.

“ਬਿਨੁ ਬੂਝੇ ਸਭ ਹੋਇ ਖੁਆਰ”

ਜਿਹੜੇ ਇਨਸਾਨ ਨਾਂ ਸ਼ਬਦ ਬੁਝਦੇ ਹਨ ਅਤੇ ਨਾਂ ਬਾਣੀ ਜਾਣਦੇ ਹਨ ਉਹ ਮਨਮੁਖ ਹਨ। ਸ਼ਬਦ ਨਾਂ ਜਾਨਣ-ਬੁਝਣ ਵਾਲੇ ਅੰਨ੍ਹੇ ਬੋਲੇ ਲੋਕਾਂ ਦੀ ਨਿਆਈਂ ਹਨ। ਇਹ ਨਾਂ ਦੇਖ ਸਕਦੇ ਹਨ ਅਤੇ ਨਾਂ ਸੁਣ ਸਕਦੇ ਹਨ। ਇਹ ਝੂਠ ਤੇ ਭਰਮਾਂ ਵਿੱਚ ਫਸਕੇ ਬੇਇਜ਼ਤ ਤੇ ਖੁਆਰ ਹੁੰਦੇ ਹਨ ਅਤੇ ਸਦਾ ਦੁਖੀ ਰਹਿੰਦੇ ਹਨ।

ਨ ਸਬਦੁ ਬੂਝੈ ਨ ਜਾਣੈ ਬਾਣੀ ॥ ਮਨਮੁਖਿ ਅੰਧੇ ਦੁਖਿ ਵਿਹਾਣੀ”

“ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ”

“ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ”

“ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ”

“ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ”

“ਬੂਝਹੁ ਹਰਿ ਜਨ ਸਤਿਗੁਰ ਬਾਣੀ ”

ਗੁਰੂ ਨਾਨਕ ਜੀ ਬਾਣੀ ਸਮਝਣ ਦੀ ਜਰੂਰਤ ਦਸਦੇ ਹਨ। ਸਤਿਗੁਰਾਂ ਨੇ ਵਿਸਥਾਰ ਨਾਲ ਸਮਝਾ ਕੇ ਸਪਸ਼ਟ ਕੀਤਾ ਹੈ ਕਿ ਗੁਰਬਾਣੀ ਨੂੰ ਬੁਝਣ ਤੋਂ ਬਿਨਾਂ ਅਸੀਂ ਸੁੱਖਾਂ ਵਾਲੀ ਜਿੰਦਗੀ ਨਹੀਂ ਜੀ ਸਕਦੇ। ਤਿੰਨ ਵੇਲੇ ਦੀ ਸੰਧਿਆ ਗਾਇਤ੍ਰੀ ਪਾਠ ਕਰਨ ਵਾਲੇ ਨਿਤਨੇਮੀ ਦੁਖੀ ਹਨ। ਉਚੀ ਉਚੀ ਪਾਠ ਪੜ੍ਹਣ ਵਾਲੇ, ਵਿਚਾਰ ਤੋਂ ਬਿਨਾਂ, ਡੁੱਬ ਕੇ ਮਰਿਆਂ ਦੀ ਨਿਆਈਂ ਹਨ। ਨਾਂ ਬੁਝਣ ਵਾਲੇ ਬੇਦਾਂ ਦੇ ਪਾਠੀ ਪੰਿਡਤ ਸਭ ਖੁਆਰ ਹੋ ਰਹੇ ਹਨ। ਚਾਰੇ ਬੇਦਾਂ ਦਾ ਮੂੰਹ ਜ਼ਬਾਨੀ ਪਾਠ ਕਰਨ ਵਾਲਾ, ਪਵਿਤ੍ਰ ਦਿਹਾੜਆਂ ਦਾ ਤੀਰਥ ਇਸ਼ਨਾਨੀ, ਚਹੁ ਵਰਨਾਂ ਨੂੰ ਦਾਨ ਦੇਣ ਵਾਲਾ, ਵਰਤ ਰਖਣ ਵਾਲਾ ਪੰਡਿਤ, ਕਾਜ਼ੀ, ਮੁੱਲਾਂ, ਸ਼ੇਖ, ਜੋਗੀ, ਜੰਗਮ, ਭਗਵੇਂ ਭੇਖ ਵਾਲਾ, ਸਾਰੇ ਕਰਮਕਾਂਡ ਕਰਨ ਵਾਲਾ ਗ੍ਰਿਹਸਤੀ ਆਦਿ ਸਭ ਦੋਸ਼ੀਆਂ ਵਾਂਗ ਬੰਨ੍ਹਕੇ ਪ੍ਰਮਾਤਮਾ ਦੀ ਦਰਗਾਹ ਵਿੱਚ ਲਿਜਾਏ ਜਾਂਦੇ ਹਨ। ਜਪ ਤਪ ਕਰਨ ਵਾਲੇ ਉਜਾੜਾਂ ਵਿੱਚ ਭਟਕਦੇ ਹਨ। ਦਰਗਾਹ ਵਿੱਚ ਇਹਨਾਂ ਵਾਸਤੇ ਕੋਈ ਥਾਂ ਨਹੀ। ਸਭ ਦੀ ਬੇਇਜ਼ਤੀ ਹੋ ਰਹੀ ਹੈ। ਅਸਲੀਅਤ ਤੋਂ ਅਣਜਾਣ ਹਉਮੇ ਦੀ ਮੈਲ ਨਾਲ ਅਪਵਿੱਤਰ ਹਨ। ਕਚੀ ਮਤਿ ਵਾਲੇ ਝਗੜਿਆਂ ਵਿੱਚ ਉਲਝੇ ਪਏ ਹਨ। ਅਜਿਹੇ ਵਿਅਕਤੀਆਂ ਦਾ ਦੁਨੀਆ ਵਿੱਚ ਆਉਣਾ ਬਿਰਥਾ ਗਿਆ। ਮਨਮੁਖਿ ਕਰਮਕਾਂਡਾਂ ਵਿੱਚ ਮਸਤ ਹਨ ਇਸ ਕਰਕੇ ਇਹਨਾਂ ਦਾ ਜਨਮ ਅਜਾਈਂ ਜਾਂਦਾ ਹੇ। ਸਮਝਣ ਤੋਂ ਬਿਨਾਂ ਪਾਰ

ਉਤਾਰਾ ਕਿਵੇਂ ਹੋਰ ਸਕਦਾ ਹੈ।

ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ”

“ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ”

“ਬੇਦ ਪਾਠ ਸੰਸਾਰ ਕੀ ਕਾਰ ॥ ਪੜਿ ਪੜਿ ਪੰਡਿਤ ਕਰਹਿ ਬੀਚਾਰ ॥

ਬਿਨੁ ਬੂਝੇ ਸਭ ਹੋਇ ਖੁਆਰ ”

“ਚਾਰੇ ਬੇਦ ਮੁਖਾਗਰ ਪਾਠਿ ॥ ਪੁਰਬੀ ਨਾਵੈ ਵਰਨਾਂ ਕੀ ਦਾਤਿ ॥

ਵਰਤ ਨੇਮ ਕਰੇ ਦਿਨ ਰਾਤਿ ॥2॥

ਕਾਜੀ ਮੁਲਾਂ ਹੋਵਹਿ ਸੇਖ ॥ ਜੋਗੀ ਜੰਗਮ ਭਗਵੇ ਭੇਖ ॥

ਕੋ ਗਿਰਹੀ ਕਰਮਾ ਕੀ ਸੰਧਿ ॥ ਬਿਨੁ ਬੂਝੇ ਸਭ ਖੜੀਅਸਿ ਬੰਧਿ ”

“ਸਭਿ ਜਪ ਸਭਿ ਤਪ ਸਭ ਚਤੁਰਾਈ ॥ ਊਝੜਿ ਭਰਮੈ ਰਾਹਿ ਨ ਪਾਈ ॥

ਬਿਨੁ ਬੂਝੇ ਕੋ ਥਾਇ ਨ ਪਾਈ “

“ਸਮਝਿ ਸੂਝਿ ਸਹਜ ਘਰਿ ਹੋਵਹਿ ॥ ਬਿਨੁ ਬੂਝੇ ਸਗਲੀ ਪਤਿ ਖੋਵਹਿ ”

“ਬਿਨ ਬੂਝੇ ਝਗਰਤ ਜਗੁ ਕਾਚਾ ॥4॥

ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੁਝੈ ਕੋਈ ”

“ਭਾਈ ਰੇ ਗੁਰਮੁਖਿ ਬੂਝੈ ਕੋਇ ॥

ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ”

“ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥

ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਡਾਇਆ ”

“ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥ ਬਿਨੁ ਬੂਝੇ ਤੂੰ ਸਦਾ ਨਾਪਾਕ ”

“ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ”

“ਬਿਨੁ ਬੂਝੇ ਕੈਸੇ ਪਾਵਹਿ ਪਾਰੁ ”

ਸਾਡੀ ਗੁਰੂ ਕੇ ਸਿਖ ਅਖਵਾਉਣ ਵਾਲਿਆਂ ਦੀ ਬਹੁ ਗਿਣਤੀ ਇਹ ਸਮਝਦੀ ਹੈ ਕਿ ਗੁਰਬਾਣੀ ਸਮਝਣੀ ਜ਼ਰੂਰੀ ਨਹੀਂ ਅਤੇ ਮਥਾ ਟੇਕ ਕੇ, ਪ੍ਰਕਰਮਾ ਕਰਕੇ, ਪਾਠ ਪੜਿ ਪੜ੍ਹਾਕੇ, ਕੀਰਤਨ ਸੁਣਿ ਸੁਣਾਕੇ, ਮਸਿਆ ਪੁੰਨਿਆ ਦਸਮੀ, ਸੰਗਰਾਂਦ ਵਾਲੇ ਦਿਨ ਸਰੋਵਰ ਵਿੱਚ ਇਸ਼ਨਾਨ ਕਰਕੇ ਹੀ ਸਤਿਗੁਰਾਂ ਦੀ ਮਿਹਰ ਤੇ ਬਖਸ਼ਸ ਦੇ ਪਾਤਰ ਬਣ ਜਾਈਦਾ ਹੈ। ਉਹਨਾਂ ਦਾ ਇਹ ਖਿਆਲ ਗਲਤ ਹੈ ਕਿਉਂਕਿ ਇਹ ਸਾਰੇ ਕਰਮ ਕਰਨ ਤੋਂ ਸਤਿਗੁਰਾਂ ਸਾਨੂੰ ਵਰਜਿਤ ਕੀਤਾ ਹੋਇਆ ਹੈ ਅਤੇ ਗੁਰਬਾਣੀ ਸਮਝਣ ਦਾ ਹੁਕਮ ਦਿੱਤਾ ਹੈ। ਸਤਿਗੁਰਾਂ ਦੀ ਮੇਹਰ ਤੇ ਬਖਸ਼ਸ ਓਨਾਂ ਚਿਰ ਹੀ ਹੈ ਜਿਨਾਂ ਚਿਰ ਸ਼ਰਧਾਲੂ ਗੁਰਾਂ ਦੇ ਹੁਕਮ ਦੀ ਪਾਲਣਾ ਕਰਦਾ ਹੈ। ਹੁਕਮ ਮੰਨਣਾ ਗੁਰਮਤਿ ਦਾ ਮੁਢਲਾ ਸਿਧਾਂਤ ਹੈ। ਹੁਕਮ ਨਾਂ ਮੰਨਣ ਵਾਲਿਆਂ ਨੂੰ ਗੁਰਬਾਣੀ ਮਨਮੁਖਿ ਅਥਵਾ ਗੁਰੂ ਤੋਂ ਬੇਮੁਖਿ ਕਹਿੰਦੀ ਹੈ।

ਹੁਕਮ ਨਾਂ ਮੰਨਣ ਵਾਲੇ ਤਾਂ ਗੁਰੂ ਜੀ ਦੇ ਸਿਖ ਹੀ ਨਹੀਂ ਰਹਿ ਜਾਂਦੇ। ਸਤਿਗੁਰਾਂ ਦੇ ਹੁਕਮਾਂ ਦੀ ਉਲੰਘਣਾ ਕਰਨ ਦੀ ਵਜ਼੍ਹਾ ਕਰਕੇ ਹੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰ ਦਾਸ ਸਾਹਿਬ ਜੀ ਦੇ ਅਪਣੇ ਬੇਟੇ ਗੁਰ ਗੱਦੀ ਦੇ ਪਾਤਰ ਨਹੀਂ ਬਣ ਸਕੇ, ਪਰ ਹੁਕਮਾਂ ਦੀ ਪਾਲਣਾਂ ਕਰਨ ਵਾਲੇ ਬਿਗਾਨੇ ਭਾਈ ਲਹਿਣਾ ਜੀ, ਅਮਰੂ ਨਿਥਾਵਾਂ ਅਤੇ ਬੇਸਹਾਰਾ ਭਾਈ ਜੇਠਾ ਜੀ ਸਭ ਤੋਂ ਉੱਚੀ ਗੁਰੂ ਵਾਲੀ ਪਦਵੀ ਤੇ ਜਾ ਪਹੁੰਚੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖਿ ਕਾਰਜ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਤੇ ਵਿਸਥਾਰ ਕਰਨਾ ਹੈ। ਪਰ ਸਾਡੀੇ ਇਸ ਧਾਰਮਿਕ ਸੰਸਥਾ, ਜਿਸ ਦੀ ਸਾਰੇ ਸੰਸਾਰ ਨੂੰ ਗੁਰ ਗਿਆਨ ਤੋਂ ਜਾਣੂ ਕਰਾਉਣ ਦੀ ਜ਼ਿਮੇਂਵਾਰੀ ਹੈ, ਨੇ ਆਪਣਾ ਫਰਜ਼ ਨਹੀਂ ਨਿਭਾਇਆ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕ੍ਰੋੜਾਂ ਰੁਪਏ ਦਾ ਧਰਮ ਪਰਚਾਰ ਬਜਟ ਹੋਣ ਦੇ ਬਾਵਜੂਦ ਸਿੱਖਾਂ ਨੂੰ ਗੁਰਬਾਣੀ ਨਹੀਂ ਸਮਝਾਈ ਤਿਵੇਂ ਹੀ ਦੂਸਰੇ ਧਰਮਾਂ ਦੇ ਆਗੂਆਂ ਨੇ ਵੀ ਆਪੋ ਆਪਣੇ ਧਰਮ ਗਰੰਥਾਂ ਨੂੰ ਨਹੀਂ ਸਮਝਾਇਆ ਤਾਕਿ ਉਹ ਮਨਮਰਜ਼ੀ ਦੀ ਵਿਆਖਿਆ ਨਾਲ ਸੁਰਗ ਦਾ ਲਾਰਾ ਅਤੇ ਨਰਕ ਦਾ ਡਰਾਵਾ ਦੇ ਕੇ ਅਗਿਆਨੀ ਸ਼ਰਧਾਲੂਆਂ ਦੀ ਸ਼ਰਧਾ ਦਾ ਸਿਆਸੀ ਫਾਇਦਾ ਉਠਾ ਸਕਣ, ਮਨਮਰਜ਼ੀ ਦੀ ਟਹਿਲ ਸੇਵਾ ਕਰਵਾ ਸਕਣ ਅਤੇ ਜਦੋਂ ਚਾਹੁਣ ਦੂਸਰੇ ਧਰਮਾਂ ਦੇ ਲੋਕਾਂ ਨਾਲ ਲੜਾ ਸਕਣ। ਗੁਰਬਾਣੀ ਵਿੱਚ ਸਤਿਗੁਰਾਂ ਨੇ ਆਪਣੇ ਵੇਲੇ ਦੇ ਧਾਰਮਕ ਅਗੂਆਂ ਅਥਵਾ ਕਾਜ਼ੀਆਂ-ਮੁਲਾਂ, ਪੰਡਤਾਂ-ਬ੍ਰਾਹਮਣਾਂ ਅਤੇ ਜੋਗੀਆਂ ਆਦਿ ਦਾ ਧਰਮ-ਕਰਮ ਮਾਇਆ ਦਾ ਵਾਪਾਰ ਕਿਹਾ ਹੈ। ਇਹਨਾਂ ਨੂੰ ਲੋਕਾਂ ਦੇ ਘਰੋਂ ਮੰਗ ਕੇ ਖਾਣ-ਪਹਿਨਣ ਵਾਲੇ ਮਨਖੱਟੂ ਕਹਿਆ ਹੈ। ਉਸ ਵੇਲੇ ਦੇ ਸੰਤਾਂ ਦੀ ਤੁਲਨਾ ਬਨਾਰਸ ਸ਼ਹਿਰ ਦੇ ਮਸ਼ਹੂਰ ਠੱਗਾਂ ਨਾਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦਵਾਰਿਆਂ ਦੇ ਪ੍ਰਬੰਧਕ ਵੀ ਬਨਾਰਸ ਦੇ ਠਗਾਂ ਦਾ ਹੀ ਇੱਕ ਲੋਟੂ ਗਰੁਪ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦਵਾਰਿਆ ਦੇ ਪ੍ਰਬੰਧਕ ਸਿੱਖਾਂ ਦੀ ਹੋ ਰਹੀ ਬੇਇਜ਼ਤੀ ਅਤੇ ਖੱਜਲ ਖੁਆਰੀ ਦੇ ਜ਼ਿੰਮੇਵਾਰ ਹਨ। ਜਿਵੇਂ ਸਿਖਾਂ ਨੂੰ ਗੁਰਬਾਣੀ ਉਪਦੇਸਾਂ ਦਾ ਪਤਾ ਹੀ ਨਹੀਂ ਹੈ ਤਿਵੇਂ ਹੀ ਦੂਸਰਿਆਂ ਧਰਮਾਂ ਦੇ ਸ਼ਰਧਾਲੂਆਂ ਵੀ ਆਪਣੇ ਗੁਰ-ਪੀਰਾਂ ਦੀ ਸਿਖਿਆ ਤੋਂ ਜਾਣੂ ਨਹੀਂ ਹਨ। ਸਤਿਗੁਰਾਂ ਦਾ ਨਿਰਣਾ ਹੈ ਕਿ ਧਾਰਮਿਕ ਅਗੂਆਂ ਦੀ ਬਦਨੀਤੀ ਕਰਕੇ ਹੀ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਗੁਰ-ਪੀਰਾਂ ਦੇ ਉਪਦੇਸਾਂ ਦੀ ਸੋਝੀ ਨਹੀਂ ਹੈ ਅਤੇ ਇਸ ਕਰਕੇ ਸੰਸਾਰ ਵਿੱਚ ਅਗਿਆਨਤਾ ਤੇ ਕੱਟੜਵਾਦ ਦਾ ਬੋਲ ਬਾਲਾ ਹੈ। ਦੁਨੀਆ ਬੇਸਮਝੀ ਕਰਕੇ ਲੜਾਈ ਝਗੜਿਆਂ ਵਿੱਚ ਉਲਝ ਕੇ ਖੁਆਰ ਹੋ ਰਹੀ ਹੈ।

ਦੁਨੀਆ ਵਿੱਚ ਧਰਮ (ਮਜ਼ਹਬ) ਦੇ ਨਾਂ ਤੇ ਲੜਾਈਆਂ, ਜਿਵੇਂ ਹਿੰਦੂ-ਮੁਸਲਮਾਨ ਫਸਾਦ, ਹਿੰਦੋਸਤਾਨ ਦੀ 1947 ਦੀ ਵੰਡ, ਘਰਾਂ ਦੀ ਤਵਾਹੀ, ਜਾਨੀ-ਮਾਲੀ ਨੁਕਸਾਨ, ਗੁਜਰਾਤ ਤੇ ਯੂ-ਪੀ ਵਿੱਚ ਮੁਲਮਾਨਾਂ ਦਾ ਅਤੇ 1984 ਵਿੱਚ ਸਿੱਖਾਂ ਦਾ ਕਤਲੇਆਮ, ਇਹ ਸਾਰੇ ਦੇ ਸਾਰੇ ਧਾਰਮਕ ਆਗੂਆਂ ਦੀ ਹੀ ਦੇਣ ਹਨ।

ਜੁਗਰਾਜ ਸਿੰਘ ਧਾਲੀਵਾਲ




.