.

‘ਮੁਕਤਾ-ਅੱਖਰ’

ਇੱਕਲਾ ਅੱਖਰ ਲਗਾਂ-ਮਾਤਰਾਂ ਦੀ ਸਹਾਇਤਾ ਤੋਂ ਬਿਨਾ ਕਿਸੇ ਸਾਰਥਕ ਆਵਾਜ਼ ਨੂੰ ਨਹੀਂ ਪ੍ਰਗਟ ਕਰ ਸਕਦਾ। ਪਰ ਗੁਰਬਾਣੀ ਵਿੱਚ ‘ਮੁਕਤੇ’ ਅੱਖਰ ਦੀ ਆਪਣੀ ਵਿਸ਼ੇਸ਼ਤਾ ਹੈ। ਉਹਨਾਂ ਵਿਸ਼ੇਸ਼ਤਾਂਵਾ ਨੂੰ ਸਰਲ ਰੂਪ ਵਿੱਚ ਸਮਝਣ ਦਾ ਯਤਨ ਕਰੀਏ-:

੧. ਜਿਹਨਾਂ ਨਾਂਵ ਅਤੇ ਪੜਨਾਂਵ ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ਮੁਕਤਾ ਹੋਵੇ ਉਹ ਬਹੁਵਚਨ ਹੁੰਦੇ ਹਨ ਜਿਵੇਂ-:

“ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ॥ ੪॥ ੬॥ (ਪੰਨਾ ੧੬)

ਨੇਹ- {ਨਾਂਵ ਪੁਲਿੰਗ ਬਹੁਵਚਨ} ਪਿਆਰ।

“ਸੁਣਿਐ ਸਿਧ ਪੀਰ ਸੁਰਿ ਨਾਥ॥ (ਪੰਨਾ ੨)

ਸਿਧ, ਪੀਰ, ਨਾਥ- {ਪੁਲਿੰਗ ਨਾਂਵ ਬਹੁਵਚਨ}

“ਸੁਣਿਐ ਸੇਖ ਪੀਰ ਪਾਤਿਸਾਹ॥ (ਪੰਨਾ ੩)

ਸੇਖ, ਪੀਰ, ਪਾਤਿਸਾਹ- {ਪੁਲਿੰਗ ਨਾਂਵ ਬਹੁਵਚਨ}

ਉਪਰੋਕਤ ਲਫਜ਼ ਬਹੁਵਚਨ ਵਾਚੀ ਹਨ; ਇਹਨਾਂ ਨੂੰ ਇਕਵਚਨ ਬਨਾਉਣ ਸਮੇਂ ਅੰਤ ਔਂਕੜ ਪਾ ਦਿਤੀ ਜਾਂਦੀ ਹੈ।

੨. ਜਿਹੜੇ ਲ਼ਫਜ਼ ਸੰਬੋਧਨ ਵਾਚੀ ਹੁੰਦੇ ਹਨ ਉਹਨਾ ਦਾ ਭੀ ਅੰਤਲਾਂ ਅੱਖਰ ਮੁਕਤਾ ਹੁੰਦਾ ਹੈ:

“ਏਹਿ ਭਿ ਦਾਤਿ ਤੇਰੀ ਦਾਤਾਰ॥ (ਪੰਨਾ ੫)

ਦਾਤਾਰ- {ਸੰਬੋਧਨ ਕਾਰਕ} ਹੇ ਅਕਾਲ ਪੁਰਖ।

“ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥ (ਪੰਨਾ ੧੦)

ਗੁਰਦੇਵ- {ਸੰਬੋਧਨ ਕਾਰਕ} ਹੇ ਗੁਰਦੇਵ।

“ਮਨ ਏਕੁ ਨ ਚੇਤਸਿ ਮੂੜ ਮਨਾ॥ (ਪੰਨਾ ੧੨)

ਮਨ- {ਸੰਬੋਧਨ ਕਾਰਕ} ਹੇ ਮਨ।

ਸੋ ਇਸ ਤਰ੍ਹਾਂ ਸੰਬੋਧਨ ਵਾਚੀ ਲਫਜ਼ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ।

੩. ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ:

“ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ॥ (ਪੰਨਾ ੨੧)

“ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ॥ (ਪੰਨਾ ੧੩੯੫)

ਜਹ, ਕਹ, ਤਹ - {ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ} ਜਿਥੇ, ਕਿਥੇ, ਉਥੇ।

ਨੋਟ: ਉਕਤ ਲਫਜ਼ਾਂ ਦਾ ਉਚਾਰਣ ‘ਜਿਹ’ ਜਾਂ ‘ਜੈਂਹ’ ਵਾਂਗ ਕਰਨਾ ਅਸ਼ੁੱਧ ਹੈ। ਇਹ ਲਫਜ਼ ‘ਜਹਾਂ, ਕਹਾਂ, ਤਹਾਂ’ ਦੇ ਸੰਖਿਪਤ ਰੂਪ ਹਨ, ਇਹਨਾਂ ਦਾ ਉਚਾਰਣ ‘ਜ੍ਹਾਂ, ਕ੍ਹਾਂ, ਤ੍ਹਾਂ’ ਵਾਂਗ ਕਰਨਾ ਚਾਹੀਦਾ ਹੈ। ਅੰਤਕ ‘ਹ’ ਮੁਕਤੇ ਦਾ ਉਚਾਰਣ ਖੜੀ-ਤੜੀ ਧੁਨੀ ਵਿਚ।

“ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ॥ ੨॥ ੨॥ ੫੪॥ (ਪੰਨਾ ੬੮੩)

ਸਰਬਤ- {ਸਥਾਨ ਵਾਚੀ ਕਿਰਿਆ- ਵਿਸ਼ੇਸ਼ਣ} ਸਭਨੀਂ ਥਾਈਂ।

“ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ॥ ੨॥ ੮॥ ੩੯॥ (ਪੰਨਾ ੬੮੦)

ਈਤ, ਊਤ, ਜਤ, ਕਤ, ਤਤ - {ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ}

“ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ॥ ੨॥ (ਪੰਨਾ ੨੦੪)

ਨਾਹਿਨ- {ਨਿਰਨਾ ਵਾਚੀ ਕਿਰਿਆ-ਵਿਸ਼ੇਸ਼ਣ} ਨਹੀਂ।

“ਅਬ ਤਬ ਜਬ ਕਬ ਤੁਹੀ ਤੁਹੀ॥ (ਪੰਨਾ ੯੬੯)

ਅਬ, ਤਬ, ਜਬ, ਕਬ- {ਸਮਾਂ ਵਾਚੀ ਕਿਰਿਆ ਵਿਸ਼ੇਸ਼ਣ}

੪. ਇਸਤਰੀ-ਲਿੰਗ ਨਾਂਵ ਅਤੇ ਪੜਨਾਂਵ-ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ:

“ਛਾਡਿ ਸਿਆਨਪ ਬਹੁ ਚਤੁਰਾਈ॥ (ਪੰਨਾ ੧੯੦)

ਸਿਆਨਪ- {ਨਾਂਵ, ਇਸਤਰੀ-ਲਿੰਗ} ਮਨ ਦੀ ਅਕਲਮੰਦੀ।

“ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ (ਪੰਨਾ ੨)

ਸਿਖ- {ਨਾਂਵ, ਇਸਤਰੀ-ਲਿੰਗ} ਸਿਖਿਆ।

“ਇਸ ਮਾਟੀ ਕੀ ਪੁਤਰੀ ਜੋਰੀ॥ ੧॥ (ਪੰਨਾ ੩੩੬)

ਇਸ- {ਪੜਨਾਂਵ, ਇਸਤਰੀ-ਲਿੰਗ} ਇਹ।

“ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ (ਪੰਨਾ ੬)

ਸਭ- {ਪੜਨਾਂਵ, ਇਸਤਰੀ-ਲਿੰਗ} ਸਾਰੀ।

ਨੋਟ: ਗੁਰਬਾਣੀ ਵਿੱਚ ਕੁੱਝ ਇਸਤਰੀ-ਲਿੰਗ ਲਫਜ਼ ਸੰਸਕ੍ਰਿਤ ਤੋਂ ਆਏ ਹਨ, ਜੋ ਅੰਤ ਔਂਕੜ ਸਹਿਤ ਹਨ। ਉਹਨਾਂ ਦੇ ਅੰਤ ਆਇਆ ਔਂਕੜ ਮੂਲਕ ਤੌਰ `ਤੇ ਹੁੰਦਾ ਹੈ, ਜੋ ਉਸ ਲਫਜ਼ ਦੀ ਮੂਲ ਭਾਸ਼ਾ ਵਿਚੋਂ; ਲਫਜ਼ ਦੇ ਨਾਲ ਹੀ ਆਉਂਦਾ ਹੈ: ਜਿਵੇਂ -:

ਮਲੁ, ਰੇਣੁ, ਖਾਕੁ, ਸਾਸੁ, ਖੰਡੁ, ਭਸੁ, ਬਿਖੁ, ਵਸਤੁ ਆਦਿ।

੫. ਜੁੜਤ-ਲਫਜ਼ (ਸਮਾਸੀ-ਸ਼ਬਦਾਂ) ਦੇ ਪਹਿਲੇ ਭਾਗ ਦਾ ਅੰਤਲਾ ਅੱਖਰ ਸਦਾ ਮੁਕਤਾ ਹੁੰਦਾ ਹੈ, ਕਿੳਂਕਿ ਉਸ ਲਫਜ਼ ਦੇ ਪਹਿਲੇ ਭਾਗ ਵਿਚੋਂ ‘ਦਾ, ਦੀ, ਦੇ, ਨੂੰ’ ਆਦਿ ਦੇ ਅਰਥ ਨਿਕਲਦੇ ਹਨ; ਜਿਵੇਂ:

“ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ ੧॥ (ਪੰਨਾ ੬੭)

ਗੁਰਬਾਣੀ- {ਸਮਾਸ} ਗੁਰੂ ਦੀ ਬਾਣੀ।

“ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥ ੧॥ (ਪੰਨਾ ੧੬੪)

ਗੁਰਸਿਖ- {ਸਮਾਸ} ਗੁਰੂ ਦਾ ਸਿਖ।

“ਅਸੀ ਬੋਲਵਿਗਾੜ ਵਿਗਾੜਹ ਬੋਲ॥ (ਪੰਨਾ ੨੫)

ਬੋਲਵਿਗਾੜ- {ਸਮਾਸ} ਬੋਲ ਨੂੰ ਵਿਗਾੜਣ ਵਾਲੇ।

“ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥ ੩॥ (ਪੰਨਾ ੧੦੨੨)

ਗਿਆਨ-ਖੜਗੁ- {ਸਮਾਸ} ਗਿਆਨ ਦਾ ਖੰਡਾ।

੬. ਫਾਰਸੀ ਅਤੇ ਸੰਸਕ੍ਰਿਤ ਭਾਸ਼ਾ ਦੇ ਸੰਗਿਆ-ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ, ਉਕਤ ਲਫਜ਼ ਹੁੰਦੇ ਭੀ ਇਕਵਚਨ ਹੀ ਹਨ:

“ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ॥ ੭੯॥ (ਪੰਨਾ ੧੩੮੨)

ਸੁਬਹ - {ਨਾਂਵ ਇਕਵਚਨ, ਤੱਤਸਮ} ਸਵੇਰ।

“ਜਿਨੀੑ ਪਛਾਤਾ ਖਸਮੁ ਸੇ ਦਰਗਾਹ ਮਲ॥ (ਪੰਨਾ ੯੬੪)

ਦਰਗਾਹ - {ਨਾਂਵ, ਇਕਵਚਨ, ਤੱਤਸਮ} ਦਰਗਾਹ।

“ਤੇਰੀ ਪਨਹ ਖੁਦਾਇ ਤੂ ਬਖਸੰਦਗੀ॥ (ਪੰਨਾ ੪੮੮)

ਪਨਹ - {ਨਾਂਵ, ਇਕਵਚਨ, ਤੱਤਸਮ} ਆਸਰਾ।

ਨੋਟ: ਉਪਰੋਕਤ ਲਫਜ਼ਾਂ ਦਾ ਉਚਾਰਣ ਭਾਸ਼ਾ-ਸਾਹਿਤਕਾਰੀ ਅਨੁਸਾਰ ‘ਸੁਬ੍ਹਾ, ਦਰਗਾਹ, ਪਨਾਹ’ ਵਾਂਗ ਕਰਨਾ ਹੈ।

੭. ਸੰਗਿਆ-ਵਾਚੀ (ਨਾਂਵ) ਲਫਜ਼ਾਂ ਵਿਚੋਂ ਕਾਰਕੀ ਅਰਥ ਭੀ ਨਿਕਲਦੇ ਹਨ, ਕਾਰਕੀ ਅਰਥ ਉਸ ਲਫਜ਼ ਦੇ ਅੰਤਲੇ ਅੱਖਰ ਨੂੰ ਲਗਿਆ ਔਂਕੜ ਹਟਾ ਦਿੰਦੇ ਹਨ:

“ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ (ਪੰਨਾ ੯੨੩)

ਗੋਪਾਲ- {ਨਾਂਵ, ਸੰਬੰਧਕਾਰਕ ਇਕਵਚਨ} ਅਕਾਲ ਪਰਖ।

ਨੋਟ: ‘ਦੇ’ ਲੁਪਤ ਸੰਬੰਧਕ ਆਉਣ ਕਾਰਣ ਔਂਕੜ ਹਟ ਗਿਆ ਹੈ। ਕਈ ਵਾਰ ਪਰੱਤਖ ਤੌਰ `ਤੇ ਸੰਬੰਧਕ ਆਉਣ ਕਾਰਣ ਭੀ ਔਂਕੜ ਹਟ ਜਾਂਦਾ ਹੈ।

“ਦੁਇ ਦੁਇ ਲੋਚਨ ਪੇਖਾ॥ (ਪੰਨਾ ੬੫੫)

ਲੋਚਨ- {ਨਾਂਵ ਕਰਮ ਕਾਰਕ ਬਹੁਵਚਨ} ਅੱਖਾਂ ਨਾਲ।

“ਇਨੑ ਮੁੰਡੀਅਨ ਮੇਰੀ ਜਾਤਿ ਗਵਾਈ॥ ੨॥ ੩॥ ੩੩॥ (ਪੰਨਾ ੪੮੪)

ਮੁੰਡੀਅਨ - {ਨਾਂਵ, ਕਰਤਾ ਕਾਰਕ, ਬਹੁਵਚਨ} ਸਤ-ਸੰਗੀਆਂ ਨੇ।

“ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ॥ (ਪੰਨਾ ੩੦੩)

ਗੁਰ- {ਨਾਂਵ, ਅਪਾਦਾਨ ਕਾਰਕ} ਗੁਰੂ ਤੋਂ।

“ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ॥ (ਪੰਨਾ ੧੧੦੪)

ਖੇਤ- {ਨਾਂਵ, ਅਧਿਕਰਨ ਕਾਰਕ} ਖੇਤ ਵਿੱਚ ਹੀ, ਇਸੇ ਸਰੀਰ ਵਿਚ।

੮. ਵਰਤਮਾਨ-ਕਾਲ, ਬਹੁਵਚਨ ਦੀ ਉਤਮ-ਪੁਰਖੀ ਕਿਰਿਆ ਦਾ ਅੰਤਲਾ ਅੱਖਰ ‘ਹ’ ਮੁਕਤਾ ਹੁੰਦਾ ਹੈ:

“ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥ (ਪੰਨਾ ੧੭)

ਕਰਹ- {ਕਿਰਿਆ, ਉਤਮ-ਪੁਰਖ, ਬਹੁਵਚਨ, ਹੁਕਮੀ ਭਵਿਖਤ ਕਾਲ} ਅਸੀਂ ਕਰੀਏ।

“ਸੋ ਹਮ ਕਰਹ ਜੁ ਆਪਿ ਕਰਾਏ॥ ੪॥ (ਪੰਨਾ ੪੯੪)

ਕਰਹ- {ਕਿਰਿਆ, ਉਤਮ-ਪੁਰਖ, ਬਹੁਵਚਨ, ਵਰਤਮਾਨ ਕਾਲ} ਅਸੀਂ ਕਰਦੇ ਹਾਂ।

“ਮਿਲਿ ਗਾਵਹ ਗੁਣ ਅਗਮ ਅਪਾਰੇ॥ (ਪੰਨਾ ੧੦੪)

ਗਾਵਹ- {ਕਿਰਿਆ, ਉਤਮ-ਪੁਰਖ, ਬਹੁਵਚਨ, ਭਵਿਖਤ ਕਾਲ} ਅਸੀਂ ਗਾਈਏ।

“ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ॥ ੪॥ ੧॥ (ਪੰਨਾ ੬੯੬)

ਚਲਹ - {ਕਿਰਿਆ, ਬਹੁਵਚਨ, ਉਤਮ-ਪੁਰਖ, ਹੁਕਮੀ ਭਵਿਖਤ ਕਾਲ} ਚਲੀਏ।

“ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ॥ (ਪੰਨਾ ੧੧੬੫)

ਕਰਸਹ- {ਕਿਰਿਆ, ਬਹੁਵਚਨ, ਉਤਮ-ਪੁਰਖ, ਭਵਿਖਤ ਕਾਲ} ਅਸੀਂ ਕਰਾਂਗੇ।

ਨੋਟ: ਉਪਰੋਕਤ ਪੰਗਤੀਆਂ ਵਿੱਚ ਕਿਰਿਆਵੀ ਲਫਜ਼ਾਂ ਦਾ ਉਚਾਰਣ ‘ਦੁਲਾਵਾਂ’ ਵੱਲ ਉਲ੍ਹਾਰ ਹੋ ਕੇ ਅੰਤ ਬਿੰਦੀ ਸਹਿਤ ਕਰਨਾ ਚਾਹੀਦਾ ਹੈ।’ ਕਰ੍ਹੈਂ, ਗਾਵ੍ਹੈਂ, ਚਲ੍ਹੈਂ, ਕਰਸ੍ਹੈਂ’ ਵਾਂਗ ਉਚਾਰੋ।

੯. ਇਕਵਚਨ, ਕਿਰਿਆਵੀ ਲਫਜ਼ਾਂ ਦਾ ਅੰਤਲਾ ਅੱਖਰ ਭੀ ਮੁਕਤਾ ਰਖਿਆ ਜਾਂਦਾ ਹੈ:

“ਭਗਤਿ ਭੰਡਾਰ ਗੁਰਬਾਣੀ ਲਾਲ॥ ਗਾਵਤ ਸੁਨਤ ਕਮਾਵਤ ਨਿਹਾਲ॥ ੨॥ (ਪੰਨਾ ੩੭੬)

ਗਾਵਤ, ਸੁਨਤ, ਕਮਾਵਤ, ਨਿਹਾਲ - {ਕਿਰਿਆ ਅਨ-ਪੁਰਖ, ਇਕਵਚਨ, ਵਰਤਮਾਨ ਕਾਲ} ਗਾਉਂਦਾ ਹੈ, ਸੁਣਦਾ ਹੈ, ਕਮਾਉਂਦਾ ਹੈ, ਨਿਹਾਲ ਹੁੰਦਾ ਹੈ।

੧੦. ਕੁੱਝ ਅੱਖਰ ਕਿਸੇ ਲਫਜ਼ ਦੇ ਅਗੇਤਰ ਅਤੇ ਪਛੇਤਰ ਆ ਕੇ ਵਿਰੋਧੀ ਅਤੇ ਵਿਸ਼ੇਸ਼ ਅਰਥ ਬਨਾਉਂਦੇ ਹਨ; ਜਿਵੇਂ:

“ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ॥ ੩॥ (ਪੰਨਾ ੧੮)

“ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ॥ (ਪੰਨਾ ੧੩੬੯)

“ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ॥ (ਪੰਨਾ ੧੩੮੭)

ਅਜਾਤਿ, ਕੁਸੰਗ, ਕੁਗਿਆਨੀ - {ਵਿਰੋਧ-ਅਰਥਕ ਅਗੇਤਰ ਲਫਜ਼}

ਇਸ ਤਰ੍ਹਾਂ ‘ਦੁਕਰਮ, ਨਿਸੰਕ, ਲਾਇਤਬਾਰੀ, ਮਖਟੂ, ਮਹੋਇ, ਵੇਕਾਰ, ਦੁਰਲਭ, ਦੁਰਮਤਿ, ਆਦਿ ਲਫਜ਼ ਵਿਰੋਧ ਅਰਥਕ ਅਗੇਤਰ ਹਨ; ਜੋ ਕਿਸੇ ਲਫਜ਼ ਦੇ ਅਗੇਤਰ ਆ ਕੇ ਵਿਰੋਧੀ ਭਾਵ ਪ੍ਰਗਟ ਕਰਦੇ ਹਨ।

ਵਿਸ਼ੇਸ਼-ਅਰਥਕ ਅਗੇਤਰ ਲਫਜ਼ -:

“ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ॥ ੧॥ (ਪੰਨਾ ੯੧੬)

“ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥ (ਪੰਨਾ ੯੫੧)

“ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥ ੧॥ ਰਹਾਉ॥ (ਪੰਨਾ ੧੫੪)

ਉਲਾਹੀ, ਸਪੁਤ, ਸੁਕ੍ਰਿਤ - {ਵਿਸ਼ੇਸ਼-ਅਰਥਕ ਅਗੇਤਰ ਲਫਜ਼}

‘ਸੰਜੋਗ, ਸੁਵੈਦ, ਸਰਧਨ, ਨਿਸਖਣ, ਪ੍ਰਬਲ, ਬਿਭੂਖਨ, ਬਿਨਾਸ, ਆਦਿ ਲਫਜ਼ ਵਿਸ਼ੇਸ਼ ਅਰਥਕ ਅਗੇਤਰ ਹਨ ਜੋ ਮੂਲ-ਸ਼ਬਦ ਦੇ ਅਰਥ ਵਿੱਚ ਵਿਸ਼ੇਸ਼ਤਾ ਪੈਦਾ ਕਰਦੇ ਹਨ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’




.