.

ਅਰਦਾਸ

ਮੌਜੂਦਾ ਸਮੇ ਵਿੱਚ ਅਰਦਾਸ, ਜਿਸ ਨੂੰ ਸਿੱਖੀ ਦਾ ਇੱਕ ਥੰਮ ਮੰਨਿਆ ਜਾਂਦਾ ਹੈ, ਇੱਕ ਬਾਹਰੀ ਰਸਮ ਹੀ ਬਣ ਕੇ ਰਹਿ ਗਈ ਹੈ ਤੇ ਰਸਮ ਉਦੋਂ ਹੀ ਬਣਦੀ ਹੈ ਜਦੋਂ ਕਿਸੇ ਕਰਮ ਵਿਚੋਂ ਅਸਲੀਅਤ ਜਾਂ ਸਚਾਈ ਨਿਕਲ ਜਾਵੇ। ਬੇਅੰਤ ਲੋਕ ਪ੍ਰਭੂ ਅਗੇ ਨਿਤ ਰਸਮੀ ਅਰਦਾਸਾਂ, ਜੋਦੜੀਆਂ ਜਾਂ ਦੁਆਵਾਂ ਕਰਦੇ ਆ ਰਹੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਇਸ ਦੀ ਪੂਰਨ ਸਫਲਤਾ ਦਾ ਦ੍ਹਾਵਾ ਨਹੀ ਕੀਤਾ ਪਰ ਫੇਰ ਵੀ ਇਹ ਪ੍ਰਚਲਤ ਰਸਮੀ ਅਰਦਾਸਾਂ ਦਾ ਕੋਈ ਅੰਤ ਨਹੀ। ਸੰਸਾਰੀ ਮਨੁੱਖ ਦੀ ਬਿਰਤੀ ਵਾਪਾਰੀ ਹੈ ਇਸ ਲਈ ਉਹ ਕੋਈ ਵੀ ਕਰਮ, ਬਿਨਾ ਕਾਰਨ ਜਾਂ ਲਾਭ ਦੇ ਨਹੀ ਕਰਦਾ ਭਾਵੇਂ ਉਹ ਕੋਈ ਧਾਰਮਿਕ ਕਰਮ ਹੀ ਕਿਉਂ ਨਾ ਹੋਵੇ। ਉਸ ਦਾ ਮੰਨਣਾ ਹੈ ਕਿ ਕਾਰਨ ਬਿਨਾ ਕਰਮ ਕੋਈ ਮੂਰਖ ਹੀ ਕਰਦਾ ਹੈ ਇਸ ਲਈ ਅਰਦਾਸ ਦਾ ਕਾਰਨ ਉਸ ਲਈ ਆਪਣੀਆਂ ਨਿਜੀ ਲੋੜਾਂ ਨੂੰ ਪੂਰਨ ਕਰਨਾ ਹੀ ਹੈ, ਰੱਬ ਨੂੰ ਪਾਉਣ ਦਾ ਤਾਂ ਇੱਕ ਬਹਾਨਾ ਹੀ ਹੈ। ਉਸ ਦਾ ਵਿਸ਼ਵਾਸ ਹੈ ਕਿ ਰੱਬ ਨੂੰ ਪਾਉਣ ਨਾਲ ਸਭ ਮਨੋਕਾਮਨਾ ਜਾਂ ਇੱਛਾ ਪੂਰਤੀ ਹੋ ਜਾਵੇਗੀ ਇਸ ਲਈ ਅਰਦਾਸ ਦਾ ਅਸਲੀ ਮਕਸਦ ਉਸ ਲਈ ਤਾਂ ਇੱਛਾ ਦੀ ਪੂਰਤੀ ਦਾ ਹੈ ਰੱਬ ਦੀ ਪ੍ਰਾਪਤੀ ਦਾ ਨਹੀ। ਗੁਰਬਾਣੀ ਤਾਂ ਇੱਛਾ ਪੂਰਤੀ ਬਾਰੇ ਫੁਰਮਾਨ ਹੈ : ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥ ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥ 46 ਅਤੇ ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ 746 ਇੱਛਾ ਪੂਰਨ ਹੋਣ ਤੋਂ ਭਾਵ ਇਛਾਵਾਂ ਜਾਂ ਮਨੋਕਾਮਨਾਵਾਂ ਦਾ ਮੁਕ ਜਾਣਾ, ਖਤਮ ਹੋ ਜਾਣਾ ਜਾਂ ਮਿਟ ਜਾਣਾ ਹੈ। ਇਸ ਦਾ ਭਾਵ ਇਛਾਵਾਂ ਦੀ ਪੂਰਤੀ ਨਹੀ, ਲੋੜਾਂ ਦੀ ਪੂਰਤੀ ਨਹੀ ਕਿਉਂਕਿ ਜਿਨਾ ਚਿਰ (ਪ੍ਰਭੂ ਦੀ ਇੱਛਾ ਬਿਨਾ) ਕੋਈ ਹੋਰ ਇੱਛਾ, ਲੋੜ, ਆਸ ਜਾਂ ਕਾਮਨਾ ਖੜੀ ਹੈ ਉਨਾ ਚਿਰ ਨਾ ਪ੍ਰਭੂ ਮਿਲਾਪ ਹੈ ਤੇ ਨਾ ਹੀ (ਸੰਸਾਰੀ ਇੱਛਾ ਪੂਰਤੀ ਤੋਂ) ਸੁੱਖ ਦੀ ਪ੍ਰਾਪਤੀ ਹੈ।

ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥ 1249 ਇੱਛਾ ਰਹਿਤ ਹੋ ਕੇ ਹੀ ਪਰਮ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਪ੍ਰਭੂ ਮਿਲਾਪ ਦੀ ਇੱਛਾ, ਆਸ ਜਾਂ ਮੰਗ ਬਿਨਾ ਕਿਸੇ ਹੋਰ ਵਸਤੂ ਦੀ ਇੱਛਾ ਲਈ ਅਰਦਾਸ ਨਿਸਫਲ ਜਾਂ ਵਿਅਰਥ ਹੈ। ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥ ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥ 859 ਅਤੇ ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥ ਗਾਲ੍ਹ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥ 321

ਸੰਸਾਰੀ ਪਦਾਰਥਾਂ ਲਈ ਕੀਤੀ ਅਰਦਾਸ ਮਨ ਦੀਆਂ ਵਾਸ਼ਨਾਵਾਂ ਨੂੰ ਤ੍ਰਿਪਤ ਨਹੀ ਕਰ ਸਕਦੀ, ਇੱਛਾ ਪੂਰੀ (ਖਤਮ) ਨਹੀ ਕਰ ਸਕਦੀ, ਕੇਵਲ ਆਤਮਿਕ ਪਦਾਰਥਾਂ (ਆਤਮਿਕ ਗੁਣਾਂ) ਲਈ ਕੀਤੀ ਅਰਦਾਸ ਹੀ ਮਨ ਨੂੰ ਸੰਤੁਸ਼ਟ ਕਰਕੇ ਸਦੀਵੀ ਸੁੱਖ ਦੇ ਸਕਦੀ ਹੈ ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥ ਤੂੰ ਸਾਹਿਬੁ ਸੇਵਕ ਅਰਦਾਸਿ ॥ 180 ਪਰ ਫੇਰ ਵੀ ਮਨੁੱਖ ਦੀਆਂ ਨਿੱਤ ਦੀਆਂ ਰਸਮੀ ਅਰਦਾਸਾ ਵਿੱਚ ਪ੍ਰਭੂ (ਜੋ ਆਤਮਿਕ ਪਦਾਰਥਾਂ ਦਾ ਖਜ਼ਾਨਾ ਹੈ) ਲਈ ਕੋਈ ਮੰਗ ਨਜ਼ਰ ਨਹੀ ਆਉਂਦੀ, ਜੇ ਹੈ, ਤਾਂ ਉਸ ਪਿਛੇ ਛੁਪੀ ਭਾਵਨਾ ਕੁਛ ਹੋਰ (ਸੰਸਾਰੀ ਪਦਾਰਥ) ਹੀ ਹੁੰਦੀ ਹੈ। ਮਨੁੱਖ ਜਾਣਦਾ ਹੈ ਕਿ ਮਨ ਨੂੰ ਸਾਧਨ ਦੀ ਕਿਰਿਆ ਬੜੀ ਔਖੀ ਹੈ ਇਸ ਲਈ ਉਸ ਨੂੰ ਸੌਖਾ ਬਨਾਉਣ ਲਈ ਬਾਹਰੀ ਸੌਖੇ ਕਰਮ ਕਾਂਡਾਂ ਦੀ ਕ੍ਹਾਢ ਦੁਆਰਾ ਅਰਦਾਸ ਨੂੰ ਵੀ ਇੱਕ ਵਾਪਾਰੀ ਕਰਮ ਕਾਂਡ ਬਣਾ ਕੇ ਇਤਨਾ ਪ੍ਰਚਲਤ ਕਰ ਦਿੱਤਾ ਕਿ ਅੱਜ ਮਨੁੱਖ ਅਰਦਾਸ ਦਾ ਭਾਵ ਹੀ ਭੁੱਲ ਗਿਆ ਹੈ ਤੇ ਕਿਸੇ ਅਖੌਤੀ ਧਾਰਮਕ ਵਿਚੋਲੇ ਕੋਲੋਂ ਮੁੱਲ ਦੇ ਕੇ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਕੀਤੀ (ਜਾਂ ਮੁਲ ਖਰੀਦੀ) ਜੋਦੜੀ ਨੂੰ ਹੀ ਅਰਦਾਸ ਮੰਨ ਬੈਠਾ ਹੈ। ਮਾਇਆ ਦੇ ਕੇ ਆਪਣੇ ਮਨ ਭਾਉਂਦੀ ਰਸਮੀ ਅਰਦਾਸ ਕਰਵਾ ਲੈਂਦਾ ਹੈ। ਉਸ ਨੂੰ ਵਿਸ਼ਵਾਸ ਦਿਲਾ ਦਿੱਤਾ ਗਿਆ ਹੈ ਕਿ ਰੱਬ ਕੇਵਲ ਚੁਣਵੇਂ ਵਿਅਕਤੀਆਂ ਦੀ ਤੇ ਚੁਣਵੀ ਸ਼ਬਦਾਵਲੀ ਦੁਆਰਾ ਕੀਤੀ ਅਰਦਾਸ ਹੀ ਸੁਣਦਾ ਹੈ ਪਰ ਗੁਰਬਾਣੀ ਫੁਰਮਾਨ ਹੈ ਕਿ ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥ 674

ਗੁਰਬਾਣੀ ਦਾ ਕਥਨ ਤਾਂ ਇਹ ਹੈ ਕਿ ਬਾਹਰਲੇ ਕਿਸੇ ਵੀ ਦਿਖਾਵੇ ਦੇ ਕਰਮ ਕਾਂਡ ਜਾਂ ਪੋਚਾ ਪਾਚੀ ਵਾਲੀ ਸ਼ਬਦਾਵਲੀ ਤੇ ਉਹ ਨਹੀ ਪਤੀਜਦਾ ਕਿਉਂਕਿ ਪ੍ਰਭੂ ਬਾਹਰਲੇ ਕਰਮ ਕਾਂਡ ਜਾਂ ਸ਼ਬਦਾਵਲੀ ਨੂੰ ਨਹੀ ਵੇਖਦਾ ਪਰ ਮਨ ਦੀ ਅੰਦਰੂਨੀ ਭਾਵਨਾ ਨੂੰ ਵੇਖਦਾ ਹੈ ਜਿਸ ਨੂੰ ਉਹ ਬਿਨਾ ਪ੍ਰਗਟਾਇਆਂ ਜਾਂ ਬੋਲਿਆਂ ਹੀ ਜਾਣ ਲੈਂਦਾ ਹੈ। ਗੁਰੂ ਦੇ ਬਚਨ ਹਨ ਕਿ ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥ ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥1420 ਕੀ ਜਿੰਦ ਜਾਨ ਦੇ ਮਾਲਕ ਨੂੰ ਆਪਣਾ ਦੁੱਖ ਸੁਨਾਉਣ ਲਈ ਕੁਛ ਬੋਲਨ ਦੀ ਲੋੜ ਹੈ? ਜੇਹੜਾ ਪ੍ਰਭੂ ਬਿਨਾ ਬੋਲਿਆਂ ਪਹਿਲਾਂ ਹੀ ਸਭ ਕੁਛ ਜਾਣਦਾ ਹੈ ਉਸ ਨੂੰ ਬੋਲ ਕੇ ਸੁਨਾਉਣਾ ਵਿਅਰਥ ਨਹੀ? ਗੁਰਬਾਣੀ ਸੁਚੇਤ ਕਰਦੀ ਹੈ ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥ 1374 ਜੋ ਪਹਿਲਾਂ ਹੀ ਦਿਲ ਅੰਦਰ ਵਸਦਾ ਹੈ, ਕੀ ਉਸ ਨੂੰ ਸੁਨਾਉਣ ਲਈ ਬਾਂਗ ਦੇਣ ਜਾਂ ਬੋਲ ਕੇ ਸੁਨਾਉਣ ਦੀ ਲੋੜ ਹੈ? ਅਰਦਾਸ ਦੇ ਮਹੱਤਵ ਤੋਂ ਪ੍ਰਭਾਵਤ ਕਰਨ ਲਈ ਧਰਮ ਦੇ ਵਾਪਾਰੀਆਂ ਨੇ ਇਸ ਨਾਲ ਅਨੇਕ ਕਰਾਮਾਤੀ ਕਥਾ ਕਹਾਣੀਆਂ ਜੋੜ ਦਿੱਤੀਆਂ ਹਨ ਜਿਨ੍ਹਾਂ ਨੂੰ ਸਾਧਾਰਨ ਮਤ ਵਾਲਾ ਵੀ ਸਵੀਕਾਰ ਕਰਨ ਤੋਂ ਮੁਨਕਰ ਹੋ ਜਾਂਦਾ ਹੈ ਪਰ ਐਸੇ ਵਿਅਕਤੀ ਨੂੰ ਫੇਰ “ਸ਼ਰਧਾ” ਅਤੇ “ਭਰੋਸੇ” ਦਾ ਹਥਿਆਰ ਵਰਤ ਕੇ ਸਮਝਾ ਜਾਂ ਮਨਾ ਲਿਆ ਜਾਂਦਾ ਹੈ। ਗੁਰਮਤ ਵਿੱਚ ਕਰਾਮਾਤ ਨੂੰ ਕੋਈ ਪਰਵਾਨਗੀ ਨਹੀ ਪਰ ਅਰਦਾਸ ਕਰਨ ਕਰਾਉਣ ਵਾਲਾ ਉਸ ਦੀ ਪੂਰਨਤਾ ਲਈ ਕਿਸੇ ਕਰਾਮਾਤ ਦੇ ਵਰਤ ਜਾਣ ਦੀ ਆਸ ਜ਼ਰੂਰ ਰੱਖਦਾ ਹੈ। ਮਨੁੱਖ ਦੀ ਕੈਸੀ ਅਗਿਆਨਤਾ ਹੈ ਕਿ:

ਇਕ ਪਾਸੇ ਤਾਂ ਪ੍ਰਭੂ ਨੂੰ ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥ 53 ਅਤੇ ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥ ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥ 259 ਸਾਰਿਆਂ ਵਿੱਚ ਪੂਰੀ ਤਰਾਂ ਸਮਾਇਆ, ਘਟ ਘਟ ਵਿੱਚ ਰਮਿਆ ਮੰਨਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਆਪਣੇ ਹੀ ਦਿਲ ਅੰਦਰ ਸਮਾਏ ਹੋਏ ਨਾਲ, ਆਪਣੇ ਹੀ ਅੰਦਰ ਰਮੇ ਹੋਏ ਨਾਲ, ਸੰਪਰਕ ਕਰਨ ਲਈ ਕਿਸੇ ਵਿਚੋਲੇ (ਅਰਦਾਸੀਏ) ਨੂੰ ਸੱਦਣਾ ਪੈਂਦਾ ਹੈ ਜਿਵੇਂ ਪ੍ਰਭੂ/ਗੁਰੂ ਨਾਲ ਨਾਰਾਜ਼ਗੀ ਹੋਵੇ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ ਅੰਦਰ ਸਮਾਏ ਗੁਰ/ਪਰਮੇਸ਼ਰ ਨਾਲ ਕੋਈ ਸਾਂਝ ਨਹੀ, ਇਕੋ ਘਰ ਵਿੱਚ ਰਹਿੰਦਿਆਂ ਵੀ ਉਸ ਨਾਲ ਕੋਈ ਗਲ ਬਾਤ ਨਹੀ, ਜਿਵੇਂ ਅਨਬਣ ਹੋ ਗਈ ਹੋਵੇ, ਇਸ ਲਈ ਵਿਚੋਲੇ ਦੀ ਲੋੜ ਹੈ। ਕੀ ਉਹ ਭਾੜੇ ਦੀ ਅਰਦਾਸ ਕਰਨ ਵਾਲਾ ਵਿਚੋਲਾ (ਅਰਦਾਸੀਆ) ਪਰਾਈ ਪੀੜ ਜਾਂ ਭਾਵਨਾ ਨੂੰ ਵਰਣਨ ਕਰ ਸਕਦਾ ਹੈ? ਗੁਰਬਾਣੀ ਦਾ ਹੀ ਕਥਨ ਹੈ ਕਿ ਕਿਸੇ ਦੇ ਸਰੀਰਕ ਰੋਗ ਨੂੰ ਤਾਂ ਕੋਈ ਸਿਆਣਾ ਵੈਦ ਜਾਣ ਸਕਦਾ ਹੈ ਪਰ ਅੰਦਰੂਨੀ ਭਾਵਨਾ ਜਾਂ ਪੀੜਾ ਨੂੰ (ਪ੍ਰਭੂ ਤੋਂ ਬਿਨਾ) ਨਾ ਕੋਈ ਵੈਦ ਤੇ ਨਾ ਕੋਈ ਹੋਰ ਜਾਣ ਸਕਦਾ ਹੈ। ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥ 1279

ਜਿੰਦ ਜਾਨ ਦਾ ਮਾਲਕ ਕੇਵਲ ਪ੍ਰਭੂ ਹੀ ਕਲੇਜੇ (ਮਨ) ਦੀ ਕਰਕ (ਪੀੜਾ) ਨੂੰ ਜਾਣ ਸਕਦਾ ਹੈ। ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ 670 ਅਗਰ ਕੋਈ ਦੂਸਰਾ ਦਿਲ ਦੀ ਭਾਵਨਾ, ਵੇਦਨਾ ਜਾਂ ਕਲੇਜੇ ਦੀ ਕਰਕ ਨੂੰ ਜਾਣ ਹੀ ਨਹੀ ਸਕਦਾ ਤਾਂ ਅਰਦਾਸ ਵਿੱਚ ਉਸ ਵੇਦਨਾ ਜਾਂ ਭਾਵਨਾ ਨੂੰ ਜਣਾਇਆ ਕਿਵੇਂ ਜਾ ਸਕਦਾ ਹੈ? ਇਸ ਲਈ ਕਿਸੇ ਦੂਸਰੇ ਕੋਲੋਂ ਅਰਦਾਸ ਕਰਵਾਉਣੀ ਜਾਂ ਕਿਸੇ ਦੂਸਰੇ ਲਈ ਅਰਦਾਸ ਕਰਨੀ ਤਾਂ ਵਿਅਰਥ ਹੀ ਜਾਪਦੀ ਹੈ।

ਇਕ ਪਾਸੇ ਤਾਂ ਦ੍ਰਿੜ ਕਰਾਇਆ ਜਾ ਰਿਹਾ ਹੈ ਕਿ ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥ 438 ਹੇ ਪ੍ਰਭੂ ਮੈਂ ਜਿਥੇ ਵੀ ਜਾਂਦਾ ਹਾਂ ਤੂੰ ਸਭ ਥਾਈਂ ਮੌਜੂਦ ਹੈਂ ਪਰ ਫੇਰ ਅਰਦਾਸ ਕਰਨ ਲਈ ਕੋਈ ਉਚੇਚਾ ਥਾਂ, ਸਮਾ ਜਾਂ ਸ਼ਬਦਾਵਲੀ ਹੀ ਕਿਉਂ ਜ਼ਰੂਰੀ ਹੈ? ਅਗਰ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ 394 ਦਾ ਗੁਰ ਫੁਰਮਾਨ ਹਕੀਕਤ ਹੈ ਤਾਂ ਅਰਦਾਸ ਕਰਨ ਲਈ ਕੋਈ ੳਚੇਚੀ ਥਾਂ, ਮੰਦਰ, ਮਸਜਿਦ, ਚਰਚ ਜਾਂ ਗੁਰਦੁਆਰਾ ਜਾਂ ਚੁਣਵੀਂ ਸ਼ਬਦਾਵਲੀ ਜਾਂ ਚੁਣਵਾਂ ਅਰਦਾਸੀਆ ਹੀ ਕਿਉਂ ਜ਼ਰੂਰੀ ਹੈ? ਕੀ ਆਪਣੀ ਅਰਦਾਸ ਆਪ ਹੀ, ਹਰ ਜਗ੍ਹਾ, ਹਰ ਵੇਲੇ ਸਾਧਾਰਨ ਬੋਲੀ ਜਾਂ ਬਿਨਾ ਬੋਲਿਆਂ ਕੀਤੀ ਨਹੀ ਜਾ ਸਕਦੀ?

ਇਕ ਪਾਸੇ ਇਹ ਵਿਸ਼ਵਾਸ ਨਿੱਤ ਪਰਪੱਕ ਕਰਾਇਆ ਜਾਂਦਾ ਹੈ ਕਿ ਕਰਤਾਰ ਅਭੁੱਲ ਹੈ ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ 60 ਤੇ ਉਸ ਅਭੁੱਲ ਕਰਨੈਹਾਰ ਨੂੰ ਕੋਈ ਕੰਮ ਦੁਬਾਰਾ ਨਹੀ ਕਰਨਾ ਪੈਂਦਾ ਨਹੀ ਹੋਤ ਕਛੁ ਦੋਊ ਬਾਰਾ ॥ ਕਰਨੈਹਾਰੁ ਨ ਭੂਲਨਹਾਰਾ ॥ 253 ਪਰ ਫੇਰ ਦੂਜੇ ਪਾਸੇ ਅਰਦਾਸਾਂ ਦੀ ਲੰਮੀ ਸੂਚੀ ਦੁਆਰਾ ਉਸ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ ਇੱਛਾ (ਲੋੜਾਂ) ਪੂਰਨ ਕਰਨੀਆਂ ਭੁੱਲ ਗਿਆ ਹੈ। ਉਸ ਨੂੰ ਮਨੋਕਾਮਨਾ ਪੂਰਨ ਕਰਨ ਦਾ ਕੰਮ ਦੁਬਾਰਾ ਕਰਨ ਲਈ ਤਰਲਾ ਕੀਤਾ ਜਾ ਰਿਹਾ ਹੈ। ਬੇਅੰਤ ਮਨੁਖਤਾ ਉਸ ਅਗੇ ਨਿੱਤ ਇੱਛਾ ਪੂਰਤੀ ਦੀਆਂ ਅਰਦਾਸਾਂ ਕਰ ਕੇ ਸਾਬਤ ਕਰ ਰਹੀ ਹੈ ਕਿ ਪ੍ਰਭੂ ਸੱਚ ਮੁੱਚ ਹੀ ਭੁੱਲੜ ਹੈ, ਉਹ ਸਭਨਾਂ ਦੀਆਂ ਆਸਾਂ ਪੂਰਨ ਕਰਨੀਆਂ ਭੁੱਲ ਗਿਆ ਹੈ। ਖ਼ੁਦਗਰਜ਼ ਮਨੁੱਖ ਨਿਜੀ ਸਵਾਰਥ ਵੱਸ ਹੋਇਆ ਇਹ ਭੁੱਲ ਜਾਂਦਾ ਹੈ ਕਿ: ਜੋ ਦੀਨੋ ਸੋ ਏਕਹਿ ਬਾਰ ॥ ਮਨ ਮੂਰਖ ਕਹ ਕਰਹਿ ਪੁਕਾਰ ॥ 258 ਅਗਰ ਉਸ ਦੇਵਣਹਾਰ ਦਾਤਾਰ ਨੇ ਸਭ ਕਿਛ ਇਕੋ ਹੀ ਵਾਰ ਦੇ ਦਿੱਤਾ ਹੈ ਤਾਂ ਫਿਰ ਨਿੱਤ ਅਰਦਾਸਾਂ ਕਰਕੇ (ਪ੍ਰਭੂ ਬਿਨਾ ਕੁਛ ਹੋਰ) ਪੁਕਾਰਾਂ ਕਰਨ ਵਾਲਾ, ਮਨ ਮੂਰਖ ਤਾਂ ਨਹੀ?

ਇਕ ਪਾਸੇ ਤਾਂ ਉਸ ਸਦਾ ਹਾਜ਼ਰਾ ਹਜ਼ੂਰ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਣ ਲਈ ਕਿਹਾ ਜਾਂਦਾ ਹੈ ਆਠ ਪਹਰ ਨਿਕਟਿ ਕਰਿ ਜਾਨੈ ॥ ਪ੍ਰਭ ਕਾ ਕੀਆ ਮੀਠਾ ਮਾਨੈ ॥ 392 ਪਰ ਦੂਜੇ ਪਾਸੇ ਮਨੁੱਖ ਆਪਣੀ ਰਜ਼ਾ ਨੂੰ ਮਨਵਾਉਣ ਲਈ, ਆਪਣੀ ਇੱਛਾ ਪੂਰਤੀ ਲਈ, ਅਰਦਾਸਾਂ ਕਰਦਾ ਹੈ। ਜੇ ਉਸ ਪ੍ਰਭੂ ਦਾ ਕੀਤਾ ਪ੍ਰਵਾਨ ਹੀ ਨਹੀ ਤਾਂ ਫਿਰ ਉਸ ਦਾ ਭਾਣਾ ਮਿੱਠਾ ਕਿਵੇਂ ਤੇ ਕਦੋਂ ਮੰਨਣਾ ਹੈ? ਮਨੁੱਖ ਦੀ ਮਨੋ ਕਾਮਨਾ ਦੀ ਪੂਰਤੀ ਲਈ ਕੀਤੀ ਅਰਦਾਸ ਹੀ ਸਪਸ਼ਟ ਕਰਦੀ ਹੈ ਕਿ ਉਹ ਨਿਕਟ ਵਸਦੇ ਪ੍ਰਭੂ ਦੇ ਕੀਤੇ ਨੂੰ ਮਿੱਠਾ ਕਰਕੇ ਮੰਨਣ ਤੋਂ ਬਿਲਕੁਲ ਇਨਕਾਰੀ ਹੈ।

ਇਕ ਪਾਸੇ ਤਾਂ ਇਹ ਯਕੀਨ ਦਿਲਾਇਅ ਜਾਂਦਾ ਹੈ ਕਿ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥ 681 ਆਮ ਪ੍ਰਚਾਰਕਾਂ ਤੋਂ ਇਹ ਸੁਣ ਸੁਣ ਕੇ ਕੰਨ ਪੱਕ ਗਏ ਨੇ ਕਿ ਜੋ ਕੁੱਝ ਉਸ ਪ੍ਰਭੂ ਕੋਲੋਂ ਮੰਗੋ ਉਹੀ ਮਿਲ ਜਾਂਦਾ ਹੈ (ਇਸ ਵਿੱਚ ਕੋਈ ਹਕੀਕਤ ਨਹੀ) ਪਰ ਦੂਜੇ ਪਾਸੇ ਇਹ ਵੀ ਕਹਿੰਦੇ ਨਹੀ ਥਕਦੇ ਕਿ ਜੋ ਮਾਗੈ ਸੋ ਭੂਖਾ ਰਹੈ ॥ ਇਸੁ ਸੰਗਿ ਰਾਚੈ ਸੁ ਕਛੂ ਨ ਲਹੈ ॥ 891 ਅਤੇ ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥ ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ ॥ 962 ਜੇ ਮੰਗਣ ਵਾਲਾ ਕਦੇ ਰੱਜ ਹੀ ਨਹੀ ਸਕਦਾ, ਸਦਾ ਭੁੱਖਾ ਹੀ ਰਹੇਗਾ ਤਾਂ ਠਾਕਰ ਉਸ ਦੀ ਮੰਗ ਦੀ ਪੂਰਤੀ ਕਰਕੇ ਉਸ ਨੂੰ ਕਿਵੇਂ ਰਜਾ ਸਕਦਾ ਹੈ? ਜਿਵੇਂ ਬਲਦੀ ਅੱਗ ਨੂੰ ਬਾਲਣ ਪਾ ਕੇ ਤ੍ਰਿਪਤ ਨਹੀ ਕੀਤਾ ਜਾ ਸਕਦਾ ਤਿਵੇਂ ਮਾਨਸਿਕ ਤ੍ਰਿਸ਼ਨਾ ਦੀ ਅੱਗ ਨੂੰ ਵੀ ਕਦੇ ਮੰਗਾਂ ਦੀ ਪੂਰਤੀ ਨਾਲ ਬੁਝਾਇਆ ਨਹੀ ਜਾ ਸਕਦਾ। ਇੱਕ ਕ੍ਰੋੜਪਤੀ ਵੀ ਰੱਬ ਕੋਲੋਂ ਨਿੱਤ ਉਵੇਂ ਹੀ ਮੰਗਦਾ ਹੈ ਜਿਵੇਂ ਇੱਕ ਗਰੀਬ ਮੰਗਦਾ ਹੈ, ਤੇ ਉਹਨਾਂ ਨੂੰ ਜਿਨਾ ਮਰਜ਼ੀ ਦੇਈ ਜਾਵੋ (ਮੰਗਾਂ ਦੀ ਪੂਰਤੀ ਕਰੀ ਜਾਵੋ) ਉਹ ਕਦੇ ਨਹੀ ਰੱਜਣਗੇ। ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥1 ਇਸ ਲਈ ਮਨੁੱਖ ਦੇ ਭਾਣੇ, ਮੰਗ ਬਿਨਾ ਅਰਦਾਸ ਵਿਅਰਥ ਹੈ, ਬੇਮਤਲਬੀ ਹੈ ਪਰ ਗੁਰੂ ਦੇ ਭਾਣੇ ਅਰਦਾਸ ਵਿੱਚ (ਪ੍ਰਭੂ ਦੀ ਮੰਗ ਬਿਨਾ ਹੋਰ) ਮੰਗ ਹੀ ਵਿਅਰਥ ਹੈ, ਬੇਮਤਲਬੀ ਹੈ। ਇੰਝ ਲਗਦਾ ਹੈ ਜਿਵੇਂ ਅਖੌਤੀ ਧਰਮ ਪ੍ਰਚਾਰਕ ਮੌਕਾ ਪ੍ਰੱਸਤ ਹਨ ਤੇ ਵਾਤਾਵਰਣ ਅਨੁਸਾਰ ਆਪਣੇ ਲਾਲਚ ਲਈ ਗੁਰੂ ਦੀ ਬਾਣੀ ਦੇ ਅਰਥ ਬਦਲ ਕੇ ਪਦਾਰਥਾਂ ਦੀ ਮੰਗ ਦਾ ਭਰਮ ਪੈਦਾ ਕਰ ਦਿੰਦੇ ਹਨ। ਇਸੇ ਲਈ ਮਨੁੱਖ ਦੀ ਮਨੋਕਾਨਮਾ ਦੀ ਰਸਮੀ ਅਰਦਾਸ ਪ੍ਰਭੂ ਨੂੰ ਛੱਡ ਕੇ ਕੇਵਲ ਦੁਨਿਆਵੀ ਪਦਾਰਥਾਂ ਦੀਆਂ ਲੋੜਾਂ ਦੀ ਪੂਰਤੀ ਲਈ ਹੀ ਰਹਿ ਗਈ ਹੈ ਜਿਸ ਨਾਲ ਨਾ ਸੁੱਖ ਤੇ ਨਾ ਅਨੰਦ ਪ੍ਰਾਪਤ ਹੋ ਸਕਦੇ ਹਨ ਜਉ ਮਾਗਹਿ ਤਉ ਮਾਗਹਿ ਬੀਆ ॥ ਜਾ ਤੇ ਕੁਸਲ ਨ ਕਾਹੂ ਥੀਆ ॥ (258) ਪਰ ਗੁਰੂ ਤਾਂ ਗਿਆਨ ਦਾ ਭੰਡਾਰ ਹੈ ਤੇ ਉਹ ਪਦਾਰਥ ਨਹੀ ਵੰਡਦਾ ਕਿਉਂਕਿ ਇਹ ਤਾਂ ਤ੍ਰਿਸ਼ਨਾ ਦੀ ਬਲਦੀ ਅੱਗ ਤੇ ਤੇਲ ਪਾਉਣ ਬਰਾਬਰ ਹੋ ਜਾਵੇਗਾ, ਕੇਵਲ ਗਿਆਨ ਹੀ ਵੰਡਦਾ ਹੈ ਏਹੁ ਅਹੇਰਾ ਕੀਨੋ ਦਾਨੁ ॥ ਨਾਨਕ ਕੈ ਘਰਿ ਕੇਵਲ ਨਾਮੁ ॥1136 ਜਿਸ ਨਾਲ ਸਭੇ ਆਸਾਂ ਪੂਰਨ (ਖਤਮ) ਹੋ ਜਾਂਦੀਆਂ ਹਨ ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥ 746

ਦੂਜੇ ਪੱਖੋਂ ਜੇ ਵਿਚਾਰਿਆ ਜਾਵੇ ਤਾਂ ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥ ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥ 485 ਜਿਵੇਂ ਪਾਣੀ ਦੀ ਛੱਲ, ਪਾਣੀ ਦੀ ਝੱਗ ਤੇ ਪਾਣੀ ਦਾ ਬੁਲਬੁਲਾ ਵੱਖ ਵੱਖ ਦਿਸਦੇ ਵੀ ਪਾਣੀ ਦਾ ਰੂਪ ਹੀ ਹੁੰਦੇ ਹਨ ਤਿਵੇਂ ਮਨੁੱਖ, ਜਿਸ ਦੀ ਪ੍ਰਭੂ ਬਿਨਾ ਆਪਣੀ ਕੋਈ ਹੋਂਦ ਹੀ ਨਹੀ, ਵੱਖਰਾ ਦਿਸਦਾ ਵੀ ਪ੍ਰਭੂ ਦਾ ਹੀ ਰੂਪ ਹੈ, ਫਿਰ ਜਦੋਂ ਦੋ ਹੈ ਹੀ ਨਹੀ, ਇਕੋ ਹੀ ਹੈ, ਤਾਂ ਕੌਣ ਅਤੇ ਕਿਸ ਅਗੇ ਅਰਦਾਸ ਕਰ ਰਿਹਾ ਹੈ? ਮਨੁੱਖ ਦਾ ਵੱਖਰੀ ਹੋਂਦ ਦਾ ਵਿਸ਼ਵਾਸ ਹੀ ਸਾਰੇ ਦੁੱਖਾਂ ਦਾ ਕਾਰਨ ਹੈ। ਮਨੁੱਖ ਦੀ ਅਰਦਾਸ ਹੀ ਸਪਸ਼ਟ ਕਰਦੀ ਹੈ ਕਿ ਉਹ ਆਪਣੇ ਆਪ ਨੂੰ ਰੱਬ ਨਾਲੋਂ ਵੱਖ ਸਮਝਦਾ ਹੈ। ਅਰਦਾਸ ਕਰਦਾ ਮਨੁੱਖ ਸਦਾ ਇਹੀ ਸਮਝਦਾ ਹੈ ਕਿ ਉਹ ਰੱਬ/ਗੁਰੂ ਨਾਲੋਂ ਵੱਖ ਹੈ ਇਸ ਲਈ ਹੱਥ ਜੋੜ ਕੇ ਉਹ ਕਿਸੇ ਬਾਹਰ ਵਲ ਨੂੰ ਆਪਣੀ ਫਰਿਆਦ ਸੁਣਾ ਰਿਹਾ ਹੁੰਦਾ ਹੈ।

ਮੋਹ ਮਾਇਆ ਦੇ ਵਾਤਾਵਰਨ ਵਿੱਚ ਪਲਿਆ ਮਨ ਅਗਿਆਨਤਾ ਕਾਰਨ ਸਦਾ ਓਸੇ ਵਿੱਚ ਹੀ ਪਰਚਿਆ ਤੇ ਡੋਲਦਾ ਰਹਿੰਦਾ ਹੈ ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥ ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥ 258 ਅਤੇ ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥ 1427 ਤੇ ਜਿਨਾ ਚਿਰ ਇਹ ਮਨ, ਗੁਰ ਗਿਆਨ ਦੁਆਰਾ, ਅਡੋਲ ਨਹੀ ਹੁੰਦਾ, ਥਿਰ ਨਹੀ ਹੁੰਦਾ, ਪ੍ਰਭੂ ਨਾਲ ਇੱਕ ਨਹੀ ਹੁੰਦਾ, ਉਨਾ ਚਿਰ ਇਹ ਆਪਣੇ ਆਪ ਨੂੰ ਇੱਕ ਅਲੱਗ ਹਸਤੀ ਜਾਣ ਕੇ ਵਹਿਮਾਂ, ਭਰਮਾ, ਡਰ ਤੇ ਆਪਣੀ ਚਾਹਤ ਦੀ ਪੂਰਤੀ ਲਈ ਦੁੱਖਾਂ ਵਿੱਚ ਭਟਕਦਾ ਤੇ ਡੋਲਦਾ ਰਹਿੰਦਾ ਹੈ। ਅਰਦਾਸ ਇਸ ਡੋਲਦੇ ਮਨ ਨੂੰ, ਗੁਰ ਗਿਆਨ ਦੁਆਰਾ (ਅਡੋਲ ਪ੍ਰਭੂ ਨਾਲ ਸਾਂਝ ਪਾ ਕੇ) ਥਿਰ ਜਾਂ ਅਡੋਲ ਕਰਨ ਦੀ ਵਿਧੀ ਹੈ। ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥ 256

ਅਰਦਾਸ, ਰੱਬ ਨੂੰ ਆਪਣੇ ਵੱਸ ਕਰਨ ਦੀ ਕਿਰਿਆ ਨਹੀ ਬਲਿਕੇ ਆਪ ਉਸ ਦੇ ਵੱਸ ਹੋਣ ਦੀ ਭਾਵਨਾ ਹੈ, ਆਪਾ (ਤਨ ਮਨ) ਸਮਰਪਣ ਕਰਨ ਦੀ ਕਾਰਵਾਈ ਹੈ, ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥722 ਅਰਦਾਸ, ਉਸ ਤੇ ਆਪਣੀ ਰਜ਼ਾ ਥੋਪਣ ਦੀ ਪ੍ਰਕ੍ਰਿਆ ਨਹੀ, ਉਸ ਦੀ ਰਜ਼ਾ ਵਿੱਚ ਚਲਣ ਦੀ ਪ੍ਰਕ੍ਰਿਆ ਹੈ, ਜੀਅ ਜੰਤ ਸਭਿ ਸਰਣਿ ਤੁਮ੍ਹ੍ਹਾਰੀ ਸਰਬ ਚਿੰਤ ਤੁਧੁ ਪਾਸੇ ॥ ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥795 ਨਾਨਕ ਦੀ ਅਰਦਾਸ ਹੈ ਕਿ ਜੋ ਆਪਣੇ ਭਾਣੇ ਵਿੱਚ ਉਹ ਕਰਦਾ ਹੈ, ਉਹੀ ਚੰਗਾ ਹੈ। ਅਰਦਾਸ ਉਸ ਅਗਮ ਅਗੋਚਰ ਸਤਿਗੁਰ ਦਾ ਧਨਵਾਦ ਤਾਂ ਹੋ ਸਕਦੀ ਹੈ ਪਰ ਮੰਗ ਨਹੀ। ਸਤਿਗੁਰ ਅਪਨੇ ਕਉ ਬਲਿਹਾਰੈ ॥ ਛੋਡਿ ਨ ਜਾਈ ਸਰਪਰ ਤਾਰੈ ॥ (186) ਆਪਣੇ ਸਤਿਗੁਰ ਦੇ ਹੁਕਮ ਰਜਾਈ ਚੱਲ ਕੇ ਉਸ ਤੋਂ ਬਲਿਹਾਰ ਜਾਣਾ ਹੀ ਉਸ ਦਾ ਧਨਵਾਦ ਹੈ।

ਅਰਦਾਸ ਮਿਹਨਤ ਦਾ ਬਦਲਾਉ ਨਹੀ, ਮਿਹਨਤ ਲਈ ਹਿੰਮਤ ਜਾਂ ਬਲ ਪੈਦਾ ਕਰਨ ਦਾ ਉਦੱਮ ਹੈ, ਅਰਦਾਸ ਕਰਾਮਾਤ ਦੇ ਵਰਤਾਰੇ ਤੇ ਨਿਰਭਰ ਹੋਣ ਲਈ ਨਹੀ, ਉੱਦਮ ਜਟਾਉਣ ਲਈ ਹੈ। ਅਰਦਾਸ ਨਿਢਾਲ ਹੋਏ ਮਨ ਨੂੰ ਬਲਵਾਨ ਕਰਨ ਦਾ ਰਾਹ ਹੈ, ਢਹਿੰਦੀ ਕਲਾ ਵਾਲੇ ਮਨ ਨੂੰ ਚੜਦੀ ਕਲਾ ਵਿੱਚ ਪਰਤਣ ਦਾ ਵਸੀਲਾ ਹੈ। ਇੱਕ ਪ੍ਰਚਲਤ ਕਹਾਵਤ ਹੈ ਕਿ ਰੱਬ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਇਸ ਲਈ ਜੋ ਅਰਦਾਸ ਕਰਕੇ ਸਭ ਕੁਛ ਰੱਬ ਤੇ ਹੀ ਛੱਡ ਦਿੰਦੇ ਹਨ, ਉਸ ਤੋਂ ਹੀ ਸਭ ਕੁਛ ਕਰਵਾਉਣਾ ਚਹੁੰਦੇ ਹਨ, ਆਪ ਕੋਈ ਮਿਹਨਤ ਨਹੀ ਕਰਨੀ ਚਹੁੰਦੇ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਹੀ ਕਰ ਸਕਦੇ, ਉਚੀਆਂ ਮੰਜ਼ਲਾਂ ਦੀ ਪ੍ਰਾਪਤੀ ਨਹੀ ਕਰ ਸਕਦੇ। ਅਰਦਾਸ ਕਰਕੇ ਉਸ ਦੇ ਫਲ ਜਾਂ ਸਫਲਤਾ ਦੀ ਉਡੀਕ ਕਰਨਾ ਅਰਦਾਸ ਨਹੀ, ਖਤੋ ਖਤਾਵਤ ਬਣ ਜਾਂਦੀ ਹੈ ਤੇ ਇਹ ਕੰਮ ਧਰਮ ਦੀ ਆੜ ਵਿੱਚ ਵਿਚਰ ਰਹੇ ਵਿਹਲੜ, ਆਲਸੀ ਤੇ ਕੰਮ ਚੋਰਾਂ ਦਾ ਹੀ ਹੈ। ਦੁੱਖ ਸੁੱਖ ਤਾਂ ਹਰ ਮਨੁੱਖ ਨੂੰ ਆਉਂਦੇ ਹਨ, ਗੁਰੂ ਸਾਹਿਬਾਨਾ ਨੂੰ ਵੀ ਆਏ, ਪਰ ਦੁੱਖਾਂ ਨੂੰ ਜਰਨ ਦੀ ਕਲਾ ਗੁਰੂ ਦੀ ਮਤ ਦੁਆਰਾ ਮਨ ਨੂੰ ਅਡੋਲ ਕਰਨਾ ਹੀ ਹੈ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ 519 ਗੁਰੂ ਨੂੰ ਮਨ ਤਨ ਅਰਪਣ ਦੀ ਕਲਾ (ਗੁਰਮਤ ਤੇ ਚੱਲਣਾ) ਹੀ ਸਾਰੇ ਦੁੱਖਾਂ ਦੀ ਨਵਿਰਤੀ ਤੇ ਅਰਦਾਸ ਹੈ, ਇਸ ਲਈ ਜਦੋਂ ਵੀ ਮਨ ਦੁਖੀ ਹੋਵੇ ਤਾਂ ਗੁਰੂ ਅਗੇ ਅਰਦਾਸ ਕਰ ਭਾਵ ਚਤਰਾਈਆਂ ਤੇ ਸਿਆਣਪਾਂ ਛੱਡ ਕੇ ਗੁਰੂ ਨੂੰ ਮਨ ਤਨ ਅਰਪਣ ਕਰਕੇ ਗੁਰਮਤ ਤੇ ਚੱਲਣ ਦਾ ਉਦਮ ਕਰ। ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥ ਨਾਨਕ ਨਾਮੁ ਮਿਲੈ ਸਚੁ ਰਾਸਿ ॥192 ਨਾਨਕ ਦੀ ਅਰਦਾਸ ਸੱਚੀ ਰਾਸ “ਨਾਮ” (ਹੁਕਮ ਰਜਾਈ ਚੱਲਣ) ਲਈ ਹੀ ਹੈ, ਪ੍ਰਭੂ ਦੇ ਹੁਕਮ ਵਿੱਚ ਚੱਲਣ ਦੇ ਉਦਮ ਲਈ ਹੀ ਹੈ।

ਮਨ ਹੀ, ਮਨਮਤ ਦੁਆਰਾ, ਹਿੰਮਤ ਹਾਰਦਾ ਹੈ, ਨਿਰਬਲ ਹੋ ਜਾਂਦਾ ਹੈ ਤੇ ਮਨ ਹੀ ਗੁਰਮਤ ਦੁਆਰਾ ਹਿੰਮਤ ਤੇ ਬਲ ਪ੍ਰਾਪਤ ਕਰਕੇ ਮਹਾਬਲ ਸੂਰਾ ਬਣ ਜਾਂਦਾ ਹੈ, ਬਲਵਾਨ ਹੋ ਜਾਂਦਾ ਹੈ ਆਪੇ ਸਤਿਗੁਰੁ ਮੇਲੇ ਪੂਰਾ ॥ਸਚੈ ਸਬਦਿ ਮਹਾਬਲ ਸੂਰਾ ॥ 1060. ਜਿਸ ਨੂੰ ਵੀ ਗੁਰੂ ਦੀ ਮਤ ਦੁਆਰਾ ਮਨ ਅਰਪਣ ਦਾ ਵੱਲ ਆ ਗਿਆ, ਮਨ ਨੂੰ ਥਿਰ ਕਰਨ ਦੀ ਜੁਗਤ ਆ ਗਈ, ਪ੍ਰਭੂ ਦਾ ਭਾਣਾ ਮਿੱਠਾ ਲਗਣ ਲਗ ਪਿਆ, ਅਭੁੱਲ ਸਾਂਈ ਨਾਲ ਸਾਂਝ ਪੈ ਗਈ, ਗੁਰਬਾਣੀ ਤੋਂ ਬਲ ਪ੍ਰਾਪਤ ਕਰਨ ਦੀ ਵਿਧੀ ਆ ਗਈ, ਉਸ ਨੂੰ ਫਿਰ ਰਸਮੀ ਅਰਦਾਸ ਕਰਨ ਦੀ ਲੋੜ ਹੀ ਨਹੀ ਰਹਿ ਜਾਂਦੀ ਕਿਉਂਕਿ ਉਸ ਨੂੰ ਆਪਣੀ ਹੋਂਦ ਦੀ ਸੂਝ ਹੋ ਜਾਂਦੀ ਹੈ ਕਿ ਉਹ ਰੱਬ ਤੋਂ ਵੱਖ ਨਹੀ ਤੇ ਰੱਬ ਉਸ ਤੋਂ ਵੱਖ ਨਹੀ। ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥ ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥ 339

ਨਿਗਾਹੇਂ ਲਗੀ ਹੈਂ ਕਭੀ ਕੀ ਫਲਕ ਪਰ, ਕੋਈ ਮੁੱਝ ਸੇ ਪੂਛੇ ਮੈ ਕਿਆ ਢੂੰਢਤਾ ਹੂੰ। ਨਹੀ ਦੂਸਰਾ ਕੋਈ ਮੇਰੀ ਨਿਗਾਹ ਮੇ, ਮੈ ਖ਼ੁਦ ਆਪ ਵੋਹ ਹੂੰ ਜਿਸੇ ਢੂੰਢਤਾ ਹੂੰ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.