.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-21)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-20 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

========

ਸੋਰਠਿ ਮਹਲਾ ੫ (੬੨੦-੬੨੧)

ਮੇਰਾ ਸਤਿਗੁਰੁ ਰਖਵਾਲਾ ਹੋਆ।।

ਧਾਰਿ ਕ੍ਰਿਪਾ ਪ੍ਰਭ ਹਾਥਿ ਦੇ ਰਾਖਿਆ ਹਰਿ ਗੋਵਿਦ ਨਵਾ ਨਰੋਆ।। ੧।। ਰਹਾਉ।।

ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ।।

ਸਾਧ ਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਈ।। ੧।।

ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ।।

ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਿਕ ਧਾਰਿਆ।। ੨।। ੨੧।। ੪੯।।

===========

ਵਿਸ਼ਾ ਅਧੀਨ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਬਾਲ (ਗੁਰੂ) ਹਰਿਗੋਬਿੰਦ ਨੂੰ ਚੇਚਕ ਦੇ ਹੱਲੇ ਉਪਰੰਤ ਮਿਲੀ ਅਰੋਗਤਾ ਨਾਲ ਸਬੰਧਿਤ ਉਚਾਰਣ ਕੀਤਾ ਗਿਆ ਹੈ। 1595 ਈ. ਤੋਂ ਲੈ ਕੇ 1599 ਈਸਵੀ ਤਕ ਲਗਭਗ 4 ਸਾਲ ਲੰਮਾ ਸਮਾਂ ਲੋਕਾਂ ਨੂੰ ਸਖਤ ਕਾਲ ਦਾ ਸੰਤਾਪ ਭੋਗਣਾ ਪਿਆ। ਉਸ ਸਮੇਂ ਪੀਣ ਵਾਲੇ ਪਾਣੀ, ਸਿੰਚਾਈ ਦੇ ਆਧੁਨਿਕ ਸਾਧਨ ਨਹੀਂ ਸਨ। ਲਗਭਗ ਸਭ ਕੁੱਝ ਵਰਖਾ ਉਪਰ ਹੀ ਨਿਰਭਰ ਸੀ। ਗੁਰੂ ਅਰਜਨ ਦੇਵ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਪਾਏ ਗਏ ਪੂਰਨਿਆਂ ਉਪਰ ਚਲਦੇ ਹੋਏ ਦੁਖੀ ਲੋਕਾਂ ਵਿੱਚ ਮਸੀਹਾ ਬਣ ਕੇ ਪਹੁੰਚੇ। ਉਨ੍ਹਾਂ ਵਲੋਂ ਲੋਕਾਂ ਦੇ ਦੁਖ-ਦਰਦ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕੀਤੇ ਗਏ। ਅੰਮ੍ਰਿਤਸਰ ਦੇ ਨਜ਼ਦੀਕ ਪਾਣੀ ਦੀ ਥੁੜ ਨੂੰ ਪੂਰਾ ਕਰਨ ਦੀ ਲੋੜ ਵਜੋਂ ਛੇ ਹਰਟਾਂ ਵਾਲਾ ਖੂਹ ਲਗਵਾਇਆ, ਜਿਥੇ ਅਜ ਕਲ ਗੁਰਦੁਆਰਾ ਛੇਹਰਟਾ ਸਾਹਿਬ ਸੁਭਾਇਮਾਨ ਹੈ।

ਅਕਸਰ ਐਸਾ ਹੁੰਦਾ ਹੈ ਕਿ ਜਦੋਂ ਵੀ ਮੁਸੀਬਤ ਆਉਂਦੀ ਹੈ ਤਾਂ ਉਹ ਕਈ-ਕਈ ਰੂਪ ਧਾਰ ਕੇ ਸਾਹਮਣੇ ਆਉਂਦੀ ਜਾਂਦੀ ਹੈ। ਲੋਕ ਜਿਥੇ ਕਾਲ ਦੇ ਦੁਖੋਂ ਭੁਖ ਦੇ ਸਤਾਏ ਹੋਏ ਸਨ, ਉਸ ਬਿਪਤਾ ਸਮੇਂ ਭੁਖ ਨਾਲ ਨਿਢਾਲ ਹੋਏ ਸਰੀਰਾਂ ਉਪਰ ਚੇਚਕ (ਸੀਤਲਾ) ਨਾਮ ਦੀ ਬਿਮਾਰੀ ਨੇ ਵੀ ਹੱਲਾ ਬੋਲ ਦਿਤਾ। ਲੋਕ ਭੁਖ ਅਤੇ ਬਿਮਾਰੀ ਦੇ ਪ੍ਰਕੋਪ ਨਾਲ ਧੜਾ-ਧੜ ਮਰਣ ਲੱਗੇ। ਹਾਲਾਤ ਇਥੋਂ ਤਕ ਵਿਗੜ ਗਏ ਕਿ ਕਈ ਪ੍ਰਵਾਰਾਂ ਵਿੱਚ ਲਾਸ਼ਾਂ ਚੁਕਣ ਵਾਲੇ ਵੀ ਨਹੀਂ ਬਚੇ। ਚੇਚਕ ਛੂਤ ਦੀ ਬਿਮਾਰੀ ਹੋਣ ਕਰਕੇ ਲੋਕ ਇੱਕ ਦੂਜੇ ਦੀ ਮਦਦ ਕਰਨ ਤੋਂ ਵੀ ਕੰਨੀ ਕਤਰਾਉਣ ਲਗੇ। ਗੁਰੂ ਸਾਹਿਬ ਨੇ ਆਪ ਸਿੱਖਾਂ ਨੂੰ ਨਾਲ ਲੈ ਕੇ ਇਸ ਕਾਜ਼ ਨੂੰ ਸੰਪੂਰਨ ਕਰਨ ਵਿੱਚ ਆਪਣਾ ਹਰ ਸੰਭਵ ਯੋਗਦਾਨ ਪਾਇਆ।

ਇਹ ਵੀ ਕਿਹਾ ਜਾਂਦਾ ਹੈ ਕਿ ਇਸ ਸਮੇਂ ਗੁਰੂ ਅਰਜਨ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਚਲ ਰਹੇ ਉਸਾਰੀ ਕਾਰਜਾਂ ਨੂੰ ਕੁੱਝ ਸਮੇਂ ਲਈ ਬੰਦ ਕਰਦੇ ਹੋਏ ਇਸ ਸਬੰਧ ਵਿੱਚ ਇਕੱਠੀ ਹੋਈ ਦਸਵੰਧ ਰੂਪੀ ਕਾਰ-ਭੇਟਾ ਨੂੰ ਲਾਹੌਰ ਦੇ ਕਾਲ ਪੀੜਤਾਂ ਦੀ ਸਹਾਇਤਾ ਲਈ ਖਰਚ ਕਰ ਦਿਤਾ। ਥੋੜੀ ਬੁੱਧੀ ਵਾਲੇ ਕੁੱਝ ਲੋਕਾਂ ਨੇ ਗੁਰੂ ਸਾਹਿਬ ਦੇ ਇਸ ਕਾਜ਼ ਉਪਰ ਸ਼ੰਕਾ ਵੀ ਕੀਤਾ। ਗੁਰੂ ਸਾਹਿਬ ਨੇ ਸਮਝਾਇਆ ਕਿ ਮਨੁੱਖਤਾ ਦਾ ਕਾਜ਼ ਪਹਿਲਾਂ ਹੈ, ਹਰਿਮੰਦਰ ਦੀ ਉਸਾਰੀ ਤਾਂ ਬਾਅਦ ਵਿੱਚ ਵੀ ਹੋ ਸਕਦੀ ਹੈ, ਕਾਲ ਪੀੜਤਾਂ ਦੀ ਲੋੜ ਹੁਣ ਹੈ। ਭਾਵ ਪ੍ਰਮੁੱਖਤਾ ਮਨੁੱਖਤਾ ਦੇ ਦਰਦ ਨੂੰ ਨਿਵਾਰਣ ਲਈ ਦਿਤੀ ਗਈ।

ਐਸੇ ਬਿਖੜੇ ਸਮੇਂ ਵਿੱਚ ਲੋਕ ਬੀਮਾਰੀ ਭੁੱਖ-ਮਰੀ ਵਾਲੇ ਲਾਹੌਰ ਆਦਿਕ ਇਲਾਕਿਆਂ ਨੂੰ ਛੱਡ ਕੇ ਡਰਦੇ ਹੋਏ ਬਾਹਰ ਦੌੜ ਰਹੇ ਸਨ। ਗੁਰੂ ਅਰਜਨ ਸਾਹਿਬ ਸਿੱਖਾਂ ਅਤੇ ਪਰਿਵਾਰ ਸਮੇਤ ਦਿਨ ਰਾਤ ਇੱਕ ਕਰਦੇ ਹੋਏ ਕਾਲ ਪੀੜਤਾਂ, ਬੀਮਾਰੀ ਗ੍ਰਸਤ ਦੁਖੀਆਂ ਦੀ ਮਦਦ ਕਰ ਰਹੇ ਸਨ। ਇਸ ਸਮੇਂ ਮਾਤਾ ਗੰਗਾ ਜੀ ਅਤੇ ਬਾਲ (ਗੁਰੂ) ਹਰਿਗੋਬਿੰਦ ਵੀ ਨਾਲ ਰੱਖਣੇ ਜਰੂਰੀ ਸਨ ਕਿਉਂ ਕਿ ਬਾਬਾ ਪ੍ਰਿਥੀ ਚੰਦ ਵਲੋਂ ਬਾਰ-ਬਾਰ ਬਾਲ ਨੂੰ ਮਰਵਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਸਾਹਮਣੇ ਸਨ, ਜਿਸ ਲਈ ਹਰ ਪੱਖ ਤੋਂ ਨਿਗਰਾਨੀ ਰੱਖਦੇ ਹੋਏ ਸਾਵਧਾਨੀ ਵਰਤਣੀ ਬੇਹੱਦ ਜਰੂਰੀ ਸੀ। ਇਸ ਪੱਖ ਵਿੱਚ ਗੁਰੂ ਸਾਹਿਬ ਵਲੋਂ ਕੀਤੀ ਗਈ ਅਣਥੱਕ ਸੇਵਾ ਦਾ ਕਾਲ ਲਗਭਗ 4-5 ਸਾਲ ਦਾ ਬਣਦਾ ਹੈ।

ਸੀਤਲਾ (ਚੇਚਕ) ਇੱਕ ਛੂਤ ਦੀ ਬਿਮਾਰੀ ਹੈ ਅਤੇ ਇਹ ਛੋਟੀ ਉਮਰ ਦੇ ਬੱਚਿਆਂ ਉਪਰ ਛੇਤੀ ਅਸਰ ਕਰਦੀ ਹੈ। ਗੁਰੂ ਸਾਹਿਬ ਜਦੋਂ ਪ੍ਰਵਾਰ ਸਮੇਤ ਅੰਮ੍ਰਿਤਸਰ ਆਏ ਤਾਂ ਇਸ ਸਮੇਂ ਤਕ ਇਸ ਬੀਮਾਰੀ ਦਾ ਹੱਲਾ ਬਾਲ (ਗੁਰੂ) ਹਰਿਗੋਬਿੰਦ ਉਪਰ ਵੀ ਹੋ ਚੁਕਾ ਸੀ। ਇਸ ਬੀਮਾਰੀ ਨਾਲ ਸਰੀਰ ਲਾਲ ਛਾਲਿਆਂ ਨਾਲ ਭਰਕੇ ਤੇਜ਼ ਬੁਖਾਰ ਚੜ੍ਹਦਾ ਹੈ। ਸਰੀਰ ਉਪਰ ਫਲੂਹੇ ਨਿਕਲ ਆਉਂਦੇ ਹਨ, ਚਮੜੀ ਦਾ ਰੰਗ ਲਾਲ ਹੋ ਜਾਂਦਾ ਹੈ। ਕਈ ਵਾਰ ਇਸ ਬੀਮਾਰੀ ਦੇ ਦੁਰ-ਪ੍ਰਭਾਵ ਹੇਠ ਕੋਈ ਨਾ ਕੋਈ ਸਰੀਰ ਦਾ ਅੰਗ ਵੀ ਨਕਾਰਾ ਹੋ ਜਾਂਦਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਬਚਪਨ ਵਿੱਚ ਹੀ ਇਸ ਰੋਗ ਨਾਲ ਇੱਕ ਅੱਖ ਮਾਰੀ ਗਈ ਸੀ।

ਅਗਿਆਨੀ, ਵਹਿਮਾਂ ਵਿੱਚ ਫਸੇ ਹੋਏ ਲੋਕ ਇਸ ਨੂੰ ਬੀਮਾਰੀ ਦੀ ਥਾਂ ਤੇ ਸੀਤਲਾ ਮਾਤਾ ਦੇ ਦਰਸ਼ਨ ਦੇਣ ਨਾਲ ਜੋੜਦੇ ਹੋਏ ਕਿਸੇ ਵੀ ਕਿਸਮ ਦਾ ਇਲਾਜ ਕਰਾਉਣ ਤੋਂ ਪ੍ਰਹੇਜ਼ ਕਰਦੇ ਸਨ। ਉਹਨਾਂ ਦੇ ਮਨ ਅੰਦਰ ਇੱਕ ਡਰ ਬੈਠਾ ਹੋਇਆ ਸੀ ਕਿ ਇਸ ਨੂੰ ਬਿਮਾਰੀ ਸਮਝ ਕੇ ਇਲਾਜ ਕਰਾਉਣ ਨਾਲ ਮਾਤਾ ਨਰਾਜ਼ ਨਾ ਹੋ ਜਾਵੇ। ਮਾਤਾ ਦੀ ਪ੍ਰਸੰਨਤਾ ਲੈਣ ਲਈ ਦੇਵੀ ਦੀ ਉਸਤਤੀ ਵਿੱਚ ਭੇਟਾਵਾਂ ਵੀ ਗਾਈਆਂ ਜਾਂਦੀਆਂ। ਨਗਰਾਂ ਦੇ ਬਾਹਰਵਾਰ ਛੱਪੜਾਂ ਦੇ ਕੰਢੇ ਬਣੇ ਸੀਤਲਾ ਮਾਤਾ ਦੇ ਮੰਦਰ ਵਿੱਚ ਪੂਜਾ ਵਾਸਤੇ ਮਰੀਜ਼ ਨੂੰ ਲਿਜਾ ਕੇ ਮੱਥਾ ਟਿਕਾਉਣ ਉਪਰੰਤ ਛੱਪੜ ਦੀ ਮਿੱਟੀ ਰੱਖ ਰੂਪ ਵਿੱਚ ਪਾਣੀ ਵਿੱਚ ਘੋਲ ਕੇ ਘਾਹ ਦੇ ਤੀਲਿਆਂ ਦੁਆਰਾ ਫਲੂਹਿਆਂ ਉਪਰ ਛਿੜਕੀ ਜਾਂਦੀ ਅਤੇ ਹੋਰ ਵੀ ਇਸ ਤਰਾਂ ਦੇ ਕਈ ਕਰਮ-ਕਾਂਡ ਕੀਤੇ ਜਾਂਦੇ। ਘਰ ਦੀ ਛੱਤ ਉਪਰ ਛੱਜ ਵਿੱਚ ਠੀਕਰੀਆਂ ਪਾ ਕੇ ਰੱਖ ਲਈਆਂ ਜਾਂਦੀਆਂ ਅਤੇ ਬੱਦਲਾਂ ਦੇ ਗਰਜਣ ਉਪਰ ਇਹਨਾਂ ਨਾਲ ਉੱਚੀ-ਉੱਚੀ ਖੜਾਕ ਕੀਤਾ ਜਾਂਦਾ ਤਾਂ ਜੋ ਬੱਦਲਾਂ ਦੀ ਗੜਗੜਾਹਟ ਦੇਵੀ ਮਾਤਾ ਦੇ ਕੰਨਾਂ ਤੱਕ ਨਾ ਪਹੁੰਚੇ ਕਿਉਂਕਿ ਇਸ ਨਾਲ ਮਾਤਾ ਨਰਾਜ਼ ਹੋ ਜਾਵੇਗੀ।

ਇਸ ਸਬੰਧ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਬਦ ਧਿਆਨਯੋਗ ਹਨ-

-ਅਗਯਾਨੀ ਲੋਕ ਸੀਤਲਾ ਨੂੰ ਚੇਚਕ ਰੋਗ ਦੀ ਦੇਵੀ ਮੰਨ ਕੇ ਪੂਜਦੇ ਹਨ, ਖਾਸ ਕਰਕੇ ਬੱਚਿਆਂ ਦੇ ਚੇਚਕ ਨਿਕਲਣ ਵੇਲੇ ਇਸ ਦੀ ਬਹੁਤ ਮਾਨਤਾ ਹੁੰਦੀ ਹੈ। ਬੱਚਿਆਂ ਨੂੰ ਮਾਤਾ ਰਾਣੀ ਦਾ ਖੋਤਾ ਸੱਦੀਦਾ ਹੈ। ਗਧਿਆਂ ਨੂੰ ਦਾਣਾ ਨਿਹਾਰੀ ਦਿੰਦੇ ਹਨ, ਸੀਤਲਾ ਦਾ ਨਾਮ ‘ਮਸਾਣੀ ਦੇਵੀ` ਭੀ ਹੈ। ਇਸ ਦੇ ਪੂਜਣ ਦਾ ਖਾਸ ਦਿਨ ਸੀਤਲਾਸਟਮੀ (ਚੇਤ ਵਦੀ ੮) ਹੈ, ਗੁਰਸਿਖਾਂ ਦੇ ਵਿੱਚ ਸੀਤਲਾ ਆਦਿ ਦਾ ਪੂਜਣ ਵਰਜਿਤ ਹੈ।

(ਗੁਰਮਤ ਮਾਰਤੰਡ -ਪੰਨਾ ੧੬੨)

- ਰੋਗ ਮਿਟਾਉਣ ਲਈ ਲਈ ਅਨੇਕ ਦੇਵੀ ਦੇਵਤੇ ਪੂਜਣੇ ਅਰ ਮੰਤ੍ਰ ਜੰਤ੍ਰ ਕਰਨੇ ਅਵਿਦਿਯਾ ਹੈ, ਵਾਹਿਗੁਰੂ

ਨੂੰ ਸਭ ਸੁਖ ਦਾਤਾ ਮੰਨ ਕੇ ਅਨਨਯ ਸਰਣ ਗ੍ਰਹਣ ਕਰਨੀ ਚਾਹੀਏ।

(ਗੁਰਮਤ ਮਾਰਤੰਡ-ਪੰਨਾ ੮੦੪)

‘ਸੀਤਲਾ` ਦੇ ਵਿਸ਼ੇ ਉਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਪੁਸਤਕ ਅੰਦਰ ਬਹੁਤ ਭਾਵਪੂਰਤ/ਪ੍ਰਮਾਣੀਕ ਜਾਣਕਾਰੀ ਹੇਠ ਲਿਖੇ ਅਨੁਸਾਰ ਦਿਤੀ ਗਈ ਹੈ-

ਹਿੰਦੂ ਮਤ ਅਨੁਸਾਰ ਦੇਵੀ ਦੇ ਇੱਕ ਰੂਪ ਦਾ ਨਾਮ ਸੀਤਲਾ ਹੈ। ਇਸ ਦਾ ਰੰਗ ਸੁਨਹਿਰੀ, ਇਹ ਲਾਲ ਬਸਤਰ ਪਹਿਨਦੀ ਤੇ ਖੋਤੇ ਦੀ ਸਵਾਰੀ ਕਰਦੀ ਹੈ, ਇਸ ਦੀ ਕ੍ਰੋਪੀ ਕਾਰਣ ਚੇਚਕ ਦਾ ਰੋਗ ਹੁੰਦਾ ਕਿਹਾ ਜਾਂਦਾ ਹੈ, ਸ਼ਰਧਾਲੂ ਇਸ ਦੀ ਪੂਜਾ ਚੇਤ ਵਾਲੀ ਅਸ਼ਟਮੀ ਨੂੰ ਕਰਦੇ ਤੇ ਇਸ ਨੂੰ ਸੀਤਲਾ ਅਸ਼ਟਮੀ ਸਦਦੇ ਹਨ। ਸ਼ਿਵਾ ਦੀ ਤਾਮਸੀ ਸੈਨਾ ਵਿੱਚ ਭੈਰਉ ਆਦਿ ਨਾਲ ਇਸ ਦੀ ਗਿਣਤੀ ਕੀਤੀ ਗਈ ਹੈ- ‘ਭੈਰਉ ਭੂਤ ਸੀਤਲਾ ਧਾਵੈ।। ਖਰ ਬਾਹਨ ਉਹੁ ਛਾਰੁ ਉਡਾਵੈ।। ` (ਗੋਂਡ ਨਾਮਦੇਵ-੮੭੬) (ਗੁਰੂ ਗ੍ਰੰਥ ਸੰਕੇਤ ਕੋਸ਼-ਪੰਨਾ 74)

ਅਗਿਆਨਤਾ ਦੇ ਹਨੇਰੇ ਖੂਹ ਵਿੱਚ ਡਿੱਗੇ, ਵਹਿਮਾਂ ਭਰਮਾਂ ਵਿੱਚ ਫਸੇ ਹੋਏ ਕੁੱਝ ਕੁ ਲੋਕਾਂ ਨੇ ਗੁਰੂ ਅਰਜਨ ਸਾਹਿਬ ਨੂੰ ਵੀ ਇਸ ਤਰਾਂ ਦੀਆਂ ਸਲਾਹਾਂ ਦੇਣ ਤੋਂ ਸੰਕੋਚ ਨਹੀਂ ਕੀਤਾ, ਪਰ ਗੁਰੂ ਸਾਹਿਬ ਨੇ ਸਮਝਾਇਆ ਕਿ ਇਹ ਕੋਈ ਦੇਵੀ ਨਹੀਂ, ਸਗੋਂ ਇੱਕ ਬਿਮਾਰੀ ਹੈ। ਹੋਰ ਬੀਮਾਰੀਆਂ ਦੀ ਤਰਾਂ ਇਸ ਦਾ ਵੀ ਯਥਾਯੋਗ ਇਲਾਜ ਕਰਾਉਣ ਦੀ ਲੋੜ ਹੈ ਅਤੇ ਇਲਾਜ ਦੀ ਸਫਲਤਾ ਲਈ ਪਰਮ ਪਿਤਾ ਪ੍ਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ ਜ਼ਰੂਰਤ ਹੈ।

ਜਦੋਂ ਅਸੀਂ ਗੁਰਬਾਣੀ ਵਿਚੋਂ ਇਸ ਪੱਖ ਤੇ ਅਗਵਾਈ ਲੈਣ ਦਾ ਯਤਨ ਕਰਦੇ ਹਾਂ ਤਾਂ ਸਾਰੀ ਤਸਵੀਰ ਸ਼ਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। ਇੱਕ ਪ੍ਰਮੇਸ਼ਰ ਨੂੰ ਛੱਡ ਕੇ ਕਿਸੇ ਵੀ ਤਰਾਂ ਦੇ ਦੇਵੀ ਦੇਵਤੇ ਦੀ ਆਰਾਧਨਾ ਕਰਨ ਵਿਚੋਂ ਕਿਸੇ ਵੀ ਤਰਾਂ ਦੀ ਪ੍ਰਾਪਤੀ ਲਈ ਆਸ ਕਰਨਾ ਫੋਕਟ ਕਰਮ ਹੈ, ਇਸ ਤੋਂ ਕੁੱਝ ਵੀ ਹਾਸਲ ਨਹੀਂ ਹੋਵੇਗਾ। ਜੇ ਮੰਨ ਵੀ ਲਿਆ ਜਾਵੇ ਕਿ ਇਸ ਤਰਾਂ ਦੇਵੀ ਦੇਵਤਿਆਂ ਦੀ ਪੂਜਾ ਤੋਂ ਕੁੱਝ ਪ੍ਰਾਪਤ ਹੋ ਸਕਦਾ ਹੈ ਤਾਂ ਕਿੰਨੀ ਕੁ ਪ੍ਰਾਪਤੀ ਹੋਵੇਗੀ ਵੱਧ ਤੋਂ ਵੱਧ ਦੇਵੀ ਆਪਣੇ ਵਰਗਾ ਕਰ ਲਵੇਗੀ-

- ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।।

ਪਾਹੁਣ ਨੀਰ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ।।

(ਸੋਰਠਿ ਮਹਲਾ ੧-੬੩੭)

- ਦੇਵੀਆ ਨਹੀ ਜਾਨੈ ਮਰਮ।।

ਸਭ ਊਪਰਿ ਅਲਖ ਪਾਰਬ੍ਰਹਮ।।

(ਰਾਮਕਲੀ ਮਹਲਾ ੫- ੮੯੪)

-ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ।।

(ਭੈਰਉ ਮਹਲਾ ੫-੧੧੩੮)

- ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹਿ ਦਾਸਿ ਭਜਹਾ।।

(ਸਾਰਗ ਮਹਲਾ ੫-੧੨੦੩)

-ਭੈਰਉ ਭੂਤ ਸੀਤਲਾ ਧਾਵੈ।।

ਖਰ ਬਾਹਨ ਉਹੁ ਛਾਰੁ ਉਡਾਵੈ।। ੧।।

ਹਉ ਤਉ ਏਕੁ ਰਮਈਆ ਲੈਹਉ।।

ਆਨ ਦੇਵ ਬਦਲਾਵਿਨ ਦੈਹਉ।। ੧।। ਰਹਾਉ।।

(ਗੋਂਡ ਨਾਮਦੇਵ ਜੀ -੮੭੪)

ਨਿਰਾਕਾਰ ਪ੍ਰਮੇਸ਼ਰ ਦੀ ਆਰਾਧਨਾ ਛੱਡ ਕੇ ਹੋਰ-ਹੋਰ ਥਾਵਾਂ ਤੇ ਚਿਤ ਜੋੜਣ ਵਾਲੇ ਮਨੱਖਾਂ ਦੇ ਜੀਵਨ ਵਿਚੋਂ ਕਦੀ ਵੀ ਭਰਮ ਦਾ ਨਾਸ ਨਹੀਂ ਹੋ ਸਕਦਾ। ਭਰਮਾਂ ਵਿੱਚ ਫਸੇ ਜੀਵਾਂ ਨੂੰ ਗੁਰਬਾਣੀ ਕਦਾਚਿਤ ਮਾਨਤਾ ਨਹੀਂ ਦਿੰਦੀ। ਭਰਮ ਦੀ ਪ੍ਰੀਭਾਸ਼ਾ ਅਤੇ ਗੁਰਮਤਿ ਸਿਧਾਂਤ ਸਮਝਾਉਂਦੇ ਹੋਏ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ-

-ਯਥਾਰਥ ਤੋਂ ਉਲਟ ਸਮਝ ਲੈਣ ਦਾ ਨਾਉਂ ਭਰਮ ਹੈ, ਜਿਸ ਤੋਂ ਵਿਹਾਰ ਅਰ ਪਰਮਾਰਥ ਦਾ ਸਤਯ

ਗਿਆਨ ਨਹੀਂ ਹੁੰਦਾ। ਯਥਾਰਥ ਗਯਾਨ ਤੋਂ ਇਸ ਦੀ ਨਿਵਿਰਤੀ ਹੁੰਦੀ ਹੈ।

(ਗੁਰਮਤ ਮਾਰਤੰਡ -ਪੰਨਾ ੭੪੦)

- ਭਾਈ ਨੰਦ ਲਾਲ ਸਾਹਿਬ ‘ਤੋਸ਼ੀਫੋਸਨਾਂ` ਵਿੱਚ ਲਿਖਦੇ ਹਨ ਕਿ ਜੋ ਲੋਕ ਭਰਮ ਸੰਬਧੀ ਰਿਵਾਜ਼ ਅਤੇ

ਰਸਮਾਂ ਦੇ ਸਮੁੰਦਰ ਵਿੱਚ ਡੁੱਬੇ ਹੋਏ ਹਨ, ਗੁਰੂ ਸਾਹਿਬ ਉਨ੍ਹਾਂ ਦੇ ਵਿਰੁਧ ਹਨ, ਅਰ ਜੋ ਵਹਿਮੀ ਖਯਾਲਾਂ

ਦੇ ਸਮੁੰਦ੍ਰ ਤੋਂ ਤਰ ਕੇ ਪਾਰ ਹੋਣ ਵਾਲੇ ਹਨ, ਉਨ੍ਹਾਂ ਦੇ ਅਨੁਸਾਰੀ ਹਨ।

(ਗੁਰਮਤ ਮਾਰਤੰਡ -ਪੰਨਾ-੭੪੧)

ਭਗਤ ਰਵਿਦਾਸ ਜੀ ਦੇ ਬਚਨ ‘ਮਾਧਵੇ ਕਿਆ ਕਹੀਐ ਭ੍ਰਮ ਐਸਾ।। ਜੈਸਾ ਮਾਨੀਐ ਹੋਇ ਨ ਤੈਸਾ।। ` (੬੫੭) ਦੀ ਰੋਸ਼ਨੀ ਵਿੱਚ ਭਰਮ ਬਾਰੇ ਸਮਝਿਆ ਜਾ ਸਕਦਾ ਹੈ ਕਿ ਜੋ ਅਸਲੀਅਤ ਵਿੱਚ ਨਾ ਹੋਵੇ। ਪ੍ਰੰਤੂ ਸਾਡੀ ਅਗਿਆਨਤਾ ਵਸ ਉਸਦੀ ਹੋਂਦ ਭਾਸਦੀ ਹੋਵੇ ਉਹ ਭਰਮ ਹੈ। ਭਰਮ ਅਧੀਨ ਮਨੁੱਖਤਾ ਕੁਰਾਹੇ ਪੈ ਕੇ ਦੁਖ ਉਠਾਉਂਦੀ ਹੈ, ਇਸ ਤੋਂ ਛੁਟਕਾਰਾ ਪਾਉਣ ਲਈ ਬਿਲਕੁਲ ਉਹੀ ਤਰੀਕਾ ਵਰਤਣ ਦੀ ਲੋੜ ਹੈ ਜਿਵੇਂ ਹਨੇਰੇ ਨੂੰ ਦੂਰ ਕਰਨ ਲਈ ਹੋਰ ਜਿੰਨੇ ਮਰਜ਼ੀ ਸਾਧਨ ਵਰਤ ਲਈਏ ਸਫਲਤਾ ਨਹੀਂ ਮਿਲਦੀ, ਬਸ ਰੋਸ਼ਨੀ ਕਰਨ ਦੀ ਦੇਰ ਹੈ ਹਨੇਰੇ ਦੀ ਹੋਂਦ ਆਪਣੇ ਆਪ ਖਤਮ ਹੋ ਜਾਂਦੀ ਹੈ। ਠੀਕ ਇਸੇ ਤਰਾਂ ਭਰਮ ਦਾ ਮੂਲ ਅਗਿਆਨਤਾ ਹੈ, ਜਿਸ ਨੂੰ ਦੂਰ ਕਰਨ ਲਈ ਗਿਆਨ ਦੀ ਰੋਸ਼ਨੀ ਕਰਨ ਦੀ ਜ਼ਰੂਰਤ ਹੈ। ‘ਭਾਈ ਰੇ ਗੁਰੁ ਬਿਨੁ ਗਿਆਨੁ ਨ ਹੋਇ` (੫੯) ਅਨੁਸਾਰ ਗਿਆਨ ਦਾ ਸੋਮਾ ਕੇਵਲ ਸਤਿਗੁਰੂ ਹੈ, ਜਦੋਂ ਗੁਰੂ ਗਿਆਨ ਦੀ ਰੋਸ਼ਨੀ ਵਿੱਚ ਚਲਣਾ ਆਰੰਭ ਕਰਾਂਗੇ ਤਾਂ ਅਗਿਆਨਤਾ ਰੂਪੀ ਬੇੜੀਆਂ ਕੱਟੀਆਂ ਜਾਣੀਆਂ ਸੁਭਾਵਿਕ ਹਨ। ਇਸ ਵਿਸ਼ੇ ਉਪਰ ਕੁੱਝ ਗੁਰਬਾਣੀ ਫੁਰਮਾਣ ਵਾਚਣੇ ਲਾਹੇਵੰਦ ਰਹਿਣਗੇ-

-ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ।।

ਭ੍ਰਮ ਕਾਟੇ ਗੁਰ ਆਪਣੈ ਪਾਏ ਬਿਸਰਾਮਾ।।

(ਆਸਾ ਮਹਲਾ ੫-੪੦੦)

-ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ।।

ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ।।

(ਮਾਰੂ ਮਹਲਾ ੫-੧੦੦੨)

-ਹਮਰਾ ਭਰਮ ਗਇਆ ਭਉ ਭਾਗਾ।।

ਜਬ ਰਾਮ ਨਾਮ ਚਿਤੁ ਲਾਗਾ।।

(ਸੋਰਠਿ ਕਬੀਰ ਜੀ-੬੫੫)

-ਭਨਤਿ ਨਾਨਕ ਭਰਮ ਪਟ ਖੂਲੇ ਗੁਰਪਰਸਾਦੀ ਜਾਨਿਆ।।

ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨ ਮਾਨਿਆ।।

(ਧਨਾਸਰੀ ਮਹਲਾ ੩-੬੬੬)

-ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ।।

ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾ।।

(ਧਨਾਸਰੀ ਕਬੀਰ ਜੀ-੬੯੨)

ਜਿਹੜਾ ਜੀਵ ਉਕਤ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਚਲਣਾ ਆਰੰਭ ਕਰ ਦਿੰਦਾ ਹੈ, ਗੁਰਬਾਣੀ ਗਿਆਨ ਉਸਦੇ ਜੀਵਨ ਨੂੰ ‘ਸੋ ਸੁਖੀਆ ਜਿਸੁ ਭ੍ਰਮੁ ਗਇਆ` (੧੧੮੦) ਅਥਵਾ ‘ਹਰਿ ਹਰਿ ਗੁਰ ਗੁਰ ਕਰਤੇ ਭਰਮ ਗਏ` (੨੪੧) ਵਾਲੀ ਅਵਸਥਾ ਵਿੱਚ ਤਬਦੀਲ ਕਰ ਦਿੰਦਾ ਹੈ। ਫਿਰ ਉਸਨੂੰ ਕਿਸੇ ਵੀ ਤਰਾਂ ਦੇ ਵਹਿਮ ਭਰਮ ਵਿੱਚ ਪੈ ਕੇ ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ, ਉਹ ਕੇਵਲ ‘ਇਕ ਓਅੰਕਾਰ` ਦਾ ਉਪਾਸ਼ਕ ਬਣ ਜਾਂਦਾ ਹੈ।

ਜਿਹੜੇ ਅਗਿਆਨੀ ਲੋਕ ਚੇਚਕ ਨੂੰ ਸੀਤਲਾ ਦੇਵੀ/ਮਾਤਾ ਸਮਝਦੇ ਹਨ, ਉਹਨਾਂ ਨੂੰ ਵੀ ਪਤਾ ਹੋਵੇਗਾ ਕਿ ਅਜ ਤੋਂ ਲਗਭਗ 20-25 ਸਾਲ ਪਹਿਲਾਂ ਸਿਹਤ ਵਿਭਾਗ ਵਲੋਂ ਜਗ੍ਹਾ ਜਗ੍ਹਾ ਉਪਰ ਬੋਰਡ ਲਵਾ ਕੇ, ਕੰਧਾਂ ਉਪਰ ਸਟੈਨਸਲਿਜ ਰਾਹੀਂ ਲਿਖਵਾ ਕੇ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਚੇਚਕ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦਿਤਾ ਜਾਵੇਗਾ, ਪਰ ਕੋਈ ਵੀ ਇਨਾਮ ਲੈਣ ਲਈ ਨਹੀਂ ਨਿਤਰਿਆ ਸੀ।

ਗੁਰੂ ਅਰਜਨ ਸਾਹਿਬ ਵਲੋਂ ਵਹਿਮੀ ਲੋਕਾਂ ਦੀਆਂ ਸਲਾਹਾਂ ਨੂੰ ਦਰ-ਕਿਨਾਰ ਕਰਦੇ ਹੋਏ ਬਾਲ (ਗੁਰੂ) ਹਰਿਗੋਬਿੰਦ ਦਾ ਲੋੜ ਅਨੁਸਾਰ ਦਵਾ ਦਾਰੂ ਕਰਵਾਇਆ ਅਤੇ ਪ੍ਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕੀਤੀਆਂ ਗਈਆਂ, ਪ੍ਰਮੇਸ਼ਰ ਦੀ ਕ੍ਰਿਪਾ ਨਾਲ ਬਾਲ ਹਰਗੋਬਿੰਦ ਆਰੋਗ ਹੋ ਗਏ। ਬਾਲ ਦਾ ਤਾਪ ਲੱਥ ਗਿਆ। ਗੁਰੂ ਅਰਜਨ ਸਾਹਿਬ ਵਲੋਂ ਇਸ ਪੱਖ ਵਿੱਚ ਵਿਸ਼ਾ ਅਧੀਨ ਸ਼ਬਦ ਅਤੇ ਕੁੱਝ ਹੋਰ ਸ਼ਬਦ ਉਚਾਰ ਕੇ ਇਸ ਦਾ ਸਿਹਰਾ ਪ੍ਰਮੇਸ਼ਰ ਅਤੇ ਸਤਿਗੁਰੂ ਨੂੰ ਦਿਤਾ ਗਿਆ।

-ਨੇਤ੍ਰ ਪ੍ਰਗਾਸੁ ਕੀਆ ਗੁਰਦੇਵ।।

ਭਰਮ ਗਏ ਪੂਰਨ ਭਈ ਸੇਵ।। ੧।। ਰਹਾਉ।।

ਸੀਤਲਾ ਤੇ ਰਖਿਆ ਬਿਹਾਰੀ।।

ਪਾਰਬ੍ਰਹਮ ਪ੍ਰਭ ਕ੍ਰਿਪਾ ਧਾਰੀ।। ੧।।

ਨਾਨਕ ਨਾਮੁ ਜਪੈ ਸੋ ਜੀਵੈ।।

ਸਾਧ ਸੰਗਿ ਹਰਿ ਅੰਮ੍ਰਿਤ ਪੀਵੈ।। ੨।। ੧੦੩।। ੧੭੨।।

(ਗਉੜੀ ਮਹਲਾ ੫-੨੦੦)

- ਤਾਪੁ ਲਾਹਿਆ ਗੁਰ ਸਿਰਜਨਹਾਰਿ।।

ਸਤਿਗੁਰ ਅਪਨੇ ਕਉ ਬਲਿ ਜਾਈ ਜਿਨ ਪੈਜ ਰਖੀ ਸਾਰੇ ਸੰਸਾਰਿ।। ੧।। ਰਹਾਉ।।

ਕਰੁ ਮਸਤਿਕ ਧਾਰਿ ਬਾਲਿਕੁ ਰਖਿ ਲੀਨੋ।।

ਪ੍ਰਭ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ।। ੧।।

ਦਾਸ ਕੀ ਲਾਜ ਰਖੈ ਮਿਹਰਵਾਨੁ।।

ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ।। ੨।। ੬।। ੮੬।।

(ਬਿਲਾਵਲ ਮਹਲਾ ੫-੮੨੧)

-ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ।।

ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ।। ੧।।

ਹਰਿ ਜਨਿ ਸਿਮਰਿਆ ਨਾਮ ਅਧਾਰਿ।।

ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ।। ੧।। ਰਹਾਉ।।

ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ।।

ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ।। ੨।। ੧੮।। ੪੬।।

(ਸੋਰਠਿ ਮਹਲਾ ੫- ੬੨੦)

-ਸਦਾ ਸਦਾ ਹਰਿ ਜਾਪੇ।। ਪ੍ਰਭ ਬਾਲਕ ਰਾਖੇ ਆਪੇ।।

ਸੀਤਲਾ ਠਾਕਿ ਰਹਾਈ।।

ਬਿਘਨ ਗਏ ਹਰਿ ਨਾਈ।। ੧।।

ਮੇਰਾ ਪ੍ਰਭ ਹੋਆ ਸਦਾ ਦਇਆਲਾ।।

ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ।। ੧।। ਰਹਾਉ।।

ਪ੍ਰਭ ਕਰਣ ਕਾਰਣ ਸਮਰਾਥਾ।।

ਹਰਿ ਸਿਮਰਤ ਸਭੁ ਦੁਖੁ ਲਾਥਾ।।

ਅਪਨੇ ਦਾਸ ਕੀ ਸੁਣੀ ਬੇਨੰਤੀ।।

ਸਭ ਨਾਨਕ ਸੁਖਿ ਸਵੰਤੀ।। ੨।।

(ਸੋਰਠਿ ਮਹਲਾ ੫-੬੨੭)

ਗੁਰੂ ਅਰਜਨ ਸਾਹਿਬ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਵਾਲੇ ਇਹਨਾਂ ਸ਼ਬਦਾਂ ਨੂੰ ਮਨੁੱਖਤਾ ਦੇ ਸਦੀਵੀਂ ਮਾਰਗ ਦਰਸ਼ਨ ਲਈ ਗੁਰਬਾਣੀ ਦਾ ਹਿਸਾ ਬਣਾ ਦਿਤਾ। ਸਿਖਿਆ:- ਸਾਨੂੰ ਵਹਿਮਾਂ ਭਰਮਾਂ ਵਿੱਚ ਪੈ ਕੇ ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਦੀ ਥਾਂ ਕੇਵਲ ਇਕ ਪ੍ਰਮੇਸ਼ਰ ਦੀ ਟੇਕ ਲੈਣੀ ਚਾਹੀਦੀ ਹੈ। ਘਰ ਵਿੱਚ ਕਿਸੇ ਵੀ ਤਰਾਂ ਦੀ ਬੀਮਾਰੀ, ਮੁਸੀਬਤ ਆਦਿ ਦੇ ਸਮੇਂ ਉਸਦੇ ਹੱਲ ਲਈ ਯਥਾਯੋਗ ਉਪਾਅ ਕਰਦੇ ਹੋਏ ਸਫਲਤਾ ਲਈ ਪ੍ਰਮੇਸ਼ਰ ਦੇ ਚਰਨਾਂ ਵਿਚ ਵਿੱਚ ਅਰਦਾਸ ਦਾ ਸਹਾਰਾ ਲੈਣਾ ਚਾਹੀਦਾ ਹੈ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਭਰਪੂਰ ਇਹਨਾਂ ਸ਼ਬਦਾਂ ਨੂੰ ਅਸੀਂ ਪੜਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

===========

(ਸਮਾਪਤ)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.