.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-15)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-14 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

===========

ਆਸਾ ਮਹਲਾ ੧ (੪੧੧)

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ।।

ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ।।

ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ।। ੧।।

ਇਹੁ ਜਗੁ ਤੇਰਾ ਤੂ ਗੋਸਾਈ।।

ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਈ।। ੧।। ਰਹਾਉ।।

ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ।।

ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ।।

ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ।। ੨।।

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।।

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।।

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।। ੩।।

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।।

ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।।

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।। ੪।।

ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ।।

ਓਨੀ ਤੁਪਕ ਤਾਣਿ ਚਲਾਈ ਓਨੀ ਹਸਤਿ ਚਿੜਾਈ।।

ਜਿਨ ਕੀ ਚੀਰੀ ਦਰਗਹ ਪਾਟੀ ਤਿਨਾ ਮਰਣਾ ਭਾਈ।। ੫।।

ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ।।

ਇਕਨਾ ਪੇਰਣ ਸਿਰ ਖੁਰ ਪਾਟੇ ਇਕਨਾ ਵਾਸੁ ਮਸਾਣੀ।।

ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰੈਣਿ ਵਿਹਾਣੀ।। ੬।।

ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ।।

ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ।।

ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ।। ੭।। ੧੨।।

ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਚਲਦੇ-ਚਲਦੇ ਦੂਜੀ ਵਾਰ ਭਾਈ ਮਰਦਾਨਾ ਜੀ ਦੇ ਸੰਗ 1521 ਈ. ਨੂੰ ਬਾਬਰ ਦੇ ਸੈਦਪੁਰ ਉਪਰ ਹਮਲੇ ਤੋਂ ਪਹਿਲਾਂ ਹੀ ਉਥੇ ਪਹੁੰਚ ਚੁਕੇ ਸਨ। ਗੁਰੂ ਸਾਹਿਬ ਪਹਿਲੀ ਸੈਦਪੁਰ ਫੇਰੀ ਦੌਰਾਨ ਜੋ ਵੀ ਭਵਿੱਖ ਬਾਣੀ ਕੀਤੀ ਸੀ ਉਹ ਬਿਲਕੁਲ ਸੱਚ ਬਣ ਕੇ ਵਰਤਦੀ ਹੋਈ ਆਪਣੀਆਂ ਅੱਖਾਂ ਨਾਲ ਦੇਖੀ। ਬਾਬਰ ਦੇ ਹਮਲੇ ਨਾਲ ਸਬੰਧਿਤ ਚਾਰ ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਭਿਆਨਕ ਕਤਲੋਗਾਰਤ ਦੇ ਕਾਰਣਾਂ ਅਤੇ ਸਿਟਿਆਂ ਸਬੰਧੀ ਬਾਖੂਬੀ ਬਿਆਨ ਕੀਤਾ ਹੈ।

ਵਿਸ਼ਾ ਅਧੀਨ ਸ਼ਬਦ ਵਿੱਚ “ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰੈਣਿ ਵਿਹਾਣੀ” (੪੧੮) ਗੁਰੂ ਨਾਨਕ ਸਾਹਿਬ ਵੱਲੋਂ ਉਚਾਰਣ ਕੀਤੀ ਤੁਕ ਬਾਬਰ ਦੇ ਹਿੰਦੁਸਤਾਨ ਉਪਰ ਹਮਲੇ ਨਾਲ ਸਬੰਧਿਤ ਕਤਲੇਆਮ ਦੇ ਦੁਖਾਂਤ ਭਰਪੂਰ ਸਿੱਟਿਆ ਨੂੰ ਬਾਖੂਬੀ ਬਿਆਨ ਕਰਦੀ ਹੈ। ਇਸ ਸਮੇਂ ਏਮਨਾਬਾਦ ਦੀ ਧਰਤੀ ਉਪਰ ਹੋਈ ਭਿਆਨਕ ਕਤਲੇਆਮ ਨੇ ਬਹੁਤ ਪ੍ਰਵਾਰਾਂ ਦੇ ਖੁਸ਼ੀਆਂ ਖੇੜੇ ਹਮੇਸ਼ਾਂ ਲਈ ਖਤਮ ਕਰ ਦਿਤੇ।

ਮੌਤ ਦੀ ਆਗੋਸ਼ ਵਿੱਚ ਜਾਣ ਵਾਲੇ ਤਾਂ ਸਦੀਵੀਂ ਤੌਰ ਤੇ ਚਲੇ ਗਏ, ਪਰ ਪਿਛੇ ਛੱਡ ਗਏ ਦੁਖਾਂ ਦੀ ਐਸੀ ਦਾਸਤਾਨ ਜਿਸਦਾ ਅੰਤ ਹੀ ਕੋਈ ਨਹੀ, ਜਿਸ ਦੁਖ ਨੂੰ ਬਿਆਨ ਕਰਨ ਲਈ ਸ਼ਬਦ ਲੱਭਣੇ ਮੁਸ਼ਕਿਲ ਹਨ।” ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕਿ ਜਾਣੈ ਕੋ ਪੀਰ ਪਰਈਆ” (੮੩੬) ਅਨੁਸਾਰ ਬਾਕੀਆਂ ਲਈ ਤਾਂ ਇਹ ਕਤਲੇਆਮ ਕੇਵਲ ਇੱਕ ਖਬਰ ਬਣੀ, ਪਰ ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਨੰਗੇ ਪਿੰਡੇ ਤੇ ਹੰਢਾਇਆ, ਸਵਾਰਥੀ ਲੋਕਾਂ ਵਾਂਗ ਏਮਨਾਬਾਦ ਛਡ ਕੇ ਭੱਜਣ ਦੀ ਥਾਂ ਗੁਰੂ ਨਾਨਕ ਸਾਹਿਬ ਕਤਲੇਆਮ ਪੀੜਤਾਂ ਦੇ ਵਿਚਕਾਰ ਮਸੀਹਾ ਬਣ ਕੇ ਪਹੁੰਚੇ। ਉਨ੍ਹਾਂ ਦੇ ਹਿਰਦੇ ਦੀ ਪੀੜਾ ਨੂੰ ਸਮੁੱਚੀ ਮਾਨਵਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਨੇ ਧੁਰ ਅੰਦਰੋਂ ਮਹਿਸੂਸ ਕਰਦੇ ਹੋੇਏ ਇਸ ਇਤਿਹਾਸਕ ਦਰਦੀਲੇ ਪੱਖ ਨੂੰ ਆਪਣੀ ਰਚੀ ਗਰਬਾਣੀ ਦਾ ਹਿੱਸਾ ਬਣਾ ਕੇ ਸਰਬ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਦੀਵੀਂ ਤੌਰ ਤੇ ਦਰਜ ਕਰਦੇ ਹੋਏ “ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ” (੭੨੨) ਅਨੁਸਾਰ ਸੱਚ ਕਹਿਣ ਦੇ ਸਮੇ ਸੱਚ ਕਹਿਣ ਦੀ ਦਲੇਰੀ ਰੂਪੀ ਨੀਂਹ ਪੱਥਰ ਰੱਖ ਦਿੱਤਾ, ਜਿਸ ਨੀਂਹ ਉਪਰ ਬਾਕੀ 9 ਗੁਰੂ ਸਾਹਿਬਾਨ ਨੇ ਸਿੱਖੀ ਮਹੱਲ ਦੀ ਸ਼ਾਨਦਾਰ ਇਮਾਰਤ ਖੜੀ ਕਰਕੇ ਇਤਿਹਾਸ ਦੇ ਪੰਨਿਆਂ ਦੀ ਸ਼ਿੰਗਾਰ ਬਣਾ ਕੇ ਸਿੱਖੀ ਦੇ ਵਾਰਸਾਂ ਦੇ ਸਪੁਰਦ ਕਰ ਦਿੱਤੀ। ਇਸ ਤਰਾਂ ਗੁਰੂ ਨਾਨਕ ਸਾਹਿਬ ਅਤੇ ਉਨਾਂ ਦੇ ਜਾਂ-ਨਸ਼ੀਨ ਸੱਚ ਦੇ ਮਾਰਗ ਦਰਸ਼ਕ ਬਣੇ।

ਸੈਦਪੁਰ ਦੀ ਧਰਤੀ ਉਪਰ ਰਾਜ ਕਰਨ ਵਾਲੇ ਪਠਾਣਾਂ, ਉਹਨਾਂ ਦੇ ਅਹਿਲਕਾਰਾਂ ਜੋ ਮਾਇਆ ਦੇ ਪ੍ਰਭਾਵ ਅਧੀਨ ਰੰਗ-ਤਮਾਸ਼ਿਆਂ ਵਿੱਚ ਖਚਤ ਸਨ, ਬਾਬਰ ਦੀਆਂ ਮੁਗਲ ਫੌਜਾਂ ਨੇ ਉਨ੍ਹਾਂ ਦੇ ਮਹੱਲਾਂ ਅਤੇ ਸਾਰੇ ਸ਼ਹਿਰ ਦੀ ਬੇਖੌਫ ਹੋ ਕੇ ਲੁਟ-ਪੁਟ ਕੀਤੀ। ਇਸਤਰੀਆਂ ਦੀ ਰੱਜ-ਰੱਜ ਕੇ ਬੇ-ਪਤੀ ਕੀਤੀ। ਜਿਹੜੇ ਅੱਗੇ ਵੱਖ-ਵੱਖ ਤਰਾਂ ਦੇ ਕਾਮੁਕ ਰਸਦਾਇਕ ਪਦਾਰਥਾਂ ਤੋਂ ਇਲਾਵਾ ਹੋਰ ਕੁੱਝ ਛਕਦੇ ਹੀ ਨਹੀਂ ਸਨ, ਹੁਣ ਉਹ ਰੋਟੀ ਦੇ ਟੁਕੜੇ-ਟੁਕੜੇ ਤੋਂ ਆਤੁਰ ਹੋ ਗਏ। ਇਹਨਾਂ ਮੰਦ ਕਰਮੀ ਪਠਾਣਾਂ, ਅਹਿਲਕਾਰਾਂ ਅਤੇ ਉਹਨਾਂ ਦੇ ਅਤਿਆਚਾਰਾਂ ਦਾ ਹਿੱਸਾ ਬਣੇ ਬੈਠੇ ਸਾਰਿਆਂ ਨੇ ਆਪਣੇ-ਆਪਣੇ ਪਾਪ ਕਰਮਾਂ ਦਾ ਫਲ ਐਸਾ ਭੁਗਤਿਆ ਕਿ ਰਹਿੰਦੀ ਦੁਨੀਆਂ ਤਕ ਇਹ ਲੋਕਾਈ ਨੂੰ ਸਿਖਿਆ ਮਿਲਦੀ ਰਹੇ, ਸਤਿਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਤੇ ਇਤਿਹਾਸ ਦੇ ਸੁਮੇਲ ਰੂਪੀ ਇਸ ਸ਼ਬਦ ਰਾਹੀਂ ਮਨੁੱਖਤਾ ਦੇ ਸਮਰਪਿਤ ਕਰ ਦਿਤਾ।

ਵਿਸ਼ਾ ਅਧੀਨ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਇਹ ਪੱਖ ਮੁੱਖ ਰੂਪ ਵਿੱਚ ਉਭਾਰਿਆ ਹੈ ਕਿ

ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ।।

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ।।

(ਰਾਮਕਲੀ ਮ: ੩ ਅਨੰਦ-੯੧੮)

ਜੇਕਰ ਪ੍ਰਮੇਸ਼ਰ ਨੂੰ ਚੇਤੇ ਰੱਖਦੇ ਹੋਏ ਆਪਣੇ ਬੁਰੇ ਕਰਮਾਂ ਦੇ ਸਿਟਿਆਂ ਵੱਲ ਧਿਆਨ ਰੱਖਿਆ ਜਾਵੇ ਤਾਂ ਐਸੀ ਦੁਰਦਸ਼ਾ ਤੋਂ ਬਚਿਆ ਜਾ ਸਕਦਾ ਸੀ। ਜੀਵਾਂ ਦੇ ਕੀਤੇ ਬੁਰੇ ਕਰਮਾਂ ਦਾ ਫਲ ਭੁਗਤਾਉਣ ਲਈ ਪ੍ਰਮੇਸ਼ਰ ਐਸੀ ਬਿਧ ਬਣਾ ਦਿੰਦਾ ਹੈ ਕਿ ਆਪਣੇ ਸਿਰ ਉਲ੍ਹਾਮਾ ਆਉਣ ਦੀ ਥਾਂ ਜੀਵਾਂ ਪਾਸੋਂ ਉਹਨਾਂ ਦੇ ਜੀਵਨ ਵਿਚੋਂ ਚੰਗੇ ਗੁਣਾਂ ਨੂੰ ਖੋਹ ਲੈਂਦਾ ਹੈ, ਪਾਪ ਕਰਮਾਂ ਦੁਆਰਾ ਇੱਕਠੀ ਕੀਤੀ ਹੋਈ ਧਨ ਦੌਲਤ, ਹੋਰ ਸੁਖ ਸਹੂਲਤਾਂ ਮਰਣ ਉਪਰੰਤ ਕਿਸੇ ਦੇ ਵੀ ਨਾਲ ਨਹੀਂ ਜਾਂਦੀਆਂ। ਸਭ ਕੁੱਝ ਇਥੇ ਹੀ ਰਹਿ ਜਾਂਦਾ ਹੈ, ਜੇਕਰ ਨਾਲ ਕੁੱਝ ਜਾਣਾ ਹੀ ਨਹੀਂ ਤਾਂ ਫਿਰ ਐਸਾ ਬੇ-ਅਥਾਹ ਤਰੱਦਦ ਕਿਉਂ ਕੀਤਾ ਜਾਵੇ? ਗੁਰਮਤਿ ਅਨੁਸਾਰ ਮਾਇਆ ਗੁਜ਼ਰਾਨ ਲਈ ਤਾਂ ਚਾਹੀਦੀ ਹੈ ਭੰਡਾਰਨ ਲਈ ਨਹੀਂ।

ਸਿਖ ਇਤਿਹਾਸ ਵਿਚੋਂ ਲਾਹੌਰ ਦੇ ਸੇਠ ਦੁਨੀ ਚੰਦ ਦੀ ਸਾਖੀ ਸਾਡੇ ਸਾਹਮਣੇ ਹੈ। ਗੁਰੂ ਨਾਨਕ ਸਾਹਿਬ ਨੇ ਸੁਖੈਨ ਤਰੀਕੇ ਨਾਲ ਸਮਝਾਉਣ ਲਈ ਦੁਨੀ ਚੰਦ ਨੂੰ ਇੱਕ ਸੂਈ ਦਿੰਦੇ ਹੋਏ ਸੰਭਾਲ ਕੇ ਰੱਖਣ ਅਤੇ ਪਰਲੋਕ ਵਿੱਚ ਉਸ ਕੋਲੋਂ ਵਾਪਸ ਲੈਣ ਦੀ ਗੱਲ ਕੀਤੀ ਸੀ। ਦੁਨੀ ਚੰਦ ਸਤਿਗੁਰਾਂ ਦੀ ਇਸ ਰਮਜ਼ ਨੂੰ ਨਹੀਂ ਸਮਝ ਸਕਿਆ। ਸੂਈ ਘਰ ਲਿਜਾ ਕੇ ਜਿਥੇ ਕਿਤੇ ਰੱਖਣ ਦੀ ਸੋਚਦਾ ਹੈ, ਫਿਰ ਮਨ ਵਿੱਚ ਖਿਆਲ ਆਉਂਦਾ ਹੈ ਕਿ ਇਹ ਜਗ੍ਹਾ, ਇਹ ਸਮਾਨ, ਇਹ ਬਸਤਰ, ਇਹ ਘਰ-ਬਾਰ, ਇਹ ਪ੍ਰਵਾਰ, ਇਹ ਤਿਜੌਰੀਆਂ ਆਦਿ ਸਭ ਮੇਰੇ ਮਰਣ ਉਪਰੰਤ ਇਥੇ ਹੀ ਰਹਿ ਜਾਣੀਆਂ ਹਨ, ਇਹਨਾਂ ਵਿੱਚ ਸੰਭਾਲ ਕੇ ਰੱਖੀ ਸੂਈ (ਜੋ ਗੁਰੂ ਸਾਹਿਬ ਨੂੰ ਪ੍ਰਲੋਕ ਵਿੱਚ ਵਾਪਸ ਕਰਨ ਦਾ ਵਾਅਦਾ ਕਰ ਕੇ ਆਇਆ ਹਾਂ) ਕਿਵੇਂ ਮੇਰੇ ਨਾਲ ਜਾਵੇਗੀ? ਸਾਹਿਬਾਂ ਦੇ ਗੁਹਜ ਭਰਪੂਰ ਬਚਨਾਂ ਦੀ ਜਦੋਂ ਕੁਝ-ਕੁਝ ਸਮਝ ਆਈ ਤਾਂ ਗੁਰੂ ਸਾਹਿਬ ਨੂੰ ਸੂਈ ਵਾਪਸ ਕਰਦਾ ਹੋਇਆ ਆਖਦਾ ਹੈ ਕਿ ਇਹ ਮੇਰੇ ਕੋਲੋਂ ਪ੍ਰਲੋਕ ਤਕ ਨਹੀਂ ਲਿਜਾਈ ਜਾਵੇਗੀ। ਬਸ ‘ਅਣੀਆਲਾ ਤੀਰ` ਚਲ ਚੁੱਕਾ ਸੀ। ਸਤਿਗੁਰੂ ਆਖਦੇ ਹਨ ਜੇ ਸੂਈ ਨਾਲ ਨਹੀਂ ਜਾਵੇਗੀ ਤਾਂ ਏਨੇ ਧਨ-ਦੌਲਤ ਦੇ ਜੋ ਅੰਬਾਰ ਪਾਪ ਕਰ-ਕਰ ਕੇ ਲਾਈ ਬੈਠਾ ਹੈਂ ਇਹ ਕਿਵੇਂ ਨਾਲ ਜਾਣਗੇ? ਦੁਨੀ ਚੰਦ ਦੇ ਕਪਾਟ ਖੁਲ ਗਏ। ਮਾਇਆ ਲੋੜਵੰਦਾਂ ਵਿੱਚ ਵੰਡਣ ਉਪੰਰਤ ਗੁਰੂ ਸਾਹਿਬ ਦੇ ਸੱਚੇ-ਸੁੱਚੇ ਉਪਦੇਸ਼ ਦਾ ਧਾਰਨੀ ਬਣ ਕੇ ਸਿਖੀ ਸਿਧਾਂਤਾਂ ‘ਕਿਰਤ ਕਰਨੀ-ਨਾਮ ਜਪਣਾ-ਵੰਡ ਛਕਣਾ` ਨੂੰ ਜੀਵਨ ਵਿੱਚ ਕਮਾਉਣ ਵਾਲਾ ਸੱਚਾ-ਸੁੱਚਾ ਸਿੱਖ ਬਣ ਗਿਆ।

ਜ਼ਰਾ ਸੋਚਣ ਦੀ ਲੋੜ ਹੈ, ਜਿਹੜਾ 100-500-1000 ਰੁਪਏ ਦਾ ਨੋਟ ਅਜ ਮੇਰੀ ਜੇਬ ਵਿੱਚ ਹੈ, ਪਹਿਲਾਂ ਕਿਸ ਦਾ ਸੀ, ਮੇਰੇ ਤੋਂ ਬਾਦ ਕਿਸ ਦਾ ਹੋਵੇਗਾ, ਤਾਂ ਵਿਸ਼ਾ ਅਧੀਨ ਸ਼ਬਦ ਦੇ ਤੀਜੇ ਪਦੇ (ਇਸੁ ਜਰ ਕਾਰਣਿ ਘਣੀ ਵਿਗੁਤੀ … … … … … …. . ਖੁਸਿ ਲਏ ਚੰਗਿਆਈ) ਵਿੱਚ ਦਿਤੇ ਗਏ ਗਿਆਨ ਅਤੇ ਉਪਰੋਕਤ ਸਾਖੀ ਵਿਚੋਂ ਮਿਲਦੀ ਸਿਖਿਆ ਨੂੰ ਸਾਹਮਣੇ ਰੱਖਦੇ ਹੋਏ ਦੁਨੀ ਚੰਦ ਵਾਂਗ ਸਾਡੇ ਅਗਿਆਨਤਾ ਰੂਪੀ ਕਪਾਟ ਖੁਲ ਜਾਣੇ ਸੁਭਾਵਕ ਹਨ।

ਗੁਰਬਾਣੀ-ਇਤਿਹਾਸ ਨੂੰ ਪੜ੍ਹਣ ਸੁਨਣ ਦਾ ਮਨੋਰਥ ਹੀ ਤਾਂ ਪੂਰਾ ਹੁੰਦਾ ਹੈ ਜੇ ਅਸੀਂ ਗੁਰਬਾਣੀ ਅਤੇ ਇਤਿਹਾਸ ਦੀ ਕਸਵੱਟੀ ਤੇ ਲਾ ਕੇ ਆਪਣੇ ਜੀਵਨ ਦੀ ਪਰਖ ਕਰਨ ਦਾ ਯਤਨ ਕਰਦੇ ਹੋਏ ਆਪਣੀ ਜੀਵਨ-ਜਾਂਚ ਵਿੱਚ ਸੁਧਾਰ ਕਰ ਲਈਏ।

ਸੈਦਪੁਰ ਦੇ ਪਠਾਣ ਹਾਕਮ, ਅਹਿਲਕਾਰ ਜਿਸ ਪਰਜਾ ਦੇ ਦਿਤੇ ਟੈਕਸਾਂ ਦੁਆਰਾ ਇੱਕਠੀ ਕੀਤੀ ਦੌਲਤ ਨਾਲ ਐਸ਼ੋ-ਇਸ਼ਰਤ ਵਿੱਚ ਗਲਤਾਨ ਸਨ, ਉਸ ਪਰਜਾ ਦੀ ਰਖਵਾਲੀ ਕਰਨਾ ਵੀ ਉਨ੍ਹਾਂ ਦਾ ਫਰਜ਼ ਬਣਦਾ ਸੀ। ਆਪਣੇ ਇਸ ਫਰਜ਼ ਨੂੰ ਭੁੱਲ ਕੇ ਕੋਈ ਜੰਗੀ ਤਿਆਰੀ ਰੱਖਣ ਦੀ ਥਾਂ ਤੇ ਬਸ ਬਾਬਰ ਦਾ ਚੜਦਾ ਆਉਣਾ ਸੁਣ ਕੇ ਜੰਤਰਾਂ-ਮੰਤਰਾਂ ਦੇ ਚਕਰਾਂ ਵਿੱਚ ਉਲਝਦੇ ਹੋਏ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਸਮੇਤ ਬਹੁਤ ਸਾਰੇ ਪੀਰਾਂ-ਫਕੀਰਾਂ ਨੂੰ ਫੜ ਕੇ ਉਪਾਉ ਕਰਨ ਲਈ ਆਖਿਆ। ਇਹ ਕਿਵੇਂ ਸੰਭਵ ਹੋ ਸਕਦਾ ਸੀ? ਪਠਾਣ ਹਾਕਮਾਂ ਦੇ ਡਰ ਅਧੀਨ ਬਹੁਤ ਸਾਰੇ ਪੀਰਾਂ- ਫਕੀਰਾਂ ਨੇ ਐਸੇ ਯਤਨ ਵੀ ਕੀਤੇ ਪਰ ਰਿਜ਼ਲਟ ਜ਼ੀਰੋ ਹੀ ਨਿਕਲਿਆ।

ਗੁਰਮਤਿ ਵਿੱਚ ਐਸੇ ਮੰਤ੍ਰ-ਜੰਤ੍ਰ-ਤੰਤ੍ਰ ਦੀ ਕੋਈ ਵੀ ਥਾਂ ਨਹੀਂ। ਇਸ ਸਬੰਧ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਬਦ ਧਿਆਨ ਦੇਣ ਯੋਗ ਹਨ-

- ਵਾਸਤਵ ਵਿੱਚ ਮੰਤ੍ਰ ਦਾ ਅਰਥ ਸਲਾਹ-ਮਸ਼ਵਿਰਾ, ਜੰਤ੍ਰ ਦਾ ਅਰਥ ਕਲਾ (Machine) ਅਰ ਤੰਤ੍ਰ ਦਾ ਅਰਥ ਪਦਾਰਥਾਂ ਦਾ ਮਿਲਾਪ ਹੈ, ਪਰ ਤਾਂਤ੍ਰਿਕਾਂ ਨੇ ਕਿਸੇ ਖਾਸ ਸ਼ਬਦ ਜਾਂ ਵਾਕ ਦੇ ਜਪ ਦਾ ਨਾਉਂ ਮੰਤ੍ਰ, ਭੋਜ-ਪੱਤ੍ਰਾਂ ਕਾਗਜ਼ਾਂ ਆਦਿ ਪਰ ਲੇਖ ਦਾ ਨਾਉਂ ਜੰਤ੍ਰ ਅਰ ਟੂਣਿਆਂ ਦਾ ਨਾਉਂ ਤੰਤ੍ਰ ਕਲਪ ਲਿਆ ਹੈ। ਗੁਰਮਤਿ ਵਿੱਚ ਐਸੇ ਮੰਤ੍ਰ ਤੰਤ੍ਰ ਨਿਸ਼ੇਧ ਕੀਤੇ ਗਏ ਹਨ। ਸ਼ੋਕ ਹੈ! ਗੁਰਬਾਣੀ ਨੂੰ ਨਿਤ ਪੜ੍ਹਦੇ ਹੋਏ ਭੀ ਅਨੇਕ ਸਿੱਖ ਭਾਈ ‘ਸਰਧਾ ਪੂਰਨ` ਆਦਿ ਪੁਸਤਕਾਂ ਰਚ ਕੇ ਮੰਤ੍ਰਾਂ ਦੇ ਜਪ ਦੀ ਗਿਣਤੀ ਆਸਨ ਤੇ ਮਾਲਾ ਦੇ ਵੱਖ-ਵੱਖ ਫਲ ਦਸ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

-ਮੰਤ੍ਰ ਸ਼ਾਸ਼ਤਰਾਂ ਵਿੱਚ ਅਨੰਤ ਜਪ ਕਾਮਨਾ ਪੂਰਕ ਲਿਖੇ ਹਨ ਔਰ ਸੰਪੁਟ (ਇਕ ਮੰਤ੍ਰ ਨੂੰ ਦੂਜੇ ਮੰਤ੍ਰ ਦੇ ਆਦਿ ਅੰਤ ਦੇ ਕੇ ਜਪਣਾ) ਅਨੁਲੋਮ (ਯਥਾ ਕ੍ਰਮ ਸਿਧਾ ਮੰਤ੍ਰ ਦਾ ਪਾਠ ਕਰਨਾ) ਵਿਲੋਮ (ਉਲਟੇ ਕ੍ਰਮ ਨਾਲ ਜਪ ਕਰਣਾ) ਆਦਿਕ ਭੇਦਾਂ ਨਾਲ ਜਪ ਦੇ ਬਹੁਤ ਪ੍ਰਕਾਰ ਅਰ ਉਨ੍ਹਾਂ ਦੇ ਭਿੰਨ-ਭਿੰਨ ਫਲ ਵਰਨਣ ਕੀਤੇ ਹਨ, ਅਰ ਭੈਰਵ, ਕਾਲੀ, ਲੱਛਮੀ ਆਦਿਕ ਦੇਵੀ ਦੇਵਤਿਆਂ ਦੇ ਮੰਤ੍ਰ ਜਪ ਨਾਲ ਅਨੇਕ ਸ਼ਕਤੀਆਂ ਦੀ ਪ੍ਰਾਪਤੀ ਹੋਣੀ ਦੱਸੀ ਹੈ, ਪਰ ਗੁਰੂ ਸਾਹਿਬ ਇਨ੍ਹਾਂ ਕਰਮਾਂ ਨੂੰ ਅਵਿਦਿਆ ਕਲਪਿਤ ਜਾਣ ਕੇ ਨਿਸਫਲ ਕਥਨ ਕਰਦੇ ਹਨ।

-ਤਾਂਤ੍ਰਿਕਾਂ ਦੇ ਪ੍ਰਭਾਵ ਅਧੀਨ ਕਈ ਸਿੱਖ ਉਤਾਰਾ (ਅੰਨ, ਵਸਤ੍ਰ, ਨਕਦੀ ਅਤੇ ਮੁਰਗਾ, ਬੱਕਰਾ ਆਦਿ ਜੀਵ ਕਿਸੇ ਰੋਗੀ ਅਥਵਾ ਵਿਪਦਾ ਗ੍ਰਸਿਤ ਦੇ ਸਿਰ ਉਪਰੋਂ ਵਾਰ ਕੇ ਕਿਸੇ ਨੂੰ ਦਾਨ ਕਰਨਾ ਜਾਂ ਕਿਸੇ ਖਾਸ ਥਾਂ ਰੱਖਣਾ) ਹੱਥ ਹੌਲਾ (ਮੋਰ ਪੰਖ ਜਾਂ ਕਿਸੇ ਦਰਖਤ ਦੀ ਟਾਹਣੀ, ਮੰਤ੍ਰ ਜਪ ਕਰਦੇ ਹੋਏ ਰੋਗੀ ਆਦਿ ਉਤੇ ਫੇਰਨੀ) ਝਾੜਾ ਫੂਕਾ (ਲੋਹੇ ਦੀ ਸੀਖ ਜਾਂ ਕਿਸੇ ਖਾਸ ਕਿਸਮ ਦੀ ਲਕੜੀ ਮੰਤਰ ਪੜ੍ਹ ਕੇ ਬੀਮਾਰ ਤੇ ਫੇਰ ਕੇ ਫੂਕਾਂ ਮਾਰਣੀਆਂ) ਕਰਦੇ ਦੇਖੀਦੇ ਹਨ ਜੋ ਗੁਰਮਤਿ ਅਨੁਸਾਰ ਤਨਖਾਹੀਏ ਹਨ।

(ਗੁਰਮਤਿ ਮਾਰਤੰਡ- ੭੮੯-੭੯੨)

ਸੈਦਪੁਰ ਤੇ ਹਮਲਾਵਰ ਬਣ ਕੇ ਆਏ ਮੁਗਲ ਸਿਪਾਹੀ ਪੂਰੀ ਤਰਾਂ ਹਥਿਆਰ-ਬੰਦ, ਸਿਖਲਾਈ-ਯੁਕਤ, ਯੁਧ-ਕਲਾ ਵਿੱਚ ਨਿਪੁੰਨ ਸਨ, ਇਨ੍ਹਾਂ ਦਾ ਮੁਕਾਬਲਾ ਕਰਨ ਵਾਲੇ ਪਠਾਣ ਕਿਸੇ ਵੀ ਤਰਾਂ ਯੁਧ ਦੀ ਤਿਆਰੀ ਤੋਂ ਬਿਨਾਂ ਸਨ। ਜਦੋਂ ਜਿੰਮੇਵਾਰ ਹਾਕਮ ਆਪਣੀ ਜਿੰਮੇਵਾਰੀ ਤੋਂ ਭਗੌੜੇ ਹੋ ਜਾਣ ਤਾਂ ਪਰਜਾ ਦੀ ਰਖਵਾਲੀ ਕਿਸ ਨੇ ਕਰਨੀ ਸੀ, ਸਗੋਂ ਉਹ ਹਾਕਮ ਤਾਂ ਆਪਣੀਆਂ ਬੇਗਮਾਂ, ਆਪਣੀ ਧਨ ਦੌਲਤ, ਆਪਣੇ ਬੱਚਿਆਂ ਆਦਿ ਦੀ ਰਖਵਾਲੀ ਕਰਨ ਤੋਂ ਵੀ ਅਸਮਰਥ ਸਨ। ਫਿਰ ਇਸ ਯੁਧ ਦਾ ਨਤੀਜਾ ਜੋ ਹੋਣਾ ਸੀ ਉਹੀ ਸਾਹਮਣੇ ਆਇਆ। ਸ਼ਸਤਰ ਤਾਂ ਪਠਾਣ ਸਿਪਾਹੀਆਂ ਕੋਲ ਵੀ ਸਨ, ਪਰ ਉਚਿਤ ਸਿਖਲਾਈ ਨਾ ਹੋਣ ਕਾਰਣ, ਅਨੁਸ਼ਾਸ਼ਿਤ ਫੌਜ ਨਾ ਹੋਣ ਕਰਨ, ਉਚਿਤ ਹੌਂਸਲਾ ਨਾ ਹੋਣ ਕਾਰਣ ਗੁਰੂ ਨਾਨਕ ਸਾਹਿਬ ਇਸ ਜੰਗ ਦੇ ਅੱਖੀਂ ਡਿਠੇ ਹਾਲਾਤ ਬਿਆਨ ਕਰਦੇ ਹੋਏ ਵਿਸ਼ਾ ਅਧੀਨ ਸ਼ਬਦ ਵਿੱਚ ਦੱਸਦੇ ਹਨ ਕਿ ਬਾਬਰ ਦੇ ਮੁਗਲ ਸਿਪਾਹੀਆਂ ਨੇ ਨਿਸ਼ਾਨੇ ਬੰਨ-ਬੰਨ ਕੇ ਬੰਦੂਕਾਂ ਦੀਆਂ ਗੋਲੀਆਂ ਚਲਾਈਆਂ, ਇਸ ਦੇ ਉਲਟ ਪਠਾਣ ਸਿਪਾਹੀ ਬੰਦੂਕਾਂ, ਗੋਲੀ-ਸਿਕਾ ਹੋਣ ਦੇ ਬਾਵਜੂਦ ਕਿਸੇ ਵੀ ਤਰਾਂ ਮੁਕਾਬਲਾ ਨਾ ਕਰ ਸਕੇ, ਇਹ ਹੌਂਸਲਾ ਕਿਥੋਂ ਲਿਆਉਂਦੇ?

ਲੋੜ ਤੇ ਇਸ ਗੱਲ ਦੀ ਸੀ ਕਿ ਅਗਾਊਂ ਯੋਜਨਾ ਬੱਧ ਫੌਜੀ ਸਿਖਲਾਈ ਹੁੰਦੀ। ਪਰ ਇਸ ਹਿੰਦੁਸਤਾਨ ਦੀ ਧਰਤੀ ਉਪਰ ਤਾਂ ‘ਅਹਿੰਸੋ ਪਰਮੋ ਧਰਮਾ` ਦਾ ਸਿਧਾਂਤ ਪ੍ਰਚਲਿਤ ਸੀ, ਜਿਸ ਤਹਿਤ ਸਿਖਿਆ ਦਿਤੀ ਜਾਂਦੀ ਸੀ ਕਿ ਜੇ ਕੋਈ ਤੇਰੀ ਇੱਕ ਗਲ੍ਹ ਤੇ ਥੱਪੜ ਮਾਰੇ ਤਾਂ ਤੇਰਾ ਫਰਜ਼ ਬਣਦਾ ਹੈ ਕਿ ਉਸਦੇ ਅੱਗੇ ਆਪ ਹੀ ਆਪਣਾ ਮੂੰਹ ਭਵਾ ਕੇ ਦੂਜੀ ਗਲ੍ਹ ਕਰ ਦਈਏ ਕਿ ਇੱਕ ਥੱਪੜ ਇਸ ਪਾਸੇ ਵੀ ਹੋਰ ਮਾਰ ਲੈ।

ਪ੍ਰੰਤੂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਇਸ ਤੋਂ ਸਪਸ਼ਟ ਰੂਪ ਵਿੱਚ ਵਖਰਾ ਤੇ ਨਿਵੇਕਲਾ ਹੈ। ਇਥੇ ਤਾਂ ਕਿਹਾ ਗਿਆ ਹੈ ਕਿ ਪਹਿਲਾਂ ਆਖਰੀ ਹੀਲੇ ਤਕ ਸ਼ਾਤਮਈ ਰਹਿੰਦੇ ਹੋਏ ਹੱਲ ਕਰਨ ਦਾ ਯਤਨ ਕਰਨਾ ਹੈ, ਜੇਕਰ ਆਖਰੀ ਹੀਲਾ ਵੀ ਬੇਕਾਰ ਹੋ ਜਾਏ ਤਾਂ ਹੱਥ ਵਿੱਚ ਤਲਵਾਰ (ਸ਼ਸਤਰ) ਉਠਾ ਕੇ ਜ਼ਾਲਮ ਦਾ ਮੁਕਾਬਲਾ ਕਰਨਾ ਵੀ ਧਰਮ ਹੈ, ਜ਼ਾਲਮ ਨੂੰ ਜ਼ੁਲਮ ਤੋਂ ਰੋਕਣ ਲਈ ਤਲਵਾਰ (ਸ਼ਸਤਰ) ਚਲਾਉਣਾ ਵੀ ਸਿੱਖ ਦਾ ਧਰਮ ਬਣ ਜਾਂਦਾ ਹੈ।

ਜਿਵੇਂ ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਸਿੱਖ ਧਰਮ ਦਾ ਪ੍ਰਚਾਰ-ਪਸਾਰ ਕੀਤਾ ਗਿਆ। ਪਰ ਜਦੋਂ ਜੁਲਮ ਦੀ ਅੱਤ ਹੋਈ, ਗੁਰੂ ਅਰਜਨ ਸਾਹਿਬ ਨੂੰ ਸਖਤ ਤੋਂ ਸਖਤ ਤਸੀਹੇ (ਤੱਤੀ ਤਵੀ ਤੇ ਬਿਠਾਉਣਾ, ਤੱਤੀ ਰੇਤਾ ਸਿਰ ਵਿੱਚ ਪਾਉਣਾ, ਉਬਲਦੀ ਦੇਗ ਵਿੱਚ ਉਬਾਲ ਦੇਣਾ, ਗਰਮੀ ਭਰਪੂਰ ਤਸੀਹਿਆਂ ਨਾਲ ਛਾਲੋ-ਛਾਲੀ ਹੋਏ ਸਰੀਰ ਨੂੰ ਹੋਰ ਸਖਤ ਤਸੀਹੇ ਦੇਣ ਲਈ ਦਰਿਆ ਰਾਵੀ ਦੇ ਠੰਡੇ ਪਾਣੀ ਵਿੱਚ ਰੋੜ ਦੇਣਾ) ਦੇ ਕੇ ਸ਼ਹੀਦ ਕੀਤਾ ਗਿਆ ਇਸ ਸ਼ਾਂਤਮਈ ਸ਼ਹਾਦਤ ਦਾ ਪ੍ਰਤੀਕਰਮ ਕੀ ਹੋਇਆ? ਇੱਕ ਕਵੀ ਨੇ ਬਹੁਤ ਹੀ ਭਾਵ-ਪੂਰਤ ਸ਼ਬਦਾਂ ਵਿੱਚ ਕਲਮ ਬੱਧ ਕੀਤਾ ਹੈ-

ਛਾਲਿਆਂ ਦੇ ਇਕ-ਇਕ ਫੁੱਲ ਵਿਚੋਂ ਗੁਲਜ਼ਾਰ ਪੈਦਾ ਹੋ ਗਈ।

ਸੁਖਮਨੀ ਦੀ ਬਾਣੀ ਵਿਚੋਂ ਚੰਡੀ ਦੀ ਵਾਰ ਪੈਦਾ ਹੋ ਗਈ।

ਉਬਲਦੀ ਦੇਗ ਦੇ ਪਾਣੀਆਂ ਵਿੱਚ ਤੂਫਾਨ ਪੈਦਾ ਹੋ ਗਿਆ।

ਸੁਣਿਐ ਤੱਤੀ ਤਵੀ ਦੇ ਲੋਹੇ ਵਿਚੋਂ ਤਲਵਾਰ ਪੈਦਾ ਹੋ ਗਈ।

ਤੱਤੀ ਤਵੀ ਦੇ ਲੋਹੇ ਵਿਚੋਂ ਬਣੀ ਹੋਈ ਇਸ ਤਲਵਾਰ ਨੂੰ ਹੁਣ ਛੇਵੇਂ ਜਾਮੇ ਵਿੱਚ ਮੀਰੀ-ਪੀਰੀ ਦੇ ਮਾਲਕ ਰੂਪ ਵਿੱਚ ਧਾਰਨ ਕਰਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਭਗਤੀ-ਸ਼ਕਤੀ, ਸੰਤ-ਸਿਪਾਹੀ, ਸ਼ਾਂਤੀ-ਤਲਵਾਰ ਨੂੰ ਇੱਕਠੇ ਕਰ ਦਿਤਾ।

ਫਿਰ ਸਤਵੇਂ, ਅਠਵੇਂ-ਨੌਵੇਂ ਜਾਮੇ ਤਕ ਪਹਿਲ ਸ਼ਾਂਤਮਈ ਤਰੀਕੇ ਨੂੰ ਹੀ ਦਿਤੀ ਗਈ, ਪਰ ਜਦੋਂ ਸ਼ਾਂਤਮਈ ਰਹਿੰਦਿਆਂ ਔਰੰਗਜੇਬ ਦੇ ਜ਼ੁਲਮੀ ਰਾਜ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਅਤੇ ਤਿੰਨ ਸਿੱਖਾਂ ਦੀਆਂ ਸ਼ਹਾਦਤਾਂ ਹੋ ਗਈਆਂ।

ਜਦੋਂ ਜ਼ਬਰ ਤੇ ਜ਼ੁਲਮ ਦੀ ਅੱਤ ਹੋਈ ਕਹਿਰ ਟੁਟਿਆ ਰੱਬ ਦੇ ਬੰਦਿਆਂ ਤੇ।

ਉਦੋਂ ਧਰਮ ਦੀ ਲਾਜ ਬਚਾਵਣੈ ਲਈ ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ।

ਤਾਂ ਦਸਵੇਂ ਜਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਜ਼ੁਲਮ ਦੇ ਖਾਤਮੇ ਲਈ ਤਲਵਾਰ ਵੀ ਉਠਾਉਣੀ ਪਈ। ਬਾਬਰ ਦੇ ਹਮਲੇ ਨਾਲ ਹੋਈ ਸੈਦਪੁਰੀਆਂ ਦੀ ਇਸ ਦੁਰਦਸ਼ਾ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਤੱਖ-ਦਰਸ਼ੀ ਰੂਪ ਵਿੱਚ ਕਲਮਬੱਧ ਕਰਦੇ ਹੋਈ ਗੁਰਬਾਣੀ ਦਾ ਹਿਸਾ ਬਣਾ ਕੇ ਸਦੀਵੀਂ ਮਾਰਗ ਦਰਸ਼ਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿਤਾ ਗਿਆ।

ਵਿਸ਼ੇਸ਼ ਨੋਟ:- ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਬਾਬਰ ਦੇ 1521 ਈ. ਦੇ ਕਤਲੇਆਮ ਤੋਂ ਲੈ ਕੇ ਨਵੰਬਰ 1984 ਦੇ ਕਤਲੇਆਮ ਨੂੰ ਆਪਸ ਵਿੱਚ ਜੋੜ ਕੇ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਇਸ ਸਬੰਧ ਵਿੱਚ ਦਾਸ ਵਲੋਂ ਪਹਿਲਾਂ ਲਿਖਿਆ ਲੇਖ ‘ਜਿਨ ਕੇ ਬੰਕੇ ਘਰੀ ਨ ਆਇਆ` (ਪੁਸਤਕ-ਜਨ ਭਏ ਖਾਲਸੇ ਅਤੇ ਹੋਰ ਗੁਰਮਤਿ ਲੇਖ ਵਿਚੋਂ) ਅਤੇ ਸਿੱਖ ਮਾਰਗ ਉਪਰ ਲੇਖ ਲੜੀ ਦੂਜੀ ਵਿਚੋਂ ਪੜ੍ਹਿਆ ਜਾ ਸਕਦਾ ਹੈ। ਸਿਖਿਆ:- ਮਰਣਾ ਸਾਰਿਆਂ ਨੇ ਹੈ, ਇਹ ਅਟੱਲ ਸਚਾਈ ਹੈ, ਪਰ ਯਤਨ ਕਰੀਏ ਕਿ ਐਸ਼ੋ -ਇਸ਼ਰਤ ਵਿੱਚ ਗਲਤਾਨ ਹੋ ਕੇ ਸੈਦਪੁਰ ਦੇ ਪਠਾਣਾਂ ਵਾਂਗ ਅਣਿਆਈ ਮੌਤੇ ਨਾ ਮਰੀਏ ਸਗੋਂ ਸ਼ੁਭ ਕਰਮਾਂ ਦੁਆਰਾ ਪ੍ਰਮੇਸ਼ਰ ਦੇ ਦਰ ਉਪਰ ਮੁਖ ਉਜਲਾ ਲੈ ਕੇ ਜਾਣ ਦੇ ਕਾਬਲ ਹੋ ਕੇ ਜਾਈਏ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜ੍ਹਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

==========

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.