.

ਗੁਰਬਾਣੀ ਦਾ ਮਾਨਵਵਾਦ

ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖਤਾ ਦੀ ਅਗਵਾਈ, ਭਲਾਈ ਅਤੇ ਕਲਯਾਨ ਲਈ ਰਚੀ ਗਈ ਹੈ। ਇਹ ਬਾਣੀ ਅਧਿਆਤਮਕ ਗਿਆਨ ਹੈ। ਕਬੀਰ ਜਾ ਦਾ ਫਰਮਾਨ ਹੈ: “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ॥” (ਪੰ: ੩੩੫)। ਗੁਰਬਾਣੀ ਪਰਭੂ ਦੇ ਗੁਣਾਂ ਅਤੇ ਉਸ ਦੀ ਸਾਜੀ ਕਿਰਤ ਦੀ ਵਿਚਾਰ ਹੈ। ਗੁਰਬਾਣੀ ਵਿੱਚ ਤਿੰਨ ਮੁੱਖ ਵਿਸ਼ਿਆਂ ਤੇ ਵਿਚਾਰ ਕੀਤੀ ਗਈ ਹੈ। ਉਹ ਹਨ: (੧) ਪਰਭੂ ਦੇ ਗੁਣ; (੨) ਪਰਭੂ ਦੀ ਸਾਜੀ ਸ੍ਰਿਸ਼ਟੀ ਅਤੇ ਸੰਸਾਰ, ਅਤੇ (੩) ਮਨੁੱਖ ਅਤੇ ਉਸਦਾ ਮਨ। ਗੁਰਬਾਣੀ ਵਿੱਚ ਸੰਸਾਰ ਦੇ ਕਈ ਰੂਪ ਦਰਸਾਏ ਗਏ ਹਨ। ਸੰਸਾਰ ਬਾਰੇ ਗੁਰਬਾਣੀ ਦੇ ਕੁੱਝ ਕਥਨ ਹਨ:

(੧) ਸੰਸਾਰ ਪਰਭੂ ਦੀ ਕਿਰਤ ਅਤੇ ਖੇਡ ਹੈ: “ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਨਾ ਬੁਹ ਬੁਹ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥” (ਪੰ: ੧੩੮)।

(੨) ਸੰਸਾਰ ਪਰਭੂ ਤੋਂ ਵਖਰਾ ਅਤੇ ਦੂਜਾ ਹੈ ਜਿਸ ਵਿੱਚ ਪਰਭੂ ਆਸਣ ਲਾਈ ਬੈਠਾ ਹੈ: “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥” (ਪੰ: ੪੬੩); “ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥ ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨ॥ ਕੁਦਰਤਿ ਪਉਣ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥” (ਪੰ: ੪੬੪) ; “ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ” (ਪੰ: ੪੬੩) ਅਤੇ “ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ” (ਪੰ: ੯੨੨)।

(੩) ਸੰਸਾਰ ਗਤੀਸ਼ੀਲ, ਹਰ ਪਲ ਬਦਲ ਰਿਹਾ, ਸੁਪਨੇ ਦੇ ਨਿਆਂਈ ਅਤੇ ਜਨਮ-ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ: “ਦੁਨਿਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ॥” (ਪੰ: ੭੨੧); “ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀ ਐ॥ (ਪੰ: ੪੭੪); “ਮੁਕਾਮੁ ਤਿਸਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥ ੭॥ ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ॥” (ਪੰ: ੬੪); “ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ॥” (ਪੰ: ੫੭੯); “ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ॥’ (ਪੰ: ੯੩੬); “ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲੁ ਖੇਲਾਇ॥ (ਪੰ: ੧੮); “ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥” (ਪੰ: ੩੧); “ਜੋ ਦਿਨ ਆਵੈ ਸੋ ਦਿਨ ਜਾਹੀ॥ ਕਰਨਾ ਕੂਚੁ ਰਹਨੁ ਥਿਰੁ ਨਾਹੀ॥ ਸੰਗਿ ਚਲਤ ਹੈ ਹਮ ਭੀ ਚਲਨਾ॥ ਦੂਰ ਗਵਨੁ ਸਿਰ ਊਪਰਿ ਮਰਨਾ॥” (ਪੰ: ੭੬੩) ਅਤੇ “ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਦਤੁਰਾਈ॥ ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਂਈ॥” (ਪੰ: ੧੨੭੪)।

(੪) ਸੰਸਾਰ ਵਿੱਚ ਤ੍ਰੈਗੁਣੀ ਮਾਇਆ ਦਾ ਵਿਆਪਕ ਪਰਭਾਵ ਹੈ: “ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥” (ਪੰ: ੧੦੩੬); “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਇਆ॥ ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। (ਪੰ: ੯੨੧); “ਮਾਇਆ ਮੋਹਿ ਸਗਲ ਜਗੁ ਛਾਇਆ॥ ਕਾਮਣਿ ਦੇਖਿ ਕਾਮਿ ਲੋਭਾਇਆ॥” (ਪੰ: ੧੩੪੨); “ਰਜ ਤਮ ਸਤ ਕਲ ਤੇਰੀ ਛਾਇਆ॥ ਜਨਮ ਮਰਨ ਹਉਮੈ ਦੁਖੁ ਪਾਇਆ॥” (ਪੰ: ੧੦੩੮); “ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ ਚਉਥੈ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥” (ਪੰ: ੧੧੨੩); “ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥” (ਪੰ: ੩੫੩) ਅਤੇ “ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥” (ਪੰ: ੬੯੩)।

(੫) ਸੰਸਾਰ ਕੂੜ ਅਤੇ ਭਰਮ ਹੈ: “ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥ ਕੂੜੁ ਸੋਇਨਾ ਕੂੜੁ ਰੁਪਾ ਕੂੜੁ ਪੈਨ੍ਹਣਹਾਰੁ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥’ (ਪੰ: ੪੬੮); “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੋ ਰੇ ਮੀਤ॥ (ਪੰ: ੧੪੨੮); “ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥ (ਪੰ: ੪੩੩) ਅਤੇ “ਮਾਧਵੇ ਕਿਆ ਕਹੀਐ ਭ੍ਰਮ ਐਸਾ॥ ਜੈਸਾ ਜਾਨੀਐ ਹੋਇ ਨ ਤੈਸਾ॥” (ਪੰ: ੬੫੭)।

(੬) ਸੰਸਾਰ ਵਿੱਚ ਪਰਭੂ ਦਾ ਭਾਣਾ ਵਰਤ ਰਿਹਾ ਹੈ: “ਜੋ ਕਿਛੁ ਵਰਤੈ ਸਭ ਤੇਰਾ ਭਾਣਾ॥ ਹੁਕਮੁ ਬੂਝੈ ਸੋ ਸਚਿ ਸਮਾਣਾ॥” (ਪੰ: ੧੯੩); “ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥” (ਪੰ ੨੭) ਅਤੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥” (ਪੰ: ੧)।

ਗੁਰਬਾਣੀ ਸੰਸਾਰ ਦੀ ਅਸਲੀਅਤ ਬਿਆਨ ਕਰਦੀ ਹੈ ਪਰ ਸੰਸਾਰ ਨੂੰ ਸੁਧਾਰਣ ਦਾ ਉਪਦੇਸ਼ ਨਹੀਂ ਕਰਦੀ। ਸੰਸਾਰ ਦੀ ਖੇਡ ਦੇ ਨਿਯਮ ਮਾਇਆ ਅਤੇ ਉਸ ਦੇ ਪੰਜ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਨਿਰਧਾਰਤ ਕਰਦੇ ਹਨ। ਗੁਰਬਾਣੀ ਦੇ ਫਰਮਾਨ ਹਨ: “ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ॥” (ਪੰ; ੮੫੭) ਅਤੇ “ਭੁਲਿਓ ਮਨੁ ਮਾਇਆ ਉਰਝਾਇਓ॥ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪ ਬੰਧਾਇਓ॥” (ਪੰ: ੭੦੨। ਗੁਰਬਾਣੀ ਵਿੱਚ ਕਿਤੇ ਵੀ ਸਮਾਜ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਕਿਊਂਕੇ ਸਮਾਜ ਮਨੁੱਖ ਦੀ ਕਿਰਤ ਹੈ। ਸਮਾਜ ਪਰਵਾਰਾਂ ਦਾ ਸਮੂਹ ਹੁੰਦਾ ਹੈ। ਮੌਲਕ ਰੂਪ ਵਿੱਚ ਸਮਾਜ ਪਰਵਾਰਾਂ ਦੀ ਰਖਿਆ ਅਤੇ ਰਲ ਮਿਲ ਕੇ ਅੱਛਾ ਜੀਵਨ ਬਸਰ ਕਰਨ ਦੇ ਮਨੋਰਥ ਨਾਲ ਬਣਾਈ ਸੰਸਥਾ ਹੁੰਦੀ ਹੈ। ਪਰ ਕਿਊਂਕੇ ਸਮਾਜ ਮਨੁੱਖਾ ਜੀਵਨ ਦੇ ਤਕਰੀਬਨ ਸਾਰੇ ਫੈਸਲਿਆ ਵਿੱਚ ਭਾਗੀ ਹੁੰਦਾ ਹੈ ਸਾਧਾਰਣ ਮਨੁੱਖ ਲਈ ਸਮਾਜ ਤੋਂ ਬਾਹਰ ਜੀਵਨ ਦੀ ਕਲਪਨਾ ਕਰਨੀ ਔਖੀ ਹੋ ਜਾਂਦੀ ਹੈ। ਕਈ ਸਮਾਜ ਸ਼ਾਸਤਰੀ ਤੇ ਮਨੁੱਖ ਨੂੰ ਸਮਾਜਕ ਜਾਨਵਰ ਆਖਦੇ ਹਨ। ਸਮਾਜ ਸੰਸਾਰ ਵਿੱਚ ਵੰਡੀਆਂ ਪਾ ਕੇ ਕਾਇਮ ਕੀਤੇ ਜਾਂਦੇ ਹਨ ਅਤੇ ਸਮਾਜ ਵਿੱਚ ਮਾਇਆ ਤੋਂ ਉਪਜੇ ਵਿਕਾਰਾਂ ਨੂੰ, ਜਿਵੇਂ ਈਰਖਾ, ਦਵੈਤ, ਲੋਭ, ਹਿੰਸਾ ਅਤੇ ਹੰਕਾਰ, ਕਾਬੂ ਵਿੱਚ ਰੱਖਣ ਲਈ ਕੋਈ ਕਾਰਗਰ ਢੰਗ ਨਹੀਂ ਹੁੰਦਾ, ਇਸ ਲਈ ਸਮਾਜ ਬਣਦੇ ਹੀ ਵਿਵਾਦਾਂ, ਲੜਾਈਆਂ, ਝਗੜਿਆਂ ਅਤੇ ਜੰਗਾਂ ਜੁਧਾਂ ਵਿੱਚ ਘਿਰ ਜਾਂਦੇ ਹਨ। ਸੰਸਾਰ ਦਾ ਇਤਹਾਸ ਜ਼ਿਆਦਾਤਰ ਸਭਿਆਤਵਾਂ ਅਤੇ ਸਮਾਜਾਂ ਦੇ ਜੰਗਾਂ ਜੁਧਾਂ ਦਾ ਹੀ ਇਤਹਾਸ ਹੈ। ਸਮਾਜ ਸ਼ਾਸਤਰੀਆਂ ਦੀ ਧਾਰਨਾ ਹੈ ਕਿ ਸਮਾਜ ਨੇ ਮਨੁੱਖਤਾ ਵਿੱਚ ਸਭਿਅਤਾ ਅਤੇ ਪਰਗਤੀ ਲਿਆਂਦੀ ਹੈ। ਪਰ ਆਧੁਨਿਕ ਉਨੱਤ ਸਮਝੇ ਜਾਂਦੇ ਜਾਣਕਾਰੀ ਦੇ ਯੁਗ ਵਿੱਚ ਵੀ ਦੁਨੀਆਂ ਦੇ ਸਮਾਜਾਂ ਵਿੱਚ ਸੁਤੰਤਰ ਜਨਮੇ ਲੋਕਾਂ ਦੀ ਬੁਹਗਿਣਤੀ ਗਰੀਬੀ, ਭੁਖਮਰੀ, ਬੀਮਾਰੀ, ਊਚ-ਨੀਚ ਅਤੇ ਆਪਣੇ-ਪਰਾਏ ਦਾ ਵਿਤਕਰਾ, ਮਾਨਸਕ ਤਨਾ, ਅਨਿਆਂ, ਕੈਦਖਾਨਾ, ਫਾਂਸੀ, ਕਤਲ, ਲੜਾਈ ਝਗੜਾ, ਜੰਗ, ਸਰਕਾਰਾਂ ਦਾ ਅਤਿਆਚਾਰ ਅਤੇ ਕੁਦਰਤ ਦੀ ਮਾਰ ਦਾ ਸ਼ਿਕਾਰ ਹੋ ਰਹੀ ਹੈ।

ਸਮਾਜ ਦੇ ਸੁਧਾਰ ਅਤੇ ਲੋਕਾਂ ਦੀ ਸ਼ਾਂਤੀ, ਖੁਸ਼ਹਾਲੀ, ਬੇਹਤਰੀ ਅਤੇ ਸੰਤੁਸ਼ਟੀ ਲਈ ਰਿਸ਼ੀ, ਮੁਨੀ, ਪੈਗ਼ੰਬਰ, ਫਿਲਾਸਫਰ, ਚਿੰਤਕ, ਵਿਗਿਆਨੀ, ਵਿਦਵਾਨ ਅਤੇ ਸਮਾਜ ਸੁਧਾਰਕ ਹਜ਼ਾਰਾਂ ਸਾਲਾਂ ਤੋਂ ਭਰਪੂਰ ਜਤਨ ਕਰਦੇ ਆ ਰਹੇ ਹਨ। ਇਸ ਦੇ ਬਾਵਜੂਦ ਦੁਨੀਆ ਦੇ ਹਰ ਖਿਤੇ ਵਿੱਚ ਲੋਕਾਂ ਦੀ ਬੁਹਗਿਣਤੀ ਅੱਜ ਵੀ ਅਸ਼ਾਂਤੀ, ਹਿੰਸਾ, ਅਤਿਆਚਾਰ, ਅਨਿਆਂ ਅਤੇ ਗਰੀਬੀ ਨਾਲ ਜੂਝ ਰਹੀ ਹੈ।

ਪੱਛਮ ਵਿੱਚ ਸਮਾਜ ਸੁਧਾਰ ਬਾਰੇ ਬਹੁਤ ਡੂੰਘੀ, ਲੰਮੀ ਅਤੇ ਵਿਸਥਾਰ ਪੂਰਬਕ ਵਿਚਾਰ ਚਰਚਾ ਹੋਈ ਹੈ। ਪੁਨਰ ਜਾਗਰਤੀ ਕਾਲ ਵਿੱਚ ਸਮਾਜ ਬਾਰੇ ਚਰਚਾ ਜੀਨ ਬੋਡਿਨ (੧੫੩੦-੧੫੯੬) ਵਲੋਂ ਸਮਾਜ ਵਿੱਚ ਪਰਭੁਤਾ ਹੋਣ ਦੇ ਵਿਚਾਰ ਤੋਂ ਅਰੰਭ ਹੋਈ ਸੀ। ਫਿਰ ਤੇ ਪੱਛਮ ਦੇ ਸਾਰੇ ਹੀ ਪਰਸਿੱਧ ਚਿੰਤਕ ਸਮਾਜ ਬਾਰੇ ਵਿਚਾਰ ਚਰਚਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਸਦੀਆਂ ਬੱਧੇ ਵਿਚਾਰ ਵਟਾਂਦਰੇ ਵਿੱਚ ਉਨ੍ਹਾਂ ਵਲੋਂ ਕਈ ਨਵੇਂ ਸਿਧਾਂਤ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਵਿੱਚ ਸਮਾਜਕ ਇਕਰਾਰਨਾਮਾ (Social Contract), ਸਜੀਵੀ (Organic) ਸਿਧਾਂਤ, ਹੁਕਮ (Will) ਸਿਧਾਂਤ, ਅਰਾਜਕਤਾਵਾਦ (Anarchism), ਕਾਮਿਆਂ ਦੀ ਤਾਨਾਸ਼ਾਹੀ (Dictatorship of the Proletariat), ਆਦਿ ਮਹਤੱਵਪੂਰਨ ਹਨ। ਸਮਾਜ ਬਾਰੇ ਵਿਭਿੰਨ ਪਰਸਤਾਵਤ ਵਿਚਾਰਾਂ ਵਿਚੋਂ ਇਹ ਵਿਚਾਰ ਵਰਨਨਯੋਗ ਹਨ: (੧) ਸਮਾਜ ਲੋਕਾਂ ਦੀ ਮਰਜ਼ੀ ਨਾਲ ਬਣਿਆ ਹੈ; (੨) ਸਮਾਜ ਅਸੀਮ ਸ਼ਕਤੀ ਦਾ ਮਾਲਕ ਹੈ; (੩) ਸਮਾਜ ਇੱਕ ਜੇਲ੍ਹਖਾਨਾ ਹੈ; (੪) ਸਮਾਜ ਪਰਭੂ ਦੇ ਹੁਕਮ ਵਿੱਚ ਬਣਿਆ ਹੈ; (੫) ਸਮਾਜ ਇੱਕ ਜੀਵਤ ਅਸਤਿੱਤਵ ਹੈ; (੬) ਸਮਾਜ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਹੁੰਦੀ ਹੈ (Greatest good of the greatest number), ਸਮਾਜ ਵਿੱਚ ਹਰ ਕੋਈ ਆਪਣੀ ਯੋਗਤਾ ਅਨੁਸਾਰ ਕੰਮ ਕਰੇ ਅਤੇ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ। (From each according to his ability to each according to his needs), ਆਦਿ।

ਕਈ ਮਾਨਵ ਵਿਗਿਆਨੀਆਂ ਨੇ ਆਦਿਵਾਸੀ ਸਮਾਜਾਂ ਵਿੱਚ ਰਹਿ ਕੇ ਉਨ੍ਹਾਂ ਦੇ ਜੀਵਨ ਢੰਗ ਦੇ ਅਧਿਐਨ ਕੀਤੇ ਹਨ। ਮਾਨਵ ਵਿਗਿਆਨੀਆਂ ਅਨੁਸਾਰ ਕਈ ਆਦਿਵਾਸੀ ਸਮਾਜਾਂ ਵਿੱਚ ਈਰਖਾ, ਲੋਭ, ਵੈਰ ਅਤੇ ਹਿੰਸਾ ਦੀ ਅਣਹੋਂਦ ਸੀ ਅਤੇ ਉਹ ਆਦਿਵਾਸੀ ਸਮਾਜ ਸ਼ਾਂਤੀ ਨਾਲ ਸੁਖੀ ਜੀਵਨ ਬਤੀਤ ਕਰਦੇ ਸਨ। ਮਨੁੱਖੀ ਸਮਾਜਾਂ ਵਿੱਚ ਬਹੁਤ ਵਿਲਖਣਤਾ ਵੀ ਵੇਖਣ ਨੂੰ ਮਿਲਦੀ ਹੈ, ਜਿਵੇਂ ਇਸਲਾਮੀ ਸ਼ਰ੍ਹਾ ਅਨੁਸਾਰ ਮਰਦ ਇੱਕ ਤੋਂ ਵੱਧ ਸ਼ਾਦੀਆਂ ਕਰ ਸਕਦਾ ਹੈ, ਤਿਬੱਤ ਦੇ ਕਈ ਕਬੀਲਿਆਂ ਵਿੱਚ ਇਸਤ੍ਰੀ, ਦਰੋਪਦੀ ਵਾਂਗ, ਇੱਕ ਤੋਂ ਵੱਧ ਪਤੀ ਰੱਖ ਸਕਦੀ ਸੀ। ਕੇਰਲਾ ਦੇ ਨਾਇਰ ਭਾਈਚਾਰੇ ਵਿੱਚ ਇਸਤਰੀਆਂ ਪਰਵਾਰਕ ਸੰਪੱਤੀ ਦੀਆਂ ਮਾਲਕ ਹੁੰਦੀਆਂ ਸਨ, ਮਿਸਰ ਦੇ ਰਾਜ ਘਰਾਣਿਆਂ ਵਿੱਚ ਰਾਜ ਨੂੰ ਪਰਵਾਰ ਤਕ ਸੀਮਤ ਰੱਖਣ ਲਈ ਭੈਣ ਭਰਾ ਵਿਆਹ ਕਰ ਲੈਂਦੇ ਸਨ, ਆਦਿ। ਕਈ ਮਹਾਂਪੁਰਸ਼ਾਂ ਨੇ ਵੱਡੀਆਂ ਘਾਲਣਾ ਘਾਲ ਅਤੇ ਅਸਹਿ ਕਸ਼ਟ ਸਹਿ ਕੇ ਮਾਨਵਤਾ ਦੀ ਭਲਾਈ ਲਈ ਵੱਡਮੁਲੇ ਕੰਮ ਕੀਤੇ ਹਨ ਪਰ ਸਿਕੰਦਰ, ਚੰਗੇਜ਼ ਖਾਨ, ਹਲਾਕੂ, ਤੈਮੂਰ, ਨਿਪੋਲੀਅਨ, ਹਿਟਲਰ ਅਤੇ ਹੋਰ ਕਈ ਅਮਾਨਵੀ ਵਿਅਕਤੀਆਂ ਅਤੇ ਟੋਲਿਆਂ ਨੇ ਸੰਸਾਰ ਨੂੰ ਆਪਣੇ ਅਧੀਨ ਕਰਨ ਲਈ ਮਨੁੱਖਤਾ ਦਾ ਵਿਨਾਸ਼ ਕੀਤਾ ਹੈ। ਸਮਾਜ ਸੁਧਾਰ ਦੇ ਮਨੋਰਥ ਬਾਰੇ ਵੀ ਵਿਭਿੰਨ ਸਮਾਜਾਂ ਵਿੱਚ ਅਸਹਿਮਤੀ ਪਾਈ ਜਾਂਦੀ ਹੈ। ਪੱਛਮ ਵਿੱਚ ਸਮਾਜ ਸੁਧਾਰ ਦੀਆਂ ਕਈ ਲਹਿਰਾਂ ਵੀ ਚੱਲੀਆਂ ਸਨ ਜਿਨ੍ਹਾਂ ਵਿਚੋਂ ਕਾਰਲ ਮਾਰਕਸ (Karl Marx) ਵਲੋਂ ਚਲਾਈ ਕੌਮਯੂਨਿਸਟ ਲਹਿਰ ਨੇ ਸਾਰੇ ਸਮਾਜਾਂ ਨੂੰ ਪਰਭਾਵਤ ਕੀਤਾ ਹੈ।

ਭਾਰਤ ਵਿੱਚ ਭਗਤੀ ਲਹਿਰ, ਸਿੰਘ ਸਭਾਵਾਂ, ਵਿਵੇਕਾਨੰਦ, ਔਰਬਿੰਦੋ, ਟੈਗੋਰ, ਅੰਬੇਦਕਰ, ਮੁਹੱਮਦ ਇਕਬਾਲ ਅਤੇ ਗਾਂਧੀ ਦੇ ਵਿਚਾਰਾਂ ਨੇ ਸਮਾਜ ਨੂੰ ਕਾਫੀ ਪਰਭਾਵਤ ਕੀਤਾ ਹੈ। ਪੰਜਾਬ ਵਿੱਚ ਗੁਰਬਾਣੀ ਪਰਚਾਰ ਦਾ ਪਰਵਾਹ ਸਦੀਆਂ ਤੋਂ ਚਲ ਰਿਹਾ ਹੈ ਅਤੇ ਹੁਣ ਰੇਡੀਓ, ਟੈਲੀਵੀਜ਼ਨ, ਲਾਉਡ ਸਪੀਕਰ, ਇਨਟਰਨੈਟ, ਫੇਸਬੁਕ ਅਤੇ ਵਿਦਵਾਨਾਂ ਦੀਆਂ ਲਿਖਤਾਂ ਨੇ ਉਸ ਪਰਚਾਰ ਵਿੱਚ ਬਹੁਤ ਵਾਧਾ ਕਰ ਦਿੱਤਾ ਹੈ। ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਨੇ ਵੀ ਸ਼ੁਰੂ ਸ਼ੁਰੂ ਵਿੱਚ ਸਿੱਖ ਸ਼ਰਧਾਲੂਆਂ ਦੇ ਜੀਵਨ ਵਿੱਚ ਸੁਧਾਰ ਲਿਆਂਦਾ ਸੀ ਪਰ ਸੁਆਰਥੀ ਲੋਕਾਂ ਨੇ ਉਨ੍ਹਾਂ ਲਹਿਰਾਂ ਨੂੰ ਕੁਰਾਹੇ ਪਾ ਦਿੱਤਾ। ਸਮਾਜ ਸੁਧਾਰ ਦੀਆਂ ਅਨਗਿਣਤ ਗਤੀਵਿਧੀਆਂ ਨੇ ਸਮਾਜ ਵਿੱਚ ਭਾਰੀ ਬਦਲਾਓ ਤੇ ਲੈ ਆਂਦਾ ਹੈ ਪਰ ਇਹ ਬਦਲਾਓ ਸਮਾਜ ਸੁਧਾਰ ਦਾ ਰੂਪ ਧਾਰਨ ਕਰਕੇ ਲੋਕਾਂ ਵਿੱਚ ਸ਼ਾਂਤੀ, ਨੈਤਕਤਾ, ਸਬਰ, ਸੰਤੋਖ ਅਤੇ ਖੁਸ਼ਹਾਲੀ ਦੀ ਭਾਵਨਾ ਪੈਦਾ ਕਰਨ ਦੇ ਸਮਰਥ ਨਹੀਂ ਹੋ ਸਕਿਆ ਹੈ। ਇਸ ਤੋਂ ਤੇ ਇਹੋ ਸਿੱਧ ਹੁੰਦਾ ਹੈ ਕਿ ਜਿਸ ਮਨੋਰਥ ਲਈ ਮਨੁੱਖ ਨੇ ਸਮਾਜ ਸਿਰਜਿਆ ਸੀ ਉਸ ਵਿੱਚ ਉਹ ਸਫਲ ਨਹੀਂ ਹੋਇਆ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮਨੁੱਖ ਵਿੱਚ ਸਮਾਜ ਜਾਂ ਸੰਸਾਰ ਨੂੰ ਬਦਲਣ ਦੀ ਯੋਗਤਾ ਤੇ ਹੈ ਪਰ ਉਸ ਨੂੰ ਸੁਧਾਰਨ ਦੀ ਯੋਗਤਾ ਨਹੀਂ ਹੈ।

ਗੁਰਬਾਣੀ ਸਮਾਜ ਸੁਧਾਰ ਦੀ ਗੱਲ ਨਹੀਂ ਕਰਦੀ ਅਤੇ ਸੰਸਾਰ ਨੂੰ, ਜਿਸ ਦੇ ਸਾਰੇ ਸਮਾਜ ਭਾਗ ਹਨ, ਮਾਇਆ ਦੀ ਖੇਡ ਦਾ ਪਿੜ ਆਖਦੀ ਹੈ। ਮਾਇਆ ਪਰਭੂ ਨੇ ਆਪ ਬਣਾਈ ਹੈ ਅਤੇ ਮਨੁੱਖ ਵਿੱਚ ਮਾਇਆ ਨੂੰ ਮਿਟਾਉਣ ਜਾਂ ਇਸ ਦੇ ਪਰਭਾਵ ਨੂੰ ਬਦਲਣ ਦੀ ਸਮਰਥਾ ਨਹੀਂ ਹੈ। ਗੁਰਬਾਣੀ ਮਾਨਵਤਾ ਨੂੰ ਸੰਸਾਰ ਦੀ ਅਸਲੀਅਤ ਤੋਂ ਜਾਣੂ ਕਰਵਾ ਕੇ ਮਨੁੱਖਾ ਜੀਵਨ ਦੇ ਮਨੋਰਥ ਅਤੇ ਉਸ ਮਨੋਰਥ ਦੀ ਪ੍ਰਾਪਤੀ ਦੀ ਵਿੱਧੀ ਦਾ ਗਿਆਨ ਪਰਦਾਨ ਕਰਦੀ ਹੈ। ਗੁਰਬਾਣੀ ਦਾ ਮੂਲ ਸਿਧਾਂਤ ਇਹ ਹੈ ਕਿ ਜੀਵਨ ਦੇ ਮਨੋਰਥ ਦੀ ਪ੍ਰਾਪਤੀ ਲਈ ਮਨੁੱਖਾ ਮਨ ਨੂੰ ਸੰਸਾਰਕ ਇਛਾਵਾਂ ਦਾ ਤਿਆਗ ਕਰਕੇ ਪਰਭੂ ਦੇ ਹੁਕਮ ਵਿੱਚ ਚਲਣਾ ਚਾਹੀਦਾ ਹੈ। ਪਰ ਐਸਾ ਕਰਨਾ ਮਨੁੱਖ ਦੇ ਵਸ ਵਿੱਚ ਨਹੀਂ ਹੁੰਦਾ ਕਿਊਂਕੇ ਮਨ, ਜਿਸ ਨੇ ਇਹ ਕਰਨਾ ਹੈ, ਮਨੁੱਖ ਦੇ ਅਧੀਨ ਨਹੀਂ ਹੈ। ਮਨ ਤੇ ਆਪਣੀ ਮਰਜ਼ੀ ਦਾ ਮਾਲਕ ਹੈ। ਗੁਰਬਾਣੀ ਦਾ ਕਥਨ ਹੈ: “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪ ਕੂਏ ਪਰੈ॥” (ਪੰ: ੧੩੭੬)। ਕਬੀਰ ਸਾਹਿਬ ਮਨ ਅਤੇ ਬੁੱਧੀ ਦੇ ਸਬੰਧ ਅਤੇ ਅੰਤਰ ਨੂੰ ਸਪਸ਼ਟ ਕਰਦੇ ਹਨ। ਬੁੱਧੀ ਵਿੱਚ ਜਾਨਣ ਦੀ ਯੋਗਤਾ ਹੈ ਪਰ ਨਿਰਨਾ ਲੈਣ ਦੀ ਯੋਗਤਾ ਨਹੀਂ ਹੈ। ਨਿਰਨਾ ਕੇਵਲ ਮਨ ਹੀ ਲੈ ਸਕਦਾ ਹੈ। ਮਨ ਅਤੇ ਬੁੱਧੀ ਦੋ ਵਖਰੇ ਅਸਤਿੱਤਵ ਹਨ। ਬੁੱਧੀ ਮਨੁੱਖਾ ਸਰੀਰ ਦਾ ਭਾਗ ਹੈ ਅਤੇ ਸਰੀਰ ਵਾਂਗ ਨਾਸ਼ਵਾਨ ਹੈ। ਪਰ ਮਨ ਜੋਤਿ ਸਰੂਪ ਹੈ ਅਤੇ ਸਰੀਰ ਵਿੱਚ ਰਹਿੰਦੇ ਹੋਏ ਵੀ ਸਰੀਰ ਦਾ ਪਦਾਰਥਕ ਭਾਗ ਨਹੀਂ ਹੈ। ਮਨ ਅਬਨਾਸੀ ਹੈ। ਸਰੀਰ ਦੀ ਮੌਤ ਹੋਣ ਨਾਲ ਮਨ ਦੀ ਮੌਤ ਨਹੀਂ ਹੁੰਦੀ। ਇਸੇ ਲਈ ਬਹੁਤੇ ਵਿਗਿਆਨੀ ਮਨ ਦੇ ਸੰਕਲਪ ਨੂੰ ਪਰਵਾਨ ਕਰਨੋਂ ਝਿਜਕਦੇ ਹਨ। ਮਨ ਬੁੱਧੀ ਦੇ ਅਧੀਨ ਨਹੀਂ ਹੈ। ਬੁੱਧੀ ਮਨ ਨੂੰ ਪਰਭਾਵਤ ਕਰਨ ਦਾ ਜਤਨ ਕਰਦੀ ਹੈ ਪਰ ਮਨ ਉਹੋ ਕਰਦਾ ਹੈ ਜੋ ਕੁਦਰਤ ਦੇ ਨਿਯਮਾਂ ਅਨੁਸਾਰ ਉਸ ਨੂੰ ਹੁਕਮ ਹੋਇਆ ਹੁੰਦਾ ਹੈ, ਜਿਸ ਨੂੰ ਗੁਰਬਾਣੀ ਭਾਗ ਜਾਂ ਕਰਮ ਆਖਦੀ ਹੈ: “ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥” (ਪੰ: ੧੨੪੧)। ਬੁੱਧੀ ਸੰਸਾਰਕ ਜਾਣਕਾਰੀ ਪ੍ਰਾਪਤ ਕਰਨਯੋਗ ਹੈ ਪਰ ਅਧਿਆਤਮਕ ਗਿਆਨ ਜਾਂ ਪਰਭੂ ਦੇ ਹੁਕਮ ਨੂੰ ਬੁਝਣਯੋਗ ਨਹੀਂ ਹੈ। ਗੁਰਬਾਣੀ ਦਾ ਕਥਨ ਹੈ: “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ” (ਪੰ: ੧੪੮)। ਅਧਿਆਤਮਕ ਗਿਆਨ ਪ੍ਰਾਪਤ ਕਰਨ ਜਾਂ ਪਰਭੂ ਦੇ ਹੁਕਮ ਨੂੰ ਬੁਝਣ ਦੀ ਯੋਗਤਾ ਕੇਵਲ ਮਨ ਵਿੱਚ ਹੈ ਜੇਕਰ ਮਨ ਬਾਹਰ ਦੀ ਭਟਕਣਾ ਛੱਡ ਕੇ ਆਪਣੇ ਅੰਦਰ ਪਰਭੂ ਨੂੰ ਮਿਲਣ ਜਾਂ ਵੇਖਣ ਲਈ ਉਤਸੁਕ ਹੋ ਕੇ ਪਰਭੂ ਅੱਗੇ ਆਪਣੀ ਇੱਛਾ ਪੂਰਤੀ ਦੀ ਅਰਦਾਸ ਕਰੇ। ਪਰਭੂ ਦੀ ਕਿਰਪਾ ਹੋਣ ਤੇ ਹੀ ਮਨ ਤ੍ਰੈਗੁਣੀ ਸੰਸਾਰ ਤੋਂ ਉਪਰ ਉਠ ਕੇ ਚੌਥੇ ਪਦ ਵਿੱਚ ਪ੍ਰਵੇਸ਼ ਕਰਨ ਦੇ ਸਮਰਥ ਹੁੰਦਾ ਹੈ ਅਤੇ ਪਰਭੂ ਦੀ ਕਿਰਪਾ ਦਰਿਸ਼ਟੀ ਦਾ ਪਾਤਰ ਬਣਦਾ ਹੈ। ਮਾਇਆ ਦੇ ਪਰਭਾਵ ਤੋਂ ਮੁਕਤ ਬ੍ਰਹਮ ਗਿਆਨੀ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਅਤੇ ਜੋ ਚੌਥੇ ਪਦ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਸੰਸਾਰ ਵਿੱਚ ਵਿਰਲੇ ਹੁੰਦੇ ਹਨ। ਭਾਵੇਂ ਗੁਰਮੁੱਖ ਬ੍ਰਹਮ ਗਿਆਨੀ ਵਿਰਲੇ ਹੁੰਦੇ ਹਨ ਪਰ ਗੁਰਬਾਣੀ ਸਾਰੀ ਮਨੁੱਖਤਾ ਨੂੰ ਹੀ ਪਰਭੂ ਦੀ ਬਖਸ਼ਿਸ਼ ਦੇ ਯੋਗ ਬਨਣ ਲਈ ਗੁਰਮਤਿ ਮਾਰਗ ਦੇ ਪਾਂਧੀ ਬਨਣ ਲਈ ਪਰੇਰਤ ਕਰਦੀ ਹੈ। ਗੁਰਮਤਿ ਮਾਰਗ ਦੇ ਪਾਂਧੀ ਬਨਣ ਲਈ ਗੁਰਬਾਣੀ ਸੰਸਾਰਕ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਕਰਦੀ ਹੈ ਕਿਊਂਕੇ “ਵਿਣੁ ਗੁਣ ਕੀਤੇ ਭਗਤਿ ਨ ਹੋਇ॥” (ਪੰ: ੪)। ਜਿਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਮਨੁੱਖ ਆਪਣੇ ਮਨ ਨੂੰ ਸਾਧਣ ਦੇ ਸਮਰਥ ਬਣ ਸਕਦਾ ਹੈ ਉਨ੍ਹਾਂ ਬਾਰੇ ਗੁਰਬਾਣੀ ਦੇ ਕੁੱਝ ਕਥਨ ਇਸ ਪਰਕਾਰ ਹਨ:

(੧) ਨਿਮ੍ਰਤਾ: “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ॥ (ਪੰ: ੪੭੦); “ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ” (ਪੰ: ੯੯੧) ਅਤੇ “ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ॥ ਐਸਾ ਕੋਈ ਦਾਸੁ ਹੁਇ ਤਾਹਿ ਮਿਲੈ ਭਗਵਾਨੁ॥ ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ॥ ਕਬੀਰ ਖੇਹ ਹੂਈ ਤਉ ਕਿਆ ਭਇਆ ਜੋ ਉਡਿ ਲਾਗੈ ਅੰਗ॥ ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ॥ ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥” ਪੰ: ੧੩੭੦)।

(੨) ਸਹਿਨਸ਼ੀਲਤਾ: “ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਘੁੰਮਿ॥ ਆਪਨੜੇ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥ (ਪੰ: ੧੩੭੮); “ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ॥ (ਪੰ: ੧੨੫੩) ਅਤੇ “ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥ ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥” (ਪੰ: ੧੪੭)।

(੩) ਨਿਰਵੈਰਤਾ : “ਵਵਾ ਵੈਰੁ ਨ ਕਰੀਐ ਕਾਹੂ॥ ਘਟ ਘਟ ਅੰਤਰਿ ਬ੍ਰਹਮ ਸਮਾਹੂ॥” (ਪੰ: ੨੫੯); “ਸਭੇ ਸਾਂਝੀਵਾਲ ਸਦਾਇਨਿ ਤੂ ਕਿਸੈ ਨ ਦਿਸਹਿ ਬਾਹਰਾ ਜੀਉ॥” (ਪੰ: ੯੭) ਅਤੇ “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨ ਆਈ॥” (ਪੰ: ੧੨੯੯)।

(੪) ਮਨੁੱਖੀ ਬਰਬਰੀ: “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭਿ ਮਹਿ ਚਾਨਣੁ ਹੋਇ॥” (ਪੰ: ੬੬੩); “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥” (ਪ: ੧੩੪੯) ਅਤੇ “ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥” (ਪੰ: ੧੩੮੦)

(੫) ਜੀਵਨ ਜੁਗਤ: “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥” (ਪੰ: ੪੭੪); “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦੀਆ ਤੂੰ ਪ੍ਰਭੂ ਮਿਲੂ ਨਾਨਕ ਉਤਰੀ ਚਿੰਤ॥” (ਪੰ: ੫੨੨); “ਅਗਾਹਾ ਕੁ ਤ੍ਰਾਘਿ ਪਿਛਾ ਫੇਰ ਨ ਮੁਹਡੜਾ॥” (ਪੰ: ੧੦੯੬) “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣੈ ਸੇਇ॥” (ਪੰ: ੧੨੪੫); “ਕੁਦਰਤਿ ਕਰਿ ਕੇ ਵਸਿਆ ਸੋਇ॥ ਵਖਤੁ ਵੀਚਾਰੇ ਸੁ ਬੰਦਾ ਹੋਇ॥” (ਪੰ: ੮੪); “ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥ ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥” (ਪੰ: ੪੭੩); ‘ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚ ਸਦਾਈਐ॥” (ਪੰ: ੪੬੫); “ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸ ਗਾਇ॥” (ਪੰ: ੧੪੧); “ਕੂੜਾ ਲਾਲਚ ਛਡੀਐ ਤਉ ਸਾਚੁ ਪਛਾਣੈ”॥ (ਪੰ: ੪੧੯); “ਸਤ ਸੰਤੋਖਿ ਰਹਹੁ ਜਨ ਭਾਈ॥ ਖਿਮਾ ਗਹਹੁ ਸਤਿਗੁਰ ਸਰਣਾਈ॥ ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ॥” (ਪੰ: ੧੦੩੦); “ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰੁ॥” (ਪੰ: ੬੨) ਅਤੇ “ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ॥ ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ॥” (ਪੰ: ੧੩੭੧)।

(੬) ਸਿਮਰਨ ਅਤੇ ਅੰਤਰ ਖੋਜ: “ਖਾਣਾ ਪੀਣਾ ਹਸਣਾ ਬਾਦਿ॥ ਜਬ ਲਗੁ ਰਿਦੈ ਨ ਆਵਹਿ ਯਾਦਿ॥” (ਪੰ: ੩੫੧); “ਮਤਿ ਵਿਚਿ ਰਤਨ ਜਵਾਹਰ ਮਾਣਿਕ॥ ਜੇ ਇੱਕ ਗੁਰ ਕੀ ਸਿਖ ਸੁਣੀ॥ (ਪੰ: ੨); “ਬੰਦੇ ਖੋਜੁ ਦਿਲ ਹਰ ਰੋਜ ਨ ਫਿਰੁ ਪਰੇਸਾਨੀ ਮਾਹਿ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥” (ਪੰ: ੭੨੭) ਅਤੇ “ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ॥ ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ॥ ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ॥” (ਪੰ: ੧੨੮੮)।

(੭) ਗਿਆਨ: “ਕੁੰਭੇ ਬਧਾ ਜਲ ਰਹੈ ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨ ਹੋਇ॥” (ਪੰ: ੪੬੯) ਅਤੇ “ਗਿਆਨ ਨ ਗਲੀਈਂ ਢੂਢੀਐ ਕਥਨਾ ਕਰੜਾ ਸਾਰੁ॥ ਕਰਮਿ ਮਿਲੈ ਤ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥” (ਪੰ: ੪੬੫)।

(੮) ਸੇਵਾ: “ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕੁਹ ਨਾਨਕ ਬਾਹ ਲੁਡਾਈਐ॥” (ਪੰ: ੨੬) ਅਤੇ “ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਨੀ ਸਾਰੀ॥” (ਪੰ: ੯੯੨)।

(੯) ਖਿਮਾ ਅਤੇ ਦਇਆ: “ਜਹਾ ਗਿਆਨ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲ ਹੈ ਜਹਾ ਖਿਮਾ ਤਹ ਆਪਿ॥” (ਪੰ: ੧੩੭੨); “ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ॥ ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ॥” (ਪੰ: ੯੩੭) ਅਤੇ “ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਨਸ ਪਰਧਾਨ॥” (ਪੰ: ੧੨੪੫)।

(੧੦) ਸਬਰ ਸੰਤੋਖ: “ਜੇਤਾ ਦੇਹਿ ਤੇਤਾ ਹਉ ਖਾਉ॥ ਬਿਆ ਦਰੁ ਨਾਹੀ ਕੈ ਦਰਿ ਜਾਉ॥” (ਪੰ: ੨੫)।

ਗੁਰਬਾਣੀ ਵਿੱਚ ਦੱਸੇ ਗੁਣਾਂ ਨੂੰ ਧਾਰਨ ਕਰਨ ਨਾਲ ਵਿਅਕਤੀ ਦੇ ਜੀਵਨ ਵਿੱਚ ਪਰਿਵਰਤਨ ਆ ਜਾਣਾ ਸੁਭਾਵਕ ਹੈ। ਐਸੇ ਵਿਅਕਤੀ ਤੋਂ ਆਮ ਲੋਕ ਬਹੁਤ ਪਰਭਾਵਤ ਹੁੰਦੇ ਹਨ। ਅਜਿਹੇ ਵਿਅਕਤੀ ਦੀ ਹੋਂਦ ਸਮਾਜਕ ਵਾਤਾਵਰਣ ਵਿੱਚ ਮਾਨਵੀ ਕਦਰਾਂ ਕੀਮਤਾਂ ਲਈ ਸਤਿਕਾਰ ਪੈਦਾ ਕਰਦੀ ਹੈ। ਗੁਰਬਾਣੀ ਦਾ ਫਰਮਾਨ ਹੈ: “ਲੋਹਾ ਪਾਰਸਿ ਭੇਟੀਐ ਕੰਚਨ ਹੋਇ ਆਇਆ॥” (ਪੰ: ੧੨੪) ਅਤੇ “ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲ ਪਤਿਤ ਪਰਵਾਣੁ॥” (ਪੰ: ੮੬੧)। ਗੁਰਬਾਣੀ ਉਪਦੇਸ਼ ਅਨੁਸਾਰ ਆਪਣਾ ਜੀਵਨ ਢਾਲਣ ਵਾਲਾ ਵਿਅਕਤੀ ਸਮਾਜਕ ਵਾਤਾਵਰਣ ਵਿੱਚ ਸੁਧਾਰ ਲਿਆਉਣ ਦੇ ਸਮਰਥ ਹੋ ਜਾਂਦਾ ਹੈ ਪਰ ਸਮਾਜ ਵਿੱਚ ਇਹ ਯੋਗਤਾ ਨਹੀਂ ਹੁੰਦੀ ਕਿ ਉਹ ਆਪਣੇ ਆਪ ਨੂੰ ਜਾਂ ਲੋਕਾਂ ਨੂੰ ਸੁਧਾਰ ਸਕੇ। ਇਸ ਲਈ ਗੁਰਬਾਣੀ ਹਰ ਵਿਅਕਤੀ ਨੂੰ ਆਪਣੇ ਨਿੱਜੀ ਜੀਵਨ ਵਿੱਚ ਸੁਧਾਰ ਲਿਆਉਣ ਲਈ ਪਰੇਰਤ ਕਰਦੀ ਹੈ ਤਾਂ ਜੋ ਸਮਾਜ ਵਿੱਚ ਸ਼ਾਂਤੀ ਅਤੇ ਨੈਤਕ ਕਦਰਾਂ ਕੀਮਤਾਂ ਲਈ ਸਤਿਕਾਰ ਪੈਦਾ ਹੋ ਸਕੇ॥ ਵਾਸਤਵ ਵਿੱਚ ਸਮਾਜ ਵਿਅਕਤੀਆਂ ਦਾ ਸਮੂਹ ਹੀ ਤੇ ਹੁੰਦਾ ਹੈ ਅਤੇ ਗੁਣਵਾਨ ਵਿਅਕਤੀਆਂ ਦੀ ਗਿਣਤੀ ਵਧਣ ਨਾਲ ਸਮਾਜ ਵਿੱਚ ਸੁਧਾਰ ਹੋਣਾ ਅੱਵਸ਼ਕ ਹੈ।




.