.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-19)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-18 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==========

ਭੈਰਉ ਮਹਲਾ ੫ (੧੧੩੭)

ਲੇਪੁ ਨ ਲਾਗੋ ਤਿਲ ਕਾ ਮੂਲਿ।।

ਦੁਸਟੁ ਬ੍ਰਾਹਮਣ ਮੂਆ ਹੋਇ ਕੈ ਸੂਲ।। ੧।।

ਹਰਿ ਜਨ ਰਾਖੇ ਪਾਰਬ੍ਰਹਮਿ ਆਪਿ।।

ਪਾਪੀ ਮੂਆ ਗੁਰ ਪਰਤਾਪਿ।। ੧।। ਰਹਾਉ।।

ਅਪਣਾ ਖਸਮੁ ਜਨਿ ਆਪਿ ਧਿਆਇਆ।।

ਇਆਣਾ ਪਾਪੀ ਓਹੁ ਆਪਿ ਪਚਾਇਆ।। ੨।।

ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ।।

ਨਿੰਦਕ ਕਾ ਮਾਥਾ ਈਹਾ ਊਹਾ ਕਾਲਾ।। ੩।।

ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ।।

ਮਲੇਛੁ ਪਾਪੀ ਪਚਿਆ ਭਇਆ ਨਿਰਾਸੁ।। ੪।।

ਵਿਸ਼ਾ ਅਧੀਨ ਸ਼ਬਦ ਰਾਹੀਂ ਗੁਰੂ ਅਰਜਨ ਦੇਵ ਜੀ ਵਲੋਂ ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਵਲੋਂ ਈਰਖਾ ਵਸ ਕੀਤੇ ਜਾ ਰਹੇ ਵਿਰੋਧ ਦੇ ਇੱਕ ਹੋਰ ਪੱਖ ਨੂੰ ਉਜਾਗਰ ਕੀਤਾ ਗਿਆ ਹੈ।

ਜਿਵੇਂ ਆਪਾਂ ਪਿਛਲੇ ਭਾਗ-18 ਵਿੱਚ ਪੜ ਕੇ ਆਏ ਹਾਂ ਕਿ ਬਾਬਾ ਪ੍ਰਿਥੀ ਚੰਦ ਵਲੋਂ ਆਪਣੇ ਵੱਡੇ ਪੁੱਤਰ ਹੋਣ ਨਾਲ ਗੁਰਤਾ ਗੱਦੀ ਉਪਰ ਹਰ ਤਰਾਂ ਨਾਲ ਹੱਕ ਜਮਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਤਾਂ ਪਿਤਾ ਗੁਰੂ ਰਾਮਦਾਸ ਜੀ ਨਾਲ ਝਗੜਾ ਕਰਨ ਅਤੇ ਬੋਲ-ਕੁਬੋਲ ਬੋਲਣੋ ਵੀ ਸੰਕੋਚ ਨਹੀਂ ਕੀਤਾ। ਚੌਥੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਨੂੰ ਬਖ਼ਸ਼ਿਸ਼ ਕਰ ਦਿਤੀ। 1581 ਈ. ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਉਪਰ ਭਾਈਚਾਰੇ ਦੀ ਸਮਾਜਿਕ ਰਸਮ ਅਨੁਸਾਰ ਜਦੋਂ ਦਸਤਾਰ ਗੁਰੂ ਅਰਜਨ ਸਾਹਿਬ ਨੂੰ ਦਿਤੀ ਜਾਣ ਲੱਗੀ ਤਾਂ ਬਾਬਾ ਪ੍ਰਿਥੀ ਚੰਦ ਨੇ ਵਿਰੋਧ ਕਰਦੇ ਹੋਏ ਵੱਡਾ ਪੁੱਤਰ ਹੋਣ ਦਾ ਹੱਕ ਜਤਾਉਂਦੇ ਹੋਏ ਭਰੀ ਬਰਾਦਰੀ ਦੇ ਇੱਕਠ ਵਿੱਚ ਦਸਤਾਰ ਖੋਹ ਵੀ ਲਈ। ਬਾਬਾ ਬੁੱਢਾ ਜੀ ਵਰਗੇ ਸੂਝਵਾਨ ਗੁਰਸਿਖਾਂ ਨੇ ਇਸ ਸਮੇਂ ਸਿਆਣਪ ਨਾਲ ਬਰਾਦਰੀ ਦੀ ਪੱਗ ਬਾਬਾ ਪ੍ਰਿਥੀ ਚੰਦ ਅਤੇ ਗੁਰਿਆਈ ਦੀ ਪੱਗ ਗੁਰੂ ਅਰਜਨ ਸਾਹਿਬ ਨੂੰ ਭੇਂਟ ਕਰਕੇ ਝਗੜੇ ਨੂੰ ਵਧਣ ਤੋਂ ਰੋਕ ਲਿਆ। ਇਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਆ ਗਏ। ਬਾਬਾ ਪ੍ਰਿਥੀ ਚੰਦ ਨੇ ਵੀ ਇਥੇ ਆ ਕੇ ਫਿਰ ਵਿਰੋਧਤਾ ਜਾਰੀ ਰੱਖੀ। ਉਸ ਨੇ ਆਪਣੇ ਮਸੰਦਾਂ ਰਾਹੀਂ ਸ਼ਹਿਰ ਦੀ ਸਫਲ ਨਾਕਾਬੰਦੀ ਕਰ ਲਈ। ਸੰਗਤਾਂ ਕੋਲੋਂ ਸਾਰੀ ਕਾਰ-ਭੇਟਾ (ਦਸਵੰਧ) ਸ਼ਹਿਰ ਦੇ ਬਾਹਰੋਂ ਹੀ ਬਾਬਾ ਪ੍ਰਿਥੀ ਚੰਦ ਵਲੋਂ ਨਿਯੁਕਤ ਮਸੰਦ ਲੈ ਲੈਂਦੇ ਅਤੇ ਲੰਗਰ ਛਕਣ ਲਈ ਗੁਰੂ ਅਰਜਨ ਸਾਹਿਬ ਵੱਲ ਤੋਰ ਦਿੰਦੇ। ਭਾਵ ਸਾਰੀ ਆਮਦਨ ਬਾਬਾ ਪ੍ਰਿਥੀ ਚੰਦ ਦੀ ਅਤੇ ਖਰਚ ਸਾਰਾ ਗੁਰੂ ਅਰਜਨ ਦੇਵ ਜੀ ਦਾ। ਇਸ ਤਰਾਂ ਕਿੰਨੇ ਕੁ ਦਿਨ ਚਲ ਸਕਦਾ ਸੀ। ਅਖੀਰ ਲੰਗਰ ਮਸਤਾਨਾ ਹੋ ਗਿਆ ਅਤੇ ਸ਼ਹਿਰ ਦੀ ਉਸਾਰੀ ਰੁਕ ਗਈ। ਗੁਰੂ ਸਾਹਿਬ ਨੇ ਜਿਵੇਂ-ਕਿਵੇਂ ਸਬਰ ਦਾ ਪੱਲਾ ਘੁਟ ਕੇ ਫੜੀ ਰੱਖਿਆ। ਕੁੱਝ ਦਿਨਾਂ ਬਾਅਦ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਬਾਹਰੋਂ ਆਉਣ ਤੇ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਉਹਨਾਂ ਵਲੋਂ ਬੜੇ ਯੋਜਨਾਬੱਧ ਤਰੀਕੇ ਨਾਲ ਪ੍ਰਿਥੀ ਚੰਦ ਦੀ ਨਾਕਾਬੰਦੀ ਤੋੜ ਦਿਤੀ।

ਬਾਬਾ ਪ੍ਰਿਥੀ ਚੰਦ ਜੋ-ਜੋ ਵੀ ਵਿਰੋਧਤਾ ਕਰ ਸਕਦੇ ਸਨ ਉਹਨਾਂ ਨੇ ਹਰ ਪੱਖ ਤੋਂ ਯਤਨ ਕੀਤੇ। ਗੁਰੂ ਘਰ ਦੇ ਰਬਾਬੀ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੇ ਰੁਸੇਵੇਂ ਪਿਛੇ ਵੀ ਉਸੇ ਦਾ ਹੱਥ ਸੀ।

ਗੁਰੂ ਅਰਜਨ ਸਾਹਿਬ ਦਾ ਵਿਆਹ 1589 ਈ. ਨੂੰ ਮਾਤਾ ਗੰਗਾ ਜੀ ਨਾਲ ਹੋਇਆ। ਕਰਣੀ ਕਰਤਾਰ ਦੀ ਕਾਫੀ ਲੰਮੇ ਸਮੇਂ ਤਕ ਉਹਨਾਂ ਦੇ ਘਰ ਔਲਾਦ ਦੀ ਪ੍ਰਾਪਤੀ ਨਾ ਹੋਈ। ਬਾਬਾ ਪ੍ਰਿਥੀ ਚੰਦ ਨੂੰ ਗੁਰੂ ਬਨਣ ਵਾਲੀਆਂ ਆਸਾਂ ਨੂੰ ਬੂਰ ਪੈਂਦਾ ਮਹਿਸੂਸ ਹੋਣ ਲੱਗਾ ਕਿ ਮੇਰੀ ਵਾਰੀ ਤਾਂ ਗੁਰੂ ਬਨਣ ਦੀ ਆਈ ਨਹੀਂ ਸੀ, ਹੁਣ ਪੰਚਮ ਪਾਤਸ਼ਾਹ ਤੋਂ ਬਾਅਦ ਮੇਰਾ ਪੁਤਰ ‘ਮੇਹਰਬਾਨ` ਜ਼ਰੂਰ ਹੀ ਗੁਰਤਾ ਗੱਦੀ ਦਾ ਮਾਲਕ ਬਣੇਗਾ ਅਤੇ ਗੁਰੂ ਘਰ ਦੀ ਸਾਰੀ ਜਾਇਦਾਦ ਮੇਰੀ ਬਣ ਜਾਵੇਗੀ।

ਪਰ ਕਰਤਾਰ ਦੀ ਖੇਡ ਵਾਪਰਣੀ ਸੀ, ਸੋ ਵਾਪਰ ਗਈ। ਅਕਾਲ ਪੁਰਖ ਦੀ ਬਖ਼ਸ਼ਿਸ਼ ਨਾਲ 1595 ਈ. ਨੂੰ ਗੁਰੂ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਬਾਲਕ (ਗੁਰੂ) ਹਰਿਗੋਬਿੰਦ ਜੀ ਦਾ ਪ੍ਰਕਾਸ਼ ਹੋ ਗਿਆ। ਬਾਬਾ ਪ੍ਰਿਥੀ ਚੰਦ ਨੂੰ ਜੋ ਆਪਣੀਆਂ ਆਸਾਂ ਨੂੰ ਬੂਰ ਪੈਣ ਦੀ ਆਸ ਬਣੀ ਸੀ, ਉਹ ਖਤਮ ਹੁੰਦੀ ਪ੍ਰਤੀਤ ਹੋਣ ਲੱਗੀ। ਈਰਖਾ ਦੇ ਸਭ ਹੱਦ ਬੰਨੇ ਟੱਪਦੇ ਹੋਏ ਉਸ ਨੇ ਆਪਣੇ ਵਲੋਂ ਬਾਲ (ਗੁਰੂ) ਹਰਿਗੋਬਿੰਦ ਜੀ ਨੂੰ ਮਰਵਾਉਣ ਦੇ ਅਨੇਕਾਂ ਯਤਨ ਕੀਤੇ। ਪ੍ਰਮੇਸ਼ਰ ਦੇ ਬਣਾਏ ਨਿਯਮਾਂ ਅਨੁਸਾਰ ਦੂਸਰਿਆਂ ਦਾ ਬੁਰਾ ਚਿਤਵਣ ਵਾਲੇ ਦੇ ਯਤਨ ਕਾਮਯਾਬ ਕਿਵੇਂ ਹੋ ਸਕਦੇ ਸਨ। ਬਾਬਾ ਪ੍ਰਿਥੀ ਚੰਦ ਜੋ-ਜੋ ਵੀ ਯਤਨ ਕਰਦੇ ਗਏ, ਨਾਲ-ਨਾਲ ਹੀ ਉਸ ਦੇ ਪਾਜ ਉਘੜਦੇ ਗਏ।

ਦਾਈ ਫੱਤੋ ਨੂੰ ਲਾਲਚ ਦੇ ਕੇ ਜ਼ਹਿਰ ਲੱਗਿਆ ਦੁੱਧ ਬਾਲ (ਗੁਰੂ) ਹਰਿਗੋਬਿੰਦ ਜੀ ਨੂੰ ਚੁੰਘਾਉਣ ਲਈ ਭੇਜਿਆ, ਪਰ ਰਸਤੇ ਵਿੱਚ ਦਾਈ ਨੂੰ ਆਪ ਹੀ ਜ਼ਹਿਰ ਦਾ ਮਾਰੂ ਅਸਰ ਹੋ ਗਿਆ, ਫੱਤੋ ਮਰਦੀ -ਮਰਦੀ ਬਾਬਾ ਪ੍ਰਿਥੀ ਚੰਦ ਦੇ ਇਸ ਕੁਕਰਮ ਦਾ ਪਰਦਾ ਫਾਸ਼ ਕਰ ਗਈ।

ਬਾਬਾ ਪ੍ਰਿਥੀ ਚੰਦ ਦੀ ਈਰਖਾ ਫਿਰ ਵੀ ਘੱਟ ਨਾ ਹੋਈ। ਇੱਕ ਸਪੇਰੇ ਨੂੰ ਲਾਲਚ ਦੇ ਕੇ ਬਾਲ (ਗੁਰੂ) ਹਰਿਗੋਬਿੰਦ ਜੀ ਨੂੰ ਜ਼ਹਿਰੀਲੇ ਸੱਪ ਦਾ ਡੰਗ ਮਰਵਾ ਕੇ ਮਾਰਣ ਦੀ ਚਾਲ ਚਲੀ। ਪਰ ਬਾਲ ਨੇ ਜ਼ਹਿਰੀਲੇ ਸੱਪ ਦੀ ਸਿਰੀ ਨੂੰ ਆਪਣੇ ਹੱਥਾਂ ਵਿੱਚ ਘੁਟਦੇ ਹੋਏ ਸਿਰ ਫੇਂਹ ਕੇ ਮਾਰ ਦਿਤਾ। ਸਿੱਖਾਂ ਦੁਆਰਾ ਸਪੇਰੇ ਨੂੰ ਫੜੇ ਜਾਣ ਤੇ ਉਸਨੇ ਡਰਦੇ ਹੋਏ ਹੀ ਸਾਰਾ ਅੰਦਰਲਾ ਭੇਦ ਪ੍ਰਗਟ ਕਰ ਦਿਤਾ।

ਬਾਬਾ ਪ੍ਰਿਥੀ ਚੰਦ ਨੇ ਬਾਲ (ਗੁਰੂ) ਹਰਿਗੋਬਿੰਦ ਦੇ ਸਾਥੀ ਨੰਦ ਰਾਮ ਨੂੰ ਉਸਦੇ ਚਾਚੇ ਰਾਹੀਂ ਇਸ ਕੰਮ ਲਈ ਵਰਤਣ ਦਾ ਯਤਨ ਕੀਤਾ। ਨੰਦ ਰਾਮ ਨੂੰ ਦੋ ਖੀਸਿਆਂ (ਜੇਬਾਂ) ਵਾਲਾ ਕੁੜਤਾ ਪਵਾ ਕੇ ਇੱਕ ਖੀਸੇ ਵਿੱਚ ਚੰਗੀ ਮਠਿਆਈ ਅਤੇ ਦੂਜੇ ਖੀਸੇ ਵਿੱਚ ਜ਼ਹਿਰੀਲੀ ਮਠਿਆਈ ਪਾ ਦਿਤੀ। ਉਸ ਨੂੰ ਚੰਗੀ ਤਰਾਂ ਪੜ੍ਹਾ ਦਿਤਾ ਕਿ ਸਾਥ ਖੇਡਦੇ ਸਮੇਂ ਚੰਗੀ ਮਠਿਆਈ ਤੂੰ ਆਪ ਅਤੇ ਜ਼ਹਿਰੀਲੀ ਮਠਿਆਈ ਸਾਥੀ (ਗੁਰੂ) ਹਰਿਗੋਬਿੰਦ ਨੂੰ ਖਵਾਉਣੀ ਹੈ। ਪਰ ਪ੍ਰਮੇਸ਼ਰ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਭੋਲੇ ਬਾਲਕ ਨੰਦ ਰਾਮ ਕੋਲੋਂ ਉਲਟਾ ਹੋ ਗਿਆ -

ਚੰਗੀ ਦੇਵੈ ਸਾਹਿਬ ਨੂੰ ਮੰਦੀ ਖਾਵੈ ਆਪ`

ਜਿਸ ਦੇ ਰਿਜ਼ਲਟ ਵਜੋਂ ਨੰਦ ਰਾਮ ਨੂੰ ਜ਼ਹਿਰ ਚੜ ਗਿਆ। ਅਨਭੋਲ ਬਾਲਕ ਮਰਦਾ-ਮਰਦਾ ਇਸ ਸਾਰੇ ਭੇਦ ਤੋਂ ਪਰਦਾ ਖੋਲ੍ਹ ਗਿਆ। ਬਾਬਾ ਪ੍ਰਿਥੀ ਚੰਦ ਨੂੰ ਇਥੇ ਵੀ ਨਮੋਸ਼ੀ ਹੀ ਝੱਲਣੀ ਪਈ।

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ` ਅਨੁਸਾਰ ਬਾਬਾ ਪ੍ਰਿਥੀ ਚੰਦ ਵਲੋਂ ਬਾਰ-ਬਾਰ ਬਾਲ (ਗੁਰੂ) ਹਰਿਗੋਬਿੰਦ ਨੂੰ ਮਾਰਣ ਦੇ ਸਾਰੇ ਯਤਨ ਫੇਲ ਹੋਣ ਅਤੇ ਭਾਂਡਾ ਭੱਜਣ ਦੇ ਬਾਵਜੂਦ ਵੀ ਸ਼ਰਮਸ਼ਾਰ ਹੋਣ ਦੀ ਥਾਂ ਹੋਰ ਚਾਲਾਂ ਚੱਲਣ ਲੱਗ ਪਏ। ਮਾਨੋ ਇਹ ਤ੍ਰਿਸ਼ਨਾਲੂ, ਈਰਖਾਲੂ ਬਾਬਾ ਪ੍ਰਿਥੀ ਚੰਦ ਅਤੇ ਸਬਰ-ਸ਼ੁਕਰ, ਭਾਣੇ ਵਿੱਚ ਵਿਚਰਣ ਵਾਲੀ ਮਹਾਨ ਸਖਸ਼ੀਅਤ ਗੁਰੂ ਅਰਜਨ ਸਾਹਿਬ ਵਿੱਚ ਮੁਕਾਬਲਾ ਹੀ ਹੋ ਰਿਹਾ ਸੀ। ਪ੍ਰਮੇਸ਼ਰ ਦੀ ਕ੍ਰਿਪਾ ਨਾਲ ਗੁਰੂ ਸਾਹਿਬ ਦੇ ਸਬਰ ਦਾ ਬੰਨਾ ਅਜੇ ਵੀ ਕਾਇਮ ਸੀ। ਸਤਿਗੁਰੂ ਦਾ ਭਰੋਸਾ ‘ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ।। ` (ਸਿਰੀ ਰਾਗ ਮਹਲਾ ੫-੪੩) ਅਟੱਲ ਰਹਿਣਾ ਸੁਭਾਵਿਕ ਹੀ ਸੀ।

ਬਾਬਾ ਪ੍ਰਿਥੀ ਚੰਦ ਅਜੇ ਵੀ ਬਾਜ਼ ਨਹੀਂ ਆਏ। ਉਹਨਾਂ ਵਲੋਂ ਇੱਕ ਹੋਰ ਪੈਂਤੜਾ ਵਰਤਿਆ ਗਿਆ ਕਿ ਬਾਲ (ਗੁਰੂ) ਹਰਿਗੋਬਿੰਦ ਦੇ ਖਿਡਾਵੇ ਬ੍ਰਾਹਮਣ ਨਾਲ ਗੰਢ-ਤਰੁੱਪ ਕਰਦੇ ਹੋਏ ਪੈਸੇ ਦੇ ਲਾਲਚ ਰਾਹੀਂ ਬਾਲ ਨੂੰ ਖਵਾਉਣ ਵਾਲੇ ਦਹੀਂ ਵਿੱਚ ਜ਼ਹਿਰ ਮਿਲਾਉਣ ਦਾ ਕਾਰਾ ਕਰ ਦਿਤਾ। ਗੁਰੂ ਸਾਹਿਬ ਅਤੇ ਮਾਤਾ ਗੰਗਾ ਜੀ ਨੇ ਵੀ ਆਪ ਅਤੇ ਸਿੱਖਾਂ ਰਾਹੀਂ ਬਾਲ ਦੀ ਨਿਗਰਾਨੀ ਤਗੜੀ ਕੀਤੀ ਹੋਈ ਸੀ। ਬ੍ਰਾਹਮਣ ਖਿਡਾਵੇ ਨੇ ਦਹੀਂ ਖੁਆਉਣ ਦਾ ਯਤਨ ਕੀਤਾ। ਬਾਲ ਵਲੋਂ ਦਹੀਂ ਨਾ ਖਾਣ ਉਪਰ ਜਬਰਦਸਤੀ ਖੁਆਉਣ ਦੀ ਕੋਸ਼ਿਸ਼ ਕੀਤੀ, ਪਰ ਬਾਲਕ ਨੇ ਚੀਕ ਚਿਹਾੜਾ ਪਾ ਦਿਤਾ ਤਾਂ ਇਸ ਖਿਚਾ-ਧੂਹੀ ਵਿੱਚ ਕੌਲਾ ਧਰਤੀ ਤੇ ਉਲਟ ਕੇ ਦਹੀਂ ਡੁੱਲ ਗਿਆ। ਰੌਲਾ ਸੁਣ ਕੇ ਸਿੱਖ ਇੱਕਠੇ ਹੋ ਗਏ। ਐਸਾ ਹੋਣਾ ਜਿਵੇਂ ਕਰਤਾਰ ਦੀ ਹੀ ਮਰਜ਼ੀ ਸੀ। ਡੁੱਲੇ ਹੋਏ ਦਹੀਂ ਨੂੰ ਉਥੇ ਫਿਰਦੇ ਕੁੱਤੇ ਨੇ ਖਾ ਲਿਆ, ਜੋ ਜ਼ਹਿਰ ਦੇ ਅਸਰ ਨਾਲ ਥੋੜੇ ਸਮੇਂ ਵਿੱਚ ਹੀ ਮਰ ਗਿਆ। ਮਾਤਾ ਗੰਗਾ ਜੀ ਦੇ ਆਦੇਸ਼ ਨਾਲ ਬ੍ਰਾਹਮਣ ਖਿਡਾਵੇ ਨੂੰ ਫੜ ਲਿਆ ਗਿਆ ਜਿਸ ਨੇ ਬਾਬਾ ਪ੍ਰਿਥੀ ਚੰਦ ਦੀ ਸਾਜ਼ਿਸ਼ ਦਾ ਰਾਜ਼ ਪ੍ਰਗਟ ਕਰ ਦਿਤਾ।

ਗੁਰਬਾਣੀ ਫੁਰਮਾਣ ‘ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣ।। ਜਿਸ ਕੋ ਤੂ ਰਖਵਾਲਾ ਜਿਤਾ ਤਿਨੈ ਭੈਣੁ।। ` (ਵਾਰ ਰਾਮਕਲੀ ਮਹਲਾ ੫-੯੬੧) ਅਨੁਸਾਰ ਪ੍ਰਮੇਸ਼ਰ ਦੀ ਕ੍ਰਿਪਾ ਨਾਲ ਬਾਲ (ਗੁਰੂ) ਹਰਿਗੋਬਿੰਦ ਦਾ ਤਾਂ ਵਾਲ ਵੀ ਵਿੰਗਾ ਨਾ ਹੋਇਆ, ਪਰ ਦੁਸ਼ਟ ਬ੍ਰਾਹਮਣ ਦੇ ਪੇਟ ਵਿੱਚ ਐਸਾ ਸੂਲ (ਪੀੜ) ਉਠਿਆ ਕਿ ਉਸਦੇ ਤੜਫ-ਤੜਫ ਕੇ ਪ੍ਰ੍ਰਾਣ ਨਿਕਲ ਗਏ। ਮਾਨੋ ਪ੍ਰਮੇਸ਼ਰ ਨੇ ਆਪ ਬਾਲ ਨੂੰ ਆਪਣਾ ਹੱਥ ਦੇ ਕੇ ਰੱਖ ਲਿਆ ਅਤੇ ਪਾਪੀ ਨੂੰ ਉਸਦੇ ਪਾਪ ਕਰਮ ਦੀ ਸਜ਼ਾ ਮਿਲ ਗਈ।

ਇਸ ਵਿਸ਼ੇ ਉਪਰ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਹੇ ਮਨੁੱਖ! ਹਮੇਸ਼ਾਂ ਯਾਦ ਰੱਖ ਕਿ ਜਿਸ ਤਰਾਂ ਦੇ ਕਰਮ ਕਰੇਂਗਾ, ਉਸ ਤਰਾਂ ਦਾ ਫਲ ਤੈਨੂੰ ਅਵੱਸ਼ ਹੀ ਇੱਕ ਨ ਇੱਕ ਦਿਨ ਭੋਗਣਾ ਹੀ ਪੈਣਾ ਹੈ। ਪ੍ਰਮੇਸ਼ਰ ਸਾਡੇ ਹਰ ਕਰਮ ਨੂੰ ਵਾਚ ਰਿਹਾ ਹੈ, ਕਰਮਾਂ ਦੇ ਆਧਾਰ ਉਪਰ ਫੈਸਲਾ ਹੋਣਾ ਅਟੱਲ ਹੈ, ਇਸ ਵਿੱਚ ਦੇਰ ਭਾਵੇਂ ਹੋ ਜਾਵੇ ਅੰਧੇਰ ਕਦੀ ਵੀ ਨਹੀਂ ਹੋਏਗਾ। ਚਲਾਕ ਮਨੁੱਖ ਦੁਨੀਆਂ, ਸਮਾਜ ਤੋਂ ਪਰਦਾ ਰੱਖ ਕੇ ਮੰਦੇ ਕਰਮ ਕਰਨ ਦੇ ਯਤਨ ਕਰਦਾ ਹੈ, ਹੋ ਸਕਦਾ ਹੈ ਕਿ ਕੁੱਝ ਹੱਦ ਤਕ ਕਾਮਯਾਬ ਵੀ ਹੋ ਜਾਵੇ, ਪਰ ਪ੍ਰਮੇਸ਼ਰ ਤੋਂ ਪਰਦਾ ਕਿਵੇਂ ਰੱਖੇਗਾ, ਉਸ ਨੇ ਤਾਂ ਇੱਕ ਨ ਇੱਕ ਦਿਨ ਤੇਰੇ ਪਾਪ ਕਰਮਾਂ ਦਾ ਪਰਦਾ ਚੁਕ ਕੇ ਤੈਨੂੰ ਦੁਨੀਆਂ ਵਿੱਚ ਨਸ਼ਰ ਕਰ ਹੀ ਦੇਣਾ ਹੈ। ਪ੍ਰਭੂ ਦੇ ਦਰ ਤੇ ਹੋਣ ਵਾਲੇ ਇਨਸਾਫ ਰਾਹੀਂ ਚੰਗੇ ਕਰਮ ਕਰਨ ਵਾਲਾ ਧਰਮੀ ਅਤੇ ਮੰਦੇ ਕਰਮ ਕਰਨ ਵਾਲਾ ਪਾਪੀ ਹੀ ਬਣ ਕੇ ਸਾਹਮਣੇ ਆਵੇਗਾ।

-ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁੰ ਕੁੰਡੀ ਜਾਣੀਐ।।

ਜੋ ਧਰਮੁ ਕਮਾਵੈ ਤਿਸ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ।।

(ਵਾਰ ਮਾਝ- ਮਹਲਾ ੨-੧੩੮)

- ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ।।

ਇਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨ ਨਾਨਕ ਆਖਿ ਸੁਣਾਵੈ।।

(ਵਾਰ ਸੋਰਠਿ ਮਹਲਾ ੪-੬੫੩)

-ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।।

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।

(ਜਪੁ-੮)

- ਲੂਕਿ ਕਮਾਵੈ ਕਿਸ ਤੇ ਜਾ ਵੈਖੈ ਸਦਾ ਹਦੂਰਿ।।

(ਸਿਰੀ ਰਾਗ ਮਹਲਾ ੫-੪੮)

ਗੁਰਮਤਿ ਦਾ ਸਿਧਾਂਤ ਮੁੱਖ ਤੌਰ ਤੇ ਕਰਮ ਫਿਲਾਸਫੀ ਉਪਰ ਖੜ੍ਹਾ ਹੈ। ਭਾਈ ਕਾਨ੍ਹ ਸਿੰਘ ਨਾਭਾ ਇਸ ਬਾਰੇ ਸਾਨੂੰ ਸਮਝਾਉਂਦੇ ਹਨ-

ਜੋ ਕਰਣ ਵਿੱਚ ਆਵੇ ਉਸ ਦਾ ਨਾਉਂ ਕਰਮ ਹੈ, ਆਪਣੇ ਕੀਤੇ ਹੋਏ ਕਰਮ ਹੀ ਜੀਵ ਨੂੰ ਸੁਖ-ਦੁਖ ਅਤੇ ਯੋਨੀਆਂ ਦਾ ਕਾਰਨ ਹੁੰਦੇ ਹਨ। ਸਾਨੂੰ ਗੁਰੂ ਸਾਹਿਬ ਦਾ ਇਹ ਉੱਤਮ ਉਪਦੇਸ਼- ‘ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ-` (ਵਾਰ ਆਸਾ-ਮਹਲਾ ੧-੪੭੪) ਸਦਾ ਮਨ ਵਿੱਚ ਵਸਾ ਕੇ ਕੁਕਰਮਾਂ ਦਾ ਤਯਾਗ ਅਤੇ ਸ਼ੁਭ ਕਰਮਾਂ ਦੇ ਕਰਨ ਦਾ ਯਤਨ ਕਰਨਾ ਚਾਹੀਏ। `

(ਗੁਰਮਤਿ ਮਾਰਤੰਡ- ਪੰਨਾ ੨੮੨)

ਮੰਦ ਕਰਮੀ ਮਨੁੱਖ ਚਲਾਕੀਆਂ ਵਰਤਦਾ ਹੋਇਆ, ਜਿਥੇ ਆਪਣੇ ਪਾਪਾਂ ਨੂੰ ਛੁਪਾਉਣ ਦਾ ਯਤਨ ਕਰਦਾ ਹੈ, ਉਥੇ ਨਾਲ-ਨਾਲ ਜਦੋਂ ਫਲ ਭੁਗਤਣਾ ਪੈਂਦਾ ਹੈ ਤਾਂ ਇਸ ਦਾ ਦੋਸ਼ ਦੂਜਿਆਂ ਉਪਰ ਲਾਉਣ ਤੋਂ ਵੀ ਸੰਕੋਚ ਨਹੀਂ ਕਰਦਾ। ਇਸ ਨਾਲ ਕੀ ਹੋਵੇਗਾ? ਇਹ ਉਸਦੀ ਸਮਝ ਵਿੱਚ ਤਾਂ ਹੀ ਆਵੇਗਾ ਜੇਕਰ ਉਹ ਗੁਰਬਾਣੀ ਦੇ ਸੱਚ ਨਾਲ ਜੁੜ ਜਾਵੇ।

- ਫਲ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ।।

(ਵਾਰ ਆਸਾ-ਮਹਲਾ ੧-੪੬੮)

-ਦੋਸੁ ਨ ਦੀਜੈ ਕਾਹੂ ਲੋਗ।। ਜੋ ਕਮਾਵਨੁ ਸੋਈ ਭੋਗ।।

ਆਪਨ ਕਰਮ ਆਪ ਹੀ ਬੰਧ।। ਆਵਨੁ ਜਾਵਨ ਮਾਇਆ ਧੰਧੁ।।

(ਰਾਮਕਲੀ ਮਹਲਾ ੫- ੮੮੮)

- ਦਦੈ ਦੋਸੁ ਨ ਦੇਊ ਕਿਸੇ ਦੋਸੁ ਕਰੰਮਾ ਆਪਣਿਆ।।

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ।।

(ਆਸਾ ਮਹਲਾ ੧-੪੩੩)

ਬੁਰਾ ਮਨੁੱਖ ਅਕਸਰ ਸੋਚਦਾ ਹੈ ਕਿ ‘ਇਹ ਜਗ ਮਿੱਠਾ ਅਗਲਾ ਕਿਨ ਡਿੱਠਾ`। ਸੰਸਾਰ ਦੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਆਪ ਸੁਰਖਰੂ ਹੋਣ ਦੇ ਯਤਨ ਕਰਦਾ ਹੈ। ‘ਕਰੈ ਦੁਹਕਰਮ ਦਿਖਾਵੈ ਹੋਰੁ।। ਰਾਮ ਕੀ ਦਰਗਹ ਬਾਧਾ ਚੋਰੁ।। ` (ਗਉੜੀ ਮਹਲਾ ੫-੧੯੪) ਪ੍ਰਮੇਸ਼ਰ ਦੀ ਦਰਗਾਹ ਵਿੱਚ ਚੋਰਾਂ ਦੀ ਲਾਈਨ ਵਿੱਚ ਖੜੇ ਹੋਣ ਤੇ `ਚੋਰ ਕੀ ਹਾਮਾ ਭਰੇ ਨਾ ਕੋਇ।। ਚੋਰੁ ਕੀਆ ਚੰਗਾ ਕਿਉ ਹੋਇ।। ` (ਧਨਾਸਰੀ ਮਹਲਾ ੧-੬੬੨) ਕੋਈ ਉਸਦੀ ਗਵਾਹੀ ਦੇਣ ਲਈ ਤਿਆਰ ਵੀ ਨਹੀਂ ਹੁੰਦਾ, ਰੱਬ ਦੇ ਇਨਸਾਫ ਦੁਆਰੇ ਉਪਰ ਬਹੁਤੀਆਂ ਗੱਲਾਂ ਕਰਨ ਨਾਲ ਸੁਰਖਰੂ ਨਹੀਂ ਹੋਇਆ ਜਾ ਸਕਦਾ ‘ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੈ ਜਜਮਾਲਿਆ` (ਵਾਰ ਆਸਾ-ਮਹਲਾ ੧-੪੬੩) ਦਾ ਫੈਸਲਾ ਹੋਣਾ ਅੱਟਲ ਹੈ। ਗੁਰੂ ਰਾਮਦਾਸ ਇਸ ਸਬੰਧ ਵਿੱਚ ਫੁਰਮਾਣ ਕਰਦੇ ਹਨ-

- ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ।।

ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ।।

(ਵਾਰ ਗਉੜੀ ਮਹਲਾ ੪-੩੦੮)

ਚੌਥੇ ਪਾਤਸ਼ਾਹ ਦੇ ਉਕਤ ਗੁਰਬਾਣੀ ਫੁਰਮਾਣ ਵਿੱਚ ਦਿਤੇ ਗਏ ਸਿਧਾਂਤ ਪ੍ਰਤੀ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਫੁਟ ਨੋਟ ਵਿੱਚ ਬਹੁਤ ਸੁੰਦਰ ਵਿਆਖਿਆ ਕੀਤੀ ਗਈ ਹੈ-

ਪੁਰਾਣੇ ਸਮੇਂ ਵਿੱਚ ‘ਦਿਵਯ ਨਯਾਯ` ਹੋਇਆ ਕਰਦਾ ਸੀ, ਜਿਸ ਦੇ ਜਲ ਦਿਵਯ, ਅਗਨਿ ਦਿਵਯ ਅਰ ਵਿਸ਼ ਦਿਵਯ ਆਦਿਕ ਕਈ ਭੇਦ ਥੇ। ਗਵਾਹੀ ਅਤੇ ਲਿਖਿਤ ਨਾ ਹੋਣ ਪੁਰ ਸੱਚੇ ਝੂਠੇ ਦੀ ਪ੍ਰੀਖਿਆ ਕਰਨ ਵਾਸਤੇ ਜੱਜ ਹੁਕਮ ਦਿੰਦਾ ਸੀ ਕਿ ਦੋਹਾਂ ਨੂੰ ਪਾਣੀ ਵਿੱਚ ਸਿਟ ਦਿਉ, ਅੱਗ ਵਿੱਚ ਪਾਓ, ਅਥਵਾ ਅਗਨੀ ਜੇਹੇ ਤਪਾਏ ਹੋਏ ਲੋਹੇ ਦੇ ਗੋਲੇ ਹੱਥਾਂ ਵਿੱਚ ਰੱਖੋ ਅਤੇ ਜ਼ਹਿਰ ਖਵਾਉ ਆਦਿਕ। ਗੁਰੂ ਸਾਹਿਬ ਕਥਨ ਕਰਦੇ ਹਨ ਕਿ ਐਸੀਆਂ ਭਰਮ ਕਲਪਿਤ ਗੱਲਾਂ ਨਾਲ ਸੱਚਾ ਇਨਸਾਫ (ਤਪਾਵਸ) ਨਹੀਂ ਹੋ ਸਕਦਾ ਜਦੋਂ ਕਿ ਵਿਸ਼ ਖਾਣ ਨਾਲ ਹਰੇਕ ਆਦਮੀ ਤਤਕਾਲ ਮਰ ਜਾਂਦਾ ਹੈ ਅਤੇ ਜ਼ਹਿਰ ਦਾ ਅਸਰ ਧਰਮੀ ਅਰ ਅਧਰਮੀ ਦੇ ਮੇਹਦੇ ਪਰ ਇਕੋ ਜੇਹਾ ਹੁੰਦਾ ਹੈ। ਸਾਡੇ ਸਰਵਗਯਾ ਸ੍ਵਾਮੀ ਦਾ ਐਸਾ ਸੱਚਾ ਧਰਮ- ਨਯਾਯ ਹੈ ਕਿ ਜੈਸਾ ਕਰਮ ਕੋਈ ਕਰਦਾ ਹੈ ਉਸ ਦੇ ਅਨੁਸਾਰ ਫਲ ਪਾਉਂਦਾ ਹੈ। `

(ਗੁਰਮਤਿ ਮਾਰਤੰਡ-ਪੰਨਾ ੨੫੯)

ਦੁਨਿਆਵੀ ਅਦਾਲਤਾਂ ਵਿੱਚ ਤਾਂ ਹੋ ਸਕਦਾ ਹੈ ਕਿ ਬੁਰਾ ਕਰਮ ਕੋਈ ਕਰੇ ਉਸਦਾ ਫਲ ਕਿਸੇ ਹੋਰ ਨੂੰ ਭੁਗਤਣਾ ਪੈ ਜਾਵੇ, ਪਰ ਗੁਰਬਾਣੀ ਸਾਨੂੰ ਅਗਵਾਈ ਦਿੰਦੀ ਹੈ ਕਿ ਉਸ ਪ੍ਰਭੂ ਦੇ ਇਨਸਾਫ ਵਾਲੀ ਅਦਾਲਤ ਵਿੱਚ ਤਾਂ ‘ਅਹਿ ਕਰੁ ਕਰੇ ਸੋ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ।। ` (ਆਸਾ ਮਹਲਾ ੫-੪੦੬) ਐਸਾ ਹੋਣਾ ਬਿਲਕੁਲ ਸੰਭਵ ਵੀ ਨਹੀਂ ਹੈ।

ਮੂਰਖ ਮਨੁੱਖ ਨੂੰ ਇਹ ਸਮਝ ਨਹੀਂ ਹੈ ਕਿ ਪ੍ਰਮੇਸ਼ਰ ਤਾਂ ਸ੍ਰਿਸ਼ਟੀ ਦੇ ਕਣ-ਕਣ ਵਿਚ, ਤੇਰੇ ਆਪਣੇ ਹੀ ਹਿਰਦੇ ਵਿੱਚ ਵਸਦਾ ਹੋਇਆ ਸਭ ਕੁੱਝ ਵੇਖ ਰਿਹਾ ਹੈ, ਪਰਦਾ ਕਿਸ ਕੋਲੋਂ, ਕਿਵੇਂ ਕਰੇਂਗਾ? ਇਸ ਦੇ ਨਾਲ-ਨਾਲ ਸੁਚੱਜੀ ਜੀਵਨ ਜਾਚ ਬਨਾਉਣ ਲਈ ਬਾਬਾ ਫਰੀਦ ਜੀ ਦੇ ਬਚਨ ਚੇਤੇ ਰੱਖਣ ਦੀ ਲੋੜ ਹੈ-

- ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ।।

ਜੋ ਕਿਛੁ ਕਰੇ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ।।

(ਸੋਰਠਿ ਮਹਲਾ ੫- ੬੧੬)

-ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ।।

ਆਪਨੜੇ ਗਿਰੀਵਾਨ ਮਹਿ ਸਿਰ ਨੀਵਾ ਕਰਿ ਦੇਖੁ।।

(ਸਲੋਕ ਸ਼ੇਖ ਫਰੀਦ ਜੀ-੧੩੭੮)

ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦੇ ਕਾਲ ਪੀੜਤਾਂ ਦੀ ਮਦਦ ਕਰਨ ਉਪੰਰਤ ਅੰਮ੍ਰਿਤਸਰ ਵਾਪਸ ਆਉਣ ਤੇ ਬਾਲ ਹਰਗੋਬਿੰਦ ਦੀ ਸ-ਕੁਸ਼ਲਤਾ ਅਤੇ ਪਾਪੀ ਬ੍ਰਾਹਮਣ ਨੂੰ ਉਸਦੇ ਪਾਪ ਕਰਮ ਦੀ ਸਜ਼ਾ ਪ੍ਰਮੇਸ਼ਰ ਵਲੋਂ ਆਪ ਹੀ ਦੇਣ ਵਾਲੀ ਸਾਰੀ ਘਟਨਾ ਦੀ ਖਬਰ ਮਿਲਣ ਉਪਰ ਆਪਣੇ ਸੁਭਾਉ ਮੁਤਾਬਿਕ ਬਾਬਾ ਪ੍ਰਿਥੀ ਚੰਦ ਉਪਰ ਕੋਈ ਰੋਸ-ਗਿਲਾ ਕਰਨ ਦੀ ਥਾਂ ਉਪਰ ਪ੍ਰਮੇਸ਼ਰ ਦਾ ਸ਼ੁਕਰਾਨਾ ਕੀਤਾ ਗਿਆ। ਗੁਰੂ ਅਰਜਨ ਸਾਹਿਬ ਨੇ ਇਸ ਘਟਨਾ ਤੋਂ ਸਮੁੱਚੀ ਲੋਕਾਈ ਨੂੰ ਮਿਲਣ ਵਾਲੀ ਸਿਖਿਆ ਨੂੰ ਮੁੱਖ ਰੱਖਦੇ ਹੋਏ ਸਦੀਵੀਂ ਮਾਰਗ ਦਰਸ਼ਨ ਲਈ ਗੁਰਬਾਣੀ ਅਤੇ ਇਤਿਹਾਸ ਸੁਮੇਲ ਰੂਪੀ ਵਿਸ਼ਾ ਅਧੀਨ ਸ਼ਬਦ ਉਚਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿਸਾ ਬਣਾ ਦਿਤਾ।

ਸਿਖਿਆ:- ਸਾਨੂੰ ਆਪਣੇ ਜੀਵਨ ਵਿੱਚ ਮੰਦ ਕਰਮਾਂ ਦਾ ਤਿਆਗ ਕਰਦੇ ਹੋਏ ਸ਼ੁਭ ਗੁਣਾਂ ਦੇ ਧਾਰਨੀ ਬਣਕੇ ਚੰਗੇ ਕਰਮ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਯਾਦ ਰਖੀਏ ਕਿ ਜੇ ਅਸੀਂ ਦੂਜਿਆਂ ਦਾ ਬੁਰਾ ਚਿਤਵਾਂਗੇ ਤਾਂ ਸਾਡਾ ਭਲਾ ਹੋਣਾ ਤਾਂ ਦੂਰ ਰਿਹਾ, ਇਸ ਦੀ ਆਸ ਕਰਨੀ ਵੀ ਨਿਰਾਰਥਕ ਹੈ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਇਸ ਸ਼ਬਦ ਨੂੰ ਪੜਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

==============

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.