.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-16)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-15 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

===========

ਸਲੋਕ ਮਹਲਾ ੪ (੩੧੫-੩੧੬)

ਤਪਾ ਨਾ ਹੋਵੇ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ।।

ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ

ਪਿਛੋ ਦੇ ਪਛਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ।।

ਪੰਚ ਲੋਕ ਸਭਿ ਹਸਣ ਲਗੈ ਤਪਾ ਲੋਭਿ ਲਹਰਿ ਹੈ ਗਾਲਿਆ।।

ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੇ ਨਾਹੀ

ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ।।

ਭਾਈ ਏਹੁ ਤਪਾ ਨਾ ਹੋਵੀ ਬਗੁਲਾ ਹੈ

ਬਹਿ ਸਾਧ ਜਨਾ ਵੀਚਾਰਿਆ।।

ਸਤ ਪੁਰਖੁ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤਿ ਵਿਚਿ ਹੋਵੈ

ਏਤੁ ਦੋਖੈ ਤਪਾ ਦਯਿ ਮਾਰਿਆ।।

ਮਹਾਪੁਰਖਾ ਦੀ ਨਿੰਦਾ ਕਾ ਵੇਖੁ ਜਿ ਤਪੈ ਨੋ ਫਲੁ ਲਗਾ

ਸਭੁ ਗਇਆ ਤਪੈ ਕਾ ਘਾਲਿਆ।।

ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ।।

ਅੰਦਰਿ ਬਹੈ ਤਪਾ ਪਾਪ ਕਮਾਏ।।

ਹਰਿ ਅੰਦਰਲਾ ਪਾਪ ਪੰਚਾਂ ਨੂੰ ਉਘਾ ਕਰਿ ਵੇਖਾਲਿਆ।।

ਧਰਮ ਰਾਇ ਜਮਕੰਕਰਾ ਨੂੰ ਆਖਿ ਛਡਿਆ

ਏਸੁ ਤਪੇ ਨੋ ਤਿਥੈ ਖੜਿ ਪਾਇਹੁ

ਜਿਥੈ ਮਹਾ ਮਹਾ ਹਤਿਆਰਿਆ।।

ਫਿਰਿ ਏਸੁ ਤਪੈ ਦੈ ਮੁਹਿ ਕੋਈ ਲਗਹੁ ਨਾਹੀ

ਏਹੁ ਸਤਿਗੁਰਿ ਹੈ ਫਿਟਕਾਰਿਆ।।

ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ

ਸੋ ਬੁਝੈ ਜੁ ਦਯਿ ਸਵਾਰਿਆ।।

(ਗਉੜੀ ਕੀ ਵਾਰ ਮਹਲਾ ੪- ਪਉੜੀ ੩੦ ਸਲੋਕ ੧)

ਸਤਿਗੁਰੂ ਨਾਨਕ ਦੇਵ ਸਾਹਿਬ ਵਲੋਂ ਚਲਾਏ ਗਏ ਸਿੱਖ ਧਰਮ ਨੂੰ ਵੱਧ ਤੋਂ ਵੱਧ ਮਾਨਵਤਾ ਦੇ ਕਲਿਆਣ ਹਿਤ ਪ੍ਰਚਾਰਣ ਵਾਸਤੇ ਬਹੁਤ ਯੋਜਨਾਬੱਧ ਤਰੀਕੇ ਨਾਲ ਗੁਰਮਤਿ ਪ੍ਰਚਾਰ-ਪਸਾਰ ਦੇ ਕਾਰਜ ਕੀਤੇ ਗਏ। ਇਹਨਾਂ ਵਿਚੋਂ ਇੱਕ ਪ੍ਰਮੁੱਖ ਕਾਰਜ ਸੀ ਕਿ ਗੁਰੂ ਸਾਹਿਬਾਨ ਵਲੋਂ ਆਪਣੇ-ਆਪਣੇ ਗੁਰਿਆਈ ਕਾਲ ਦੌਰਾਨ ਵੱਖ-ਵੱਖ ਨਗਰਾਂ ਨੂੰ ਪ੍ਰਚਾਰ ਕੇਂਦਰ, ਸਿੱਖ ਕੇਂਦਰ ਵਜੋਂ ਵਿਕਸਿਤ ਕੀਤਾ ਗਿਆ। ਜਿਵੇਂ ਪਹਿਲੇ ਗੁਰੂ ਨਾਨਕ ਸਾਹਿਬ ਨੇ (ਕਰਤਾਰਪੁਰ -ਪਾਕਿਸਤਾਨ) ਗੁਰੂ ਅੰਗਦ ਦੇਵ ਜੀ (ਖਡੂਰ ਸਾਹਿਬ) ਗੁਰੂ ਅਮਰਦਾਸ ਜੀ (ਗੋਇੰਦਵਾਲ ਸਾਹਿਬ) ਗੁਰੂ ਰਾਮਦਾਸ ਜੀ (ਸ੍ਰੀ ਅੰਮ੍ਰਿਤਸਰ ਸਾਹਿਬ) ਗੁਰੂ ਅਰਜਨ ਦੇਵ ਜੀ (ਤਰਨਤਾਰਨ ਸਾਹਿਬ) ਗੁਰੂ ਹਰਗੋਬਿੰਦ ਜੀ (ਕੀਰਤਪੁਰ ਸਾਹਿਬ) ਗੁਰੂ ਤੇਗ ਬਹਾਦਰ ਜੀ (ਚੱਕ ਨਾਨਕੀ-ਅਨੰਦਪੁਰ ਸਾਹਿਬ) ਆਦਿਕ ਨਗਰਾਂ ਦੀ ਸਥਾਪਨਾ ਕੀਤੀ ਗਈ।

ਜਦੋਂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਉਪਰ ਬਿਰਾਜਮਾਨ ਸਨ ਤਾਂ ਗੋਇੰਦਾ ਚੌਧਰੀ, ਆਪਣੀ ਮਾਲਕੀ ਹੇਠ ਜਮੀਨ ਜੋ ਦਰਿਆ ਬਿਆਸ ਦੇ ਕਿਨਾਰੇ, ਦਿਲੀ ਤੋਂ ਲਾਹੌਰ ਦੇ ਪ੍ਰਚਲਿਤ ਰਸਤੇ ਉਪਰ ਮੁੱਖ ਪੱਤਣ ਤੇ ਪੈਂਦੀ ਸੀ, ਇਥੇ ਗੋਇੰਦੇ ਨੇ ਨਗਰ ਵਸਾਉਣ ਦੇ ਅਨੇਕਾਂ ਯਤਨ ਕੀਤੇ। ਉਸ ਦੇ ਸ਼ਰੀਕੇ ਭਾਈਚਾਰੇ ਨੇ ਈਰਖਾਵਸ ਦਿਨ ਦੇ ਸਮੇਂ ਕੀਤੀ ਗਈ ਉਸਾਰੀ ਨੂੰ ਰਾਤ ਸਮੇਂ ਢਾਹ ਦੇਣਾ ਅਤੇ ਨਾਲ ਹੀ ਪ੍ਰਚਲਿਤ ਕੀਤਾ ਕਿ ਇਹ ਥਾਂ ਭਾਰੀ ਹੈ ਅਤੇ ਭੂਤਾਂ-ਪ੍ਰੇਤਾਂ ਦੇ ਵਾਸੇ ਵਾਲੀ ਹੋਣ ਕਰਕੇ ਭੂਤਾਂ-ਪ੍ਰੇਤਾਂ ਵਲੋਂ ਰਾਤ ਨੂੰ ਉਸਾਰੀ ਢਾਹ ਦਿਤੀ ਜਾਂਦੀ ਹੈ, ਜੋ ਨਹੀਂ ਚਾਹੁੰਦੇ ਕਿ ਇਥੇ ਕਿਸੇ ਨਗਰ ਦੀ ਉਸਾਰੀ ਹੋ ਸਕੇ। ਅਖੀਰ ਗੋਇੰਦਾ ਹਾਰ ਕੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਖਡੂਰ ਸਾਹਿਬ ਆਇਆ ਅਤੇ ਨਗਰ ਵਸਾਉਣ ਲਈ ਸਹਾਇਤਾ ਕਰਨ ਵਾਸਤੇ ਬੇਨਤੀ ਕੀਤੀ।

ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਅਨਿਨ ਸਿੱਖ ਬਾਬਾ ਅਮਰਦਾਸ (ਜੋ ਉਸ ਸਮੇਂ ਅਜੇ ਗੁਰੂ ਨਹੀਂ ਬਣੇ ਸਨ) ਨੇ ਲੋਕਾਂ ਦੇ ਮਨਾਂ ਵਿਚੋਂ ਭਾਰੀ ਜਗ੍ਹਾ ਹੋਣ ਜਾਂ ਭੂਤਾਂ ਪ੍ਰੇਤਾਂ ਦਾ ਵਾਸਾ ਹੋਣ ਵਾਲੀ ਫੋਕਟ ਵਹਿਮ ਭਰਪੂਰ ਅਫਵਾਹ ਦਾ ਭਾਂਡਾ ਚੌਰਾਹੇ ਵਿੱਚ ਭੰਨਣ ਲਈ ਗੋਇੰਦੇ ਦੀ ਜਮੀਨ ਉਪਰ ਗੋਇੰਦਵਾਲ ਨਗਰ ਨੂੰ ਵਸਾਉਣ ਦਾ ਕਾਰਜ 1546 ਈ. ਨੂੰ ਆਰੰਭ ਕਰ ਦਿਤਾ। ਇਸ ਨਗਰ ਦੀ ਉਸਾਰੀ ਬਾਰੇ ਭੱਟ ਸਾਹਿਬਾਨ ਨੇ ਆਪਣੇ ਸਵਈਆਂ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰਬਾਣੀ ਰੂਪ ਵਿੱਚ ਦਰਜ ਹੈ-

ਗੋਬਿੰਦਵਾਲੁ ਗੋਬਿੰਦਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਯਉ।।

(ਸਵਈਏ ਮਹਲੇ ਚਉਥੇ ਕੇ- ੧੪੦੦)

1552 ਈ. ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਉਪਰੰਤ ਦੂਜੇ ਪਾਤਸ਼ਾਹ ਦੇ ਹੁਕਮ ਨਾਲ ਗੁਰੂ ਅਮਰਦਾਸ ਜੀ ਨੇ ਨਵੇਂ ਵਸਾਏ ਨਗਰ ਗੋਇੰਦਵਾਲ ਨੂੰ ਆਪਣੇ ਸਮੇਂ ਪ੍ਰਚਾਰ ਕੇਂਦਰ ਦੇ ਹੈਡ-ਕੁਆਟਰ ਵਜੋਂ ਵਿਕਸਿਤ ਕੀਤਾ। 1559 ਈ. ਨੂੰ ਬਾਉਲੀ ਦੀ ਸੇਵਾ ਮੁੰਕਮਲ ਕਰਾਈ। ਇਸੇ ਨਗਰ ਅੰਦਰ ਗੁਰੂ ਅਮਰਦਾਸ ਜੀ ਨੇ ‘ਪਹਿਲੇ ਪੰਗਤ-ਪਾਛੈ ਸੰਗਤ` ਦੇ ਹੁਕਮ ਨਾਲ ਪਹਿਲੇ ਪਾਤਸ਼ਾਹ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਨੂੰ ਹੋਰ ਪ੍ਰਪੱਕ ਕੀਤਾ। ਸਾਂਝੀ ਸੰਗਤ, ਸਾਂਝੀ ਪੰਗਤ, ਸਾਂਝੀ ਬਉਲੀ ਆਦਿ ਦੇ ਯਤਨਾਂ ਨਾਲ ਵਰਣ-ਆਸ਼ਰਮ ਦੇ ਹਮਾਇਤੀ ਜਾਤ-ਅਭਿਮਾਨੀਆਂ ਦੇ ਅਹੰਕਾਰ ਨੂੰ ਬਹੁਤ ਸੱਟ ਵਜੀ। ਉਹ ਆਪਣੀ ਜਗ੍ਹਾ ਤੇ ਛਟਪਟਾ ਰਹੇ ਸਨ, ਪਰ ਉਹਨਾਂ ਵਿੱਚ ਸਿੱਧੇ ਰੂਪ ਵਿੱਚ ਗੁਰੂ ਸਾਹਿਬ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ।

ਬਾਉਲੀ ਦੀ ਸੰਪੂਰਨਤਾ ਉਪਰ ਗੁਰੂ ਅਮਰਦਾਸ ਜੀ ਵਲੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਸਮਾਗਮ ਰੱਖਦਿਆਂ ਹੋਇਆਂ ਬੜੀ ਦੂਰ-ਦੂਰ ਤਕ ਸੰਗਤਾਂ ਨੂੰ ਹਾਜ਼ਰ ਹੋਣ ਲਈ ਸੱਦਾ ਪੱਤਰ ਭੇਜੇ ਗਏ। ਗੁਰੂ ਸਾਹਿਬ ਨੇ ਸਿਖ ਸਿਧਾਂਤਾਂ ਨੂੰ ਉਜਾਗਰ ਕਰਨ ਲਈ ਅਤੇ ਵਰਣ-ਆਸ਼ਰਮੀ ਮੱਤ ਵਾਲਿਆਂ ਦੇ ਅੰਦਰਲੇ ਲੋਭ-ਪਾਖੰਡ ਨੂੰ ਪ੍ਰਗਟ ਕਰਨ ਲਈ ਇਸ ਮੌਕੇ ਇੱਕ ਬਹੁਤ ਹੀ ਹਾਸ-ਰਾਸ ਭਰਪੂਰ ਘਟਨਾ ਨੂੰ ਵਰਤਾ ਕੇ ਐਸੇ ਲੋਕਾਂ ਦੇ ਪਾਖੰਡ ਦਾ ਭਾਂਡਾ ਚੌਰਾਹੇ ਵਿੱਚ ਭੰਨ ਦਿਤਾ।

ਗੁਰੂ ਸਾਹਿਬ ਨੇ ਐਲਾਨ ਕਰ ਦਿਤਾ ਕਿ ਜੋ ਵੀ ਕੋਈ ਉਚ ਜਾਤ-ਪਾਤ ਦੇ ਮਾਣ ਅਹੰਕਾਰ ਨੂੰ ਤਿਆਗ ਕੇ ਸਾਂਝੇ ਲੰਗਰ ਵਿੱਚ ਸਾਂਝੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ, ਉਸ ਨੂੰ ਨਾਲ ਇੱਕ ਰੁਪਿਆ ਇਨਾਮ ਵੀ ਮਿਲੇਗਾ। ਬਹੁਤ ਸਾਰੇ ਇੱਕ ਰੁਪਏ ਦੇ ਲਾਲਚ ਵਿੱਚ ਆ ਕੇ ਪ੍ਰਸ਼ਾਦਾ ਛਕ ਗਏ।

ਜਿਸ ਮਕਸਦ ਲਈ ਇਹ ਜੁਗਤੀ ਵਰਤੀ ਜਾ ਰਹੀ ਸੀ, ਉਹ ਕਾਰਜ ਅਜੇ ਪੂਰਾ ਨਹੀਂ ਸੀ ਹੋਇਆ। ਗੁਰੂ ਸਾਹਿਬ ਨੇ ਸ਼ਾਮ ਤਕ ਇਹ ਇਨਾਮ ਦੀ ਰਕਮ ਮੋਹਰ ਤਕ ਲੈ ਆਂਦੀ। ਬਸ ਲੋਭੀ ਮਨੁੱਖ ਲੋਭ ਦਾ ਸ਼ਿਕਾਰ ਬਨਣੋ ਹੁਣ ਨਾ ਬਚ ਸਕਿਆ। ਹਰੀ ਰਾਮ ਤਪੇ ਦੇ ਸਾਹਮਣੇ ਹੁਣ ਅੜਚਣ ਇਹੀ ਸੀ ਕਿ ਸਾਹਮਣੇ ਤੋਂ ਪ੍ਰਸ਼ਾਦਾ ਛੱਕਣ ਕਿਵੇਂ ਆਵੇ? ਸਾਰਾ ਨਗਰ ਜਾਣਦਾ ਸੀ ਕਿ ਹਰੀ ਰਾਮ ਤਪਾ ਗੁਰੂ ਸਾਹਿਬ ਦੀਆਂ ਸਰਬ ਸਾਂਝੀਆਂ ਸਿਖਿਆਵਾਂ ‘ਸਾਂਝੀ ਸੰਗਤ-ਸਾਂਝੀ ਪੰਗਤ-ਸਾਂਝੀ ਬਾਉਲੀ` ਦੇ ਖਿਲਾਫ ਅਕਸਰ ਲੋਕਾਂ ਨੂੰ ਭੜਕਾਉਂਦਾ ਰਹਿੰਦਾ ਸੀ। ਹੁਣ ਬਹੁਤ ਸਾਰੇ ਨਗਰ ਦੇ ਲੋਕ ਜਦੋਂ ਸਾਂਝੇ ਲੰਗਰ ਵਿਚੋਂ ਪ੍ਰਸ਼ਾਦਾ ਛੱਕ ਕੇ ਮੋਹਰ ਦਾ ਇਨਾਮ ਹੱਥਾਂ ਵਿੱਚ ਲੈ ਕੇ ਘੁੰਮਣ ਲੱਗੇ ਤਾਂ ਤਪੇ ਦੇ ਲੋਭ ਵਾਲੇ ਸਬਰ ਦਾ ਬੰਨ ਟੁਟਣੋਂ ਨਾ ਰਹਿ ਸਕਿਆ। ਪਰ ਉਸਨੇ ਤਰੀਕਾ ਇਹ ਵਰਤਿਆ ਕਿ ਆਪਣੇ ਛੋਟੇ ਜਿਹੇ ਅਨਭੋਲ ਬਾਲਕ ਨੂੰ ਲੰਗਰ ਵਿੱਚ ਭੇਜਣ ਲਈ ਆਪ ਪਿਛਲੇ ਪਾਸਿਓਂ ਕੰਧ ਟਪਾ ਕੇ ਅੰਦਰ ਦਾਖਲ ਕੀਤਾ। ਕਰਤਾਰ ਦੀ ਖੇਡ ਵਾਪਰਣੀ ਸੀ, ਬਸ ਵਾਪਰ ਗਈ। ਬੱਚੇ ਦੇ ਕੰਧ ਉਪਰੋਂ ਅੰਦਰ ਵਾਰ ਡਿਗ ਪੈਣ ਨਾਲ ਲੱਤ ਤੇ ਸੱਟ ਲੱਗ ਗਈ, ਬੱਚਾ ਦਰਦ ਨਾਲ ਕਰਾਹੁਣ ਲੱਗਾ। ਲੰਗਰ ਦੇ ਸੇਵਾਦਾਰ ਸਿੱਖਾਂ ਨੇ ਬੱਚੇ ਨੂੰ ਚੁਕਿਆ। ਪੁੱਛਣ ਤੇ ਅਨਭੋਲ ਬਾਲਕ ਨੇ ਆਪਣੇ ਬਾਪ ਦੇ ਮੋਹਰ ਵਾਲੇ ਇਨਾਮ ਰੂਪੀ ਲਾਲਚ ਦਾ ਸਾਰਾ ਭੇਦ ਖੋਲ੍ਹ ਦਿਤਾ।

ਜੀਵਨ ਨੂੰ ਬਰਬਾਦ ਕਰਨ ਵਾਲੇ ਪੰਜ ਵਿਕਾਰਾਂ ਵਿਚੋਂ ਲੋਭ ਵੀ ਬੁਰੀ ਬਲਾ ਹੈ। ਲੋਭੀ ਬਿਰਤੀ ਵਾਲਾ ਮਨੁੱਖ ਹਲਕੇ ਭੁਖੇ ਸੁਆਨ (ਕੁੱਤੇ) ਦੀ ਤਰਾਂ ਹੋ ਜਾਂਦਾ ਹੈ ਜਿਸ ਨੂੰ ਕੀ ਖਾਣਾ-ਕੀ ਨਹੀਂ ਖਾਣਾ ਦੀ ਸਮਝ ਨਹੀਂ ਹੁੰਦੀ। ਲੋਭ ਅਧੀਨ ਰੱਬ ਨਾਲੋਂ ਟੁਟੇ ਆਪਣੇ ਸੁਆਰਥ ਨੂੰ ਹਰ ਸਮੇਂ ਅੱਗੇ ਰੱਖਣ ਵਾਲੇ ਸਾਕਤ ਦਾ ਜੀਵਨ ਬਰਬਾਦ ਹੋਣੋ ਨਹੀਂ ਰਹਿ ਸਕਦਾ। ਇਸ ਵਿਸ਼ੇ ਉਪਰ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ-

-ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ।।

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ।।

(ਸਿਰੀ ਰਾਗ ਮਹਲਾ ੫-੫੦)

-ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਕਾਰੇ।।

(ਨਟ ਮਹਲਾ ੪-੯੮੩)

- ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲ ਭਰੀਜੈ।।

ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ।।

(ਕਲਿਆਨ ਮਹਲਾ ੪-੧੩੨੬)

-ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ।।

ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਿਕ ਭਾਗੁ ਮੰਦੇਰਾ।।

(ਟੋਡੀ ਮਹਲਾ ੪-੭੧੧)

ਲੋਭ ਰੂਪੀ ਵਿਕਾਰ ਦੇ ਅਧੀਨ ਜਿਹੜਾ ਮਨੁੱਖ ਇੱਕ ਵਾਰ ਫਸ ਜਾਂਦਾ ਹੈ, ਉਸ ਦੀ ਲੋਭ ਰੂਪੀ ਤ੍ਰਿਸ਼ਨਾ ਹੋਰ ਹੀ ਹੋਰ ਵਧਦੀ ਜਾਂਦੀ ਹੈ ਇਸ ਵਿਚੋਂ ਕੋਈ ਵਿਰਲਾ ਗੁਰਮੁਖ ਹੀ ਗੁਰੂ ਕ੍ਰਿਪਾ ਦੁਆਰਾ ਛੁਟਕਾਰਾ ਪ੍ਰਾਪਤ ਕਰਨ ਦੇ ਸਮਰਥ ਹੋ ਸਕਦਾ ਹੈ। ਜਿਵੇਂ ਖੜੇ ਪਾਣੀ ਉਪਰ ਬੂਰ ਆ ਕੇ ਪਾਣੀ ਦੇ ਸਵੱਛ-ਪਣ ਨੂੰ ਵਿਗਾੜ ਦਿੰਦਾ ਹੈ ਇਸੇ ਤਰਾਂ ਲੋਭ ਮਨੁੱਖਾਂ ਦੇ ਜੀਵਨ ਨੂੰ ਬਰਬਾਦ ਕਰਨ ਦਾ ਕਾਰਣ ਬਣਦਾ ਹੈ।

- ਭੂਲਿਓ ਮਨੁ ਮਾਇਆ ਉਰਝਾਇਓ।।

ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ।।

(ਜੈਤਸਰੀ ਮਹਲਾ ੯-੬੦੨)

-ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ।।

(ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ-੯੬੭)

ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਜੀਵਨ ਨੂੰ ਸਫਲ ਕਰਨ ਲਈ ਜਿਥੇ ਆਪ ਲੋਭ ਤੋਂ ਬਚਣਾ ਹੈ, ਉਸ ਦੇ ਨਾਲ-ਨਾਲ ਇਹ ਧਿਆਨ ਵਿੱਚ ਰੱਖਣਾ ਵੀ ਜਰੂਰੀ ਹੈ ਕਿ ਸਾਡੇ ਸਾਹਮਣੇ ਜਿਹੜੇ ਮਨੁੱਖ ਲੋਭ ਦੀ ਕੁਸੰਗਤ ਵਿੱਚ ਫਸ ਕੇ ਜੀਵਨ ਬਰਬਾਦ ਕਰ ਰਹੇ ਦੇਖਦੇ ਹਾਂ, ਉਹਨਾਂ ਦੀ ਸੰਗਤ ਤੋਂ ਵੀ ਬਚਣਾ ਹੈ, ਕਿਉਂ ਕਿ ਮਨੁੱਖੀ ਮਨ ਦੀ ਕਮਜੋਰੀ ਹੈ ਕਿ ਇਹ ਬੁਰੇ ਪ੍ਰਭਾਵ ਅਧੀਨ ਤੁਰੰਤ ਆਉਂਦਾ ਹੈ-

-ਲਾਲਚੁ ਛੋਡਹੁ ਅੰਧਹੁ ਲਾਲਚਿ ਦੁਖੁ ਭਾਰੀ।।

ਸਾਚੋ ਸਾਹਿਬ ਮਨਿ ਵਸੈ ਹਉਮੈ ਬਿਖੁ ਮਾਰੀ।।

(ਆਸਾ ਮਹਲਾ ੧-੪੧੯)

-ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ।।

ਅੰਤਿ ਕਾਲਿ ਤਿਥੈ ਧੁਹੇ ਜਿਥੈ ਹਥੁ ਨ ਪਾਇ।।

ਮੁਹ ਕਾਲੇ ਤਿਨ ਲੋਭੀਆ ਜਾਸਨਿ ਜਨਮੁ ਗਵਾਇ।।

(ਸਲੋਕ ਵਾਰਾ ਤੇ ਵਧੀਕ-ਮਹਲਾ ੩-੧੪੧੭)

- ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ।।

ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ।। ੮੬।।

(ਸਲੋਕ ਭਗਤ ਕਬੀਰ ਜੀਉ ਕੇ- ੧੩੬੯)

ਬਸ ਲੋਭ ਅਧੀਨ ਆਏ ਹੋਏ ਤਪੇ ਨਾਲ ਵੀ ਇਹੀ ਕੁੱਝ ਵਾਪਰਿਆ। ਗੁਰੂ ਅਮਰਦਾਸ ਪਾਤਸ਼ਾਹ ਨੇ ਜਿਸ ਰਿਜ਼ਲਟ ਲਈ ਇਹ ਸਾਰੀ ਵਿਉਂਤ ਬੰਦੀ ਕੀਤੀ ਸੀ, ਉਹ ਰਿਜ਼ਲਟ ਸਾਰਿਆਂ ਦੇ ਸਾਹਮਣੇ ਸੀ। ਜਿਹੜੇ ਲੋਕ ਅੱਗੇ ਹਰੀ ਰਾਮ ਤਪੇ ਨੂੰ ਧਰਮੀ ਸਮਝਦੇ ਸਨ, ਉਨ੍ਹਾਂ ਨੂੰ ਪਤਾ ਲਗਾ ਚੁਕਾ ਸੀ ਕਿ ਇਹ ਤਪਾ ਬਾਹਰੋਂ ਧਰਮੀ ਜਰੂਰ ਦਿਖਾਈ ਦਿੰਦਾ ਹੈ, ਪਰ ਅੰਦਰੋਂ ਆਮ ਮਨੁੱਖਾਂ ਤੋਂ ਵੀ ਵੱਧ ਕੇ ਲੋਭ ਰੂਪੀ ਵਿਕਾਰ ਦਾ ਮਾਰਿਆ ਹੋਇਆ ਹੈ। ਜਿਹੜੇ ਲੋਕ ਪਹਿਲਾਂ ਤਪੇ ਦਾ ਸਤਿਕਾਰ ਕਰਦੇ ਸਨ, ਉਹੀ ਲੋਕ ਹੁਣ ਤਪੇ ਦਾ ਤ੍ਰਿਸਕਾਰ ਕਰਨ ਲਗ ਪਏ।

ਗੋਇੰਦਵਾਲ ਸਾਹਿਬ ਦੀ ਧਰਤੀ ਉਪਰ ਗੁਰੂ ਅਮਰਦਾਸ ਜੀ ਦੇ ਨਾਲ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਪ੍ਰਤੱਖ ਦਰਸ਼ੀ ਰੂਪ ਵਿੱਚ ਨਾਲ ਸਨ। ਇਸ ਸਾਰੀ ਇਤਿਹਾਸਕ ਘਟਨਾ ਨੂੰ ਚੌਥੇ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਉਪੰਰਤ ਸਲੋਕ ਰੂਪ ਵਿੱਚ ਗੁਰਬਾਣੀ ਦਾ ਹਿਸਾ ਬਣਾ ਦਿਤਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਇਸ ਸਲੋਕ ਨੂੰ ‘ਗਉੜੀ ਕੀ ਵਾਰ ਮਹਲਾ ੪`ਵਿਚ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਵਜੋਂ ਪਉੜੀ ਨੰਬਰ 30 ਦੇ ਨਾਲ ਪਹਿਲੇ ਸਲੋਕ ਵਜੋਂ ਦਰਜ ਕਰਕੇ ਸਦੀਵੀਂ ਮਾਰਗ ਦਰਸ਼ਨ ਲਈ ਮਨੁਖਤਾ ਦੇ ਸਮਰਪਿਤ ਕਰ ਦਿਤਾ।

ਸਿਖਿਆ:- ਸਾਨੂੰ ਵਿਸ਼ੇ ਵਿਕਾਰਾਂ ਤੋਂ ਬਚਦੇ ਹੋਏ ਅੰਦਰੋਂ-ਬਾਹਰੋਂ ਇੱਕ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ, ਅਸੀਂ ਆਮ ਲੋਕਾਂ ਤੋਂ ਤਾਂ ਆਪਣੇ ਵਿਕਾਰਾਂ ਦਾ ਪਰਦਾ ਕਰਨ ਦੇ ਸਮਰੱਥ ਭਾਵੇਂ ਹੋ ਜਾਈਏ, ਗੁਰੂ ਸਰਾਫ ਦੀ ਨਜ਼ਰ ਰਾਹੀਂ ਸਾਡਾ ਪਾਜ ਇੱਕ ਨ ਇੱਕ ਦਿਨ ਉਘੜ ਹੀ ਜਾਣਾ ਹੈ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਗੁਰੂ ਅਮਰਦਾਸ ਜੀ ਦੇ ਇਤਿਹਾਸ ਨਾਲ ਸਬੰਧਿਤ ਇਸ ਸਲੋਕ ਨੂੰ ਕੇਵਲ ਪੜ੍ਹਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

==========

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.