.

ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ

ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ
ਜਿਨੑ ਸਿਉ ਧੜੇ ਕਰਹਿ ਸੇ ਜਾਹਿ॥ ਝੂਠੁ ਧੜੇ ਕਰਿ ਪਛੋਤਾਹਿ॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ
ਏਹ ਸਭਿ ਧੜੇ ਮਾਇਆ ਮੋਹ ਪਸਾਰੀ॥
ਮਾਇਆ ਕਉ ਲੂਝਹਿ ਗਾਵਾਰੀ॥ ਜਨਮਿ ਮਰਹਿ ਜੂਐ ਬਾਜੀ ਹਾਰੀ
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ॥
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ॥
ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ॥ ਜੈਸਾ ਬੀਜੈ ਤੈਸਾ ਖਾਵੈ॥

ਸਤਿਗੁਰਾਂ ਦਾ ਨਿਰਣਾ ਹੈ ਕਿ ਕਸੇ ਨੇ ਆਪਣੇ ਮਿੱਤਰ ਨਾਲ, ਪੁੱਤਰ ਨਾਲ ਤੇ ਭਰਾ ਨਾਲ ਧੜਾ ਬਣਾਇਆ ਹੋਇਆ ਹੈ, ਕਿਸੇ ਨੇ ਆਪਣੇ ਸਕੇ ਕੁੜਮ ਨਾਲ ਤੇ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ, ਕਿਸੇ ਨੇ ਆਪਣੀ ਗਰਜ਼ ਦੀ ਖਾਤਰ ਸਰਦਾਰ ਨਾਲ ਜਾਂ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ। ਲੋਕ ਜਿੰਨ੍ਹਾਂ ਬੰਦਿਆਂ ਨਾਲ ਧੜੇ ਬਣਾਉਂਦੇ ਹਨ ਉਹ ਆਖਰ ਸੰਸਾਰ ਤੋਂ ਚਲੇ ਜਾਂਦੇ ਹਨ, ਧੜੇ ਬਨਾਣ ਵਾਲੇ ਝੂਠਾ ਅਡੰਬਰ ਕਰਕੇ ਇਹ ਧੜੇ ਬਣਾ ਕੇ ਉਹਨਾਂ ਦੇ ਮਰਨ ਤੇ ਪਛੁਤਾਂਦੇ ਹਨ। ਧੜੇ ਬਨਾਣ ਵਾਲੇ ਆਪ ਵੀ ਦੁਨੀਆ ਤੇ ਸਦਾ ਨਹੀਂ ਰਹਿੰਦੇ ਅਤੇ ਵਿਅਰਥ ਹੀ ਧੜਿਆਂ ਦੀ ਖਾਤਰ ਆਪਣੇ ਮਨ ਵਿੱਚ ਠਗੀ ਫਰੇਬ ਕਰਦੇ ਰਹਿੰਦੇ ਹਨ। ਦੁਨੀਆ ਦੇ ਇਹ ਧੜੇ ਮੋਹ ਮਾਇਆ ਦੇ ਖਿਲਾਰਾ ਹਨ। ਮੂਰਖ ਲੋਕ ਮਾਇਆ ਦੀ ਖਾਤਰ ਹੀ ਲੜਦੇ ਰਹਿੰਦੇ ਹਨ। ਇਸ ਤਰਾਂ ਜੂਏ ਵਿੱਚ ਹੀ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਹਨ। ਮਾਇਆ ਦਾ ਪਿਆਰ ਧੜੇ-ਬਾਜ਼ੀਆਂ ਪੈਦਾ ਕਰਦਾ ਹੈ। ਮਾਇਆ ਦੇ ਪ੍ਰਭਾਵ ਹੇਠ ਪ੍ਰਾਣੀ ਦੂਸਰਿਆਂ ਦੇ ਐਬ ਜਾਚਦਾ ਫਿਰਦਾ ਹੈ ਤੇ ਆਪਣੇ ਆਪ ਨੂੰ ਚੰਗਾ ਸਮਝ ਕੇ ਆਪਣਾ ਅਹੰਕਾਰ ਵਧਾਂਦਾ ਹੇ। ਹੋਰਨਾਂ ਦੇ ਐਬ ਫਰੋਲ ਕੇ ਤੇ ਆਪਣੇ ਆਪ ਨੂੰ ਨੇਕ ਮਿਥ ਮਿਥ ਕੇ ਆਪਣੇ ਅਤਮਕ ਜੀਵਨ ਵਾਸਤੇ ਜਿਹੋ ਜਿਹਾ ਬੀ ਬੀਜਦਾ ਹੈ ਉਸ ਦਾ ਉਹੋ ਜਿਹਾ ਫਲ ਪਾ ਲੈਂਦਾ ਹੈ। ਸੰਸਾਰ ਵਿੱਚ ਕਾਮਾਦਿਕ ਪੰਜ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ। ਅਗਿਆਨਤਾ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਵਧਾਂਦੀ ਹੈ। ਮਨਮੁਖਿ ਅਥਵਾ ਸਤਿਗੁਰਾਂ ਦੀ ਸਿਖਿਆ ਨੂੰ ਬੇਲੋੜੀ ਸਮਝਣ ਵਾਲੇ ਅਗਿਆਨੀ, ਕਲਿਜੁਗੀ ਸੁਭਾਵ ਵਾਲੇ ਲੋਕ ਹੀ ਆਪਣੇ ਧੜੇ ਬਣਾਉਂਦੇ ਹਨ।
“ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ॥
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ
“ਹਮਾਰਾ ਧੜਾ ਹਰਿ ਰਹਿਆ ਸਮਾਈ
“ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ
“ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ
“ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ॥
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ
“ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ॥

ਸਤਿਗੁਰੂ ਰਾਮ ਦਾਸ ਜੀ ਸਾਨੂੰ ਜੀਵਾਂ ਨੂੰ ਸਮਝਾਉਂਦੇ ਹਨ ਕਿ ਮੈਂ ਤਾਂ ਪਰਮਾਤਮਾ ਨਾਲ ਧੜਾ ਬਣਾਇਆ ਹੈ। ਪਰਮਾਤਮਾ ਹੀ ਮੇਰਾ ਆਸਰਾ ਹੈ। ਪਰਮਾਤਮਾ ਤੋਂ ਬਿਨਾਂ ਮੇਰਾ ਹੋਰ ਕੋਈ ਪੱਖ ਨਹੀਂ ਕੋਈ ਧੜਾ ਨਹੀਂ। ਮੈ ਪਰਮਾਤਮਾ ਦੇ ਹੀ ਅਨੇਕ ਤੇ ਅਣਗਿਣਤ ਗੁਣ ਗਾਂਦਾ ਰਹਿੰਦਾ ਹਾਂ। ਮੇਰਾ ਸਾਥੀ ਉਹ ਪਰਮਾਤਮਾ ਹੈ ਜੋ ਸਭ ਥਾਈਂ ਮੌਜੂਦ ਹੈ। ਮੈਂ ਤਾਂ ਉਸ ਪਰਮਾਤਮਾ ਨਾਲ ਆਪਣਾ ਧੜਾ ਬਣਾਇਆ ਹੈ ਜਿਸ ਦੇ ਬਰਾਬਰ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ। ਮੇਰਾ ਪਰਮਾਤਮਾ ਵਾਲਾ ਧੜਾ ਹੈ ਜਿਹੜਾ ਇਹ ਲੋਕ ਤੇ ਪਰਲੋਕ ਸਭ ਕੁੱਝ ਸਵਾਰਨ ਵਾਲਾ ਹੈ। ਮੇਰੀ ਮਦਦ ਤੇ ਪਰਮਾਤਮਾ ਆਪ ਹੈ ਜਿਸ ਨੇ ਮੇਰੇ ਅੰਦਰੋਂ ਇਹ ਸਾਰੇ ਸੁਆਰਥੀ ਧੜੇ ਮੁਕਾ ਦਿਤੇ ਹਨ। ਜਨ ਨਾਨਕ ਦਾ ਤਾਂ ਪਰਮਾਤਮਾ ਵਾਲਾ ਧੜਾ ਹੈ, ਪਰਮਾਤਮਾ ਦਾ ਆਸਰਾ ਹੀ ਮੇਰਾ ਧਰਮ ਹੈ ਜਿਸ ਦੀ ਬਰਕਤਿ ਨਾਲ ਮਨੁੱਖ ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ।
“ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ
“ਕਹਤ ਕਬੀਰ ਪੰਚ ਜੋ ਚੂਰੇ॥ ਤਿਨ ਤੇ ਨਾਹਿ ਪਰਮ ਪਦੁ ਦੂਰੇ
“ਗੁਰਮਤਿ ਪੰਚ ਦੂਤ ਵਸਿ ਆਵਹਿ
“ਬਿਨੁ ਬਸਿ ਪੰਚ ਕਹਾ ਮਨ ਚੂਰੇ
“ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ
“ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥

ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਸਭ ਜੀਵਾਂ ਨੂੰ ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਹੋਇਆ ਹੈ। ਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਲੈਂਦਾ ਹੈ। ਜਿਹੜੇ ਮਨੁੱਖ ਪੰਜੇ ਕਾਮਾਦਿਕਾਂ ਨੂੰ ਮਾਰ ਲੈਂਦੇ ਹਨ ਉਨ੍ਹਾਂ ਤੋਂ ਉੇਚੀ ਆਤਮਕ ਅਵਸਥਾ ਦੂਰ ਨਹੀਂ ਰਹਿ ਜਾਂਦੀ। ਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾਂ ਮਨ ਮਾਰਿਆ ਨਹੀਂ ਜਾ ਸਕਦਾ। ਪੰਡਿਤਾਂ ਤੇ ਮੁਲਾਂ ਦੀ ਸਿਖਿਆ ਨਾਲ ਪੰਜ ਕਾਮਾਦਿਕਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੈਂ ਇਹਨਾਂ ਦੀਆਂ ਸਾਰੀਆਂ ਲਿਖਤਾਂ ਛੱਡ ਦਿਤੀਆਂ ਹਨ। ਮੇਰਾ ਹੁਣ ਇਹਨਾਂ ਨਾਲ ਕੋਈ ਵਾਸਤਾ ਨਹੀਂ ਅਤੇ ਇਹ ਦੋਵੇਂ ਵੀ ਛੱਡ ਦਿਤੇ ਹਨ। ਗੁਰਮਤਿ ਤੇ ਚਲਿਆਂ ਪੰਜੇ ਚੋਰ ਵਸਿ ਹੋ ਜਾਂਦੇ ਹਨ। ਪਰ ਗੁਰਮਤਿ ਤੇ ਚਲਣ ਲਈ ਗੁਰਬਾਣੀ ਸਮਝਣੀ ਜਰੂਰੀ ਹੈ।
ਆਓ ਆਪਾਂ ਵੀ ਦੁਨਿਆਵੀ ਧੜੇ ਛੱਡਕੇ ਗੁਰੂ ਸਾਹਿਬ ਵਾਲੇ ਧੜੇ ਵਿੱਚ ਰਲੀਏ। ਗੁਰੂ ਗਰੰਥ ਸਾਹਿਬ ਜੀ ਨੂੰ ਆਪਣਾ ਆਗੂ ਮੰਨਕੇ ਇਹਨਾਂ ਦੇ ਹੁਕਮ ਸਮਝੀਏ ਤੇ ਦੂਸਰਿਆਂ ਨੁੰ ਸਮਝਾਈਏ। ਇਹ ਹੀ ਇੱਕ ਤਰੀਕਾ ਹੈ ਗੁਰੂ ਦੇ ਧੜੇ ਵਿੱਚ ਦਾਖਲ ਹੋਣਦਾ। ਦੂਜੇ ਧੜਿਆਂ ਵਿੱਚ ਪਇਆਂ ਤਾਂ ਖਜ਼ਲ ਖੁਆਰੀ ਹੀ ਹੋਣੀ ਹੇ। ਗੁਰ ਉਪਦੇਸ਼ਾਂ ਤੇ ਨਾਂ ਚਲਣ ਕਰਕੇ ਹੀ ਸਿੱਖ ਪੰਥ ਦੀ ਇਹ ਦੁਰਗਤੀ ਹੋਈ ਹੈ। ਗੁਰ ਉਪਦੇਸ਼ਾਂ ਨੂੰ ਸਮਝਕੇ ਇਹਨਾਂ ਉਪਰ ਚਲਣ ਨਾਲ ਹੀ ਸਰਬੱਤ ਦਾ ਭਲਾ ਹੈ।
ਜੁਗਰਾਜ ਸਿੰਘ ਧਾਲੀਵਾਲ।




.