.

ਕਬੀਰ ਜੀ ਦੀ ਕਾਸ਼ੀ/ਵਾਰਾਣਸੀ

(ਭਾਗ 4)

ਕਾਸ਼ੀ/ਵਾਰਾਣਸੀ ਵਿਖੇ ਬਾਣੀਕਾਰ ਰਵਿਦਾਸ ਜੀ ਦੇ ਨਾਮ `ਤੇ ਗੰਗਾ ਘਾਟ ਦੇ ਇੱਕ ਪਾਸੇ ਬਣਾਇਆ ਗਿਆ “ਸ੍ਰੀ ਗੁਰੂ ਰਵਿਦਾਸ ਘਾਟ” ਅਤੇ ਇਸ ਉੱਪਰ ਬਣਾਈ ਗਈ “ਗੁਰੂ ਰਵਿਦਾਸ ਪਾਰਕ” ਬਾਰੇ ਸੰਖੇਪ ਜਾਣਕਾਰੀ ਪਹਿਲਾਂ ਦਿੱਤੀ ਜਾ ਚੁੱਕੀ ਹੈ। ਲੇਖ ਦੇ ਇਸ ਅੰਤਿਮ ਭਾਗ ਵਿੱਚ ਅਸੀਂ ਰਵਿਦਾਸ ਜੀ ਦੇ ‘ਜਨਮ-ਸਥਾਨ’ ਬਾਰੇ ਹੀ ਲਿਖਾਂ ਗੇ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਰਵਿਦਾਸ ਜੀ ਦਾ ਜਨਮ ਕਾਂਸ਼ੀ ਵਿਖੇ ਹੋਇਆ ਅਤੇ ਉਨ੍ਹਾਂ ਨੇ ਆਪਣਾ ਜੀਵਨ ਵੀ ਇਥੇ ਹੀ ਗੁਜ਼ਾਰਿਆ। ਪਰੰਤੂ ਇਹ ਇੱਕ ਮੰਦਭਾਗੀ ਸੱਚਾਈ ਹੈ ਕਿ ਉਨ੍ਹਾਂ ਦੇ ਜੀਵਨ-ਕਾਲ ਤੋਂ ਬਾਅਦ ਉਨ੍ਹਾਂ ਸਥਾਨਾਂ ਦਾ ਖੁਰਾ-ਖੋਜ ਹੀ ਮਿਟ ਗਿਆ ਜਾਂ ਦੋਖੀ ਵਿਰੋਧੀਆਂ ਦੁਆਰਾ ਮਿਟਾ ਦਿੱਤਾ ਗਿਆ ਜਿੱਥੇ ਕਿਤੇ ਵੀ ਉਹ ਵਿਚਰੇ ਸਨ! ਅਤੇ ਉਨ੍ਹਾਂ ਸਥਾਨਾਂ ਦੇ ਨਾਲ ਹੀ ਰਵਿਦਾਸ ਜੀ ਦੀ ਪਵਿਤ੍ਰ ਛੋਹ ਪ੍ਰਾਪਤ ਹਰ ਨਿਸ਼ਾਨੀ ਵੀ ਨਸ਼ਟ ਹੋ ਗਈ ਜਾਂ ਨਸ਼ਟ ਕਰ ਦਿੱਤੀ ਗਈ! ਸੋ, ਰਵਿਦਾਸ ਜੀ ਦੇ ਕਿਸੇ ਵੀ ਸਥਾਨ ਨੂੰ ਦਾਅਵੇ ਨਾਲ ਇਤਿਹਾਸਕ ਨਹੀਂ ਕਿਹਾ ਜਾ ਸਕਦਾ! ਇੱਕ ਵਿਚਾਰ ਇਹ ਦਿੱਤਾ ਜਾਂਦਾ ਹੈ ਕਿ ਰਵਿਦਾਸ ਜੀ ਦਾ ਘਰ ਲਹਰਤਾਰਾ ਤਾਲਾਬ ਦੇ ਨੇੜੇ ਤੇੜੇ ਹੀ ਕਿਤੇ ਸੀ। ਪਰੰਤੂ ਇਸ ਦਾ ਕੋਈ ਠੋਸ ਪ੍ਰਮਾਣ ਨਹੀਂ ਹੈ।

ਵਾਰਾਣਸੀ ਵਿਖੇ ਰਵਿਦਾਸ ਜੀ ਦੀ ਯਾਦ ਵਿੱਚ ਰਵਿਦਾਸੀਆਂ ਦੁਆਰਾ 20ਵੀਂ ਸਦੀ ਦੇ ਦੂਜੇ ਅੱਧ ਵਿੱਚ ਉਸਾਰਿਆ ਗਿਆ ਇੱਕ ਹੀ ਸਥਾਨ ਹੈ ਜਿਸ ਨੂੰ “ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ, ਸੀਰ ਗੋਵਰਧਨਪੁਰ, ਵਾਰਾਣਸੀ, ਯੂ: ਪੀ: “ ਕਿਹਾ ਜਾਂਦਾ ਹੈ। ਇਹ ਮੰਦਿਰ ਜਗਤ-ਪ੍ਰਸਿੱਧ “ਬਨਾਰਸ ਹਿੰਦੂ ਯੂਨੀਵਰਸਿਟੀ” ਦੇ ਨੇੜੇ ਹੀ ਇੱਕ ਪਾਸੇ ਸਥਿਤ ਹੈ। ਰਵਿਦਾਸ ਜੀ ਦੇ ਇਸ ਮਿਥਿਹਾਸਕ ਸਥਾਨ ਦੀ ਵਿਸਤ੍ਰਿਤ ਜਾਣਕਾਰੀ ਦੇਣ ਤੋਂ ਪਹਿਲਾਂ ਇਸ ਦੇ ਇਤਿਹਾਸਕ ਪਿਛੋਕੜ ਨੂੰ ਵਿਚਾਰ ਲੈਣਾ ਠੀਕ ਰਹੇਗਾ।

ਇਹ ਇਤਿਹਾਸਕ ਸੱਚ ਤਾਂ ਸਾਰੇ ਜਾਣਦੇ ਹੀ ਹਨ ਕਿ ਬਾਬਾ ਆਦਮ ਦੇ ਸਮੇਂ ਤੋਂ ਹੀ ਮਨੁੱਖਤਾ ਤਿੰਨ ਮੁੱਖ ਸ਼੍ਰੇਣੀਆਂ (ਸ਼ਾਸਕ ਸ਼੍ਰੇਣੀ, ਪੁਜਾਰੀ ਸ਼੍ਰੇਣੀ ਅਤੇ ਕਿਰਤੀ ਸ਼੍ਰੇਣੀ) ਵਿੱਚ ਵੰਡੀ ਹੋਈ ਹੈ। ਸ਼ਾਸਕ ਤੇ ਪੁਜਾਰੀ ਚੱਕੀ ਦੇ ਦੋ ਪੁੜ ਹਨ ਜਿਨ੍ਹਾਂ ਵਿਚਾਲੇ ਕਿਰਤੀ ਬੜੀ ਬੇਰਹਿਮੀ ਨਾਲ ਬੇਬਸ ਦਾਣਿਆਂ ਦੀ ਤਰ੍ਹਾਂ ਦਰੜੇ ਜਾਂਦੇ ਰਹੇ ਹਨ। ਇਥੇ ਹੀ ਬਸ ਨਹੀਂ, ਸ਼ਕਤੀਸ਼ਾਲੀ ਜ਼ਾਲਿਮ ਸ਼ਾਸਕਾਂ ਤੇ ਮਾਇਆਧਾਰੀ ਕਪਟੀ ਪੁਜਾਰੀਆਂ ਨੇ, ਜੋ ਹਮੇਸ਼ਾ ਹਰਾਮ (ਦੂਸਰਿਆਂ ਦੀ ਕਿਰਤ-ਕਮਾਈ) ਖਾਣ ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਹਨ, ਕਿਰਤੀਆਂ ਨੂੰ ਨੀਚ ਤੇ ਆਪਣੇ ਆਪ ਨੂੰ ਊਚ ਘੋਸ਼ਿਤ ਕਰ ਦਿੱਤਾ। ਦੂਜਾ, ਫ਼ਰੇਬੀ ਪੁਜਾਰੀਆਂ ਨੇ ਆਪਣੇ ਅਤੇ ਆਪਣੇ ਸਰਪਰਸਤ ਸ਼ਾਸਕਾਂ ਦੇ ਸਵਾਰਥ ਵਾਸਤੇ ਰੱਬ ਦੀ ਰਿਆਇਆ ਦੇ ਰੱਬੀ ਰਾਹ ਵਿੱਚ ਸੰਸਾਰਕ ਧਰਮਾਂ, ਇਨ੍ਹਾਂ ਧਰਮਾਂ ਨਾਲ ਜੋੜੇ ਗਏ ਕਰਮ-ਕਾਂਡਾਂ (ਮਰਯਾਦਾਵਾਂ), ਵਰਣਾਂ ਤੇ ਜਾਤ-ਪਾਤ ਆਦਿ ਦੇ ਵਿਤਕਰਿਆਂ ਦੇ ਜ਼ਹਿਰੀਲੇ ਕੰਡੇ ਵਿਛਾ ਦਿੱਤੇ। ਇਸ ਤਰ੍ਹਾਂ, ਕਈ ਅਮਾਨਵੀ ਕੰਡਿਆਲੀਆਂ ਵਾੜਾਂ ਲਗਾ ਕੇ ਰੱਬ ਦੇ ਬੰਦਿਆਂ ਨੂੰ ਨਾ ਕੇਵਲ ਰੱਬ ਤੋਂ ਹੀ ਦੂਰ ਕੀਤਾ ਸਗੋਂ ਏਕ ਨੂਰ ਤੋਂ ਉਪਜੀ ਵਿਸ਼ਾਲ ਤੇ ਬਹੁਰੰਗੀ ਮਨੁੱਖਤਾ ਵਿੱਚ ਵਿਤਕਰਿਆਂ ਦੀਆਂ ਵੱਡੀਆਂ ਦਰਾੜਾਂ ਵੀ ਪੈਦਾ ਕਰ ਦਿੱਤੀਆਂ। ਪਾਪਾਂ ਨਾਲ ਪਲੀਤ ਹੋਏ ਹੋਏ, ਖੋਟ ਦੇ ਖਜ਼ਾਨੇ ਵਿਕਾਰ-ਗ੍ਰਸਤ ਦਰਿਦਰੀ ਸ਼ਾਸਕਾਂ ਅਤੇ ਪੁਜਾਰੀਆਂ ਨੇ ਆਪਣੇ ਆਪ ਨੂੰ ਊਚ ਤੇ ਸ੍ਰੇਸ਼ਟ ਐਲਾਨ ਦਿੱਤਾ ਅਤੇ ਮਾਨਵ-ਅਧਿਕਾਰਾਂ ਤੋਂ ਵੰਚਿਤ ਕੀਤੇ, ਦਰਅਸਲ, ਪਾਕ-ਪਵਿੱਤਰ ਸ਼ਖ਼ਸੀਅਤ ਵਾਲੇ ਵਿਚਾਰੇ ਕਿਰਤੀਆਂ ਨੂੰ ਦਲਿਤ, ਨੀਚ, ਕਮੀਨ, ਸ਼ੂਦਰ, ਅਛੂਤ ਅਤੇ ਦਰਿਦ੍ਰੀ ਜਿਹੇ ਘ੍ਰਿਣਿਤ ਲਕਬਾਂ ਨਾਲ ਲਬੇੜ ਦਿੱਤਾ। ਮੱਧ ਕਾਲ ਵਿੱਚ ਰੱਬ ਦੀ ਰਹਿਮਤ ਨਾਲ ਨਵਾਜੇ ਉੱਤਰੀ ਭਾਰਤ ਦੇ ਕੁੱਝ ਇੱਕ ਕਥਿਤ ਨੀਚ ਜਾਤ ਕਿਰਤੀਆਂ ਨੇ ਇਸ ਅਨਿਆਂ ਵਿਰੁੱਧ ਬੜੀ ਦ੍ਰਿੜਤਾ, ਦਲੇਰੀ ਤੇ ਨਿਡਰਤਾ ਨਾਲ ਆਵਾਜ਼ ਬੁਲੰਦ ਕੀਤੀ। ਇਨ੍ਹਾਂ ਵਿੱਚੋਂ ਹੀ ਇੱਕ ਸਨ ਬਾਣੀਕਾਰ ਰਵਿਦਾਸ ਜੀ।

ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਹਾਲਾਤ ਉਪਰੋਕਤ ਨਾਲੋਂ ਬਹੁਤ ਬਦਤਰ ਸਨ। ਇੱਕ ਤਾਂ ਸਥਾਨਕ ਅਯਾਸ਼ ਰਾਜੇ ਰਜਵਾੜਿਆਂ ਦਾ ਅਕਹਿ ਜ਼ੁਲਮ ਅਤੇ ਵਿਦੇਸੀ ਜਰਵਾਣੇ ਧਾੜਵੀਆਂ ਤੇ ਹਮਲਾਵਰਾਂ ਦਾ ਕਹਿਰ ਅਤੇ ਦੂਜਾ, ਮਜ਼੍ਹਬ ਦੇ ਨਾਮ `ਤੇ ਨਿਤ ਦਿਨ ਹੁੰਦੇ ਅੱਤਿਆਚਾਰਾਂ ਅਤੇ ਨਿਰਦਯੀ ਪੁਜਾਰੀਆਂ (ਪਾਂਡੇ ਪੁਰੋਹਿਤਾਂ ਤੇ ਬ੍ਰਾਹਮਨਾਂ ਅਤੇ ਮਉਲਾਣੇ ਮੌਲਵੀਆਂ ਆਦਿ) ਦੀਆਂ ਲੁੱਟਾਂ ਨੇ ਭਾਰਤੀਆਂ, ਵਿਸ਼ੇਸ਼ ਕਰਕੇ ਪੰਜਾਬੀਆਂ, ਦੀ ਅਜਿਹੀ ਦੁਰਦਸ਼ਾ ਕੀਤੀ ਹੋਈ ਸੀ ਕਿ ਜਿਸ ਕਾਰਣ ਧਰਤੀ ਆਕਾਸ਼ ਵੀ ਕੰਬਦੇ ਸਨ। ਅਜਿਹੇ ਦਰਦਨਾਕ ਹਾਲਾਤ ਵਿੱਚ ਮਨੁੱਖਤਾ ਦੇ ਮਸੀਹੇ ਗੁਰੂ ਨਾਨਕ ਦੇਵ ਜੀ ਦਾ ਪੰਜਾਬ ਦੀ ਧਰਤੀ `ਤੇ ਆਗਮਨ ਹੋਇਆ। ਮਾਨਵ-ਹਿਤੈਸ਼ੀ ਗੁਰੂ ਨਾਨਕ ਦੇਵ ਜੀ ਤੋਂ ਦੁੱਖਾਂ-ਦਰਿਦ੍ਰਾਂ ਵਿੱਚ ਗ੍ਰਸਤ ਮਜ਼ਲੂਮ ਜਨਤਾ ਦੀ ਦੁਰਦਸ਼ਾ ਬਰਦਾਸ਼ਤ ਨਾ ਹੋਈ ਤੇ ਉਨ੍ਹਾਂ ਨੇ ਮਾਅਸੂਮ ਮਨੁੱਖਤਾ ਦੀ ਦੁੱਖਾਂ ਤੋਂ ਮੁਕਤੀ ਦੇ ਰਾਹ ਦੀ ਭਾਲ ਵਿੱਚ, ਆਪਣੇ ਸੰਸਾਰਕ ਸੁੱਖ ਤਿਆਗ ਕੇ, ਕਈ ਕਠਿਨ ਯਾਤ੍ਰਾਵਾਂ ਕੀਤੀਆਂ ਜਿਨ੍ਹਾਂ ਨੂੰ ਗੁਰੁ-ਇਤਿਹਾਸ ਵਿੱਚ ‘ਉਦਾਸੀਆਂ’ ਕਿਹਾ ਜਾਂਦਾ ਹੈ! ਇਨ੍ਹਾਂ ਖ਼ਤਰਨਾਕ ਪਦ-ਯਾਤ੍ਰਾਵਾਂ ਦੌਰਾਨ ਉਹ ਸਮੇਂ ਦੇ ਉਨ੍ਹਾਂ ਪ੍ਰਸਿੱਧ ਅਧਿਆਤਮਵਾਦੀ ਮਹਾਂਪੁਰਖਾਂ ਨੂੰ ਮਿਲੇ ਜਿਨ੍ਹਾਂ ਦਾ ਜੀਵਨ-ਲਕਸ਼ ਇੱਕ ਈਸ਼ਵਰ-ਭਗਤੀ, ਸਚਿਆਰਤਾ, ਭਰਾਤ੍ਰੀਭਾਵ ਅਤੇ ਸਾਂਝੀਵਾਲਤਾ ਆਦਿ ਸੀ। ਇਨ੍ਹਾਂ ਪਰਮਾਰਥੀ ਕਿਰਤੀ ਸੱਜਨਾਂ ਨੇ ਇੱਕ ਅਕਾਲਪੁਰਖ ਦੀ ਸਰਬਵਿਆਪਕਤਾ ਦੇ ਸਿੱਧਾਂਤ ਨੂੰ ਦ੍ਰਿੜਾਉਂਦਿਆਂ ਹਰ ਤਰ੍ਹਾਂ ਦੇ ਮਨੁੱਖੀ ਭੇਦ-ਭਾਵ ਤੇ ਵਿਤਕਰਿਆਂ ਨੂੰ ਨਕਾਰਿਆ ਅਤੇ ਮਾਨਵਵਾਦ ਦਾ ਪੁਰਜ਼ੋਰ ਸਮਰਥਨ ਕੀਤਾ। ਇਨ੍ਹਾਂ ਕ੍ਰਾਂਤੀਕਾਰੀ ਮਹਾਂਪੁਰਖਾਂ ਵਿੱਚੋਂ ਰਵਿਦਾਸ ਜੀ ਦਾ ਨਾਮ ਵਿਸ਼ੇਸ਼ ਵਰਣਨਯੋਗ ਹੈ।

ਭਾਰਤੀ ਸਮਾਜ ਵਿੱਚ ਵਿਆਪਕ ਵਰਣ-ਵੰਡ, ਜਾਤ-ਪਾਤ, ਊਚ-ਨੀਚ, ਅਮੀਰੀ-ਗ਼ਰੀਬੀ ਅਤੇ ਰੰਗ-ਰੂਪ ਆਦਿ ਦੇ ਅਮਾਨਵੀ ਵਿਤਕਰਿਆਂ ਦੀਆਂ ਪਾਈਆਂ ਗਈਆਂ ਦ੍ਰਾੜਾਂ ਨੂੰ ਖ਼ਤਮ ਕਰਨ ਅਤੇ ਮਾਨਵਵਾਦ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਅਮਲੀ ਯਤਨ ਇਹ ਕੀਤਾ ਕਿ ਉਨ੍ਹਾਂ ਨੇ ਆਪਣੀਆਂ ਉਦਾਸੀਆਂ ਦੌਰਾਨ ਮੁਰਦਾਰ-ਖ਼ੋਰ ਮਲਿਕ ਭਾਗੋਆਂ ਤੇ ਪਾਖੰਡੀ ਪੁਜਾਰੀਆਂ ਦੀ ਸ਼ਾਹੀ ਮਹਿਮਾਨਨਿਵਾਜ਼ੀ ਨੂੰ ਠੁਕਰਾਉਂਦਿਆਂ ਰੱਬ ਦੇ ਸੱਚੇ ਭਗਤਾਂ, ਜਿਨ੍ਹਾਂ ਵਿੱਚੋਂ ਬਹੁਤੇ ਕਥਿਤ ਨੀਚ ਸਨ, ਦੀ ਮਾਮੂਲੀ ਆਉ ਭਗਤ ਨੂੰ ਕਬੂਲਿਆ, ਉਨ੍ਹਾਂ ਨਾਲ ਮਾਨਵੀ ਸਾਂਝ ਪਾਈ ਅਤੇ ਉਨ੍ਹਾਂ ਨਾਲ ਸਤਿਸੰਗ ਤੇ ਸਾਰਥਕ ਵਿਚਾਰ-ਵਿਮਰਸ਼ ਕੀਤੇ। ਦੂਜਾ, ਭਾਰਤੀ ਸਮਾਜ ਵਿੱਚੋਂ ਘਾਤਿਕ ਵਰਣ-ਵੰਡ ਦਾ ਭੋਗ ਪਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਭਿੰਨ-ਭਿੰਨ ਪ੍ਰਾਂਤਾਂ ਵਿੱਚੋਂ ਚੌਹਾਂ ਵਰਣਾਂ ਦੇ ਮਹਾਂਪੁਰਖਾਂ ਦੀ ਰਚੀ ਇਲਾਹੀ ਬਾਣੀ ਇਕੱਤਰ ਕੀਤੀ ਅਤੇ ਇਸ ਨੂੰ ਸਿਰ-ਮੱਥੇ ਸਵੀਕਾਰਿਆ ਤੇ ਸਤਿਕਾਰਿਆ। ਇਕੱਤਰ ਕੀਤੀ ਬਹੁਰੰਗੀ ਬਾਣੀ ਨੂੰ ਇੱਕ ਥਾਂ ਸਮੋ ਕੇ ਇਕਰੰਗੀ ਸਰਵਸਾਂਝੀ ਇੱਕ ‘ਪੋਥੀ’ ਤਿਆਰ ਕੀਤੀ ਜਿਸ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਕ ਅਦੁੱਤੀ ਗ੍ਰੰਥ ਦਾ ਰੂਪ ਦੇ ਕੇ ਮਨੁੱਖਤਾ ਦੀ ਝੋਲੀ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਨੂੰ ਗਿਆਨ-ਗੁਰੂ ਦਾ ਦਰਜਾ ਦੇ ਕੇ ਸਤਿਕਾਰਿਆ ਤੇ ਮਨੁੱਖਤਾ ਨੂੰ ਇਸ ਦੇ ਫ਼ਲਸਫ਼ੇ ਅਨੁਸਾਰ ਜੀਵਨ ਵਤੀਤ ਕਰਨ ਦਾ ਆਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਮਤਾ/ਬਰਾਬਰੀ (equality) ਦੇ ਮਾਨਵਵਾਦੀ ਸਿੱਧਾਂਤ ਨੂੰ ਸਤਿਕਾਰਦਿਆਂ ਖ਼ਾਲਸਾ ਫ਼ੌਜ ਦਾ ਸੰਗਠਨ ਕਰਨ ਸਮੇਂ ਪੰਜ ਪਿਆਰਿਆਂ ਦੀ ਨਿਰਪੱਖ ਚੋਣ ਵੀ ਚੌਹਾਂ ਵਰਣਾਂ ਵਿੱਚੋਂ ਕੀਤੀ ਅਤੇ ਉਨ੍ਹਾਂ ਨੂੰ ਬਰਾਬਰ ਦਾ ਮਾਨ ਬਖ਼ਸ਼ਿਆ।

ਪਰੰਤੂ ਇਹ ਅਤਿਅੰਤ ਸ਼ਰਮਨਾਕ ਤੇ ਦੁੱਖਦਾਇਕ ਸੱਚਾਈ ਹੈ ਕਿ ਗੁਰੂ-ਕਾਲ ਦੇ ਸਮਾਪਤ ਹੁੰਦਿਆਂ ਹੀ ਭੇਖਧਾਰੀ ਦੰਭੀ ਮਨਮੁਖ ਸਿੱਖਾਂ ਨੇ ਗੁਰੂਆਂ ਦੇ ਕੀਤੇ ਨੂੰ ਆਪਣੀਆਂ ਕੁਟਿਲ ਕਰਤੂਤਾਂ ਨਾਲ ਅਣਕੀਤਾ ਕਰ ਦਿੱਤਾ। ਗੁਰੂਆਂ ਦੇ ਉੱਦਮ ਨਾਲ ਗੁੰਦੀ ਗਈ ਮਨੁੱਖਤਾ ਨੂੰ ‘ਗੁਰਸਿੱਖਾਂ’ ਨੇ ਹੀ ਅਜਿਹਾ ਉਧੇੜਿਆ ਕਿ ਇਸ ਦੇ ਮੁੜ ਗੁੰਦੇ ਜਾਣ ਦੀ ਆਸ ਨਜ਼ਰ ਨਹੀਂ ਆਉਂਦੀ। ਗੁਰੂ-ਘਰਾਂ ਉੱਤੇ ਕਾਬਜ਼ ਹੋਏ ਗੁਰੂ ਤੋਂ ਬੇਮੁੱਖ ਜਾਤਿ-ਅਭਿਮਾਨੀ ਮਨਮਤੀਆਂ ਨੇ ਗੁਰੂ-ਨਵਾਜੇ ਕਥਿਤ ਨੀਚ ਕਿਰਤੀਆਂ ਨੂੰ ਦੁਬਾਰਾ ਅਛੂਤ ਤੇ ਸ਼ੂਦਰ ਬਣਾ ਕੇ ਛੇਕ ਦਿੱਤਾ; ਉਨ੍ਹਾਂ ਨੂੰ ਮਜ਼੍ਹਬੀ, ਮਜ਼੍ਹਬੀ ਸਿੱਖ ਜਾਂ ਮਜ਼੍ਹਬੀ ਸਿੰਘ ਕਹਿਣਾ ਸ਼ੁਰੂ ਕਰ ਦਿੱਤਾ ਅਤੇ ‘ਖ਼ਾਲਸਾ ਫ਼ੌਜ’ ਵਿੱਚ ਉਨ੍ਹਾਂ ਦੇ ਅਲੱਗ ਬਣਾਏ ਗਏ ਜਥੇ ਨੂੰ ‘ਮਜ਼੍ਹਬੀਆਂ ਦਾ ਜਥਾ’ ਨਾਮ ਦੇ ਦਿੱਤਾ ਗਿਆ। ਉਨ੍ਹਾਂ ਦੇ ਗੁਰੂਦਵਾਰੇ ਵੀ ਅੱਡ ਬਣੇ ਜਿਨ੍ਹਾਂ ਨੂੰ ‘ਮਜ਼੍ਹਬੀਆਂ ਦਾ ਗੁਰੂਦਵਾਰਾ’ ਜਾਂ ‘ਵਿਹੜੇ ਦਾ ਗੁਰੂਦਵਾਰਾ’ ਕਿਹਾ ਜਾਂਦਾ ਹੈ। ਇਉਂ ਗੁਰੂਆਂ ਦੁਆਰਾ ਸਤਿਕਾਰੇ ਕਥਿਤ ਨੀਚ ਕਿਰਤੀਆਂ ਨੂੰ ਊਚ ਜਾਤਿ ਨਾਮ ਧਰੀਕ ਸਿੱਖਾਂ ਨੇ ਫਿਰ ਦੁਰਕਾਰ ਦਿੱਤਾ। ਅੰਗਰੇਜ਼ਾਂ ਦੇ ਰਾਜ ਸਮੇਂ, ਚੰਗਾ ਮੌਕਾ ਦੇਖ ਕੇ, ਜ਼ਲਾਲਤ ਤੋਂ ਤੰਗ ਆਏ ਹੋਏ ਲੱਖਾਂ ਮਜ਼੍ਹਬੀ ਸਿੱਖ ਈਸਾਈ (Christian) ਬਣ ਗਏ। ਜਿਨ੍ਹਾਂ ‘ਮਜ਼੍ਹਬੀਆਂ’ ਨੇ ਗੁਰੂ (ਗ੍ਰੰਥ) ਨਾਲੋਂ ਨਾਤਾ ਤੋੜਣਾ ਮੁਨਾਸਬ ਨਾ ਸਮਝਿਆ, ਉਨ੍ਹਾਂ ਅੰਦਰ ਜਾਤਿ-ਅਭਿਮਾਨੀ ਸਿੱਖਾਂ ਦੇ ਖ਼ਿਲਾਫ਼ ਬਗ਼ਾਵਤ ਦੇ ਆਸਾਰ ਪੈਦਾ ਹੋਣੇ ਸ਼ੁਰੂ ਹੋ ਗਏ।

19ਵੀਂ ਸਦੀ ਦੇ ਅੰਤਿਮ ਦਹਾਕੇ ਵਿੱਚ ਇਹ ਬਗ਼ਾਵਤ ਉਘੜ ਕੇ ਜਗ-ਜ਼ਾਹਿਰ ਹੋ ਗਈ ਜਦ ਪੰਜਾਬ ਵਿੱਚ ਰਵਿਦਾਸੀਆ ਫ਼ਿਰਕੇ ਦੇ ਮੋਢੀ ਗੁਰਮਤਿ-ਪ੍ਰੇਮੀ ਸੰਤ ਹਰਨਾਮ ਦਾਸ ਜੀ ਉਰਫ਼ ਬਾਬਾ ਪਿੱਪਲ ਦਾਸ ਜੀ ਨੇ ਜਲੰਧਰ ਨੇੜੇ ਪਿੰਡ ਬੱਲਾਂ ਵਿੱਚ ਆਪਣਾ ਡੇਰਾ ਬਣਾ ਕੇ ਉੱਥੇ ਰਵਿਦਾਸੀਆ ਸੰਪਰਦਾਇ ਦੀ ਗੱਦੀ ਸਥਾਪਤ ਕਰ ਲਈ। ਇਸ ਡੇਰੇ ਵਿੱਚ ਗੁਰੂ ਗ੍ਰੰਥ ਦਾ ਪ੍ਰਕਾਸ਼ ਹੁੰਦਾ ਸੀ ਅਤੇ ਸਰਬਸਾਂਝੀ ਗੁਰਬਾਣੀ ਦਾ ਹੀ ਕਥਾ-ਕੀਰਤਨ ਤੇ ਪ੍ਰਚਾਰ ਕੀਤਾ ਜਾਂਦਾ ਸੀ। ਅੱਜ ਇਸ ਡੇਰੇ ਨੂੰ “ਡੇਰਾ ਸੱਚਖੰਡ”, ਬੱਲਾਂ ਕਿਹਾ ਜਾਂਦਾ ਹੈ! ਇਸ ਡੇਰੇ ਦੀ ਸਫ਼ਲਤਾ ਤੋਂ ਉਤਸਾਹਿਤ ਹੋ ਕੇ ਰਵਿਦਾਸੀਆ ਸੰਪਰਦਾ ਨਾਲ ਜੁੜੇ, ਦੇਸ-ਵਿਦੇਸ ਵਿੱਚ ਵੱਸੇ, ਕਥਿਤ ਦਲਿਤ ਸ਼ਰੱਧਾਲੂਆਂ ਨੇ ਇਸ ਡੇਰੇ ਦੀ ਤਾਬੇਦਾਰੀ ਕਬੂਲ ਲਈ ਅਤੇ ‘ਸਿੱਖਾਂ ਦੇ ਗੁਰੂਦਵਾਰਿਆਂ’ ਵੱਲੋਂ ਮੂੰਹ ਮੋੜਣਾ ਸ਼ੁਰੂ ਕਰ ਦਿੱਤਾ।

1965 ਵਿੱਚ ਬਾਬਾ ਪਿੱਪਲ ਦਾਸ ਜੀ ਦੇ ਪੁੱਤਰ ਤੇ ਗੱਦੀ-ਨਸ਼ੀਨ ਸੰਤ ਸਰਵਨ ਦਾਸ ਨੇ, ‘ਸਿੱਖਾਂ’ ਵੱਲੋਂ ਨਜ਼ਰਅੰਦਾਜ਼ ਕੀਤੇ, ਰਵਿਦਾਸ ਜੀ ਦੀ ਯਾਦ ਵਿੱਚ ਉਨ੍ਹਾਂ ਦੀ ਜੱਦੀ ਨਗਰੀ ਕਾਸ਼ੀ/ਵਾਰਾਣਸੀ ਵਿਖੇ ਉਨ੍ਹਾਂ ਦੀ ਰੂਹਾਨੀ ਸ਼ਖ਼ਸੀਯਤ ਦੇ ਅਨੁਕੂਲ ਇੱਕ ਧਰਮ-ਸਥਾਨ ਸਥਾਪਿਤ ਕਰਨ ਦੇ ਸੰਕਲਪ ਨਾਲ ਸੰਤ ਹਰੀ ਦਾਸ ਦੀ ਅਗਵਾਈ ਵਿੱਚ ਆਪਣੇ ਸੇਵਕਾਂ ਦਾ ਇੱਕ ਜਥਾ ਵਾਰਾਣਸੀ ਭੇਜਿਆ। ਕਾਫ਼ੀ ਖੋਜ-ਪੜਤਾਲ ਤੋਂ ਬਾਅਦ ਜਥੇ ਨੂੰ ਜੋ ਜਗ੍ਹਾ ਰਵਿਦਾਸ ਜੀ ਦੇ ਨਾਮ `ਤੇ ਬਣਾਏ ਜਾਣ ਵਾਲੇ ਗੁਰੂਦਵਾਰੇ ਵਾਸਤੇ ਪਸੰਦ ਆਈ, ਉਹ ਵਾਰਾਣਸੀ ਦੇ ਬਾਹਰਵਾਰ ਉਜਾੜ ਵਿੱਚ ਸੀ। ਦੇਸ-ਵਿਦੇਸ ਵਿੱਚ ਵੱਸੇ ਕਥਿਤ ਦਲਿਤਾਂ ਦੇ ਸਹਿਯੋਗ ਅਤੇ ਆਰਥਕ ਸਹਾਇਤਾ ਨਾਲ ਕਈ ਏਕੜ ਜ਼ਮੀਨ ਖ਼ਰੀਦ ਕੇ ਉਸ ਉੱਤੇ ਗੁਰੂਦਵਾਰਿਆਂ ਦੀ ਤਰਜ਼ `ਤੇ ਆਲੀਸ਼ਾਨ ਧਰਮ-ਸਥਾਨ ਉਸਾਰ ਲਿਆ ਗਿਆ ਜਿਸ ਨੂੰ “ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ, ਸੀਰ ਗੋਵਰਧਨਪੁਰ, ਵਾਰਾਣਸੀ” ਕਿਹਾ ਜਾਂਦਾ ਹੈ।

“ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ” ਨੂੰ ਇਤਿਹਾਸਕ ਸਾਬਤ ਕਰਨ ਵਾਸਤੇ ਇਸ ਨਾਲ ਕੁੱਝ ਇੱਕ ਸਾਖੀਆਂ ਜੋੜੀਆਂ ਗਈਆਂ ਹਨ:-

ਪਹਿਲੀ ਸਾਖੀ: ਇਥੇ ਇਮਲੀ ਦਾ ਇੱਕ ਦਰਖ਼ਤ ਹੈ; ਪ੍ਰਬੰਧਕਾਂ ਅਨੁਸਾਰ, ਇਸ ਦਰਖ਼ਤ ਹੇਠ ਬੈਠਿ ਰਵਿਦਾਸ ਜੀ ਚਮਾਰ ਦੀ ਕਿਰਤ ਦੇ ਨਾਲ ਨਾਲ ਸਤਿਸੰਗ ਵੀ ਕਰਿਆ ਕਰਦੇ ਸਨ! ਪਰੰਤੂ ਇਹ ਰੁਖ ਕਿਸੇ ਪਖੋਂ ਵੀ 5-6 ਸੌ ਸਾਲ ਪੁਰਾਣਾ ਨਹੀਂ ਹੈ! ਇਸ ਸ਼ੰਕੇ ਦੀ ਨਵਿਰਤੀ ਲਈ ਇਹ ਕਿਹਾ ਜਾਂਦਾ ਹੈ ਕਿ ਰਵਿਦਾਸ ਜੀ ਦੇ ਸਮੇਂ ਦਾ ਦਰਖ਼ਤ ਸੁਕ-ਸੜ ਗਿਆ ਸੀ ਪਰ ਉਸ ਦਾ ਮੁੱਢ ਅਜੇ ਉਥੇ ਹੀ ਸੀ ਜਿਸ ਨੇ ਇਸ ਮੰਦਿਰ ਦੀ ਉਸਾਰੀ ਸਮੇਂ ਪੁੰਗਰ ਕੇ ਹੁਣ ਵਾਲੇ ਦਰਖ਼ਤ ਦਾ ਰੂਪ ਧਾਰ ਲਿਆ!

ਦੂਜੀ ਸਾਖੀ:- ਇੱਕ ਲੋਕੋਕਤੀ ਹੈ: “ਮਨ ਚੰਗਾ ਤੋ ਕਠੌਤੀ ਮੇਂ ਗੰਗਾ”। ਜਾਂ “ਮਨ ਮੇਰਾ ਚੰਗਾ ਤਾਂ ਕਠੌਤੀ ਵਿੱਚ ਗੰਗਾ”। ਇਸ ਕਹਾਵਤ ਨੂੰ ਜੇ ਗਹੁ ਨਾਲ ਵਿਚਾਰੀਏ ਤਾਂ ਇਹ ਰਾਮਾਨੰਦ ਜੀ ਦੇ ਬਚਨ ……ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ ……ਦਾ ਨਿਚੋੜ ਹੀ ਪ੍ਰਤੀਤ ਹੁੰਦਾ ਹੈ! ਇਸ ਕਹਾਵਤ ਦਾ ਭਾਵ ਇਹ ਹੈ ਕਿ ਜੇ ਜਿਗਿਆਸੂ ਦਾ ਮਨ ਸ਼ੁੱਧ ਤੇ ਨਿਰਮਲ ਹੈ ਤਾਂ ਗੰਗਾ ਆਦਿ ਤੀਰਥਾਂ `ਤੇ ਜਾ ਕੇ ਡੁਬਕੀਆਂ ਲਾਉਣ ਦੀ ਲੋੜ ਨਹੀਂ ਰਹਿੰਦੀ! ਰਵਿਦਾਸ ਜੀ ਦੇ ਫ਼ਲਸਫ਼ੇ ਨੂੰ ਦ੍ਰਿੜਾਉਂਦੀ ਇਸ ਕਹਾਵਤ ਨੂੰ ਆਧਾਰ ਬਣਾ ਕੇ ਰਵਿਦਾਸੀਆਂ ਨੇ ਮੰਦਿਰ ਦੇ ਹੇਠਾਂ ਰਵਿਦਾਸ ਜੀ ਦੀ ਗੁਫ਼ਾ ਵਿੱਚ ਇੱਕ ਅਜੀਬ ਜਿਹੀ ਵਸਤੂ ਸਥਾਪਿਤ ਕੀਤੀ ਹੋਈ ਹੈ ਜਿਸ ਨੂੰ ਉਹ ਰਵਿਦਾਸ ਜੀ ਦੀ ‘ਕਠੌਤੀ’ ਕਹਿੰਦੇ ਹਨ। ਅਤੇ ਇਸ ਨੂੰ ਮੰਦਿਰ ਦੀ ਉਸਾਰੀ ਵਾਸਤੇ ਕੀਤੀ ਜਾ ਰਹੀ ਖੁਦਾਈ ਸਮੇਂ ਲੱਭੀ ਦੱਸਦੇ ਹਨ! ਰਵਿਦਾਸ ਜੀ ਦੀ ਪਵਿੱਤਰ ਛੁਹ-ਪ੍ਰਾਪਤ ਨਿਸ਼ਾਨੀ ਸਮਝ ਕੇ ਸ਼੍ਰੱਧਾਲੂ ਇਸ ‘ਕਠੌਤੀ’ ਦਾ ਸਤਿਕਾਰ ਕਰਦੇ ਹਨ! ਇਹ ਵੀ ਦੱਸਿਆ ਜਾਂਦਾ ਹੈ ਕਿ ਸਾਲ ਵਿੱਚ ਇੱਕ (ਸ਼ਾਇਦ, ਰਵਿਦਾਸ ਜਯੰਤੀ ਵਾਲੇ) ਦਿਨ ਇਸ ਕਠੌਤੀ `ਚੋਂ ਗੰਗਾ ਫੁੱਟਦੀ ਹੈ ਅਤੇ ਆਲੇ-ਦੁਆਲੇ ਗੰਗਾ-ਜਲ ਭਰ ਜਾਂਦਾ ਹੈ! ਕਠੌਤੀ ਦਾ ਅਰਥ ਹੈ ਕਾਠ (ਲੱਕੜੀ) ਦਾ ਅੰਡਾਕਾਰ (oval-shaped) ਭਾਂਡਾ। ਇਸ ਨੂੰ ਫ਼ਕੀਰਾਂ ਦੀ ਚਿੱਪੀ ਵੀ ਕਹਿੰਦੇ ਹਨ। ਕਠੌਤੀ ਵਿੱਚ ਸਾਧ ਸੰਤ ਪਾਣੀ ਰੱਖਿਆ ਕਰਦੇ ਸਨ। ਜੋ ‘ਕਠੌਤੀ’ ਮੰਦਿਰ ਹੇਠ ਗੁਫ਼ਾ ਵਿੱਚ ਸਥਾਪਿਤ ਕੀਤੀ ਹੋਈ ਹੈ, ਉਹ ਕਿਸੇ ਪੱਖੋਂ ਵੀ ਕਠੌਤੀ ਜਾਂ ਚਿੱਪੀ ਨਹੀਂ ਲਗਦੀ!

“ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ, ਸੀਰ ਗੋਵਰਧਨਪੁਰ, ਵਾਰਾਣਸੀ” ਦੀ ਉਸਾਰੀ ਪੂਰੀ ਹੋਣ ਉਪਰੰਤ ਇਹ ਮੰਦਿਰ ਕਥਿਤ ਦਲਿਤਾਂ ਵਾਸਤੇ ਤੀਰਥ-ਸਥਾਨ ਬਣ ਗਿਆ ਜਿਸ ਨੂੰ ਉਹ ਦਲਿਤਾਂ ਦਾ ‘ਮੱਕਾ’ ਵੀ ਕਹਿੰਦੇ ਹਨ। ਇਸ ਤੀਰਥ-ਸਥਾਨ ਸਦਕਾ ਰਵਿਦਾਸੀਆ ਸੰਪਰਦਾ ਨੂੰ ਅਤਿਅੰਤ ਮਾਨਤਾ ਪ੍ਰਾਪਤ ਹੋ ਗਈ। ਇਸ ਤੋਂ ਉਤਸਾਹਿਤ ਹੋ ਕੇ ਨਾ ਕੇਵਲ ਭਾਰਤ ਵਿੱਚ ਹੀ ਸਗੋਂ ਸਾਰੇ ਸੰਸਾਰ ਵਿੱਚ ਰਵਿਦਾਸ ਜੀ ਦੇ ਨਾਮ `ਤੇ ਕਈ ਧਰਮ-ਸਥਾਨ/ਗੁਰੂਦਵਾਰੇ ਉਸਾਰ ਲਏ ਗਏ। ਇਨ੍ਹਾਂ ਸਾਰੇ ਸਥਾਨਾਂ ਉੱਤੇ ਗੁਰੂ ਗ੍ਰੰਥ ਦਾ ਪ੍ਰਕਾਸ਼ ਹੁੰਦਾ ਸੀ ਅਤੇ ਗੁਰਬਾਣੀ ਦਾ ਹੀ ਕੀਰਤਨ ਤੇ ਪ੍ਰਚਾਰ ਕੀਤਾ ਜਾਂਦਾ ਸੀ।

ਪਰੰਤੂ, 2009 ਵਿੱਚ ਸੱਚੀ ਗੁਰਸਿੱਖੀ ਦੇ ਪਵਿੱਤਰ ਵਿਹੜੇ ਵਿੱਚ ਅਜਿਹਾ ਕਹਰ ਬਰਸਿਆ ਕਿ ਗੁਰੂ (ਗ੍ਰੰਥ) ਦੀ ਮੂਲ ਸਿੱਖੀ ਬੁਰੀ ਤਰ੍ਹਾਂ ਗ੍ਰਹਣੀ ਗਈ ਜਦੋਂ, ਰਵਿਦਾਸੀਆ ਸੰਪਰਦਾ ਦੇ ਮੁਖੀਆਂ ਦੇ ਕੁੱਝ ਕਰਮਾਂ ਨੂੰ ਗੁਰੂ ਗ੍ਰੰਥ ਦੀ ਬੇਅਦਬੀ ਸਮਝ ਕੇ, ਕੁੱਝ ਇੱਕ ਅੱਤਵਾਦੀ ‘ਸਿੱਖਾਂ’ ਨੇ ਇਸ ਸੰਪਰਦਾ ਦੇ ਅਤਿ ਸਤਿਕਾਰਤ ਵਿਦਵਾਨ ਪ੍ਰਚਾਰਕ ਸ੍ਰੀ ਰਾਮਾ ਨੰਦ ਦਾਸ ਦਾ ਵੀਅੱਨਾ, ਆਸਟਰੀਯਾ ਵਿੱਚ ਕਤਲ ਕਰ ਦਿੱਤਾ। ਇਸ ਅਤਿ ਮੰਦਭਾਗੀ ਘਟਨਾ ਦੇ ਪ੍ਰਤੀਕਰਮ ਵਜੋਂ, 2010 ਵਿੱਚ ਰਵਿਦਾਸ ਜੀ ਦੀ ਜਯੰਤੀ ਦੇ ਮੌਕੇ `ਤੇ ਰਵਿਦਾਸੀਆ ਸੰਪਰਦਾ ਦੇ ਮੁਖੀਏ ਨੇ ਲੱਖਾਂ ਸ਼੍ਰੱਧਾਲੂਆਂ ਦੀ ਹਾਜ਼ਰੀ ਵਿੱਚ “ਰਵਿਦਾਸੀਆ ਧਰਮ” ਦੇ ਆਗ਼ਾਜ਼ ਦਾ ਐਲਾਨ ਕਰ ਦਿੱਤਾ! ਨਤੀਜੇ ਵਜੋਂ, ਕ੍ਰੋੜਾਂ ਦਲਿਤ ਸ਼੍ਰੱਧਾਲੂ ਗੁਰੂ ਗ੍ਰੰਥ ਦੀ ਸਿੱਖੀ ਨਾਲੋਂ ਨਾਤਾ ਤੋੜ ਕੇ ਨਵੇਂ ਬਣੇ “ਰਵਿਦਾਸੀਆ ਧਰਮ” ਦੇ ਸਿੱਖ-ਸੇਵਕ ਬਣ ਗਏ! ਇਸ ਤਰ੍ਹਾਂ, ‘ਸਿੱਖਾਂ’ ਨੇ ਆਪਣੇ ਇਸ ਕਾਰੇ ਨਾਲ ਗੁਰੂਆਂ ਦੁਆਰਾ ‘ਇਕ’ ਨਾਲ ਜੋੜ ਕੇ ਇਕ-ਮੁੱਠ ਕੀਤੀ ਗਈ ਮਨੁੱਖਤਾ ਨੂੰ ਇੱਕ ਵਾਰ ਫੇਰ ਖੇਰੂੰ-ਖੇਰੂੰ ਕਰ ਦਿੱਤਾ।

ਵਾਰਾਣਸੀ ਵਿਖੇ ਗੁਰੂ ਰਵਿਦਾਸ ਮੰਦਿਰ ਦੇ ਪ੍ਰਬੰਧਕਾਂ ਦੇ ਦੱਸੇ ਅਨੁਸਾਰ “ਰਵਿਦਾਸੀਆ ਧਰਮ” ਵਾਸਤੇ ਹੇਠ ਲਿਖੇ ਨਿਯਮ ਨਿਰਧਾਰਤ ਕੀਤੇ ਗਏ ਹਨ:-

“ਧਰਮ: ਰਵਿਦਾਸੀਆ ਧਰਮ।

ਗੁਰੂ: ਸਤਿਗੁਰੂ ਰਵਿਦਾਸ ਮਹਾਰਾਜ ਜੀ।

ਧਰਮ-ਗ੍ਰੰਥ: ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ।

ਕੌਮੀ ਨਿਸ਼ਾਨ: ਹਰਿ

ਜੈਕਾਰਾ: ਜੈ ਗੁਰੂਦੇਵ। ਜੋ ਬੋਲੇ ਸੋ ਨਿਰਭੈ, ਗੁਰੂ ਰਵਿਦਾਸ ਮਹਾਰਾਜ ਦੀ ਜੈ।

ਮੁਖ ਤੀਰਥ ਸਥਾਨ: “ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ, ਸੀਰ ਗੋਵਰਧਨਪੁਰ, ਵਾਰਾਣਸੀ, ਯੂ: ਪੀ:”। {ਨੋਟ:- ਰਵਿਦਾਸੀਏ ਇਸ ਤੀਰਥ-ਸਥਾਨ ਨੂੰ (ਕਥਿਤ) ਦਲਿਤਾਂ ਦਾ ‘ਮੱਕਾ’ ਵੀ ਕਹਿੰਦੇ ਹਨ}।

ਉਦੇਸ਼: “ਸਤਿਗੁਰੂ ਰਵਿਦਾਸ ਜੀ, ਮਹਾਂਰਿਸ਼ੀ ਭਗਵਾਨ ਬਾਲਮੀਕ ਜੀ, ਸਤਿਗੁਰੂ ਨਾਮ ਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਤ੍ਰਿਲੋਚਨ ਜੀ, ਸਤਿਗੁਰੂ ਸੈਨ ਜੀ ਅਤੇ ਸਤਿਗੁਰੂ ਸਧਨਾ ਜੀ ਦੀ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ”।

ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਮਾਨਵਤਾ ਨਾਲ ਪਿਆਰ ਕਰਨਾ ਅਤੇ ਸਦਾਚਾਰੀ ਜੀਵਨ ਬਤੀਤ ਕਰਨਾ”।

ਉਪਰੋਕਤ ਵੇਰਵੇ ਤੋਂ ਸਪਸ਼ਟ ਹੈ ਕਿ ‘ਰਵਿਦਾਸੀਆ ਧਰਮ’ ਦੇ ਸੰਸਥਾਪਕਾਂ, ਸੰਚਾਲਕਾਂ ਅਤੇ ਪੈਰੋਕਾਰਾਂ ਨੇ ਗੁਰੂ ਗ੍ਰੰਥ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜ ਲਿਆ ਹੈ! ਇਹ ਵੀ ਕਿਹਾ ਜਾਂਦਾ ਹੈ ਕਿ ਰਵਿਦਾਸੀਆ ਧਰਮ ਦਾ ਜੋ ਪੈਰੋਕਾਰ ‘ਸਿੱਖ ਧਰਮ’ ਨਾਲ ਸੰਬੰਧ ਰੱਖਦਾ ਹੈ, ਉਹ ਪਤਿਤ ਹੈ! ਕਿਤਨੀ ਮੰਦਭਾਗੀ ਸੱਚਾਈ ਹੈ ਇਹ! ! !

ਆਓ! ਹੁਣ ਆਪਣੀ ਯਾਤ੍ਰਾ ਦੀ ਗੱਲ ਕਰੀਏ:- “ਸ੍ਰੀ ਗੁਰੂ ਰਵਿਦਾਸ ਮੰਦਿਰ” ਦੀ ਉਸਾਰੀ-ਕਲਾ, ਬਾਹਰੀ ਰੂਪ-ਰੇਖਾ ਤੇ ਦਿੱਖ ਗੁਰੂਦਵਾਰਿਆਂ ਵਾਲੀ ਹੀ ਹੈ। ਪ੍ਰਬੰਧਕਾਂ ਦੇ ਦੱਸੇ ਅਨੁਸਾਰ ਨੇੜੇ ਭਵਿੱਖ ਵਿੱਚ ਮੰਦਿਰ ਨੂੰ ਸੋਨੇ ਦੇ ਕਲਸ਼ਾਂ ਨਾਲ ਸਜਾਇਆ ਤੇ ਸੋਨੇ ਦੇ ਪੱਤਰਿਆਂ ਨਾਲ ਗਲੇਫ਼ਿਆ ਜਾਵੇ ਗਾ। ਮੰਦਿਰ ਦੇ ਅੰਦਰ, ਕਿਸੇ ਗ੍ਰੰਥ ਦੇ ਪ੍ਰਕਾਸ਼ ਦੀ ਬਜਾਏ, ਪਾਲਕੀ ਹੇਠ ਰਵਿਦਾਸ ਜੀ ਦੀ ਮੂਰਤੀ ਸਥਾਪਿਤ ਹੈ ਜਿਸ ਅੱਗੇ ਸ਼੍ਰੱਧਾਲੂ ਨਤਮਸਤਕ ਹੁੰਦੇ ਹਨ। ਸੱਜੇ-ਖੱਬੇ ਪੰਜਾਬੀ ਵਿੱਚ ਰਵਿਦਾਸੀਆ ਧਰਮ-ਨਿਸ਼ਾਨ ‘ਹਰਿ’ ਲਿਖਿਆ ਹੋਇਆ ਹੈ। ਅਤੇ ਉਥੇ ਛੋਟੀ ਜਿਹੀ ਗੋਲਕ ਵੀ ਰੱਖੀ ਹੋਈ ਹੈ। ਮੰਦਿਰ ਵਿੱਚ ਕੋਈ ਪੁਜਾਰੀ, ਰਾਗੀ ਜਾਂ ‘ਵਜ਼ੀਰ’ ਨਜ਼ਰ ਨਹੀਂ ਆਇਆ! ਗੁਰੂਦਵਾਰਿਆਂ ਵਾਂਗ ਨਾ ਤਾਂ ਉਥੇ ਹਰ ਸਮੇਂ ਕੀਰਤਨ ਹੁੰਦਾ ਹੈ ਅਤੇ ਨਾ ਹੀ ਅਰਦਾਸਾਂ ਦਾ ਵਪਾਰ! ਮੰਦਿਰ ਦੇ ਅੰਦਰ ਵੜਦਿਆਂ ਹੀ ਖੱਬੇ ਪਾਸੇ ਇੱਕ ਸੇਵਕ ਬੈਠਾ ਹੈ ਜੋ ਸ਼੍ਰੱਧਾਲੂਆਂ ਨੂੰ ਫੁਲੀਆਂ ਦਾ ਪ੍ਰਸਾਦ ਦਿੰਦਾ ਹੈ। ਮੰਦਿਰ ਦੇ ਅੰਦਰ ਜਾਂ ਬਾਹਰ ‘ਪ੍ਰਸਾਦ’ ਦਾ ਵਪਾਰ ਹੁੰਦਾ ਵੀ ਨਜ਼ਰ ਨਹੀਂ ਆਇਆ!

ਮੰਦਿਰ ਦੇ ਨਾਲ ਹੀ ਇੱਕ ਛੋਟਾ ਜਿਹਾ ਲੰਗਰ-ਹਾਲ ਹੈ ਜਿੱਥੇ ਹਰ ਵੇਲੇ ਲੰਗਰ ਵਰਤੀਂਦਾ ਹੈ। ਮੰਦਿਰ ਦੀਆਂ ਉਪਰਲੀਆਂ ਮੰਜ਼ਿਲਾਂ `ਤੇ ਯਾਤ੍ਰੀਆਂ ਦੇ ਰਹਿਣ ਦਾ ਪ੍ਰਬੰਧ ਹੈ। ਦੂਰ-ਦੂਰ ਤਕ ਫੈਲੇ ਮੰਦਿਰ ਦੇ ਭਵਨ-ਸਮੂਹ ਵਿੱਚ ਛੋਟੀਆਂ-ਵੱਡੀਆਂ ਕਈ ਇਮਾਰਤਾਂ ਹਨ ਜੋ ਮੰਦਿਰ ਦੇ ਟ੍ਰਸਟ ਦੀ ਮਲਕੀਯਤ ਹਨ। ਮੰਦਿਰ ਤੋਂ ਕੁਛ ਕਦਮ ਦੇ ਫ਼ਾਸਲੇ `ਤੇ ਬਹੁਤ ਹੀ ਵਿਸ਼ਾਲ ਇੱਕ ਹੋਰ ਲੰਗਰ-ਹਾਲ ਬਣਾਇਆ ਗਿਆ ਹੈ। ਇਸ ਲੰਗਰ-ਹਾਲ ਦੇ ਉਪਰ ਵੀ ਰਿਹਾਇਸ਼ ਦਾ ਪ੍ਰਬੰਧ ਹੈ। ਇੱਥੋਂ ਦੋ ਕੁ ਫ਼ਰਲਾਂਗ ਦੇ ਫ਼ਾਸਲੇ `ਤੇ ਇੱਕ ਹੋਰ ਤੀਜਾ ਬਹੁਤ ਹੀ ਵੱਡਾ ਤੇ ਵਿਸ਼ਾਲ ਲੰਗਰ-ਹਾਲ ਅਤੇ ਯਾਤ੍ਰੀ-ਨਿਵਾਸ ਬਣਾਇਆ ਜਾ ਰਿਹਾ ਹੈ। ਲੰਗਰ ਵਾਸਤੇ ਲੱਕੜ ਦੇ ਅੰਬਾਰ ਲੱਗੇ ਹੋਏ ਹਨ ਅਤੇ ਰਸਦ-ਪਾਣੀ ਦਾ ਵੀ ਕੋਈ ਅੰਤ ਨਹੀਂ ਹੈ! ਕੁੱਲ ਮਿਲਾ ਕੇ ਲੱਖਾਂ ਸ਼੍ਰੱਧਾਲੂਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਹੈ। ਮੰਦਿਰ ਦੇ ਨੇੜੇ ਹੀ ਦੂਰ-ਦੁਰਾਡਿਓਂ ਆਏ ਪਰਿਵਾਰਾਂ ਵਾਸਤੇ 13-14 ਰਿਹਾਇਸ਼ੀ ਘਰ ਵੀ ਬਣਾਏ ਗਏ ਹਨ ਅਤੇ ਇਸ ਸਭ ਕੁੱਝ ਤੋਂ ਬਿਨਾਂ ਕਿਤਨਾ ਕੁਛ ਹੋਰ ਉਸਾਰੇ ਜਾਣ ਦੀਆਂ ਵਿਉਂਤਾ ਵੀ ਹਨ।

ਮੰਦਿਰ ਵਿੱਚ ਰੀਤ ਅਨੁਸਾਰ ਨਤਮਸਤਕ ਹੋਣ ਉਪਰੰਤ ਅਸੀਂ ਪ੍ਰਸਾਦ ਦੇਣ ਵਾਲੇ ਸੇਵਾਦਾਰ ਕੋਲ ਬੈਠ ਗਏ ਤਾਂ ਜੋ ਉਸ ਕੋਲੋਂ ਹੋਰ ਜਾਣਕਾਰੀ ਲੈ ਸਕੀਏ। ਇਹ ਸੇਵਾਦਾਰ 20-22 ਸਾਲ ਦਾ ਨੌਜਵਾਨ ਸੀ ਅਤੇ ਪਿੱਛੋਂ ਰੋਹਤਕ, ਹਰਿਆਣੇ ਦਾ ਰਹਿਣ ਵਾਲਾ ਸੀ। ਸ਼ਾਇਦ, ਸਾਡੀਆਂ ਪੱਗਾਂ ਕਰਕੇ, ਸਾਡੇ ਨਾਲ ਉਸ ਦਾ ਵਤੀਰਾ ਇਤਨਾ ਰੁੱਖਾ ਅਤੇ ਅਪਮਾਨਜਨਕ ਸੀ ਕਿ ਮੈਂਨੂੰ, ਨਾ ਚਾਹੁੰਦੇ ਹੋਏ ਵੀ, ਸਖ਼ਤ ਸ਼ਬਦਾਂ ਵਿੱਚ ਉਸ ਨੂੰ ਉਸ ਦੀ ਗੁਸਤਾਖ਼ੀ ਦਾ ਇਹਸਾਸ ਕਰਵਾਉਣਾ ਪਿਆ। ਇਸ ਤੋਂ ਬਾਅਦ ਉਹ ਕਾਫ਼ੀ ਨਰਮ ਪੈ ਗਿਆ ਤੇ ਉਸ ਨੇ ਨਾਲ ਚਲ ਕੇ ਸਾਨੂੰ ਮੰਦਿਰ ਦੀਆਂ ਉਪਰਲੀਆਂ ਮੰਜ਼ਿਲਾਂ, ਹੇਠਾਂ ਕਠੌਤੀ ਵਾਲੇ ਭੋਰੇ ਅਤੇ ਇਮਲੀ ਦੇ ਦਰਖ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਸਾਡੇ ਕਹਿਣ `ਤੇ ਉਹ ਸਾਨੂੰ ਸੜਕ ਦੇ ਦੂਜੇ ਪਾਸੇ ਸਥਿਤ ਮੰਦਿਰ ਦੇ ਦਫ਼ਤਰ ਵਿੱਚ ਲੈ ਗਿਆ ਅਤੇ ਉਥੇ ਬੈਠੇ 6-7 ਸੱਜਨਾਂ ਨੂੰ ਸਾਡੇ ਬਾਰੇ ਸੰਖੇਪ ਜਿਹਾ ਦੱਸ ਕੇ ਚਲਾ ਗਿਆ।

ਦਫ਼ਤਰ ਵਿੱਚ ਸਾਨੂੰ ਇੱਕ ਹੋਰ ਮਾਨਸਿਕ ਝਟਕਾ ਲੱਗਿਆ ਜਦ ਉਥੇ ਬੈਠੇ ਸੱਜਨਾਂ ਵਿੱਚੋਂ ਕਿਸੇ ਨੇ ਵੀ ਸਾਡੇ ਨਾਲ ਗੱਲ ਕਰਨਾ ਮੁਨਾਸਿਬ ਨਾ ਸਮਝਿਆ! ਸ਼ਾਇਦ, ਸਾਡੀਆਂ ਪੱਗਾਂ ਕਰਕੇ ਹੀ! ਪਰ ਅਸੀਂ ਵੀ ਢੀਠ ਹੋ ਕੇ ਬੈਠੇ ਰਹੇ। ਕੁੱਝ ਮਿਨਟਾਂ ਬਾਅਦ, ਸਾਡੀ ਢੀਠਤਾ ਤੋਂ ਤੰਗ ਹੋ ਕੇ, ਇੱਕ ਸੱਜਨ, ਜੋ ਕਿ ਮੁਖ ਪ੍ਰਬੰਧਕ ਸੀ, ਨੇ ਸਾਡੇ ਉਥੇ ਆਉਣ ਦਾ ਕਾਰਣ ਪੁੱਛ ਹੀ ਲਿਆ, “ਹਾਂ ਜੀ, ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ?”

“ਮੈਂ ਰਵਿਦਾਸ ਜੀ ਦੇ ਜੀਵਨ ਅਤੇ ਬਾਣੀ `ਤੇ ਪੁਸਤਕ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਲਈ ਮੈਂ ਉਨ੍ਹਾਂ ਦੇ ਜੀਵਨ ਅਤੇ ਜੱਦੀ ਸਥਾਨ ਬਾਰੇ ਲੋੜੀਂਦੀ ਜਾਣਕਾਰੀ ਲੈਣ ਵਾਸਤੇ ਹਾਜ਼ਿਰ ਹੋਇਆ ਹਾਂ”। ਮੈਂ ਜਵਾਬ ਦਿੱਤਾ। “ਤੁਸੀਂ ਕਿਸ ਧਰਮ ਨੂੰ ਮੰਨਦੇ ਹੋ” ? ਉਨ੍ਹਾਂ ਦਾ ਇਹ ਦੂਜਾ ਸਵਾਲ ਮੇਰੇ ਸਿਰ ਵਿੱਚ ਹਥੌੜੇ ਵਾਂਗ ਵੱਜਿਆ। “ਕੀ ਇਨਸਾਨ ਹੋਣਾ ਕਾਫ਼ੀ ਨਹੀਂ?” ਮੇਰਾ ਜਵਾਬ ਸੀ। ਉਨ੍ਹਾਂ ਦੀ ਮੇਰੇ ਇਸ ਜਵਾਬ ਨਾਲ ਤਸੱਲੀ ਨਹੀਂ ਸੀ ਹੋਈ ਇਸ ਲਈ ਮੈਂ ਕਿਹਾ, “ਮੈਂ ਗੁਰੂ ਗ੍ਰੰਥ ਦਾ ਅਦਨਾ ਜਿਹਾ ਸਿੱਖ ਹਾਂ!” ਮੇਰੇ ਇਸ ਕਥਨ `ਤੇ ਉਹ ਕੋਈ ਕਿੰਤੂ ਨਾ ਕਰ ਸਕੇ।

ਇਹ ਸਾਰੇ ਸੱਜਨ ਪੰਜਾਬ, ਵਿਸ਼ੇਸ਼ ਕਰਕੇ ਜਲੰਧਰ ਹੋਸ਼ਿਆਰਪੁਰ, ਤੋਂ ਸਨ ਅਤੇ ਰਵਿਦਾਸ ਜੀ ਦੀ ਜਯੰਤੀ ਮਨਾਉਣ ਵਾਸਤੇ ਆਏ ਹੋਏ ਸਨ। ਰਵਿਦਾਸ ਜੀ ਦੀ ਸਾਲਾਨਾ ਜਯੰਤੀ ਦਾ ਪ੍ਰਬੰਧ ਇਨ੍ਹਾਂ ਦੇ ਹੱਥਿ ਸੀ। ਮੁਖ ਪ੍ਰਬੰਧਕ ਪੜ੍ਹਿਆ ਲਿਖਿਆ ਸੱਜਨ, ਪੰਜਾਬ ਸਰਕਾਰ ਦੇ ਕਿਸੇ ਮਹਿਕਮੇ ਦਾ ਸੇਵਾ-ਮੁਕਤ ਡਿਪਟੀ ਡਾਇਰੈਕਟਰ ਹੈ। ਮੈਂ ਪੁੱਛ ਬੈਠਾ, ਕਿ ਜਯੰਤੀ ਕਦੋਂ ਹੈ? ਇੱਕ ਹੋਰ ਸੱਜਨ ਜੋ ਕਿ ਜਲੰਧਰ ਤੋਂ ਸੀ ਮੇਰੇ `ਤੇ ਵਿਅੰਗ ਕਸਦਾ ਬੋਲਿਆ, “ਜੇ ਤੁਹਾਨੂੰ ਰਵਿਦਾਸ ਜੀ ਦੀ ਜਯੰਤੀ ਬਾਰੇ ਨਹੀਂ ਪਤਾ ਕਿ ਕਦੋਂ ਹੈ, ਤਾਂ ਤੁਸੀਂ ਕਿਤਾਬ ਕੀ ਲਿਖੋਗੇ?” ਉਸ ਦੀ ਇਸ ਵਿਅੰਗਮਈ ਟਿੱਪਣੀ ਨੂੰ ਮੈਂ ਅਣਗੌਲਿਆ ਕਰਨਾ ਹੀ ਠੀਕ ਸਮਝਿਆ!

ਇਸ ਉਪਰੰਤ ਮੁਖ ਪ੍ਰਬੰਧਕ ਨੇ ਦਿਲ ਦੀ ਭੜਾਸ ਕੱਢਦਿਆਂ ਸਦੀਆਂ ਤੋਂ ਜਾਤਿ ਅਭਿਮਾਨੀਆਂ ਦੁਆਰਾ ਦਲਿਤਾਂ ਉਪਰ ਢਾਏ ਜਾ ਰਹੇ ਜ਼ੁਲਮਾਂ ਅਤੇ ਦਿੱਤੀ ਜਾ ਰਹੀ ਜ਼ਲਾਲਤ ਦਾ ਇਤਿਹਾਸ ਦੁਹਰਾ ਦਿੱਤਾ। ਨਾਲ ਹੀ ਉਸ ਨੇ ਰਵਿਦਾਸੀਆਂ ਦੇ ਸਤਿਕਾਰਿਤ ਪ੍ਰਚਾਰਕ ਦੇ ਵੀਅੱਨਾ ਵਿੱਚ ਕੀਤੇ ਗਏ ਕਤਲ ਦੀ ਹਿਰਦੇ-ਵੇਧਕ ਵਿੱਥਿਆ ਵੀ ਸੁਣਾਈ। ਇਹ ਸਭ ਕੁੱਝ ਸੁਣਾਉਂਦਿਆਂ ਉਸ ਨੇ ਭਾਵੁਕ ਹੋ ਕੇ ਹੰਝੂ ਵੀ ਵਹਾਏ; ਜਿਸ ਕਾਰਣ ਮਾਹੌਲ ਬੜਾ ਤਣਾਅ-ਪੂਰਨ ਤੇ ਗੰਭੀਰ ਹੋ ਗਿਆ। ਮੈਂ ਸਿਰਫ਼ ਇਤਨਾ ਹੀ ਕਹਿ ਸਕਿਆ ਕਿ ਉਹ ਘਟਨਾ ਮਨੁੱਖਤਾ ਵਾਸਤੇ ਅਤਿਅੰਤ ਮੰਦਭਾਗੀ ਸੀ ਜਿਸ ਦਾ ਗੁਰੂ (ਗ੍ਰੰਥ) ਦੇ ਸਾਰੇ ਸੁਹਿਰਦ ਤੇ ਸੱਚੇ ਸਿੱਖਾਂ ਨੂੰ ਵੀ ਖੇਦ ਹੈ। ਮੈਂ ਉਸ ਨੂੰ ਇਹ ਬੇਨਤੀ ਵੀ ਕੀਤੀ ਕਿ ਕੁੱਝ ਇੱਕ ‘ਸਿੱਖਾਂ’ ਦੇ ਕੀਤੇ ਕਾਲੇ ਕਾਰੇ ਕਾਰਣ ਸਾਰੇ ਗੁਰੁਸਿੱਖਾਂ ਨੂੰ ਨਫ਼ਰਤ ਕਰਨਾ ‘ਗੁਰੂ ਰਵਿਦਾਸ’ ਜੀ ਦਾ ਸਿੱਧਾਂਤ ਨਹੀਂ। ਇਸ ਉਪਰੰਤ ਮਾਹੌਲ ਵਿੱਚ ਸ਼ਾਂਤੀ ਆਈ ਤੇ ਉਸ ਨੇ ਸਾਡੇ ਨਾਲ ਮਿਤਰਤਾਨਾ ਅੰਦਾਜ਼ ਵਿੱਚ ਕਾਫ਼ੀ ਦੇਰ ਵਿਚਾਰ-ਵਟਾਂਦਰਾ ਕੀਤਾ।

ਜਦੋਂ ਉਸ ਨੂੰ ਪੂਰੀ ਤਸੱਲੀ ਹੋ ਗਈ ਕਿ ਸਾਡਾ ਕੱਟੜਤਾ ਤੇ ਆਤੰਕਵਾਦ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ, ਤਾਂ ਉਸ ਦੇ ਬੋਲਾਂ ਤੇ ਲਹਿਜੇ ਵਿੱਚ ਹਲੀਮੀ ਆ ਗਈ। ਉਸ ਨੇ ਬੜੇ ਪ੍ਰੇਮ ਨਾਲ ਮੇਰੇ ਨਾਲ ਪੈਦਲ ਚੱਲ ਕੇ ਮੈਂਨੂੰ, 2 ਕੁ ਮੀਲ ਦੇ ਘੇਰੇ `ਚ ਪਸਰੇ, ਮੰਦਿਰ ਨਾਲ ਸੰਬੰਧਿਤ ਵੱਖ-ਵੱਖ ਸਥਾਨ ਦਿਖਾਏ ਅਤੇ ਹੋਰ ਜਾਣਕਾਰੀ ਵੀ ਦਿੱਤੀ। ਉਸ ਨੇ ਦੱਸਿਆ ਕਿ ਗੁਰੂ ਰਵਿਦਾਸ ਜਯੰਤੀ ਫ਼ਰਵਰੀ ਦੇ ਮਹੀਨੇ ਵਿੱਚ ਮਨਾਈ ਜਾਂਦੀ ਹੈ ਜਿਸ ਵਿੱਚ ਸੰਸਾਰ ਦੇ ਕੋਨੇ-ਕੋਨੇ ਤੋਂ ‘ਰਵਿਦਾਸੀਆ ਧਰਮ’ ਦੇ ਕ੍ਰੋੜਾਂ ਪੈਰੋਕਾਰ ਸ਼ਿਰਕਤ ਕਰਦੇ ਹਨ। ਜਲੰਧਰ ਤੋਂ ਇੱਕ ਸਪੈਸਲ ਗੱਡੀ ਚਲਦੀ ਹੈ ਜੋ, ਡੇਰਾ ਬੱਲਾਂ ਦੇ ਮੁਖੀਏ ਸਮੇਤ, ਹਜ਼ਾਰਾਂ ਪੈਰੋਕਾਰਾਂ ਨੂੰ ਪੰਜਾਬ ਤੋਂ ਬਨਾਰਸ ਲਿਆਉਂਦੀ ਹੈ। ਸਾਡੀ ਯਾਤ੍ਰਾ ਸਮੇਂ (ਜਨਵਰੀ, 2015), ਫ਼ਰਵਰੀ ਵਿੱਚ ਮਨਾਏ ਜਾਣ ਵਾਲੇ ਰਵਿਦਾਸ ਜਯੰਤੀ ਦੇ ਮਹਾਨ ਉਤਸਵ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ `ਤੇ ਸਨ। ਸੈਂਕੜੇ ਮਜ਼ਦੂਰ ਤੇ ਵਲੰਟੀਅਰ ਆਰਜ਼ੀ ਰਿਹਾਇਸ਼ੀ ਤੰਬੂ, ਸ਼ੌਚਾਲਿਆ ਤੇ ਸੜਕਾਂ ਆਦਿ ਬਣਾ ਰਹੇ ਸਨ। ਭਾਰਤ ਦੇ ਕੋਨੇ ਕੋਨੇ ਤੋਂ, ਸ਼੍ਰੱਧਾਲੂਆਂ ਵੱਲੋਂ ਦਿੱਤਾ, ਅਨਾਜ, ਰਸਦ-ਪਾਣੀ ਤੇ ਬਾਲਣ ਆਦਿ ਧੜਾ-ਧੜ ਆ ਰਿਹਾ ਸੀ!

ਇਸ ਖੱਟੀ-ਮਿੱਠੀ ਮੁਲਾਕਾਤ ਤੋਂ ਬਾਅਦ, ਉਸ ਸੱਜਨ ਨੇ ਸਾਨੂੰ ਬੜੇ ਹੀ ਪਿਆਰ ਨਾਲ ਚਾਹ ਪਿਆਈ ਤੇ ਬੜੇ ਤਪਾਕ ਨਾਲ ਸਾਨੂੰ ਅਲਵਿਦਾ ਕਹੀ!

ਕੁਝ ਫੁਟਕਲ ਵਰਣਨਯੋਗ ਟਿੱਪਣੀਆਂ:-

“ਸ੍ਰੀ ਗੁਰੂ ਰਵਿਦਾਸ ਮੰਦਿਰ, ਵਾਰਾਣਸੀ” ਡੇਰਾ ਬੱਲਾਂ, ਜਲੰਧਰ (ਪੰਜਾਬ) ਦੇ ਗੱਦੀ-ਨਸ਼ੀਨ ਤੇ ਡੇਰੇ ਨਾਲ ਜੁੜੇ ਸਿੱਖਾਂ/ਸੇਵਕਾਂ ਦੀ ਪਹਿਲ-ਕਦਮੀ ਤੇ ਉੱਦਮ ਨਾਲ ਬਣਾਇਆ ਗਿਆ ਸੀ, ਇਸ ਲਈ ਉਥੋਂ ਦਾ ਸਾਰਾ ਪ੍ਰਬੰਧ ਵੀ ਡੇਰਾ ਬੱਲਾਂ ਦੇ ਮੁਖੀਏ ਦੀ ਰਾਹਨੁਮਾਈ ਵਿੱਚ ਪੰਜਾਬੀਆਂ ਦੇ ਅਧਿਕਾਰ ਅਧੀਨ ਹੈ। ਇਸ ਦੇ ਬਾਵਜੂਦ ਵੀ ਇਥੇ ਆਏ ਸਾਰੇ ਪ੍ਰਾਂਤਾਂ ਦੇ ਕਥਿਤ ਦਲਿਤਾਂ ਨੂੰ, ਬਿਨਾਂ ਕਿਸੇ ਭੇਦ-ਭਾਵ ਦੇ, ਇੱਕੋ ਜਿਹਾ ਮਾਨ-ਸਤਿਕਾਰ ਮਿਲਦਾ ਹੈ। ਪੰਜਾਬ ਤੋਂ ਹੋਣ ਕਰਕੇ, ਸਾਰੇ ਪ੍ਰਬੰਧਕ ਠੇਠ ਪੰਜਾਬੀ ਪੜ੍ਹਦੇ, ਬੋਲਦੇ ਹਨ।

ਡੇਰਾ ਬੱਲਾਂ ਦਾ ਮੁਖੀਆ ਤੇ “ਰਵਿਦਾਸੀਆ ਧਰਮ” ਦਾ ਸੰਚਾਲਕ ਕਿਸੇ ਵੀ ਸਿਆਸੀ ਅਸਰ ਜਾਂ ਦਬਾਓ ਹੇਠ ਨਾ ਹੋਣ ਕਰਕੇ ਤਕਰਾਰੀ ਜਾਂ ਵਿਵਾਦੀ ਸ਼ਖ਼ਸੀਅਤ ਨਹੀਂ ਹੈ; ਇਸ ਲਈ “ਰਵਿਦਾਸੀਆ ਧਰਮ” ਦੇ ਸਾਰੇ ਦੇ ਸਾਰੇ ਪੈਰੋਕਾਰ ਉਸ ਪ੍ਰਤਿ ਪੂਰੀ ਸ਼੍ਰੱਧਾ ਤੇ ਸਤਿਕਾਰ ਰੱਖਦੇ ਹਨ, ਕੋਈ ਵੀ ਉਸ ਦੀ ਅਵੱਗਿਆ ਕਰਦਾ ਦਿਖਾਈ ਨਹੀਂ ਦਿੱਤਾ!

“ਰਵਿਦਾਸੀਆ ਧਰਮ” ਦੇ ਪੈਰੋਕਾਰਾਂ ਵਾਸਤੇ ਕੋਈ ਭੇਖ ਨਿਰਧਾਰਤ ਨਹੀਂ ਹੈ। ਸਾਰੇ ਰਵਿਦਾਸੀਏ ਆਪਣੇ ਆਪਣੇ ਇਲਾਕੇ ਦਾ ਸਥਾਨਕ ਲਿਬਾਸ ਪਹਿਨਦੇ ਹਨ।

“ਰਵਿਦਾਸੀਆ ਧਰਮ” ਕਰਮ-ਕਾਂਡਾਂ ਤੋਂ ਮੁਕਤ ਧਰਮ ਹੈ। ਸਾਨੂੰ ਉਥੇ ਕੋਈ ਵੀ ਕਰਮ-ਕਾਂਡ ਹੁੰਦਾ ਨਜ਼ਰ ਨਹੀਂ ਆਇਆ।

ਪ੍ਰਬੰਧਕਾਂ ਸਮੇਤ ਸਾਰੇ ਰਵਿਦਾਸੀਏ ਨਿਸ਼ਕਾਮ ਸੇਵਾ ਕਰਦੇ ਹਨ। ਕੋਈ ਵੀ ਪ੍ਰਬੰਧਕ ਜਾਂ ਸੇਵਕ ਤਨਖਾਹਦਾਰ ਨਹੀਂ ਹੈ।

ਮੰਦਿਰ ਵਿੱਚ ਜੋੜੇ ਉਤਾਰ ਕੇ ਜਾਣਾ ਪੈਂਦਾ ਹੈ। ਪਰ ਅੰਦਰ ਸਿਰ ਢਕਣ ਦੀ ਲੋੜ ਨਹੀਂ ਹੈ। ……

‘ਰਵਿਦਾਸੀਆ ਧਰਮ’ ਦੇ ਚਿੰਨ੍ਹ ਦੀ ਸਾਰਥਿਕਤਾ ਹੇਠ ਲਿਖੇ ਅਨੁਸਾਰ ਹੈ:-

ਸੂਰਜ: (ਗਿਆਨ ਦਾ) ਉਜਿਆਰਾ/ਪ੍ਰਕਾਸ਼/ਰੌਸ਼ਣੀ ਫ਼ੈਲਾਉਣ ਵਾਲਾ ਰਵਿ (ਦਾਸ)। ਰਵਿ= ਸੂਰਜ।

ਸੂਰਜ ਦੀਆਂ 40 (ਚਾਲੀ) ਕਿਰਨਾਂ: ਗੁਰੂ ਗ੍ਰੰਥ ਵਿੱਚ ਸੰਕਲਿਤ ਰਵਿਦਾਸ ਜੀ ਦੇ 40 ਸ਼ਬਦ ਜਿਨ੍ਹਾਂ ਤੋਂ ਆਤਮ-ਗਿਆਨ ਪ੍ਰਾਪਤ ਹੁੰਦਾ ਹੈ।

ਹਰਿ: ਅਕਾਲ ਪੁਰਖ, ਪਰਮਾਤਮਾ; ਸਾਰੀ ਸ੍ਰਿਸ਼ਟੀ ਦਾ ਮੂਲ।

ਜੋਤਿ: ਨਾਮ-ਜੋਤਿ, ਨਾਮ-ਸਿਮਰਨ ਤੋਂ ਪ੍ਰਾਪਤ ਹੋਣ ਵਾਲੇ ਅਧਿਆਤਮ ਗਿਆਨ ਦੀ ਜੋਤਿ/ਰੌਸ਼ਨੀ।

ਗੁਰਿੰਦਰ ਸਿੰਘ ਪਾਲ

ਮਈ 17, 2015.


.