.

ਭੱਟ ਬਾਣੀ-56

ਬਲਦੇਵ ਸਿੰਘ ਟੋਰਾਂਟੋ

ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ।।

ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ।।

ਮਥੁਰਾ ਭਨਿ ਭਾਗ ਭਲੇ ਉਨੑ ਕੇ ਮਨ ਇਛਤ ਹੀ ਫਲ ਪਾਵਤ ਹੈ।।

ਰਵਿ ਕੇ ਸੁਤ ਕੋ ਤਿਨੑ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ।। ੩।।

(ਪੰਨਾ ੧੪੦੪)

ਪਦ ਅਰਥ:- ਸੰਤਤ ਹੀ – ਸਦਾ ਹੀ, ਹਮੇਸ਼ਾ ਹੀ। ਸਤਸੰਗਤਿ – ਸੱਚ ਦਾ ਸੰਗ ਕਰਨਾ ਚਾਹੀਦਾ ਹੈ ਜਿਸ ਨਾਲ (ਅਗਿਆਨਤਾ) ਤੋਂ ਗਤਿ-ਛੁਟਕਾਰਾ ਹੋ ਸਕੇ। ਸੰਗ – ਜਿਨ੍ਹਾਂ ਨੇ ਸੰਗ ਕੀਤਾ, ਜੋ ਇਸ ਵੀਚਾਰਧਾਰਾ ਨਾਲ ਜੁੜੇ। ਸੁਰੰਗ ਰਤੇ – ਉਹ ਇਸ ਗਿਆਨ ਦੇ ਰੰਗ ਵਿੱਚ ਰੰਗੇ ਗਏ। ਜਸੁ ਗਾਵਤ ਹੈ – ਉਹ ਇਸ ਗਿਆਨ ਦਾ ਹੀ ਪ੍ਰਚਾਰ ਕਰਦੇ ਹਨ। ਜਸੁ ਗਾਵਤ – ਜੱਸ ਗਾਉਂਦੇ ਭਾਵ ਪ੍ਰਚਾਰ ਕਰਦੇ ਹਨ। ਧ੍ਰਮ – ਸੱਚ। ਪੰਥੁ – ਮਾਰਗ। ਧਰਿਓ – ਦੇਣਾ। ਧਰਨੀਧਰ – ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ। ਲਿਵ ਧਾਰਿ – ਇਕਤਾਰ। ਨ ਧਾਵਤ ਹੈ – ਕਿਸੇ ਹੋਰ ਪਾਸੇ ਨਹੀਂ ਭਟਕਦੇ। ਮਥੁਰਾ ਭਨਿ – ਮਥੁਰਾ ਆਖਦਾ ਹੈ। ਭਾਗ ਭਲੇ ਉਨੑ ਕੇ - ਉਨ੍ਹਾਂ ਦੇ ਭਾਗ ਚੰਗੇ – ਉਹ ਖ਼ੁਸ਼ਕਿਸਮਤ ਲੋਕ ਹਨ, ਭਾਵ ਜਿਨ੍ਹਾਂ ਨੇ ਅਗਿਆਨਤਾ ਛੱਡ ਦਿੱਤੀ ਹੈ। ਮਨ ਇਛਤ ਹੀ - ਜਿਨ੍ਹਾਂ ਦੀਆਂ ਆਪਣੇ ਮਨ ਦੀਆਂ ਇੱਛਾਵਾਂ ਵਿੱਚ। ਫਲ – ਬਦਲਾ (ਮ: ਕੋਸ਼)। ਫਲ ਪਾਵਤ – ਬਦਲਾ ਆ ਗਿਆ। ਰਵਿ ਕੇ ਸੁਤ – ਸੂਰਜ ਦੇ ਪੁੱਤਰ। ਕਰਮ-ਕਾਂਡੀ ਵੀਚਾਰਧਾਰਾ ਅੰਦਰ ਧਰਮਰਾਜ ਸੂਰਜ ਦਾ ਪੁੱਤਰ ਹੈ। ਕੋ – ਕਿਸੇ। ਤਿਨੑ ਤ੍ਰਾਸੁ – ਉਨ੍ਹਾਂ ਨੂੰ ਡਰ ਨਹੀਂ। ਕਹਾ – ਕਹੇ ਜਾਂਦੇ। ਜੁ ਚਰੰਨ ਗੁਰੂ – ਜੋ ਜੀਵਨ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਪ੍ਰਕਾਸ਼ ਕਰ ਦੇਣ ਵਾਲੇ ਗਿਆਨ। ਚਰੰਨ – ਝੁਕਣ ਦੀ ਕਿਰਿਆ। ਚਿਤੁ ਲਾਵਤ ਹੈ – ਦਿਲੋਂ ਗਿਆਨ ਨਾਲ ਜੁੜਦੇ ਹਨ।

ਅਰਥ:- ਹੇ ਭਾਈ! ਹਮੇਸ਼ਾ ਹੀ ਸੱਚ ਦਾ ਸੰਗ ਕਰਨਾ ਚਾਹੀਦਾ ਹੈ ਜਿਸ ਨਾਲ (ਅਗਿਆਨਤਾ) ਤੋਂ ਗਤਿ-ਛੁਟਕਾਰਾ ਹੋ ਸਕੇ। ਜਿਨ੍ਹਾਂ ਨੇ ਸੱਚ ਦਾ ਸੰਗ ਕੀਤਾ ਭਾਵ ਜੋ ਇਸ ਵੀਚਾਰਧਾਰਾ ਨਾਲ ਜੁੜੇ, ਉਹ ਇਸ ਗਿਆਨ ਦੇ ਰੰਗ ਵਿੱਚ ਹੀ ਰੰਗੇ ਗਏ ਅਤੇ ਉਹ ਇਸ ਗਿਆਨ ਦਾ ਹੀ ਪ੍ਰਚਾਰ ਕਰਦੇ ਹਨ। ਉਨ੍ਹਾਂ ਨੇ ਆਪ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲੇ ਸੱਚੇ ਦੇ ਸੱਚ ਦਾ ਮਾਰਗ ਪਕੜਿਆ ਹੈ ਅਤੇ ਇਕਤਾਰ ਇਸ ਸੱਚ ਵਿੱਚ ਟਿਕੇ ਹਨ, ਕਿਸੇ ਹੋਰ ਪਾਸੇ ਨਹੀਂ ਭਟਕੇ। ਮਥੁਰਾ ਆਖਦਾ ਹੈ ਉਹ ਲੋਕ ਖ਼ੁਸ਼ਕਿਸਮਤ ਹਨ ਜਿਨ੍ਹਾਂ ਦੇ ਮਨ ਦੀਆਂ ਇੱਛਾਵਾਂ-ਖ਼ਾਹਿਸ਼ਾਂ ਵਿੱਚ ਬਦਲਾਅ ਆ ਗਿਆ ਹੈ। ਜਿਨ੍ਹਾਂ ਦੇ ਜੀਵਨ ਵਿੱਚ ਬਦਲਾਅ ਆ ਗਿਆ ਹੈ, ਉਨ੍ਹਾਂ ਨੂੰ (ਅਖੌਤੀ) ਕਹੇ ਜਾਂਦੇ ਸੂਰਜ ਦੇ ਪੁੱਤਰ ਧਰਮਰਾਜ ਦਾ ਕੋਈ ਡਰ ਨਹੀਂ ਕਿਉਂਕਿ ਉਨ੍ਹਾਂ ਦੇ ਜੀਵਨ ਵਿੱਚ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਪ੍ਰਕਾਸ਼ ਕਰ ਦੇਣ ਵਾਲਾ ਜੋ ਗਿਆਨ ਹੈ, ਉਸ ਗਿਆਨ ਅੱਗੇ ਉਹ ਦਿਲੋਂ ਝੁਕਦੇ ਹਨ ਭਾਵ ਗਿਆਨ ਨੂੰ ਉਨ੍ਹਾਂ ਨੇ ਹਿਰਦੇ ਵਿੱਚ ਵਸਾਇਆ ਹੋਇਆ ਹੈ।

ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ।।

ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ।।

ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ।।

ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ।। ੪।।

(ਪੰਨਾ ੧੪੦੪)

ਪਦ ਅਰਥ:- ਨਿਰਮਲ – ਪਵਿੱਤਰ (pure) ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਸੁਧਾ – ਅੰਮ੍ਰਿਤ। ਨਿਰਮਲ ਨਾਮੁ ਸੁਧਾ – ਇਸ ਅੰਮ੍ਰਿਤ ਵਰਗੇ ਪਵਿੱਤਰ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ। ਪਰਪੂਰਨ – ਸਾਰੇ ਵਿਆਪਿਆ ਹੋਇਆ (ਮ: ਕੋਸ਼)। ਪ੍ਰਗਟਿਤ – ਉਤਪੰਨ ਹੋਣਾ। ਦਿਨ – ਚਾਨਣ। ਪ੍ਰਗਟਿਤ ਦਿਨ – ਗਿਆਨ ਦਾ ਚਾਨਣ ਉਤਪੰਨ ਹੋਣ ਨਾਲ। ਆਗਰੁ – ਦਿਨ ਚੜ੍ਹਨ ਤੋਂ ਪਹਿਲਾਂ (ਮ: ਕੋਸ਼)। ਜਿਸ ਦਾ ਭਾਵ ਇਹ ਬਣਦਾ ਹੈ ਕਿ ਜਦੋਂ ਪਹੁ ਫੁੱਟਦੀ ਹੈ। ਸਬਦ – ਗਿਆਨ। ਤਰੰਗ – ਗਿਆਨ ਦੀ ਲਹਿਰ। ਗਹਿਰ ਗੰਭੀਰੁ – ਬਹੁਤ ਡੂੰਘਾ। ਅਥਾਹ – ਬਹੁਤ ਵੱਡਾ। ਅਤਿ ਬਡ – ਵੱਡਾ ਜਿਸ ਦਾ ਕੋਈ ਤੋਲ ਮਾਪ ਨਹੀਂ। ਸੁਭਰੁ – ਨੱਕੋ-ਨੱਕ ਭਰਿਆ। ਸਦਾ – ਹਮੇਸ਼ਾ। ਸਭ ਬਿਧਿ – ਸਾਰੀਆਂ ਵੀਚਾਰਧਾਰਾਵਾਂ। ਬਿਧਿ – ਵਿਧੀ, ਵਿਧਾਨ, ਵੀਚਾਰਧਾਰਾ। ਰਤਨਾਗਰੁ – ਵੱਡਮੁਲਾ ਹੈ। ਸੰਤ – ਸੰਤ। ਮਰਾਲ – ਖੱਲ। ਸੰਤ ਮਰਾਲ – ਅਖੌਤੀ ਸੰਤ, ਜੋ ਖੱਲ ਆਪਣੇ ਪਿੰਡੇ ਨਾਲ ਵਲੇਟ ਕੇ ਸੰਤ ਹੋਣ ਦਾ ਭਰਮ ਪਾਲਦੇ ਹਨ। ਕਰਹਿ ਕੰਤੂਹਲ – ਕਲੋਲਾਂ ਕਰਦੇ ਫਿਰਦੇ ਹਨ। ਤਿਨ ਜਮ – ਉਨ੍ਹਾਂ ਜਮ ਕਿਸਮ ਦੇ ਲੋਕਾਂ ਦਾ। ਤ੍ਰਾਸ ਮਿਟਿਓ – ਡਰ ਖ਼ਤਮ ਹੋ ਗਿਆ। ਦੁਖ – ਰੋਗ (disease)ਕਾਗਰੁ – ਖ਼ਤਮ ਹੋ ਜਾਣਾ, ਹੋ ਗਿਆ। ਕਲਜੁਗ – ਅਗਿਆਨਤਾ ਦਾ ਘੋਰ ਹਨੇਰਾ। ਦੁਰਤ – ਪਾਪ, ਝੂਠ, ਦੋਸ਼। ਦੂਰਿ ਕਰਬੇ ਕਉ – ਦੂਰ ਕਰਨ ਨੂੰ। ਦਰਸਨੁ – ਪ੍ਰਤੱਖ। ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਗਿਆਨ। ਸਗਲ – ਸਮੁੱਚੀ ਮਾਨਵਤਾ। ਸੁਖ ਸਾਗਰ – ਸੁੱਖਾਂ ਦਾ ਸਾਗਰ ਹੈ।

ਅਰਥ:- ਉਸ ਸਰਬ-ਵਿਆਪਕ ਦੀ ਬਖ਼ਸ਼ਿਸ਼ ਨਾਲ ਇਸ ਅੰਮ੍ਰਿਤ ਵਰਗੇ ਨਿਰਮਲ ਸੱਚ ਗਿਆਨ ਦੀ ਲਹਿਰ ਉਤਪੰਨ ਹੋਣ ਨਾਲ ਸੰਸਾਰ ਵਿੱਚ ਪਹੁ ਫੁੱਟਣ ਦੇ ਵਾਂਗ (ਅਗਿਆਨਤਾ) ਦਾ ਹਨੇਰਾ ਦੂਰ ਹੋਣ ਅਤੇ ਪ੍ਰਗਟਿਤ ਦਿਨ-ਗਿਆਨ ਦਾ ਚਾਨਣ ਉਤਪੰਨ ਹੋਣ ਦੇ ਆਸਾਰ ਹਨ। ਉਸ ਦੀ ਬਖ਼ਸ਼ਿਸ਼ ਗਿਆਨ ਦਾ ਅਮੁੱਲ ਖ਼ਜ਼ਾਨਾ ਬਹੁਤ ਵੱਡਾ ਹੈ ਜੋ ਕਿਸੇ ਤੋਲ ਮਾਪ ਤੋਂ ਬਾਹਰ ਹੈ ਅਤੇ ਹਮੇਸ਼ਾ ਲਈ ਨੱਕੋ-ਨੱਕ ਭਰਿਆ ਹੈ ਜੋ ਸਾਰੀਆਂ (ਪ੍ਰਚਲਤ) ਵੀਚਾਰਧਾਰਾਵਾਂ ਤੋਂ ਵਡਮੁੱਲਾ ਹੈ। ਇਸ ਵਡਮੁੱਲੇ ਗਿਆਨ ਨਾਲ ਜੋ (ਅਖੌਤੀ ਅਵਤਾਰਵਾਦੀ) ਖੱਲ ਵਗੈਰਾ ਵਲੇਟ ਕੇ ਆਪਣੇ ਆਪ ਨੂੰ ਸੰਤ-ਗਿਆਨੀ ਅਖਵਾਉਂਦੇ ਸਨ, ਉਨ੍ਹਾਂ ਜਮ ਰੂਪੀ ਮਨੁੱਖਾਂ ਦੇ ਡਰ ਦੇ ਭੈ ਦਾ ਰੋਗ ਪੱਕੇ ਤੌਰ `ਤੇ ਖ਼ਤਮ ਹੋ ਗਿਆ। ਇਸ ਕਰਕੇ ਹੇ ਭਾਈ! ਸਦੀਵੀ ਸਥਿਰ ਰਹਿਣ ਵਾਲੇ ਸਰਬ-ਵਿਆਪਕ ਦੀ ਬਖ਼ਸ਼ਿਸ਼ ਗਿਆਨ ਹੀ ਅਗਿਆਨਤਾ ਦੇ ਹਨੇਰੇ ਦੇ ਝੂਠ ਨੂੰ ਦੂਰ ਕਰਨ ਅਤੇ ਜੀਵਨ ਵਿੱਚ ਸੱਚ ਗਿਆਨ ਦਾ ਪ੍ਰਕਾਸ਼ ਕਰਨ ਲਈ ਸਮੂੰਹ ਮਾਨਵਤਾ ਲਈ ਸੁੱਖਾਂ ਦਾ ਸਾਗਰ ਹੈ। 




.