.

“ਗੁਰਬਾਣੀ `ਚ ਵਰਤੀਆਂ ਵਿਲੱਖਣ ਕ੍ਰਿਆਵਾਂ”

ਜਿਹਨਾਂ ਕਿਰਿਆਵਾਂ ਸੰਬੰਧੀ ਅਸਾਂ ਵੀਚਾਰ ਕਰਨੀ ਹੈ, ਇਹ ਗੁਰਬਾਣੀ ਵਿੱਚ ਟੂਕ-ਮਾਤ੍ਰ ਮਿਲਦੀਆਂ ਹਨ। ਗੁਰਬਾਣੀ ਵਿੱਚ ਵਰਤੀਆਂ ਇਹ ਵਿਲੱਖਣ ਕਿਰਿਆਵਾਂ, ਆਮ ਕਿਸੇ ਭਾਸ਼ਾ ਵਿੱਚ ਨਹੀਂ ਵਰਤੀਆਂ ਜਾਂਦੀਆਂ। ਗੁਰਬਾਣੀ ਵਿੱਚ ਇਹਨਾਂ ਦੀ ਵੱਖਰੇ ਤਰ੍ਹਾਂ ਦੀ ਬਨਾਵਟ ਹੋਣ ਕਾਰਣ; ਆਮ ਸੱਜਣ ਅਰਥ ਸਮਝਣ ਤੋਂ ਵਿਰਵਾ ਰਹਿ ਜਾਂਦਾ ਹੈ, ਇਸ ਕਰਕੇ ਆਉ ਇਹਨਾਂ ਵਿਲੱਖਣ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ।
੧. ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ-:
“ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ॥ ੩॥ (ਪੰਨਾ ੧੦੭੦)
“ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ॥ (ਪੰਨਾ ੭੯੦)
“ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥ (ਪੰਨਾ ੪੭੨)
“ਧੁਰਿ ਆਪੇ ਜਿਨਾੑ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ॥ (ਪੰਨਾ ੧੧੭੭)
ਕੀਤੋਨੁ - {ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਕੀਤਾ ਹੈ।
ਪਾਇਓਨੁ - {ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਪਾਇਆ ਹੈ।
ਦਿਤੋਨੁ - {ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਦਿੱਤਾ ਹੈ।
ਬਖਸਿਓਨੁ - {ਪੁਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਬਖਸ਼ਿਆ ਹੈ।
ਉਪਰੋਕਤ ਸ਼ਬਦਾਂ ਦੇ ਇਸਤਲਾਹੀ ਅਰਥ ਨਾਲ-ਨਾਲ ਕੀਤੇ ਹਨ, ਇਹਨਾਂ ਸਾਰੇ ਸ਼ਬਦਾਂ ਦਾ’ ਲਿੰਗ, ਬਚਨ, ਕਾਲ’ ਇੱਕੋ ਹੀ ਹੈ। ਸੰਬੰਧਿਤ ਸਾਰੇ ਕਿਰਿਆਵੀ ਸ਼ਬਦਾਂ ਦੇ ਪਛੇਤਰ ਵਰਤਿਆ ‘ਨੁ’ ਜਿੱਥੇ ਇਕਵਚਨ ਪੁਲਿੰਗ ਦਾ ਸੂਚਕ ਹੈ, ਉਥੇ ‘ਕਰਤਾ ਕਾਰਕ, ਅਨ-ਪੁਰਖ’ ਦਾ ਵਾਚੀ ਭੀ ਹੈ। ਇਸ ਕਰਕੇ ਅਰਥ ਕਰਦੇ ਸਮੇਂ ‘ਉਸ ਨੇ’ ਸ਼ਬਦ, ਮੂਲ ਅਰਥ ਸ਼ਬਦ ਦੇ ਅਗੇਤਰ ਜ਼ਰੂਰ ਲੱਗਣਾ ਹੈ।
੨. ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ -:
“ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ॥ (ਪੰਨਾ ੯੫੭)
“ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ॥ (ਪੰਨਾ ੧੨੪੮)
“ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ॥ (ਪੰਨਾ ੯੫੮)
“ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ॥ (ਪੰਨਾ ੮੫੨)

ਕੀਤੀਅਨੁ - {ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਕੀਤੀ ਹੈ।
ਪਾਈਅਨੁ - {ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਪਾਈ ਹੈ।
ਦਿਤੀਅਨੁ - {ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਦਿੱਤੀ ਹੈ।
ਬਖਸੀਅਨੁ - {ਇਸਤਰੀ-ਲਿੰਗ, ਅਨ-ਪੁਰਖ, ਇਕਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਬਖਸ਼ੀ ਹੈ।
ਉਪਰੋਕਤ ਇਸਤਰੀ-ਲਿੰਗ ਸ਼ਬਦਾਂ ਦੇ ਪਛੇਤਰ ‘ਨੁ’ ਕਰਤਾ ਕਾਰਕ, ਅਨ-ਪੁਰਖ, ਇਕਵਚਨ ਦਾ ਵਾਚੀ ਹੈ।
ਨੋਟ: ਕੁੱਝ ਵਿਦਵਾਨ ਸੰਬੰਧਤ ਸ਼ਬਦਾਂ ਦਾ ਅਰਥ ‘ਬਹੁਵਚਨ’ ਰੂਪ ਵਿੱਚ ਕਰਦੇ ਹਨ, ਦਰੁਸੱਤ ਨਹੀਂ।
੩. ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ-:
“ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ॥ (ਪੰਨਾ ੪੨੫)
“ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ॥ (ਪੰਨਾ ੧੪੧)
“ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ॥ ੨॥ ੧੬॥ ੮੦॥ (ਪੰਨਾ ੮੨੦)
“ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ॥ (ਪੰਨਾ ੬੩੮)

ਕੀਤਿਅਨੁ - {ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਕੀਤੇ ਹਨ।
ਪਾਈਅਨਿ - {ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਪਾਈਦੇ ਹਨ।
ਦਿਤਿਅਨੁ - {ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਦਿੱਤੇ ਹਨ।
“ਬਖਸਿਅਨੁ - {ਪੁਲਿੰਗ, ਅਨ-ਪੁਰਖ, ਬਹੁਵਚਨ, ਵਰਤਮਾਨ ਕਾਲ, ਕਰਮਨੀ-ਵਾਚ} ਉਸ ਨੇ ਬਖਸ਼ੇ ਹਨ।
ਸ਼ਬਦ ‘ਕੀਤਿਅਨੁ, ਦਿਤਿਅਨੁ, ਬਖਸਿਅਨੁ’ ਦੇ ਪਛੇਤਰ ਆਇਆ ‘ਨੁ’ ਕ੍ਰਿਆਵੀ- ਪਛੇਤਰ ਕਰਤਾ ਕਾਰਕ, ਬਹੁਵਚਨ, ਵਰਤਮਾਨ ਕਾਲ ਦਾ ਵਾਚੀ ਹੈ। ਇਸ ਕਰਕੇ ਇਹਨਾਂ ਤਿੰਨਾਂ ਸ਼ਬਦਾਂ ਦੇ ਅਰਥ ‘ਉਸ ਨੇ’ ਲਗਾ ਕੇ ਹੋਣਗੇ। ਸੰਬੰਧਿਤ ਸ਼ਬਦਾਂ ਵਿੱਚ ਆਇਆ ਸ਼ਬਦ ‘ਪਾਈਅਨਿ’ ਦਾ ਕ੍ਰਿਆਵੀ-ਪਛੇਤਰ ‘ਨਿ’ ਬਹੁਵਚਨ, ਵਰਤਮਾਨ ਕਾਲ ਦਾ ਵਾਚਕ ਹੈ, ਇਸ ਕਰਕੇ ਸੰਬੰਧਿਤ ਸ਼ਬਦ ਦੇ ਅਰਥ ‘ਪਾਈਦੇ ਹਨ, ਪਾਏ ਜਾਂਦੇ ਹਨ’ ਹੋਣਗੇ।
ਇਹਨਾਂ ਸ਼ਬਦਾਂ ਤੋਂ ਅਲਾਵਾ ‘ਲਾਇਅਨੁ, ਖੁਆਇਅਨੁ, ਮਾਰੀਅਨਿ, ਪਰਖੀਅਨਿ, ਸੰਤੋਖੀਅਨਿ, ਕਹੀਅਨਿ’ ਆਦਿ ਸ਼ਬਦ ਗੁਰਬਾਣੀ ਵਿੱਚ ਮਿਲਦੇ ਹਨ, ਜਿਹਨਾਂ `ਤੇ ਵੀ ਨਿਯਮ ਉਕਤ ਸ਼ਬਦਾਂ ਵਾਲੇ ਹੀ ਢੁੱਕਦੇ ਹਨ।
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’

[email protected]




.