.

ਧਰਮ ਵਿੱਚ ਸਮੱਸਿਆ-29
ਅਸਲੀ ਧਰਮ ਬਨਾਮ ਨਕਲੀ ਧਰਮ
ਹਰਚਰਨ ਸਿੰਘ (ਐਡੀਟਰ-ਸਿੱਖ ਵਿਰਸਾ)
Tel.: 403-681-8689 Email: [email protected] www.sikhvirsa.com


ਨੋਟ: ਅੱਜ ਦੇ ਪ੍ਰਚਲਤ 10-15 ਵੱਡੇ ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਅਤੇ ਉਨ੍ਹਾਂ ਵਿਚੋਂ ਨਿਕਲੇ 30000 ਤੋਂ ਵੱਧ ਵੱਡੇ-ਛੋਟੇ ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ (ਪੂਜਾ-ਪਾਠ), ਧਾਰਮਿਕ ਚਿੰਨ੍ਹਾਂ ਜਾਂ ਬਾਹਰੀ ਧਾਰਮਿਕ ਦਿਖਾਵਿਆਂ-ਪਹਿਰਾਵਿਆਂ ਨੂੰ ਹੀ ਧਰਮ ਸਮਝਦੀਆਂ ਹਨ ਅਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਧਰਮ ਨੂੰ ਕਦੇ ਕਿਸੇ ਤੋਂ ਖਤਰਾ ਨਹੀਂ ਹੁੰਦਾ, ਧਰਮ ਹਰ ਇੱਕ ਦਾ ਆਪਣਾ ਹੁੰਦਾ ਹੈ ਤੇ ਉਹ ਹਰ ਇੱਕ ਦੇ ਅੰਦਰ ਹੁੰਦਾ ਹੈ। ਖਤਰਾ ਧਾਰਮਿਕ ਫਿਰਕਿਆਂ ਨੂੰ ਇੱਕ ਦੂਜੇ ਤੋਂ ਆਪਸੀ ਤੰਗ ਨਜ਼ਰੀ ਤੇ ਸੌੜੀ ਸੋਚ ਕਾਰਨ ਹੁੰਦਾ ਹੈ। ਹਰ ਧਾਰਮਿਕ ਫਿਰਕਾ ਆਪਣਾ ਫਿਰਕਾ ਵਧਾਉਣ ਦੇ ਚੱਕਰ ਵਿੱਚ ਰਹਿੰਦਾ ਹੈ, ਜਿਸ ਨਾਲ ਛੋਟੇ ਫਿਰਕੇ ਵੱਡੇ ਫਿਰਕਿਆਂ ਤੋਂ ਖਤਰਾ ਮਹਿਸੂਸ ਕਰਦੇ ਹਨ। ਅਸਲੀ ਧਰਮ ਤੁਹਾਡੇ ਅੰਦਰੋਂ ਜਾਗ ਪੈਣ ਦਾ ਨਾਮ ਹੈ। ਆਪਣੇ ਆਪੇ ਦੀ ਪਹਿਚਾਣ ਦਾ ਨਾਮ ਹੈ ਤੇ ਸਭ ਵਿੱਚ ਵਸਦੀ ਰੱਬੀ ਜੋਤ ਨੂੰ ਮਹਿਸੂਸ ਕਰਨ ਦਾ ਨਾਮ ਹੈ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਪਿਛਲੇ ਤਕਰੀਬਨ ਢਾਈ ਕੁ ਸਾਲ ਤੋਂ ਇਸ ਲੇਖ ਲੜੀ ਰਾਹੀਂ ਵੱਖ-ਵੱਖ ਤਰ੍ਹਾਂ ਦੇ ਨਕਲੀ ਧਰਮਾਂ ਬਾਰੇ ਅਸੀਂ ਚਰਚਾ ਕਰਦੇ ਰਹੇ ਹਾਂ ਤੇ ਇਸਦੇ ਨਾਲ ਹੀ ਥੋੜਾ ਅਸਲੀ ਧਰਮ ਬਾਰੇ ਵੀ ਗੱਲਬਾਤ ਕੀਤੀ ਗਈ ਹੈ। ਇਸ ਲੇਖ ਲੜੀ ਦਾ ਮੁੱਖ ਮਕਸਦ ਆਮ ਲੋਕਾਈ ਨੂੰ ਜਾਗਰੂਕ ਕਰਨਾ ਸੀ ਕਿ, ਜਿਸਨੂੰ ਉਹ ਅਸਲੀ ਧਰਮ ਸਮਝਦੇ ਹਨ, ਥੋੜਾ ਜਿਹਾ ਸੋਚ ਲੈਣ ਕਿ ਕੀ ਉਸ ਵਿੱਚ ਕੁੱਝ ਅਸਲੀ ਵੀ ਹੈ ਜਾਂ ਸਿਰਫ ਨਕਲੀ ਧਰਮਾਂ ਦਾ ਭਾਰ ਹੀ ਢੋਹ ਰਹੇ ਹਨ। ਮੇਰੀ ਸਮਝ ਅਨੁਸਾਰ ਤਕਰੀਬਨ ਸਾਰੇ ਜਥੇਬੰਧਕ ਧਰਮਾਂ ਵਿੱਚ ਨਕਲੀ ਧਰਮਾਂ ਦਾ ਹੀ ਬੋਲ-ਬਾਲਾ ਹੈ। ਅਸਲੀ ਧਰਮ ਨੂੰ ਜਾਨਣਾ ਜਾਂ ਪਛਾਨਣਾ ਆਮ ਸ਼ਰਧਾਲੂ ਦੇ ਵੱਸ ਦੀ ਗੱਲ ਨਹੀਂ ਰਹੀ। ਵੈਸੇ ਵੀ ਧਰਮ ਬਾਰੇ ਉਹੀ ਦੱਸ ਸਕਦਾ ਹੈ, ਜਿਸਨੇ ਧਰਮ ਕਮਾਇਆ ਹੋਵੇ, ਧਰਮ ਦੀ ਸਾਧਨਾ ਕੀਤੀ ਹੋਵੇ। ਜਿਸਦਾ ਧਰਮ ਬਾਰੇ ਆਪਣਾ ਕੋਈ ਨਿੱਜੀ ਤਜ਼ਰਬਾ ਜਾਂ ਅਨੁਭਵ ਹੋਵੇ। ਜਿਸ ਲਈ ਧਰਮ ਸਿਰਫ ਧੰਦਾ (ਜਾਂ ਰੁਜ਼ਗਾਰ) ਹੀ ਹੈ, ਉਸ ਕੋਲੋਂ ਅਸਲੀ ਧਰਮ ਦੀ ਆਸ ਨਹੀਂ ਹੋ ਸਕਦੀ। ਪੁਜਾਰੀਆਂ ਨੇ ਸਾਨੂੰ ਪੂਜਾ ਪਾਠ ਕਰਨੀ ਸਿਖਾ ਦਿੱਤੀ ਹੈ ਜਾਂ ਧਰਮ ਗ੍ਰੰਥਾਂ ਦੇ ਅੱਖਰ ਯਾਦ ਕਰਾ ਦਿੱਤੇ ਹਨ ਤੇ ਅਸੀਂ ਸਮਝਦੇ ਹਾਂ ਕਿ ਧਰਮ ਅਸਥਾਨਾਂ ਵਿੱਚ ਜਾ ਕੇ ਪੂਜਾ-ਪਾਠ ਕਰਨਾ, ਕਰਮਕਾਂਡ ਨਿਭਾਉਣੇ, ਬਾਹਰੀ ਚਿੰਨ੍ਹ ਪਾਉਣੇ ਜਾਂ ਧਰਮ ਗ੍ਰੰਥਾਂ ਦਾ ਨੇਮ ਨਾਲ ਪਾਠ ਕਰਨ ਜਾਂ ਉਸਤੇ ਚਰਚਾ ਕਰਨੀ ਹੀ ਧਰਮ ਹੈ। ਜਦਕਿ ਧਰਮ ਦਾ ਇਨ੍ਹਾਂ ਨਾਲ ਸਬੰਧ ਹੀ ਕੋਈ ਨਹੀਂ ਹੈ। ਇਸ ਲਈ ਅਸੀਂ ਨਕਲੀ ਧਰਮਾਂ ਬਾਰੇ ਲੇਖ ਲੜੀ ਰਾਹੀਂ ਨਕਲੀ ਧਰਮਾਂ ਬਾਰੇ ਜਾਣਕਾਰੀ ਦੇ ਕੇ ਅਸਲੀ ਧਰਮ ਬਾਰੇ ਕੁੱਝ ਇਸ਼ਾਰੇ ਕੀਤੇ ਹਨ। ਅਸਲੀ ਧਰਮ ਸਿਰਫ ਅਨੁਭਵ ਜਾਂ ਤਜ਼ਰਬੇ ਵਿਚੋਂ ਹੀ ਪੈਦਾ ਹੋ ਸਕਦਾ ਹੈ, ਇਸਦਾ ਲਿਖਤੀ ਕੋਈ ਪ੍ਰਚਾਰ ਨਹੀਂ ਹੋ ਸਕਦਾ। ਦੂਜੇ ਦੇ ਤਜ਼ਰਬੇ ਦਾ ਸਾਇੰਸ ਵਾਂਗ ਸਭ ਨੂੰ ਲਾਭ ਨਹੀਂ ਹੋ ਸਕਦਾ? ਧਰਮ ਵਿੱਚ ਸਭ ਨੂੰ ਆਪਣਾ ਤਜ਼ਰਬਾ ਜਾਂ ਖੋਜ ਆਪ ਹੀ ਕਰਨੀ ਪੈਂਦੀ ਹੈ। ਧਰਮ ਵਸਤੂਆਂ ਵਾਂਗ ਪੈਸੇ ਦੇ ਕੇ ਖਰੀਦਣ ਵਾਲੀ ਚੀਜ਼ ਨਹੀਂ, ਜਿਸ ਤਰ੍ਹਾਂ ਪੁਜਾਰੀਆਂ ਨੇ ਬਣਾ ਦਿੱਤਾ ਹੈ। ਜਿਹੜੇ ਪਾਠਕ ਸੱਚੇ ਧਰਮ ਨੂੰ ਜਾਨਣਾ ਚਾਹੁੰਦੇ ਹਨ, ਉਹ ਕਿਸੇ ਧਰਮੀ ਦੀ ਭਾਲ ਕਰ ਲੈਣ, ਜਿਸਨੇ ਸੱਚਮੁੱਚ ਹੀ ਅਸਲੀ ਧਰਮ ਨੂੰ ਜਾਣਿਆ, ਮਾਣਿਆ, ਅਨੁਭਵ ਕੀਤਾ ਹੋਵੇ। ਪੁਜਾਰੀ ਤੇ ਧੰਦੇ ਵਾਲੇ ਲੋਕ ਸਾਡਾ ਕੁੱਝ ਸੰਵਾਰ ਨਹੀਂ ਸਕਦੇ।
ਇਸ ਲੇਖ ਲੜੀ ਬਾਰੇ ਦੁਨੀਆਂ ਭਰ ਵਿਚੋਂ ਫੋਨ ਕਾਲ ਆਉਂਦੇ ਰਹੇ, ਬਹੁਤਿਆਂ ਨੇ ਇਸ ਯਤਨ ਨੂੰ ਪਸੰਦ ਕੀਤਾ ਤੇ ਬਹੁਤ ਸਾਰਿਆਂ ਨੇ ਨਕਲੀ ਧਰਮ ਨੂੰ ਜਾਨਣ ਦੀ ਥਾਂ ਲੇਖ ਲੜੀ ਨੂੰ ਹੀ ਧਰਮ ਵਿਰੋਧੀ ਕਿਹਾ। ਲੇਖਕ ਤੇ ਨਾਸਤਿਕ ਹੋਣ ਦੇ ਇਲਜ਼ਾਮ ਵੀ ਲਗਾਏ ਗਏ। ਕਈਆਂ ਨੇ ਸਵਾਲ ਕੀਤਾ ਕਿ ਕੀ ਮੈਂ ਸਿੱਖ ਹਾਂ? ਕੀ ਮੈਂ ਸਿੱਖ ਧਰਮ ਨੂੰ ਮੰਨਦਾ ਹਾਂ? ਕੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ? ਮੈਂ ਇਸ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਕੀ ਹਾਂ, ਹਰ ਇੱਕ ਦਾ ਦੂਜਿਆਂ ਬਾਰੇ ਨਜ਼ਰੀਆ ਵੱਖਰਾ ਹੁੰਦਾ ਹੈ। ਉਨ੍ਹਾਂ ਨੂੰ ਆਪਣਾ ਨਜ਼ਰੀਆ ਰੱਖਣਾ ਦਾ ਪੂਰਾ ਹੱਕ ਹੈ। ਮੈਂ ਕਿਸੇ ਨੂੰ ਆਪਣੇ ਬਾਰੇ ਕਿਸੇ ਭੁਲੇਖੇ ਵਿੱਚ ਨਹੀਂ ਰੱਖਣਾ ਚਾਹੁੰਦਾ। ਇਸ ਲਈ ਮੈਂ ਕਿਸੇ ਨੂੰ ਕੁੱਝ ਵੀ ਸਪੱਸ਼ਟੀਕਰਣ ਨਹੀਂ ਦੇਣਾ ਚਾਹੁੰਦਾ ਕਿ ਮੈਂ ਕੀ ਹਾਂ ਜਾਂ ਕੀ ਨਹੀਂ ਹਾਂ। ਮੈਂ ਬੱਸ ਉਹੀ ਹਾਂ ਜੋ ਤੁਸੀਂ ਸਮਝਦੇ ਹੋਵੋਗੇ। ਤੁਸੀਂ ਦੁਨੀਆਂ ਨੂੰ ਨਹੀਂ ਬਦਲ ਸਕਦੇ, ਪਰ ਜਦੋਂ ਤੁਸੀਂ ਬਦਲ ਜਾਂਦੇ ਹੋ ਤਾਂ ਤੁਹਾਡੇ ਲਈ ਸਾਰੀ ਦੁਨੀਆਂ ਆਪੇ ਬਦਲ ਜਾਂਦੀ ਹੈ। ਜੋ ਤੁਸੀਂ ਅੱਜ ਸਮਝਦੇ ਹੋ, ਜਰੂਰੀ ਨਹੀਂ ਤੁਸੀਂ ਹਮੇਸ਼ਾਂ ਇਸੇ ਤਰ੍ਹਾਂ ਸੋਚਦੇ ਰਹੋਗੇ। ਜਿਸ ਤਰ੍ਹਾਂ ਸਾਡਾ ਮਾਨਸਿਕ ਵਿਕਾਸ ਹੁੰਦਾ ਹੈ, ਉਸੇ ਤਰ੍ਹਾਂ ਅਸੀਂ ਹਮੇਸ਼ਾਂ ਬਦਲਦੇ ਰਹਿੰਦੇ ਹਾਂ। ਕਈਆਂ ਨੂੰ ਭਰਮ ਹੁੰਦਾ ਹੈ ਕਿ ਕਿਤਾਬਾਂ ਜਾਂ ਗ੍ਰੰਥਾਂ ਰਾਹੀਂ ਇਕੱਠਾ ਕੀਤਾ ਗਿਆਨ ਉਨ੍ਹਾਂ ਦਾ ਹੈ? ਅਸਲੀ ਧਰਮ ਇਹ ਮੰਨਦਾ ਹੈ ਕਿ ਕੋਈ ਗ੍ਰੰਥ ਜਾਂ ਕਿਤਾਬ ਤੁਹਾਨੂੰ ਗਿਆਨਵਾਨ ਨਹੀਂ ਬਣਾ ਸਕਦੀ, ਸਿਰਫ ਗਿਆਨੀ ਜਾਂ ਵਿਦਵਾਨ ਹੋਣ ਦਾ ਭਰਮ ਪਾ ਸਕਦੀ ਹੈ। ਬਾਹਰੋਂ ਜੋ ਵੀ ਅਸੀਂ ਇਕੱਠਾ ਕਰਦੇ ਹਾਂ, ਉਹ ਸਿਰਫ ਜਾਣਕਾਰੀ (ਇਨਫਰਮੇਸ਼ਨ) ਹੀ ਹੁੰਦੀ ਹੈ, ਗਿਆਨ ਨਹੀਂ ਹੁੰਦੀ। ਗਿਆਨ ਸਾਡੇ ਸਭ ਦੇ ਅੰਦਰ ਹੈ, ਜਿਸਦਾ ਅਨੁਭਵ ਕਰਨਾ ਹੀ ਧਰਮ ਹੈ। ਅਨੁਭਵ ਵਿਚੋਂ ਹੀ ਅਸਲੀ ਗਿਆਨ ਤੇ ਅਸਲੀ ਧਰਮ ਪੈਦਾ ਹੁੰਦਾ ਹੈ। ਇੱਕ ਬੜੀ ਮਜ਼ੇਦਾਰ ਗੱਲ ਹੈ ਕਿ ਜਿਨ੍ਹਾਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਅਸੀਂ ਗਿਆਨੀ ਜਾਂ ਵਿਦਵਾਨ ਹੋਣ ਦਾ ਦਾਅਵੇ ਕਰਦੇ ਹੁੰਦੇ ਹਾਂ, ਉਨ੍ਹਾਂ ਗ੍ਰੰਥਾਂ ਦੇ ਰਚਣਹਾਰਿਆਂ ਨੇ ਗ੍ਰੰਥ ਨਹੀਂ ਪੜ੍ਹੇ ਹੁੰਦੇ? ਉਨ੍ਹਾਂ ਦਾ ਗਿਆਨ ਅੰਦਰਲੀ ਖੋਜ ਦੇ ਅਨੁਭਵ ਵਿਚੋਂ ਪੈਦਾ ਹੋਇਆ ਹੁੰਦਾ ਹੈ। ਇਸੇ ਲਈ ਸਾਰੇ ਅਸਲੀ ਧਰਮ ਗੁਰੂਆਂ ਦਾ ਗਿਆਨ ਤਕਰੀਬਨ ਇੱਕ ਸਮਾਨ ਹੀ ਹੁੰਦਾ ਹੈ, ਸਿਰਫ ਗੱਲ ਕਹਿਣ ਦਾ ਅੰਦਾਜ਼ ਹੀ ਵੱਖਰਾ ਹੁੰਦਾ ਹੈ। ਪਰ ਇਸਦੇ ਉਲਟ ਪੁਜਾਰੀਆਂ ਤੇ ਵਿਦਵਾਨਾਂ ਦੁਆਰਾ ਬਣਾਈਆਂ ਮਰਿਯਾਦਾਵਾਂ ਤੇ ਪੂਜਾ ਪਾਠ ਬਹੁਤ ਵਾਰ ਆਪਾ ਵਿਰੋਧੀ ਤੇ ਇੱਕ ਦੂਜੇ ਦਾ ਵਿਰੋਧੀ ਹੁੰਦਾ ਹੈ, ਇਸੇ ਲਈ ਨਕਲੀ ਫਿਰਕਿਆਂ ਦਾ ਆਪਸੀ ਵਿਰੋਧ ਵੀ ਹੈ ਤੇ ਬਹੁਤ ਕੁੱਝ ਇੱਕ ਦੂਜੇ ਦੇ ਉਲਟ ਵੀ ਹੈ ਕਿਉਂਕਿ ਉਨ੍ਹਾਂ ਨੇ ਮਰਿਯਾਦਾਵਾਂ ਧੰਦੇ ਨੂੰ ਮੁੱਖ ਰੱਖ ਕੇ ਬਣਾਈਆਂ ਹੁੰਦੀਆਂ ਹਨ।
ਇਸ ਸਾਰੇ ਸਮੇਂ ਦੌਰਾਨ ਦੁਨੀਆਂ ਭਰ ਵਿਚੋਂ ਸਰੋਤਿਆਂ ਨੇ ਵਾਰ-ਵਾਰ ਇਹ ਗੱਲ ਕਹੀ ਕਿ ਇਸਨੂੰ ਕਿਤਾਬ ਦਾ ਰੂਪ ਦਿੱਤਾ ਜਾਵੇ ਤਾਂ ਕਿ ਬੱਝਵੇਂ ਰੂਪ ਵਿੱਚ ਲੋਕ ਇਸਨੂੰ ਸਾਂਭ ਵੀ ਸਕਣ ਅਤੇ ਮਹੀਨੇ ਬਾਅਦ ਇੱਕ ਲੇਖ ਪੜ੍ਹਨ ਨਾਲ ਇੱਕਸਾਰਤਾ ਨਹੀਂ ਬਣਦੀ ਸੀ। ਇਸਨੂੰ ਮੁੱਖ ਰੱਖ ਕੇ ਅਸੀਂ ਸਾਰੇ ਲੇਖਾਂ ਨੂੰ ਸੋਧ ਕੇ ਕਿਤਾਬ ਰੂਪ ਵਿੱਚ ਛਾਪਣ ਦਾ ਫੈਸਲਾ ਕੀਤਾ ਹੈ। ਇਸ ਲੇਖ ਲੜੀ ਦਾ ਇਹ ਆਖਰੀ ਲੇਖ ਹੋਵੇਗਾ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਸ ਸਬੰਧੀ ਆਪਣੇ ਸੁਝਾਅ ਮੇਰੇ ਤੱਕ ਜਲਦੀ ਪਹੁੰਚਾਣ ਦੀ ਕੋਸ਼ਿਸ਼ ਕਰਨ ਤਾਂ ਕਿ ਜੇ ਕੋਈ ਨਕਲੀ ਧਰਮ ਰਹਿ ਗਿਆ ਹੋਵੇ, ਉਸਨੂੰ ਵੀ ਸ਼ਾਮਿਲ ਕੀਤਾ ਜਾ ਸਕੇ। ਅਗਰ ਤੁਸੀਂ ਸਾਰੀ ਲੇਖ ਲੜੀ ਨੂੰ ਪੜ੍ਹ ਕੇ ਇਸ ਬਾਰੇ ਸੰਖੇਪ ਵਿੱਚ ਕੁੱਝ ਲਿਖਣਾ ਚਾਹੁੰਦੇ ਹੋ ਤਾਂ ਭੇਜ ਸਕਦੇ ਤਾਂ ਕਿ ਤੁਹਾਡੇ ਵਿਚਾਰ ਵੀ ਕਿਤਾਬ ਵਿੱਚ ਸ਼ਾਮਿਲ ਕੀਤੇ ਜਾ ਸਕਣ। ਅਗਰ ਤੁਹਾਡੇ ਕੋਲ ਪੂਰੀ ਲੇਖ ਲੜੀ ਨਹੀਂ ਹੈ ਤਾਂ ‘ਸਿੱਖ ਵਿਰਸਾ’ ਵੈਬਸਾਈਟ ਤੋਂ ਵੀ ਲੈ ਸਕਦੇ ਹੋ।
ਨਕਲੀ ਧਰਮਾਂ ਬਾਰੇ ਇਸ ਲੇਖ ਲੜੀ ਦੇ ਆਖਰੀ ਲੇਖ ਵਿੱਚ ਅਸੀਂ ਪਿਛਲੀ ਚਰਚਾ ਦੇ ਅਧਾਰ ਤੇ ਸੰਖੇਪ ਵਿੱਚ ਵਿਚਾਰ ਕਰਾਂਗੇ। ਇਸ ਸਾਰੀ ਚਰਚਾ ਦੌਰਾਨ ਵੱਖ-ਵੱਖ ਧਾਰਮਿਕ ਫਿਰਕਿਆਂ ਤੇ ਧਰਮਾਂ ਬਾਰੇ ਜਾਨਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸਾਰੇ ਜਥੇਬੰਧਕ ਧਾਰਮਿਕ ਫਿਰਕਿਆਂ ਵਿੱਚ ਨਕਲੀਪਨ ਪੂਰੀ ਤਰ੍ਹਾਂ ਭਾਰੂ ਹੈ। ਬੇਸ਼ਕ ਇਨ੍ਹਾਂ ਵਿੱਚ ਅਸਲੀ ਧਰਮਾਂ ਦੀ ਗੱਲ ਵੀ ਹੁੰਦੀ ਹੈ, ਪਰ ਨਕਲੀਪਨ ਭਾਰੂ ਹੋਣ ਕਾਰਨ ਅਸਲੀ ਧਰਮ ਵਿਚੇ ਦੱਬ ਕੇ ਰਹਿ ਜਾਂਦਾ ਹੈ। ਇੱਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਕਦੇ ਕਿਸੇ ਧਾਰਮਿਕ ਗੁਰੂ, ਪੈਗੰਬਰ, ਮਹਾਂਪੁਰਸ਼ ਆਦਿ ਨੇ ਕੋਈ ਧਰਮ ਸ਼ੁਰੂ ਨਹੀਂ ਕੀਤਾ। ਸਾਰੇ ਜਥਬੰਧਕ ਧਾਰਮਿਕ ਫਿਰਕੇ ਬਾਅਦ ਵਿੱਚ ਉਨ੍ਹਾਂ ਦੇ ਸ਼ਰਧਾਲੂਆਂ, ਪੁਜਾਰੀਆਂ, ਰਾਜਨੀਤਕਾਂ ਤੇ ਸਰਮਾਏਦਾਰਾਂ ਨੇ ਰਲ਼ ਕੇ ਆਪਣੇ ਆਪਣੇ ਏਜੰਡੇ ਨੂੰ ਮੁੱਖ ਰੱਖ ਕੇ ਬਣਾਏ ਹੋਏ ਹਨ। ਇਨ੍ਹਾਂ ਵਿਚੋਂ ਕਿਸੇ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੈ। ਜਿਥੇ ਇਸ ਤਿਕੜੀ ਲਈ ਧਰਮ ਧੰਦਾ ਹੈ ਤੇ ਸ਼ਰਧਾਲੂਆਂ ਦੀ ਤਾਕਤ ਆਪਣੇ ਮੰਤਵਾਂ ਲਈ ਵਰਤਣ ਦਾ ਜ਼ਰੀਆ ਹੈ, ਉਥੇ ਸ਼ਰਧਾਲੂਆਂ ਲਈ ਵੀ ਧਰਮ ਸਮਾਂ ਗੁਜ਼ਾਰਨ, ਸਮਾਜਿਕ ਰੀਤਾਂ-ਰਸਮਾਂ ਨਿਭਾਉਣ ਤੇ ਧਾਰਮਿਕ ਇੰਟਰਟੇਨਮੈਂਟ ਦਾ ਸਾਧਨ ਹੈ। ਮੇਰਾ ਇਹ ਪੱਕਾ ਯਕੀਨ ਹੈ ਕਿ ਕਿਸੇ ਵੀ ਧਾਰਮਿਕ ਅਸਥਾਨ ਤੇ ਅਗਰ ਅਜਿਹਾ ਸਰਵੇ ਕਰਨ ਦੀ ਪੁਜਾਰੀ ਜਾਂ ਪ੍ਰਬੰਧਕ ਇਜ਼ਾਜਤ ਦੇਣ, ਜਿਸ ਵਿੱਚ ਸ਼ਰਧਾਲੂਆਂ ਤੋਂ ਸਿਰਫ ਇਕੋ ਸਵਾਲ ਪੁਛਿਆ ਜਾਵੇ ਕਿ ਤੁਸੀਂ ਇਥੇ ਕੀ ਕਰਨ ਆਉਂਦੇ ਹੋ ਤੇ ਕੀ ਤੁਹਾਨੂੰ ਉਹ ਕੁੱਝ ਹਾਸਿਲ ਹੋ ਗਿਆ, ਜੋ ਲੈਣ ਆਉਂਦੇ ਹੋ? ਸ਼ਾਇਦ 1% ਲੋਕ ਵੀ ਅਜਿਹੇ ਨਾ ਨਿਕਲਣ, ਜਿਨ੍ਹਾਂ ਨੂੰ ਅਸਲੀ ਧਰਮ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਜਿਨ੍ਹਾਂ ਦਾ ਮਕਸਦ ਧਰਮ ਅਸਥਾਨ ਵਿੱਚ ਜਾ ਕੇ ਧਰਮ ਕਮਾਉਣਾ ਹੋਵੇ ਜਾਂ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ ਧਰਮ ਅਸਥਾਨਾਂ ਵਿੱਚ ਕੀ ਕਰਨ ਜਾਂਦੇ ਹਨ ਤੇ ਜ਼ਿੰਦਗੀ ਦੇ ਬਹੁਤ ਸਾਲ ਧਰਮ-ਕਰਮ ਕਰਨ ਤੋਂ ਬਾਅਦ ਕੀ ਉਨ੍ਹਾਂ ਨੂੰ ਕੁੱਝ ਮਿਲਿਆ ਵੀ ਹੈ? ਸਾਰੀ ਉਮਰ ਆਸਤਿਕ (ਧਰਮੀ) ਬਣੇ ਰਹਿਣ ਤੋਂ ਬਾਅਦ ਵੀ ਸਾਡੇ ਮਨ ਵਿੱਚ ਕਦੇ ਸਵਾਲ ਪੈਦਾ ਨਹੀਂ ਹੁੰਦਾ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ? ਕੀ ਸਾਰੀ ਉਮਰ ਧਰਮ (ਅਖੌਤੀ) ਨਿਭਾਉਣ ਤੋਂ ਬਾਅਦ ਵੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਆਈ ਹੈ? ਜਿਨ੍ਹਾਂ ਵਿਕਾਰਾਂ (ਕਾਮ, ਕਾਮਨਾਵਾਂ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫਰਤ ਆਦਿ) ਦੀ ਗੱਲ ਧਰਮ ਵਿੱਚ ਅਕਸਰ ਕੀਤੀ ਜਾਂਦੀ ਹੈ, ਕੀ ਉਨ੍ਹਾਂ ਵਿਕਾਰਾਂ ਤੋਂ ਮਨ ਮੁਕਤ ਹੋਇਆ ਹੈ। ਜਿਸ ਸ਼ਾਂਤੀ ਦੀ ਭਾਲ ਵਿੱਚ ਅਕਸਰ ਲੋਕ ਧਰਮ ਅਸਥਾਨਾਂ ਵਿੱਚ ਜਾਂਦੇ ਹਨ, ਕੀ ਉਹ ਸ਼ਾਂਤੀ ਉਨ੍ਹਾਂ ਨੂੰ ਮਿਲੀ ਹੈ? ਇਹ ਜ਼ਿੰਦਗੀ ਬੜੀ ਖੂਬਸੂਰਤ ਤੇ ਅਨਮੋਲ ਹੈ, ਕੀ ਇਸ ਵਡਮੁੱਲੇ ਸਮੇਂ ਦਾ ਬਹੁਤ ਹਿੱਸਾ ਧਰਮ-ਕਰਮ ਵਿੱਚ ਲੰਘਾ ਕੇ ਸਾਡੇ ਮਨ ਅੰਦਰ ਕਦੇ ਸਵਾਲ ਪੈਦਾ ਹੋਇਆ ਹੈ ਕਿ ਅਸੀਂ ਕੀ ਕਰਦੇ ਹਾਂ? ਸਾਨੂੰ ਕੀ ਪ੍ਰਾਪਤੀ ਹੋਈ ਹੈ? ਬਹੁਤ ਸਾਰੇ ਲੋਕ ਧਾਰਮਿਕ ਫਿਰਕਿਆਂ ਦੇ ਚਿੰਨ੍ਹ ਪਾ ਕੇ ਕਹਿਣਗੇ ਕਿ ਉਨ੍ਹਾਂ ਨੇ ਕਈ ਬੁਰਾਈਆਂ ਛੱਡ ਦਿੱਤੀਆਂ, ਜਦਕਿ ਉਹ ਬੁਰਾਈਆਂ ਛਡੀਆਂ ਨਹੀਂ, ਹਠ ਨਾਲ ਅੰਦਰ ਦਬਾਈਆਂ ਹੁੰਦੀਆਂ ਹਨ? ਜਿਹੜੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਵਿਸ਼ੇ ਵਿਕਾਰ ਪੂਜਾ ਪਾਠ ਨਾਲ ਛੱਡ ਦਿੱਤੇ, ਉਹ ਭੁਲੇਖੇ ਵਿੱਚ ਹਨ, ਇਹ ਛੱਡੇ ਨਹੀਂ ਜਾ ਸਕਦੇ, ਅਸੀਂ ਹਠ ਵਿੱਚ ਇੱਕ ਭਰਮ ਪਾਲ਼ ਲੈਂਦੇ ਹਾਂ। ਅਸਲ ਵਿੱਚ ਸਾਰੇ ਵਿਸ਼ੇ ਵਿਕਾਰ ਸਾਡੀ ਧਰਮ ਦੀ ਅਸਲ ਸਾਧਨਾ ਜਾਂ ਅੰਤਰ ਯਾਤਰਾ ਰਾਹੀਂ ਸਹਿਜ ਵਿੱਚ ਆਪੇ ਛੁੱਟ ਜਾਂਦੇ ਹਨ। ਪਰ ਅਸੀਂ ਪੁਜਾਰੀਆਂ ਮਗਰ ਲੱਗ ਕੇ ਰੀਤਾਂ-ਰਸਮਾਂ, ਮਰਿਯਾਦਾਵਾਂ, ਕਰਮਕਾਂਡਾਂ, ਪੂਜਾ-ਪਾਠਾਂ ਨੂੰ ਨਿਭਾਉਣਾ ਹੀ ਧਰਮ ਸਮਝ ਲਿਆ ਹੈ। ਪਿਛਲੇ ਦੋ ਢਾਈ ਸਾਲਾਂ ਦੀ ਇਸ ਲਿਖਤ ਦੌਰਾਨ ਇਹ ਜਾਣ ਕੇ ਬੜਾ ਹੈਰਾਨ ਹੋਇਆ ਹਾਂ ਕਿ ਸਾਰੀ ਸਾਰੀ ਉਮਰ ਧਰਮ ਅਸਥਾਨਾਂ ਜਾਂ ਘਰਾਂ ਵਿੱਚ ਨੇਮ ਨਾਲ ਧਰਮ ਨਿਭਾਉਣ ਵਾਲੇ ਲੋਕਾਂ ਨੂੰ ਵੀ ਧਰਮ ਦੀ ਪ੍ਰੀਭਾਸ਼ਾ ਤੱਕ ਪਤਾ ਨਹੀਂ। ਉਹ ਵੀ ਪ੍ਰਚਲਤ ਪੂਜਾ-ਪਾਠ ਤੇ ਮਰਿਯਾਦਾ ਨਿਭਾਉਣ ਨੂੰ ਹੀ ਧਰਮ ਸਮਝਦੇ ਹਨ। ਇਥੋਂ ਤੱਕ ਕਿ ਸਾਰੀ ਉਮਰ ਧਰਮ ਨਿਭਾਉਣ (ਨਕਲੀ ਧਰਮ) ਤੋਂ ਬਾਅਦ ਵੀ 70-80 ਸਾਲ ਦੇ ਬਜ਼ੁਰਗਾਂ ਤੱਕ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਜੀਵਨ ਦਾ ਮਕਸਦ ਕੀ ਹੈ? ਕੀ ਅਸੀਂ ਇੱਕ ਦਿਨ ਜੰਮ ਪਏ ਤੇ ਕੁੱਝ ਸਮਾਂ ਜਿਸ ਤਰ੍ਹਾਂ ਔਖੇ-ਸੌਖੇ ਗੁਜ਼ਾਰਿਆ, ਗੁਜ਼ਾਰ ਕੇ ਇੱਕ ਦਿਨ ਮਰ ਗਏ, ਕੀ ਸਾਡਾ ਹੋਣਾ ਸਿਰਫ ਇਤਨਾ ਕੁ ਹੀ ਸੀ? ਕੀ ਸਾਡੇ ਜੀਵਨ ਦਾ ਮਕਸਦ ਸਿਰਫ ਜੀਵਾਂ, ਜੰਤੂਆਂ, ਪਸ਼ੂਆਂ ਵਾਂਗ ਜੀਵਨ ਗੁਜ਼ਾਰਨਾ ਤੇ ਅਗਲੀ ਨਸਲ ਪੈਦਾ ਕਰਨਾ ਹੀ ਸੀ? ਸਾਇੰਸਵਾਦੀਆਂ ਦਾ ਵਿਚਾਰ ਹੈ ਕਿ ਜਨਮ ਤੇ ਮਰਨ ਵਿਚਲਾ ਸਮਾਂ (ਜੀਵਨ) ਹੀ ਸਾਡੀ ਹੋਣੀ ਹੈ, ਨਾ ਹੀ ਅਸੀਂ ਕਿਤੋਂ ਆਏ ਸੀ ਤੇ ਨਾ ਹੀ ਕਿਤੇ ਜਾਣਾ ਹੈ? ਇਥੇ ਪੈਦਾ ਹੋ ਕੇ ਇਥੇ ਹੀ ਰੀਸਾਈਕਲ ਹੋ ਜਾਂਦੇ ਹਾਂ। ਜੇ ਇਹੀ ਸੱਚ ਹੈ ਤਾਂ ਫਿਰ ਕੀ ਅਸੀਂ ਸਾਰੀ ਉਮਰ ਧਰਮ-ਕਰਮ ਦੀ ਝੱਖ ਨਹੀਂ ਮਾਰਦੇ? ਦੂਜੇ ਪਾਸੇ ਧਰਮਵਾਦੀਆਂ ਦਾ ਇਹ ਮੰਨਣਾ ਹੈ ਕਿ ਜਨਮ ਤੇ ਮਰਨ ਵਿਚਲਾ ਸਮਾਂ (ਜੀਵਨ) ਇਸ ਧਰਤੀ ਤੇ ਇੱਕ ਪੜਾਅ ਹੈ, ਅਸੀਂ ਕਿਤਿਉਂ ਆਏ ਸੀ, ਜਿਥੇ ਇੱਕ ਦਿਨ ਵਾਪਿਸ ਚਲੇ ਜਾਣਾ ਹੈ, ਇਥੇ ਕਿਸੇ ਮਕਸਦ ਨੂੰ ਲੈ ਕੇ ਆਏ ਸੀ? ਜੇ ਉਨ੍ਹਾਂ ਨੂੰ ਅਜਿਹੀ ਸੋਝੀ ਹੈ ਤਾਂ ਫਿਰ ਕੀ ਉਨ੍ਹਾਂ ਨੇ ਉਹ ਮਕਸਦ ਜਾਣ ਲਿਆ ਹੈ, ਜਿਸ ਲਈ ਉਹ ਆਏ ਸਨ? ਜੇ ਜਾਣ ਲਿਆ ਹੈ ਤਾਂ ਕੀ ਪੁਜਾਰੀਆਂ ਦੀ ਦੱਸੀ ਮਰਿਯਾਦਾ ਨਿਭਾਉਣਾ, ਧਰਮ ਦੇ ਚਿੰਨ੍ਹ ਪਾ ਲੈਣੇ, ਪੂਜਾ ਪਾਠ ਕਰ ਲੈਣਾ ਆਦਿ ਹੀ ਧਰਮ ਹੈ ਜਾਂ ਜੀਵਨ ਦਾ ਮਨੋਰਥ? ਇਹ ਸਾਰੇ ਸਵਾਲ ਹਨ, ਜੋ ਸਾਡੇ ਦਿਮਾਗ ਵਿੱਚ ਪੈਦਾ ਹੋਣੇ ਚਾਹੀਦੇ ਹਨ ਕਿ ਜੋ ਕੁੱਝ ਅਸੀਂ ਧਰਮ ਦੇ ਨਾਮ ਤੇ ਕਰ ਰਹੇ ਹਾਂ, ਉਸ ਨਾਲ ਸਾਨੂੰ ਕੁੱਝ ਲਾਭ ਹੋਇਆ ਹੈ? ਜਿਸ ਜੀਵਨ ਮਨੋਰਥ ਲਈ ਅਸੀਂ ਦੁਨੀਆਂ ਵਿੱਚ ਆਏ ਸੀ, ਕੀ ਉਸ ਨੂੰ ਪੂਰਾ ਕਰਨ ਲਈ ਕੋਈ ਕਦਮ ਪੁਟਿਆ ਹੈ?
ਹੁਣ ਤੱਕ ਅਸਲੀ ਤੇ ਨਕਲੀ ਧਰਮਾਂ ਬਾਰੇ ਜੋ ਕੁੱਝ ਇਸ ਲੇਖ ਲੜੀ ਵਿੱਚ ਚਰਚਾ ਹੋਈ ਹੈ, ਉਸ ਬਾਰੇ ਸੰਖੇਪ ਵਿੱਚ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਨੂੰ ਨਕਲੀ ਧਰਮਾਂ ਵਿਚੋਂ ਨਿਕਲਣ ਤੇ ਅਸਲੀ ਧਰਮ ਨਾਲ ਜੁੜਨ ਵਿੱਚ ਮੱਦਦ ਮਿਲ ਸਕੇ।
1. ਨਕਲੀ ਧਰਮਾਂ ਦੀ ਬੁਨਿਆਦ ਡਰ ਤੇ ਲਾਲਚ ਤੇ ਖੜੀ ਹੈ। ਨਕਲੀ ਧਰਮਾਂ ਦਾ ਸਾਰਾ ਧੰਦਾ ਡਰ ਤੇ ਲਾਲਚ ਦੇ ਅਧਾਰ ਤੇ ਹੀ ਚਲਦਾ ਹੈ। ਇਸ ਲਈ ਡਰੂ ਤੇ ਲਾਲਚੀ ਮਨੁੱਖ ਕਦੇ ਵੀ ਧਰਮੀ ਨਹੀਂ ਹੋ ਸਕਦਾ। ਅਸਲੀ ਧਰਮੀ ਬਣਨ ਲਈ ਸਾਨੂੰ ਆਪਣੀ ਇਹ ਮਾਨਸਿਕਤਾ ਬਦਲਣੀ ਪਵੇਗੀ।
2. ਅਗਿਆਨਤਾ, ਅੰਧ-ਵਿਸ਼ਵਾਸ਼, ਸ਼ਰਧਾ ਆਦਿ ਨਕਲੀ ਧਰਮਾਂ ਦੇ ਪਿੱਲਰ ਹਨ, ਜਿਨ੍ਹਾਂ ਆਸਰੇ ਨਕਲੀ ਧਰਮ ਮਹੱਲ ਖੜੇ ਹਨ ਤੇ ਪਿਛਲੇ 4-5 ਹਜ਼ਾਰ ਸਾਲ ਤੋਂ ਚੱਲ ਰਹੇ ਹਨ। ਨਕਲੀ ਧਰਮ ਪੁਜਾਰੀਆਂ, ਪੇਸ਼ਾਵਰ ਪ੍ਰਚਾਰਕਾਂ ਤੇ ਨਕਲੀ ਵਿਦਵਾਨਾਂ ਦਾ ਧੰਦਾ ਸ਼ਰਧਾਲੂਆਂ ਦੀ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਸ਼ਰਧਾ ਆਸਰੇ ਚਲਦਾ ਹੈ। ਇਸ ਲਈ ਅਗਿਆਨੀ, ਅੰਧ-ਵਿਸ਼ਵਾਸ਼ੀ ਤੇ ਸ਼ਰਧਾਲੂ ਕਦੇ ਧਰਮੀ ਨਹੀਂ ਹੋ ਸਕਦੇ।
3. ਮਰਿਯਾਦਾ, ਕਰਮਕਾਂਡ, ਧਰਮ ਚਿੰਨ੍ਹ ਤੇ ਧਾਰਮਿਕ ਪਹਿਰਾਵਾ ਆਦਿ ਪੁਜਾਰੀਆਂ ਵਲੋਂ ਅੰਧ-ਵਿਸ਼ਵਾਸ਼ੀ ਸ਼ਰਧਾਲੂਆਂ ਨੂੰ ਆਪਣੇ ਜ਼ਾਲ ਵਿੱਚ ਫਸਾਉਣ ਦੇ ਲੁਭਾਵਣੇ ਸੰਦ ਹਨ। ਇਹ ਅਜਿਹੀਆਂ ਜੰਜੀਰਾਂ ਹਨ, ਜਿਨ੍ਹਾਂ ਵਿੱਚ ਫਸਿਆ ਮਨੁੱਖ ਸਾਰੀ ਉਮਰ ਇਨ੍ਹਾਂ ਦੀ ਚਾਕਰੀ ਕਰਦਾ ਹੈ, ਪਰ ਉਸਦੇ ਪੱਲੇ ਸਿਵਾਏ ਝੂਠੇ ਲਾਰਿਆਂ ਦੇ ਕੁੱਝ ਨਹੀਂ ਪੈਂਦਾ।
4. ਕਰਾਮਾਤ ਇੱਕ ਹੋਰ ਨਕਲੀ ਧਰਮਾਂ ਦਾ ਹਥਿਆਰ ਹੈ, ਜਿਸਦਾ ਲਾਲਚ ਤੇ ਡਰਾਵਾ ਦੇ ਕੇ ਪੁਜਾਰੀ ਮਨੁੱਖ ਨੂੰ ਸਾਰੀ ਉਮਰ ਲੁੱਟਦੇ ਹਨ। ਜਦਕਿ ਉਨ੍ਹਾਂ ਦੀ ਕਰਾਮਾਤ ਕਦੇ ਵੀ ਕਿਸੇ ਦੇ ਨਾ ਹੱਕ ਵਿੱਚ ਤੇ ਨਾ ਹੀ ਵਿਰੋਧ ਵਿੱਚ ਵਾਪਰਦੀ ਹੈ। ਪਰ ਸ਼ਾਰਧਾਲੂ ਦੇ ਮਨ ਵਿੱਚ ਕਰਾਮਾਤ ਦਾ ਡਰ ਜਾਂ ਕੁੱਝ ਵਾਪਰਨ ਦੀ ਆਸ ਹਮੇਸ਼ਾਂ ਬਣੀ ਰਹਿੰਦੀ ਹੈ। ਜਦਕਿ ਇਹ ਗੱਲ ਸਭ ਨੂੰ ਪਤਾ ਵੀ ਹੈ ਤੇ ਨਕਲੀ ਧਰਮ ਵੀ ਆਪਣੇ ਪ੍ਰਚਾਰ ਵਿੱਚ ਦੱਸਦੇ ਹਨ ਕਿ ਸਭ ਕੁੱਝ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਰੱਬ ਦੇ ਹੁਕਮ ਵਿੱਚ ਚਲਦਾ ਹੈ।
5. ਵਰ-ਸਰਾਪ ਇੱਕ ਹੋਰ ਮਾਰੂ ਹਥਿਆਰ ਇਨ੍ਹਾਂ ਨਕਲੀ ਪੁਜਾਰੀਆਂ ਤੇ ਸਾਧਾਂ-ਸੰਤਾਂ ਕੋਲ ਹੁੰਦਾ ਹੈ। ਜਿਸ ਨਾਲ ਕਰਾਮਾਤ ਵਾਂਗ ਹੀ ਸ਼ਰਧਾਲੂ ਡਰ ਤੇ ਲਾਲਚ ਦੀ ਬਿਰਤੀ ਅਧੀਨ ਲੁਟਿਆ ਜਾਂਦਾ ਹੈ। ਬੇਸ਼ਕ ਸ਼ਰਧਾਲੂ ਦੇ ਸਾਹਮਣੇ ਸਭ ਕੁੱਝ ਸਪੱਸ਼ਟ ਹੁੰਦਾ ਹੈ ਕਿ ਕਿਸੇ ਨੂੰ ਅਸ਼ੀਰਵਾਦ ਨਾਲ ਕੁੱਝ ਮਿਲਦਾ ਨਹੀਂ ਤੇ ਨਾ ਹੀ ਕਿਸੇ ਦਾ ਸਰਾਪ ਨਾਲ ਨੁਕਸਾਨ ਹੁੰਦਾ ਹੈ। ਪਰ ਫਿਰ ਵੀ ਉਸਨੂੰ ਜਿਥੇ ਵਰ ਦੇ ਲਾਲਚ ਦੀ ਆਸ ਬਣੀ ਰਹਿੰਦੀ ਹੈ, ਉਥੇ ਸਰਾਪ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ। ਪੁਜਾਰੀਆਂ ਨੇ ਸਾਡੀ ਬਚਪਨ ਤੋਂ ਕੰਡੀਸ਼ਨਿੰਗ ਹੀ ਅਜਿਹੀ ਕੀਤੀ ਹੁੰਦੀ ਹੈ।
6. ਪਾਪ-ਪੁੰਨ ਇੱਕ ਹੋਰ ਅਜਿਹੀ ਧਾਰਨਾ ਹੈ ਕਿ ਮਨੁੱਖ ਸਾਰੀ ਉਮਰ ਪਾਪ-ਪੁੰਨ ਦੇ ਚੱਕਰ ਵਿੱਚ ਫਸਿਆ ਹੀ ਦੁੱਖ ਭੋਗਦਾ ਰਹਿੰਦਾ ਹੈ। ਉਸਦਾ ਮਨ ਕੁੱਝ ਹੋਰ ਕਰਨ ਨੂੰ ਕਹਿੰਦਾ ਹੈ, ਪਰ ਉਹ ਪਾਪ ਜਾਂ ਸਮਾਜ ਦੇ ਪ੍ਰਭਾਵ ਅਧੀਨ ਆਪਣੇ ਮਨ ਦੀ ਨਾ ਕਰਕੇ ਅੰਦਰੋਂ ਅੰਦਰ ਸੰਤਾਪ ਭੋਗਦਾ ਹੈ। ਇਸੇ ਤਰ੍ਹਾਂ ਇਹ ਜਾਣਦੇ ਹੋਏ ਵੀ ਕਿ ਜੋ ਕੁੱਝ ਵੀ ਉਹ ਧਰਮ ਦੇ ਨਾਮ ਤੇ ਪੁੰਨ ਸਮਝ ਕੇ ਕਰਦਾ ਹੈ, ਉਸਦਾ ਕੋਈ ਲਾਭ ਨਹੀਂ, ਪਰ ਕਿਸੇ ਝੂਠੀ ਆਸ ਵਿੱਚ ਫਾਹੀ ਆਪਣੇ ਗਲ਼ ਪਾਈ ਰੱਖਦਾ ਹੈ। ਜਦਕਿ ਇਸ ਸੰਸਾਰ ਵਿੱਚ ਕੁੱਝ ਵੀ ਪੁੰਨ ਨਹੀਂ ਤੇ ਕੁੱਝ ਵੀ ਪਾਪ ਨਹੀਂ? ਇੱਕ ਸਮਾਜ ਵਿੱਚ ਜੋ ਪੁੰਨ ਹੈ, ਦੂਜੇ ਵਿੱਚ ਪਾਪ ਹੋ ਸਕਦਾ ਹੈ ਜਾਂ ਇਸ ਤੋਂ ਉਲਟ ਇੱਕ ਸਮਾਜ ਦਾ ਪਾਪ ਦੂਜੇ ਵਿੱਚ ਪੁੰਨ ਹੋ ਸਕਦਾ ਹੈ।
7. ਨਕਲੀ ਧਰਮਾਂ ਨੇ ਰੱਬ ਨੂੰ ਪਾਉਣ ਦੇ ਨਾਮ ਤੇ ਅਨੇਕਾਂ ਤਰ੍ਹਾਂ ਦਾ ਜਪ-ਤਪ-ਹਠ ਕਰਮਾਂ ਅਧਾਰਿਤ ਜ਼ਾਲ ਬੁਣਿਆ ਹੋਇਆ ਹੈ। ਬੜੇ ਲੋਕ ਸਾਲਾਂ ਬੱਧੀ ਕਠਿਨ ਤੋਂ ਕਠਿਨ ਤਪੱਸਿਆਵਾਂ, ਜਪ-ਤਪ ਆਦਿ ਕਰਦੇ ਹਨ। ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਦਿੰਦੇ ਹਨ। ਸੋਚਦੇ ਹਨ ਕਿ ਸਰੀਰ ਨੂੰ ਕਸ਼ਟ ਦਿੱਤਿਆਂ ਸ਼ਾਇਦ ਰੱਬ ਜ਼ਿਆਦਾ ਮਿਲਦਾ ਹੈ ਜਾਂ ਮਨੁੱਖ ਵੱਧ ਧਰਮੀ ਬਣਦਾ ਹੈ। ਜਦਕਿ ਸਰੀਰਕ ਕਸ਼ਟਾਂ ਦਾ ਧਰਮ ਨਾਲ ਕੋਈ ਸਬੰਧ ਹੀ ਨਹੀਂ। ਤਕਰੀਬਨ ਸਾਰੇ ਸੱਚੇ ਧਰਮ ਗੁਰੂਆਂ ਨੇ ਧਰਮ ਦੇ ਨਾਮ ਤੇ ਕੀਤੇ ਜਾਂਦੇ ਅਜਿਹੇ ਊਟ ਪਟਾਂਗ ਕੰਮਾਂ ਨੂੰ ਨਖਿਧ ਕਰਮ ਕਿਹਾ ਹੈ।
8. ਇਸੇ ਤਰ੍ਹਾਂ ਪੁਜਾਰੀਆਂ ਤੇ ਨਕਲੀ ਧਰਮ ਗੁਰੂਆਂ ਨੇ ਜੰਤਰ-ਮੰਤਰ-ਤੰਤਰ ਦਾ ਬੜਾ ਵੱਡਾ ਭੰਬਲਭੂਸਾ ਪਾਇਆ ਹੋਇਆ ਹੈ। ਜਦਕਿ ਆਪ ਤੇ ਉਹ ਸ਼ਰਧਾਲੂਆਂ ਅੱਗੇ ਹੱਥ ਅੱਡੀ ਖੜੇ ਹੁੰਦੇ ਹਨ ਤੇ 10-20 ਡਾਲਰ ਦੇ ਲਾਲਚ ਵਿੱਚ ਝੂਠੀਆਂ ਅਰਦਾਸਾਂ ਕਰਦੇ ਹਨ, ਪਰ ਸ਼ਰਧਾਲੂਆਂ ਨੂੰ ਜੰਤਰ-ਮੰਤਰ-ਤੰਤਰ ਰਾਹੀਂ ਅਨੇਕਾਂ ਤਰ੍ਹਾਂ ਦੇ ਲਾਭ ਤੇ ਵਿਰੋਧੀਆਂ ਦਾ ਨੁਕਸਾਨ ਕਰਨ ਦੇ ਦਾਅਵੇ ਕਰਦੇ ਹਨ। ਜਦਕਿ ਅਸਲੀ ਧਰਮ ਅਨੁਸਾਰ ਇਸ ਸ੍ਰਿਸ਼ਟੀ ਵਿੱਚ ਸਭ ਕੁੱਝ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ। ਜਿਥੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ।
9. ਪੁਜਾਰੀ ਹਮੇਸ਼ਾਂ ਅਜਿਹੇ ਸ਼ੈਤਾਨੀ ਦਿਮਾਗ ਦੇ ਮਾਲਕ ਹੁੰਦੇ ਹਨ ਕਿ ਸ਼ਰਧਾਲੂਆਂ ਨੂੰ ਲੁੱਟਣ ਦੀਆਂ ਉਨ੍ਹਾਂ ਕੋਲ ਅਨੇਕਾਂ ਤਰਕੀਬਾਂ ਹਨ। ਧਰਮ ਕੋਈ ਵੀ ਹੋਵੇ ਤੇ ਪੁਜਾਰੀ ਨੇ ਪਹਿਰਾਵਾ ਕੋਈ ਵੀ ਪਾਇਆ ਹੋਵੇ, ਇਨ੍ਹਾਂ ਸਭ ਦੀ ਮਾਨਸਿਕਤਾ ਇੱਕ ਹੀ ਹੁੰਦੀ ਹੈ ਕਿ ਕਿਵੇਂ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟਣਾ ਹੈ। ਇਸ ਲਈ ਪੂਜਾ ਪਾਠ ਇਨ੍ਹਾਂ ਦਾ ਇੱਕ ਹੋਰ ਹਥਿਆਰ ਹੈ। ਮਨੁੱਖ ਨੂੰ ਇਤਨਾ ਬੁੱਧੂ ਬਣਾਇਆ ਹੋਇਆ ਹੈ ਕਿ ਲੋਕ ਅਗਿਆਨਤਾ ਵਿੱਚ ਇਨ੍ਹਾਂ ਮਗਰ ਲੱਗ ਕੇ ਪੱਥਰਾਂ, ਜਾਨਵਰਾਂ, ਪਸ਼ੂਆਂ-ਪੰਛੀਆਂ, ਦਰਖਤਾਂ ਆਦਿ ਦੀ ਪੂਜਾ ਬੜੀ ਸ਼ਰਧਾ ਨਾਲ ਕਰਦੇ ਹਨ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਯੂਨੀਵਰਸਿਟੀਆਂ ਵਿਚੋਂ ਡਿਗਰੀਆਂ ਪ੍ਰਾਪਤ, ਉੱਚ ਅਹੁਦਿਆਂ ਤੇ ਬੈਠੇ ਲੋਕ ਵੀ ਅਜਿਹੀਆਂ ਮੂਰਖਤਾ ਪੂਰਨ ਕਾਰਵਾਈਆਂ ਕਰਦੇ ਦੇਖੇ ਜਾਂਦੇ ਹਨ।
10. ਨਕਲੀ ਧਰਮ ਮਨੁੱਖ ਦੀ ਅਗਿਆਨਤਾ ਦਾ ਲਾਭ ਉਠਾ ਕੇ ਉਨ੍ਹਾਂ ਤੋਂ ਅਜਿਹੇ ਕਰਮ ਵੀ ਕਰਾਉਂਦੇ ਹਨ ਕਿ ਮਨੁੱਖ ਮਾਨਸਿਕ ਤੌਰ ਤੇ ਹੀਣਾ ਬਣਿਆ ਰਹੇ। ਉਹ ਆਜ਼ਾਦੀ ਨਾਲ ਸੋਚ ਨਾ ਸਕੇ ਤੇ ਇਨ੍ਹਾਂ ਦੇ ਮਕੜਜ਼ਾਲ `ਚੋਂ ਬਾਹਰ ਨਾ ਨਿਕਲ ਸਕੇ। ਇਸਦਾ ਲਾਭ ਨਾ ਸਿਰਫ ਪੁਜਾਰੀਆਂ ਨੂੰ ਹੁੰਦਾ ਹੈ, ਸਗੋਂ ਉਨ੍ਹਾਂ ਦੇ ਸਾਥੀ ਰਾਜਨੀਤਕਾਂ ਤੇ ਸਰਮਾਏਦਾਰਾਂ ਨੂੰ ਵੀ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਮਾਨਸਿਕ ਹੀਣੇ ਲੋਕ ਹੀ ਫਿੱਟ ਬੈਠਦੇ ਹਨ, ਜਾਗਰੂਕ ਲੋਕਾਂ ਵਿਚੋਂ ਉਨ੍ਹਾਂ ਨੂੰ ਹਮੇਸ਼ਾਂ ਬਗਾਵਤ ਦੀ ਬੂ ਆਉਂਦੀ ਹੈ।
11. ਨਕਲੀ ਧਰਮ ਬੇਸ਼ਕ ਬਾਹਰੋਂ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦਾ ਵਰੋਧ ਕਰਦੇ ਹਨ, ਪਰ ਇਹ ਲੋਕਾਂ ਨੂੰ ਸ਼ਰਧਾ, ਅਗਿਆਨਤਾ, ਅੰਧ ਵਿਸ਼ਵਾਸ਼, ਸਵਰਗਾਂ ਦੇ ਲਾਰੇ, ਕਰਾਮਾਤਾਂ, ਜੰਤਰਾਂ-ਮੰਤਰਾਂ ਦੇ ਦਿਲਾਸਿਆਂ ਆਦਿ ਦੇ ਅਜਿਹੇ ਨਸ਼ੇ ਦਿੰਦੇ ਹਨ ਕਿ ਸ਼ਰਧਾਲੂਆਂ ਲਈ ਧਰਮ ਹੀ ਨਸ਼ਾ ਬਣ ਜਾਂਦਾ ਹੈ।
12. ਨਕਲੀ ਧਰਮਾਂ ਕੋਲ ਅਰਦਾਸ ਇੱਕ ਹੋਰ ਹਥਿਆਰ ਹੈ, ਜਿਸ ਨਾਲ ਸ਼ਰਧਾਲੂ ਨੂੰ ਝੂਠੀ ਤਸੱਲੀ ਕਰਾ ਕੇ ਸਾਰੀ ਉਮਰ ਲੁੱਟਦੇ ਹਨ। ਸਾਇੰਸਦਾਨਾਂ ਅਨੁਸਾਰ ਸਾਡੀ ਇਹ ਧਰਤੀ ਤਕਰੀਬਨ 4 ਅਰਬ ਸਾਲ ਤੋਂ ਹੋਂਦ ਵਿੱਚ ਆਈ ਹੋਈ ਹੈ ਤੇ ਲੱਖਾਂ ਸਾਲਾਂ ਤੋਂ ਇਥੇ ਜੀਵਨ ਚੱਕਰ ਚੱਲ ਰਿਹਾ ਹੈ ਤੇ ਸਾਇੰਸਦਾਨਾਂ ਦੀਆਂ ਖੋਜਾਂ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਸਾਡੇ ਪਲੈਨਿਟ ਦਾ ਸਾਰਾ ਸਿਸਟਮ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ। ਜਿਸ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਉਸਨੂੰ ਸਮਝ ਕੇ ਆਪਣੇ ਹੱਕ ਜਾਂ ਵਿਰੋਧ ਵਿੱਚ ਵਰਤਿਆ ਜਾ ਸਕਦਾ ਹੈ। ਪਰ ਫਿਰ ਵੀ ਪੁਜਾਰੀ ਆਪਣੇ ਸ਼ਰਧਾਲੂ ਨੂੰ ਹਕੀਕਤ ਦੱਸਣ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਦੀ ਲਿਸਟ ਫੜ੍ਹ ਕੇ ਰੱਬ ਅੱਗੇ ਆਪਣਾ ਹੁਕਮ ਬਦਲਣ ਦਾ ਢੌਂਗ ਕਰਦੇ ਹਨ। ਦੁਨੀਆਂ ਭਰ ਵਿੱਚ ਕਰੋੜਾਂ ਲੋਕ ਆਪਣੇ ਆਪਣੇ ਧਰਮ ਅਨੁਸਾਰ ਕਰੋੜਾਂ ਅਰਦਾਸਾਂ ਕਰਦੇ ਹਨ, ਜੇ ਰੱਬ ਅਜਿਹੀਆਂ ਅਰਦਾਸਾਂ ਸੁਣਦਾ ਹੋਵੇ ਜਾਂ ਸੁਣਦਾ ਹੁੰਦਾ ਤਾਂ ਕੀ ਅਸੀਂ ਸੋਚ ਸਕਦੇ ਹਾਂ, ਇਹ ਪਲੈਨਿਟ 4 ਅਰਬ ਸਾਲ ਤੋਂ ਨਿਰਵਿਘਨ ਚੱਲ ਸਕਦਾ ਸੀ?
13. ਨਕਲੀ ਧਰਮਾਂ ਤੇ ਨਕਲੀ ਪੁਜਾਰੀਆਂ ਨੇ ਆਪਣੇ ਆਪਣੇ ਨਕਲੀ ਰੱਬ ਖੜੇ ਕਰਕੇ ਧਰਮ ਦਾ ਧੰਦਾ ਚਲਾਇਆ ਹੋਇਆ। ਇਹ ਉਨ੍ਹਾਂ ਗੁਰੂਆਂ ਪੈਗੰਬਰਾਂ ਆਦਿ ਦੀਆਂ ਆਪਣੇ ਅਨੁਭਵ ਤੋਂ ਆਪਣੇ ਬਚਨਾਂ ਜਾਂ ਬਾਣੀ ਰਾਹੀਂ ਰੱਬ ਬਾਰੇ ਕੀਤੇ ਇਸ਼ਾਰਿਆਂ ਦੀ ਖੱਟੀ ਖਾ ਰਹੇ ਹਨ। ਇਨ੍ਹਾਂ ਨੇ ਰੱਬ ਬਾਰੇ ਧਰਮ ਗ੍ਰੰਥਾਂ ਵਿਚੋਂ ਆਪ ਵੀ ਗੱਲਾਂ ਯਾਦ ਕੀਤੀਆਂ ਹੋਈਆਂ ਹਨ ਤੇ ਆਪਣੇ ਸ਼ਰਧਾਲੂਆਂ ਨੂੰ ਵੀ ਪੱਕੀਆਂ ਕਰਾ ਦਿੱਤੀਆਂ ਹਨ। ਜਦਕਿ ਇਨ੍ਹਾਂ ਨੂੰ ਰੱਬ ਬਾਰੇ ਕੋਈ ਜਾਣਕਾਰੀ ਨਹੀਂ ਕਿ ਰੱਬ ਹੈ ਜਾਂ ਨਹੀਂ?
14. ਨਕਲੀ ਧਰਮਾਂ ਦੇ ਪੁਜਾਰੀ (ਸਰਮਾਏਦਾਰਾਂ ਤੇ ਸਿਆਸਤਦਾਨਾਂ ਨਾਲ ਰਲ ਕੇ) ਧਰਮ ਵਿੱਚ ਮਰਿਯਾਦਾ (ਫੋਕਟ ਧਾਰਮਿਕ ਕਰਮਕਾਂਡ, ਦਿਖਾਵੇ ਦੇ ਪੂਜਾ ਪਾਠ, ਬਾਹਰੀ ਧਾਰਮਿਕ ਪਹਿਰਾਵੇ ਤੇ ਚਿੰਨ੍ਹ ਆਦਿ) ਇਸ ਲਈ ਬਣਾਉਂਦੇ ਹਨ ਤਾਂ ਕਿ ਲੋਕ ਰਹਿਬਰਾਂ, ਪੈਗੰਬਰਾਂ, ਗੁਰੂਆਂ (ਜਿਨ੍ਹਾਂ ਦੇ ਨਾਮ ਤੇ ਫਿਰਕਾ ਸ਼ੁਰੂ ਕੀਤਾ ਹੁੰਦਾ ਹੈ) ਦੀ ਇਨਕਲਾਬੀ ਵਿਚਾਰਧਾਰਾ (ਜੋ ਕਿ ਹਮੇਸ਼ਾਂ ਪੁਜਾਰੀ, ਸਰਮਾਏਦਾਰ ਤੇ ਹਾਕਮ ਦੇ ਖਿਲਾਫ ਹੁੰਦੀ ਹੈ) ਤੋਂ ਸੇਧ ਲੈ ਕੇ ਇਸ ਤਿੱਕੜੀ ਵਲੋਂ ਪੈਦਾਵਾਰ ਦੇ ਸਾਧਨਾਂ ਤੇ ਕਬਜ਼ਾ ਕਰਕੇ, ਲੋਕਾਂ ਦੇ ਕੀਤੇ ਜਾ ਰਹੇ ਸੋਸ਼ਣ ਖਿਲਾਫ ਖੜੇ ਨਾ ਹੋ ਸਕਣ। ਪੁਜਾਰੀਆਂ ਨੂੰ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਪੈਗੰਬਰਾਂ ਦੀ ਇਨਕਲਾਬੀ ਵਿਚਾਰਧਾਰਾ ਸਭ ਤੋਂ ਵੱਧ ਪੁਜਾਰੀਵਾਦ ਖਿਲਾਫ ਹੀ ਭੁਗਤਦੀ ਹੈ, ਇਸ ਲਈ ਉਹ ਹਰ ਯਤਨ ਨਾਲ ਇਸਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਮਰਿਯਾਦਾ ਘੜਦੇ ਹਨ ਤੇ ਧਰਮ ਦੇ ਬਾਹਰੀ ਫੋਕਟ ਕਰਮਕਾਂਡਾਂ ਤੇ ਚਿੰਨ੍ਹਾਂ ਤੇ ਜ਼ੋਰ ਦੇ ਕੇ ਇਸਨੂੰ ਹੀ ਧਰਮ ਬਣਾ ਕੇ ਪੇਸ਼ ਕਰਦੇ ਹਨ।
15. ਧਰਮ ਗ੍ਰੰਥ ਜਾਂ ਕਿਤਾਬਾਂ ਮਨੁੱਖ ਦੀ ਜਾਣਕਾਰੀ ਲਈ ਹੁੰਦੀਆਂ ਹਨ ਤਾਂ ਕਿ ਲੋਕ ਉਨ੍ਹਾਂ ਨੂੰ ਪੜ੍ਹ ਕੇ ਜਾਣਕਾਰੀ ਹਾਸਿਲ ਕਰ ਸਕਣ, ਪਿਛਲੇ ਤਜ਼ਰਬਿਆਂ ਤੋਂ ਸਿੱਖ ਸਕਣ ਜਾਂ ਲੇਖਕਾਂ ਦੇ ਵਿਚਾਰਾ ਤੋਂ ਜਾਣੂ ਹੋ ਸਕਣ। ਪਰ ਹੈਰਾਨੀ ਹੁੰਦੀ ਹੈ ਕਿ ਪੁਜਾਰੀ ਇਥੇ ਵੀ ਸ਼ਰਧਾਲੂ ਦੀ ਅਜਿਹੀ ਮੱਤ ਮਾਰਦੇ ਹਨ ਕਿ ਉਹ ਗ੍ਰੰਥਾਂ ਨੂੰ ਪੜ੍ਹਨ ਵਿਚਾਰਨ ਦੀ ਥਾਂ ਉਨ੍ਹਾਂ ਦੇ ਬਿਨਾਂ ਸਮਝੇ ਤੋਤਾ ਰਟਨੀ ਪਾਠਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਉਹ ਗਿਆਨ ਦੇ ਭੰਡਾਰ ਇਨ੍ਹਾਂ ਧਰਮ ਗ੍ਰੰਥਾਂ ਨੂੰ ਅਗਿਆਨ ਫੈਲਾਉਣ ਤੇ ਉਨ੍ਹਾਂ ਵਿਚਲੀ ਬਾਣੀ ਨੂੰ ਵੇਚਣ ਦਾ ਧੰਦਾ ਚਲਾਉਣ ਤੋਂ ਰਤਾ ਸ਼ਰਮ ਮਹਿਸੂਸ ਨਹੀਂ ਕਰਦੇ।
16. ਨਕਲੀ ਧਰਮਾਂ ਨੇ ਮਨੁੱਖ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਹੈ, ਇਸੇ ਲਈ ਸੱਚ ਸਾਹਮਣੇ ਵਾਪਰਦਾ ਹੋਣ ਦੇ ਬਾਵਜੂਦ ਵੀ ਸ਼ਰਧਾਲੂ ਕੁੱਝ ਸੋਚਣ ਵਿਚਾਰਨ ਨੂੰ ਤਿਆਰ ਨਹੀਂ ਹਨ। ਅਗਿਆਨਤਾ ਤੇ ਅੰਧ ਵਿਸ਼ਵਾਸ਼ ਵਿੱਚ ਫਸ ਕੇ ਸਾਰੀ ਉਮਰ ਪੀੜ੍ਹੀ-ਦਰ-ਪੀੜ੍ਹੀ ਲੁੱਟੇ ਜਾਣ ਨੂੰ ਹੀ ਧਰਮ ਸਮਝਦੇ ਹਨ।
17. ਨਕਲੀ ਧਰਮਾਂ ਨੇ ਮਨੁੱਖ ਦੀ ਲੁੱਟ ਦੇ ਮਨਸੂਬੇ ਤਹਿਤ ਅਨੇਕਾਂ ਝੂਠੇ ਤੇ ਨਕਲੀ ਧਰਮ ਅਸਥਾਨ ਹੀ ਨਹੀਂ ਬਣਾਏ ਹੋਏ, ਸਗੋਂ ਗੁਰੂਆਂ ਪੈਗੰਬਰਾਂ ਦਾ ਨਕਲੀ ਇਤਿਹਾਸ ਲਿਖ ਕੇ, ਉਨ੍ਹਾਂ ਦੇ ਨਾਵਾਂ ਨਾਲ ਝੂਠੀਆਂ ਕਰਾਮਾਤੀ ਕਥਾ ਕਹਾਣੀਆਂ ਜੋੜ ਕੇ ਆਪਣੀ ਲੁੱਟ ਦਾ ਧੰਦਾ ਚਲਾਇਆ ਹੋਇਆ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਇਨ੍ਹਾਂ ਨਕਲੀ ਧਰਮਾਂ ਨੇ ਆਪਣੀ ਲੁੱਟ ਦਾ ਇਹ ਧੰਦਾ ਹਜ਼ਾਰਾਂ ਸਾਲਾਂ ਤੋਂ ਚਲਾਇਆ ਹੋਇਆ ਹੈ। ਅਸਲੀ ਧਰਮ ਗੁਰੂਆਂ ਦੀ ਵਿਚਾਰਾਧਾਰਾ ਨੂੰ ਵੀ ਆਪਣੇ ਹਿੱਤਾਂ ਲਈ ਵਰਤਣਾ ਇਹ ਖੂਬ ਜਾਣਦੇ ਹਨ। ਇਨ੍ਹਾਂ ਤੋਂ ਨਿਕਲਣ ਦਾ ਇੱਕ ਹੀ ਤਰੀਕਾ ਹੈ ਕਿ ਅਸੀਂ ਸ਼ਰਧਾ ਨਾਲ ਅੱਖਾਂ ਮੀਟ ਕੇ ਮੰਨਣ ਦੀ ਥਾਂ ਜਾਨਣ ਦੇ ਰਾਹ ਤੁਰੀਏ। ਧਰਮ ਨੂੰ ਵੀ ਸਾਇੰਸ ਵਾਂਗ ਖੋਜ ਦਾ ਵਿਸ਼ਾ ਬਣਾਈਏ। ਜਿਸ ਤਰ੍ਹਾਂ ਸਾਇੰਸ ਬਾਹਰੀ ਮੈਟਰ ਦੀ ਖੋਜ ਕਰਦੀ ਹੈ, ਉਸੇ ਤਰ੍ਹਾਂ ਧਰਮ ਨੂੰ ਮੈਟਰ ਵਿਚਲੀ ਚੇਤੰਨਤਾ ਦੀ ਖੋਜ ਬਣਾਈਏ। ਉਸ ਖੋਜ ਰਾਹੀਂ ਜੇ ਕੁੱਝ ਮਿਲੇਗਾ, ਉਹ ਹੀ ਸਾਡਾ ਧਰਮ ਹੋਵੇਗਾ। ਉਹ ਹੀ ਸਾਡਾ ਸੱਚ ਹੋਵੇਗਾ। ਧਰਮ ਗ੍ਰੰਥਾਂ ਵਿਚਲੇ ਗੁਰੂਆਂ ਦੇ ਬਚਨ ਸਾਡੇ ਲਈ ਇਸ਼ਾਰੇ ਤਾਂ ਹੋ ਸਕਦੇ ਹਨ, ਪਰ ਸਿਧਾਂਤ ਨਹੀਂ ਹੋ ਸਕਦੇ। ਅਸਲੀ ਧਰਮ ਦੀ ਕੋਈ ਮਰਿਯਾਦਾ ਜਾਂ ਸਿਧਾਂਤ ਨਹੀਂ ਹੋ ਸਕਦਾ ਕਿਉਂਕਿ ਅਸੀਂ ਸਾਰੇ ਅੰਦਰੋਂ ਵੱਖਰੇ ਹਾਂ। ਜੇ ਅਸੀਂ ਖੋਜ ਨਹੀਂ ਕਰ ਸਕਦੇ ਤਾਂ ਦੇਸ਼ ਦੇ ਕਨੂੰਨ ਵਿੱਚ ਰਹਿੰਦੇ ਹੋਏ ਚੰਗੇ ਨਾਗਰਿਕ ਬਣੀਏ ਤੇ ਸਮਾਜ ਨੂੰ ਵਧੀਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਜੋ ਚੰਗਾ ਹੋ ਰਿਹਾ ਹੈ ਜਾਂ ਚੰਗਾ ਕਰ ਰਿਹਾ ਹੈ, ਉਸਦਾ ਸਾਥ ਦੇਈਏ ਤੇ ਜੋ ਸਾਂਝੇ ਤੌਰ ਤੇ ਸਮਾਜ ਲਈ ਠੀਕ ਨਹੀਂ ਹੋ ਰਿਹਾ ਜਾਂ ਠੀਕ ਨਹੀਂ ਕਰ ਰਿਹਾ, ਉਸਦੇ ਵਿਰੋਧ ਵਿੱਚ ਖੜੀਏ। ਪਰ ਨਕਲੀ ਧਰਮਾਂ ਦੇ ਨਕਲੀ ਪੂਜਾ-ਪਾਠਾਂ ਤੇ ਨਕਲੀ ਧਰਮ-ਕਰਮ ਵਿੱਚ ਸਮਾਂ ਖਰਾਬ ਦਾ ਕੋਈ ਲਾਭ ਨਹੀਂ। ਜੇ ਸਾਡੇ ਅੰਦਰ ਸੱਚੇ ਧਰਮ ਨੂੰ ਜਾਨਣ, ਉਸਦਾ ਅਨੁਭਵ ਕਰਨ ਦੀ ਕੋਈ ਤਾਂਘ ਹੈ ਤਾਂ ਖੋਜੀ ਬਣੀਏ, ਆਪਣਾ ਅਨੁਭਵ ਆਪ ਕਰੀਏ। ਧਰਮ ਦਾ ਬਾਹਰ ਨਾਲ ਕੋਈ ਸਬੰਧ ਨਹੀਂ, ਨਾ ਹੀ ਧਰਮ ਬਾਹਰੀ ਧਰਮ ਅਸਥਾਨਾਂ ਵਿਚੋਂ ਮਿਲ ਸਕਦਾ ਹੈ, ਨਾ ਧਰਮ ਹੀ ਧਰਮ ਧਰਮ ਗ੍ਰੰਥਾਂ ਦੇ ਅਧਿਐਨ ਨਾਲ ਮਿਲ ਸਕਦਾ ਹੈ। ਧਰਮ ਸਾਡੇ ਅੰਦਰ ਹੈ, ਇਸਨੂੰ ਅੰਦਰੋਂ ਹੀ ਖੋਜਣਾ ਤੇ ਅਨੁਭਵ ਕਰਨਾ ਪਵੇਗਾ। ਰੱਬ ਹੈ ਜਾਂ ਨਹੀਂ, ਇਸਦੀ ਖੋਜ ਵੀ ਬਾਹਰ ਨਹੀਂ, ਅੰਦਰੋਂ ਹੀ ਕਰਨੀ ਪਵੇਗੀ ਕਿਉਂਕਿ ਹੁਣ ਤੱਕ ਦੀ ਅਸਲੀ ਧਰਮਾਂ ਦੀ ਖੋਜ ਇਹੀ ਦੱਸਦੀ ਹੈ ਕਿ ਜਿਸਨੂੰ ਵੀ ਜੋ ਕੁੱਝ ਮਿਲਿਆ, ਉਹ ਆਪਣੇ ਅੰਦਰ ਦੀ ਖੋਜ ਤੋਂ ਹੀ ਮਿਲਿਆ ਹੈ। ਇਸ ਲਈ ਜੇ ਅਸਲੀ ਧਰਮੀ ਬਣਨਾ ਹੈ ਤਾਂ ਆਪਣੀ ਅੰਤਰ ਯਾਤਰਾ ਸ਼ੁਰੂ ਕਰੋ। ਨਹੀਂ ਤੇ ਨਕਲੀ ਧਰਮਾਂ ਦੇ ਧਰਮ ਕਰਮ ਵਿੱਚ ਫਸ ਕੇ ਸਮਾਂ ਤੇ ਧਨ ਖਰਾਬ ਕਰਨ ਦੀ ਥਾਂ ਜ਼ਿੰਦਗੀ ਦਾ ਆਨੰਦ ਮਾਣੋ।
(ਸਮਾਪਤ)




.