.

ਗਿਆਨੁ ਭਇਆ ਤਹ ਕਰਮਹ ਨਾਸੁ

ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸਦੀ ਹੈ ਕਿ ਗਿਆਨ ਅਤੇ ਕਰਮ ਇਕੱਠੇ ਨਹੀਂ ਰਹਿ ਸਕਦੇ ਕਿਉਂਕਿ ਗਿਆਨ ਦੇ ਪ੍ਰਕਾਸ਼ ਨਾਲ ਕਰਮ ਨਸ਼ਟ ਹੋ ਜਾਂਦਾ ਹੈ: “ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥” (ਪੰ: ੧੧੬੭); “ਬਾਹਰਿ ਭੀਤਰਿ ਭਇਆ ਪ੍ਰਗਾਸੁ॥ ਤਬ ਹੂਆ ਸਗਲ ਕਰਮ ਕਾ ਨਾਸੁ॥” (ਪੰ: ੩੪੪)। ਅਧਿਆਤਮਿਕ ਗਿਆਨ ਐਸਾ ਵਿਲੱਖਣ ਗਿਆਨ ਹੈ ਜਿਸ ਦੇ ਪ੍ਰਕਾਸ਼ ਨਾਲ ਕਰਮ ਦਾ ਨਾਸ ਹੋ ਜਾਂਦਾ ਹੈ। ਅਧਿਆਤਮਿਕ ਗਿਆਨ ਦੇ ਉਲਟ ਵਿਗਿਆਨ ਅਤੇ ਹੋਰ ਸੰਸਾਰਕ ਜਾਣਕਾਰੀ ਮਨੁੱਖ ਦੀ ਕਰਮ ਕਰਨ ਵਿਚ ਰਾਹ ਨੁਮਾਈ ਅਤੇ ਸਹਾਇਤਾ ਕਰਦੀ ਹੈ। ਅਸਲ ਵਿਚ ਸੰਸਾਰਕ ਜਾਣਕਾਰੀ ਕਰਮ ਅਤੇ ਸਭਿਆਚਾਰ ਦਾ ਆਧਾਰ ਹੈ ਅਤੇ ਮਨੁੱਖੀ ਜੀਵਨ ਅਤੇ ਉਸ ਦੀ ਸੰਸਾਰਕ ਸਫਲਤਾ ਦਾ ਕਾਰਨ ਹੈ। ਮਨੁੱਖ ਦੀ ਸੋਚ, ਵਿਸ਼ਵਾਸ, ਕਰਤਵ ਅਤੇ ਜੀਵਨ ਢੰਗ, ਇਹ ਸਾਰੇ ਕਰਮ ਸੰਸਾਰਕ ਜਾਣਕਾਰੀ ਦੀ ਹੀ ਉਪਜ ਹੁੰਦੇ ਹਨ। ਅਧਿਆਤਮਿਕ ਗਿਆਨ ਅਤੇ ਸੰਸਾਰਕ ਜਾਣਕਾਰੀ ਵਿਚ ਕੋਈ ਸਾਂਝ ਨਹੀਂ ਹੈ।
ਕਰਮ ਮਨੁੱਖੀ ਹੋਂਦ ਅਤੇ ਜੀਵਨ ਦਾ ਪ੍ਰਗਟਾਵਾ ਹੁੰਦੇ ਹਨ। ਗਤੀ ਦਾ ਨਾਂ ਹੀ ਜੀਵਨ ਹੈ ਅਤੇ ਕਰਮ ਗਤੀ ਦਾ ਫਲ ਹੁੰਦੇ ਹਨ। ਕਰਮ ਤੋਂ ਬਿਨਾ ਮਨੁੱਖੀ ਜੀਵਨ ਦੀ ਕਲਪਨਾ ਕਰਨੀ ਸੰਭਵ ਨਹੀਂ। ਸਮਾਜਕ ਵਿਹਾਰ, ਸਭਿਆਚਾਰ, ਕਿਰਤ, ਸੋਚ, ਫ਼ਲਸਫਾ ਅਤੇ ਜਾਣਕਾਰੀ ਦੀ ਪ੍ਰਾਪਤੀ ਇਹ ਸਭ ਸੰਸਾਰਕ ਕਰਮ ਹਨ। ਗੁਰਬਾਣੀ ਵੀ ਕਰਮ ਦੇ ਫਲ ਦਾ ਵਰਨਣ ਕਰਦੀ ਹੈ: “ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥“ (ਪ: ੪) ਅਤੇ “ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥“ ਪੰ: ੪੭੦-੪੭੧)। ਪਰ ਗੁਰਬਾਣੀ ਦਾ ਇਹ ਵੀ ਨਿਰਨਾ ਹੈ ਕਿ ਗਿਆਨ ਦਾ ਪਰਕਾਸ਼ ਕਰਮ ਦਾ ਨਾਸ ਕਰ ਦਿੰਦਾ ਹੈ।
ਗੁਰਬਾਣੀ ਦਾ ਅਧਿਆਤਮਿਕ ਗਿਆਨ, ਜਿਸ ਨੂੰ ਗੁਰਮਤਿ ਵੀ ਆਖ ਦਿੱਤਾ ਜਾਂਦਾ ਹੈ, ਸੰਸਾਰਕ, ਪਦਾਰਥਕ ਜਾਂ ਸਮਾਜਕ ਜਾਣਕਾਰੀ ਤੋਂ ਵਖਰਾ ਹੈ। ਇਨ੍ਹਾਂ ਦੋਨਾਂ ਵਿਚ ਕੋਈ ਸਾਂਝ ਨਹੀਂ ਹੈ। ਸੰਸਾਰਕ ਜਾਣਕਾਰੀ ਤ੍ਰੈਗੁਣੀ ਸੰਸਾਰ ਦੀ ਜਾਣਕਾਰੀ ਹੁੰਦੀ ਹੈ ਜਦੋਂ ਕਿ ਅਧਿਆਤਮਿਕ ਗਿਆਨ ਦਾ ਪ੍ਰਕਾਸ਼ ਚੌਥੇ ਪਦ ਵਿਚ ਮਨ ਦੇ ਨਿਜ ਘਰ ਵਿਚ ਪਰਵੇਸ਼ ਕਰਨ ਨਾਲ ਹੁੰਦਾ ਹੈ। ਸੰਸਾਰਕ ਜਾਣਕਾਰੀ ਬੁੱਧੀ ਰਾਹੀਂ ਗ੍ਰਹਿਣ ਕੀਤੀ ਜਾਂਦੀ ਹੈ। ਅਧਿਆਤਮਿਕ ਗਿਆਨ ਮਨ ਦੇ ਸੁਧਾਰ ਦੀ ਪਰਕਿਰਿਆ ਦਾ ਸਿੱਟਾ ਹੁੰਦਾ ਹੈ। ਅਧਿਆਤਮਿਕ ਗਿਆਨ ਕੋਈ ਫ਼ਿਲਾਸਫ਼ੀ ਜਾਂ ਨੀਤੀ ਵਿਗਿਆਨ ਨਹੀਂ ਹੈ, ਕਿਉਂਕਿ ਫ਼ਿਲਾਸਫ਼ੀ ਸੰਸਾਰਕ ਜਾਣਕਾਰੀ ਦਾ ਹੀ ਇਕ ਵਿਸ਼ਾ ਹੈ ਜਿਸ ਵਿਚ ਦਰਸ਼ਨ ਸ਼ਾਸਤਰ ਦੇ ਨਿਯਮਾਂ ਅਨੁਸਾਰ ਅਧਿਆਤਮਿਕ ਗਿਆਨ ਦੀ ਵਿਆਖਿਆ ਕਰਨ ਦਾ ਜਤਨ ਵੀ ਕੀਤਾ ਜਾਂਦਾ ਹੈ। ਦਾਰਸ਼ਨਿਕ ਵਿਆਖਿਆ ਅਧਿਆਤਮਿਕ ਗਿਆਨ ਨਹੀਂ ਹੁੰਦੀ ਕਿਉਂਕਿ ਉਹ ਬੁੱਧੀ ਨੂੰ ਅਪੀਲ ਕਰਦੀ ਹੈ ਅਤੇ ਮਨ ਤੇ ਉਸ ਦਾ ਲੋੜੀਂਦਾ ਪਰਭਾਵ ਨਹੀਂ ਪੈਂਦਾ। ਗੁਰਬਾਣੀ ਦਾ ਫੁਰਮਾਨ ਹੈ: “ਬੇਦ ਪਾਠ ਸੰਸਾਰ ਕੀ ਕਾਰ॥ ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ॥ ਬਿਨ ਬੂਝੇ ਸਭ ਹੋਇ ਖੁਆਰ॥“ (ਪੰ: ੭੯੧)। ਅਧਿਆਤਮਿਕ ਗਿਆਨ ਹੀ ਮਨ ਨੂੰ ਪਰਭੂ ਦਾ ਹੁਕਮ ਬੁਝਣ ਦੇ ਸਮਰਥ ਬਣਾਉਂਦਾ ਹੈ। ਅਧਿਆਤਮਿਕ ਗਿਆਨ ਵਿਚ ਵਿਚਾਰੇ ਗਏ ਵਿਸ਼ਿਆਂ ਨੂੰ ਤਿੰਨ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਉਹ ਹਨ; (੧) ਪਰਭੂ ਦੀ ਹੋਂਦ ਅਤੇ ਗੁਣ, (੨) ਪਰਭੂ ਦੀ ਕਿਰਤ: ਸਰਿਸ਼ਟੀ, ਸੰਸਾਰ ਅਤੇ ਮਨੁੱਖ; ਅਤੇ (੩) ਮਨੁੱਖੀ ਮਨ ਦੀ ਹੋਂਦ ਅਤੇ ਕਰਤਵ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰੰਭ ਵਿਚ ਹੀ ਪਰਭੂ ਦੀ ਹੋਂਦ ਅਤੇ ਗੁਣਾਂ ਦਾ ਵਰਨਣ ਕੀਤਾ ਗਿਆ ਹੈ, ਜੋ ਇਸ ਪਰਕਾਰ ਹੈ: “ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” (ਪੰ ੧)। ਸਾਰੀ ਗੁਰਬਾਣੀ ਵਿਚ ਪ੍ਰਭੂ ਅਤੇ ਉਸ ਦੇ ਗੁਣਾਂ ਦੀ ਹੀ ਉਸਤਤਿ ਕੀਤੀ ਗਈ ਹੈ, ਜਿਸ ਨੂੰ ਨਾਮ ਕਰਕੇ ਵੀ ਦਰਸਾਇਆ ਗਿਆ ਹੈ। ਗੁਰਬਾਣੀ ਅਨੁਸਾਰ ਸਰਿਸ਼ਟੀ, ਸੰਸਾਰ ਅਤੇ ਮਨੁੱਖ ਪਰਭੂ ਦੀ ਕਿਰਤ ਹਨ। ਸਰਿਸ਼ਟੀ ਪਰਭੂ ਦੀ ਸਿਰਜੀ ਖੇਡ ਹੈ। ਇਹ ਪਰਭੂ ਤੋਂ ਵਖਰੀ ਅਤੇ ਦੂਜੀ ਹੈ ਪਰ ਇਸ ਵਿਚ ਪਰਭੂ ਦਾ ਵਾਸਾ ਹੈ। ਗੁਰਬਾਣੀ ਦਾ ਕਥਨ ਹੈ: “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥“ (੪੬੩)। ਦੂਜੀ ਅਤੇ ਪ੍ਰਭੂ ਨਾਲੋਂ ਵਖਰੀ ਹੋਣ ਕਾਰਨ ਸਰਿਸ਼ਟੀ ਗਤੀਸ਼ੀਲ, ਹਰ ਪਲ ਬਦਲਦੀ ਅਤੇ ਜੰਮਣ-ਮਰਨ ਦੇ ਗੇੜ ਵਿਚ ਪਈ ਹੋਈ ਹੈ ਜਦੋਂ ਕਿ ਪਰਭੂ ਸਦੀਵੀ ਅਤੇ ਨਿਹਚਲ ਹੈ। ਨਿਰੰਤਰ ਬਦਲ ਰਹੇ ਸੰਸਾਰ ਵਿਚ ਤ੍ਰੈਗੁਣੀ ਮਾਇਆ ਦਾ ਵਰਤਾਰਾ ਹੈ। ਪਰ ਇਹ ਤ੍ਰੈਗੁਣੀ ਮਾਇਆ ਵੀ ਪਰਭੂ ਦੀ ਹੀ ਸਿਰਜੀ ਹੋਈ ਹੈ ਅਤੇ ਪਰਭੂ ਨੇ ਇਸ ਨੂੰ ਏਨਾ ਪਰਭਾਵਸ਼ਾਲੀ ਬਣਾਇਆ ਹੋਇਆ ਹੈ ਕਿ ਇਹ ਸੰਸਾਰ ਵਿਚੋਂ ਪਰਭੂ ਦੀ ਹਸਤੀ ਨੂੰ ਲੋਪ ਕਰਕੇ ਆਪਣਾ ਪੂਰਾ ਅਧਿਕਾਰ ਕਾਇਮ ਕਰਨ ਲਈ ਜਤਨਸ਼ੀਲ ਨਜ਼ਰ ਆਉਂਦੀ ਹੈ। ਇਸੇ ਲਈ ਮਨੁੱਖਤਾ ਦੀ ਬਹੁਗਿਣਤੀ ਪਰਭੂ ਨੂੰ ਭੁਲਾ ਕੇ ਮਾਇਆ ਦੇ ਪਰਭਾਵ ਅਧੀਨ ਆਪਣਾ ਜੀਵਨ ਬਤੀਤ ਕਰਨ ਲੱਗੀ ਹੋਈ ਹੈ। ਮਾਇਆ ਦੇ ਤ੍ਰੈ ਗੁਣ ਹਨ: ਰਜ, ਤਮ, ਸਤ। ਰਜ ਗੁਣ ਮਨੁੱਖਤਾ ਵਿਚ ਮੋਹ, ਹੰਕਾਰ, ਆਦਿ ਉਤੇਜਿਤ ਕਰਦਾ ਹੈ। ਤਮ ਗੁਣ ਦੇ ਪਰਭਾਵ ਕਾਰਨ ਮਨੁੱਖ ਪਰਭੂ ਨੂੰ ਵਿਸਾਰਨ ਅਤੇ ਅਧਿਆਤਮਿਕ ਜੀਵਨ ਨੂੰ ਨਜ਼ਰ ਅੰਦਾਜ਼ ਕਰਨ ਲੱਗ ਪੈਂਦੇ ਹਨ। ਸਤ ਗੁਣ ਮਨੁੱਖ ਨੂੰ ਸੰਸਾਰ ਵਿਚ ਸ਼ਾਂਤੀ, ਖਿਮਾ, ਦਇਆ, ਪ੍ਰਸੰਨਤਾ, ਆਦਿ ਪ੍ਰਤੀ ਉੱਦਮ ਕਰਨ ਲਈ ਪ੍ਰੇਰਤ ਕਰਦਾ ਹੈ। ਇਹ ਜੀਵਨ ਵਿਚ ਨੈਤਿਕਤਾ ਉਤਸ਼ਾਹਿਤ ਕਰਨ ਵਾਲਾ ਗੁਣ ਹੈ। ਗੁਰਬਾਣੀ ਅਨੁਸਾਰ ਸਤ ਗੁਣ ਵੀ ਅਧਿਆਤਮਿਕ ਗੁਣ ਨਹੀਂ ਹੈ: “ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥“ (ਪੰ: ੧੧੨੩); “ਰਜ ਤਮ ਸਤ ਕਲ ਤੇਰੀ ਛਾਇਆ॥ ਜਨਮ ਮਰਨ ਹਉਮੈ ਦੁਖੁ ਪਾਇਆ॥ ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ॥“ (ਪੰ: ੧੦੩੮) ਅਤੇ “ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ॥ ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ॥” (ਪੰ: ੩੫੬)।
ਮਾਇਆ ਮਨੁੱਖਤਾ ਵਿਚ ਭਰਮ ਭੁਲੇਖੇ ਪਾਉਣ ਅਤੇ ਮਨੁੱਖ ਨੂੰ ਪਰਭੂ ਤੋਂ ਬੇਮੁੱਖ ਕਰਨ ਲਈ ਹਰ ਸੰਭਵ ਜਤਨ ਕਰਦੀ ਹੈ। ਜਿਵੇਂ ਸੰਸਾਰ ਵਿਚ ਮਾਇਆ ਦਾ ਵਿਆਪਕ ਪਰਭਾਵ ਹੈ ਤਿਵੇਂ ਹੀ ਮਨੁੱਖੀ ਮਨ ਤੇ ਹਉਮੈ ਦਾ ਕਾਬੂ ਹੈ ਅਤੇ ਕਰਮ ਹਉਮੈ ਦੀ ਕਾਰ ਹੁੰਦੇ ਹਨ। “ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥“ (ਪੰ: ੪੬੬)। ਹਉਮੈ ਦੀ ਕਾਰ ਹੋਣ ਕਾਰਨ ਅਧਿਆਤਮਿਕ ਗਿਆਨ ਦੇ ਪਰਕਾਸ਼ ਨਾਲ ਕਰਮ ਨਸ਼ਟ ਹੋ ਜਾਂਦੇ ਹਨ। ਗੁਰਬਾਣੀ ਵਿਚ ਹਉਮੈ ਅਤੇ ਮਾਇਆ ਦੇ ਪਰਭਾਵ ਸਬੰਧੀ ਉਪਦੇਸ਼ ਹੈ: “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥“ (ਪੰ: ੯੨੧); “ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥“ (ਪੰ: ੪੩੩); “ਜਿਊ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ॥ ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹੁaਮੈ ਦੋਇ॥“ (ਪੰ: ੬੩); “ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ” (ਪੰ: ੯੬੪); “ਹਉ ਵਿਚ ਮਾਇਆ ਹਉ ਵਿਚਿ ਛਾਇਆ ਹਉਮੈ ਕਰਿ ਕਰਿ ਜੰਤ ਉਪਾਇਆ॥“ (ਪੰ: ੪੬੬); “ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥“ (ਪੰ: ੬੯੩); “ਕਰਮ ਧਰਮ ਸਭਿ ਬੰਧਨਾ ਪਾਪ ਪੁਨੰ ਸਨਬੰਧੁ॥ ਮਮਤਾ ਮੋਹੁ ਸੁ ਬੰਧਨਾਂ ਪੁਤ੍ਰ ਕਲਤ੍ਰ ਸੁ ਧੰਧੁ॥ ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ॥‘ (ਪੰ: ੫੫੧) ਅਤੇ “ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥ ਅੰਮ੍ਰਿਤੁ ਲੂਟਿਹ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੁਕਾਰਾ॥” (ਪੰ: ੧੦੦)।
ਅਧਿਆਤਮਿਕ ਗਿਆਨ ਦਾ ਸਬੰਧ ਮਨ ਨਾਲ ਹੈ ਬੁਧੀ ਨਾਲ ਨਹੀਂ। ਗੁਰਬਾਣੀ ਵਿਚ ਮਨ ਦਾ ਦੂਹਰਾ ਅਸਤਿਤਵ ਦਰਸਾਇਆ ਗਿਆ ਹੈ। ਮਨ ‘ਜੋਤਿ ਸਰੂਪ’ ਹੈ ਅਤੇ ਮਨੁੱਖੀ ਸਰੀਰ ਦਾ ਅੰਗ ਵੀ ਹੈ। ਗੁਰਬਾਣੀ ਵਿਚ ਮਨ ਦੇ ਦੂਹਰੇਪਣ ਅਤੇ ਮਜ਼ਬੂਰੀ ਨੂੰ ਵਿਸਤਾਰ ਪੂਰਵਕ ਉਜਾਗਰ ਕੀਤਾ ਗਿਆ ਹੈ, ਜਿਸ ਵਿਚੋਂ ਕੁੱਝ ਉਦਾਹਰਣਾਂ ਇਸ ਪਰਕਾਰ ਹਨ: “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥“ (ਪੰ: ੬੮੬) ; “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੇ ਨਾਲਿ ਹੈ ਗੁਰਮਤੀ ਰੰਗੁ ਮਾਣਿ॥“ (ਪੰ: ੪੪੧); “ਮਨ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ॥ ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ॥“ (ਪੰ: ੨੧); ਅਤੇ “ਕਬੀਰ ਮਨੁ ਜਾਣੈ ਸਭ ਬਾਤ ਜਾਨਤ ਹੀ ਅਉਗੁਨ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪ ਕੂਏ ਪਰੈ॥‘ (ਪੰ: ੧੩੭੬)। ਮਨ ਮਨੁੱਖੀ ਸਰੀਰ ਦਾ ਚਾਲਕ ਹੈ। ‘ਜੋਤਿ ਸਰੂਪ’ ਹੋਣ ਕਾਰਨ ਇਸ ਦਾ ਅਸਲਾ ਪਰਭੂ ਹੈ, ਜਾਂ ਇਉਂ ਕਹੋ ਕਿ ਸਰੀਰ ਬਿਨਸਣ ਹਾਰ ਹੈ ਪਰ ਮਨ ਅਬਿਨਾਸੀ ਹੈ। ਮਨੁੱਖਾ ਸਰੀਰ ਅਤੇ ਬੁੱਧੀ ਮਨ ਦੇ ਅਧੀਨ ਹੁੰਦੇ ਹਨ। ‘ਜੋਤਿ ਸਰੂਪ’ ਹੁੰਦੇ ਹੋਏ ਵੀ ਮਨ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਦੇ ਸਮਰਥ ਨਹੀਂ ਹੁੰਦਾ ਅਤੇ ਆਪਣੇ ਅਸਲੇ ਪਰਭੂ ਨੂੰ ਵਿਸਾਰ ਛੱਡਦਾ ਹੈ। ਅਧਿਆਤਮਿਕ ਗਿਆਨ ਦਾ ਪ੍ਰਕਾਸ਼ ਹੀ ਮਨੁੱਖੀ ਮਨ ਨੂੰ ਮਾਇਆ ਦੇ ਪਰਭਾਵ ਤੋਂ ਮੁਕਤ ਕਰਵਾਉਣ ਦੇ ਸਮਰਥ ਹੈ।
ਮਨ ਨੂੰ ਮਾਇਆ ਦੇ ਪਰਭਾਵ ਤੋਂ ਮੁਕਤ ਕਰਾਉਣ ਦੀ ਪਰਕਿਰਿਆ ਸਾਧਾਰਣ ਨਹੀਂ ਹੈ ਕਿਉਂਕਿ ਮਨੁੱਖ ਵਿਚ ਮਨ ਨੂੰ ਸੁਧਾਰਨ ਦੀ ਯੋਗਤਾ ਨਹੀਂ ਹੁੰਦੀ, ਉਹ ਤੇ ਆਪ ਹੀ ਮਨ ਦੇ ਅਧੀਨ ਹੁੰਦਾ ਹੈ। ਗੁਰਬਾਣੀ ਦੱਸਦੀ ਹੈ ਕਿ ਮਨ ਨੂੰ ਮਨ ਹੀ ਮਾਇਆ ਦੇ ਪਰਭਾਵ ਤੋਂ ਮੁਕਤ ਕਰਵਾ ਸਕਦਾ ਹੈ ਜੇਕਰ ਮਨ ਨੂੰ ਗੁਰੂ ਦੀ ਸਿੱਖਿਆ ਦੀ ਬਖ਼ਸ਼ਿਸ਼ ਹੋ ਜਾਵੇ। ਇਸ ਪ੍ਰਥਾਇ ਗੁਰਬਾਣੀ ਦੇ ਫੁਰਮਾਨ ਹਨ: “ਸਬਦਿ ਮੁਏ ਮਨੁ ਮਨ ਤੇ ਮਾਰਿਆ॥“ (ਪੰ: ੭੯੬) ; “ਏਹੁ ਮਨ ਮਾਰਿਆ ਨ ਮਰੈ ਜੇ ਲੋਚੈ ਸਭ ਕੋਇ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੈ ਸੋਇ॥“ (ਪੰ: ੧੦੮੯); “ਗੁਰ ਬਿਨੁ ਕਿਨਿ ਸਮਝਾਈਐ ਮਨ ਰਾਜਾ ਸੁਲਤਾਨੁ॥“ (ਪੰ: ੬੧)। ਗੁਰੂ ਵਲੋਂ ਮਨ ਨੂੰ ਮਾਇਆ ਦੇ ਸੰਸਾਰਕ ਬੰਧਨਾਂ ਤੋਂ ਮੁਕਤ ਕਰਨ ਵਾਲੀ ਸਿਖਿਆ ਦੀ ਪਰਕਿਰਿਆ ਅਤੇ ਵਾਤਾਵਰਣ ਦਾ ਵਰਨਨ ਗੁਰਬਾਣੀ ਵਿਚ ਇਸ ਪਰਕਾਰ ਕੀਤਾ ਗਿਆ ਹੈ: “ਤੈ ਸਾਹਿਬ ਕੀ ਬਾਤ ਜਿ ਆਖੈ ਕੁਹ ਨਾਨਕ ਕਿਆ ਦੀਜੈ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣ ਸਿਰ ਸੇਵ ਕਰੀਜੈ॥“ (ਪੰ: ੫੫੮); “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ॥ ਜਿਨ ਕਉ ਮਨ ਕੀ ਪਰਤੀਤ ਨਾਹੀ ਸੋ ਕਿਆ ਕਥਿਹ ਗਿਆਨੈ॥“ (ਪੰ: ੬੪੭); “ਜੀਵਤ ਮਰੈ ਬੁਝੈ ਪ੍ਰਭੁ ਸੋਇ॥“ (ਪੰ: ੭੪੧); “ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ॥“ (ਪੰ: ੭੩੦) ਅਤੇ “ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ॥“ (ਪੰ: ੭੫੦)। ਗੁਰਬਾਣੀ ਅਧਿਆਤਮਿਕ ਗਿਆਨ ਪ੍ਰਾਪਤੀ ਕਰਨ ਲਈ ਮਨੁੱਖ ਨੂੰ ਆਪਾ ਤਿਆਗਣ ਜਾਂ ਜੀਵਤ ਮਰਨ ਦਾ ਉਪਦੇਸ਼ ਕਰਦੀ ਹੈ। ਜੀਵਦਿਆਂ ਮਰਨ ਜਾਂ ਬਿਨਾ ਸੀਸ ਤੋਂ ਆਪਣੇ ਇਸ਼ਟ ਦੀ ਸੇਵਾ ਕਰਨ ਦੀ ਕਲਪਨਾ ਕਰਨੀ ਵੀ ਔਖੀ ਹੈ ਇਸ ਨੂੰ ਅਮਲੀ ਰੂਪ ਦੇਣਾ ਤੇ ਹੋਰ ਵੀ ਔਖਾ ਹੈ। ਗੁਰਬਾਣੀ ਅਨੁਸਾਰ ਗਿਆਨ ਦੇ ਪਰਕਾਸ਼ ਨਾਲ ਮਾਇਆ ਦੇ ਭਰਮਾਂ ਭੁਲੇਖਿਆਂ ਅਤੇ ਕਰਮਾਂ ਦਾ ਨਾਸ ਹੋ ਜਾਂਦਾ ਹੈ: “ਦੇਖੋ ਭਾਈ ਗਯਾਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥੧॥ਰਹਾਉ॥ ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ॥ ਤਿਸਨਾ ਛਾਨਿ ਪਰੀ ਧਰ ਉਪਰਿ ਦੁਰਮਤਿ ਭਾਂਡਾ ਫੂਟਾ॥ ਆਂਧੀ ਪਾਛੇ ਜੋ ਜਲ ਬਰਖੈ ਤਿਹਿ ਤੇਰਾ ਜਨੁ ਭੀਨਾ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ॥“ (ਪੰ: ੩੩੧)।
ਗੁਰਬਾਣੀ ਦੇ ਅਧਿਆਤਮਿਕ ਗਿਆਨ ਨੂੰ ਸਿੱਖ ਧਰਮ ਦਾ ਆਧਾਰ ਸਮਝਿਆ ਜਾਂਦਾ ਹੈ ਪਰ ਬਹੁਤ ਥੋੜੇ ਸ਼ਰਧਾਲੂਆਂ ਨੂੰ ਗੁਰਬਾਣੀ ਦਾ ਮੂਲ ਉਪਦੇਸ਼ ਦੀ ਜਾਣਕਾਰੀ ਹੈ। ਬਹੁਤੇ ਸ਼ਰਧਾਲੂਆਂ ਨੂੰ ਤੇ ਗੁਰਬਾਣੀ ਗਿਆਨ ਅਤੇ ਸੰਸਾਰਕ ਕਰਮ ਦੀ ਪਰਸਪਰ ਵਿਰੋਧਤਾ ਦਾ ਵੀ ਇਲਮ ਨਹੀਂ ਹੈ। ਉਹ ਤੇ ਗੁਰਬਾਣੀ ਦੇ ਅਧਿਆਤਮਿਕ ਗਿਆਨ ਦੀ ਅਸਲੀਅਤ ਨੂੰ ਸਮਝਣ ਜਾਂ ਅਨੁਭਵ ਕਰਨ ਦੇ ਸਮਰਥ ਵੀ ਨਹੀਂ ਹਨ। ਪਰ ਉਹ ਅਧਿਆਤਮਿਕ ਗਿਆਨ ਦੇ ਵਿਪਰੀਤ ਸਿੱਖ ਰਹਿਤ ਮਰਯਾਦਾ ਦੇ ਕਰਮ ਕਾਂਡ ਨੂੰ ਪਰੰਪਰਾ ਤੇ ਆਧਾਰਤ ਸਿੱਖ ਧਰਮ ਸਮਝੀ ਜਾਂਦੇ ਹਨ। ਸਿੱਖ ਪੁਜਾਰੀ ਅਤੇ ਉਨ੍ਹਾਂ ਦੇ ਸ਼ਰਧਾਲੂ ਤੇ ਇਹ ਸੁਨਣ ਲਈ ਵੀ ਤਿਆਰ ਨਹੀਂ ਹਨ ਕਿ ਗੁਰਬਾਣੀ ਰਹਿਤ ਮਰਯਾਦਾ ਦੇ ਕਰਮ ਕਾਂਡ ਨੂੰ ਧਾਰਮਕ ਕਿਰਿਆ ਅਤੇ ਸੰਸਥਾਗਤ ਜਾਂ ਜਥੇਬੰਦਕ ਸਿੱਖ ਧਰਮ ਨੂੰ ਧਰਮ ਹੀ ਨਹੀਂ ਮੰਨਦੀ। ਇਸ ਲੇਖ ਵਿਚ ਗੁਰਬਾਣੀ ਦੇ ਮੂਲ ਉਪਦੇਸ਼ ਬਾਰੇ ਹੀ ਵਿਚਾਰ ਕੀਤੀ ਗਈ ਹੈ। ਸਿੱਖ ਧਰਮ ਦੇ ਸੰਸਥਾਗਤ ਜਾਂ ਜਥੇਬੰਦਕ ਰੂਪ ਅਤੇ ਗੁਰਬਾਣੀ ਉਪਦੇਸ਼ ਦੀ ਮਾਨਵਤਾ ਲਈ ਮਹੱਤਤਾ ਵੀ ਇਸ ਨਾਲ ਸਬੰਧਿਤ ਵਿਸ਼ੇ ਹਨ ਜਿਹਨਾਂ ਬਾਰੇ ਵਖਰੇ ਲੇਖਾਂ ਵਿਚ ਵਿਚਾਰ ਕੀਤੀ ਜਾਵੇਗੀ।




.