.

ਗੁਰਮੱਤ ਬਨਾਮ ਮਾਨਵਵਾਦ

ਗੁਰਮੱਤ ਦਾ ਅਰਥ ਹੈ ਗੁਰਬਾਣੀ ਅਧਾਰਿਤ ਫਲਸਫਾ ਅਤੇ ਜੀਵਨ-ਜਾਚ। ਗਹੁ ਨਾਲ ਵੇਖਿਆ ਜਾਵੇ ਤਾਂ ਗੁਰਮੱਤ ‘ਮਾਨਵਵਾਦੀ’ ਵਿਚਾਰਧਾਰਾ ਅਤੇ ਮਾਨਵਵਾਦ ਅਧਾਰਿਤ ਜੀਵਨ-ਜਾਚ ਦਾ ਬਹੁਤ ਹੀ ਪਰਭਾਵਸ਼ਾਲੀ ਪ੍ਰਗਟਾਵਾ ਹੈ। ਇਸ ਤਰ੍ਹਾਂ ਇਹ ਕਹਿਣ ਵਿੱਚ ਕੋਈ ਅਤਕਥਨੀ ਨਹੀਂ ਜਾਪਦੀ ਕਿ ਗੁਰਮੱਤ ਅਤੇ ਮਾਨਵਵਾਦ ਇੱਕੋ ਸਿੱਕੇ ਦੇ ਦੋ ਪਾਸੇ ਹਨ।
‘ਮਾਨਵਵਾਦ’ ਮਨੁੱਖੀ ਸਰੋਕਾਰਾਂ ਨਾਲ ਸਬੰਧਤ ਵਿਚਾਰਧਾਰਾ ਹੈ। ਇਹ ਇੱਕ ਅਜਿਹਾ ਫਲਸਫਾ ਹੈ ਜੋ ਮਨੁੱਖ ਨੂੰ ਕੇਂਦਰ ਤੇ ਰੱਖ ਕੇ ਉਸ ਦੇ ਹਿਤਾਂ ਪ੍ਰਤੀ ਸੁਚੇਤ ਤੌਰ ਤੇ ਕਾਰਜਸ਼ੀਲ ਹੋਣ ਦਾ ਸਿਧਾਂਤ ਪੇਸ਼ ਕਰਦਾ ਹੈ। ਗੁਰੂ ਨਾਨਕ ਨੇ ਇਸ ਫਲਸਫੇ ਦੀ ਨਿਸ਼ਾਨਦੇਹੀ ਕੀਤੀ ਅਤੇ ਉਹਨਾਂ ਵੱਲੋਂ ਪੰਦਰਵ੍ਹੀਂ ਸਦੀ ਈਸਵੀ ਦੇ ਅੰਤ ਵਿੱਚ ਸੰਸਾਰ ਵਿੱਚ ਪਹਿਲੀ ਵਾਰ ਯੋਜਨਾ-ਬੱਧ ਢੰਗ ਨਾਲ ਇਸ ਵਿਚਾਰਧਾਰਾ ਦਾ ਪਰਚਾਰ ਅਰੰਭਿਆ ਗਿਆ। ਸਾਰੀ ਦੀ ਸਾਰੀ ਗੁਰਬਾਣੀ ਵਿੱਚ ਗੁਰੂ ਨਾਨਕ ਵੱਲੋਂ ਦਿੱਤੇ ਮਾਨਵਵਾਦੀ ਫਲਸਫੇ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਹੈ। ਇਹਨਾਂ ਪਹਿਲੂਆਂ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਪਵਿੱਤਰ ਗ੍ਰੰਥ ਵਿੱਚੋਂ ਲਈਆਂ ਪੰਕਤੀਆਂ ਰਾਹੀਂ ਕੁੱਝ ਉਦਾਹਰਨਾਂ ਵੀ ਸ਼ਾਮਲ ਹਨ।
ਮਨੁੱਖੀ ਭਲਾਈ
ਮਨੁੱਖੀ ਭਲਾਈ ਵਿੱਚ ਉਹ ਕਾਰਜ ਆਉਂਦੇ ਹਨ ਜੋ ਬਗੈਰ ਜਾਤ, ਲਿੰਗ, ਧਰਮ, ਇਲਾਕੇ ਆਦਿਕ ਦੇ ਭੇਦ-ਭਾਵ ਦੇ ਦੂਸਰੇ ਮਨੁੱਖ ਜਾਂ ਮਨੁੱਖਾਂ ਦੀ ਦਸ਼ਾ ਸੁਧਾਰਨ ਵਾਸਤੇ ਕੀਤੇ ਜਾਣ। ਇਹਨਾਂ ਕਾਰਜਾਂ ਨੂੰ ਸਮਾਜ-ਸੇਵਾ ਜਾਂ ਮਾਨਵ-ਕਲਿਆਣ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਬਗੈਰ ਮਾਇਕ ਜਾਂ ਕਿਸੇ ਹੋਰ ਲਾਲਚ ਦੇ ਕੀਤਾ ਜਾਣਾ ਹੁੰਦਾ ਹੈ। ਇਹਨਾਂ ਕਾਰਜਾਂ ਵਿੱਚ ਲੋੜਵੰਦਾਂ ਨੂੰ ਧਨ ਜਾਂ ਪਦਾਰਥਕ ਰੂਪ ਵਿੱਚ ਸਹਾਇਤਾ, ਬਿਮਾਰ ਲੋਕਾਂ ਦੀ ਦੇਖ-ਭਾਲ/ਇਲਾਜ ਵਿਵਸਥਾ, ਆਫਤਾਂ ਵਿੱਚ ਘਿਰੇ ਮਨੁੱਖਾਂ ਦੀ ਸਹਾਇਤਾ, ਸਿਹਤ ਸਬੰਧੀ ਮਸ਼ਵਰਾ, ਨਾਂਹ-ਪੱਖੀ ਰਵਾਇਤਾਂ ਦਾ ਸੁਧਾਰ, ਨੈਤਿਕਤਾ ਸਬੰਧੀ ਸਿੱਖਿਆਵਾਂ, ਕਾਨੂੰਨੀ ਸਲਾਹ ਆਦਿਕ ਆ ਜਾਣਗੇ। ਅਜਿਹੇ ਕਾਰਜ ਕੋਈ ਵਿਅਕਤੀ ਇਕੱਲਾ ਵੀ ਕਰ ਸਕਦਾ ਹੇ ਅਤੇ ਕਿਸੇ ਸੰਸਥਾ ਰਾਹੀਂ ਵੀ। ਸਿਖ ਗੁਰੂ ਸਾਹਿਬਾਨ ਨੇ ਮਨੁੱਖੀ ਭਲਾਈ ਦੇ ਕਾਰਜ ਵੱਧ-ਚੜ੍ਹ ਕੇ ਕੀਤੇ ਅਤੇ ਆਪਣੇ ਪੈਰੋਕਾਰਾਂ ਨੂੰ ਵੀ ਇਸ ਕੰਮ ਲਈ ਖੂਬ ਪਰੇਰਿਆ।
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾਂ 1245)
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥
ਕਹੁ ਨਾਨਕ ਬਾਹ ਲੁਡਾਈਐ॥ (ਪੰਨਾਂ 26)

ਮਨੁੱਖੀ ਹੱਕ
ਪਿਛਲੀ ਇੱਕ ਸਦੀ ਤੋਂ ਲੈ ਕੇ ਸੰਸਾਰ ਭਰ ਵਿੱਚ ਮਨੁੱਖੀ ਹੱਕਾਂ ਬਾਰੇ ਕਾਫੀ ਜਾਗਰੂਕਤਾ ਵੇਖਣ ਨੂੰ ਮਿਲੀ ਹੈ। ਮਨੁੱਖੀ ਹੱਕ ਹਰ ਮਨੁੱਖ ਨੂੰ ਮਨੁੱਖ ਹੋਣ ਕਰਕੇ ਹੀ ਪਰਾਪਤ ਹਨ ਅਤੇ ਇਹ ਸਭਨਾਂ ਲਈ ਇੱਕੋ ਜਿਹੇ ਹਨ ਭਾਵੇਂ ਕਿਸੇ ਦਾ ਧਰਮ, ਦੇਸ਼, ਲਿੰਗ, ਜਾਤ, ਕੌਮ, ਨਸਲ, ਰੰਗ, ਭਾਸ਼ਾ ਆਦਿਕ ਕੋਈ ਵੀ ਹੋਵੇ। ਬਗੈਰ ਕਿਸੇ ਵਿਤਕਰੇ ਦੇ ਮਨੁੱਖੀ ਹੱਕਾਂ ਉੱਤੇ ਸੰਸਾਰ ਦੇ ਸਭਨਾਂ ਨਾਗਰਿਕਾਂ ਦਾ ਬਰਾਬਰ ਦਾ ਅਧਿਕਾਰ ਹੈ। ਉਦਾਹਰਨ ਦੇ ਤੌਰ ਤੇ ਸਭਨਾਂ ਦਾ ਬੁਨਿਆਦੀ ਹੱਕ ਹੈ ਕਿ ਉਹਨਾਂ ਨੂੰ ਪੜ੍ਹਾਈ ਕਰਨ, ਰੋਜ਼ੀ-ਰੋਟੀ ਕਮਾਉਣ, ਆਪਣੇ ਧਰਮ ਦੀ ਚੋਣ ਕਰਨ, ਆਪਣੇ ਵਿਚਾਰ ਪਰਗਟ ਕਰਨ ਜਾਂ ਸਰਕਾਰ ਦੇ ਗਠਨ ਵਿੱਚ ਹਿੱਸੇਦਾਰ ਬਣਨ ਆਦਿਕ ਦੇ ਅਵਸਰ ਪਰਾਪਤ ਹੋਣ। ਸਿਖ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਬਹਾਲੀ ਸਬੰਧੀ ਅੰਦੋਲਨ ਇਸ ਤੋਂ ਲਗ-ਭਗ ਚਾਰ ਸਦੀਆਂ ਪਹਿਲਾਂ ਹੀ ਛੇੜ ਦਿੱਤਾ ਸੀ। ਸਿਖ ਗੁਰੂ ਸਾਹਿਬਾਨ ਦੀਆਂ ਅਤੇ ਉਹਨਾਂ ਦੇ ਸ਼ਰਧਾਲੂ ਪੈਰੋਕਾਰਾਂ ਦੀਆਂ ਸ਼ਹੀਦੀਆਂ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਬਹਾਲੀ ਲਈ ਹੀ ਹੋਈਆਂ।
ਵਢੀ ਲੈ ਕੇ ਹਕੁ ਗਵਾਏ॥
ਜੇ ਕੈ ਪੁਛੈ ਤਾ ਪੜਿ ਸੁਣਾਏ॥ (ਪੰਨਾਂ 951)
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਾ ਖਾਇ॥ (ਪੰਨਾਂ 141)

ਮਨੁੱਖੀ ਵਕਾਰ
‘ਵਕਾਰ’ ਇੱਕ ਹਾਂ-ਪੱਖੀ ਮਨੁੱਖੀ ਭਾਵਨਾ ਹੈ ਜਿਸ ਲਈ ਸ਼ਬਦ ‘ਗੌਰਵ’ ਅਤੇ ‘ਸਵੈਮਾਣ’ ਵੀ ਵਰਤੇ ਜਾ ਸਕਦੇ ਹਨ। ਇਸ ਭਾਵਨਾ ਰਾਹੀਂ ਮਨੁੱਖ ਆਪਣੇ ਆਪੇ ਪ੍ਰਤੀ ਗੌਰਵ ਮਹਿਸੂਸ ਕਰਦਾ ਹੈ ਅਤੇ ਉਹ ਆਪਣੇ-ਆਪ ਨੂੰ ਸਵੈਮਾਣ ਦੀ ਸਥਿਤੀ ਵਿੱਚ ਰੱਖ ਕੇ ਸਮਾਜ ਵਿੱਚ ਵਿਚਰਦਾ ਹੋਇਆ ਕਮਤਰੀ ਦੇ ਅਹਿਸਾਸ ਤੋਂ ਬਚਿਆ ਰਹਿੰਦਾ ਹੈ। ਲੰਬੇ ਸਮੇਂ ਤੋਂ ਦਬਾਈਆਂ, ਲਿਤਾੜੀਆਂ ਅਤੇ ਕੁਚਲੀਆਂ ਜਾ ਰਹੀਆਂ ਕੌਮਾਂ ਦੇ ਲੋਕਾਂ ਵਿੱਚ ਹੌਲੀ-ਹੌਲੀ ‘ਵਕਾਰ’ ਦੀ ਭਾਵਨਾ ਖਤਮ ਹੋ ਜਾਂਦੀ ਹੈ ਅਤੇ ਉਹ ਆਪਣੇ-ਆਪ ਨੂੰ ਮਾੜੇ ਹਾਲਾਤ ਦੇ ਭਾਗੀ ਸਮਝ ਕੇ ਜੀਵਨ ਬਸਰ ਕਰਦੇ ਰਹਿੰਦੇ ਹਨ। ਉਹਨਾਂ ਨਾਲ ਅਜਿਹਾ ਦੁਰਵਿਵਹਾਰ ਸ਼ਾਸਕ ਵਰਗ ਅਤੇ ਵੱਖ-ਵੱਖ ਧਰਮਾਂ ਦੇ ਪੁਜਾਰੀਆਂ ਵੱਲੋਂ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਦਾ ਆਮ ਲੋਕਾਂ ਉੱਤੇ ਦਬਦਬਾ ਬਣਿਆ ਰਹਿ ਸਕੇ ਅਤੇ ਉਹ ਇਹਨਾਂ ਲੋਕਾਂ ਦਾ ਸ਼ੋਸ਼ਣ ਕਰਨਾ ਜਾਰੀ ਰੱਖ ਸਕਣ। 'ਮਨੁੱਖੀ ਵਕਾਰ' ਨੂੰ ਸੁਨਿਸਚਤ ਕਰਨਾ ਮਨੁੱਖੀ ਹੱਕਾਂ ਦੀ ਬਹਾਲੀ ਦੀ ਪੌੜ੍ਹੀ ਦਾ ਪਹਿਲਾ ਡੰਡਾ ਬਣਦਾ ਹੈ। ਸਿਖ ਗੁਰੂ ਸਾਹਿਬਾਨ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਵਿੱਚ ਵਕਾਰ ਦੀ ਭਾਵਨਾ ਭਰਨ ਹਿਤ ਕਰਾਂਤੀਕਾਰੀ ਯੋਗਦਾਨ ਦਿੱਤਾ।
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾਂ 1136)
ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥
ਇਉ ਕਹੈ ਨਾਨਕੁ ਮਨ ਤੂ ਜੋਤਿ ਸਰੂਪ ਹੈ ਅਪਣਾ ਮੂਲੁ ਪਛਾਣੁ॥ (ਪੰਨਾਂ 441)

ਮਨੁੱਖੀ ਬਰਾਬਰੀ
ਆਦਰਸ਼ਕ ਮਨੁੱਖੀ ਜੀਵਨ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਸੁਨਿਸਚਤ ਕਰਨ ਲਈ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਬਰਾਬਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਸਮਾਜ ਵਿੱਚ ਊਚ-ਨੀਚ ਅਤੇ ਵੱਡੇ-ਛੋਟੇ ਵਾਲੀ ਵਿਵਸਥਾ ਬਣੀ ਹੋਈ ਹੋਵੇ ਉੱਥੇ ਸੁਖ-ਸ਼ਾਂਤੀ ਅਤੇ ਉਨੱਤੀ ਸੰਭਵ ਨਹੀਂ ਹੁੰਦੀ। ਸਮਾਜਕ ਢਾਂਚੇ ਵਿਚਲਾ ਨਾ-ਬਰਾਬਰੀ ਵਾਲਾ ਮਾਹੌਲ ਭਾਵੇਂ ਪਹਿਲੀ ਨਜ਼ਰੇ ਆਰਥਿਕ, ਸਮਾਜਿਕ, ਧਾਰਮਿਕ, ਪ੍ਰਬੰਧਕ ਅਤੇ ਰਾਜਨੀਤਕ ਕਾਰਨਾ ਕਰਕੇ ਉਪਜਦਾ ਪਰਤੀਤ ਹੁੰਦਾ ਹੈ ਪਰੰਤੂ ਹਰ ਖੇਤਰ ਵਿੱਚ ਇਸ ਪਿੱਛੇ ਮਨੁੱਖੀ ਵਿਵਹਾਰ ਵਿਚਲੀ ਬੇਇਨਸਾਫੀ, ਧੌਂਸ, ਲਾਲਚ, ਮੁਕਾਬਲੇਬਾਜ਼ੀ ਆਦਿਕ ਦੀਆਂ ਰੁਚੀਆਂ ਦੀ ਮੌਜੂਦਗੀ ਕੰਮ ਕਰ ਰਹੀ ਹੁੰਦੀ ਹੈ। ਇਸ ਤਰ੍ਹਾਂ ਪਹਿਲਾਂ ਮਨੁੱਖੀ ਮਨ ਨੂੰ ਵਿਕਾਰ-ਰਹਿਤ ਕਰ ਲੈਣ ਨਾਲ ਹੀ ਸਮਾਜ ਵਿੱਚ ਬਰਾਬਰੀ ਸਥਾਪਤ ਕੀਤੀ ਜਾ ਸਕਦੀ ਹੈ। ਸਿਖ ਗੁਰੂ ਸਾਹਿਬਾਨ ਨੇ ਆਪਣੀ ਅਦਰਸ਼ਕ ਜੀਵਨ ਜਾਚ ਅਤੇ ਵੱਡਮੁੱਲੀਆਂ ਸਿਖਿਆਵਾਂ ਰਾਹੀਂ ਸਮਾਜ ਵਿੱਚ ਮਨੁੱਖੀ ਬਰਾਬਰੀ ਦੀ ਸਥਾਪਤੀ ਲਈ ਅਣਥੱਕ ਯਤਨ ਕੀਤੇ। ਉਹਨਾਂ ਦੀ ਸੋਚ ਅਨੁਸਾਰ ਸਾਰੇ ਮਨੁੱਖ ਉਸ ਇੱਕੋ ਪ੍ਰਭੂ ਦੀ ਸੰਤਾਨ ਹਨ ਜਿਸ ਕਰਕੇ ਉਹ ਸਾਰੇ ਬਰਾਬਰੀ ਦੇ ਸਲੂਕ ਦੇ ਹੱਕਦਾਰ ਹਨ।
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ (ਪੰਨਾਂ 62)
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਜਿਆ ਕਉਨ ਭਲੇ ਕੋ ਮੰਦੇ॥ (ਪੰਨਾਂ 1349)
ਮਨੁੱਖੀ ਸ਼ਾਂਤੀ
‘ਮਨੁੱਖੀ ਸ਼ਾਂਤੀ’ ਤੋਂ ਭਾਵ ਹੈ ਮਨ ਦੀ ਅਸ਼ਾਂਤੀ ਤੋਂ ਛੁਟਕਾਰਾ। ਮਨ ਦੇ ਅਸ਼ਾਂਤ ਰਹਿਣ ਦਾ ਕਾਰਨ ਹੁੰਦਾ ਹੈ ਮਾਨਸਿਕ ਤਨਾਅ ਜੋ ਕਿਸੇ ਵਿਅਕਤੀ ਅੰਦਰ ਮੌਜੂਦ ਡਰ, ਚਿੰਤਾ, ਨਿਰਾਸ਼ਾ, ਦਬਾਅ, ਵੈਰ-ਭਾਵ, ਲੋਭ, ਭਟਕਣ ਆਦਿਕ ਨਾਂਹ-ਪੱਖੀ ਭਾਵਨਾਵਾਂ ਵਿੱਚੋਂ ਉਪਜਦਾ ਹੈ। ਮਾਨਸਿਕ ਤਨਾਅ ਮਨੁੱਖ ਲਈ ਅਨੇਕਾਂ ਮਾਨਸਿਕ ਅਤੇ ਸ਼ਰੀਰਕ ਰੋਗਾਂ ਨੂੰ ਲੈ ਕੇ ਆਉਂਦਾ ਹੈ ਅਤੇ ਅਜਿਹੇ ਰੋਗਾਂ ਦੇ ਸ਼ਿਕਾਰ ਮਨੁੱਖਾਂ ਵਾਲੇ ਸਮਾਜ ਵਿੱਚ ਕਦੇ ਵੀ ਸ਼ਾਂਤੀ, ਸੰਤੁਲਨ ਅਤੇ ਉੱਨਤੀ ਦਾ ਕਾਇਮ ਹੋਣਾ ਸੰਭਵ ਨਹੀਂ ਹੋ ਸਕਦਾ। ਸਗੋਂ ‘ਮਨੁੱਖੀ ਸ਼ਾਂਤੀ’ ਦੀ ਘਾਟ ਪੂਰੇ ਸਮਾਜਕ ਤਾਣੇ-ਬਾਣੇ ਵਿੱਚ ਵਿਗਾੜ ਪੈਦਾ ਕਰ ਦਿੰਦੀ ਹੈ ਅਤੇ ਇਸ ਵਿਗਾੜ ਵਿੱਚੋਂ ਅੱਗੇ ਤੋਂ ਅੱਗੇ ਹੋਰ ਵੱਡੀਆਂ ਸਮੱਸਿਆਵਾਂ ਉਪਜਣ ਦਾ ਸਿਲਸਿਲਾ ਪੈਦਾ ਹੋ ਜਾਂਦਾ ਹੈ। ਸਿਖ ਗੁਰੂ ਸਾਹਿਬਾਨ ਨੇ ਮਨੁੱਖੀ ਸ਼ਾਂਤੀ ਦੀ ਲੋੜ ਨੂੰ ਮਹਿਸੂਸ ਕਰਦਿਆਂ ਮਨੁੱਖ ਨੂੰ ਮਾਨਸਿਕ ਤਨਾਅ ਪੈਦਾ ਕਰਨ ਵਾਲੀਆਂ ਨਾਂਹ-ਪੱਖੀ ਭਾਵਨਾਵਾਂ ਤੋਂ ਛੁਟਕਾਰਾ ਪਾਉਣ ਦਾ ਉਪਦੇਸ਼ ਦਿੱਤਾ। ਨਾਲ ਹੀ ਉਹਨਾਂ ਨੇ ਮਨੁੱਖ ਨੂੰ ਹਰ ਸਮੇਂ ਪ੍ਰਭੂ ਦਾ ਭਾਣਾ ਮੰਨਣ, ਆਪਣੇ ਮਨ ਉੱਤੇ ਕਾਬੂ ਬਣਾਉਣ, ਉਸਾਰੂ ਸੋਚ ਅਪਣਾਉਣ ਆਦਿਕ ਵਰਗੀਆਂ ਹਾਂ-ਪੱਖੀ ਰੁਚੀਆਂ ਪੈਦਾ ਕਰਨ ਦੀ ਸਲਾਹ ਦਿੱਤੀ।
ਸਹਜੇ ਹੀ ਭਗਤਿ ਊਪਜੈ ਸਹਿਜ ਪਿਆਰਿ ਬੈਰਾਗਿ॥
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ॥ (ਪੰਨਾਂ 68)
ਸੁਖੀ ਬਸੈ ਮਸਕੀਨੀਆ ਆਪਿ ਨਿਵਾਰਿ ਤਲੇ॥
ਬੜੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥ (ਪੰਨਾਂ 278)

ਮਨੁੱਖੀ ਸਾਂਝੀਵਾਲਤਾ
ਮਾਨਵਵਾਦੀ ਫਲਸਫੇ ਦਾ ਇੱਕ ਮਹੱਤਵਪੂਰਨ ਅੰਗ ‘ਮਨੁੱਖੀ ਸਾਂਝੀਵਾਲਤਾ’ ਹੈ। ਸੰਸਾਰ ਦੇ ਲਗ-ਭਗ ਹਰ ਹਿੱਸੇ ਵਿੱਚ ਸਦੀਆਂ ਤੋਂ ਸਭਿਅਤਾ ਦੇ ਵਿਕਾਸ ਦੇ ਨਾਲ-ਨਾਲ ਮਨੱਖੀ ਸਮਾਜ ਨੂੰ ਕਈ ਵਰਗਾਂ ਵਿੱਚ ਵੰਡਣ ਦੀ ਕਾਰਵਾਈ ਵੀ ਹੁੰਦੀ ਆ ਰਹੀ ਹੈ। ਇਹਨਾਂ ਵਰਗਾਂ ਵਿੱਚ ਸਦਾ ਹੀ ਆਪਸੀ ਵੈਰ-ਵਿਰੋਧ ਅਤੇ ਤਨਾਅ ਦੀ ਸਥਿਤੀ ਬਣੀ ਰਹਿੰਦੀ ਹੈ ਜਿਸ ਕਾਰਨ ਮਨੁੱਖੀ ਸਮਾਜ ਖੂਨ-ਖਰਾਬਾ, ਦੰਗੇ-ਫਸਾਦ ਅਤੇ ਜੰਗਾਂ-ਯੁੱਧਾਂ ਦਾ ਅਖਾੜਾ ਬਣਿਆਂ ਆ ਰਿਹਾ ਹੈ। ਮਨੁੱਖ ਜਾਤੀ ਸਬੰਧੀ ਇਹ ਵਿਸ਼ੇਸ਼ ਵਿਸੰਗਤੀ ਹੈ ਕਿ ਇੱਕ ਪਾਸੇ ਤਾਂ ਮਨੁੱਖੀ ਜੂਨ ਧਰਤੀ ਦੀ ਉੱਤਮ ਜੂਨ ਗਿਣੀ ਜਾਂਦੀ ਹੈ ਅਤੇ, ਦੂਸਰੇ ਪਾਸੇ, ਮਨੁੱਖਾਂ ਵਿੱਚ ਨਾ ਕੇਵਲ ਆਪਸੀ ਪਿਆਰ ਅਤੇ ਮਿਲਵਰਤਨ ਦੀ ਘਾਟ ਬਣੀ ਰਹਿੰਦੀ ਹੈ ਸਗੋਂ ਉਹ ਇੱਕ ਦੂਜੇ ਨਾਲ ਨਫਰਤ, ਖਹਿਬਾਜ਼ੀ ਅਤੇ ਵੈਰ ਦੀ ਭਾਵਨਾ ਨਾਲ ਪੇਸ਼ ਆਉਂਦੇ ਹਨ। ਇਸ ਅਨਉਚਿਤ ਮਨੁੱਖੀ ਵਿਵਹਾਰ ਲਈ ਮੁੱਖ ਤੌਰ ਤੇ ਸੰਸਥਾਗਤ ਧਰਮ ਅਤੇ ਸ਼ਾਸਕ ਵਰਗ ਜ਼ਿੰਮੇਵਾਰ ਰਹੇ ਹਨ ਜੋ ਆਪਣੇ ਸਵਾਰਥ ਹਿਤ ਲੋਕਾਂ ਵਿੱਚ ਫੁੱਟ ਅਤੇ ਵੈਰ-ਵਿਰੋਧ ਦੇ ਹਾਲਾਤ ਪੈਦਾ ਕਰਕੇ ਉਹਨਾਂ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। ਸਿਖ ਗੁਰੂ ਸਾਹਿਬਾਨ ਨੇ ਸਾਰੀ ਮਨੁੱਖਤਾ ਨੂੰ ਇੱਕ ਪਰਿਵਾਰ ਵਜੋਂ ਪੇਸ਼ ਕੀਤਾ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ।
ਘਟ ਘਟ ਅੰਤਰਿ ਤੂੰ ਹੈ ਵੁਠਾ॥
ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾਂ 97)
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ॥ (ਪੰਨਾਂ 611)
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨ ਆਈ॥ (ਪੰਨਾਂ 1299)
ਮਨੁੱਖੀ ਵਿਕਾਸ
ਬੇਸ਼ਕ ਮਨੁੱਖ ਜਾਤੀ ਧਰਤੀ ਦੀ ਉੱਤਮ ਜੂਨ ਹੈ ਪਰੰਤੂ ਆਮ ਕਰਕੇ ਮਨੁੱਖੀ ਵਿਵਹਾਰ ਵਿੱਚ ਅਨੇਕਾਂ ਕਮੀਆਂ-ਕਮਜ਼ੋਰੀਆਂ ਨਜ਼ਰ ਆਉਂਦੀਆਂ ਹਨ। ਇਹ ਕਮੀਆਂ-ਕਮਜ਼ੋਰੀਆਂ ਹੀ ਮਨੁੱਖਤਾ ਲਈ ਵੱਖ-ਵੱਖ ਸਮਸਿਆਵਾਂ ਦੇ ਪੈਦਾ ਹੋਣ ਦਾ ਅਧਾਰ ਬਣਦੀਆਂ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮਨੁੱਖ ਜਾਤੀ ਦਾ ਹੁਣ ਤਕ ਦਾ ਹੋ ਚੁੱਕਾ ਵਿਕਾਸ ਆਦਰਸ਼ਕ ਪੱਧਰ ਦਾ ਨਹੀਂ ਅਤੇ ਲੋੜ ਹੈ ਕਿ ਮਨੁੱਖ ਨੂੰ ਅਗਲੇਰੇ ਵਿਕਾਸ ਦੇ ਰਾਹ ਤੇ ਤੋਰਿਆ ਜਾਵੇ। ਅਜਿਹਾ ਕਰਨ ਨਾਲ ਇੱਕ ਤਾਂ ਮਨੁੱਖ ਦੀਆਂ ਚੱਲ ਰਹੀਆਂ ਕਮੀਆਂ-ਕਮਜ਼ੋਰੀਆਂ ਦੂਰ ਹੋਣਗੀਆਂ ਅਤੇ ਦੂਸਰਾ ਉਸ ਵਿੱਚ ਹੋਰ ਅਜਿਹੇ ਗੁਣ ਪੈਦਾ ਹੋਣਗੇ ਜੋ ਸਾਰੀ ਮਨੁੱਖਤਾ ਲਈ ਲਾਹੇਵੰਦ ਸਾਬਤ ਹੋਣਗੇ। ਅਜਿਹਾ ਸੁਨਿਸਚਤ ਕੀਤੇ ਜਾਣ ਨਾਲ ਹੀ ਸੰਸਾਰ ਵਿੱਚ ਸੁਖ, ਅਮਨ ਅਤੇ ਉੱਨਤੀ ਦਾ ਮਾਹੌਲ ਸਿਰਜਿਆ ਜਾ ਸਕੇਗਾ। ਸਿਖ ਗੁਰੂ ਸਾਹਿਬਾਨ ਨੇ ਮਨੁੱਖੀ ਸ਼ਖਸ਼ੀਅਤ ਦੇ ਵਿਕਾਸ ਨੂੰ ਸਾਰੀ ਮਨੁੱਖਤਾ ਦੇ ਚੰਗੇਰੇ ਭਵਿਖ ਲਈ ਕੇਂਦਰ-ਬਿੰਦੂ ਦੇ ਤੌਰ ਤੇ ਲਿਆ ਅਤੇ ਉਹ ਸਦਾ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹੇ। ਇਸ ਮਕਸਦ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਮਨੁੱਖ ਦੇ ਬੌਧਿਕ, ਨੈਤਿਕ ਅਤੇ ਸਰੀਰਕ ਵਿਕਾਸ ਲਈ ਸਿਖਿਆਵਾਂ ਪੇਸ਼ ਕੀਤੀਆਂ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾਂ 1)
ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ (ਪੰਨਾਂ 2)
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ (ਪੰਨਾਂ 1255)

ਮਨੁੱਖੀ ਕਦਰਾਂ-ਕੀਮਤਾਂ
ਕਦਰਾਂ-ਕੀਮਤਾ ਦਾ ਅਰਥ ਹੈ ਕੁੱਝ ਮੁੱਢਲੇ ਨੈਤਿਕ ਅਸੂਲ ਜੋ ਆਦਰਸ਼ਕ ਮਨੁੱਖੀ ਵਿਵਹਾਰ ਨੂੰ ਸੁਨਿਸਚਤ ਕਰਦੇ ਹਨ ਜਿਸ ਨਾਲ ਉਹ ਨਾ ਕੇਵਲ ਸਮਾਜ ਵਿੱਚ ਇੱਕ ਜ਼ਿੰਮੇਵਾਰ ਵਿਅਕਤੀ ਦੇ ਤੌਰ ਤੇ ਵਿਚਰਦਾ ਹੇ ਸਗੋਂ ਸਮਾਜ ਵਿੱਚ ਸਿਹਤਮੰਦ ਪ੍ਰੰਪਰਾਵਾਂ ਨੁੰ ਵੀ ਸਿਰਜਦਾ ਹੈ। ਕਦਰਾਂ-ਕੀਮਤਾਂ ਦੀ ਘਾਟ ਮਨੁੱਖ ਨੂੰ ਪਸ਼ੂਪਣ ਵੱਲ ਲੈ ਜਾਂਦੀ ਹੈ ਅਤੇ ਉਸਦੀ ਦੂਸ਼ਿਤ ਸੋਚ ਉੱਤੇ ਅਧਾਰਿਤ ਉਸਦਾ ਅਨਉਚਿਤ ਵਿਵਹਾਰ ਸਮਾਜ ਦੇ ਵਾਤਾਵਰਨ ਨੂੰ ਗੰਧਲਾ ਕਰਦਾ ਰਹਿੰਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਮਨੁੱਖ ਵਿਕਾਰਾਂ ਦਾ ਤਿਆਗ ਕਰੇ ਅਤੇ ਕਦਰਾਂ-ਕੀਮਤਾਂ ਨੂੰ ਅਪਣਾਉਣ ਵੱਲ ਰੁਚਿਤ ਹੋਵੇ। ਪਰੰਤੂ ਅਸੀਂ ਵੇਖਦੇ ਹਾਂ ਕਿ ਪਦਾਰਥਕ ਉੱਨਤੀ ਹੋਣ ਦੇ ਨਾਲ-ਨਾਲ ਮਨੁੱਖੀ ਸਮਾਜ ਵਿੱਚ ਕਦਰਾਂ-ਕੀਮਤਾਂ ਦਾ ਚੋਖਾ ਘਾਣ ਹੋਇਆ ਹੈ ਅਤੇ ਹਰ ਪਾਸੇ ਅਸ਼ਾਂਤੀ, ਤਨਾਅ ਅਤੇ ਹਫੜਾ-ਦਫੜੀ ਦੀ ਸਥਿਤੀ ਬਣੀ ਹੋਈ ਹੈ। ਸਮਾਜਕ ਸੁਧਾਰ ਲਈ ਮਨੁੱਖੀ ਵਿਵਹਾਰ ਵਿੱਚ ਕਦਰਾਂ-ਕੀਮਤਾਂ ਦੀ ਬਹਾਲੀ ਦਾ ਕਾਰਜ ਬੇਹੱਦ ਜ਼ਰੂਰੀ ਹੋ ਜਾਂਦੀ ਹੈ। ਸਿਖ ਗਰੂ ਸਾਹਿਬਾਨ ਨੇ ਇਸ ਖੇਤਰ ਵਿੱਚ ਨਾ ਕੇਵਲ ਉਪਦੇਸ਼ ਰਾਹੀਂ ਵਿਸ਼ੇਸ਼ ਯੋਗਦਾਨ ਦਿੱਤਾ ਸਗੋਂ ਆਪਣੀ ਅਤੇ ਆਪਣੇ ਪੈਰੋਕਾਰਾਂ ਦੀ ਜੀਵਨ-ਸ਼ੈਲੀ ਰਾਹੀਂ ਨੈਤਕਿਤਾ ਦੇ ਮਾਡਲ ਪੇਸ਼ ਕੀਤੇ।
ਗੁਰਮੁਖਿ ਨਾਦ ਬੇਦ ਬੀਚਾਰੁ॥
ਗੁਰਮੁਖਿ ਮਜਨੁ ਚਜੁ ਅਚਾਰੁ॥ (ਪੰਨਾਂ 932)
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ (ਪੰਨਾਂ 488)

ਮਨੁੱਖੀ ਅਧਿਆਤਮਿਕਤਾ
‘ਮਾਨਵਵਾਦ’ ਇੱਕ ਹੋਰ ਮਹੱਤਵਪੂਰਨ ਅੰਗ ‘ਮਨੁੱਖੀ ਅਧਿਆਤਮਿਕਤਾ’ ਹੈ। ਆਮ ਕਰਕੇ ਮਨੁੱਖ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਨਾਲ-ਨਾਲ ਅਧਿਆਤਮਿਕ ਜਾਗਰੂਕਤਾ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਅਧਿਆਤਮਿਕਤਾ ਵਿੱਚ ਦੈਵੀ ਸ਼ਕਤੀਆਂ ਦੀ ਮਾਨਤਾ ਦੇ ਨਾਲ-ਨਾਲ ਨੈਤਿਕਤਾ ਪ੍ਰਤੀ ਉਪਦੇਸ਼ ਸ਼ਾਮਲ ਹੁੰਦੇ ਹਨ। ਭਾਵੇਂ ਕਿ ਅਧਿਆਤਮਿਕਤਾ ਦੀ ਜ਼ਿੰਮੇਵਾਰੀ ਸੰਸਥਾਗਤ ਧਰਮ ਲੈਂਦੇ ਆਏ ਹਨ ਪ੍ਰੰਤੂ ਇਹਨਾਂ ਰਾਹੀਂ ਸਦਾ ਅਨੈਤਿਕਤਾ ਅਤੇ ਖੂਨ-ਖਰਾਬੇ ਵਿੱਚ ਹੀ ਵਾਧਾ ਹੋਇਆ ਹੈ। ਦੂਸਰੇ ਪਾਸੇ ਇਹ ਵੀ ਇੱਕ ਤੱਥ ਹੈ ਕਿ ਮਨੁੱਖ ਦਾ ਨੈਤਿਕ ਵਿਕਾਸ ਸੰਸਥਾਗਤ ਧਰਮ ਤੋਂ ਬਗੈਰ ਵੀ ਸੰਭਵ ਹੈ। ਸਿਖ ਗੁਰੂ ਸਾਹਿਬਾਨ ਨੇ, ਇੱਕ ਪਾਸੇ, ਸੰਸਥਾਗਤ ਧਰਮ ਨੂੰ ਮੂਲੋਂ ਹੀ ਰਦ ਕਰ ਦਿੱਤਾ ਅਤੇ, ਦੂਸਰੇ ਪਾਸੇ, ਉਹਨਾਂ ਨੇ ਨੈਤਿਕ ਵਿਕਾਸ ਦੇ ਨਾਲ-ਨਾਲ ਪ੍ਰਭੂ ਵਿੱਚ ਵਿਸ਼ਵਾਸ ਰੱਖਣ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਪ੍ਰਭੂ ਨੂੰ ਇੱਕ ਮਿਹਰਬਾਨ, ਗੈਰ-ਸ਼ਖਸੀ ਅਤੇ ਨਿਰੰਕਾਰ ਸ਼ਕਤੀ ਵੱਜੋਂ ਪੇਸ਼ ਕੀਤਾ ਜੋ ਬ੍ਰਹਮੰਡ ਦੀ ਉਤਪਤੀ ਕਰਨ ਦੇ ਨਾਲ-ਨਾਲ ਇਸ ਨੂੰ ਚਲਾ ਵੀ ਰਹੀ ਹੈ। ਉਹਨਾਂ ਨੇ ਬਗੈਰ ਕਿਸੇ ਪੂਜਾ-ਵਿਧੀ ਨਿਭਾਏ ਪ੍ਰਭੂ ਦੇ ਨਾਮ-ਸਿਮਰਨ ਅਤੇ ਉਸਦਾ ਭਾਣਾ ਮੰਨਣ ਨੂੰ ਮਨੁੱਖੀ ਸ਼ਾਂਤੀ ਅਤੇ ਵਿਕਾਸ ਦੇ ਸਭ ਤੋਂ ਵੱਧ ਕਾਰਗਰ ਸਾਧਨ ਦੇ ਤੌਰ ਤੇ ਪੇਸ਼ ਕੀਤਾ।
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥
ਏਕੋ ਅੰਮ੍ਰਿਤ ਬਿਰਖ ਹੈ ਫਲੁ ਅੰਮ੍ਰਿਤ ਹੋਈ॥ (ਪੰਨਾਂ 421)
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾਂ 266)

ਮਨੁੱਖੀ ਸੰਘਰਸ਼
ਬੇਸ਼ਕ ਮਨੁੱਖੀ ਸਮਾਜ ਨੇ ਸਭਿਅਤਾ ਦੇ ਵੱਖ-ਵੱਖ ਪੜਾਵਾਂ ਵਿੱਚੋਂ ਗੁਜ਼ਰਦਿਆਂ ਪਦਾਰਥਕ ਤੌਰ ਤੇ ਚੋਖੀ ਉੱਨਤੀ ਕੀਤੀ ਹੈ, ਆਮ ਤੌਰ ਤੇ ਮਨੁੱਖ ਨੇ ਆਦਰਸ਼ਕ ਵਿਵਹਾਰ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ। ਇਸ ਸਥਿਤੀ ਵਿੱਚੋਂ ਉਪਜਦੀਆਂ ਸਮੱਸਿਆਵਾਂ ਤੋਂ ਚਿੰਤਾਤੁਰ ਹੋਕੇ ਜੇਕਰ ਕਿਸੇ ਮਾਨਵਵਾਦੀ ਸੋਚ ਰੱਖਣ ਵਾਲੇ ਭਲੇ ਪੁਰਸ਼ ਨੇ ਮਨੁੱਖੀ ਸਰੋਕਾਰਾਂ ਦੇ ਵਿਰੁਧ ਕੰਮ ਕਰ ਰਹੀਆਂ ਧਿਰਾਂ ਨੁੰ ਵੰਗਾਰਿਆ ਹੈ ਉਸ ਨੂੰ ਭਾਰੀ ਦੁੱਖ-ਕਸ਼ਟ ਸਹਿਣੇ ਪਏ ਹਨ। ਸਾਰੇ ਸੰਸਾਰ ਦੇ ਵੱਖ-ਵੱਖ ਹਿੱਸਿਆਂ ਦੇ ਇਤਹਾਸ ਵਿੱਚੋਂ ਇਹ ਪਰਤੱਖ ਹੁੰਦਾ ਹੈ ਕਿ ਬਗੈਰ ਸੰਘਰਸ਼ ਕੀਤੇ ਮਨੁੱਖਤਾ ਤਕ ਮਾਨਵਵਾਦੀ ਵਿਚਾਰਧਾਰਾ ਦਾ ਲਾਭ ਨਹੀਂ ਪਹੁੰਚ ਸਕਦਾ ਅਤੇ ਜ਼ੁਲਮ ਨਹੀਂ ਮਿਟ ਸਕਦੇ। ਸਿਖ ਗੁਰੂ ਸਾਹਿਬਾਨ ਨੇ ਨਿਸ਼ੰਗ ਹੋਕੇ ਮਨੁੱਖੀ ਸਰੋਕਾਰਾਂ ਹਿਤ ਸੰਘਰਸ਼ ਵਿੱਢਿਆ ਜਿਸ ਦੌਰਾਨ ਉਹਨਾਂ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮਾਨਵਵਾਦੀ ਸੰਘਰਸ਼ ਨੂੰ ਸਮਰਪਿਤ ਹੋਕੇ ਸਿਖ ਗੁਰੂਆਂ ਦੇ ਨਾਲ-ਨਾਲ ਉਹਨਾਂ ਦੇ ਅਨੇਕਾਂ ਪੈਰੋਕਾਰਾਂ ਨੇ ਸ਼ਹੀਦੀਆਂ ਦਿੱਤੀਆਂ ਅਤੇ ਦੋ ਸਦੀਆਂ ਤੋਂ ਵਧੇਰੇ ਸਮੇਂ ਤਕ ਚੱਲੇ ਇਸ ਮਾਨਵਵਾਦੀ ਸੰਘਰਸ਼ ਦਾ ਸੰਸਾਰ ਭਰ ਵਿੱਚ ਕੋਈ ਸਾਨੀ ਨਹੀਂ ਮਿਲਦਾ। ਗੁਰਬਾਣੀ ਵਿੱਚ ਅਜਿਹੇ ਸੰਘਰਸ਼ ਦੀ ਪਰੋੜਤਾ ਕਰਦੀਆਂ ਸਿਖਿਆਵਾਂ ਸ਼ਾਮਲ ਹਨ।
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥ (ਪੰਨਾਂ 1412)
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੁ ਨ ਛਾਡੈ ਖੇਤੁ॥ (ਪੰਨਾਂ 1105)
ਉੱਪਰ ਦਿੱਤੇ ਵਿਸਥਾਰ ਦੇ ਅਧਾਰ ਤੇ ਅਸੀਂ ਬੇਝਿਜਕ ਇਹ ਕਹਿ ਸਕਦੇ ਹਾਂ ਕਿ ਗੁਰਬਾਣੀ ਮਾਨਵਵਾਦ ਦੇ ਫਲਸਫੇ ਨੂੰ ਪੂਰਨ-ਰੂਪ ਵਿੱਚ ਪ੍ਰਗਟਾਉਂਦੀ ਹੈ। ਇਸ ਤਰ੍ਹਾਂ ਗੁਰਮੱਤ ਦਾ ਅਸਲੀ ਮਨੋਰਥ ‘ਮਾਨਵਵਾਦ’ ਤੋਂ ਹੀ ਬਣਦਾ ਹੈ ਅਤੇ ਗੁਰਬਾਣੀ ਨੂੰ ਮਾਨਵਵਾਦੀ ਫਲਸਫੇ ਦੇ ਇੱਕ ਲਾਸਾਨੀ ਦਸਤਾਵੇਜ਼ ਵਜੋਂ ਪੇਸ਼ ਕੀਤਾ ਜਾਣਾ ਚਾਹਦਿਾ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
.