.

(ਨੋਟ:- ਇਹ ਲੇਖ ਪਿਛਲੇ ਹਫਤੇ ਛਪੇ ਲੇਖ ਨਾਲ ਸੰਬੰਧਿਤ ਹੈ-ਸੰਪਾਦਕ)

ਨਥੂਰਾਮ ਗੌਡਸੇ ਦੇ ਭਰਾ ਗੋਪਾਲ ਗੌਡਸੇ ਨਾਲ ਕੀਤੀ ਮੁਲਾਕਾਤ

“ਕਾਨੂੰਨ ਗਿਰਨ ਨਹੀਂ ਦੇਣਾ ਚਾਹੀਦਾ ਅਗਰ ਜੇਕਰ ਗਿਰਦਾ ਹੈ ਤਾਂ ਕਿਸੇ ਨਾ ਕਿਸੇ ਨੂੰ ਮਜਬੂਰਨ ਉਠਾਉਣਾ ਹੀ ਪਵੇਗਾ।” - ਗੋਪਾਲ ਵਿਨਾਇਕ ਗੌਡਸੇ

ਮੁਲਾਕਾਤੀ: ਡਾ. ਬਲਵਿੰਦਰ ਸਿੰਘ ਥਿੰਦ

ਮੋਬਾਈਲ: 094176 06572 (ਇੰਡੀਆ)

Email: [email protected]

ਭਾਰਤ ਦੇਸ਼ ਦੇ ਰਾਸ਼ਟਰਪਿਤਾ ਮੰਨੇ ਜਾਣ ਵਾਲੇ ਮਹਾਤਮਾ ਗਾਂਧੀ (ਮੋਹਨ ਦਾਸ ਕਰਮ ਚੰਦ ਗਾਂਧੀ) ਨੂੰ ਹਿੰਦੁਸਤਾਨ ਦੀ ਅਖੌਤੀ ਆਜ਼ਾਦੀ ਦਾ ਨਾਇਕ (ਹੀਰੋ) ਮੰਨਿਆ ਜਾਂਦਾ ਹੈ। ਕੀ ਉਹ ਅਸਲ ਵਿੱਚ ਹੀਰੋ ਸਨ ਜਾਂ ਫਿਰ ਕਿਸੇ ਸਾਜ਼ਿਸ਼ ਤਹਿਤ ਬਣਾਇਆ ਗਿਆ ਹੈ। ਇਹ ਸਾਡੇ ਸਾਹਮਣੇ ਕੁੱਝ ਸਵਾਲ ਖੜ੍ਹੇ ਹੁੰਦੇ ਹਨ ਕਿ ਜੇਕਰ ਉਹ ਹੀਰੋ ਸਨ ਤਾਂ ਫਿਰ ਭਾਰਤੀਆਂ ਵਲੋਂ ਆਪਣੇ ਹੀ ਨਾਇਕ ਭਾਵ ਗਾਂਧੀ ਦਾ ਕਤਲ ਕਿਉਂ ਕੀਤਾ ਗਿਆ? ਆਖ਼ਰ ਕੀ ਵਜ੍ਹਾ ਸੀ ਕਿ ਮਹਾਤਮਾ ਗਾਂਧੀ ਵਰਗੇ ‘ਅਹਿੰਸਾਵਾਦੀ’ ਮਹਾਂਪੁਰਸ਼ ਅਖਵਾਏ ਜਾਣ ਵਾਲੇ ਨੂੰ ਨਥੂਰਾਮ ਵਿਨਾਇਕ ਗੌਡਸੇ ਜੋ ਕਿ ਪੇਸ਼ੇ ਵਜੋਂ ‘ਹਿੰਦੂ ਰਾਸ਼ਟਰ’ ਮਰਾਠੀ ਅਖ਼ਬਾਰ ਦਾ ਸੰਪਾਦਕ ਸੀ ਤੇ ਜਿਸ ਨੇ ਕਤਲ ਕੇਸ ਦੌਰਾਨ ਆਪਣੀ ਪੈਰਵਾਈ ਅੰਗਰੇਜ਼ੀ ਜ਼ਬਾਨ ਵਿੱਚ ਖ਼ੁਦ ਕੀਤੀ ਸੀ, ਤੋਂ ਗੋਲ਼ੀ ਦਾ ਸ਼ਿਕਾਰ ਹੋਣਾ ਪਿਆ। ਇਸ ਛੁਪਵੀਂ ਅਸਲੀਅਤ ਤੋਂ ਪਰਦਾ ਤਦ ਹੀ ਉਠ ਸਕਦਾ ਹੈ ਜੇਕਰ ਗਾਂਧੀ ਜੀ ਨੂੰ ਕਤਲ ਕਰਨ ਵਾਲੀ ਧਿਰ ਦੇ ਪੱਖ ਨੂੰ ਨਸ਼ਰ ਕੀਤਾ ਜਾਵੇ।

ਮਹਾਤਮਾ ਗਾਂਧੀ ਨੂੰ ਗੋਲ਼ੀ ਮਾਰਨ ਵਾਲੇ ਨਥੂਰਾਮ ਵਿਨਾਇਕ ਗੌਡਸੇ ਤੇ ਉਸਦੇ ਸਾਥੀ ਨਾਨਾ ਨਾਰਾਇਣ ਆਪਟੇ ਨੂੰ 15 ਨਵੰਬਰ 1949 ਨੂੰ ਤਾਂ ਸਵੇਰ ਵੇਲੇ ਅੰਬਾਲਾ ਸੈਂਟਰਲ ਜੇਲ੍ਹ ਵਿਖੇ ਫਾਂਸੀ `ਤੇ ਲਟਕਾ ਦਿੱਤਾ ਗਿਆ ਸੀ, ਪਰ ਗਾਂਧੀ ਕਤਲ ਕੇਸ ਵਿੱਚ ਤਿੰਨ ਮੰਨੇ ਗਏ ਹੋਰ ਮੁਜ਼ਰਿਮਾਂ ਵਿੱਚ ਗੋਪਾਲ ਵਿਨਾਇਕ ਗੌਡਸੇ (ਨਥੂਰਾਮ ਗੌਡਸੇ ਦਾ ਛੋਟਾ ਭਰਾ), ਰਾਮ ਕ੍ਰਿਸ਼ਨ ਕਰਕਰੇ ਤੇ ਮਦਨ ਲਾਲ ਪਾਹਵਾ (1947 ਦੀ ਵੰਡ ਵੇਲੇ ਪਾਕਿਸਤਾਨ ਤੋਂ ਉੱਜੜ ਕੇ ਆਇਆ ਪੰਜਾਬੀ) ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਇਤਿਹਾਸਕਾਰ ਅਤੇ ਸਾਹਿਤਕਾਰ ਗੋਪਾਲ ਗੌਡਸੇ, ਜਿਨ੍ਹਾਂ ਨੇ ਇਸ ਸਾਰੀ ਘਟਨਾ ਦੇ ਮੁੱਢ ਤੋਂ ਲੈ ਕੇ ਹੁਣ ਤਕ ਹੰਢਾਏ ਸੰਤਾਪ ਨੂੰ ਜਿਸ ਬਖ਼ੂਬੀ ਨਾਲ ਬਿਆਨਿਆਂ ਹੈ, ਉਹ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਤੋਂ ਬਾਅਦ ਦਾ ਇੱਕ ਕੌੜਾ ਇਤਿਹਾਸਕ ਸੱਚ ਹੈ। ਹਥਲੀਆਂ ਸਤਰਾਂ ਦੇ ਲੇਖਕ ਨੇ ਗੋਪਾਲ ਵਿਨਾਇਕ ਗੌਡਸੇ ਨਾਲ ਪੂਨੇ ਵਿਖੇ ਉਨ੍ਹਾਂ ਦੇ ਘਰ ਜਾ ਕੇ 19 ਮਾਰਚ 2003 ਨੂੰ ਇੱਕ ਮੁਲਾਕਾਤ ਕੀਤੀ ਸੀ। ਪੇਸ਼ ਹੈ ਗੋਪਾਲ ਗੌਡਸੇ ਨਾਲ ਕੀਤੀ ਮੁਲਾਕਾਤ ਦਾ ਹੂ-ਬ-ਹੂ ਉਤਾਰਾ।

? ਗੋਪਾਲ ਗੌਡਸੇ ਜੀ ਤੁਸੀਂ ਪਹਿਲਾਂ ਮੈਨੂੰ ਗਾਂਧੀ ਕਤਲ ਨਾਲ ਸਬੰਧਿਤ ਸਜ਼ਾ ਭੁਗਤਣ ਵਾਲਿਆਂ ਬਾਰੇ ਤੇ ਉਨ੍ਹਾਂ ਨਾਲ ਸਬੰਧਿਤ ਲਿਖੀਆਂ ਪੁਸਤਕਾਂ ਬਾਰੇ ਦੱਸੋ।

ਗੋਪਾਲ ਗੌਡਸੇ: ਬਲਵਿੰਦਰ ਸਿੰਘ ਪੰਜਾਬ ਤੋਂ ਪੂਨੇ (ਮਹਾਰਾਸ਼ਟਰ) ਆਇਆ ਤੇ ਮੇਰੇ ਨਾਲ ਬੈਠਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਮੇਰੀਆਂ ਮਰਾਠੀ ਦੀਆਂ ਦੋ ਪੁਸਤਕਾਂ “ਪੰਚਾਵਨ ਕੋਟੀਚੇ ਬਲੀ” ਭਾਵ ‘55 ਕਰੋੜ ਦੀ ਕੁਰਬਾਨੀ’ ਅਤੇ “ਗਾਂਧੀ ਹਤਿਆ ਆਣੀ ਮੀਂ” ਭਾਵ ‘ਗਾਂਧੀ ਕਤਲ ਤੇ ਮੈਂ’ ਦਾ ਪੰਜਾਬੀ ਅਨੁਵਾਦ ਕਰਨਾ ਚਾਹੁੰਦਾ ਹੈ। ਮੈਂ ਬਹੁਤ ਖ਼ੁਸ਼ੀ ਮਹਿਸੂਸ ਕਰਦਾ ਜੇਕਰ ਮੈਂ ਪੰਜਾਬੀ ਵਿੱਚ ਗੱਲ ਕਰ ਸਕਦਾ ਪਰ ਕਾਫੀ ਸਾਲਾਂ ਤੋਂ ਭਾਸ਼ਾ ਦਾ ਜੋ ਸੰਪਰਕ ਟੁੱਟ ਗਿਆ ਹੈ ਤੇ ਜੋ ਕਿਸੇ ਹੋਰ ਭਾਸ਼ਾ ਦੀ ਜਾਣਕਾਰੀ ਹੁੰਦੀ ਹੈ, ਉਹ ਖ਼ਤਮ ਹੋ ਗਈ ਹੈ ਕਿਉਂਕਿ ਵੰਡ ਤੋਂ ਪਹਿਲਾਂ ਮੈਂ ਲੜਾਈ ਵਿੱਚ ਗਿਆ ਸੀ, ਜਿਥੇ ਮੇਰੇ ਬਹੁਤ ਸਾਰੇ ਪੰਜਾਬੀ ਮਿੱਤਰ ਸਨ, ਜਿਸ ਕਰਕੇ ਮੈਂ ਥੋੜ੍ਹੀ ਥੋੜ੍ਹੀ ਪੰਜਾਬੀ ਵੀ ਜਾਣਦਾ ਹਾਂ। ਇਸ ਲਈ ਮੈਂ ਪੰਜਾਬੀ ਦੀ ਬਜਾਏ ਹਿੰਦੀ `ਚ ਗੱਲ ਕਰਨੀ ਚਾਹਾਂਗਾ।

ਅਸਲੀਅਤ ਇਹ ਸੀ ਕਿ ਇਸ ਮੁਕੱਦਮੇ ਵਿੱਚ ਸਾਨੂੰ ਪੰਜ ਜਣਿਆਂ ਨੂੰ ਅਖੀਰ `ਚ ਸਜ਼ਾ ਹੋਈ। ਨਥੂਰਾਮ ਗੌਡਸੇ ਅਤੇ ਨਾਰਾਇਣ ਆਪਟੇ ਨੂੰ ਫਾਂਸੀ ਦੀ ਸਜ਼ਾ ਹੋ ਗਈ ਜੋ ਅੰਬਾਲਾ ਜੇਲ੍ਹ ਵਿੱਚ 15 ਨਵੰਬਰ 1949 ਨੂੰ ਦਿੱਤੀ ਗਈੇ। ਸਾਨੂੰ ਤਿੰਨਾਂ (ਗੋਪਾਲ ਗੌਡਸੇ (ਖ਼ੁਦ), ਰਾਮ ਕ੍ਰਿਸ਼ਨ ਕਰਕਰੇ ਤੇ ਮਦਨ ਲਾਲ ਪਾਹਵਾ) ਨੂੰ ਉਮਰ ਕੈਦ ਭੁਗਤਣੀ ਪਈ। ਸਾਨੂੰ 18-18 ਸਾਲ ਕੈਦ `ਚ ਰਹਿਣਾ ਪਿਆ। ਸਾਡੀ ਰਿਹਾਈ ਤੋਂ ਬਾਅਦ ਮੈਂ ਉਸ ਵਿਸ਼ੇ `ਤੇ ਪੁਸਤਕਾਂ ਲਿਖੀਆਂ, ਜਿਨ੍ਹਾਂ ਪੁਸਤਕਾਂ ਦਾ ਪਹਿਲਾਂ ਮਰਾਠੀ ਵਿੱਚ ਅਧਿਐਨ ਹੋਇਆ ਤੇ ਫਿਰ ਮਰਾਠੀ ਤੋਂ ਬਾਅਦ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਗਿਆ। ਜਦੋਂ ਮਰਾਠੀ ਵਿੱਚ ‘ਗਾਂਧੀ ਹਤਿਆ ਆਣੀ ਮੀਂ’ ਨਾਮ ਨਾਲ ਪੁਸਤਕ ਪ੍ਰਕਾਸ਼ਿਤ ਹੋਈ ਤਾਂ ਸਰਕਾਰ ਨੇ ਉਸ `ਤੇ ਰੋਕ (ਬੈਨ) ਲਗਾ ਦਿੱਤੀ। ਪਰ ਮੈਂ ਅਦਾਲਤ ਵਿੱਚ ਗਿਆ, ਡੇਢ ਸਾਲ ਮੁਕੱਦਮਾ ਚੱਲਿਆ। ਉਪਰੰਤ ਕੇਸ ਮੇਰੇ ਹੱਕ `ਚ ਹੋ ਗਿਆ ਕਿ ਪੁਸਤਕ ਵਿੱਚ ਕੋਈ ਵੀ ਇਤਰਾਜ਼ਯੋਗ ਗੱਲ ਨਹੀਂ ਹੈ, ਲੇਖਕ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਜੋ ਕਿ ਨਿਯਮ ਦੇ ਦਾਇਰੇ `ਚ ਹਨ। ਇਸ ਲਈ ਉਹ ਪੁਸਤਕ ਰੋਕ ਮੁਕਤ ਹੋ ਗਈ। ਨਥੂਰਾਮ ਦਾ ਬਿਆਨ ਵੀ ਉਸ ਤੋਂ ਬਾਅਦ ਮੈਂ ਪ੍ਰਕਾਸ਼ਿਤ ਕੀਤਾ ਜੋ ਸਰਕਾਰ ਨੇ ਜ਼ੋਰ ਜਬਰੀ ਜਬਤ ਕਰ ਲਿਆ। ਮੈਂ ਤੁਹਾਨੂੰ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਉਸ ਸਮੇਂ ਦੀ ਸਰਕਾਰ ਆਤੰਕਵਾਦੀ ਸਰਕਾਰ ਸੀ। ਜਿੱਥੇ ਕੋਈ ਹਿੰਦੂ ਜਾਂ ਸਿੱਖ ਦੀ ਗੱਲ ਕਰੇ, ਅਖੰਡ ਭਾਰਤ ਦੀ ਗੱਲ ਕਰੇ ਜਾਂ ਸ਼ਰਣਾਰਥੀਆਂ ਦੇ ਪੱਖ ਦੀ ਗੱਲ ਕਰੇ ਤਾਂ ਉਸ ਨੂੰ ਸੰਪਰਦਾਇਕ ਕਰਾਰ ਦੇ ਕੇ ਸਾਡੀ ਹੀ ਸਰਕਾਰ ਨੇ ਕੁਚਲਨਾ ਆਰੰਭ ਕਰ ਦਿੱਤਾ ਸੀ। ਅਜਿਹਾ ਹੜਦੰਭ ਫੈਲਾਇਆ ਸੀ ਕਿ ਨਥੂਰਾਮ ਦਾ ਸਟੇਟਮੈਂਟ (ਬਿਆਨ) ਜੋ ਉਸਨੇ ਅਦਾਲਤ ਵਿੱਚ ਦਿੱਤਾ ਸੀ ਕਿ “ਹਾਂ-ਹਾਂ ਮੈਂ ਗਾਂਧੀ ਨੂੰ ਮਾਰਿਆ ਹੈ ਅਤੇ ਉਸਦੇ ਇਹ ਕਾਰਨ ਹਨ” ਜਬਤ ਕਰ ਲਿਆ ਸੀ। ਸਰਕਾਰ ਦੀ ਨੀਤੀ ਇਹ ਸੀ ਕਿ ਲੋਕਾਂ ਨੂੰ ਗਾਂਧੀ ਦੀ ਅਸਲੀਅਤ ਦਾ ਪਤਾ ਨਾ ਲੱਗੇ ਅਤੇ ਨਾ ਹੀ ਨਥੂਰਾਮ ਦੀ ਯੋਗਤਾ ਕੀ ਸੀ? ਇਸ ਬਾਰੇ ਕਿਸੇ ਨੂੰ ਪਤਾ ਚੱਲੇ, ਇਸ ਲਈ ਪੁਸਤਕ ਹੀ ਜਬਤ ਕਰ ਲਵੋ। ਇਸ ਲਈ ਇਨ੍ਹਾਂ ਨੇ ਪਹਿਲਾਂ ਗ੍ਰੰਥਾਂ `ਤੇ ਹਮਲਾ ਕੀਤਾ ਕਿਉਂਕਿ ਗ੍ਰੰਥ ਗਿਆਨ ਦਿੰਦੇ ਹਨ ਤੇ ਸਾਡੇ ਨੇਤਾਵਾਂ ਨੂੰ ਸਾਰੇ ਲੋਕ ਅਨਾੜੀ ਹੀ ਚਾਹੀਦੇ ਸਨ। ਅੰਤ ਮੇਰੀ ਰਿਹਾਈ ਤੋਂ ਬਾਅਦ ਦੋਵੇਂ ਪੁਸਤਕਾਂ ਪ੍ਰਕਾਸ਼ਿਤ ਹੋ ਗਈਆਂ ਤੇ ਬੈਨ ਮੁਕਤ ਹੋ ਗਈਆਂ, ਜਿਨ੍ਹਾਂ ਦਾ ਫਿਰ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਇਆ।

? ਸ੍ਰੀ ਗੌਡਸੇ ਜੀ ਤੁਸੀਂ ਇਹ ਦੱਸੋ ਕਿ ਗਾਂਧੀ ਜੀ ਦੀ ਹਤਿਆ ਕਦੋਂ ਹੋਈ, ਕਿਵੇਂ ਹੋਈ ਤੇ ਇਸ ਦੇ ਪਿੱਛੇ ਮੁੱਖ ਕਾਰਨ ਕੀ ਸਨ?

ਗੋਪਾਲ ਗੌਡਸੇ: 30 ਜਨਵਰੀ 1948 ਦੀ ਸ਼ਾਮ ਵੇਲੇ ਨਥੂਰਾਮ ਨੇ ਗਾਂਧੀ ਨੂੰ ਗੋਲ਼ੀਆਂ ਮਾਰ ਕੇ ਗਾਂਧੀ ਦੀ ਹਤਿਆ ਕਰ ਦਿੱਤੀ ਅਤੇ ਪਾਕਿਸਤਾਨ ਨੂੰ 55 ਕਰੋੜ ਰੁਪਇਆ ਦੇਣਾ ਉਸ ਦਾ ਅੰਤਿਮ ਕਾਰਨ ਹੋ ਗਿਆ। ਆਪਣੀ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਪਾਕਿਸਤਾਨ ਨੇ ਕਸ਼ਮੀਰ `ਤੇ ਜੋ ਹਮਲਾ ਕੀਤਾ ਹੈ ਅਤੇ ਜਿਸ ਵਿੱਚ ਹਿੰਦੂਆਂ ਤੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ। ਪਾਕਿਸਤਾਨ ਨਾਲ ਜੋ ਪੈਸੇ ਦਾ ਲੈਣ ਦੇਣ ਹੈ ਉਹ ਤਾਂ ਹੀ ਦਿੱਤਾ ਜਾਵੇਗਾ ਜੇ ਪਾਕਿਸਤਾਨ, ਕਸ਼ਮੀਰ `ਚੋਂ ਆਪਣੀ ਫ਼ੌਜ ਵਾਪਸ ਬੁਲਾ ਲਵੇਗਾ ਅਤੇ ਕਸ਼ਮੀਰ ਵਿੱਚ ਅੱਤਵਾਦੀ ਨਹੀਂ ਭੇਜੇਗਾ।

? ਗਾਂਧੀ ਨੂੰ ਕਤਲ ਕਰਨ ਦਾ ਤੁਹਾਡਾ ਕੀ ਮਕਸਦ ਸੀ?

ਗੋਪਾਲ ਗੌਡਸੇ: ਮੁੱਖ ਗੱਲ ਇਹ ਹੈ ਕਿ ਦੇਸ਼ ਦੀ ਵੰਡ ਨਾ ਹੋਵੇ ਇਹ ਸਾਡੀ ਇੱਛਾ ਸੀ। ਸਿੰਧੂ ਨਦੀ ਤੋਂ ਲੈ ਕੇ ਗੰਗਾ ਨਦੀ ਸਮੇਤ ਸਾਰੀਆਂ ਨਦੀਆਂ ਸਾਡੀ ਸਭਿਅਤਾ ਹੈ। ਦੇਸ਼ ਦੇ ਇੱਕ ਹਿੱਸੇ ਨੂੰ ਮੁਸਲਿਮ ਰਾਜ ਘੋਸ਼ਿਤ ਕਰ ਦੇਣਾ ਸਾਨੂੰ ਸਵੀਕਾਰ ਨਹੀਂ ਸੀ। ‘ਪ੍ਰਾਣ ਜਾਣ ਪਰ ਦੇਸ਼ ਦੀ ਵੰਡ ਨਾ ਹੋਵੇ’ ਇਹ ਸਾਡੀ ਸੋਚ ਸੀ। ਗਾਂਧੀ ਦੇ ਸ਼ਬਦ ਸਨ, “ਕਾਂਗਰਸ ਜੇਕਰ ਵੰਡ ਨੂੰ ਸਵੀਕਾਰ ਕਰਦੀ ਹੈ ਤਾਂ ਇਹ ਵੰਡ ਮੇਰੀ ਮ੍ਰਿਤਕ ਦੇਹ `ਤੇ ਹੀ ਕਰ ਸਕਦੀ ਹੈ”। ਲੋਕਾਂ ਨੂੰ ਉੱਲੂ ਬਣਾਉਣਾ ਗਾਂਧੀ ਦਾ ਕੰਮ ਸੀ। ਜੋ ਸਾਨੂੰ ਆਜ਼ਾਦੀ ਮਿਲੀ ਹੈ ਇਹ ਲੱਖਾਂ ਲੋਕਾਂ ਦੇ ਕਤਲ ਤੋਂ ਬਾਅਦ ਹਾਸਲ ਹੋਈ ਹੈ ਪਰ ਕਾਂਗਰਸ ਵਾਲੇ ਕਹਿੰਦੇ ਹਨ ਕਿ ਬਿਨਾ ਸ਼ਸਤਰ ਤੋਂ ਭਾਵ ‘ਅਹਿੰਸਾ’ ਨਾਲ ਆਜ਼ਾਦੀ ਮਿਲੀ ਹੈ ਅਤੇ ਕੌਣ ਲਿਆਇਆ? ਇਹ ਗਾਂਧੀ ਜੀ ਲਿਆਏ ਹਨ। ਇਹ ਝੂਠ ਪ੍ਰਚਾਰ ਉਨ੍ਹਾਂ ਦਾ ਚਲਣਾ ਚਾਹੀਦਾ ਹੈ ਇਸ ਕਰਕੇ ਨਥੂਰਾਮ ਦੇ ਸਟੇਟਮੈਂਟ ਨੂੰ ਹੀ ਜਬਤ ਕਰ ਲਿਆ।

ਉਸ ਤੋਂ ਬਾਅਦ ਦਿੱਲੀ ਅਦਾਲਤ ਨੇ ਦਿੱਲੀ ਦੇ ਲਾਲ ਕਿਲ੍ਹੇ `ਚ ਵਿਸ਼ੇਸ਼ ਅਦਾਲਤ ਬਿਠਾਈ ਸੀ, ਜਿਸ ਵਿੱਚ ਆਤਮਾ ਚਰਣ ਜੱਜ ਸਨ ਅਤੇ ਉਨ੍ਹਾਂ ਨੇ ਹਰ ਕੇਸ ਦੀ ਛਾਣਬੀਣ ਕਰਕੇ 8 ਵਿਅਕਤੀਆਂ ਨੂੰ ਦੰਡ ਦਿੱਤਾ ਪਰ ਹਾਈ-ਕੋਰਟ ਨੇ 7 ਜਣਿਆਂ ਨੂੰ ਦੰਡ ਦਿੱਤਾ ਤੇ ਅੰਤ ਵਿੱਚ ਸੁਪਰੀਮ-ਕੋਰਟ ਦੇ ਫੈਸਲੇ ਮੁਤਾਬਕ 5 ਜਣਿਆਂ ਨੂੰ ਦੰਡ ਦਿੱਤਾ ਗਿਆ, ਜਿਨ੍ਹਾਂ ਵਿਚੋਂ ਦੋ ਜਾਣੇ ਨਥੂਰਾਮ ਗੌਡਸੇ ਤੇ ਨਾਰਾਇਣ ਆਪਟੇ ਨੂੰ ਫਾਂਸੀ ਹੋ ਗਈ ਤੇ ਮੇਰੇ ਸਮੇਤ ਤਿੰਨਾਂ ਨੇ ਉਮਰ ਕੈਦ ਭੋਗੀ।

ਨਥੂਰਾਮ ਜਿਵੇਂ ਹੀ 30 ਜਨਵਰੀ 1948 ਨੂੰ ਗਾਂਧੀ ਦੇ ਸਾਹਮਣੇ ਗਿਆ ਤਾਂ ਉਸਨੇ ਗਾਂਧੀ ਜੀ ਦਾ ਜੋ ਦੇਸ਼ ਪ੍ਰਤੀ ਕੰਮ ਸੀ ਉਸ ਲਈ ਆਦਰ ਵਜੋਂ ਨਮਸਕਾਰ ਕੀਤੀ। ਪਰ ਜੋ ਦੇਸ਼ ਨਾਲ ਵਿਸ਼ਵਾਸਘਾਤ ਕੀਤਾ ਹੈ ਜਿਵੇਂ ਕਿ ਸਰਕਾਰ ਵਲੋਂ 55 ਕਰੋੜ ਰੁਪਏ ਦੇਣ ਦਾ ਵਿਰੋਧ ਕੀਤਾ ਹੈ। ਗਾਂਧੀ ਨੇ ਕਿਹਾ ਸੀ ਕਿ ਮੇਰੇ ਬੱਚੇ (ਪਾਕਿਸਤਾਨ) ਨੂੰ ਦੁੱਧ ਦੀ ਬੋਤਲ (55 ਕਰੋੜ ਰੁਪਇਆ) ਦਿਉ ਨਹੀਂ ਤਾਂ ਮੈਂ ਮਰ ਜਾਵਾਂਗਾ। ਇਹ ਜੋ ਆਤੰਕ ਵਿੱਚ ਸਾਰੇ ਦੇਸ਼ ਨੂੰ (ਗਾਂਧੀ ਨੇ) ਪਾਇਆ ਹੈ ਉਸ ਆਤੰਕਵਾਦੀ ਨੂੰ ਹਟਾਉਣ ਲਈ ਸੁਪਰ ਟੈਰੇਰਿਸਟ ਬਣਨਾ ਜ਼ਰੂਰੀ ਹੁੰਦਾ ਹੈ। ਇਸ ਲਈ ਗਾਂਧੀ ਨੂੰ ਮਾਰਨਾ ਕੋਈ ਆਮ ਘਟਨਾ ਨਹੀਂ ਸੀ। ਇਸ ਲਈ ਸੁਪਰ ਟੈਰੇਰਿਸਟ ਦਾ ਜੋ ਰੂਪ ਲੈਣਾ ਪੈਂਦਾ ਹੈ, ਉਹ ਰੂਪ ਅਸੀਂ ਲਿਆ ਹੈ।

ਦੰਡ ਭੁਗਤਣ ਤੋਂ ਬਾਅਦ ਜੋ ਸਾਡਾ ਜੀਵਨ ਬਚਿਆ ਹੈ ਉਹ ਅਸੀਂ ਰੋਜ਼ਮੱਰ੍ਹਾ ਦਾ ਜੋ ਰੁਝੇਵਾਂ ਰੱਖਿਆ ਹੋਇਆ ਹੈ, ਉਹ ਇਹ ਕਿ ਲੋਕਾਂ ਨੂੰ ਜੋ ਘਟਨਾਵਾਂ ਹੋਈਆਂ ਹਨ ਉਸ ਬਾਰੇ ਜਾਣਕਾਰੀ ਦਿੰਦੇ ਜਾਵੋ ਤਾਂ ਕਿ ਲੋਕ ਉਨ੍ਹਾਂ ਘਟਨਾਵਾਂ ਵਿਚੋਂ ਸੱਚ ਝੂਠ ਕੱਢਦੇ ਰਹਿਣ, ਲੋਕ ਖ਼ੁਦ ਪੜਤਾਲ ਕਰਦੇ ਰਹਿਣ ਇਸ ਲਈ ਭੂਮਿਕਾ ਦਿੰਦੇ ਜਾਵੋ। ਇਸ ਨਜ਼ਰੀਏ ਤੋਂ ਸਾਡਾ ਕਾਰਜ ਚੱਲ ਰਿਹਾ ਹੈ। ਇਸ ਮਕਸਦ ਲਈ ਇਹ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਹਨ। ਪਰ ਅੱਜ ਮੈਂ ਬਹੁਤ ਖ਼ੁਸ਼ ਹਾਂ ਕਿ ਪੰਜਾਬ ਦਾ ਇੱਕ ਪੁੱਤਰ ਇਥੇ (ਪੂਨੇ) ਪਹੁੰਚਿਆ ਹੈ ਕਿਉਂਕਿ ਇਹ ਪੰਜਾਬ ਹੀ ਜਾਣਦਾ ਹੈ ਕਿ ਉਸ ਵੇਲੇ ਪੰਜਾਬ ਨੇ ਕਿੰਨੇ ਕਸ਼ਟ ਭੋਗੇ ਹਨ।

? ਦੇਸ਼ ਦੀ ਵੰਡ ਉਪਰੰਤ ਜੋ ਘਟਨਾਵਾਂ ਉਪਜੀਆਂ ਉਨ੍ਹਾਂ ਬਾਰੇ ਕੁੱਝ ਦੱਸੋ?

ਗੋਪਾਲ ਗੌਡਸੇ: ਅਸਲੀਅਤ ਇਹ ਹੈ ਕਿ ਸਾਡਾ ਸਾਰਾ ਦੇਸ਼ ਇੱਕ ਹੈ ਤਾਂ ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਨਿਵਾਸੀ ਇੱਕ ਹਾਂ ਕਿਉਂਕਿ ਸੰਸਕ੍ਰਿਤੀ ਕਰਕੇ ਸਾਰਾ ਦੇਸ਼ ਇੱਕ ਡੋਰ ਵਿੱਚ ਬੱਝਿਆ ਹੁੰਦਾ ਹੈ ਤੇ ਜੋ ਸੰਸਕ੍ਰਿਤੀ ਸਾਨੂੰ ਫੜੀ ਰਖਦੀ ਹੈ, ਉਸ ਨੂੰ ਸਮਾਜ ਕਹਿੰਦੇ ਹਨ। ਵੰਡ ਵੇਲੇ ਹਿੰਦੂ ਅਤੇ ਮੁਸਲਮਾਨਾਂ ਦਾ ਜੋ ਬਟਵਾਰਾ ਹੋ ਗਿਆ, ਜਿਸ ਵਿੱਚ ਮੁਸਲਮਾਨਾਂ ਨੂੰ ਅਲੱਗ ਮੰਗ ਕਿਉਂ ਕਰਨੀ ਪਈ ਕਿਉਂਕਿ ਉਨ੍ਹਾਂ ਨੂੰ ਇਸਲਾਮ ਬਣਾਇਆ ਗਿਆ ਅਤੇ ਇਸਲਾਮ ਬਣਾਉਣ ਨਾਲ ਪਾਕਿਸਤਾਨ ਦੀ ਮੰਗ ਉਠੀ। ਇਹ ਵੰਡ ਉਹੀ ਕਰਦੇ ਹਨ ਜਿਨ੍ਹਾਂ ਦੇ ਹੱਥ `ਚ ਤਾਕਤ ਦੀ ਡੋਰ ਹੁੰਦੀ ਹੈ। ਵੈਸੇ ਆਗੂ ਇਸ ਸ਼ਰਤ `ਤੇ ਚੁਣੇ ਗਏ ਸਨ ਕਿ ਅਸੀਂ ‘ਅਖੰਡ ਹਿੰਦੁਸਤਾਨ’ ਰੱਖਾਂਗੇ। ਵੰਡ ਤੋਂ 2 ਮਹੀਨੇ ਪਹਿਲਾਂ 14 ਤੇ 15 ਜੂਨ ਨੂੰ ਦਿੱਲੀ `ਚ ਪ੍ਰਸਤਾਵ ਰੱਖਿਆ ਗਿਆ ਕਿ ਦੇਸ਼ ਦੀ ਵੰਡ ਕਰਾਂਗੇ, ਇਹ ਜੋ ਧੋਖਾ ਕੀਤਾ ਗਿਆ, ਉਸ ਧੋਖੇ ਦੇ ਸਿੱਟੇ ਵਜੋਂ 40-40, 50-50 ਮੀਲ ਲੰਬੇ ਜਲੂਸ ਦੀ ਸ਼ਕਲ ਵਜੋਂ ਲੋਕਾਂ ਨੂੰ ਸ਼ਰਣਾਰਥੀਆਂ ਦੀ ਸ਼ਕਲ ਵਿੱਚ ਹਿਜ਼ਰਤ ਕਰਕੇ ਆਉਣਾ ਪਿਆ। ਕਈ ਜੋ ਬਜ਼ੁਰਗ ਸਨ ਜਾਂ ਬਿਮਾਰ ਸਨ, ਉਨ੍ਹਾਂ ਨੂੰ ਰਸਤੇ ਵਿੱਚ ਮਰਨ ਲਈ ਛੱਡ ਦਿੱਤਾ ਜਾਂਦਾ ਸੀ। ਉਹ ਅਤਿਆਚਾਰ ਪੰਜਾਬ ਵਿੱਚ ਅਸੀਂ ਦੇਖੇ ਹਨ ਕਿ ਹਿੰਦੂ ਜਾਂ ਸਿੱਖ ਨੂੰ ਮਾਰਨਾ ਹੈ ਤਾਂ ਕਿਸ ਜ਼ਾਲਮਾਨਾ ਵਤੀਰੇ ਨਾਲ ਮਾਰਨਾ ਹੈ। ਮਿਸਾਲ ਵਜੋਂ ਕੋਈ ਮਾਂਵਾਂ ਆਪਣੇ ਬੱਚਿਆਂ ਨੂੰ ਲਿਜਾ ਰਹੀਆਂ ਹਨ ਤਾਂ ਉਹਨਾਂ ਪਾਸੋਂ ਬੱਚੇ ਖੋਹੇ ਜਾਂਦੇ ਤੇ ਉਨ੍ਹਾਂ ਬੱਚਿਆਂ ਦੀਆਂ ਆਪਸ ਵਿੱਚ ਸਿਰਾਂ ਦੀਆਂ ਟੱਕਰਾਂ ਮਾਰੀਆਂ ਜਾਂਦੀਆਂ ਜਾਂ ਫਿਰ ਬੱਚਿਆਂ ਨੂੰ ਉਪਰ ਸੁੱਟ ਕੇ ਹੇਠਾਂ ਤਲਵਾਰ ਦੀ ਨੋਕ ਕਰ ਦੇਣੀ, ਵਗੈਰਾ ਜ਼ਾਲਮਾਨਾ ਢੰਗਾਂ ਨਾਲ ਮਾਰਿਆ ਜਾਂਦਾ ਸੀ।

? ਆਖ਼ਰ ਕੀ ਵਜ੍ਹਾ ਸੀ ਜੋ ਗਾਂਧੀ ਨੇ ਅਜਿਹਾ ਕੀਤਾ?

ਗੋਪਾਲ ਗੌਡਸੇ: ਕਲ੍ਹ ਦੇ ਜੋ ਹਿੰਦੂ ਸਨ ਅਤੇ ਮੁਸਲਮਾਨ ਬਣੇ ਸਨ ਉਨ੍ਹਾਂ ਨੂੰ ਅਰਬ ਸੰਸਕ੍ਰਿਤੀ ਦੇ ਵਿਸਤਾਰ ਬਾਰੇ ਸਿਖਾਇਆ ਗਿਆ। ਗਾਂਧੀ ਨੇ ਲੋਕਾਂ ਨੂੰ ਧੋਖਾ ਇਸ ਕਰਕੇ ਦਿੱਤਾ ਕਿਉਂਕਿ ਉਸ ਨੂੰ ਦੂਜਾ ਪੈਗੰਬਰ ਹੋਣ ਦੀ ਇੱਛਾ ਸੀ। ਲੋਕ ਕਿੰਨੀ ਕਦਰ ਦੇ ਰਹੇ ਸਨ ਜਾਂ ਨਹੀਂ ਦੇ ਰਹੇ ਸਨ ਇਹ ਗੱਲ ਅਲੱਗ ਸੀ। ਗਾਂਧੀ ਦੁਆਰਾ ਭੁੱਖ ਹੜਤਾਲ ਕਰਨੀ ਅਸਲ ਵਿੱਚ ਸਰਕਾਰ `ਤੇ ਦਬਾਉ ਪਾਉਣਾ ਸੀ ਤਾਂ ਕਿ ਉਹ 55 ਕਰੋੜ ਦੇ ਲੈਣ-ਦੇਣ ਨੂੰ ਕਸ਼ਮੀਰ ਤੋਂ ਸੈਨਾ ਹਟਾਉਣ ਤੋਂ ਪਹਿਲਾਂ ਹੀ ਦਿੱਤਾ ਜਾਵੇ। ਪਰ 4 ਦਿਨ ਬਾਅਦ ਪਾਕਿਸਤਾਨ ਨੂੰ ਕਸ਼ਮੀਰ ਤੋਂ ਫ਼ੌਜ ਹਟਾਉਣ ਤੋਂ ਬਿਨਾਂ ਹੀ 55 ਕਰੋੜ ਰੁਪਏ ਦੇ ਦੇਣਾ ਅਤੇ ਮਰਨ ਵਰਤ ਤਿਆਗ ਦੇਣਾ ਮਹਿਜ ਇੱਕ ਪਾਖੰਡ ਸੀ। ਇਸ ਤਰ੍ਹਾਂ ਦੇਸ਼ `ਤੇ ਗਾਂਧੀ ਵਲੋਂ ਤਾਨਾਸ਼ਾਹੀ ਵਤੀਰਾ ਅਪਣਾਇਆ ਗਿਆ।

? ਕੀ ਤੁਹਾਡੇ ਵਿਚਾਰਾਂ ਅਨੁਸਾਰ ਨਥੂਰਾਮ ਗੌਡਸੇ ਨੇ ਗਾਂਧੀ ਨੂੰ ਮਾਰ ਕੇ ਪਾਪ ਨੂੰ ਮਾਰਨ ਨਾਲੋਂ ਪਾਪੀ ਦੀ ਮਾਂ ਨੂੰ ਮਾਰਿਆ ਹੈ।

ਗੋਪਾਲ ਗੌਡਸੇ: ਤੁਹਾਡੀ ਗੱਲ ਸਹੀ ਹੈ ਕਿ ਕੋਈ ਬੋਲਦਾ ਸੀ ਕਿ ਜ਼ਿਨਾਹ ਨੂੰ ਮਾਰਨਾ ਸੀ ਪਰ ਜੇਕਰ ਨਥੂਰਾਮ ਜ਼ਿਨਾਹ ਨੂੰ ਮਾਰਦਾ ਤਾਂ ਗਾਂਧੀ ਹੋਰ 10 ਜ਼ਿਨਾਹ ਪੈਦਾ ਕਰ ਦਿੰਦਾ। ਇਥੇ ਜੋ ਮੁਸਲਮਾਨਾਂ ਨੇ ਘਰ ਖ਼ਾਲੀ ਛੱਡੇ ਸਨ, ਉਨ੍ਹਾਂ `ਚ ਸ਼ਰਣਾਰਥੀ ਆ ਕੇ ਵਸੇ ਸਨ ਤਾਂ ਗਾਂਧੀ ਨੇ ਸਰਕਾਰ ਦੇ ਜ਼ੋਰ ਨਾਲ ਤੇ ਜ਼ਿਨਾਹ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਸ਼ਰਣਾਰਥੀਆਂ ਨੂੰ ਘਰਾਂ `ਚੋਂ ਕਢਵਾ ਕੇ ਦੁਬਾਰਾ ਉਜਾੜ ਦਿੱਤਾ ਸੀ। ਜਦੋਂ ਕਿ ਉਸ ਵੇਲੇ ਬਰਸਾਤ ਪੈਣ ਦੇ ਨਾਲ ਠੰਢ ਵੀ ਜ਼ੋਰ ਫੜ ਚੁੱਕੀ ਸੀ। ਬੇਘਰ ਹੋਏ ਉਹ ਸ਼ਰਣਾਰਥੀ ਜਦੋਂ ਗਾਂਧੀ ਕੋਲ ਜਾ ਕੇ ਪੁੱਛਦੇ ਸਨ ਕਿ ਜੋ ਪਾਕਿਸਤਾਨ ਵਿੱਚ ਹਿੰਦੂ ਜਾਂ ਸਿੱਖ ਬਚੇ ਹਨ, ਉਨ੍ਹਾਂ ਨੂੰ ਕਿਵੇਂ ਬਚਾਇਆ ਜਾਵੇ ਤਾਂ ਗਾਂਧੀ ਜੀ ਦਾ ਉਪਦੇਸ਼ ਸੀ, “ਆਪ ਯਹਾਂ ਆਏ ਹੀ ਕਿਉਂ? ਆਪ ਅਪਨੇ ਕੈਂਪ ਮੇਂ ਜਾਕਰ ਭੀ ਬੋਲੋ ਕਿ ਵਾਪਸ ਚਲੇ ਜਾਉ, ਕਿੰਤੂ ਏਕ ਬਾਤ ਕਾ ਧਿਆਨ ਰੱਖੋ ਕਿ ਕੋਈ ਹਥਿਆਰ ਲੇ ਕਰ ਮਤ ਜਾਉ। ਪ੍ਰਤੀਕਾਰ ਮਤ ਕਰੋ, ਜਾਨੀ ਮਰ ਜਾਉ ਔਰ ਰਾਮ ਕਾ ਨਾਮ ਮੁਖ ਮੇਂ ਲੇ ਲੋ।” ਜੋ ਮਾਰਨ ਆਉਂਦਾ ਹੈ, ਉਸ ਨੂੰ ਮਾਰੋ ਅਜਿਹਾ ਹਿੰਦੂਆਂ ਤੇ ਸਿੱਖਾਂ ਨੂੰ ਉਪਦੇਸ਼ ਨਹੀਂ ਸੀ। ਏਨਾ ਕਰੂਰ ਵਿਅਕਤੀ ਅਸੀਂ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖਿਆ ਸੀ। ਉਧਰ ਚਰਚਿਲ ਨੂੰ ਤਾਰ ਭੇਜਦਾ ਹੈ ਕਿ ਸ਼ਸਤਰ ਸਨਿਆਸ ਲੈ ਲਵੋ, ਇਧਰ ਨਹਿਰੂ ਜਦੋਂ ਪੁੱਛਦਾ ਹੈ ਕਿ ਕਸ਼ਮੀਰ ਵਿੱਚ ਸੈਨਾ ਭੇਜ ਦੇਈਏ ਤਾਂ ਗਾਂਧੀ ਕਹਿੰਦਾ, ‘ਹਾਂ ਹਾਂ ਭੇਜ ਦਿਉ’। ਕਿਉਂਕਿ ਸ਼ੇਖ ਅਬਦੁੱਲਾ ਨੂੰ ਕਸ਼ਮੀਰ ਦਾ ਸੁਲਤਾਨ ਬਣਾਉਣਾ ਸੀ। ਇਹ ਗਾਂਧੀ ਦੀ ਰਾਜਨੀਤੀ ਸੀ।

? ਕੀ ਨਥੂਰਾਮ ਗੌਡਸੇ ਜਾਂ ਤੁਸੀਂ ਸਿੱਖ ਗੁਰੂ ਸਾਹਿਬਾਨ ਜੀ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ?

ਇਸ ਬਾਰੇ ਤੁਹਾਡਾ ਕੀ ਖਿਆਲ ਹੈ?

ਗੋਪਾਲ ਗੌਡਸੇ: ਤੁਹਾਡਾ ਕਹਿਣਾ ਬਿਲਕੁਲ ਦਰੁਸਤ ਹੈ ਕਿ ਜਿੰਨੇ ਵੀ ਸਿੱਖਾਂ ਦੇ ਗੁਰੂ ਅਤੇ ਸ਼ਹੀਦ ਹੋਏ ਹਨ ਉਨ੍ਹਾਂ ਨੇ ਆਪਣਾ ਜੀਵਨ ਹਿੰਦੂ ਧਰਮ ਦੀ ਰੱਖਿਆ ਤੇ ਜ਼ੁਲਮ ਨੂੰ ਖ਼ਤਮ ਕਰਨ ਕੁਰਬਾਨ ਕੀਤਾ ਹੈ। ਗੁਰੂ ਤੇਗ ਬਹਾਦਰ ਜੀ ਹੋਏ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਹੋਏ ਆਦਿ ਸਭ ਨੂੰ ਕਿੰਨੀ ਕਰੂਰਤਾ ਨਾਲ ਦਿੱਲੀ ਚਾਂਦਨੀ `ਚ ਲਿਆ ਕੇ ਸ਼ਹੀਦ ਕੀਤਾ ਗਿਆ ਹੈ ਜੋ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਬਿਲਕੁਲ ਦਰੁਸਤ ਹੈ। ਨਥੂਰਾਮ ਦੀ ਪੂਰਤੀ ਲਈ ਇੱਕ ਹੋਰ ਗੱਲ ਜੋੜ ਦੇਵਾਂ ਕਿ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਪਰ ਅਸਲੀਅਤ ਇਹ ਹੈ ਕਿ “ਕਾਨੂੰਨ ਗਿਰਨ ਨਹੀਂ ਦੇਣਾ ਚਾਹੀਦਾ ਅਗਰ ਜੇਕਰ ਗਿਰਦਾ ਹੈ ਤਾਂ ਕਿਸੇ ਨਾ ਕਿਸੇ ਨੂੰ ਮਜਬੂਰਨ ਉਠਾਉਣਾ ਹੀ ਪਵੇਗਾ।” ਉਸ ਵਕਤ ਗਾਂਧੀ ਨੇ ਕਾਨੂੰਨ ਹੇਠਾਂ ਗਿਰਾ ਦਿੱਤਾ ਕਿ ਗਾਂਧੀ ਬਿਮਾਰ ਹੋ ਜਾਣਗੇ ਅਤੇ ਮਰ ਜਾਣਗੇ, ਇਸ ਲਈ 55 ਕਰੋੜ ਰੁਪਏ ਪਾਕਿਸਤਾਨ ਨੂੰ ਦਿਉ ਅਤੇ ਸਾਡੀ ਸੈਨਾ ਮਰਵਾ ਦਿਉ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਗਾਂਧੀ ਦੁਆਰਾ ਦਿੱਤੇ ਗਏ 55 ਕਰੋੜ ਰੁਪਏ ਨਾਲ ਪਾਕਿਸਤਾਨ ਨੇ ਜੋ ਬੂਲੇਟ (ਹਥਿਆਰ) ਖ਼ਰੀਦੇ ਸਨ ਉਨ੍ਹਾਂ ਨਾਲ ਅੱਜ ਵੀ ਸਾਡੀ ਫ਼ੌਜ ਮਰ ਰਹੀ ਹੈ। ਇਸ ਕਰਕੇ ਜਦੋਂ ਕਾਨੂੰਨ ਹੇਠਾਂ ਡਿਗਦਾ ਹੈ ਤਾਂ ਉਸ ਨੂੰ ਉਠਾਉਣਾ ਸਾਡਾ ਕਰਤਵ ਬਣਦਾ ਹੈ ਜੋ ਕਰਤਵ ਨਥੂਰਾਮ ਨੇ ਨਿਭਾਇਆ।

ਵੈਸੇ ਅਨੁਕਰਨ ਦੇਖੋ ਕਿ ਜਿੰਨੇ ਵੀ ਸਿੱਖ ਗੁਰੂ ਹੋਏ ਹਨ ਸਾਰੇ ਬਲਿਦਾਨੀ ਹੀ ਬਲਿਦਾਨੀ ਹੋਏ ਹਨ। ਉਨ੍ਹਾਂ ਨੇ ਮਾਰਗ ਦਿਖਾਇਆ ਹੈ ਕਿ ਜੇਕਰ ਜੀਵਤ ਰਹਿਣਾ ਹੈ ਤਾਂ ਆਤਮ ਬਲਿਦਾਨ ਦੇ ਬਗੈਰ ਕੋਈ ਹੋਰ ਮਾਰਗ ਨਹੀਂ ਹੈ, ਉਹ ਮਾਰਗ ਉਨ੍ਹਾਂ ਨੇ ਦਿਖਾਇਆ ਹੈ। ਖ਼ੁਦ ਨੂੰ ਜਿਉਣ ਲਈ ਨਾ ਮਿਲੇ ਪਰ ਸਮਾਜ ਨੂੰ ਜ਼ਿੰਦਗੀ ਮਿਲਦੀ ਹੈ ਅਤੇ ਉਹ ਸਮਾਜ ਹੀ ਜੀਵਤ ਮੰਨਿਆ ਜਾਂਦਾ ਹੈ। ਜੋ ਕੰਮ ਸਿੱਖਾਂ ਨੇ ਕੀਤਾ ਅਸੀਂ ਉਹੀ ਕੀਤਾ। ਅਸੀਂ ਗਾਂਧੀ ਨੂੰ ਮਾਰ ਕੇ ਕੁੱਝ ਪ੍ਰਾਪਤ ਨਹੀਂ ਕਰਨਾ ਸੀ। ਅਸੀਂ ਇੱਕ ਗੱਲ ਨੋਟ ਕੀਤੀ ਕਿ ਜੋ ਕੋਈ ਵੀ ਦੇਸ਼ `ਤੇ ਅਤਿਆਚਾਰ ਕਰਦਾ ਹੈ ਉਸ `ਤੇ ਰੋਕ ਲੱਗਣੀ ਹੀ ਚਾਹੀਦੀ ਹੈ। ਇਸ ਭਾਵਨਾ ਨਾਲ ਇਹ ਕੰਮ ਅਸੀਂ ਹੱਥਾਂ ਵਿੱਚ ਲਿਆ ਜਿਸ ਵਿੱਚ ਅਸੀਂ ਸਫ਼ਲ ਵੀ ਹੋਏ।

? ਕੀ ਲੋਕ ਵੀ ਤੁਹਾਡੀ ਇਸ ਸਫ਼ਲਤਾ ਨੂੰ ਮੰਨਦੇ ਹਨ?

ਗੋਪਾਲ ਗੌਡਸੇ: ਪੰਜਾਬ ਵਿੱਚ ਇਸ ਗੱਲ ਦੀ ਜਾਣਕਾਰੀ ਵੀ ਹੈ ਅਤੇ ਸਾਡੇ ਨਾਲ ਹਮਦਰਦੀ ਵੀ ਹੈ, ਉਹ ਏਨੀ ਹੈ ਕਿ ਕੁੱਝ ਸਮਾਂ ਹੋਏ ਅੰਬਾਲਾ ਦੇ ਇੱਕ ਮੈਜਿਸਟ੍ਰੇਟ, ਗੁਜਰਾਤ ਵਿੱਚ ਰਹਿੰਦੇ ਮੇਰੇ ਰਿਸ਼ਤੇਦਾਰ ਦੇ ਕੇਸ ਦੀ ਪੈਰਵਾਈ ਕਰ ਰਹੇ ਸਨ ਤਾਂ ਉਸ ਮੈਜਿਸਟ੍ਰੇਟ ਨੇ ਮੇਰੇ ਰਿਸ਼ਤੇਦਾਰਾਂ ਤੋਂ ਪੁਛਿਆ ਕਿ ਤੁਹਾਡੀ ਕੋਈ ਇਥੇ (ਅੰਬਾਲਾ) ਜ਼ਮਾਨਤ ਦੇਣ ਵਾਲਾ ਹੈ?

ਮੇਰੇ ਰਿਸ਼ਤੇਦਾਰ ਬੋਲੇ, “ਨਹੀਂ।”

ਮੈਜਿਸਟ੍ਰੇਟ: “ਤੁਸੀਂ ਇਥੇ ਪਹਿਲਾਂ ਆਏ ਹੋ?”

ਮੇਰੇ ਰਿਸ਼ਤੇਦਾਰ: “ਹਾਂ, ਨਥੂਰਾਮ ਗੌਡਸੇ ਤੇ ਗੋਪਾਲ ਗੌਡਸੇ ਮੇਰੇ ਚਚੇਰਾ ਭਰਾ ਹੋਣ ਕਰਕੇ ਉਨ੍ਹਾਂ ਨਾਲ ਉਦੋਂ ਮੈਂ ਛੋਟਾ ਹੁੰਦਾ ਆਇਆ ਸੀ।”

ਮੈਜਿਸਟ੍ਰੇਟ: “ਚੰਗਾ ਠੀਕ ਹੈ, ਇੱਕ ਕੰਮ ਕਰਨਾ, ਜਦੋਂ ਮੈਂ ਤੁਹਾਡੇ ਨਗਰ ਬੜੌਦਾ ਆਵਾਂਗਾ ਤਾਂ ਨਥੂਰਾਮ ਦੇ ਪਿੰਡ ‘ਉਕਸਾਨ’ ਲੈ ਕੇ ਜਾਣਾ, ਕਿਉਂਕਿ ਉਥੋਂ ਦੀ ਧੂੜ ਮੈਂ ਮੱਥੇ `ਤੇ ਲਗਾਉਣੀ ਹੈ। ਉਸਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਜੋ ਬਲਿਦਾਨ ਦਿੱਤਾ ਹੈ ਉਹ ਆਪਣੇ ਲਈ ਨਹੀਂ ਬਲਕਿ ਸਾਡੇ ਲਈ ਦਿੱਤਾ ਹੈ।”

ਸੋ ਇਸ ਤਰ੍ਹਾਂ ਦੇ ਪਿਆਰ ਦੀ ਭਾਵਨਾ ਅਸੀਂ ਪੰਜਾਬ ਅੰਦਰ ਅੰਬਾਲਾ ਜੇਲ੍ਹ ਵਿੱਚ ਵੀ ਮਹਿਸੂਸ ਕੀਤੀ ਹੈ ਕਿ ਜਿੰਨੀ ਹਮਦਰਦੀ ਸਾਨੂੰ ਉਹ ਦੇ ਸਕਦੇ ਸਨ ਪੰਜਾਬੀਆਂ ਨੇ ਸਾਨੂੰ ਦਿੱਤੀ ਹੈ। ਇੱਕ ਵਾਰ ਦੀ ਗੱਲ ਹੈ ਕਿ ਜੇਲ੍ਹ ਸੁਪਰਡੈਂਟ ਦੀ ਪਤਨੀ ਨੇ ਨਥੂਰਾਮ ਤੇ ਨਾਰਾਇਣ ਆਪਟੇ ਵਾਸਤੇ ਚੰਦਨ ਭੇਜਿਆ ਸੀ ਕਿਉਂਕਿ ਉਹ ਜਾਣਦੇ ਸਨ ਕਿ ਸਾਡਾ ਬਲਿਦਾਨ ਦੇਸ਼ ਦੀ ਏਕਤਾ ਲਈ ਹੈ।

? ਕੀ ਜਵਾਹਰਲਾਲ ਨਹਿਰੂ ਦਾ ਵੀ ਇਸ ਕਾਰਜ ਵਿਧੀ ਵਿੱਚ ਕੋਈ ਯੋਗਦਾਨ ਸੀ?

ਗੋਪਾਲ ਗੌਡਸੇ: ਗਾਂਧੀ ਨੇ ਆਖ਼ਰੀ ਸ਼ਬਦ ਇਹੀ ਕਹੇ ਸਨ ਕਿ ਜੇਕਰ ਇਨ੍ਹਾਂ ਨੂੰ ਵੰਡ ਚਾਹੀਦੀ ਹੈ ਤਾਂ ਮੈਂ ਕੀ ਕਰਾਂ। ਸ਼ਾਇਦ ਉਹ ਆਪਣੀ ਇਹ ਕਹੀ ਹੋਈ ਗੱਲ ਭੁੱਲ ਗਏ ਸਨ ਕਿ “ਜੇਕਰ ਕਾਂਗਰਸ ਵੰਡ ਸਵੀਕਾਰ ਕਰਦੀ ਹੈ ਤਾਂ ਅਜਿਹਾ ਮੇਰੀ ਮ੍ਰਿਤਕ ਦੇਹ `ਤੇ ਹੋ ਸਕਦਾ ਹੈ।” ਉਹ ਤਾਂ ਇੱਕ ਦਿਨ ਦਾ ਨਾ ਮਾਤਰ ਭੁਖ ਹੜਤਾਲ ਜੋ ਕੇਵਲ ਟੋਕਨ ਹੀ ਸੀ, ਸਹਿਣ ਨਾ ਕਰ ਸਕੇ। ਏਨੇ ਤਾਂ ਉਹ ਪਾਖੰਡੀ ਸਨ। ਨਹਿਰੂ ਦਾ ਹਿੰਦੂ ਤੇ ਸਿੱਖਾਂ ਪ੍ਰਤੀ ਕੌੜਾ ਰੁਖ਼ ਸੀ। ਜਦੋਂ ਬੰਗਾਲ ਵਿੱਚ ਅਤਿਆਚਾਰ ਹੋਏ ਤਾਂ ਬਿਹਾਰ ਵਿੱਚ ਪ੍ਰਤੀਕ੍ਰਿਆ ਹੋਈ ਤਾਂ ਨਹਿਰੂ ਨੇ ਫ਼ੌਜ ਨੂੰ ਹੁਕਮ ਦਿੱਤਾ ਕਿ ਹਿੰਦੂਆਂ ਨੂੰ ਗੋਲ਼ੀਆਂ ਨਾਲ ਮਾਰੋ। ਤਦ ਕਈ ਹਿੰਦੂਆਂ ਨੂੰ ਗੋਲ਼ੀਆਂ ਨਾਲ ਮਾਰਨ ਉਪਰੰਤ ਹੀ ਨਹਿਰੂ ਨੂੰ ਸ਼ਾਂਤੀ ਮਿਲੀ। ਇਹ ਨਹਿਰੂ ਦਾ ਯੋਗਦਾਨ ਇਸ ਵਿੱਚ ਸੀ।

? ਗੌਡਸੇ ਜੀ, ਨਥੂਰਾਮ ਨੇ ਅੰਤ ਵੇਲੇ ਆਪਣੇ ਪਰਵਾਰ ਤੇ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦਿੱਤਾ।

ਗੋਪਾਲ ਗੌਡਸੇ: ਦੱਤਾਤ੍ਰੇਅ ਦੇ ਨਾਮ `ਤੇ ਉਨ੍ਹਾਂ ਨੇ ਜੋ ਵਸੀਅਤ ਕੀਤੀ। ਉਸ ਵਿੱਚ ਨਥੂਰਾਮ ਨੇ ਲਿਖਿਆ ਹੈ, “ਮੇਰੇ ਭਾਰਤ ਦੇਸ਼ ਦੀ ਸੀਮਾ ਰੇਖਾ ਸਿੰਧੁ ਨਦੀ ਹੈ, ਜਿਸਦੇ ਕਿਨਾਰਿਆਂ `ਤੇ ਵੇਦਾਂ ਦੀ ਰਚਨਾ ਪ੍ਰਾਚੀਨ ਰਿਸ਼ੀਆਂ ਨੇ ਕੀਤੀ ਹੈ। ਉਹ ਸਿੰਧੂ ਨਦੀ ਜਿਸ ਸ਼ੁੱਭ ਦਿਹਾੜੇ ਨੂੰ ਫਿਰ ਤੋਂ ਭਾਰਤ ਦੇਸ਼ ਦੇ ਝੰਡੇ ਦੀ ਛਾਂ ਹੇਠ ਵਹਿਣ ਲੱਗੇਗੀ, ਉਨ੍ਹਾਂ ਦਿਨਾਂ ਵਿੱਚ ਮੇਰੀਆਂ ਅਸਥੀਆਂ ਜਾਂ ਰਾਖ ਦਾ ਥੋੜ੍ਹਾ ਜਿਹਾ ਹਿੱਸਾ ਸਿੰਧੂ ਨਦੀ `ਚ ਵਹਾ ਦਿੱਤਾ ਜਾਵੇ।”

“ਮੇਰੀ ਇਸ ਇੱਛਾ ਨੂੰ ਪੂਰਾ ਹੋਣ ਤਕ ਸ਼ਾਇਦ ਹੋਰ ਵੀ ਇੱਕ ਦੋ ਪੀੜ੍ਹੀਆਂ ਦਾ ਸਮਾਂ ਲੱਗ ਜਾਵੇ ਤਾਂ ਕੋਈ ਚਿੰਤਾ ਨਹੀਂ ਕਰਨਾ। ਉਸ ਦਿਨ ਤਕ ਉਹ ਬਚਿਆ ਹਿੱਸਾ (ਅਸਥੀਆਂ) ਉਵੇਂ ਹੀ ਰੱਖੋ ਅਤੇ ਜੇਕਰ ਤੁਹਾਡੇ ਜੀਵਨ `ਚ ਉਹ ਸ਼ੁੱਭ ਦਿਨ ਨਾ ਆਇਆ ਤਾਂ ਆਪਣੇ ਵਾਰਸਾਂ ਨੂੰ ਮੇਰੀ ਇਹ ਅੰਤਮ ਇੱਛਾ ਦੱਸਦੇ ਜਾਣਾ।”

ਅਜਿਹਾ ਇਸ ਕਰਕੇ ਕਿ ਸਿੰਧ ਸਾਡੀ ਸਭਿਅਤਾ ਦਾ ਇੱਕ ਅਹਿਮ ਹਿੱਸਾ ਕਿਉਂਕਿ ਸਿੰਧ ਨਦੀ ਸਾਡੇ ਰਾਸ਼ਟਰੀ ਗੀਤ `ਚ ਸ਼ਾਮਲ ਹੈ। ਸਾਡੇ ਮੰਦਰ ਤੇ ਗੁਰਦੁਆਰੇ ਜਿਨ੍ਹਾਂ ਦਾ ਤਬਾਹਕੁੰਨ ਦਾ ਕਾਰਜ ਹੋ ਰਿਹਾ ਹੈ, ਉਹ ਆਜ਼ਾਦ ਹੋਣਗੇ ਉਦੋਂ ਹੀ ਸਾਡੀ ਆਜ਼ਾਦੀ ਹੋਵੇਗੀ।

? ਨਥੂਰਾਮ ਦੀਆਂ ਉਹ ਅਸਥੀਆਂ ਕੀ ਇਸ ਵੇਲੇ ਤੁਹਾਡੇ ਇਸੇ ਘਰ ਵਿੱਚ ਹਨ?

ਗੋਪਾਲ ਗੌਡਸੇ: ਹਾਂ, ਮੇਰਾ ਲੜਕਾ ਇਥੋਂ (754/ਬੀ ਸਦਾਸ਼ਿਵ ਪੇਠ, ਪਹਿਲੀ ਮੰਜ਼ਲ, ਜੰਤਾ ਬੈਂਕ ਦੀ ਬਿਲਡਿੰਗ; ਕੁਮਠੇਕਰ ਮਾਰਗ ਪੂਨੇ: 411030) ਤੋਂ ਦੋ ਕਿਲੋਮੀਟਰ ਦੂਰ ਪੂਨੇ ਵਿੱਚ ਹੀ ਹੈ, ਉਥੇ ਉਹ ਅਸਥੀਆਂ ਹਨ ਜਿਥੇ ਹਰ ਸਾਲ 15 ਨਵੰਬਰ ਨੂੰ ਇੱਕ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਦਾ ਮਕਸਦ ਨਵੀਂ ਪੀੜ੍ਹੀ ਨੂੰ ਨਥੂਰਾਮ ਦੇ ਮਿਸ਼ਨ ਤੋਂ ਜਾਣੂ ਕਰਵਾਉਂਦੇ ਰਹਿਣਾ ਹੈ।

? ਤੁਹਾਡੇ ਪਰਵਾਰ ਵਿੱਚ ਕੋਈ ਹੋਰ ਤੁਹਾਡੇ ਭਰਾ ਇਸ ਵੇਲੇ ਹਨ?

ਗੋਪਾਲ ਗੌਡਸੇ: ਜੋ ਨਥੂਰਾਮ ਦੇ ਅਤੇ ਸਾਡੇ ਮਿਸ਼ਨ ਅਨੁਸਾਰ ਦੇਸ਼ ਲਈ ਕੰਮ ਕਰਦੇ ਹਨ, ਉਹ ਹੀ ਸਾਡੇ ਪਰਵਾਰ ਵਾਲੇ ਅਤੇ ਭਰਾ ਹਨ, ਉਹੀ ਸਾਡੇ ਮਿੱਤਰ ਹਨ। ਵੈਸੇ ਨਿੱਜੀ ਪਰਵਾਰ ਜੇਕਰ ਦੇਖੋ ਤਾਂ ਗੌਡਸੇ ਪਰਵਾਰ ਵਿੱਚ ਦੋ ਭੈਣਾਂ ਤੇ ਚਾਰ ਭਰਾ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਮੰਨਤ ਹੋਰਾ ਹੈ ਜੋ ਪ੍ਰਭਾਕਰ ਮਰਾਠੇ ਪਰਵਾਰ `ਚ ਵਿਆਹੀ ਹੋਈ ਹੈ, ਉਸ ਤੋਂ ਬਾਅਦ ਨਥੂਰਾਮ ਜਿਸ ਦਾ ਜਨਮ 19 ਮਈ 1910 ਈ: ਨੂੰ ਹੋਇਆ, ਉਸ ਤੋਂ ਬਾਅਦ ਦੱਤਾਤ੍ਰੇਅ, ਫਿਰ ਸ਼ਾਂਤਾ ਭੈਣ ਤੋਂ ਬਾਅਦ ਮੇਰਾ (ਗੋਪਾਲ ਗੌਡਸੇ) ਜਨਮ 12 ਜੂਨ 1920 ਨੂੰ ਹੋਇਆ। ਮੇਰੇ ਤੋਂ ਬਾਅਦ ਮੇਰਾ ਛੋਟਾ ਭਰਾ ਗੋਵਿੰਦ ਹੈ। ਮੇਰੇ ਆਪਣੇ ਪਰਿਵਾਰ ਵਿੱਚ ਦੋ ਲੜਕੀਆਂ ਹਨ ਤੇ ਪੁੱਤਰ ਗੋਦ ਲਿਆ ਹੋਇਆ ਹੈ, ਜੋ ਵਿਆਹਿਆ ਹੋਇਆ ਹੈ ਤੇ ਉਸਦੇ ਅੱਗੇ ਬੱਚੇ ਹਨ। ਮੇਰੀ ਇੱਕ ਲੜਕੀ ਆਰਕੀਟੈਕਟ ਹੈ ਤੇ ਦੂਜੀ ਮਹਾਰਾਸ਼ਟਰ ਬੈਂਕ ਦੇ ਕਰਮਚਾਰੀ ਨਾਲ ਵਿਆਹੀ ਹੋਈ ਜੋ ਹੁਣ ਸੇਵਾ-ਮੁਕਤ ਹੋ ਚੁੱਕੇ ਹਨ। ਇਹੀ ਮੇਰਾ ਪਰਵਾਰ ਹੈ।

? ਤੁਸੀਂ ਮੇਰੇ ਲਈ ਜਾਂ ਨਵੀਂ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਗੋਪਾਲ ਗੌਡਸੇ: ਅਸੀਂ ਪੰਜਾਬ ਜਾਂ ਭਾਰਤ ਦੇਸ਼ ਲਈ ਜੋ ਕੰਮ ਕੀਤਾ ਹੈ, ਲੋਕ ਚਾਹੇ ਕੁੱਝ ਵੀ ਕਹਿਣ, ਸਾਨੂੰ ਉਸ ਦੀ ਚਿੰਤਾ ਨਹੀਂ ਹੈ ਕਿਉਂਕਿ ਸਾਡੀ ਦ੍ਰਿਸ਼ਟੀ ਤੋਂ ਉਹ ਕੰਮ ਪੂਰੀ ਤਰ੍ਹਾਂ ਦਰੁਸਤ ਹੈ। ਆਪ ਪੰਜਾਬ ਤੋਂ ਸਾਡੇ ਕੰਮ ਤੋਂ ਪ੍ਰਭਾਵਿਤ ਹੋ ਕੇ ਪੂਨੇ ਆਏ ਹੋ ਤੇ ਜੋ ਸੰਦੇਸ਼ ਇਥੋਂ ਲੈ ਕੇ ਜਾਓਗੇ ਮੇਰੀ ਇਹੀ ਇੱਛਾ ਹੈ ਕਿ ਤੁਸੀਂ ਇਸ ਸੰਦੇਸ਼ ਨੂੰ ਦੂਰ ਦੂਰ ਤਕ ਪਹੁੰਚਾਉਂਦੇ ਜਾਣਾ ਤਾਂ ਕਿ ਲੋਕਾਂ ਨੂੰ ਸਹੀ ਇਤਿਹਾਸਕ ਜਾਣਕਾਰੀ ਮਿਲਦੀ ਰਹੇ, ਇਹੀ ਮੇਰੀ ਅੰਤਿਮ ਕਾਮਨਾ ਹੈ।




.