.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-14)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-13 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

=======

ਰਾਗੁ ਆਸਾ ਮਹਲਾ ੧ ਅਸਟਪਦੀਆ ਘਰ ੩ (੪੧੭)

ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ।।

ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ।।

ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਿਨ ਹਦੂਰਿ।। ੧।।

ਆਦੇਸੁ ਬਾਬਾ ਆਦੇਸੁ।।

ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ।। ੧।। ਰਹਾਉ।।

ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ।।

ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ।।

ਉਪਰਹੁ ਪਾਣੀ ਵਾਰੀਐ ਝਲੇ ਝਿਮਕਿਨ ਪਾਸਿ।। ੨।।

ਇਕੁ ਲਖੁ ਲਹਨਿ ਬਹਿਠੀਆ ਲਖੁ ਲਹਨਿ ਖੜੀਆ।।

ਗਰੀ ਛੁਹਾਰੇ ਖਾਂਦੀਆ ਮਾਣਨਿ ਸੇਜੜੀਆ।।

ਤਿਨ ਗਲਿ ਸਿਲਕਾ ਪਾਈਆ ਤੁਟਨਿ ਮੋਤਸਰੀਆ।। ੩।।

ਧਨੁ ਜੋਬਨੁ ਦੁਇ ਵੈਰੀ ਹੋਇ ਜਿਨੀ ਰਖੇ ਰੰਗੁ ਲਾਇ।।

ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ।।

ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ।। ੪।।

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ।।

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ।।

ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ।। ੫।।

ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ।।

ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ।।

ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ।। ੬।।

ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ।।

ਇਕਨਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ।।

ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ।। ੭।। ੧੧।।

ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਚਲਦੇ-ਚਲਦੇ ਦੂਜੀ ਵਾਰ 1521 ਈ. ਨੂੰ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਸੈਦਪੁਰ ਪਹੁੰਚੇ ਸਨ ਉਹਨਾਂ ਦੇ ਉਥੇ ਠਹਿਰਾਅ ਦੇ ਦੌਰਾਨ ਹੀ ਖੁਰਾਸਾਨ ਦੀ ਧਰਤੀ ਤੋਂ ਚਲ ਕੇ ਆਏ ਬਾਬਰ ਵਲੋਂ ਸੈਦਪੁਰ (ਏਮਨਾਬਾਦ- ਪਾਕਿਸਤਾਨ) ਤੇ ਕਹਿਰੀ ਹੱਲਾ ਬੋਲਿਆ ਗਿਆ ਸੀ। ਬਾਬਰ ਦੇ ਇਸ ਹਮਲੇ ਨਾਲ ਸਬੰਧਿਤ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਗਏ ਚਾਰ ਸ਼ਬਦ (1 ਰਾਗ ਤਿਲੰਗ 3 ਰਾਗ ਆਸਾ ਵਿਚ) ਇਸ ਸਾਰੇ ਘਟਨਾਕ੍ਰਮ ਦੇ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਰੂਪ ਵਿੱਚ ਅਕੱਟ ਸਬੂਤ ਵਜੋਂ ਸਾਹਮਣੇ ਹਨ। ਇਹ ਕਿਹਾ ਜਾਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਗੁਰੂ ਸਾਹਿਬ ਦੁਆਰਾ ਰਚਿਤ ਇਹ ਸ਼ਬਦ ਇਸ ਸਮੇਂ ਦੇ ਸਭ ਤੋਂ ਪ੍ਰਤੱਖ ਇਤਿਹਾਸਕ ਦਸਤਾਵੇਜ਼ੀ ਸਬੂਤ ਹਨ। ਕਿਸੇ ਕਾਰਣ, ਕਿਸੇ ਸਮੇਂ, ਕਿਸੇ ਵਲੋਂ ਇਤਿਹਾਸ ਵਿੱਚ ਦਰਜ ਘਟਨਾ ਪ੍ਰਤੀ ਤਾਂ ਸ਼ੰਕਾ ਕੀਤਾ ਜਾ ਸਕਦਾ ਹੈ ਪ੍ਰੰਤੂ ਗੁਰਬਾਣੀ ਅਟੱਲ ਸਚਾਈ ਹੈ, ਇਹਨਾਂ ਘਟਨਾਵਾਂ ਦਾ ਗੁਰਬਾਣੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣਾ ਖਾਸ ਅਹਿਮੀਅਤ ਰੱਖਦਾ ਹੋਇਆ ਕਿਸੇ ਵੀ ਸ਼ੰਕੇ ਤੋਂ ਰਹਿਤ ਕਰ ਦਿੰਦਾ ਹੈ।

ਗੁਰੂ ਨਾਨਕ ਸਾਹਿਬ ਨੇ ਸੈਦਪੁਰ ਦੀ ਪਹਿਲੀ ਫੇਰੀ ਸਮੇਂ ਭਾਈ ਲਾਲੋ ਦੀ ਪੁੱਛ ਦੇ ਜਵਾਬ ਵਿੱਚ ਉਸ ਨੂੰ ਸੰਬੋਧਨ ਕਰਦੇ ਹੋਏ ਤਿਲੰਗ ਰਾਗ ਵਿੱਚ ਦਰਜ ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ` (੭੨੨) ਸ਼ਬਦ ਉਚਾਰ ਕੇ ਭਵਿੱਖਬਾਣੀ ਕੀਤੀ ਸੀ, ਉਹ ਪੇਸ਼ੀਨਗੋਈ ਸੱਚ ਬਣ ਕੇ ਕਿਵੇਂ-ਕਿਵੇਂ ਸਾਹਮਣੇ ਆਈ, ਇਸ ਵਿਸ਼ਾ ਅਧੀਨ ਸ਼ਬਦ ਵਿੱਚ ਗੁਰੂ ਸਾਹਿਬ ਵਲੋਂ ਬਹੁਤ ਭਾਵਪੂਰਤ ਚਿਤਰਨ ਕੀਤਾ ਗਿਆ ਹੈ।

ਮਾਇਆ ਦੇ ਨਸ਼ੇ ਵਿੱਚ ਮਦ-ਮਸਤ ਅਹਿਲਕਾਰਾਂ, ਹਾਕਮਾਂ, ਪਰਜਾ ਆਦਿ ਜੋ ਰੱਬ ਨੂੰ ਵਿਸਾਰ ਕੇ ਸਭ ਕੁੱਝ ਉਹੀ ਕਰੇ ਜਾ ਰਹੇ ਸਨ ਜੋ ਨਹੀ ਕਰਨਾ ਚਾਹੀਦਾ ਸੀ। ਇਸ ਲਈ ਗੁਰਬਾਣੀ ਫੁਰਮਾਣ ‘ਦੁਖ ਤਦੈ ਜਾ ਵਿਸਰਿ ਜਾਵੈ` (੯੯) ਅਨੁਸਾਰ ਦੁਖਾਂ ਦਾ ਵਾਪਰਣਾ ਸੁਭਾਵਿਕ ਹੀ ਸੀ। ਜੀਵ ਜਦੋਂ-ਜਦੋਂ ਵੀ ਰੱਬ ਨੂੰ ਭੁਲਦਾ ਹੈ ਉਸਦੀ ਨਿਸ਼ਾਨੀ ਹੀ ਇਹੀ ਹੈ ਕਿ ਉਹ ਰੰਗ -ਤਮਾਸ਼ਿਆਂ ਵਿੱਚ ਮਸਤ ਹੋ ਕੇ ਮੌਤ ਨੂੰ ਵੀ ਭੁੱਲ ਜਾਂਦਾ ਹੈ। ਜਿਵੇਂ ਬਾਬਾ ਫ਼ਰੀਦ ਜੀ ਨੇ ਆਪਣੇ ਸਲੋਕ ਵਿੱਚ ਦਰਸਾਇਆ ਹੈ ਕਿ ਦਰਿਆ ਦੇ ਕਿਨਾਰੇ ਥੋੜੇ ਪਾਣੀ ਵਿੱਚ ਬਗੁਲਾ ਬਾਹਰੋਂ ਸਮਾਧੀ ਦੀ ਮੁਦਰਾ ਵਿੱਚ ਛੋਟੀਆਂ-ਛੋਟੀਆਂ ਡੱਡੀਆਂ ਮੱਛੀਆਂ ਲਈ ਮੌਤ ਰੂਪੀ ਜਮ ਬਣ ਕੇ ਖੜਾ ਹੈ, ਛੋਟੇ ਜੀਵਾਂ ਨੂੰ ਖਾਣ ਤੋਂ ਪਹਿਲਾਂ ਕਲੋਲ (ਖੇਡਾਂ) ਕਰਦਾ ਹੋਇਆਂ ਚੁੰਝ ਵਿੱਚ ਫੜ ਕੇ ਅਧਮੋਏ ਕਰਨ ਉਪਰੰਤ ਬਾਰ-ਬਾਰ ਉਪਰ ਉਛਾਲਦਾ ਹੈ ਅਤੇ ਫਿਰ ਖਾ ਜਾਂਦਾ ਹੈ। ਕੇਲਾਂ ਕਰਦੇ ਹੋਏ ਭੋਲੇ ਬਗੁਲੇ ਨੂੰ ਇਹ ਨਹੀਂ ਪਤਾ ਕਿ ਮੇਰੇ ਸਿਰ ਉਪਰ ਵੀ ਬਾਜ਼ ਜਮ ਬਣ ਕੇ ਉਡਾਰੀ ਲਾ ਰਿਹਾ ਹੈ, ਜਦੋਂ ਬਾਜ਼ ਬਗੁਲੇ ਨੂੰ ਆਪਣਾ ਸ਼ਿਕਾਰ ਬਨਾਉਣ ਲਈ ਝਪਟਾ ਮਾਰਦਾ ਹੈ ਤਾਂ ਬਗੁਲੇ ਨੂੰ ਪਹਿਲਾਂ ਕੀਤੀਆਂ ਜਾ ਰਹੀਆਂ ਸਭ ਕੇਲਾਂ ਭੁਲ ਕੇ ਆਪਣੀ ਜਾਨ ਬਚਾਉਣ ਦੇ ਲਾਲੇ ਪੈ ਜਾਂਦੇ ਹਨ। ਐਸਾ ਕਿਉਂ ਹੁੰਦਾ ਹੈ? ਬਾਬਾ ਫਰੀਦ ਜੀ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਇਸ ਸਭ ਕੁੱਝ ਵਿੱਚ ਅਸਚਜਤਾ ਇਸ ਗਲ ਦੀ ਹੈ ਕਿ ਬਗੁਲੇ ਰੂਪੀ ਪੰਛੀ ਨੂੰ ਆਪਣੀ ਮੌਤ ਭੁੱਲੀ ਪਈ ਹੋਣ ਕਰਕੇ ਮਦ-ਮਸਤੀਆਂ ਕਰ ਰਿਹਾ ਹੁੰਦਾ ਹੈ। ਜੇ ਆਪਣਾ ਹਸ਼ਰ ਚੇਤੇ ਹੋਵੇ ਤਾਂ ਫਿਰ ਉਹ ਬਗੁਲਾ ਐਸਾ ਕਿਉਂ ਕਰੇ-

ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ।।

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ।।

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ।।

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ।।

(ਸਲੋਕ ਸ਼ੇਖ ਫਰੀਦ ਕੇ-੧੩੮੩)

ਬਿਲਕੁਲ ਠੀਕ ਇਹੀ ਹਾਲਤ ਸੈਦਪੁਰ ਦੇ ਪਠਾਣ ਹਾਕਮਾਂ, ਅਹਿਲਕਾਰਾਂ, ਅਤੇ ਉਹਨਾਂ ਦੇ ਟੁੱਕੜਾਂ ਤੇ ਪਲਣ ਵਾਲੀਆਂ ਉਨ੍ਹਾਂ ਦੇ ਹਰਮਾਂ ਅੰਦਰ ਰੰਗ-ਰਲੀਆਂ ਮਨਾਉਂਦੀਆਂ ਹੋਈਆਂ ਨਖਰੇ-ਬਾਜ ਔਰਤਾਂ ਦੀ ਵੀ ਹੋਈ।

ਵਿਸ਼ਾ ਅਧੀਨ ਸ਼ਬਦ ਰਾਹੀਂ ਸਤਿਗੁਰੂ ਬਿਆਨ ਕਰਦੇ ਹਨ ਕਿ ਹੇ ਪ੍ਰਮੇਸ਼ਰ! ਇਹ ਸਭ ਕੁੱਝ ਤੇਰੇ ਭਾਣੇ, ਰਜ਼ਾ ਵਿੱਚ ਹੀ ਹੋਇਆ ਹੈ ਜੋ ਹੋਣਾ ਹੀ ਸੀ। ਕੋਈ ਵੀ ਮਨੁੱਖ ਉਸ ਪ੍ਰਮੇਸ਼ਰ ਦੇ ਹੁਕਮ ਦੁਆਰਾ ਵਰਤ ਰਹੀ ਖੇਡ ਦਾ ਅੰਤ ਪਾਉਣ ਦਾ ਦਾਅਵਾ ਨਹੀਂ ਕਰ ਸਕਦਾ। ਇਹ ਸਭ ਕੁੱਝ ਜੋ ਵੀ ਸੈਦਪੁਰ ਵਿੱਚ ਵਾਪਰਿਆ ਇਹ ਪ੍ਰਮੇਸ਼ਰ ਨੂੰ ਭੁਲਣ ਵਾਲੇ ਲੋਕਾਂ ਨੂੰ ਸਜ਼ਾ ਦੇਣ ਦਾ ਇੱਕ ਤਰੀਕਾ ਹੀ ਹੈ। ਜੇ ਮਨੁੱਖ ਪਹਿਲਾਂ ਹੀ ਪ੍ਰਮੇਸ਼ਰ ਦੇ ਹੁਕਮ ਨੂੰ ਸਮਝਣ ਵਿੱਚ ਗਲਤੀ ਨਾ ਕਰੇ ਤਾਂ ਫਿਰ ਸਜ਼ਾ ਦਾ ਭਾਗੀ ਕਿਉਂ ਬਣੇ।

ਜਿਹੜੀ ਧਨ-ਦੌਲਤ, ਸੁੰਦਰਤਾ, ਜਵਾਨੀ ਦੇ ਮਾਣ-ਅਹੰਕਾਰ ਵਿੱਚ ਸਭ ਚੰਗੇ ਗੁਣ ਜੀਵਨ ਵਿਚੋਂ ਅਲੋਪ ਹੋ ਚੁੱਕੇ ਸਨ, ਉਹ ਕਿਸੇ ਵੀ ਕੰਮ ਨਾ ਆਈ ਸਗੋਂ ਵੈਰੀ ਬਣ ਕੇ ਜੀਵਨ ਦੀ ਬਰਬਾਦੀ ਦਾ ਹੀ ਕਾਰਣ ਬਣ ਗਈ।

ਜਿਹੜੇ ਜੀਵਾਂ ਨੂੰ ਰੱਬ ਦੇ ਨਾਮ ਦੀ ਕੀਤੀ ਜਾਣ ਵਾਲੀ ਪਾਠ-ਪੂਜਾ ਸਭ ਕੁੱਝ ਵਿਸਰ ਚੁੱਕਾ ਸੀ, ਹੁਣ ਬਾਬਰ ਦੇ ਸਿਪਾਹੀਆਂ ਨੇ ਕਿਸੇ ਕਿਸਮ ਦਾ ਮੌਕਾ ਹੀ ਹੱਥ ਨਹੀਂ ਲੱਗਣ ਦਿਤਾ ਕਿ ਰੱਬ ਨੂੰ ਚੇਤੇ ਕਰ ਸਕਣ, ਹੁਣ ਉਹਨਾਂ ਮੁਸੀਬਤ ਵਿਚੋਂ ਛੁਟਕਾਰਾ ਪ੍ਰਾਪਤ ਕਰਨ ਲਈ ਰੱਬ ਦੇ ਅੱਗੇ ਪੁਕਾਰਾਂ ਕਰਨ ਦੇ ਯਤਨ ਕਰਨੇ ਚਾਹੇ, ਪਰ ਐਸਾ ਨਹੀਂ ਹੋ ਸਕਿਆ।

ਬਾਬਰ ਦੇ ਸਿਪਾਹੀਆਂ ਨੇ ਪਲਾਂ ਵਿੱਚ ਹੀ ਛੋਟੇ-ਛੋਟੇ ਬੱਚਿਆਂ ਨੂੰ ਨਾਥਾਂ ਤੋਂ ਅਨਾਥ, ਸੁਹਾਗਣਾਂ ਤੋਂ ਵਿਧਵਾਵਾਂ, ਬਜ਼ੁਰਗਾਂ ਨੂੰ ਆਸਰਿਆਂ ਤੋਂ ਨਿਆਸਰੇ ਕਰ ਦਿਤਾ। ਕੋਈ ਵੀ ਘਰ ਐਸਾ ਨਹੀਂ ਬਚਿਆ ਜਿਥੇ ਮਾਤਮ ਦੀ ਸਫ ਨਾ ਵਿਛੀ ਹੋਵੇ। ਬਾਬਰ ਦੇ ਹਮਲੇ ਪਿਛੋਂ ਘਰਾਂ ਤੋਂ ਡਰਦੇ ਮਾਰੇ ਜਾਨਾਂ ਬਚਾਉਣ ਲਈ ਭੱਜੇ ਮਨੁੱਖ, ਜੋ ਵੀ ਬਚ ਗਏ, ਜਦੋਂ ਘਰਾਂ ਨੂੰ ਵਾਪਸ ਆਏ ਤਾਂ ਇਕ-ਦੂਜੇ ਨੂੰ ਮਿਲ ਕੇ ਸੁਖ-ਸਾਂਦ ਪੁਛਦੇ ਹਨ, ਪਰ ਹੁਣ ਹਾਲਤ ਇਹ ਹੋਈ ਪਈ ਸੀ ਕਿ-

- ਜਿਸ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ।।

(ਗੂਜਰੀ ਮਹਲਾ ੫-੪੯੭)

-ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ।।

(ਵਾਰ ਸਾਰੰਗ-ਮਹਲਾ ੧-੧੨੫੬)

ਜੇ ਕੋਈ ਆਪਣੇ ਘਰ ਦੇ ਕਿਸੇ ਇੱਕ ਮੈਂਬਰ ਦੀ ਦਰਦਨਾਕ ਮੌਤ ਦੀ ਗੱਲ ਕਰਦਾ ਤਾਂ ਅਗਲਾ ਆਪਣੇ ਦੁਖਾਂ ਦੀਆਂ ਪੰਡਾਂ ਖੋਲ ਕੇ ਅੱਗੇ ਰੱਖ ਦਿੰਦਾ। ਪਹਿਲਾਂ ਮਦ-ਮਸਤੀ ਵਿੱਚ ਰੱਬ ਨੂੰ ਭੁਲ ਚੁੱਕੇ ਲੋਕ ਹੁਣ ਰੱਬ ਨੂੰ ਚੇਤੇ ਕਰਨ ਦਾ ਯਤਨ ਕਰਦੇ ਸਨ ਪਰ ਹੁਣ ਅੰਦਰਲੇ ਦੁਖਾਂ ਦੀ ਦਾਸਤਾਨ ਰੱਬ ਨਾਲ ਜੁੜਣ ਕਿਥੇ ਦਿੰਦੀ ਸੀ।

ਗੁਰਮਤਿ (ਚੰਗੀ ਮਤਿ) ਨੂੰ ਛੱਡ ਕੇ ਮਨਮਤਿ (ਭੈੜੀ ਮਤਿ) ਦੇ ਪ੍ਰਭਾਵ ਅਧੀਨ ਕੀਤੇ ਜਾ ਰਹੇ ਕਰਮਾਂ ਦੇ ਭੈੜੇ ਲੱਛਣਾਂ ਦਾ ਨਤੀਜਾ ਐਸਾ ਹੋਣਾ ਹੀ ਸੀ ਕਿਉਂ ਕਿ ਹੁਣ ਹੋਰ ਕਿਸੇ ਨੂੰ ਦੋਸ਼ ਕਿਵੇਂ ਦਿਤਾ ਜਾ ਸਕਦਾ ਸੀ, ਇਹ ਤਾਂ ਆਪਣੇ ਹੀ ਕਰਮਾਂ ਦਾ ਫਲ ਸੀ ਜੋ ਹੁਣ ਭੋਗਣਾ ਹੀ ਪੈਣਾ ਸੀ-

-ਖਸਮੁ ਵਿਸਾਰਿ ਕੀਏ ਰਸ ਭੋਗ।।

ਤਾ ਤਨਿ ਉਠਿ ਖਲੋਏ ਰੋਗ।।

(ਮਲਾਰ ਮਹਲਾ ੧-੧੨੫੬)

-ਕਤਿਕ ਕਰਮ ਕਮਾਵਨੇ ਦੋਸੁ ਨ ਕਾਹੂ ਜੋਗੁ।।

ਪ੍ਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗੁ।।

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ।।

ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ।।

(ਮਾਝ ਮਹਲਾ ੫ ਬਾਰਹਮਾਹਾ-੧੩੫)

-ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ।।

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ।।

(ਆਸਾ ਮਹਲਾ ੧ ਪਟੀ- ੪੩੩)

-ਦੋਸੁ ਨ ਦੀਜੈ ਕਾਹੂ ਲੋਗ।।

ਜੋ ਕਮਾਵਨੁ ਸੋਈ ਭੋਗ।।

ਆਪਨ ਕਰਮ ਆਪੇ ਹੀ ਬੰਧ।।

ਆਵਨੁ ਜਾਵਨੁ ਮਾਇਆ ਧੰਧ।।

(ਰਾਮਕਲੀ ਮਹਲਾ ੫- ੮੮੮)

ਗੁਰੂ ਨਾਨਕ ਸਾਹਿਬ ਇਸ ਵਿਸ਼ਾ ਅਧੀਨ ਸ਼ਬਦ ਦੀ ਰਹਾਉ ਦੀ ਪੰਕਤੀ ਰਾਹੀਂ ਸਾਨੂੰ ਸਪਸ਼ਟ ਤੌਰ ਤੇ ਸਮਝਾਉਂਦੇ ਹਨ ਜਿਵੇਂ ਗੁਰੂ ਅਰਜਨ ਸਾਹਿਬ ਦਾ ਵੀ ਫਰਮਾਣ ਹੈ-

ਜਿਸ ਠਾਕੁਰ ਸਿਉ ਨਾਹੀ ਚਾਰਾ।।

ਤਾ ਕਉ ਕੀਜੈ ਸਦ ਨਮਸਕਾਰਾ।।

(ਗਉੜੀ ਸੁਖਮਨੀ ਮਹਲਾ ੫- ੨੬੮)

ਜਿਸ ਪ੍ਰਮੇਸ਼ਰ ਦੀ ਹੁਕਮ-ਰਜ਼ਾ-ਭਾਣੇ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸਨੂੰ ਆਦੇਸ (ਨਮਸਕਾਰ) ਕਰਨੀ ਹੀ ਬਣਦੀ ਹੈ। ਕਿਉਂ ਕਿ ਪ੍ਰਮੇਸ਼ਰ ਦੇ ਹੁਕਮਾਂ ਨੂੰ ਜਦੋਂ ਮਨੁੱਖ ਸਮਝਣ-ਮੰਨਣ ਤੋਂ ਇਨਕਾਰੀ ਹੋ ਜਾਵੇ ਤਾਂ ‘ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ।। ਦਰਿ ਮੰਗਨਿ ਭਿਖ ਨ ਪਾਇਦਾ।। ` (੪੭੨) ਵਾਲੀ ਹਾਲਤ ਹੁੰਦਿਆਂ ਵੀ ਦੇਰੀ ਨਹੀਂ ਲਗਦੀ। ਜਿਵੇਂ ਬਾਣੀ ਹੋਰ ਫੁਰਮਾਣ ਕਰਦੀ ਹੈ-

- ਰਾਜਾ ਸ੍ਰਮ ਮਿਤਿ ਨਹੀ ਜਾਨੀ ਤੇਰੀ।।

ਤੇਰੇ ਸੰਤਨ ਕੀ ਹਉ ਚੇਰੀ।। ੧।। ਰਹਾਉ।।

ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ।।

ਬਸਤੋ ਹੋਇ ਹੋਇ ਸੁ ਊਜਰੁ ਊਜਰੁ ਹੋਇ ਸੁ ਬਸੈ।। ੧।।

ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ।।

ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ।। ੨।।

ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ।।

ਖਲ ਮੂਰਖ ਤੇ ਪੰਡਿਤ ਕਰਿਬੋ ਪੰਡਿਤੁ ਤੇ ਮੁਗਧਾਰੀ।। ੩।।

ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ।।

ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ।। ੪।। ੨।।

(ਸਾਰੰਗ ਕਬੀਰ ਜੀਉ -੧੨੫੨)

- ਹਰਿ ਕੀ ਗਤਿ ਨਹਿ ਕੋਊ ਜਾਨੈ।।

ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ।। ੧।। ਰਹਾਉ।।

ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ।।

ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੈ।। ੧।।

(ਰਾਗ ਬਿਹਾਗੜਾ ਮਹਲਾ ੯-੫੩੭)

ਬਸ ਇਹੀ ਕੁੱਝ ਸੈਦਪੁਰ ਦੇ ਪਠਾਣਾਂ, ਹਾਕਮਾਂ, ਅਹਿਲਕਾਰਾਂ, ਰੰਗ ਤਮਾਸ਼ਿਆਂ ਵਿੱਚ ਮਦ-ਮਸਤ, ਨਖਰੇ-ਬਾਜ, ਬਹੂ- ਬੇਗਮਾਂ, ਪਰਜਾ ਆਦਿ ਨਾਲ ਬਾਬਰ ਦੇ ਸਿਪਾਹੀਆਂ ਰਾਹੀਂ ਪ੍ਰਮੇਸ਼ਰ ਦਾ ਹੁਕਮ ਵਰਤਿਆ ਜੋ ਹੋਣਾ ਹੀ ਸੀ। ਇਸ ਸਾਰੇ ਘਟਨਾਕ੍ਰਮ ਨੂੰ ਅੱਖੀਂ ਦੇਖਦੇ ਹੋਏ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਰਾਗ ਆਸਾ ਵਿੱਚ ਵਿਸ਼ਾ ਅਧੀਨ ਸ਼ਬਦ ਨੂੰ ਗਾਇਆ ਅਤੇ ਸਮੁੱਚੀ ਲੋਕਾਈ ਦੇ ਸਦੀਵੀਂ ਮਾਰਗ ਦਰਸ਼ਨ ਹਿਤ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਭਰਪੂਰ ਇਸ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿਸਾ ਬਣਾ ਦਿਤਾ। ਸਿਖਿਆ:- ਸਾਨੂੰ ਦੁਨਿਆਵੀ ਰੰਗ ਤਮਾਸ਼ਿਆਂ ਵਿੱਚ ਖਚਤ ਹੋ ਕੇ ਜੀਵਨ ਬਰਬਾਦ ਕਰਨ ਦੀ ਥਾਂ ਜੀਵਨ ਵਿੱਚ ਸ਼ੁਭ ਗੁਣਾਂ ਨੂੰ ਵਸਾਉਣ-ਕਮਾਉਣ ਲਈ ਹਰ ਸਮੇਂ ਪ੍ਰਮੇਸ਼ਰ ਦੇ ਹੁਕਮ, ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਯਤਨਸ਼ੀਲ ਰਹਿਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

=========

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.