰ ਰੀਂਗਣ ਵਾਲੀਆਂ ਜੂਨਾਂ ਵਿੱਚ ਚਲਾ ਜਾਏਗਾ। ਭਾਵ ਇਸ ਨੂੰ ਕਈ ਕਈ ਜੂਨਾਂ ਭੋਗਣੀਆਂ ਪੈਣਗੀਆਂ। ਇਹ ਵਿਚਾਰ ਸਾਰੇ ਸੰਸਾਰ ਲਈ ਇੱਕ ਮਤ ਨਹੀਂ ਹੈ। ਕੋਈ ਕਿਸੇ ਤਰ੍ਹਾਂ ਮੰਨਦਾ ਹੈ ਕੋਈ ਕਿਸੇ ਤਰ੍ਹਾਂ ਮੰਨਦਾ ਹੈ। ਉਂਝ ਸਮਝਿਆ ਜਾ ਸਕਦਾ ਹੈ ਜੇ ਵਰਤਮਾਨ ਜੀਵਨ ਵਿੱਚ ਸ਼ੁਭ ਗੁਣ ਆ ਜਾਣ ਤਾਂ ਆਉਣ ਵਾਲਾ ਜੀਵਨ ਆਪੇ ਸੁੱਖਦਾਇਕ ਹੋ ਸਕਦਾ ਹੈ। ਇਸ ਤੁਕ ਦਾ ਭਾਵ ਅਰਥ ਲਿਆ ਜਾਏਗਾ ਕਿ ਜੇ ਸਾਨੂੰ ਗੁਰ ਗਿਆਨ ਦੀ ਸੌਝੀ ਆ ਜਾਂਦੀ ਹੈ ਤਾਂ ਫਿਰ ਸੰਸਾਰ ਦੇ ਵਿਕਾਰਾਂ ਤੋਂ ਸਾਡਾ ਛੁਟਕਾਰਾ ਹੋ ਜਾਏਗਾ। --

ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ।।

ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ।।

ਆਸਾ ਮਹਲਾ ੫ ਪੰਨਾ ੪੬੧

ਅੱਖਰੀਂ ਅਰਥ--ਹੇ ਭਾਈ! ਜਿਸ ਮਨੁੱਖ ਨੂੰ) ਬਾਹੋਂ ਫੜ ਕੇ (ਪਰਮਾਤਮਾ ਆਪਣੇ ਵਿਚ) ਲੀਨ ਕਰ ਲੈਂਦਾ ਹੈ, ਜਿਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ। (ਹੇ ਭਾਈ! ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ (ਆਪਣਾ) ਜੋਰ ਨਹੀਂ ਪਾ ਸਕਦਾ।

ਇਸ ਦਾ ਵਿਹਾਰਕ ਪੱਖ ਸਮਝ ਵਿੱਚ ਆਉਂਦਾ ਹੈ ਕਿ ਵਰਤਮਾਨ ਜੀਵਨ ਵਿੱਚ ਹੀ ਸੁਧਾਈ ਕਰਨ ਦੀ ਲੋੜ ਹੈ। ਕੁਦਰਤੀ ਨਿਯਮਾਵਲੀ ਨੂੰ ਸਮਝਣ ਦੀ ਜ਼ਰੂਰਤ ਹੈ-- ਗੁਰਬਾਣੀ ਦਾ ਇੱਕ ਹੋਰ ਵਾਕ ਦੇਖਣ ਦਾ ਯਤਨ ਕਰਾਂਗੇ—

ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ।।

ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ।। ੧।।

ਧਨਾਸਰੀ ਮਹਲਾ ੫ ਪੰਨਾ ੬੭੭

ਅੱਖਰੀਂ ਅਰਥ--ਹੇ ਭਾਈ! ਉਹਨਾਂ ਮਨੁੱਖਾਂ ਨੂੰ ਗੁਰੂ ਨੇ (ਆਪਣੇ) ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ। ਗੁਰੂ ਪਰਮੇਸਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿੱਚ ਸੜਨ ਨਾਹ ਦਿੱਤਾ। (ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ।

ਇਹ ਸਾਹਮਣੇ ਆਉਂਦਾ ਹੈ ਕਿ ਹੈ ਕਿ ਅਸਾਂ ਵਰਤਮਾਨ ਜੀਵਨ ਵਿੱਚ ਹੀ ਆਪਣਾ ਵਿਹਾਰਕ ਪੱਖ ਸੁੰਦਰ ਬਣਾਉਣ ਦਾ ਯਤਨ ਕਰਨਾ ਹੈ ਤੇ ਮਰਨ ਉਪਰੰਤ ਕਿਸੇ ਪ੍ਰਲੋਕ ਵਿੱਚ ਜਾਣਾ ਹੈ।

ਪਉੜੀ ਦੀ ਅਗਲੀ ਤੁਕ ਵਿਚ—

ਜਿਹਵਾ ਏਕ, ਅਨੇਕ ਗੁਣ, ਤਰੇ ਨਾਨਕ ਚਰਣੀ ਪਾਇ।।

ਅੱਖਰੀਂ ਅਰਥ--ਹੇ ਨਾਨਕ! (ਆਖ—) ਸਾਡੀ ਇੱਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।

ਵਿਚਾਰ ਤੇ ਵਿਹਾਰਕ ਪੱਖ--ਰੱਬ ਜੀ ਦੇ ਗੁਣ ਬਹੁਤ ਹਨ, ਪਰ ਸਾਡੀ ਜ਼ਬਾਨ ਇੱਕ ਹੈ। ਫਿਰ ਗੁਣਾਂ ਨੂੰ ਅਸੀਂ ਧਾਰਨ ਕਿਸ ਤਰ੍ਹਾਂ ਕਰਨਾ ਹੈ? ਗੁਰਦੇਵ ਪਿਤਾ ਜੀ ਹੱਲ ਦਸਦੇ ਹਨ ਰੱਬ ਦੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਨਾਲ ਅਸੀਂ ਤਰ ਸਕਦੇ ਹਾਂ। ਦੂਸਰਾ ਜੇ ਅਸੀਂ ਗੁਰਦੇਵ ਪਿਤਾ ਜੀ ਦੀ ਇੱਕ ਸਿੱਖਿਆ ਨੂੰ ਹੀ ਆਪਣੀ ਸਮਝ ਦਾ ਅਧਾਰ ਬਣ ਲਈਏ ਤਾ ਸਾਨੂੰ ਜ਼ਿੰਦਗੀ ਦੇ ਮਹੱਤਵ ਦੀ ਸਮਝ ਆ ਸਕਦੀ ਹੈ—

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ।।

ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ।। ੧।।

ਬਿਲਾਵਲੁ ਮਹਲਾ ੧ ਪੰਨਾ ੭੯੫

ਅੱਖਰੀਂ ਅਰਥ--ਮੇਰਾ ਮਨ (ਪ੍ਰਭੂ-ਦੇਵ ਦੇ ਰਹਿਣ ਲਈ) ਮੰਦਰ (ਬਣ ਗਿਆ) ਹੈ, ਮੇਰਾ ਸਰੀਰ (ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ) ਰਮਤਾ ਸਾਧੂ ਬਣ ਗਿਆ ਹੈ (ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ), ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ (ਮੇਰੀ ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ) ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ।

ਬੇੜੀ ਪਾਣੀ ਵਿੱਚ ਹੀ ਤਰਦੀ ਹੈ ਤੇ ਪਾਣੀ ਵਿੱਚ ਹੀ ਡੁੱਬਦੀ ਹੈ। ਏਸੇ ਤਰ੍ਹਾਂ ਮਨੁੱਖ ਸੰਸਾਰ ਵਿੱਚ ਹੀ ਡੁੱਬਦਾ ਹੈ ਸੰਸਾਰ ਵਿੱਚ ਤਰਦਾ ਹੈ। ਸੰਸਾਰ ਵਿਚੋਂ ਤਰਿਆ ਜਾ ਸਕਦਾ ਹੈ ਜੇ ਅਸੀਂ ਗੁਰਦੇਵ ਪਿਤਾ ਜੀ ਦੇ ਚਰਣੀ ਪੈ ਜਾਈਏ ਭਾਵ ਗੁਰਦੇਵ ਪਿਤਾ ਦੇ ਸਮਝਾਏ ਹੋਏ ਰਸਤੇ `ਤੇ ਤੁਰਨ ਨਾਲ ਜੀਵਨ ਵਿੱਚ ਅਨੰਦ ਬਣਦਾ ਹੈ।

ਇਸ ਪਉੜੀ ਦੀ ਅਖੀਰਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਫਲਗੁਣਿ ਨਿਤ ਸਲਾਹੀਐ, ਜਿਸ ਨੋ ਤਿਲੁ ਨ ਤਮਾਇ”।। —

ਅੱਖਰੀਂ ਅਰਥ---ਫੱਗਣ ਦੇ ਮਹੀਨੇ ਵਿੱਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿੱਚ ਸਾਡਾ ਹੀ ਭਲਾ ਹੈ)

ਵਿਚਾਰ ਤੇ ਵਿਹਾਰਕ ਪੱਖ--ਇਸ ਤੁਕ ਵਿੱਚ ਨਿੱਤ ਸਲਾਹੁੰਣ ਦੀ ਗੱਲ ਕੀਤੀ ਹੈ। ਆਮ ਸੰਸਾਰ ਵਿੱਚ ਦੇਖਦੇ ਹਾਂ ਕਿ ਬੰਦਾ ਓਦੋਂ ਕਿਸੇ ਦੀ ਸਿਫਤ ਸਲਾਹ ਕਰਦਾ ਹੈ ਜਦੋਂ ਉਸ ਨੂੰ ਕੋਈ ਗਰਜ਼ ਹੁੰਦੀ ਹੈ। ਕਈ ਬੰਦੇ ਵੀ ਆਪਣੀ ਸਿਫਤ ਸਲਾਹ ਕਰਾਉਣ ਨੂੰ ਬੜਾ ਵੱਡਾ ਕਰਮ-ਧਰਮ ਸਮਝਦੇ ਹਨ। ਅਕਾਲ ਪੁਰਖ ਆਪਣੀ ਵਡਿਆਈ ਕਰਾਉਣ ਦਾ ਕੋਈ ਲਾਲਚ ਨਹੀਂ ਹੈ। ਹਾਂ ਜਿਹੜਾ ਉਸ ਦੀ ਦਿਨੇ ਰਾਤ ਸਿਫਤ ਸਲਾਹ ਕਰੇਗਾ ਉਹ ਹੀ ਸੌਖਾ ਰਹੇਗਾ। ਇੱਕ ਕਿਰਸਾਨ ਸਮੇਂ ਨਾਲ ਆਪਣੀ ਕਣਕ ਬੀਜਦਾ ਹੈ ਸਮੇਂ ਅਨੁਸਾਰ ਉਸ ਨੂੰ ਪਾਣੀ ਦੇਂਦਾ ਹੈ ਫਿਰ ਕਣਕ ਦਾ ਮੂੰਹ ਵੀ ਉਹੀ ਹੀ ਕਿਰਸਾਨ ਦੇਖੇਗਾ। ਹੁਣ ਖੇਤ, ਕਣਕ ਦਾ ਬੀਜ ਜਾਂ ਹੱਲ ਵਹੁੰਣ ਵਾਲੇ ਟ੍ਰੈਕਟਰ ਨੇ ਅੱਗੋਂ ਬੋਲਣਾ ਕੋਈ ਨਹੀਂ ਹੈ ਇਹਨਾਂ ਵਲੋਂ ਕਣਕ ਕੋਈ ਬੀਜੇ ਜਾਂ ਨਾ ਬੀਜੇ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ। ਜੇ ਅਸੀਂ ਨਿਯਮ ਨੂੰ ਸਮਝ ਕੇ ਚਲਦੇ ਹਾਂ ਤਾਂ ਸਮੱਸਿਆ ਨਹੀਂ ਹੈ ਨਿਯਮ ਨੇ ਕਿਸੇ ਨੂੰ ਕਹਿਣਾ ਕੁੱਝ ਨਹੀਂ ਹੈ ਭਾਵੇਂ ਕੋਈ ਚੱਲੇ ਜਾਂ ਨਾ ਚੱਲੇ ਉਹਨੇ ਤਾਂ ਆਪਣਾ ਕੰਮ ਕਰੀ ਹੀ ਜਾਣਾ ਹੈ। ਰੱਬ ਜੀ ਦੇ ਗੁਣ ਤਾਂ ਸਦਾ ਰਹਿਣ ਵਾਲੇ ਹਨ ਉਹਨਾਂ ਗੁਣਾਂ ਦੀ ਜਿਹੜਾ ਨਿੱਤ ਵਰਤੋਂ ਕਰੇਗਾ ਸੁੱਖੀ ਵੀ ਉਹ ਹੀ ਰਹੇਗਾ। ਗੁਣਾਂ ਨੂੰ ਕੋਈ ਲਾਲਚ ਨਹੀਂ ਹੈ ਭਾਂਵੇ ਕੋਈ ਵਰਤੇ ਜਾਂ ਨਾ ਵਰਤੇ।

ਗੁਰਬਾਣੀ ਨੇ ਇੱਕ ਨੁਕਤਾ ਬੜਾ ਪਿਆਰਾ ਦਿੱਤਾ ਹੈ ਦੁਬਿਧਾ ਬੰਦੇ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ—

ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ।।

ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ।। ੬।।

ਰਾਗ ਆਸਾ ਮਹਲਾ ੧ ਪੰਨਾ ੪੧੯

ਅੱਖਰੀਂ ਅਰਥ--ਹੇ ਭਾਈ! ਦੁਬਿਧਾ ਛੱਡ ਦੇਵਹੁ। ਇਹ ਗ਼ਲਤ ਰਸਤਾ ਹੈ (ਇਸ ਰਸਤੇ ਪੈ ਕੇ) ਲੁੱਟੇ ਜਾਵੋਗੇ। (ਮਾਇਆ-ਮੋਹ ਦੇ ਰਸਤੇ ਦੇ ਥਾਂ) ਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।

ਦੂਸਰਾ ਸਤਿਗੁਰ ਦੀ ਸਰਣ ਵਿੱਚ ਪੈ ਕੇ ਹੀ ਰੱਬ ਜੀ ਦੀ ਸਿਫਤ ਸਲਾਹ ਕਰਨੀ ਬਹੁਤ ਸੌਖੀ ਹੈ। ਇਸ ਦਾ ਭਾਵ ਅਰਥ ਹੈ ਕਿ ਜੋ ਗੁਰਦੇਵ ਪਿਤਾ ਜੀ ਵਿਚਾਰ ਦੇ ਰਹੇ ਹਨ ਉਹਨਾਂ ਵਿਚਾਰਾਂ ਨੂੰ ਜੇ ਆਪਣੇ ਜੀਵਨ ਵਿੱਚ ਢਾਲਣਾ ਚਾਹੀਦਾ ਹੈ।

ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ।। ੨।।

ਪੰਨਾ ੬੪੬

ਇਸ ਦਾ ਅਰਥ ਹੈ ਕਿ ਸੱਚ ਨੂੰ ਮਨ ਵਿੱਚ ਧਾਰਨ ਕਰਨਾ ਹੀ ਰੱਬ ਦੀ ਸਿਫਤੋ ਸਲਾਹ ਹੈ ਤੇ ਇਹ ਹਰ ਵੇਲੇ ਕਰਨੀ ਚਾਹੀਦੀ ਹੈ।

ਤੱਤਸਾਰ--ਇਸ ਪਉੜੀ ਦਾ ਵਿਹਾਰਕ ਪੱਖ ਸਾਡੀ ਸਮਝ ਵਿੱਚ ਆਉਂਦਾ ਹੈ ਕਿ ਜੋ ਰੱਬੀ ਗੁਣ ਸਾਡੀ ਵਰਤੋਂ ਵਿਹਾਰ ਵਿਚੋਂ ਪ੍ਰਗਟ ਹੋਣੇ ਹਨ ਉਹ ਗੁਣ ਹੀ ਸਾਡੇ ਸੱਜਣ ਹਨ—ਗੁਣਾਂ ਦੀ ਵਰਤੋਂ ਕਰਨ ਵਾਲਾ ਹਮੇਸ਼ਾਂ ਅਨੰਦ ਵਿੱਚ ਰਹਿੰਦਾ ਹੈ। ਅਨੰਦ ਦੀ ਪ੍ਰਾਪਤੀ ਲਈ ਆਪਣੇ ਜੀਵਨ ਨੂੰ ਨਿਯਮਬੱਧ ਕਰਨਾ ਪਏਗਾ। ਰੱਬ ਜੀ ਦੇ ਗੁਣ ਸਾਡੇ ਨਿੱਤ ਦੀ ਵਰਤੋਂ ਵਿਹਾਰ ਤੇ ਆਉਣ ਵਾਲੇ ਜੀਵਨ ਵਿਚੋਂ ਪ੍ਰਗਟ ਹੋਣੇ ਹਨ।

ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ।।

ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ।। ੨੧।।

ਜਿਨਾ ਇੱਕ ਮਨਿ ਇੱਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ।।

ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ।।

ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ।।

ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ।। ੨੨।।

ਪੰਨਾ ੧੪੨੩




.